“ਜੇਕਰ ਸਾਰੇ ਦੇਸ਼ ਓਜ਼ੋਨ ਪਰਤ ਨੂੰ ਬਚਾਉਣ ਹਿੱਤ ਵਿਗਿਆਨ ਦਾ ਵੱਡਾ ਆਸਰਾ ਲੈਣ ਤਾਂ ...”
(16 ਸਤੰਬਰ 2025) ਅੱਜ ਹੁਣ ਤਕ ਪਾਠਕ: 9100, ਕੱਲ੍ਹ: 5970.
ਯੂਨਾਈਟੇਡ ਨੇਸ਼ਨ ਅਧੀਨ 22 ਮਾਰਚ 1985 ਨੂੰ ਆਸਟਰੀਆ ਦੀ ਰਾਜਧਾਨੀ ਵਿਆਨਾ ਵਿੱਚ ਮੁਲਕਾਂ ਦੀ ਇੱਕ ਸਾਂਝੀ ਕਨਵੈਨਸ਼ਨ ਓਜ਼ੋਨ ਪਰਤ ਨੂੰ ਸੁਰੱਖਿਅਤ ਰੱਖਣ ਹਿੱਤ ਹੋਈ ਸੀ, ਜਿਸ ਵਿੱਚ ਅਠਾਈ ਮੁਲਕਾਂ ਨੇ ਦਸਤਖ਼ਤ ਕੀਤੇ ਅਤੇ ਇਸ ਨੂੰ ਵਿਆਨਾ ਕਨਵੈਨਸ਼ਨ ਦਾ ਨਾਂ ਦਿੱਤਾ ਗਿਆ ਇਸ ਤੋਂ ਛੇਤੀ ਬਾਅਦ 16 ਸਤੰਬਰ 1987 ਵਿੱਚ ਕਨੇਡਾ ਦੇ ਸ਼ਹਿਰ ਮੌਂਟਰੀਔਲ ਵਿੱਚ ਛਿੱਜਦੀ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਜ਼ਿੰਮੇਵਾਰ ਕਾਰਕਾਂ ਦੀ ਪਛਾਣ ਕਰਦਿਆਂ ਉਨ੍ਹਾਂ ਨੂੰ ਰੋਕਣ ਹਿਤ ਯੂ ਐੱਨ ਦੇ ਮਤਾ ਨੰ 49/114 ਤਹਿਤ ਇੱਕ ਅੰਤਰਰਾਸ਼ਟਰੀ ਵਿਉਂਤਬੰਦੀ ਬਣਾਈ ਗਈ ਜਿਸ ਨੂੰ ਮੌਂਟਰੀਔਲ ਪ੍ਰੋਟੋਕਾਲ ਦਾ ਨਾਂ ਦਿੱਤਾ ਗਿਆ ਅਤੇ ਇਸ ਉੱਪਰ ਇੱਕ ਸੌ ਅੱਸੀ ਮੁਲਕਾਂ ਨੇ ਦਸਤਖ਼ਤ ਕੀਤੇ। ਸੰਨ 1994 ਵਿੱਚ ਯੂ ਐੱਨ ਦੀ ਜਨਰਲ ਅਸੈਂਬਲੀ ਵੱਲੋਂ ਹਰ ਸਾਲ ਸੋਲਾਂ ਸਤੰਬਰ ਨੂੰ ਓਜ਼ੋਨ ਪਰਤ ਦੀ ਸਾਂਭ-ਸੰਭਾਲ ਅਤੇ ਇਸ ਬਾਬਤ ਜਾਗਰੂਕਤਾ ਮੁਹਿੰਮ ਚਲਾਉਣ ਦੇ ਮਨੋਰਥ ਨਾਲ ਸੰਸਾਰ ਦਿਹਾੜਾ ਮਨਾਉਣ ਦਾ ਐਲਾਨ ਕੀਤਾ।
ਓਜ਼ੋਨ ਕੀ ਹੈ: ਓਜ਼ੋਨ ਗੈਸ (O3) ਅਣੂਆਂ ਦੇ ਇੱਕ ਸਮੂਹ ਦਾ ਨਾਂ ਹੈ, ਜਿਹੜੀ ਲਗਭਗ ਬਾਰਾਂ ਤੋਂ ਪੰਦਰਾਂ ਕਿਲੋਮੀਟਰ ਧਰਤੀ ਤੋਂ ਉਪਰ ਵੱਲ ਸ਼ੁਰੂ ਹੁੰਦੀ ਹੋਈ ਲਗਭਗ ਚਾਲੀ ਕਿਲੋਮੀਟਰ ਤੱਕ ਇੱਕ ਸੁਰੱਖਿਆ ਛਤਰੀ ਬਣਾਉਂਦੀ ਹੈ। ਇਹ ਸੁਰੱਖਿਆ ਛਤਰੀ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਕਿਰਨਾਂ, ਜਿਨ੍ਹਾਂ ਨੂੰ ਯੂ ਵੀ ਜਾਂ ਅਲਟਰਾ ਵਾਇਲਟ ਕਿਰਨਾਂ ਕਿਹਾ ਜਾਂਦਾ ਹੈ, ਨੂੰ ਜਜ਼ਬ ਕਰ ਲੈਂਦੀ ਹੈ। ਜੇਕਰ ਓਜ਼ੋਨ ਗੈਸ ਦੀ ਪਰਤ ਧਰਤੀ ਉੱਪਰ ਨਾ ਹੋਵੇ ਤਾਂ ਮਨੁੱਖੀ ਅਤੇ ਹੋਰ ਜੀਵ ਜੰਤੂਆਂ ਦੇ ਜੀਵਨ ਉੱਪਰ ਵੱਖੋ-ਵੱਖ ਬਿਮਾਰੀਆਂ ਦੇ ਰੂਪ ਵਿੱਚ ਅਤੇ ਇੱਥੋਂ ਤੱਕ ਕਿ ਬਨਸਪਤੀ ਦੇ ਪੈਦਾਇਸ਼ੀ ਗੁਣਾਂ ਉੱਪਰ ਵੀ ਬੇਹੱਦ ਮਾਰੂ ਪ੍ਰਭਾਵ ਪਵੇਗਾ ਅਤੇ ਧਰਤੀ ਉੱਪਰਲਾ ਜੀਵਨ ਕਠਿਨ ਹੋ ਜਾਵੇਗਾ।
ਓਜ਼ੋਨ ਦਾ ਛਿੱਜਣਾ ਕੀ ਹੈ? ਸੰਨ 1985 ਵਿੱਚ ਵਿਗਿਆਨੀਆਂ ਨੇ ਇਹ ਪਤਾ ਲਾਇਆ ਕਿ ਓਜ਼ੋਨ ਪਰਤ ਵਿੱਚ ਇੱਕ ਵੱਡਾ ਛੇਕ ਹੋ ਗਿਆ ਹੈ, ਜਿਹੜਾ ਐਂਟਾਰਟਿਕਾ ਦੇ ਹੈਲੀ ਬੇਅ ਉੱਪਰ ਸਥਿਤ ਹੈ ਇਹ ਅਤਿਅੰਤ ਚਿੰਤਾ ਦਾ ਵਿਸ਼ਾ ਸੀ। ਜਲਦੀ ਹੀ ਇਹ ਪਤਾ ਲਾਇਆ ਗਿਆ ਕਿ ਓਜ਼ੋਨ ਪਰਤ ਵਿੱਚ ਛੇਕ ਹੋਣ ਦੇ ਕੀ ਕਾਰਣ ਹਨ। ਪਤਾਂ ਲੱਗਿਆ ਕਿ ਸੌ ਦੇ ਕਰੀਬ ਮਨੁੱਖ ਨਿਰਮਤ ਰਸਾਇਣ, ਜਿਹੜੇ ਵੱਖ ਵੱਖ ਵਰਗਾਂ ਵਿੱਚ ਵੰਡੇ ਹੋਏ ਹਨ, ਇਸ ਦੇ ਨਾਲ ਹੀ ਹਾਲੋਨ ਗੈਸਾਂ, ਕਲੋਰੋ ਫਲੋਰੋ ਕਾਰਬਨ ਅਤੇ ਹਾਇਡਰੋ ਕਲੋਰੋ ਫਲੋਰੋ ਕਾਰਬਨ ਇਸ ਲਈ ਜਿੰਮੇਵਾਰ ਕਾਰਕ ਹਨ। ਇਨ੍ਹਾਂ ਰਸਾਇਣਾਂ ਦੀ ਬਹੁਤੀ ਵਰਤੋਂ ਠੰਡਕ ਪ੍ਰਦਾਨ ਕਰਨ ਵਾਲੇ ਉਪਕਰਣ ਜਿਵੇਂ ਫਰਿੱਜ ਆਦਿਕ, ਐਰੋਸੋਲ ਸਪਰੇਅ (ਖੂਸ਼ਬੂ ਜਾਂ ਸੈਂਟ ) ਅਤੇ ਫੋਮ ਆਦਿਕ ,ਜਿਨ੍ਹਾਂ ਦੀ ਵਰਤੋਂ ਉਤਪਾਦਾਂ ਦੀ ਪੈਕਿੰਗ ਹਿਤ ਵੱਡੇ ਪੱਧਰ ’ਤੇ ਕੀਤੀ ਜਾਂਦੀ ਹੈ।
ਓਜ਼ੋਨ ਦੀ ਰੱਖਿਆ: ਰਵਾਂਡਾ ਦੀ ਰਾਜਧਾਨੀ ਕਿਗਲੀ ਵਿਖੇ 15 ਅਕਤੂਬਰ 2016 ਨੂੰ ਮੌਂਟਰੀਔਲ ਪ੍ਰੋਟੋਕਾਲ ਵਿੱਚ ਸ਼ਾਮਲ ਦੇਸ਼ਾਂ ਦੀ ਓਜ਼ੋਨ ਪਰਤ ਦੀ ਸੁਰੱਖਿਆ ਹਿਤ ਅਠਾਈਵੀਂ ਮੀਟਿੰਗ ਹੋਈ, ਜਿਸ ਵਿੱਚ ਹਾਇਡਰੋ ਫਲੋਰੋ ਕਾਰਬਨਜ਼ ਦੇ ਉਤਪਾਦਨ ਵਿੱਚ ਆਈ ਵੱਡੀ ਕਮੀ ਦਾ ਜ਼ਿਕਰ ਕੀਤਾ ਗਿਆ। ਯੂਨਾਈਟੇਡ ਨੇਸ਼ਨ ਦੇ ਸਕੱਤਰ ਐਂਟਨੀਓ ਗੂਟਰਸ ਨੇ ਇਸ ਬਾਬਤ ਕਿਹਾ ਕਿ ਇਹ ਪ੍ਰਾਪਤੀ ਦੱਸਦੀ ਹੈ ਕਿ ਜੇਕਰ ਸਾਰੇ ਦੇਸ਼ ਓਜ਼ੋਨ ਪਰਤ ਨੂੰ ਬਚਾਉਣ ਹਿੱਤ ਵਿਗਿਆਨ ਦਾ ਵੱਡਾ ਆਸਰਾ ਲੈਣ ਤਾਂ ਓਜ਼ੋਨ ਪਰਤ ਨੂੰ ਬਚਾਉਣ ਅਤੇ ਸੰਭਾਲਣ ਦਾ ਮਿੱਥਿਆ ਟੀਚਾ ਸਰ ਕੀਤਾ ਜਾ ਸਕਦਾ ਹੈ। ਸਾਲ 2025 ਦਾ ਮੁੱਖ ਵਿਸ਼ਾ ਵੀ ਇਹੀ ਹੈ ਕਿ “ਵਿਗਿਆਨ ਰਾਹੀਂ ਓਜ਼ੋਨ ਬਚਾਉਣ ਲਈ ਸੰਸਾਰ ਪੱਧਰੀ ਇੱਕਜੁਟਤਾ ਨਾਲ ਸਮੂਹਿਕ ਕਾਰਜ”। ਵਿਆਨਾ ਕਨਵੈਨਸ਼ਨ ਦੇ ਚਾਲੀ ਸਾਲਾਂ ਬਾਅਦ ਪੜਾਵਾਰ ਸੰਸਰ ਪੱਧਰ ’ਤੇ ਧਰਤੀ ਦੀ ਸੁਰੱਖਿਆ ਛੱਤਰੀ ਨੂੰ ਬਚਾਉਣ ਹਿਤ ਕੀਤੀ ਗਈ ਕੋਸ਼ਿਸ਼ ਅਤੇ ਜਾਗਰੂਕਤਾ ਨੇ ਕਾਫੀ ਹੱਦ ਤੱਕ ਸਫਲਤਾ ਹਾਸਲ ਕੀਤੀ ਹੈ। ਲੇਕਿਨ ਜਦੋਂ ਤੱਕ ਓਜ਼ੋਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਰਸਾਇਣਾਂ ਅਤੇ ਉਤਪਾਦਾਂ ਦਾ ਪੂਰਨ ਸੁਰੱਖਿਅਤ ਬਦਲ ਦਾ ਟੀਚਾ ਸਰ ਨਹੀਂ ਹੋ ਜਾਂਦਾ, ਉਦੋਂ ਤੱਕ ਸੰਸਾਰ ਵਿੱਚਲੀ ਜੀਵਨ ਤੇ ਬਨਸਪਤੀ ਪ੍ਰਣਾਲੀ ਉੱਪਰ ਖਤਰਾ ਬਣਿਆ ਰਹੇਗਾ।
ਸਥਾਨਕ ਪੱਧਰ ਤੇ ਕੀਤੇ ਜਾਣ ਵਾਲੇ ਕਾਰਜ : ਹਰ ਸਾਲ 16 ਸਤੰਬਰ ਨੂੰ ਸੰਸਾਰ ਪੱਧਰ ’ਤੇ ਓਜ਼ੋਨ ਦਿਹਾੜਾ ਵਿੱਦਿਅਕ ਤੇ ਵਿਗਿਆਨਕ ਸੰਸਥਾਵਾਂ ਵਿੱਚ ਮਨਾਇਆ ਜਾਂਦਾ ਹੈ। ਸਕੂਲ ਪੱਧਰ ’ਤੇ ਬੱਚਿਆਂ ਦੇ “ਓਜ਼ੋਨ ਮਿੱਤਰ ਕਲੱਬ” ਬਣਾ ਕੇ ਸੀ ਐੱਫ ਸੀ ਮੁਕਤ ਉਤਪਾਦਾਂ ਦੀ ਖਰੀਦਦਾਰੀ ਬਾਬਤ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾ ਸਕਦੀ ਹੈ, ਜਿਸ ਵਿੱਚ ਫਰਿੱਜ, ਏ ਸੀ, ਅਤੇ ਸੁਗੰਧਿਤ ਇਤਰ ਉੱਪਰ ਸੀ ਐੱਫ ਸੀ ਮੁਕਤ ਸਟਿੱਕਰ ਦਾ ਹੋਣਾ ਨਿਸ਼ਚਿਤ ਕੀਤਾ ਜਾ ਸਕਦਾ ਹੈ। ਰਚਨਾਤਮਕ ਕਾਰਜਾਂ ਸਮੇਂ ਪੋਸਟਰ, ਨਾਅਰੇ, ਕਵਿਤਾ, ਲੇਖ ਲਿਖ ਕੇ ਓਜ਼ੋਨ ਪਰਤ ਬਚਾਉਣ ਲਈ ਸੰਸਾਰ ਪੱਧਰ ਦੀ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾ ਸਕਦਾ ਹੈ। ਬਸ ਲੋੜ ਹੈ ਆਪਣੀ ਧਰਤੀ, ਆਪਣੇ ਵਾਤਾਵਰਣ ਅਤੇ ਇਸ ਨਾਲ ਜੁੜੇ ਜਲ, ਜੰਗਲ, ਜ਼ਮੀਨ ਹਵਾ, ਆਦਿ ਦੀ ਸਾਂਭ-ਸੰਭਾਲ ਪ੍ਰਤੀ ਬਣਦੀ ਜਿੰਮੇਵਾਰੀ ਨਿਭਾਉਣ ਦਾ ਜਜ਼ਬਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (