JagjitSMann7ਸਥਾਨਕ ਪੱਧਰ ’ਤੇ ਆਏ ਵਾਤਾਵਰਣਿਕ ਵਿਗਾੜਾਂ ਨੂੰ ਬਹੁਤ ਹੀ ਅਸਾਨੀ ਨਾਲ ਹੱਲ ਕੀਤਾ ...
(5 ਜੂਨ 2026)


ਸੰਨ ਦੋ ਹਜ਼ਾਰ ਤੋਂ ਪਹਿਲਾਂ ਤੀਕ ਪੰਜਾਬ ਦੀਆਂ ਬਹੁਤੀਆਂ ਸੜਕਾਂ ਹਰੇ ਭਰੇ ਰੁੱਖਾਂ ਦੀਆਂ ਛਤਰੀਆਂ ਨਾਲ ਢਕੀਆਂ ਹੋਈਆਂ ਹੁੰਦੀਆਂ ਸਨ।
ਅਚਨਚੇਤ ਤਥਾਕਥਿਤ ਵਿਕਾਸ ਦੀ ਬੇਤਰਤੀਬੀ ਹਨੇਰੀ ਅਜਿਹੀ ਚੱਲੀ ਕਿ ਸੜਕਾਂ ਰੁੰਡ ਮੁੰਡ ਹੋ ਗਈਆਂ, ਹੁਣ ਵੈਸਾਖ ਚੜ੍ਹਦਿਆਂ ਹੀ ਸੜਕਾਂ ਦਾ ਤਾਪਮਾਨ ਵਧ ਜਾਂਦਾ ਹੈ। ਰਾਤਾਂ ਨੂੰ ਸੜਕਾਂ ਅਜੇ ਠੰਢੀਆਂ ਨਹੀਂ ਹੁੰਦੀਆਂ ਕਿ ਤਪਦਾ ਸੂਰਜ ਫਿਰ ਚੜ੍ਹ ਜਾਂਦਾ ਹੈ। ਉੱਚੇ ਉੱਚੇ ਟਾਵਰਾਂ ਵਾਲੇ ਕੰਕਰੀਟ ਦੇ ਫਲੈਟ ਸਾਰੇ ਪੰਜਾਬ ਵਿੱਚ ਨਜ਼ਰ ਆਉਣ ਲੱਗ ਪਏ ਹਨ, ਜਿਹੜੇ ਰਾਤਾਂ ਨੂੰ ਵੀ ਠੰਢੇ ਨਹੀਂ ਹੁੰਦੇ। ਅੰਗਰੇਜ਼ੀ ਦੇ ਸ਼ਬਦ ਹੀਟ ਵੇਵ, ਹੌਟ ਨਾਈਟ ਆਮ ਹੀ ਹੋ ਗਏ ਹਨ। ਬੀ ਬੀ ਸੀ ਦੀ ਇੱਕ ਰਿਪੋਰਟ ਮੁਤਾਬਿਕ ਜੇਕਰ ਦਿਨ ਦਾ ਤਾਪਮਾਨ ਚਾਲੀ ਡਿਗਰੀ ਸੈਲਸੀਅਸ ਹੈ ਤਾਂ ਰੁੱਖਾਂ ਤੋਂ ਰਹਿਤ ਸੜਕ ਦਾ ਤਾਪਮਾਨ ਪੰਜਾਹ ਤੋਂ ਸੱਠ ਡਿਗਰੀ ਸੈਲਸੀਅਸ ਹੈ। ਇਹੀ ਤਾਪਮਾਨ ਜੇਕਰ ਸੜਕ ਦੇ ਆਲੇ ਦੁਆਲੇ ਰੁੱਖ ਹਨ ਤਾਂ ਲਗਭਗ ਤੀਹ ਤੋਂ ਪੈਂਤੀ ਡਿਗਰੀ ਸੈਲਸੀਅਸ ਹੈ। ਅੱਜ ਅਸੀਂ ਤਿਰਵੰਜਵਾਂ ਵਿਸ਼ਵ ਵਾਤਾਵਰਣ ਦਿਵਸ ਮਨਾ ਰਹੇ ਹਾਂ, ਜਿਸਦਾ ਕੇੰਦਰੀ ਵਿਸ਼ਾ ਹੈ, “ਵਾਤਾਵਰਣ ਤੋਂ ਪ੍ਰੇਰਿਤ ਪੌਣਪਾਣੀ ਸਾਡੇ ਭਵਿੱਖ ਲਈ”

ਕੁਦਰਤ ਨਾਲ ਖਿਲਵਾੜ: ਇੱਥੇ ਗੱਲ ਮੈਂ ਪੰਜਾਬ ਨਾਲ ਸੰਬੰਧਿਤ ਹੀ ਕਰਾਂਗਾ। ਕੁਝ ਸਮੇਂ ਪਹਿਲਾਂ ਤਕ ਪਿੰਡਾਂ ਵਿੱਚ ਝਿੜੀਆਂ ਜਾਂ ਬੀੜਾਂ ਹੁੰਦੀਆਂ ਸਨ, ਜਿੱਥੇ ਇਲਾਕੇ ਨਾਲ ਸੰਬੰਧਿਤ ਛੋਟੇ ਵੱਡੇ ਰੁੱਖਾਂ ਦਾ ਛੋਟਾ ਜਿਹਾ ਵਣ, ਜਿਹੜਾ ਪਸ਼ੂ ਪੰਛੀਆਂ ਦੀ ਕੁਦਰਤੀ ਰਿਹਾਇਸ਼ਗਾਹ ਜਾਂ ਸਹਿਵਾਸ ਸਥਾਨ ਹੁੰਦਾ ਸੀ। ਉਕਤ ਝਿੜੀਆਂ ਬਾਲਣ ਅਤੇ ਪਸ਼ੂਆਂ ਦੀ ਚਰਾਂਦ ਦਾ ਮੁੱਖ ਸੋਮਾ ਸਨ। ਗਰਮੀਆਂ ਵਿੱਚ ਰਾਹਗੀਰਾਂ ਲਈ ਦੋ ਘੜੀ ਅਰਾਮ ਕਰਨ ਦਾ ਸਥਾਨ ਵੀ ਸਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਹੀ ਪਿੱਪਲ, ਬਰੋਟੇ ਜਾਂ ਪਿਲਕਣ ਦੇ ਵੱਡ ਆਕਾਰੀ ਦ੍ਰਖਤ ਹੁੰਦੇ ਸਨ। ਇਹ ਸਾਰਾ ਕੁਝ ਦੇਖਦਿਆਂ ਦੇਖਦਿਆਂ ਅਲੋਪ ਹੋ ਗਿਆ। ਹੁਣ ਸਾਨੂੰ ਸੜਕਾਂ ਦੇ ਆਲੇ ਦੁਆਲੇ ਪੂਰੇ ਪੰਜਾਬ ਵਿੱਚ ਕੁੜੇ ਦੇ ਢੇਰ ਨਜ਼ਰ ਆਉਂਦੇ ਹਨ। ਕਈ ਥਾਂਵਾਂ ’ਤੇ ਬਦਬੂਦਾਰ ਧੂੰਆਂ ਉੱਠਦਾ ਵੀ ਨਜ਼ਰੀਂ ਪੈਂਦਾ ਹੈ। ਸ਼ਹਿਰਾਂ, ਕਸਬਿਆਂ ਵਿੱਚ, ਜਿੱਥੇ ਨਗਰ ਨਿਗਮ, ਨਗਰ ਕੌਂਸਲ ਜਾਂ ਨਗਰ ਪੰਚਾਇਤ ਹੈ, ਵਿੱਚ ਵੀ ਕੂੜਾ ਸਮੇਟਣ ਦੀ ਇੱਕੋ ਹੀ ਤਕਨੀਕ ਅਪਣਾਈ ਜਾ ਰਹੀ ਹੈ ਕਿ ਪਹਿਲਾਂ ਕੂੜਾ ਇਕੱਠਾ ਕਰੋ ਫਿਰ ਸਮਾਂ ਪਾ ਕੇ ਅੱਗ ਲਾ ਦਿਓ। ਹੋਰ ਤਾਂ ਹੋਰ, ਦ੍ਰਖਤਾਂ ਦੇ ਸੁੱਕੇ ਪੱਤਿਆਂ ਨੂੰ ਵੀ ਸਫਾਈ ਕਰਮਚਾਰੀਆਂ ਵੱਲੋਂ ਸਵੇਰੇ ਸਵੇਰੇ ਇਕੱਠਿਆਂ ਕਰਕੇ ਅੱਗ ਲਾ ਦਿੱਤੀ ਜਾਂਦੀ ਹੈ। ਜ਼ਿਆਦਾਤਾਰ ਅੱਗ ਸਵੇਰੇ ਵੇਲੇ ਜਾਂ ਛੁੱਟੀ ਵਾਲੇ ਦਿਨ ਲਾਈ ਜਾਂਦੀ ਹੈ। ਇਸ ਬਾਬਤ ਸੰਬੰਧਿਤ ਅਧਿਕਾਰੀਆਂ ਦੀ ਪੂਰੀ ਸਹਿਮਤੀ ਅਤੇ ਜਾਣਕਾਰੀ ਹੁੰਦੀ ਹੈ।

ਇਹੀ ਹਾਲ ਪਾਣੀਆਂ ਦਾ ਹੈ। ਪਾਣੀ ਦਾ ਹਰ ਇੱਕ ਕੁਦਰਤੀ ਸੋਮਾ, ਖਾਸ ਤੌਰ ’ਤੇ ਦਰਿਆ, ਚੋਅ, ਨਾਲੇ, ਬਰਸਾਤੀ ਨਦੀਆਂ, ਮਨੁੱਖ ਦੁਆਰਾ ਸੁੱਟੀ ਅਤੇ ਫੈਲਾਈ ਗੰਦਗੀ ਨਾਲ ਅੱਟੇ ਨਜ਼ਰ ਆਉਂਦੇ ਹਨ। ਇਨ੍ਹਾਂ ਨੂੰ ਗੰਦੇ ਪਾਣੀ ਦੇ ਵਹਾਅ ਵਾਲੀਆਂ ਡਰੇਨਾਂ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਲੁਧਿਆਣਾ ਸ਼ਹਿਰ, ਜਿੱਥੇ ਜ਼ਿਆਦਾਤਾਰ ਡਾਇੰਗ ਮਿੱਲਾਂ ਹਨ, ਵਿੱਚ ਲਗਾਤਾਰ ਧਰਤੀ ਹੇਠਲਾ ਪਾਣੀ ਕੱਢਿਆ ਅਤੇ ਰਸਾਇਣ ਯੁਕਤ ਪਾਣੀ ਧਰਤੀ ਵਿੱਚ ਹੀ ਪਾਇਆ ਜਾ ਰਿਹਾ ਹੈ। ਇਵੇਂ ਹੀ ਕਾਗਜ਼ ਜਾਂ ਗੱਤਾ ਬਣਾਉਣ ਵਾਲੀਆਂ ਫੈਕਟਰੀਆਂ ਵੱਲੋਂ ਰਸਾਇਣਕ ਪਾਣੀ ਸਿੱਧਾ ਹੀ ਦਰਿਆਵਾਂ ਵਿੱਚ ਪਾਇਆ ਜਾ ਰਿਹਾ ਹੈ।

ਪੰਜਾਬ ਖੇਤੀਬਾੜੀ ਅਧਾਰਿਤ ਸੂਬਾ ਹੋਣ ਦੇ ਬਾਵਜੂਦ ਫਸਲੀ ਵਿਭਿੰਨਤਾ ਨਾ ਹੋਣ ਜਾਂ ਵੱਖੋ-ਵੱਖ ਫਸਲਾਂ ਦੀ ਪੈਦਾਵਾਰ ਨੂੰ ਉਤਸ਼ਾਹਿਤ ਨਾ ਕਰਨ ਕਾਰਨ ਸਿਰਫ ਕਣਕ ਅਤੇ ਝੋਨੇ ਦੀ ਪੈਦਾਵਾਰ ਨੇ ਜ਼ਰਖੇਜ਼ ਧਰਤੀ ਨੂੰ ਕੱਖੋਂ ਹੌਲੀ ਕਰ ਦਿੱਤਾ ਹੈ। ਬੇਸ਼ਕ ਅਸੀਂ ਖੇਤੀ ਰਹਿੰਦ ਖੂਹੰਦ ਨੂੰ ਖੇਤਾਂ ਵਿੱਚ ਹੀ ਅੱਗ ਲਾਉਣ ਦੇ ਖਿਲਾਫ ਹਾਂ ਲੇਕਿਨ ਉਹੀ ਖੇਤੀ ਰਹਿੰਦ ਖੂਹੰਦ ਦੀਆਂ ਭਰੀਆਂ ਬੰਨ੍ਹ ਕੇ ਬੁਆਇਲਰਾਂ ਵਿੱਚ ਬਾਲਣ ਦੇ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ, ਜਿਸਦੀ ਸੁਆਹ ਆਲੇ ਦੁਆਲੇ ਸ਼ਹਿਰ ਵਾਸੀਆਂ ਦੇ ਘਰਾਂ ਵਿੱਚ ਡਿਗਦੀ ਅਤੇ ਸਾਹ ਸੰਬੰਧੀ ਰੋਗਾਂ ਨੂੰ ਜਨਮ ਦਿੰਦੀ ਹੈ।

ਸਰਕਾਰਾਂ ਦੀ ਪ੍ਰਾਥਮਿਕਤਾ: ਵਾਤਾਵਰਣ, ਜਿਹੜਾ ਕਿ ਮਨੁੱਖ, ਜੀਵ ਜੰਤੂਆਂ ਅਤੇ ਬਨਸਪਤੀ ਦਾ ਅਧਾਰ ਹੈ, ਕਦੇ ਵੀ ਸਰਕਾਰਾਂ ਦੀ ਪ੍ਰਾਥਮਿਕਤਾ ਵਿੱਚ ਸ਼ਾਮਲ ਨਹੀਂ ਰਿਹਾ। ਇੱਥੋਂ ਤਕ ਕਿ ਚੋਣ ਘੋਸ਼ਣਾ ਪੱਤਰਾਂ ਵਿੱਚ ਵੀ ਇਸਦਾ ਜ਼ਿਕਰ ਨਹੀਂ ਮਿਲਦਾ। ਹਾਂ ਇੰਨਾ ਜ਼ਰੂਰ ਹੈ ਕਿ ਵਾਤਾਵਰਣ ਨਾਲ ਸੰਬੰਧਿਤ ਦਿਨਾਂ ਦੌਰਾਨ ਜਾਗਰੂਕਤਾ ਮੁਹਿੰਮਾਂ ਦੀ ਇੱਕ ਰਸਮੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਇਸ਼ਤਿਹਾਰਬਾਜ਼ੀ। ਜਿਹੜੀਆਂ ਸਰਕਾਰਾਂ ਜਾਂ ਇਨ੍ਹਾਂ ਦੀਆਂ ਵਾਤਾਵਰਣਿਕ ਪਰਦੂਸ਼ਣ ਨਾਲ ਸੰਬੰਧਿਤ ਏਜੰਸੀਆਂ ਅਜੇ ਤਕ ਕੂੜਾ ਨਿਪਟਾਉਣ ਦੀ ਕਾਰਗਰ ਵਿਧੀ ਵੀ ਨਾ ਅਪਣਾ ਸਕੀਆਂ ਹੋਣ ਜਾਂ ਪਾਣੀਆਂ ਦੇ ਕੁਦਰਤੀ ਸੋਮਿਆਂ ਨੂੰ ਸਾਫ ਸੁਥਰਾ ਨਾ ਰੱਖ ਸਕੀਆਂ ਹੋਣ ਉਨ੍ਹਾਂ ਤੋਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ?

ਵਾਤਾਵਰਣ ਦਿਵਸ ਦੀ ਮਹੱਤਤਾ: ਸੰਨ 1973 ਤੋਂ ਲਗਾਤਾਰ ਸੰਸਾਰ ਪੱਧਰ ’ਤੇ ਯੂ ਐੱਨ ਈ ਪੀ ਵੱਲੋਂ ਹਰ ਸਾਲ ਪੰਜ ਜੂਨ ਨੂੰ ਇਹ ਦਿਹਾੜਾ ਵੱਖਰੇ ਵੱਖਰੇ ਮੁਲਕਾਂ ਵਿੱਚ ਮਨਾਇਆ ਜਾਂਦਾ ਹੈ। ਇਸ ਸਾਲ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਇਸ ਦਿਨ ਦੀ ਮੇਜ਼ਬਾਨੀ ਕਰ ਰਹਾ ਹੈ ਜਿਸਦੇ ਅਜੰਡੇ ਵਿੱਚ ਸ਼ਾਮਲ ਹਨ:

ਕੁਦਰਤ ਅਧਾਰਿਤ ਹੱਲ,
ਕਾਰਵਾਈ ਦੀ ਨਿਰੰਤਰਤਾ ਅਤੇ
ਲੋਕਾਂ ਦੀ ਸਿਹਤ ਸੰਬੰਧੀ
ਸੰਸਾਰੀ ਕਾਰਵਾਈ ਦੇ ਤੌਰ ’ਤੇ ਸਥਾਨਕ ਵਾਤਾਵਰਣਿਕ ਮੁੱਦਿਆਂ ਵੱਲ ਧਿਆਨ ਕੇਂਦ੍ਰਿਤ ਕਰਨਾ।

ਸੰਯੁਕਤ ਰਾਸ਼ਟਰ ਵਿੱਚ ਸ਼ਾਮਲ ਲਗਭਗ ਸਾਰੇ ਹੀ ਮੁਲਕ ਵਾਤਾਵਰਣ ਦੀ ਸਾਂਭ-ਸੰਭਾਲ ਲਈ ਕੀਤੇ ਜਾ ਰਹੇ ਸੁਧਾਰਾਂ, ਇਸਦੀ ਨਿਰੰਤਰਤਾ ਬਣਾਈ ਰੱਖਣ ਲਈ ਭਾਵੀ ਪੀੜ੍ਹੀਆਂ ਨੂੰ ਸਿਹਤਮੰਦ ਆਲਾ ਦੁਆਲਾ ਸੌਂਪਣ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਤਾਂ ਕਰਦੇ ਹਨ, ਨਾਲ ਹੀ ਇਸ ਬਾਬਤ ਸਮਝੌਤੇ ’ਤੇ ਸੰਧੀਆਂ ਵੀ ਸਹੀ ਬੰਧ ਕਰਦੇ ਹਨ, ਲੇਕਿਨ ਇਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਲੋਕਾਂ ਵਿੱਚ ਆਪਣੇ ਆਲੇ ਦੁਆਲੇ ਪ੍ਰਤੀ ਉਪਰਾਮਤਾ ਜਾਂ ਉਦਾਸੀਨਤਾ ਦਾ ਲਾਹਾ ਵੀ ਲੈਂਦੀਆਂ ਹਨ ਜਿਸ ਕਾਰਨ ਜ਼ਮੀਨੀ ਪੱਧਰ ’ਤੇ ਸਿਹਤਮੰਦ ਵਾਤਾਵਰਣ ਦੀ ਕੋਈ ਠੋਸ ਅਤੇ ਕਾਰਗਰ ਤਸਵੀਰ ਨਜ਼ਰ ਨਹੀਂ ਆਉਂਦੀ।

ਹੱਲ: ਇਸ ਤਰ੍ਹਾਂ ਨਹੀਂ ਹੈ ਕਿ ਇਨ੍ਹਾਂ ਵਾਤਾਵਰਣਿਕ ਵਿਗਾੜਾਂ, ਜਿਸ ਲਈ ਪ੍ਰਮੁੱਖ ਤੌਰ ’ਤੇ ਮਨੁੱਖ ਖੁਦ ਜ਼ਿੰਮੇਵਾਰ ਹੈ, ਦਾ ਕੋਈ ਹੱਲ ਮੌਜੂਦ ਨਹੀਂ ਹੈ, ਕੁਝ ਠੋਸ ਹੱਲ ਤਾਂ ਸਰਕਾਰਾਂ ਆਪ ਹੀ ਲੋਕਾਂ ਦੀ ਭਾਗੀਦਾਰੀ ਨਾਲ ਹੱਲ ਕਰ ਸਕਦੀਆਂ ਹਨ, ਜਿਵੇਂ ਕਿ:

ਰੁੱਖ ਲਾਉਣੇ: ਸ਼ਹਿਰਾਂ, ਪਿੰਡਾਂ ਵਿੱਚ ਗਰੀਨ ਪੌਕੇਟ ਭਾਵ ਝਿੜੀਆਂ ਜਾਂ ਬੀੜਾਂ ਨੂੰ ਅਸਾਨੀ ਨਾਲ ਅਬਾਦ ਕਰ ਸਕਦੀਆਂ ਹਨ। ਇਸ ਲਈ ਕਿਸੇ ਵੱਡੇ ਜਾਂ ਭਾਰੀ ਭਰਕਮ ਬਜਟ ਦੀ ਵੀ ਲੋੜ ਨਹੀਂ ਹੈ।

ਪਾਣੀ ਦੇ ਕੁਦਰਤੀ ਸੋਮਿਆਂ ਦੀ ਸੰਭਾਲ: ਦਰਿਆਵਾਂ, ਨਦੀਆਂ-ਨਾਲਿਆਂ, ਨਹਿਰਾਂ ਆਦਿ ਵਿੱਚ ਕਿਸੇ ਵੀ ਪ੍ਰਕਾਰ ਦੀ ਗੰਦਗੀ, ਧਾਰਮਿਕ ਅਕੀਦਿਆਂ ਤਹਿਤ ਕੋਈ ਵੀ ਚੀਜ਼ ਸੁੱਟਣ ਦੀ ਪੂਰੀ ਮਨਾਹੀ ਹੋਣੀ ਚਾਹੀਦੀ ਹੈ, ਕਿਉਂਕਿ ਪਾਣੀ ਹੀ ਜੀਵਨ ਹੈ, ਜਿਸ ਨਾਲ ਮਨੁੱਖ ਅਤੇ ਹੋਰ ਜੀਵ ਜੰਤੂਆਂ ਦਾ ਜੀਵਨ ਧੜਕਦਾ ਹੈ ਤੇ ਬਨਸਪਤੀ ਵਿੱਚ ਹਰਿਆਵਲ ਆਉਂਦੀ ਹੈ। ਬੁੱਢਾ ਦਰਿਆ, ਜਿਹੜਾ ਕਿ ਗੰਦੇ ਨਾਲੇ ਦੀ ਸ਼ਕਲ ਇਖਤਿਆਰ ਕਰ ਚੁੱਕਾ ਹੈ, ਕਦੇ ਸਤਲੁਜ ਦਾ ਸਹਾਇਕ ਛੋਟਾ ਦਰਿਆ ਹੁੰਦਾ ਸੀ ਜਿਸਦੇ ਕੰਡੇ ’ਤੇ ਗੁਰਦੁਆਰਾ ਚਰਨ ਕੰਵਲ ਸਾਹਿਬ ਅਤੇ ਗੁਰਦੁਆਰਾ ਗਊਘਾਟ ਸ਼ਸ਼ੋਭਿਤ ਹਨ, ਦੇ ਪ੍ਰਦੂਸ਼ਿਤ ਹੋਣ ਦਾ ਵੱਡਾ ਕਾਰਨ ਰਾਜਨੀਤਕ ਇੱਛਾ ਸ਼ਕਤੀ ਦੀ ਘਾਟ ਹੈ। ਟਾਵਰ ਨੁਮਾ ਫਲੈਟਾਂ ਲਈ ਮਣਾਂ ਮੂੰਹੀਂ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ, ਜਿਸ ਨੂੰ ਰੋਕਿਆ ਜਾ ਸਕਦਾ ਹੈ ਕਿਉਂਕਿ ਇਸ ਪਾਣੀ ਉੱਪਰ ਕੇਵਲ ਸਾਡਾ ਹੀ ਨਹੀਂ, ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਵੀ ਪੂਰਾ ਹੱਕ ਹੈ। ਸਿਰਫ ਆਪਣੇ ਚੰਦ ਪੈਸਿਆਂ ਲਈ ਧਰਤੀ ਹੇਠਲੇ ਪਾਣੀ ਦਾ ਉਜਾੜਾ ਨਹੀਂ ਕੀਤਾ ਜਾ ਸਕਦਾ। ਇਹ ਮਨੁੱਖਤਾ ਵਿਰੋਧੀ ਕੰਮ ਹੈ। ਇਸਦੇ ਨਾਲ ਹੀ ਬਰਸਾਤੀ ਪਾਣੀ ਦੀ ਸੰਭਾਲ ਲਈ ਵਿਸ਼ੇਸ਼ ਅਤੇ ਵਿਆਪਕ ਨੀਤੀ ਬਣਾਉਣ ਦੀ ਅਤਿਅੰਤ ਲੋੜ ਹੈ ਜਿਸ ਲਈ ਮਾਹਿਰਾਂ ਦੀ ਸਲਾਹ ਲਈ ਜਾ ਸਕਦੀ ਹੈ।

ਕੂੜਾ ਨਿਪਟਾਉਣ ਦੀ ਵਿਧੀ: ਅੱਜ ਕੱਲ੍ਹ ਕੂੜਾ ਨਿਪਟਾਉਣ ਦੀਆਂ ਬਹੁਤ ਵਿਧੀਆਂ ਮੌਜੂਦ ਹਨ। ਸਰਕਾਰਾਂ ਕੋਲ ਬੇਅੰਤ ਸਾਧਨ ਹਨ। ਮਾਹਿਰ ਡੈਲੀਗੇਟ ਜਾਂ ਡੈਪੂਟੇਸ਼ਨਾਂ ਨੂੰ ਵਿਕਸਿਤ ਮੁਲਕਾਂ ਵਿੱਚ ਭੇਜਿਆ ਜਾ ਸਕਦਾ ਹੈ ਤੇ ਇਹ ਵਿਧੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਐੱਨ ਏ ਡੀ ਈ ਪੀ ਕੰਪੋਸਟ ਖਾਦ ਬਣਾਉਣ ਦੀ ਇੱਕ ਅਜਿਹੀ ਸੌਖੀ ਅਤੇ ਕਾਰਗਰ ਵਿਧੀ ਹੈ ਜਿਸ ਵਿੱਚ ਗਲਣਯੋਗ ਕੂੜੇ ਨੂੰ ਇਕੱਠਾ ਕਰਕੇ ਖਾਦ ਬਣਾਈ ਜਾ ਸਕਦੀ ਹੈ।

ਸੋ ਇਹ ਕਿਹਾ ਜਾ ਸਕਦਾ ਹੈ ਕਿ ਸਥਾਨਕ ਪੱਧਰ ’ਤੇ ਆਏ ਵਾਤਾਵਰਣਿਕ ਵਿਗਾੜਾਂ ਨੂੰ ਬਹੁਤ ਹੀ ਅਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ। ਇਸ ਬਾਬਤ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਗੈਰ ਸਰਕਾਰੀ ਸੰਸਥਾਵਾਂ, ਵਾਤਾਵਰਣ ਪ੍ਰੇਮੀਆਂ ਨੂੰ ਆਪਣੇ ਪੱਧਰ ’ਤੇ ਮੁਹਿੰਮ ਚਲਾਉਣੀ ਚਾਹੀਦੀ ਹੈ, ਜਿਸ ਵਿੱਚ ਮੀਡੀਆ, ਖਾਸ ਤੌਰ ’ਤੇ ਸੋਸ਼ਲ ਮੀਡੀਆ ਵਿਸ਼ੇਸ਼ ਭੂਮਿਕਾ ਨਿਭਾਅ ਸਕਦਾ ਹੈ। ਲੋੜ ਹੈ ਇਸਦੀ ਯੋਗ ਵਰਤੋਂ ਦੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Jagjit S Mann

Jagjit S Mann

WhatsApp: (91 - 99149 - 40554)