“ਇੰਨਾ ਕਹਿੰਦਿਆਂ ਬੇਬੇ ਦਾ ਮੂੰਹ ਉੱਤਰ ਗਿਆ ਤੇ ਉਸ ਨੇ ਬਹੁਤ ਹੀ ਡੂੰਘਾ ਸਾਹ ਲਿਆ ...”
(30 ਮਈ 2017)
ਕਈ ਦਿਨਾਂ ਤੋਂ ਮੈਂ ਇੱਕ 62 ਕੁ ਸਾਲ ਦੀ ਬੇਬੇ ਨੂੰ ਹਸਪਤਾਲ ਵਿੱਚ ਦੇਖ ਰਹੀ ਸੀ। ਸਵੇਰੇ ਵੇਲੇ ਬੇਬੇ ਜਦੋਂ ਮੈਨੂੰ “ਸੱਤ ਸ੍ਰੀ ’ਕਾਲ ਜੀ” ਬੁਲਾ ਕੇ ਲੰਘਦੀ ਤਾਂ ਉਸਦੇ ਮੂੰਹ ਵਿੱਚਲੇ ਬਚੇ ਦੋ ਦੰਦ ਉਸਦੀ ਉਮਰ ਬਿਆਨ ਕਰ ਜਾਂਦੇ। ਮੈਂ ਹੈਰਾਨ ਹੋਣ ਦੇ ਨਾਲ-ਨਾਲ ਮੁਸਕਰਾ ਕੇ ਉਸਦੀ ਇਸ ਸਤਿ ਸ੍ਰੀ ਅਕਾਲ ਦਾ ਜਵਾਬ ਦੇ ਕੇ ਆਪਣੇ ਕਮਰੇ ਵੱਲ ਲੰਘ ਜਾਂਦੀ। ਪਹਿਲਾਂ ਲੱਗਿਆ ਕਿ ਬੇਬੇ ਦਾ ਕੋਈ ਰਿਸ਼ਤੇਦਾਰ ਇਸ ਹਸਪਤਾਲ ਵਿੱਚ ਦਾਖਲ ਹੋਣਾ ਹੈ, ਤੇ ਬੇਬੇ ਮੈਨੂੰ ਹਸਪਤਾਲ ਦਾ ਸਟਾਫ ਹੋਣ ਕਰਕੇ ਬੁਲਾਉਂਦੀ ਹੋਵੇਗੀ। ਪਰ ਅੱਜ ਜਦ ਬੇਬੇ ਆਪਣੇ ਰਿਸ਼ਤੇ ਵਿੱਚ ਲੱਗਦੇ ਭਤੀਜੇ ਤੇ ਉਸਦੀ 17 ਸਾਲ ਦੀ ਬੇਟੀ ਨੂੰ ਮੇਰੇ ਕੋਲ਼ ਲੈ ਕੇ ਆਈ ਤਾਂ ਪਤਾ ਲੱਗਿਆ ਕਿ ਬੇਬੇ ਵਾਰਡਾਂ ਵਿੱਚ ਸਾਫ ਸਫਾਈ ਦਾ ਕੰਮ ਕਰਦੀ ਹੈ ਤੇ ਡੇਲੀ ਵੇਜ ’ਤੇ ਥੋੜ੍ਹੇ ਦਿਨ ਹੀ ਪਹਿਲਾਂ ਰੱਖੀ ਹੈ। ਬੇਬੇ ਦੇ ਭਤੀਜੇ ਦੀ ਬੇਟੀ ਨੂੰ ਰੈਫਰ ਕਰ ਮੈਂ ਭੇਜ ਦਿੱਤਾ ਸੀ। ਪਰ ਬੇਬੇ ਦਾ ਮਨ ਸ਼ਾਇਦ ਹਾਲੇ ਵੀ ਕਿਸੇ ਦੁਬਿਧਾ ਵਿੱਚ ਸੀ, ਇਸ ਲਈ ਅੱਧ ਕੁ ਘੰਟੇ ਬਾਅਦ ਬੇਬੇ ਫਿਰ ਮੇਰੇ ਕੋਲ ਆ ਗਈ ਸੀ। ਮੈਂ ਬੇਬੇ ਨੂੰ ਸਭ ਕੁਝ ਸਮਝਾ ਦਿੱਤਾ ਤੇ ਆਪਣਾ ਨੰਬਰ ਦਿੱਤਾ ਤਾਂ ਉਸਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਉਸਨੇ ਮੇਰਾ ਹੱਥ ਫੜ ਕੇ ਬੜੇ ਪਿਆਰ ਤੇ ਹਲੀਮੀ ਜਿਹੀ ਨਾਲ ਕਿਹਾ, “ਪੁੱਤ ਹੁਣ ਮੈਨੂੰ ਕੋਈ ਚਿੰਤਾ ਨਹੀਂ. ਤੇਰੇ ਕੋਲ ਜੁ ਆ ਗਈ।”
ਮੈਂ ਉਸ ਨੂੰ ਹੌਸਲਾ ਦਿੱਤਾ ਤੇ ਪੁੱਛਿਆ, “ਬੇਬੇ, ਤੇਰੀ ਆਹ ਉਮਰ ਤਾਂ ਘਰੇ ਕੇ ਬੈਠ ਪੋਤਿਆਂ-ਦੋਹਤਿਆਂ ਨੂੰ ਖਿਡਾਉਣ ਦੀ ਹੈ। ਤੁਸੀਂ ਇੱਥੇ ਕਿਵੇਂ ਕੰਮ ਕਰ ਰਹੇ ਹੋ?”
ਬੇਬੇ ਦਾ ਗਲ਼ਾ ਭਰ ਆਇਆ ਤੇ ਬੋਲੀ, “ਕੁੜੀਏ ਤੂੰ ਕਿੰਨਾ ਪੜ੍ਹੀ ਹੋਈ ਹੈਂ?”
ਮੈਂ ਕਿਹਾ, “ਬੇਬੇ ਐੱਮ.ਬੀ.ਏ. ਕੀਤੀ ਹੈ।”
ਉਹ ਆਪਣੀਆਂ ਅੱਖਾਂ ਪੂੰਝਦੀ ਹੋਈ ਮੁਸਕਰਾ ਪਈ ਤੇ ਬੋਲੀ, “ਪੁੱਤ ਮੇਰਾ ਵੀ ਬੜਾ ਦਿਲ ਕਰਦਾ ਕਿ ਘਰੇ ਬੈਠ ਕੇ ਆਰਾਮ ਕਰਾਂ। ਆਹ ਗੋਡਿਆਂ ਦਾ ਇਲਾਜ ਕਰਾਂ। ਪਰ ਪੁੱਤ ਮਜਬੂਰੀ ਹੈ। ਮੇਰਾ ਇੱਕ ਪੁੱਤ ਤੇ ਦੋ ਧੀਆਂ। ਮੇਰੇ ਘਰਵਾਲੇ ਦੇ ਹਿੱਸੇ ਦੋ ਕਿੱਲੇ ਆਉਂਦੇ ਸੀ। ਧੀਆਂ ਦਾ ਵਿਆਹ ਕਰਨ ਲਈ ਤੇ ਪੁੱਤ ਦੀ ਪੜ੍ਹਾਈ ਲਈ ਉਹ ਗਹਿਣੇ ਕਰ ਦਿੱਤੇ। ਧੀਆਂ ਤਾਂ ਵਾਹਗੁਰੂ ਦੀ ਕਿਰਪਾ ਨਾਲ ਆਪਣੇ ਘਰੀਂ ਸੁਖੀ ਵਸਦੀਆਂ ਹਨ। ਪਰ ਮੇਰਾ ਪੁੱਤ ...”
