JagjitSMann7ਅਸੀਂ ਆਪਣੇ ਵਿਨਾਸ਼ ਤੋਂ ਤਦ ਹੀ ਬਚ ਸਕਦੇ ਹਾਂ ਜੇ ਇਸ ਪੁਲਾੜੀ ਜਹਾਜ਼ ਦੀ ...
(16 ਸਤੰਬਰ 2026)

 

ਭੂਮਿਕਾ: ਜਿਵੇਂ ਕਿ ਸਾਨੂੰ ਪਤਾ ਹੈ ਕਿ ਧਰਤੀ ਗ੍ਰਹਿ ਤੇ ਸਾਰੀ ਉਰਜਾ ਦਾ ਮੁੱਖ ਸਰੋਤ ਸੂਰਜ ਹੈ, ਸਾਡੀ ਧਰਤੀ ਦੇ ਉੱਪਰ ਸਮਤਾਪ ਮੰਡਲ ਵਿੱਚ ਲਗਭਗ ਤਿੰਨ ਮਿਲੀਮੀਟਰ ਮੋਟਾਈ ਵਾਲਾ ਗੈਸਾਂ ਦਾ ਇੱਕ ਸਮੂਹ ਹੈ ਜਿਸ ਨੂੰ ਓਜ਼ੋਨ ਪਰਤ ਕਿਹਾ ਜਾਂਦਾ ਹੈ।

ਸਰਲ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਇਹ ਪਰਤ ਧਰਤੀ ਦੀ ਸੁਰੱਖਿਆ ਛਤਰੀ ਵਾਂਗ ਕੰਮ ਕਰਦੀ ਹੈ ਜਿਹੜੀ ਸੂਰਜ ਤੋਂ ਧਰਤੀ ’ਤੇ ਆਉਣ ਵਾਲੀਆਂ ਹਾਨੀਕਾਰਕ ਅਲਟਰਾ ਵਾਇਲਟ (ਯੂ ਵੀ) ਕਿਰਨਾਂ ਨੂੰ ਆਪਣੀ ਪਰਤ ਵਿੱਚ ਸੋਖ ਲੈਂਦੀ ਹੈ, ਲੇਕਿਨ ਧਰਤੀ ਉੱਤੇ ਮਨੁੱਖ ਦੁਆਰਾ ਕੀਤੀਆਂ ਜਾਂਦੀਆਂ ਉਦਯੋਗਿਕ ਗਤੀਵਿਧੀਆਂ ਦੌਰਾਨ ਵਾਤਾਵਰਨ ਵਿੱਚ ਛੱਡੇ ਗਏ ਕੁਝ ਰਸਾਇਣਕ ਤੱਤਾਂ, ਪਦਾਰਥਾਂ ਨੇ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ ਜਿਸਦਾ ਸੰਨ 1985 ਵਿੱਚ ਵਿਗਿਆਨਕਾਂ ਨੇ ਪਤਾ ਲਾਇਆ। ਇਸ ਨੁਕਸਾਨ ਕਾਰਨ ਇਸ ਪਰਤ ਵਿੱਚ ਇੱਕ ਵੱਡਾ ਮਘੋਰਾ ਹੋ ਗਿਆ ਜਿਹੜਾ ਅੰਟਾਰਟੀਕਾ ਦੇ ਉੱਪਰ ਸਥਿਤ ਹੈ, ਜਿਸ ਨੂੰ ਹੈਲੀ ਬੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ

ਓਜ਼ੋਨ ਸੁਰੱਖਿਆ ਛਤਰੀ ਦੀ ਮਹੱਤਤਾ:

