“ਧਰਤੀ ਦਿਵਸ ਅਤੇ ਹੋਰ ਵਾਤਾਵਰਣਿਕ ਦਿਨਾਂ ਨੂੰ ਆਲਮੀ ਸੰਸਾਰ ਗੁੱਟ ਵੱਲੋਂ ...”
(22 ਅਪਰੈਲ 2026)
ਗੁਰੂ ਨਾਨਕ ਸਾਹਿਬ ਜੀ ਧਰਤੀ ਬਾਬਤ ਫਰਮਾਉਂਦੇ ਹਨ, “ਮਰਨ ਜੀਵਨ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ”। ਇਸ ਇੱਕ ਤੁਕ ਵਿੱਚ ਹੀ ਮਨੁੱਖ ਦੀ ਅਕਿਰਤਘਣਤਾ ਅਤੇ ਨਾਸ਼ੁਕਰੇਪਨ ਨੂੰ ਸਪਸ਼ਟ ਰੂਪ ਵਿੱਚ ਪ੍ਰਮਾਣਿਤ ਕੀਤਾ ਹੈ। ਧਰਤੀ, ਮਤਲਬ ਨੀਲਾ ਗ੍ਰਹਿ, ਸੰਘਣੇ ਜੰਗਲ, ਅੰਬਰ ਛੂੰਹਦੀਆਂ ਪਰਬਤ ਮਾਲਾਵਾਂ, ਸ਼ੂਕਦੇ ਦਰਿਆ, ਮਨਫੀ ਡਿਗਰੀ ਵਾਲੇ ਬਰਫ਼ੀਲੇ ਮਹਾਦੀਪ, ਅਤਿਅੰਤ ਗਹਿਰੇ ਸਮੁੰਦਰ, ਤਪਦੇ ਮਾਰੂਥਲ ਅਤੇ ਇਸ ਸਭ ਦੇ ਵਿਚਕਾਰ ਧੜਕਦਾ ਜੀਵਨ, ਜੀਵਾਂ ਦੀਆਂ ਬੇਅੰਤ ਪ੍ਰਜਾਤੀਆਂ, ਇਨ੍ਹਾਂ ਪ੍ਰਜਾਤੀਆਂ ਵਿੱਚੋਂ ਸਿਰਮੌਰ ਪ੍ਰਜਾਤੀ ਮਨੁੱਖ ਦੀ ਜਾਂ ਕਹਿ ਲਿਆ ਜਾਵੇ ਕਿ ਇਸ ਧਰਤੀ ਦਾ ਸਰਦਾਰ ਹੈ ਮਨੁੱਖ। ਕੁਝ ਪਤਾ ਨਹੀਂ ਧਰਤੀ ਕਿਵੇਂ, ਕਦੋਂ, ਕਿਸ ਪ੍ਰਕਾਰ ਹੋਂਦ ਵਿੱਚ ਆਈ। ਵਿਗਿਆਨੀਆਂ ਦੀਆਂ ਕਿਆਸ ਅਰਾਈਆਂ ਹਨ। ਲੇਕਿਨ ਗੁਰੂ ਨਾਨਕ ਸਾਹਿਬ ਨੇ ਤਾਂ ਗੱਲ ਹੀ ਮੁਕਾ ਦਿੱਤੀ “ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣਾ ਹੈ ਸੋਈ”।
ਲੇਕਿਨ ਅੱਜ ਇਸ ਧਰਤੀ ਨੂੰ ਵੱਡਾ ਖ਼ਤਰਾ ਖੜ੍ਹਾ ਹੋ ਗਿਆ ਹੈ। ਧਰਤੀ ਨੂੰ ਖ਼ਤਰਾ, ਮਤਲਬ ਸਮੁੱਚੇ ਜੀਵਮੰਡਲ ਦੇ ਭਵਿੱਖ ਉੱਪਰ ਸਵਾਲੀਆ ਨਿਸ਼ਾਨ। ਪਰ ਇਹ ਖਤਰਾ ਖੜ੍ਹਾ ਕਿਸਨੇ ਕੀਤਾ ਹੈ? ਇਸਦਾ ਸਪਸ਼ਟ ਉੱਤਰ ਹੈ ਮਨੁੱਖ ਨੇ। ਮਨੁੱਖ ਦੇ ਵਧੇ ਹੋਏ ਲੋਭ-ਲਾਲਚ, ਅਕਿਰਤਘਣਤਾ, ਅਹੰਕਾਰ ਅਤੇ ਨਾਸ਼ੁਕਰਾਪਣ ਇਸ ਖਤਰੇ ਦੇ ਮੁੱਖ ਕਾਰਨ ਹਨ ਜਿਨ੍ਹਾਂ ਨੂੰ ਉਹ ਤਥਾਕਥਿਤ “ਵਿਕਾਸ” ਦਾ ਨਾਉਂ ਦਿੰਦਾ ਹੈ। ਲੇਕਿਨ ਸੂਝਵਾਨ ਚਿੰਤਨਸ਼ੀਲ, ਵਿਚਾਰਵਾਨ ਮਨੁੱਖਾਂ ਨੇ ਲਗਭਗ ਸਦੀ ਕੁ ਪਹਿਲਾਂ ਧਰਤੀ ਲਈ ਮਨੁੱਖ ਵੱਲੋਂ ਖੜ੍ਹੇ ਕੀਤੇ ਜਾਣ ਵਾਲੇ ਖਤਰਿਆਂ ਤੋਂ ਸੁਚੇਤ ਕਰਨਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਖਤਰਿਆਂ ਬਾਬਤ ਚਿੰਤਾ ਉਦੋਂ ਹੋਰ ਵੀ ਗਹਿਰੀ ਹੋ ਜਾਂਦੀ ਹੈ ਜਦੋਂ ਵੱਖ ਵੱਖ ਵਾਤਾਵਰਣਿਕ ਰਿਪੋਰਟਾਂ ਇਹ ਦੱਸਦੀਆਂ ਹਨ ਕਿ ਮਨੁੱਖ ਵੱਲੋਂ ਵਿਕਾਸ ਦਾ ਜਿਹੜਾ ਪੈਮਾਨਾ ਨਿਸ਼ਚਿਤ ਕੀਤਾ ਗਿਆ ਹੈ, ਉਸ ਕਾਰਨ ਬਹੁਤ ਸਾਰੇ ਜੀਵਾਂ ਅਤੇ ਬਨਸਪਤੀ ਪ੍ਰਜਾਤੀਆਂ ਜਾਂ ਤਾਂ ਲੁਪਤ ਹੋ ਗਈਆਂ ਹਨ ਜਾਂ ਲੁਪਤ ਹੋਣ ਦੀ ਕਗਾਰ ’ਤੇ ਹਨ। ਜੀਵਾਂ ਦੇ ਸਹਿਵਾਸ ਜਾਂ ਰਹਿਣ ਦੇ ਸਥਾਨ ਵਿੱਚ ਵੱਡੇ ਪੱਧਰ ’ਤੇ ਹੋ ਰਹੀਆਂ ਮਨੁੱਖੀ ਗਤੀਵਿਧੀਆਂ ਨੇ ਸਬੰਧਿਤ ਜੀਵਾਂ ਦੀਆਂ ਭਵਿੱਖੀ ਨਸਲਾਂ ਦੀ ਕੁਦਰਤੀ ਪੈਦਾਇਸ਼ ਲਗਭਗ ਖ਼ਤਮ ਹੀ ਕਰ ਦਿੱਤੀ ਹੈ। ਇਨ੍ਹਾਂ ਮਾਰੂ ਕਾਰਨਾਂ ਦੇ ਸਪਸ਼ਟ ਸੰਕੇਤ ਆਲਮੀ ਸੰਸਾਰ ਗੁੱਟ ਵੱਲੋਂ ਵਾਤਾਵਰਣ ਦੇ ਲਗਭਗ ਸਾਰੇ ਹੀ ਘਟਕਾਂ ਨਾਲ ਸਬੰਧਿਤ ਵੱਖਰੇ ਵੱਖਰੇ ਦਿਨਾਂ ਨੂੰ ਨਿਯਤ ਕਰ ਕੇ ਦਿੱਤੇ ਹਨ, ਜਿਨ੍ਹਾਂ ਵਿੱਚੋਂ 22 ਅਪਰੈਲ ਨੂੰ ਵਿਸ਼ਵ ਧਰਤੀ ਦਿਵਸ ਮਨਾਉਣ ਹਿਤ ਨਿਯਤ ਕੀਤਾ ਹੈ।
ਇਤਿਹਾਸ: ਸਾਲ 1970 ਦੇ ਅਪਰੈਲ ਮਹੀਨੇ ਦੀ 22 ਤਰੀਕ ਅਮਰੀਕੀ ਸੈਨੇਟਰ ਗੇਲੌਰਡ ਨੈਲਸਨ ਨੇ ਵੱਡੀ ਵਾਤਾਵਰਣ ਜਾਗਰੂਕਤਾ ਮੁਹਿੰਮ ਚਲਾਈ, ਜਿਸ ਵਿੱਚ ਅਮਰੀਕਾ ਦੀਆਂ ਵੱਖੋ-ਵੱਖ ਥਾਂਵਾਂ ’ਤੇ ਰੈਲੀਆਂ ਪ੍ਰਦਸ਼ਨ ਕੀਤੇ ਗਏ, ਜਿਨ੍ਹਾਂ ਵਿੱਚ ਅੰਦਾਜ਼ਨ ਦੋ ਕਰੋੜ ਅਮਰੀਕੀ ਨਾਗਰਿਕਾਂ ਨੇ ਸ਼ਮੂਲੀਅਤ ਕੀਤੀ ਉਸ ਦਿਨ ਨੂੰ ਸਯੁੰਕਤ ਰਾਸ਼ਟਰ ਨੇ ਵਿਸ਼ਵ ਧਰਤੀ ਦਿਵਸ ਮਨਾਉਣ ਲਈ ਰਾਖਵਾਂ ਕੀਤਾ, ਜਿਸ ਨੂੰ ਹਰ ਸਾਲ ਲਗਾਤਾਰ ਯੂ ਐੱਨ ਵਿੱਚ ਸ਼ਾਮਲ ਲਗਭਗ 193 ਮੁਲਕ ਜਾਗਰੂਕਤਾ ਮੁਹਿੰਮ ਤਹਿਤ ਮਨਾਉਂਦੇ ਹਨ।
ਮੁੱਖ ਵਿਸ਼ਾ: ਇਨ੍ਹਾਂ ਜਾਗਰੂਕਤਾ ਦਿਨਾਂ ਪ੍ਰਤੀ ਆਮ ਲੋਕਾਂ ਨੂੰ ਰੁਚਿਤ ਕਰਨ ਅਤੇ ਆਪਣੇ ਚੌਗਿਰਦੇ ਪ੍ਰਤੀ ਊਸਾਰੂ ਦ੍ਰਿਸ਼ਟੀਕੋਣ ਪੈਦਾ ਕਰਨ ਦੇ ਮੰਤਵ ਨਾਲ ਹਰ ਸਾਲ ਇੱਕ ਮੁੱਖ ਵਿਸ਼ਾ ਚੁਣਿਆ ਜਾਂਦਾ ਹੈ ਤੇ ਸਾਰਾ ਸਾਲ ਉਕਤ ਜਾਗਰੂਕਤਾ ਮੁਹਿੰਮ ਇਸ ਵਿਸ਼ੇ ਦੇ ਇਰਦ ਗਿਰਦ ਘੁੰਮਦੀ ਹੈ। ਮਸਲਨ ਸਾਲ 2026 ਵਿਸ਼ਵ ਧਰਤੀ ਦਿਵਸ ਮਨਾਉਣ ਲਈ “ਸਾਡੀ ਤਾਕਤ ਸਾਡੀ ਧਰਤੀ” ਸਿਰਲੇਖ ਰੱਖਿਆ ਗਿਆ ਹੈ। ਇਵੇਂ ਹੀ ਮਗਰਲੇ ਸਾਲਾਂ ਦੇ ਵਿਸ਼ੇ ਕੁਝ ਇਸ ਪ੍ਰਕਾਰ ਹਨ: ਸਾਲ 2025, ਸਾਫ ਊਰਜਾ ਅਤੇ ਫਾਸਿਲ ਬਾਲਣ ਤੋਂ ਦੂਰੀ। ਸਾਲ 2024, ਧਰਤੀ ਬਨਾਮ ਪਲਾਸਟਿਕ ਜਿਸਦਾ ਮੰਤਵ ਪਲਾਸਟਿਕ ਦੀ ਵਰਤੋਂ ਘਟਾਉਣਾ ਤੇ ਪਲਾਸਟਿਕ ਪ੍ਰਦੂਸ਼ਣ ਨੂੰ ਘੱਟ ਕਰਨ ਉੱਪਰ ਕੇਂਦ੍ਰਿਤ ਸੀ। ਸਾਲ 2023 ਲਈ ਆਪਣੀ ਧਰਤੀ ’ਤੇ ਨਿਵੇਸ਼ ਕਰੋ। ਸਾਲ 2021 ਲਈ ਆਪਣੀ ਧਰਤੀ ਬਹਾਲ ਕਰੋ। ਮਤਲਬ ਧਰਤੀ ਨੂੰ ਰਹਿਣਯੋਗ ਅਤੇ ਇਸਦੇ ਟਿਕਾਊ ਭਵਿੱਖ ’ਤੇ ਜ਼ੋਰ ਦੇਣਾ ਸੀ। ਸਾਲ 2020 ਧਰਤੀ ਦਿਵਸ ਦੀ ਪੰਜਾਹਵੀਂ ਵਰ੍ਹੇਗੰਢ ’ਤੇ ਪੌਣ ਪਾਣੀ ਦੀ ਤਬਦੀਲੀ ਖਿਲਾਫ ਔਨਲਾਈਨ ਮੁਹਿੰਮ ਉੱਪਰ ਜ਼ੋਰ ਦੇਣਾ ਸੀ।
ਉਦੇਸ਼: ਇਸ ਸਾਲ ਦੇ ਮੁੱਖ ਵਿਸ਼ੇ ਦਾ ਉਦੇਸ਼ ਪਲਾਸਟਿਕ ਪ੍ਰਦੂਸ਼ਣ ਵਿਰੁੱਧ ਮੁਹਿੰਮ ਚਲਾਉਣਾ, ਸਕੂਲਾਂ ਵਿੱਚ ਧਰਤੀ ਦਿਵਸ ਨੂੰ ਸਮਰਪਿਤ ਪੋਸਟਰ, ਲੇਖ, ਕੁਇੱਜ਼ ਸਬੰਧੀ ਸਮਾਗਮ ਕਰਨੇ, ਬੂਟੇ ਲਾਉਣ ਲਈ ਸਮਾਜਿਕ ਸਮੂਹਾਂ ਨੂੰ ਉਤਸ਼ਾਹਿਤ ਕਰਨਾ, ਕੂੜਾ ਕਚਰਾ ਘੱਟ ਪੈਦਾ ਕਰਨਾ ਅਤੇ ਜਿੱਥੋਂ ਤਕ ਸੰਭਵ ਹੋ ਸਕੇ ਕੂੜੇ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣ ਹਿਤ ਵਿਧੀ ਅਪਣਾਉਣੀ। ਬਿਜਲੀ ਉਰਜਾ ਦੀ ਬੱਚਤ ਕਰਨੀ। ਖਪਤ ਘੱਟ ਕਰਨੀ ਅਤੇ ਨਵਿਆਉਣਯੋਗ ਊਰਜਾ/ਬਾਲਣਾਂ ਦੀ ਵਰਤੋਂ ਉੱਪਰ ਜ਼ੋਰ ਦੇਣਾ। ਸਭ ਤੋਂ ਅਹਿਮ ਕਾਰਜ ਆਪਣੇ ਆਲੇ ਦੁਆਲੇ ਚੁਗਿਰਦੇ ਨੂੰ ਹਰਿਆ ਭਰਿਆ ਬਣਾਉਣਾ ਇਨ੍ਹਾਂ ਜਾਗਰੂਕਤਾ ਮੁਹਿੰਮਾਂ ਦਾ ਮੁੱਖ ਉਦੇਸ਼ ਹੈ।
ਅਸਰ: ਧਰਤੀ ਦਿਵਸ ਅਤੇ ਹੋਰ ਵਾਤਾਵਰਣਿਕ ਦਿਨਾਂ ਨੂੰ ਆਲਮੀ ਸੰਸਾਰ ਗੁੱਟ ਵੱਲੋਂ ਅਧਿਕਾਰਤ ਤੌਰ ’ਤੇ ਸੰਸਾਰ ਪੱਧਰ ’ਤੇ ਮਨਾਉਣਾ ਜਿੱਥੇ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਸਮਾਜਿਕ ਅਤੇ ਧਾਰਮਿਕ ਸਮੂਹਾਂ ਨੂੰ ਵੱਡੇ ਪੱਧਰ ’ਤੇ ਜਾਗਰੂਕ ਕਰਨਾ ਹੈ, ਉਸਦੇ ਨਾਲ ਨਾਲ ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਨੂੰ ਵਾਤਾਵਰਣਿਕ ਚੁਣੌਤੀਆਂ ਉੱਪਰ ਧਿਆਨ ਕੇਂਦ੍ਰਿਤ ਕਰਨ, ਖਾਸ ਤੌਰ ’ਤੇ ਪੌਣ ਪਾਣੀ ਦੀ ਤਬਦੀਲੀ ਸਬੰਧੀ ਟਿਕਾਊ ਅਤੇ ਅਸਰਦਾਰ ਰੂਪ ਰੇਖਾ ਤਿਆਰ ਕਰਨ, ਇਸ ਸਬੰਧੀ ਫੈਸਲੇ ਲੈਣ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਹਰ ਹੀਲੇ ਸਥਾਪਿਤ ਕਰਨ ਲਈ ਵਿਸ਼ਵ ਪੱਧਰ ’ਤੇ ਦਬਾਅ ਪਾਉਣਾ ਹੈ ਤਾਂ ਜੋ ਧਰਤੀ ਉੱਪਰਲੇ ਜੀਵਨ ਦੇ ਭਵਿੱਖ ਦੀ ਸੁਰੱਖਿਆ ਢਾਲ ਯਕੀਨੀ ਬਣਾਈ ਜਾ ਸਕੇ।
* * *
ਸੰਸਥਾਪਕ: ਵਾਤਾਵਰਣ ਸੰਭਾਲ ਸੋਸਾਇਟੀ #ਬਖ਼ਤਾਵਰ, ਗਲੀ ਨੰ: 5, ਗੁਰੂ ਬਾਗ ਕਲੋਨੀ, ਚੰਡੀਗੜ੍ਹ ਰੋਡ, ਲੁਧਿਆਣਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