ਇੰਨਾ ਕਹਿੰਦਿਆਂ ਬੇਬੇ ਦਾ ਮੂੰਹ ਉੱਤਰ ਗਿਆ ਤੇ ਉਸ ਨੇ ਬਹੁਤ ਹੀ ਡੂੰਘਾ ਸਾਹ ਲਿਆ। ਬੇਬੇ ਨੇ ਫਿਰ ਕਹਿਣਾ ਸ਼ੁਰੂ ਕੀਤਾ, “ਮੇਰਾ ਪੁੱਤ ਬੜਾ ਬੀਬਾ ਤੇ ਲਾਇਕ ਹੈ ਪਰ ਧੀਏ ਕਿਸਮਤ ਨੂੰ ਪਤਾ ਨਹੀਂ ਕੀ ਮਨਜੂਰ ਹੈ। ਮੇਰੇ ਪੁੱਤ ਨੇ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ ਹੈ। ਬਹੁਤ ਸੁਪਨੇ ਸੀ ਉਸਦੇ ਕਿ ਉਹ ਸਰਕਾਰੀ ਨੌਕਰੀ ਕਰੇਗਾ ਤੇ ਉਹ ਸਾਡੀ ਗਹਿਣੇ ਪਈ ਜਮੀਨ ਵੀ ਛੁਡਾ ਲਏਗਾ ਤੇ ਸਾਡੇ ਸਾਰੇ ਚਾਅ ਵੀ ਪੂਰੇ ਕਰੇਗਾ।”
ਬੇਬੇ ਬੋਲਦੀ-ਬੋਲਦੀ ਇੱਕਦਮ ਚੁੱਪ ਹੋ ਗਈ ਤੇ ਕਮਰੇ ਦੀ ਛੱਤ ਵੱਲ ਤੱਕਣ ਲੱਗ ਪਈ ਜਿਵੇਂ ਕਿਸੇ ਤੋਂ ਕੁਝ ਪੁੱਛ ਰਹੀ ਹੋਵੇ। ਫਿਰ ਇਕਦਮ ਬੋਲੀ, “ਮੇਰਾ ਪੁੱਤ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੋ ਸਾਲ ਨੌਕਰੀ ਲਈ ਥਾਂ-ਥਾਂ ਧੱਕੇ ਖਾਂਦਾ ਰਿਹਾ। ਪੈਸੇ ਨਾ ਮੋੜਨ ਕਰਕੇ ਪੁੱਤ ਸਾਡੀ ਜਮੀਨ ਹਮੇਸ਼ਾ ਲਈ ਸਾਡੇ ਤੋਂ ਖੋਹ ਲਈ ਗਈ। ਉਸ ਦਿਨ ਮੈਂ ਆਪਣੇ ਪੁੱਤ ਨੂੰ ਪਹਿਲੀ ਵਾਰ ਰਾਤ ਨੂੰ ਹੌਲ਼ੀ-ਹੌਲ਼ੀ ਰੋਂਦੇ ਦੇਖਿਆ। ਮੈਂ ਤੇ ਮੇਰੇ ਘਰਵਾਲੇ ਨੇ ਉਸਨੂੰ ਹੌਸਲਾ ਦਿੱਤਾ ਕਿ ਕੋਈ ਨਾ ਪੁੱਤ ਜਮੀਨ ਤਾਂ ਫੇਰ ਬਣਜੂਗੀ। ਤੂੰ ਦਿਲ ਹੌਲਾ ਨਾ ਕਰ। ਪੁੱਤ ਫੇਰ ਉਸਨੂੰ ਇੱਕ ਕਾਲਜ ਵਿੱਚ 6 ਮਹੀਨੇ ਲਈ ਲੈਕਚਰਾਰ ਦੀ ਨੌਕਰੀ ਦਸ ਹਜਾਰ ’ਤੇ ਮਿਲ ਗਈ ਤੇ ਸਾਡੇ ਘਰ ਦੀ ਗੱਡੀ ਰਿੜ੍ਹਨ ਲੱਗ ਪਈ। ਪਰ ਅੰਦਰ ਹੀ ਅੰਦਰ ਮੇਰਾ ਪੁੱਤ ਕਿਸੇ ਘੁਣ ਲੱਗੀ ਲੱਕੜ ਵਾਂਗ ਖੋਖਲਾ ਹੋ ਰਿਹਾ ਸੀ। ਪੁੱਤ ਆਹ ਸਾਲ ਕੁ ਪਹਿਲਾਂ ਉਸਨੂੰ ਠੇਕਾ ਭਰਤੀ ’ਤੇ ਨੌਕਰੀ ਮਿਲ ਗਈ ਮਹਿਜ ਕੁੱਲ ਸਾਢੇ ਅੱਠ ਹਜਾਰ ਰੁਪਏ ’ਤੇ ਮੁਕਤਸਰ। ਪੁੱਤ ਉੱਥੇ ਉਹ ਕਿਰਾਏ ਦੇ ਕਮਰੇ ਵਿੱਚ ਰਹਿੰਦਾ, ਜਿਸਦਾ ਸਾਢੇ ਚਾਰ ਹਜਾਰ ਕਿਰਾਇਆ ਤੇ 1500 ਰੁਪਏ ਉਸਦਾ ਖਾਣ ਪੀਣ ਦਾ ਖਰਚ ਹੈ ਤੇ ਬਾਕੀ ਉਹ ਮੈਨੂੰ ਹਰ ਮਹੀਨੇ ਘਰ ਦੇ ਖਰਚ ਲਈ ਦੇ ਦਿੰਦਾ। ਧੀਏ ਮਾੜੀ ਕਿਸਮਤ ਨੂੰ ਮੇਰੇ ਘਰਵਾਲੇ ਨੂੰ ਟੀ.ਬੀ. ਦਾ ਨਾਮੁਰਾਦ ਰੋਗ ਚਿੰਬੜ ਗਿਆ। ਉਸਦੀ ਦਵਾਈ, ਖਾਣ-ਪੀਣ ਦਾ ਖਰਚ ਪੁੱਤ ਦੀ ਕਮਾਈ ਨਾਲ ਕਿੱਥੇ ਪੂਰਾ ਹੁੰਦਾ। ਸੋ ਮੈਂ ਇੱਥੇ ਸਾਫ ਸਫਾਈ ਦੇ ਕੰਮ ’ਤੇ ਜਿਵੇਂ ਕਿਵੇਂ ਲੱਗ ਗਈ। ਪੱਚੀ ਸੌ ਰਪਏ ਮਿਲ ਜਾਂਦੇ ਨੇ, ਚੱਲ, ਉਹਦੀ ਦਵਾਈ ਦਾ ਖਰਚ ਨਿੱਕਲ ਆਉਂਦਾ। ... ਪਿਛਲੇ ਹਫਤੇ ਮੇਰਾ ਪੁੱਤ ਘਰ ਆਇਆ ਸੀ ਤਨਖਾਹ ਦੇਣ। ਮੇਰੇ ਕੰਮ ਕਰਨ ਤੇ ਆਪਣੇ ਬਾਪੂ ਦੀ ਬਿਮਾਰੀ ਬਾਰੇ ਸੁਣ ਕੇ ਬੜਾ ਰੋਇਆ ਤੇ ਆਖਣ ਲੱਗਿਆ, “ਦੇਖ ਬੇਬੇ, ਤੇਰਾ ਪੀ.ਐੱਚ.ਡੀ. ਪੁੱਤ ਹੁਣ ਸਰਕਾਰੀ ਕੱਚਾ ਦਿਹਾੜੀਦਾਰ ਬਣ ਗਿਆ, ਜੋ ਆਪਣੇ ਮਾਪਿਆਂ ਦਾ ਖਿਆਲ ਵੀ ਨੀਂ ਰੱਖ ਸਕਦਾ ...”
ਬੇਬੇ ਦੀ ਗੱਲ ਸੁਣ ਮੇਰੇ ਕੋਲ਼ ਸ਼ਬਦ ਜਿਵੇਂ ਮੁੱਕ ਗਏ ਸੀ। ਇਹ ਕਹਾਣੀ ਤਾਂ ਹੁਣ ਪੰਜਾਬ ਦੇ ਹਰ ਘਰ ਦੀ ਹੈ ਕਿ ਜਿੱਥੇ ਮਾਂ-ਬਾਪ ਇੰਨਾ ਪੈਸਾ ਖਰਚ ਕੇ, ਪੜ੍ਹਾ ਲਿਖਾ ਕੇ ਆਪਣੇ ਬੱਚਿਆਂ ਨੂੰ ਨਿਗੂਣੀਆਂ ਤਨਖਾਹਾਂ ’ਤੇ ਸਰਕਾਰੀ ਕੱਚੇ ਦਿਹਾੜੀਦਾਰ ਬਣਾਉਣ ਲਈ ਮਜਬੂਰ ਹੋ ਰਹੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (