JagjitSMann7ਵੱਖ ਵੱਖ ਸਮੇਂ ’ਤੇ ਸੱਤਾ ਉੱਪਰ ਆਈਆਂ ਸਰਕਾਰਾਂ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ...
(5 ਸਤੰਬਰ 2026)

 

ਅੱਜ ਅਧਿਆਪਕ ਦਿਵਸ ਹੈ। ਥਾਂ ਪੁਰ ਥਾਂ ਸਮਾਗਮ ਰੱਖ ਕੇ ਉਹੀ ਪੁਰਾਣਾ ਰਾਗ, ਅਖੇ ਜੀ ਅਧਿਆਪਕ ਕੌਮ ਦਾ ਨਿਰਮਾਤਾ ਹੈ, ਸਮਾਜ ਲਈ ਰਾਹ ਦਸੇਰਾ ਹੈ, ਦੇਸ਼ ਦਾ ਭਵਿੱਖ ਬਣਾਉਣ ਵਾਲਾ ਹੈ ਤੇ ਹੋਰ ਬਹੁਤ ਸਾਰੇ ਵਿਸ਼ੇਸ਼ਣਾਂ ਨਾਲ ਵਡਿਆਇਆ ਜਾਂਦਾ ਹੈ। ਕਈ ਵਾਰ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਸਨਮਾਨ ਸਮਾਗਮ ਰੱਖਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਜਾਂ ਤਾਂ ਜ਼ਮੀਨੀ ਹਕੀਕਤ ਦਾ ਬਿਲਕੁਲ ਵੀ ਗਿਆਨ ਨਹੀਂ ਜਾਂ ਪਤਾ ਹੁੰਦੇ ਹੋਏ ਵੀ ਜਾਣਬੁੱਝ ਕੇ ਅੱਖਾਂ ਬੰਦ ਕਰੀ ਬੈਠੇ ਹਨ। ਇਨ੍ਹਾਂ ਵਿੱਚੋਂ ਜਿਨ੍ਹਾਂ ਨੂੰ ਜ਼ਮੀਨੀ ਹਕੀਕਤ ਦਾ ਗਿਆਨ ਨਹੀਂ, ਉਹ ਤਾਂ ਠੀਕ ਹੈ, ਉਨ੍ਹਾਂ ਨੂੰ ਦੱਸਿਆ ਜਾ ਸਕਦਾ ਹੈ ਕਿ ਅਸਲ ਵਿੱਚ ਹੋ ਕੀ ਰਿਹਾ ਹੈ ਲੇਕਿਨ ਜਿਹੜੀ ਦੂਜੀ ਵੰਨਗੀ ਹੈ, ਜਿਸ ਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਅੱਖਾਂ ਬੰਦ ਕੀਤੀਆਂ ਹੋਣ, ਇਹ ਸਥਿਤੀ ਸਮੁੱਚੇ ਸਮਾਜ ਲਈ ਆਪਾ ਘਾਤਕ ਹੈ। ਏ ਆਈ ਗਰੋਕ ਦੀ ਸੂਚਨਾ ਮੁਤਾਬਿਕ ਲਗਭਗ ਪੈਂਹਠ ਤੋਂ ਜ਼ਿਆਦਾ ਗੈਰ ਅਕਾਦਮਿਕ ਕੰਮ ਅਧਿਆਪਕਾਂ ਤੋਂ ਲਏ ਜਾ ਰਹੇ ਹਨ। ਕੁਝ ਕੰਮ ਜਿਵੇਂ ਕਿ ਬੀ ਐੱਲ ਓ, ਮਰਦਮਸ਼ੁਮਾਰੀ, ਡਰੱਗ ਸਰਵੇ, ਅਧਾਰ ਅਤੇ ਬੈਂਕ ਖਾਤੇ ਅਪਡੇਟ, ਮਿੱਡ ਡੇਅ ਮੀਲ, ਵਜ਼ੀਫੇ, ਵਰਦੀਆਂ, ਸਿਹਤ ਜਾਂਚ, ਪਾਣੀ ਸੈਂਪਲ, ਫੋਟੋਗ੍ਰਾਫੀ, ਮਿਸ਼ਨ ਸਮਰੱਥ, ਕਿਚਨ ਗਾਰਡਨ, ਵੱਖ-ਵੱਖ ਪ੍ਰਕਾਰ ਦੇ ਸਿਵਲ ਵਰਕ, ਇਮਾਰਤਸਾਜ਼ੀ ਆਦਿ ਤਾਂ ਲਗਭਗ ਸਾਰੇ ਹੀ ਅਧਿਆਪਕ ਕਰ ਰਹੇ ਹਨ, ਪ੍ਰਾਇਮਰੀ ਸਿੱਖਿਆ, ਜਿਹੜੀ ਕਿ ਕਿਸੇ ਵੀ ਵਿਦਿਆਰਥੀ ਦੇ ਭਵਿੱਖੀ ਜੀਵਨ ਦਾ ਮੁੱਖ ਅਧਾਰ ਹੈ, ਅਧਿਆਪਕਾਂ ਦੀ ਭਾਰੀ ਕਮੀ ਅਤੇ ਗੈਰ ਵਿੱਦਿਅਕ ਕੰਮਾਂ ਦੇ ਬੋਝ ਦੇ ਭਾਰ ਹੇਠਾਂ ਦਬ ਗਈ ਹੈ। ਮੈਂ ਇੱਕ ਉਦਾਹਰਨ ਸਾਂਝੀ ਕਰਦਾ ਹਾਂ ਕਿ ਇਕਹਿਰੇ ਅਧਿਆਪਕਾਂ ਵਾਲੇ ਸਕੂਲਾਂ ਵਿੱਚੋਂ ਵੀ ਇੱਕ ਅਧਿਆਪਕ ਜਨਵਰੀ ਮਹੀਨੇ ਤੋਂ ਹੁਣ ਤਕ ਵੋਟਾਂ ਦੀ ਬਣਾਈ ਸੁਧਾਈ ਅਤੇ ਹੁਣ ਐੱਸ ਆਈ ਆਰ ਕਾਰਨ ਸਕੂਲਾਂ ਵਿੱਚੋਂ ਫਾਰਗ ਹਨ। ਆਰਜ਼ੀ ਪ੍ਰਬੰਧਾਂ ਦੇ ਆਸਰੇ ਸਕੂਲ ਚਲਾਏ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਸਿੱਖਿਆ ਦਾ ਮਿਆਰ ਜਾਂ ਹਾਲਤ ਕੀ ਹੋਵੇਗੀ, ਇਸਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਬਿਨਾਂ ਸ਼ੱਕ ਅਧਿਆਪਕ ਇੱਕ ਸੱਭਿਅਕ ਸਮਾਜ ਦੀ ਉਸਾਰੀ ਅਤੇ ਸਦ ਗੁਣ ਮਨੁੱਖ ਦੀ ਘਾੜਤ ਘੜਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਬੱਚੇ ਦੇ ਮਾਤਾ ਪਿਤਾ ਤੋਂ ਬਾਅਦ ਬੱਚਿਆਂ ਦਾ ਅਸਲ ਖੈਰ ਖਵਾਹ ਜੇਕਰ ਕੋਈ ਹੈ ਤਾਂ ਉਹ ਇੱਕ ਅਧਿਆਪਕ ਹੈ। ਸੰਸਾਰ ਭਰ ਦੇ ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਧਿਆਪਕ ਨੂੰ ਯੋਗ ਅਤੇ ਸੁਰੱਖਿਅਤ ਵਾਤਾਵਰਣ ਮੁਹਈਆ ਕਰਵਾਇਆ ਜਾਵੇ ਤਾਂ ਹੀ ਫਲਦਾਇਕ ਨਤੀਜਿਆਂ ਦੀ ਆਸ ਕੀਤੀ ਜਾ ਸਕਦੀ ਹੈ, ਲੇਕਿਨ ਮੌਜੂਦਾ ਸਮੇਂ ਅਧਿਆਪਕਾਂ ਉੱਪਰ ਬੇਹੱਦ ਮਾਨਸਿਕ ਦਬਾਅ ਹੈ, ਜਿਸ ਕਾਰਨ ਅਧਿਆਪਕਾਂ ਦੀ ਸਿਹਤ ਉੱਪਰ ਨਕਾਰਾਤਮਕ ਪ੍ਰਭਾਵ ਪੈ ਰਹੇ ਹਨ ਤੇ ਉਹ ਵੱਖ ਵੱਖ ਪ੍ਰਕਾਰ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਹ ਦਬਾਅ ਜਿੱਥੇ ਆਪਣੇ ਭਵਿੱਖ ਦੀ ਸੁਰੱਖਿਆ ਨੂੰ ਲੈ ਕੈ ਹੈ ਉੱਥੇ ਹੀ ਇਹ ਦਬਾਅ ਉਸ ਬੇਲੋੜੇ ਕੰਮ ਨੂੰ ਵੀ ਲੈ ਕੇ ਵੀ ਹੈ ਜਿਸ ਲਈ ਸਰਕਾਰ ਅਤੇ ਅਫਸਰਸ਼ਾਹੀ ਹਮੇਸ਼ਾ ਅਧਿਆਪਕ ਦੇ ਸਿਰ ’ਤੇ ਸਵਾਰ ਰਹਿੰਦੀ ਹੈ। ਇੱਕ ਅਧਿਆਪਕ ਪੇਸ਼ਾਵਰ ਅਧਿਆਪਕ ਉਦੋਂ ਬਣਦਾ ਹੈ ਜਦੋਂ ਉਹ ਪੜ੍ਹਾਉਣ ਦੀਆਂ ਉਨ੍ਹਾਂ ਸਾਰੀਆਂ ਤਕਨੀਕਾਂ ਦੀ, ਜਿਨ੍ਹਾਂ ਰਾਹੀਂ ਵਿਦਿਆਰਥੀ ਨੂੰ ਅਸਾਨੀ ਨਾਲ ਸਮਝ ਆ ਸਕਣ, ਵਾਲੀ ਵਿੱਦਿਆ, ਵੱਖੋ-ਵੱਖ ਵਿਸ਼ਿਆਂ ਦੀ ਤਹਿ ਤੀਕਰ ਜਾਣਕਾਰੀ ਅਤੇ ਉਸਦੇ ਸਰਵਪੱਖੀ ਵਿਕਾਸ ਸੰਬੰਧੀ ਵਿੱਦਿਅਕ ਯੋਗਤਾ ਹਾਸਲ ਕਰ ਲੈਂਦਾ ਹੈ। ਇਸ ਯੋਗਤਾ ਵਿੱਚ ਅਧਿਆਪਕ ਦਾ ਸ਼ਖਸੀ ਵਿਕਾਸ ਵੀ ਸ਼ਾਮਲ ਹੁੰਦਾ ਹੈ ਜਿਹੜਾ ਜਾਂ ਤਾਂ ਉਸ ਨੂੰ ਕੁਦਰਤੀ ਨਿਆਮਤ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ ਜਾਂ ਉਹ ਅਧਿਆਪਕ ਪੇਸ਼ੇ ਦੀ ਅਹਿਮੀਅਤ ਨੂੰ ਜਾਣਦਾ ਹੋਇਆ ਆਪਣੇ ਜੀਵਨ ਨੂੰ ਇੱਕ ਆਦਰਸ਼ਕ ਢਾਂਚੇ ਵਿੱਚ ਢਾਲ ਕੇ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ। ਇਸ ਸਾਰੀ ਪ੍ਰੀਕਿਰਿਆ ਵਿੱਚੋਂ ਨਿਕਲਣ ਤੋਂ ਬਾਅਦ ਹੀ ਉਹ ਅਧਿਆਪਨ ਨੂੰ ਪੇਸ਼ੇ ਵਜੋਂ ਅਪਣਾਉਣ ਦੀ ਤਿਆਰੀ ਕਰਦਾ ਹੈ। ਇੱਥੋਂ ਹੀ ਇੱਕ ਨਵਾਂ ਅਤੇ ਨਾ ਮੁੱਕਣ ਵਾਲਾ ਸੰਘਰਸ਼ ਸ਼ੁਰੂ ਹੁੰਦਾ ਹੈ।

ਭਰਤੀ ਦੇ ਅਧਾਰ ਉੱਪਰ ਬਣੇ ਅਧਿਆਪਕਾਂ ਦੇ ਵੱਖੋ-ਵੱਖ ਵਰਗਾਂ ਨੂੰ ਵਾਹਨਾਂ ਦੇ ਨੰਬਰਾਂ ਵਾਂਗ ਨਾਂ ਦਿੱਤਾ ਜਾਂਦਾ ਹੈ। ਜਿੰਨੇ ਨੰਬਰ ਉੰਨੇ ਹੀ ਅਧਿਆਪਕਾਂ ਦੇ ਵਰਗ। ਇਸ ਤੋਂ ਬਾਅਦ ਕੱਚੇ ਪੱਕੇ ਅਤੇ ਠੇਕੇ ਵਾਲੇ ਅਧਿਆਪਕਾਂ ਦੇ ਵਰਗ। ਇਸ ਤੋਂ ਬਾਅਦ ਪੜਾਅਵਾਰ ਸਿੱਖਿਆ ਦੇਣ ਵਾਲੇ ਅਧਿਆਪਕਾਂ ਦੇ ਵਰਗ। ਇਸ ਤੋਂ ਬਾਅਦ ਵੱਖ ਵੱਖ ਯੋਗਤਾਵਾਂ ਅਤੇ ਭਰਤੀ ਹੋਏ ਅਧਿਆਪਕਾਂ ਦੇ ਵਰਗ। ਜਿੰਨੇ ਵਰਗ, ਉੰਨੀਆਂ ਸਮੱਸਿਆਵਾਂ। ਸਲੇਬਸ ਤੋਂ ਅੱਡ ਚਲਦੇ ਅੰਕੜੇਬਾਜ਼ੀ ਦੇ ਪ੍ਰੋਜੈਕਟਾਂ, ਘਰੋਂ ਦੂਰ ਦੁਰਾਡੇ ਸਥਾਨਾਂ ’ਤੇ ਕੰਮ ਕਰਨ ਦਾ ਦਬਾਅ, ਹਰ ਵੇਲੇ ਬੇਲੋੜੀਆਂ ਡਾਕਾਂ ਦਾ ਦਬਾਅ, ਚੈਕਿੰਗ ਦੇ ਨਾਂ ’ਤੇ ਅਧਿਆਪਕਾਂ ਨੂੰ ਜ਼ਲੀਲ ਕਰਨਾ, ਅਫਸਰਸ਼ਾਹੀ ਵੱਲੋਂ ਸਮੱਸਿਆਵਾਂ ਭਾਵੇਂ ਉਹ ਪ੍ਰਬੰਧਕੀ ਹੋਣ ਜਾਂ ਵਿੱਤੀ ਹੋਣ, ਦੀ ਸੁਣਵਾਈ ਅਤੇ ਹੱਲ ਨਾ ਕਰਨਾ, ਜਿਸ ਕਾਰਨ ਅਧਿਆਪਕ ਆਪਣੇ ਹੱਕਾਂ ਲਈ ਨਿਆਂ ਹਿਤ ਅਦਾਲਤ ਦਾ ਰੁਖ ਕਰਦੇ ਹਨ।

ਵੱਖ ਵੱਖ ਸਮੇਂ ’ਤੇ ਸੱਤਾ ਉੱਪਰ ਆਈਆਂ ਸਰਕਾਰਾਂ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਨਾ ਨਿਭਾਉਣ ਕਾਰਨ ਪੈਦਾ ਹੋਈ ਸਥਿਤੀ ਅਤੇ ਉਸ ਤੋਂ ਉਪਜਣ ਵਾਲੇ ਰੋਸ ਧਰਨੇ, ਰੈਲੀਆਂ, ਭੁੱਖ ਹੜਤਾਲਾਂ, ਉੱਪਰ ਪੁਲੀਸ ਦਾ ਜਬਰ ਜ਼ੁਲਮ, ਬਦਲੀਆਂ ਅਤੇ ਤਰੱਕੀਆਂ ਵਿੱਚ ਹੱਦੋਂ ਵੱਧ ਦੇਰੀ, ਅਜਿਹੇ ਬੇਅੰਤ ਕਾਰਨ ਹਨ ਜਿਸ ਨਾਲ ਅਧਿਆਪਕ ਵਰਗ ਵਿੱਚ ਬੇਹੱਦ ਰੋਸ ਅਤੇ ਨਿਰਾਸ਼ਾ ਰਹਿੰਦੀ ਹੈ। ਇੱਥੋਂ ਤਕ ਕਿ ਮੌਜੂਦਾ ਸਮੇਂ ਨਿਆਂਪਾਲਿਕਾ ਦੇ ਇਕਹਿਰੇ ਅਤੇ ਡਬਲ ਬੈਂਚ ਨੇ ਵੀ ਮਹਿੰਗਾਈ ਭੱਤੇ ਹਿਤ ਅਧਿਅਪਕਾਂ/ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲੇ ਦਿੱਤੇ ਹਨ ਲੇਕਿਨ ਸਰਕਾਰ ਇਨ੍ਹਾਂ ਫੈਸਲਿਆਂ ਨੂੰ ਮੰਨਣ ਤੋਂ ਇਨਕਾਰੀ ਹੈ ਜਿਸ ਕਾਰਨ ਭਾਰੀ ਰੋਹ ਅਤੇ ਰੋਸ ਪੈਦਾ ਹੋ ਗਿਆ ਹੈ।

ਇਸਦੇ ਨਾਲ ਹੀ ਅਜਿਹੀ ਸਿੱਖਿਆ ਨੀਤੀ ਜਿਹੜੀ ਬਾਗ ਵਿੱਚ ਕੇਵਲ ਇੱਕ ਹੀ ਰੰਗ, ਨਸਲ ਦੇ ਫੁੱਲ ਹੋਣ ਦੀ ਪੈਰਵਾਈ ਕਰਦੀ ਹੈ ਅਤੇ ਸੱਤਾਧਾਰੀਆਂ ਦੇ ਖਾਸ ਨਿਸ਼ਾਨੇ ਦੀ ਪੂਰਤੀ ਹਿਤ ਬਣਾਈ ਗਈ ਹੈ, ਜਿਸ ਰਾਹੀਂ ਇਸ ਦੇਸ਼ ਦੀ ਸੱਭਿਆਚਾਰਕ ਅਤੇ ਧਾਰਮਿਕ ਪਛਾਣ ਨੂੰ ਜਜ਼ਬ ਕਰਨ ਦੀ ਮਨਸ਼ਾ ਹੈ, ਦੇ ਖਿਲਾਫ ਵੀ ਅਧਿਆਪਕ ਹੀ ਅਵਾਜ਼ ਬੁਲੰਦ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਵੀ ਅਧਿਆਪਕ, ਇੱਥੇ ਇਹ ਕਹਿਣਾ ਅਤਿ ਕਥਨੀ ਨਹੀਂ ਹੋਵੇਗਾ ਕਿ ਮਲਟੀ ਟਾਸਕ ਵਰਕਰ ਦੇ ਰੂਪ ਵਿੱਚ ਆਪਣਾ ਫਰਜ਼ ਤਨਦੇਹੀ ਨਾਲ ਨਿਭਾਅ ਰਹੇ ਹਨ ਤਾਂ ਜੋ ਇੱਕ ਸੱਭਿਅਕ, ਸ਼ਹਿਣਸ਼ੀਲ, ਮਾਨਵਤਾਵਾਦੀ ਅਤੇ ਮਨੁੱਖੀ ਕਦਰਾਂ ਕੀਮਤਾਂ ਵਾਲਾ ਨਰੋਆ ਸਮਾਜ ਸਿਰਜਣ ਦੀ ਗਤੀ ਵਿੱਚ ਖੜੋਤ ਨਾ ਆਵੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Jagjit S Mann

Jagjit S Mann

WhatsApp: (91 - 99149 - 40554)