ਓਜ਼ੋਨ ਗੈਸਾਂ ਦੇ ਸਮੂਹ ਨੇ ਵਾਤਾਵਰਨ ਵਿੱਚ ਸਾਡੀ ਧਰਤੀ ਉੱਪਰ ਛਤਰੀ ਤਾਣੀ ਹੋਈ ਹੈ। ਇਸ ਨੂੰ ਹੋਏ ਭਾਰੀ ਨੁਕਸਾਨ ਨਾਲ ਧਰਤੀ ਉੱਪਰਲੇ ਜਨ ਜੀਵਨ ਅਤੇ ਬਨਸਪਤੀ ਉੱਪਰ ਮਾਰੂ ਅਸਰ ਪਿਆ ਹੈ। ਹਾਨੀਕਾਰਕ ਪਰਾ ਬੈਂਗਣੀ ਕਿਰਨਾਂ ਜਦੋਂ ਧਰਤੀ ’ਤੇ ਪੈਂਦੀਆਂ ਹਨ ਤਾਂ ਇਸ ਨਾਲ ਜਿੱਥੇ ਤਾਪਮਾਨ ਵੱਧਦਾ ਹੈ ਉੱਥੇ ਹੀ ਚਮੜੀ ਦੇ ਕੈਂਸਰ, ਅੱਖਾਂ ਦੀਆਂ ਬਿਮਾਰੀਆਂ, ਨਵੀਂਆਂ ਨਵੀਆਂ ਫਸਲੀ ਬਿਮਾਰੀਆਂ, ਫਸਲੀ ਝਾੜ ਦਾ ਘਟਣਾ, ਸਮੁੰਦਰੀ ਜੀਵਨ ਨੂੰ ਨੁਕਸਾਨ, ਜਨੈਟਿਕ ਵਿਕਾਰ, ਵਾਤਾਵਰਨਿਕ ਤਬਦੀਲੀ, ਖਾਸ ਤੌਰ ’ਤੇ ਧਰਤੀ ਉੱਪਰ ਤਪਸ਼ ਦਾ ਵਧਣਾ, ਜਿਸ ਨਾਲ ਗਲੇਸ਼ੀਅਰਾਂ ਦਾ ਪਿਘਲਣਾ ਅਤੇ ਸਮੁੰਦਰ ਦੇ ਪਾਣੀਆਂ ਦੇ ਪੱਧਰ ਵਿੱਚ ਭਾਰੀ ਉਛਾਲ, ਮੌਸਮੀ ਚੱਕਰਾਂ ਵਿੱਚ ਉਲਟਫੇਰ ਆਦਿਕ ਨੁਕਸਾਨ ਦੀ ਵੱਡੀ ਸੰਭਾਵਨਾ ਪੈਦਾ ਹੋ ਜਾਂਦੀ ਹੈ। ਮੌਜੂਦਾ ਸਮੇਂ ਵਿੱਚ ਇਸ ਹਾਨੀਕਾਰਕ ਤਬਦੀਲੀ ਨੂੰ ਦੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ

ਮੰਟਰੀਔਲ ਪ੍ਰੋਟੋਕਾਲ: ਓਜ਼ੋਨ ਪਰਤ ਦੇ ਛਿੱਜਣ ਅਤੇ ਇਸ ਨਾਲ ਹੋਣ ਵਾਲੇ ਭਵਿੱਖੀ ਨੁਕਸਾਨ ਨਾਲ ਨਿਪਟਣ ਹਿਤ ਕੈਨੇਡਾ ਦੇ ਸ਼ਹਿਰ ਮੰਟਰੀਔਲ ਵਿੱਚ “ਮੰਟਰੀਔਲ ਪ੍ਰੋਟੋਕਾਲ ਸਬਸਟੈਂਸਿਸ ਦੈਟ ਡਿਪਲੀਟ ਦ ਓਜ਼ੋਨ ਲੇਅਰ” ਦੇ ਨਾਂ ਹੇਠ 16 ਸਤੰਬਰ 1987 ਨੂੰ ਯੂਨਾਈਟਡ ਨੇਸ਼ਨ ਵਿੱਚ ਸ਼ਾਮਲ 198 ਧਿਰਾਂ ਨੇ ਦਸਤਖਤ ਕੀਤੇ, ਜਿਸਦਾ ਮੁੱਖ ਉਦੇਸ਼ ਸਮਾਂਬੱਧ ਢੰਗ ਤਰੀਕੇ ਅਪਣਾ ਕੇ ਓਜ਼ੋਨ ਨੂੰ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਸੀ ਐੱਫ ਸੀ, ਐੱਚ ਸੀ ਐੱਫ ਸੀ, ਹੈਲੋਨ ਗੈਸਾਂ ਅਤੇ ਰਸਾਇਣਕ ਤੱਤਾਂ ਦੀ ਵਰਤੋਂ ਅਤੇ ਉਤਪਾਦਨ ਨੂੰ ਹੌਲੀ ਹੌਲੀ ਘਟਾਉਣਾ ਅਤੇ ਖਤਮ ਕਰਕੇ ਵੱਲ ਅੱਗੇ ਵਧਣਾ ਹੈ। ਇਹ ਸਮਝੌਤਾ 1 ਜਨਵਰੀ 1989 ਤੋਂ ਲਾਗੂ ਹੋਇਆ ਹੈ। ਵਾਤਾਵਰਣਿਕ ਸਰੋਕਾਰਾਂ ਨਾਲ ਜੁੜਿਆ ਇਹ ਪ੍ਰੋਟੋਕਾਲ ਜਾਂ ਸਮਝੌਤਾ ਅੱਜ ਤਕ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸਫਲ ਸਮਝੌਤਿਆਂ ਵਿੱਚ ਇੱਕ ਮੰਨਿਆ ਜਾਂਦਾ ਹੈ

ਕਿਗਾਲੀ ਸੋਧ: 15 ਅਕਤੂਬਰ 2016 ਨੂੰ ਰਵਾਂਡਾ ਦੇ ਸ਼ਹਿਰ ਕਿਗਾਲੀ ਵਿੱਚ ਮੰਟਰੀਔਲ ਪ੍ਰੋਟੋਕਾਲ ਵਿੱਚ ਸ਼ਾਮਲ ਧਿਰਾਂ ਦੀ 28ਵੀਂ ਬੈਠਕ ਦੌਰਾਨ ਇਸ ਵਾਤਾਵਰਣਿਕ ਸਮਝੌਤੇ ਵਿੱਚ ਇੱਕ ਸੋਧ ਕੀਤੀ ਗਈ, ਜਿਸ ਨੂੰ ਕਿਗਾਲੀ ਅਮੈਂਡਮੈਂਟ ਕਿਹਾ ਗਿਆ ਜਿਹੜੀ 1 ਜਨਵਰੀ 2019 ਤੋਂ ਲਾਗੂ ਹੋਈ। ਇਸ ਸੋਧ ਦੇ ਮੁੱਖ ਬਿੰਦੂ ਇਹ ਸਨ:

ਸਾਰੇ ਦੇਸ਼ ਹਾਈਡ੍ਰੋਫਲੋਰੋਕਾਰਬਨ (ਐੱਚ ਐੱਫ ਸੀ) ਗੈਸਾਂ ਦੇ ਉਤਪਾਦਨ ਅਤੇ ਖਪਤ ਨੂੰ ਅਗਲੇ ਤੀਹ ਸਾਲਾਂ ਦੌਰਾਨ ਅੱਸੀ ਤੋਂ ਪਚਾਸੀ ਪ੍ਰਤੀਸ਼ਤ ਘਟਾਉਣਗੇ, ਜਿਸਦਾ ਟੀਚਾ ਵਿਕਸਿਤ ਮੁਲਕ 2036 ਤਕ ਤੇ ਵਿਕਾਸਸ਼ੀਲ ਮੁਲਕ 2045 ਤਕ ਤੇ ਕੁਝ ਗਰਮ ਵਾਤਾਵਰਣ ਵਾਲੇ ਮੁਲਕਾਂ ਲਈ 2047 ਤਕ ਮਿਥਿਆ ਗਿਆ

ਸੰਸਾਰਿਕ ਪੌਣ ਪਾਣੀ ਲਈ ਇਸ ਸੋਧ ਦੀ ਮਹੱਤਤਾ:

ਇਸ ਸੋਧ ਦੇ ਪੂਰੀ ਤਰ੍ਹਾਂ ਲਾਗੂ ਹੋ ਜਾਣ ਨਾਲ ਸੰਨ 2100 ਤਕ ਆਲਮੀ ਤਪਸ਼ ਨੂੰ 0.5 ਡਿਗਰੀ ਸੈਲਸੀਅਸ ਤਕ ਘਟ ਕਰ ਸਕਦੀ ਹੈ ਵਿਕਾਸਸ਼ੀਲ ਦੇਸ਼ਾਂ ਨੂੰ ਹਾਨੀਕਾਰਕ ਗੈਸਾਂ ਦੀ ਵਰਤੋਂ ਘਟਾਉਣ ਅਤੇ ਉਤਪਾਦਨ ਬੰਦ ਕਰਨ ਹਿਤ ਬਦਲਵੀਆਂ ਤਕਨੀਕਾਂ ਅਤੇ ਫੰਡ ਮੁਹਈਆ ਕਰਵਾਏ ਜਾਣਗੇ। ਇਸਦੇ ਨਾਲ ਹੀ ਓਜ਼ੋਨ ਪਰਤ ਨੂੰ ਹੋਏ ਨੁਕਸਾਨ ਕਾਰਨ ਧਰਤੀ ’ਤੇ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੀ ਰੋਕਥਾਮ ਵਿੱਚ ਵੱਡੀ ਮਦਦ ਪ੍ਰਾਪਤ ਹੋਵੇਗੀ

ਅੰਤਿਕਾ:

ਵਾਤਾਵਰਣਿਕ ਸਰੋਕਾਰਾਂ ਨਾਲ ਜੁੜਿਆ ਮੰਟਰੀਔਲ ਸਮਝੌਤਾ ਅਤੇ ਇਸ ਵਿਚਲੀ ਕਿਗਾਲੀ ਸੋਧ ਨੇ ਓਜ਼ੋਨ ਪਰਤ ਬਚਾਉਣ ਦੇ ਨਾਲ-ਨਾਲ ਪੌਣਪਾਣੀ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਇਸ ਨੂੰ ਆਲਮੀ ਸਹਿਯੋਗ ਦੀ ਇੱਕ ਵੱਡੀ ਸਫਲਤਾ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ ਕਿਉਂਕਿ ਇਸ ਸਹਿਯੋਗ ਦੇ ਆਸਰੇ ਹੀ ਓਜ਼ੋਨ ਪਰਤ ਵਿੱਚ ਬਣਿਆ ਮਘੋਰਾ ਹੌਲੀ ਹੌਲੀ ਭਰ ਰਿਹਾ ਹੈ। ਵਿਗਿਆਨੀਆਂ ਨੇ ਅਨੁਮਾਨ ਲਾਇਆ ਹੈ ਕਿ ਇਹ ਇਸ ਸਦੀ ਦੇ ਮੱਧ ਤਕ ਪੂਰਨ ਤੌਰ ’ਤੇ ਠੀਕ ਹੋ ਜਾਵੇਗਾ। 16 ਸਤੰਬਰ ਨੂੰ ਯੂਨਾਈਟਡ ਨੇਸ਼ਨ ਦੇ ਵਾਤਾਵਰਨਿਕ ਪ੍ਰੋਗਰਾਮ ਨੇ ਇਸ ਮਤੇ ਨੂੰ 49/114 ਰਾਹੀਂ ਵਿਸ਼ਵ ਓਜ਼ੋਨ ਪਰਤ ਬਚਾਓ ਦਿਵਸ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ। ਇਸ ਦਿਨ ਪੂਰੇ ਸੰਸਾਰ ਅੰਦਰ ਵਾਤਾਵਰਨਿਕ ਜਾਗਰੂਕਤਾ ਮੁੰਹਿਮਾ ਤਹਿਤ ਵਿੱਦਿਅਕ ਅਦਾਰਿਆਂ ਵਿੱਚ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਹਿਤ ਕੰਮ ਕਰਦੀਆਂ ਛੋਟੀਆਂ ਵੱਡੀਆਂ ਸੰਸਥਾਵਾਂ ਵੱਲੋਂ ਸੈਮੀਨਾਰ, ਪ੍ਰਦਰਸ਼ਨੀਆਂ, ਪੌਦੇ ਲਾਉਣੇ, ਕੁਇੱਜ਼ ਮੁਕਾਬਲੇ ਆਦਿਕ ਕਰਵਾਏ ਜਾਂਦੇ ਹਨ। ਸਯੁੰਕਤ ਰਾਸ਼ਟਰ ਵੱਲੋਂ “ਠੰਢੇ ਗ੍ਰਹਿ ਲਈ ਆਲਮੀ ਕਾਰਵਾਈ” ਨੂੰ ਵਿਸ਼ਵ ਓਜ਼ੋਨ ਦਿਵਸ 2026 ਦਾ ਮੁੱਖ ਸੁਨੇਹਾ ਐਲਾਨਿਆ ਹੈ। ਵਾਤਾਵਰਨ ਸੰਭਾਲ ਦੀ ਇਸ ਵਿਚਾਰ ਚਰਚਾ ਨੂੰ ਅਡਲਾਇ ਸਟੀਵਨਸਨ ਦੀਆਂ ਇਨ੍ਹਾਂ ਸਤਰਾਂ ਨਾਲ ਸਮੇਟਦੇ ਹਾਂ, “ਅਸੀਂ ਸਾਰੇ ਇੱਕ ਛੋਟੇ ਜਿਹੇ ਪੁਲਾੜੀ ਜਹਾਜ਼ (ਧਰਤੀ) ਦੇ ਸਵਾਰ ਹਾਂ ਅਤੇ ਇਕੱਠਿਆਂ ਸਫਰ ਕਰ ਰਹੇ ਹਾਂ। ਅਸੀਂ ਇਸਦੇ ਹਵਾ, ਪਾਣੀ ਅਤੇ ਮਿੱਟੀ ਦੇ ਨਾਜ਼ੁਕ ਭੰਡਾਰਾਂ ’ਤੇ ਨਿਰਭਰ ਹਾਂ। ਆਪਣੀ ਹੋਂਦ ਬਣਾਈ ਰੱਖਣ ਲਈ ਸਾਨੂੰ ਇਸਦੀ ਸ਼ਾਂਤੀ, ਸੁਰੱਖਿਆ ਅਤੇ ਸਾਂਭ-ਸੰਭਾਲ ਲਈ ਪੂਰੀ ਤਰ੍ਹਾਂ ਵਚਨਬੱਧ ਹੋਣਾ ਪਵੇਗਾ। ਅਸੀਂ ਆਪਣੇ ਵਿਨਾਸ਼ ਤੋਂ ਤਦ ਹੀ ਬਚ ਸਕਦੇ ਹਾਂ ਜੇ ਇਸ ਪੁਲਾੜੀ ਜਹਾਜ਼ ਦੀ ਦੇਖਭਾਲ ਕਰੀਏ ਅਤੇ ਇਸਨੂੰ ਸਹੀ ਤੌਰ ’ਤੇ ਪਿਆਰ ਕਰੀਏ।”

*   *   *

(ਸੰਸਥਾਪਕ: ਵਾਤਾਵਰਣ ਸੰਭਾਲ ਸੋਸਾਇਟੀ, ਲੁਧਿਆਣਾ।)

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Jagjit S Mann

Jagjit S Mann

WhatsApp: (91 - 99149 - 40554)