IsherSinghEng8ਇਸ ਸੀਮਿਤ ਧਰਤੀ ਉੱਤੇ ਅਸੀਮਿਤ ਸੰਸਾਰ ਸਿਰਜਣ ਦੀਆਂ ਸ਼ੇਖ-ਚਿੱਲੀਆਨਾ ਵਿਓਂਤਾਂ ...
(8 ਅਗਸਤ 2026)


ਕੁਦਰਤੀ ਵਾਧਾ ਸਰਬ-ਵਿਆਪੀ ਅਤੇ ਬਹੁ-ਰੂਪੀ ਅਸਲੀਅਤ ਹੈ
, ਜੋ ਬ੍ਰਹਿਮੰਡ ਤੋਂ ਲੈ ਕੇ ਗਲੈਕਸੀਆਂ, ਸੂਰਜੀ ਮੰਡਲ, ਧਰਤੀ ਅਤੇ ਛੋਟੇ ਜੀਵਾਣੂਆਂ ਤਕ ਹੋ ਰਿਹਾ ਹੈਪਰ ਕੋਈ ਵੀ ਵਾਧਾ ਸਦੀਵੀ ਤੌਰ ’ਤੇ ਚਾਲੂ ਨਹੀਂ ਰਹਿੰਦਾ ਅਤੇ ਕਿਸੇ ਖਾਸ ਅਵਸਥਾ ਤਕ ਪਹੁੰਚ ਕੇ ਰੁਕ ਜਾਂਦਾ ਹੈਫਿਰ ਘਟਣਾ ਸ਼ੁਰੂ ਹੋ ਜਾਂਦਾ ਹੈ ਜਾਂ ਇਸਦਾ ਸਰੂਪ ਬਦਲ ਜਾਂਦਾ ਹੈਉਦਾਹਰਨ ਲਈ ਰੁੱਖ ਇੱਕ ਹੱਦ ਤਕ ਹੀ ਵਧਦਾ ਹੈ ਜਿਸ ਤੋਂ ਬਾਅਦ ਉਸਦੀ ਊਰਜਾ ਵਧਣ ਦੀ ਬਜਾਇ ਫੁੱਲ, ਫਲ ਅਤੇ ਨਵੇਂ ਬੀਜ ਪੈਦਾ ਕਰਨ ਵਿੱਚ ਲੱਗ ਜਾਂਦੀ ਹੈਧਰਤੀ ਉੱਤੇ ਕੁਦਰਤੀ ਵਾਧਿਆਂ ਦੇ ਨਾਲ-ਨਾਲ ਮਨੁੱਖ ਵੀ ਆਪਣੀ ਲੋੜ ਅਤੇ ਬੁੱਧੀ ਅਨੁਸਾਰ ਵਾਧੇ ਕਰ ਰਿਹਾ ਹੈ, ਜਿਨ੍ਹਾਂ ਨੂੰ ਉਹ ਆਪਣੇ ਵਿਕਾਸ ਦੇ ਸਾਧਨ ਸਮਝਦਾ ਹੈਪਰ ਇਤਿਹਾਸ ਅਤੇ ਮੌਜੂਦਾ ਹਾਲਾਤ ਇਸ ਗੱਲ ਦਾ ਪਰਮਾਣ ਹਨ ਕਿ ਵਾਧਾ ਸਿਧਾਂਤਕ ਪੱਖੋਂ ਭਾਵੇਂ ਵਿਕਾਸ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ, ਪਰ ਵਿਹਾਰਕ ਪੱਖੋਂ ਹਰ ਵਾਧਾ ਵਿਕਾਸ ਨਹੀਂ ਕਰਦਾਅੱਜ ਕੀਤੇ ਜਾ ਰਹੇ ਬਹੁਤੇ ਵਾਧੇ, ਵਿਕਾਸ ਦੀ ਬਜਾਇ ਨੁਕਸਾਨ ਵੱਧ ਕਰ ਰਹੇ ਹਨਇਹ ਸਮੱਸਿਆ ਯੂ.ਐੱਨ.ਓ ਦੇ ਗਲਿਆਰਿਆਂ ਤੋਂ ਲੈ ਕੇ ਵੈਟੀਕਨ ਸਿਟੀ ਅਤੇ ਸਮੁੱਚੇ ਸੰਸਾਰ ਦੇ ਹਰ ਵਰਗ ਦੇ ਸੁਹਿਰਦ ਬੁੱਧੀਜੀਵੀਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈਆਪਾਂ ਸਭ ਨੂੰ ਵੀ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ

ਵਾਧਾ (Growth) ਅਤੇ ਵਿਕਾਸ (Development) ਸ਼ਬਦਾਂ ਨੂੰ ਅਕਸਰ ਸਮਾਨ-ਅਰਥੀ ਸਮਝਿਆ ਜਾਂਦਾ ਹੈ, ਹਾਲਾਂਕਿ ਕਿ ਇਹ ਅੱਡ-ਅੱਡ ਪ੍ਰਕਾਰ ਦੀਆਂ ਦੋ ਕਿਰਿਆਵਾਂ ਨੂੰ ਦਰਸਾਉਂਦੇ ਹਨਵਾਧੇ ਦਾ ਅਰਥ ਹੈ ਕਿਸੇ ਵਸਤੂ, ਪ੍ਰਣਾਲੀ, ਸੰਸਥਾ ਜਾਂ ਕਿਸੇ ਵਿਵਸਥਾ ਆਦਿ ਦੇ ਆਕਾਰ, ਮਾਤਰਾ ਜਾਂ ਗਿਣਤੀ ਵਿੱਚ ਵਾਧਾ, ਜਿਸ ਨੂੰ ਮਿਣਿਆ, ਤੋਲਿਆ ਅਤੇ ਗਿਣਿਆ ਜਾ ਸਕਦਾ ਹੋਵੇਇਹ ਮੁੱਖ ਤੌਰ ’ਤੇ ਗਿਣਨਾਤਮਿਕ (Quantitative) ਹੁੰਦਾ ਹੈ, ਜਿਵੇਂ ਕਿ ਜਨ-ਸੰਖਿਆ, ਅਨਾਜ ਦੀ ਪੈਦਾਵਾਰ, ਊਰਜਾ ਦੀ ਖਪਤ, ਉਦਯੋਗਿਕ ਉਤਪਾਦ, ਸੂਚਨਾ ਪਸਾਰ, ਜਾਂ ਕਿਸੇ ਕੰਪਨੀ ਦੀ ਵਿਕਰੀ ਵਿੱਚ ਵਾਧਾ ਇਸਦੀਆਂ ਅਣਗਿਣਤ ਕਿਸਮਾਂ ਹਨ ਕਿਉਂਕਿ ਹਰ ਵਾਧਾ ਆਪਣੇ ਨਿਯਮਾਂ ਅਤੇ ਵਕਤ ਅਨੁਸਾਰ ਹੁੰਦਾ ਹੈ ਇਸਦੀ ਤੁਲਨਾ ਵਿੱਚ ਵਿਕਾਸ ਤੋਂ ਭਾਵ ਮਨੁੱਖ, ਸਮਾਜ, ਸੰਸਥਾਵਾਂ ਅਤੇ ਪ੍ਰਣਾਲੀਆਂ ਆਦਿ ਦੀ ਗੁਣਵੱਤਾ, ਸਮਰੱਥਾ ਅਤੇ ਕਾਰਜ-ਕੁਸ਼ਲਤਾ ਵਿੱਚ ਸੁਧਾਰ ਅਤੇ ਬਿਹਤਰੀ ਹੈਇਸ ਵਿੱਚ ‘ਵੱਧ’ ਦੀ ਬਜਾਇ ‘ਵਧੀਆ’ ਹੋਣ ਦਾ ਤੱਤ ਪ੍ਰਮੁੱਖ ਹੁੰਦਾ ਹੈ ਅਤੇ ਇਹ ਮੁੱਖ ਤੌਰ ’ਤੇ ਗੁਣਾਤਮਿਕ (Qualitative) ਉੱਨਤੀ ਹੈਵਿਕਾਸ ਵਿਅਕਤੀਗਤ ਪੱਧਰ ’ਤੇ ਵੀ ਹੋ ਸਕਦਾ ਹੈ ਅਤੇ ਸਮਾਜਾਂ, ਸਰਕਾਰਾਂ ਅਤੇ ਵਿਸ਼ਵ ਪੱਧਰਾਂ ’ਤੇ ਵੀ ਅਤੇ ਦੂਜੀ ਕਿਸਮ ਦੇ ਵਿਕਾਸ ਦਾ ਮੰਤਵ ਵੀ ਅਕਸਰ ਪਹਿਲੀ ਕਿਸਮ ਦੇ ਵਿਕਾਸ ਨੂੰ ਵਧਾਉਣਾ ਹੀ ਹੈ

ਵਾਧੇ ਅਤੇ ਵਿਕਾਸ ਦੇ ਸੰਬੰਧ ਅਤੇ ਫਰਕ:

ਧਰਤੀ ਉੱਪਰ ਕੁਦਰਤੀ ਨਿਯਮਾਂ ਅਨੁਸਾਰ ਆਦਿ ਕਾਲ ਤੋਂ ਹੀ ਵਾਧੇ ਹੋ ਰਹੇ ਹਨ ਅਤੇ ਮਨੁੱਖ ਇਨ੍ਹਾਂ ਦਾ ਲਾਹਾ ਲੈਂਦਾ ਆ ਰਿਹਾ ਹੈਇੰਨਾ ਹੀ ਨਹੀਂ, ਸਾਡੇ ਵੱਲੋਂ ਅੱਜ ਵਰਤੇ ਜਾ ਰਹੇ ਧਰਤੀ ਦੇ ਅਨੇਕਾਂ ਵਡਮੁੱਲੇ ਕੁਦਰਤੀ ਸਾਧਨ ਵੀ ਕਰੋੜਾਂ-ਅਰਬਾਂ ਸਾਲ ਪਹਿਲਾਂ ਹੋਏ ਕੁਦਰਤੀ ਵਾਧਿਆਂ ਦਾ ਹੀ ਨਤੀਜਾ ਹਨਮਨੁੱਖ ਪਿਛਲੇ ਲੱਖਾਂ ਸਾਲਾਂ ਤੋਂ ਇਨ੍ਹਾਂ ਵਾਧਿਆਂ ਨੂੰ ਅਧਾਰ ਬਣਾ ਕੇ ਆਪਣੀ ਲੋੜ ਅਤੇ ਸਮਝ ਅਨੁਸਾਰ ਖੁਦ ਵੀ ਵਾਧੇ ਕਰਦਾ ਆ ਰਿਹਾ ਹੈਇਨ੍ਹਾਂ ਲਈ ਉਹ ਲਗਾਤਾਰ ਨਵੀਂਆਂ ਤਕਨਾਲੋਜੀਆਂ ਵਿਕਸਿਤ ਕਰਦਾ ਆ ਰਿਹਾ ਹੈਆਮ ਕਰ ਕੇ ਵਾਧਿਆਂ ਅਤੇ ਵਿਕਾਸ ਦਾ ਆਪਸ ਵਿੱਚ ਸੰਤੁਲਨ ਅਤੇ ਤਾਲਮੇਲ ਹੁੰਦਾ ਹੈ, ਜਿਵੇਂ ਕਿ ਬੱਚੇ ਦਾ ਸਰੀਰਕ ਵਾਧਾ ਉਸਦੇ ਵਿਕਾਸ ਦਾ ਮੁੱਖ ਅਧਾਰ ਹੈਇਸੇ ਤਰ੍ਹਾਂ ਧਰਤੀ ਉੱਪਰ ਕੀਤੇ ਗਏ ਬਹੁ-ਪੱਖੀ ਵਾਧੇ, ਸੰਸਾਰ ਦੇ ਚਮਤਕਾਰੀ ਪੱਧਰ ਦੇ ਵਿਕਾਸ ਅਤੇ ਖੁਸ਼ਹਾਲੀ ਦਾ ਮੁੱਖ ਅਧਾਰ ਬਣੇ ਹਨਉਦਾਹਰਨ ਵਜੋਂ ਖੇਤੀਬਾੜੀ ਦੀ ਉਪਜ ਦੇ ਵਾਧੇ ਨੇ ਸਮਾਜ ਨੂੰ ਵਾਧੂ ਸਮਾਂ ਅਤੇ ਸਰੋਤ ਦਿੱਤੇ, ਜਿਨ੍ਹਾਂ ਕਰ ਕੇ ਵਿਗਿਆਨ, ਸਿੱਖਿਆ, ਸਿਹਤ ਅਤੇ ਹੋਰ ਖੇਤਰਾਂ ਵਿੱਚ ਵਿਕਾਸ ਲਈ ਮਨੁੱਖੀ-ਸਾਧਨ ਪ੍ਰਾਪਤ ਹੋਏਸੰਯੁਕਤ ਰਾਸ਼ਟਰ (ਯੂ.ਐੱਨ.ਓ) ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਉਸ ਵਾਧੇ ਨੂੰ ਹੀ ਵਿਕਾਸ ਕਿਹਾ ਜਾ ਸਕਦਾ ਹੈ ਜਿਸਦਾ ਲਾਭ ਸਮਾਜ ਦੇ ਹਰ ਵਰਗ ਨੂੰ ਮਿਲੇ, ਯਥਾ-ਯੋਗ ਮਿਲੇ ਅਤੇ ਜੋ “Leave No One Behind” ਦੇ ਅਸੂਲ ਨੂੰ ਯਕੀਨੀ ਬਣਾਵੇਨਾਲ ਹੀ ਧਰਤੀ ਦੇ ਸਮੁੱਚੇ ਵਾਤਾਵਰਣ ਦੀ ਮੂਲ ਸਵੱਛਤਾ ਅਤੇ ਸਮਰੱਥਾ ਨੂੰ ਲੰਮੇ ਭਵਿੱਖ ਤਕ ਬਰਕਰਾਰ ਰੱਖੇ; ਭਾਵ ਟਿਕਾਊ ਹੋਵੇ, ‘Sustainable Development’ ਕਰਨ ਵਾਲਾ ਹੋਵੇ

ਹਜ਼ਾਰਾਂ ਸਾਲ ਤਕ ਮਨੁੱਖ-ਕ੍ਰਿਤ ਵਾਧੇ ਥੋੜ੍ਹੇ, ਬਹੁਤ ਧੀਮੀ ਗਤੀ ਨਾਲ ਅਤੇ ਕੁਦਰਤੀ ਹੱਦਾਂ ਅੰਦਰ ਰਹਿ ਕੇ ਹੁੰਦੇ ਰਹੇ ਅਤੇ ਧਰਤੀ ਇਨ੍ਹਾਂ ਦੇ ਮੰਦੇ ਪ੍ਰਭਾਵਾਂ ਨੂੰ ਅਸਰਹੀਣ ਕਰਦੀ ਰਹੀਪਰ ਪਿਛਲੇ ਢਾਈ ਕੁ ਸੌ ਸਾਲਾਂ ਤੋਂ ਇਹ ਵਾਧੇ ਬੇ-ਇੰਤਹਾ ਗਤੀ ਨਾਲ, ਵੱਡੀ ਗਿਣਤੀ ਵਿੱਚ ਅਤੇ ਵਿਸ਼ਾਲ ਪੈਮਾਨੇ ’ਤੇ ਹੋਣੇ ਸ਼ੁਰੂ ਹੋਏ ਹਨਇਨ੍ਹਾਂ ਵਾਧਿਆਂ ਨੂੰ ਅੰਗਰੇਜ਼ੀ ਵਿੱਚ ‘Anthropogenic Activities’ (ਮਨੁੱਖ-ਕ੍ਰਿਤ ਕਾਰਵਾਈਆਂ) ਕਿਹਾ ਜਾਂਦਾ ਹੈ ਅਤੇ ਇਨ੍ਹਾਂ ਦੇ ਮੰਦੇ ਅਸਰ, ਧਰਤੀ ਦੀ ਸਮੋਣ-ਸਮਰੱਥਾ ਤੋਂ ਬਹੁਤ ਵੱਧ ਹਨਇਸ ਵਿਚਾਰ ਤੋਂ ਸਪਸ਼ਟ ਹੈ ਕਿ ਵਾਧਿਆਂ ਅਤੇ ਵਿਕਾਸ ਦੀ ਆਪਸੀ ਇੱਕਸੁਰਤਾ ਵਿੱਚ ਵਿਗਾੜ ਮਨੁੱਖ ਦੀ ਆਪ ਸਹੇੜੀ ਸਮੱਸਿਆ ਹੈ, ਜੋ ਮਨੁੱਖ ਨੂੰ ਆਪ ਹੀ ਹੱਲ ਕਰਨੀ ਪੈਣੀ ਹੈਇਸ ਵਿਗਾੜ ਦੇ ਅਨੇਕਾਂ ਕਾਰਨਾਂ ਵਿੱਚੋਂ ਦੋ ਇਹ ਹਨ:

ਇਹ ਸਰਬ-ਸਾਂਝਾ ਵਿਕਾਸ ਨਹੀਂ ਕਰਦੇ:

ਪਿਛਲੇ ਪੰਜਾਹ ਸਾਲਾਂ ਵਿੱਚ ਵਿਸ਼ਵ ਦੀ ਜਨ-ਸੰਖਿਆ ਲਗਭਗ ਦੁੱਗਣੀ ਭਾਵ 825 ਕਰੋੜ ਹੋ ਗਈ ਹੈ ਅਤੇ ਇਸਦੇ ਨਾਲ ਸਾਡੀਆਂ ਪ੍ਰਤੀ ਜੀਅ ਲੋੜਾਂ ਅਤੇ ਸ਼ੁਕੀਨੀਆਂ ਵੀ ਬਹੁਤ ਵਧੀਆਂ ਹਨਇਸੇ ਸਮੇਂ ਦੌਰਾਨ ਜੀ.ਡੀ.ਪੀ. ਵਿੱਚ 16ਗੁਣਾ ਵਾਧਾ ਹੋਇਆ ਹੈ (118 ਟ੍ਰਿਲੀਅਨ ਡਾਲਰ-2025); ਭਾਵ ਅਬਾਦੀ ਸਿਰਫ ਦੁੱਗਣੀ ਪਰ ਅਰਥਵਿਵਸਤਾ 16 ਗੁਣਾ ਵਧੀ ਹੈਇਸ ਤੋਂ ਸਪਸ਼ਟ ਹੈ ਕਿ ਮਨੁੱਖ-ਕ੍ਰਿਤ ਵਾਧੇ ਬਹੁਤ ਵੱਡੇ ਪੈਮਾਨੇ ’ਤੇ ਵਧੇ ਹਨ ਅਤੇ ਇਹ ਸਭ ਮਨੁੱਖਤਾ ਦੇ ਸਾਂਝੇ ਕੁਦਰਤੀ ਸਾਧਨਾਂ ਦੀ ਅੰਧਾਧੁੰਦ ਵਰਤੋਂ ਕਰ ਕੇ ਕੀਤੇ ਜਾ ਰਹੇ ਹਨਇਹ ਮਨੁੱਖਤਾ ਦੇ ਵੱਡੇ ਹਿੱਸੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਘੱਟ ਅਤੇ ਸੰਸਾਰ ਦੇ ਉੱਪਰਲੇ ਵਰਗਾਂ ਦੀਆਂ ਸ਼ੁਕੀਨੀਆਂ ਅਤੇ ਅਯਾਸ਼ੀਆਂ ਲਈ ਜ਼ਿਆਦਾ ਹੋ ਰਹੇ ਹਨਮੌਜੂਦਾ ਮਾਣਯੋਗ ਪੋਪ ਲੀਓ 14ਵੇਂ ਇਨ੍ਹਾਂ ਵਿਕਾਸਹੀਣ ਵਾਧਿਆਂ ਦੀ ਬੇਬਾਕ ਢੰਗ ਨਾਲ ਆਲੋਚਨਾ ਕਰਦੇ ਹੋਏ ਕਹਿੰਦੇ ਹਨ ਕਿ ਚੋਣਵੇਂ ਵਰਗ ਦੇ ਹਿਤਾਂ ਲਈ ਹੋ ਰਹੇ ਵਾਧੇ ਸਵੀਕਾਰ ਨਹੀਂਇਸੇ ਤਰ੍ਹਾਂ ‘ਬਲੈਕ ਰੌਕ’ ਦੇ ਸੀ.ਏ.ਓ ਲੈਰੀ ਫਿੰਕ ਦਾ ਮੰਨਣਾ ਹੈ ਕਿ ਏ. ਆਈ. ਨਾਲ ਪੈਦਾ ਹੋਣ ਵਾਲੀ ਖੁਸ਼ਹਾਲੀ ਵੀ ਸਰਬ-ਵਿਆਪਕ ਅਤੇ ਸਰਬ-ਸਾਂਝੀ ਹੋਣੀ ਚਾਹੀਦੀ ਹੈਦੋਵਾਂ ਸ਼ਖਸੀਅਤਾਂ ਦਾ ਸੰਦੇਸ਼ ਹੈ ਕਿ ਵਾਧਾ ਉਸੇ ਵੇਲੇ ਹੀ ਵਿਕਾਸ ਬਣਦਾ ਹੈ ਜਦੋਂ ਉਸਦਾ ਲਾਭ ਅਰੰਭ ਤੋਂ ਹੀ ਸਮਾਜ ਦੇ ਹਰ ਵਰਗ ਤਕ ਪਹੁੰਚੇਪਰ ਅੱਜ ਇਹ ਲਾਭ ਸਭ ਲੋਕਾਂ ਤਕ ਨਹੀਂ ਪਹੁੰਚ ਰਿਹਾ, ਉਲਟਾ ਸਾਡੇ ਕੁਦਰਤੀ ਸਾਧਨਾਂ (Natural Capital) ਦੀ ਬੇਕਿਰਕ ਬਰਬਾਦੀ ਦਾ ਕਾਰਨ ਬਣਿਆ ਹੋਇਆ ਹੈਇਸ ਤ੍ਰਾਸਦੀ ਦਾ ਇੱਕ ਕਾਰਨ ਇਹ ਹੈ ਕਿ ਅੱਜ ਸੰਸਾਰ ਦੇ ਨੀਤੀ-ਘਾੜੇ ਅਤੇ ਰਹਿਨੁਮਾ ਬਹੁਤਾ ਕਰ ਕੇ ਅਰਥ-ਸ਼ਾਸਤਰੀ, ਵਕੀਲ, ਨਵੀਂਆਂ ਤਕਨਾਲੋਜੀਆਂ ਦੇ ਅਨਿੰਨ ਭਗਤ ਅਤੇ ਇਜਾਰੇਦਾਰ ਖੁਦ ਹਨਇਨ੍ਹਾਂ ਦਾ ਧਰਤੀ ਅਤੇ ਸੰਸਾਰ ਦੀਆਂ ਅਸਲੀਅਤਾਂ ਬਾਰੇ ਗਿਆਨ ਅਧੂਰਾ ਹੈ ਅਤੇ ਇਹ ਇਸਦੀਆਂ ਸਮੱਸਿਆਵਾਂ ਨੂੰ ਛੁਪਾਉਂਦੇ ਵੀ ਹਨ ਅਤੇ ਛੁਟਿਆਉਂਦੇ ਵੀ ਹਨ ਉਹ ਪਰਚਾਰਦੇ ਹਨ ਕਿ ਨਵੀਂਆਂ ਤਕਨਾਲੋਜੀਆਂ ਸਭ ਸਮੱਸਿਆਵਾਂ ਦਾ ਹੱਲ ਟੋਲ਼੍ਹ ਲੈਣਗੀਆਂ

ਇਹ ਟਿਕਾਊ ਵਿਕਾਸ (Sustainable Development) ਨਹੀਂ ਕਰਦੇ:

ਇਹ ਵਾਧੇ ਭੌਤਿਕ ਜਾਂ ਪਦਾਰਥਿਕ ਹਨ, ਇਸ ਕਰ ਕੇ ਇਨ੍ਹਾਂ ਲਈ ਲਈ ਧਰਤੀ ਦੇ ਭੌਤਿਕ ਕੁਦਰਤੀ ਸਾਧਨਾਂ ਦੀ ਹੀ ਲੋੜ ਪੈਂਦੀ ਹੈਅਸੀਂ ਵਾਧਿਆਂ ਦੀ ਚਕਾਚੌਂਧ ਵਿੱਚ ਇੰਨਾ ਗਲਤਾਨ ਹੋ ਗਏ ਕਿ ਇਨ੍ਹਾਂ ਦੇ ਵਿਕਾਸ ਦੇ ਪੱਖ ਨੂੰ ਅਤੇ ਕੁਦਰਤ ਦੀਆਂ ਅਟੱਲ ਸਚਾਈਆ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਰਹੇ ਹਾਂਜਿਵੇਂ ਕਿ ਸਾਡੀ ਧਰਤੀ ਇੱਕ ਗ੍ਰਹਿ ਹੈ, ਜੋ ਸੂਰਜ ਤੋਂ ਲਗਭਗ 15 ਕਰੋੜ ਕਿਲੋਮੀਟਰ ਦੂਰ, ਉਸਦੇ ਦੁਆਲੇ ਚੱਕਰ ਲਾਉਂਦੀ ਹੈਆਪਣੀ ਉਤਪਤੀ ਤੋਂ ਲੈ ਕੇ ਹੁਣ ਤਕ ਇਸ ਉੱਤੇ ਸੂਰਜ ਦੀ ਊਰਜਾ (Solar Energy) ਤੋਂ ਬਗੈਰ ਹੋਰ ਕੋਈ ਵੀ ਚੀਜ਼ ਨਹੀਂ ਪਹੁੰਚੀ ਅਤੇ ਨਾ ਪਹੁੰਚੇਗੀਇਸ ਲਈ ਸਾਡੀ ਧਰਤੀ ਦੀਆਂ ਆਪਣੀਆਂ ਸੀਮਾਵਾਂ ਅਤੇ ਹੱਦਾਂ ਹਨ ਜੋ ਆਪਾਂ ਨੂੰ ਸਮਝਣੀਆਂ ਜ਼ਰੂਰੀ ਹਨ

ਧਰਤੀ ਦੇ ਬਹੁਤੇ ਕੁਦਰਤੀ ਸਾਧਨ ਸੀਮਿਤ ਹਨ - ਖਾਸ ਕਰਕੇ ਗੈਰ-ਨਵੀਨੀਕਰਣਯੋਗ ਸਾਧਨ (ਜਿਵੇਂ ਕੋਲਾ, ਤੇਲ, ਕੁਦਰਤੀ ਗੈਸ ਅਤੇ ਹੋਰ ਖਣਿਜ)ਇਹ ਲੱਖਾਂ-ਕਰੋੜਾਂ ਸਾਲਾਂ ਵਿੱਚ ਬਣੇ ਹਨ ਅਤੇ ਦੁਬਾਰਾ ਨਹੀਂ ਬਣਾਏ ਜਾ ਸਕਦੇ, ਇਹ ਸਭ ਵਾਰੀ-ਵਾਰੀ ਖਤਮ ਹੋ ਜਾਣੇ ਹਨ

ਇਸਦੀ ਸੂਰਜੀ-ਊਰਜਾ ਨੂੰ ਸਮੋਣ ਅਤੇ ਵਰਤਣ ਦੀ ਸਮਰੱਥਾ ਸੀਮਿਤ ਹੈ, ਜੋ ਸਿਰਫ ਪ੍ਰਕਾਸ਼-ਸੰਸ਼ਲੇਸ਼ਣ (ਫੋਟੋਸਿੰਥੇਸਿਜ) ਦੀ ਪ੍ਰਕਿਰਿਆ ਰਾਹੀਂ ਹੁੰਦੀ ਹੈਇਹ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਹਰੇ ਪੇੜ-ਪੌਦੇ ਸੂਰਜ ਦੀ ਰੋਸ਼ਨੀ, ਪਾਣੀ ਅਤੇ ਹੋਰ ਜ਼ਰੂਰੀ ਤੱਤਾਂ ਦੀ ਮਦਦ ਨਾਲ ਆਪਣੀ ਖੁਰਾਕ ਵੀ ਤਿਆਰ ਕਰਦੇ ਹਨ ਅਤੇ ਔਕਸੀਜਨ ਵੀ ਬਣਾਉਂਦੇ ਹਨਇਹ ਪ੍ਰਕਿਰਿਆ ਧਰਤੀ ਉੱਤੇ ਜੀਵਨ ਦੀ ਹੋਂਦ ਦਾ ਅਧਾਰ ਹੈ

ਕੁਦਰਤੀ ਸਾਧਨਾਂ ਨੂੰ ਵਰਤੋਂ-ਯੋਗ ਬਣਾਉਣ ਵਕਤ ਪੈਦਾ ਹੋਏ ਕੂੜ-ਕਬਾੜ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਸਮੇਟਣ ਦੀ ਇਸਦੀ ਸਮਰੱਥਾ ਵੀ ਸੀਮਿਤ ਹੈਉਦਾਹਰਨ ਵਜੋਂ ਜਿਸ ਤਰ੍ਹਾਂ ਦੇ ਜ਼ਹਿਰੀਲੇ ਪਦਾਰਥ ਲੁਧਿਆਣੇ ਦੀ ਇੰਡਸਟਰੀ ਲਗਾਤਾਰ ਆਪਣੇ ਆਲੇ-ਦੁਆਲੇ ਸੁੱਟੀ ਜਾ ਰਹੀ ਹੈ, ਉਸੇ ਤਰ੍ਹਾਂ ਸਾਰੇ ਸੰਸਾਰ ਵਿੱਚ ਹੋ ਰਿਹਾ ਹੈ

ਆਪਾਂ ਭੁੱਲ ਗਏ ਹਾਂ ਕਿ ਕੋਈ ਵੀ ਤਕਨਾਲੋਜੀ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਦੀ ਅਤੇ ਧਰਤੀ ਦੀਆਂ ਇਨ੍ਹਾਂ ਭੌਤਿਕ ਸੀਮਾਵਾਂ ਨੂੰ ਵਧਾ ਨਹੀਂ ਸਕਦੀਤਕਨਾਲੋਜੀਆਂ ਮਨੁੱਖੀ ਜੀਵਨ ਨੂੰ ਬਿਹਤਰ ਬਣਾ ਸਕਦੀਆਂ ਹਨ ਪਰ ਇਹ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਦੀਆਂ, ਇਨ੍ਹਾਂ ਨੂੰ ਬਦਲ ਸਕਣ ਦੀ ਤਾਂ ਗੱਲ ਹੀ ਦੂਰ ਹੈਇਸ ਸੀਮਿਤ ਧਰਤੀ ਉੱਤੇ ਅਸੀਮਿਤ ਸੰਸਾਰ ਸਿਰਜਣ ਦੀਆਂ ਸ਼ੇਖ-ਚਿੱਲੀਆਨਾ ਵਿਓਂਤਾਂ ਬਣਾਉਣਾ ਅਤੇ ਲਗਾਤਾਰ ਵਾਧੇ ਦੀ ਕਲਪਨਾ ਵਿਗਿਆਨ ਨਹੀਂ, ਸਗੋਂ ਇੱਕ ਭੁਲੇਖਾ ਹੈ, ਛਲਾਵਾ ਜਾਂ ਕੂੜ ਪਰਚਾਰ ਹੈਛੋਟੀ ਜਿਹੀ ਧਰਤੀ, ਜੋ ਸਿਰਫ ਅਤੇ ਸਿਰਫ ਸੂਰਜ ਤੋਂ ਮਿਲ ਰਹੀ ਸੀਮਿਤ ਊਰਜਾ ’ਤੇ ਨਿਰਭਰ ਹੈ, ਉੱਤੇ ਅਸੀਮਤ ਵਾਧਿਆਂ ਦੇ ਸੁਪਨੇ ਦੇਖਣਾ ਬੁੱਧੀ-ਮਤਾ ਨਹੀਂਮਨੁੱਖ ਆਪਣੀ ਕਲਪਨਾ ਵਿੱਚ ਅਸੀਮ ਹੋ ਸਕਦਾ ਹੈ, ਪਰ ਧਰਤੀ ਦੇ ਸਾਧਨ ਸੀਮਿਤ ਹਨ

ਸਾਡੇ ਫਰਜ਼:

ਮਨੁੱਖੀ ਸਿਆਣਪ ਵੱਧ ਪਦਾਰਥ ਇਕੱਠਾ ਕਰਨ ਵਿੱਚ ਨਹੀਂ, ਸਗੋਂ ਵਿਕਾਸ ਰਾਹੀਂ ਸੁਚੱਜਾ ਜੀਵਨ ਬਣਾਉਣ ਵਿੱਚ ਹੈਅੱਜ ਸੰਸਾਰ ਵਿੱਚ ਖੁਰਾਕ ਦੀ ਬਰਬਾਦੀ, ਊਰਜਾ ਦੀ ਬਰਬਾਦੀ, ਕੱਚੇ ਮਾਲ ਦੀ ਬਰਬਾਦੀ ਅਤੇ ਮਨੁੱਖੀ ਮਿਹਨਤ ਦੀ ਬਰਬਾਦੀ, ਸਭ ਹੋ ਰਹੀਆਂ ਹਨਅਸੀਂ ਇਨ੍ਹਾਂ ਬਰਬਾਦੀਆਂ ਨੂੰ ਘਟਾ ਕੇ ਹੀ ਬਹੁਤ ਤਰੱਕੀ ਕਰ ਸਕਦੇ ਹਾਂ, ਜਿਵੇਂ ਕਿ ਸੰਸਾਰ ਵਿੱਚ ਪੈਦਾ ਹੋਣ ਵਾਲੀ ਲਗਭਗ 35% ਖੁਰਾਕ ਬਰਬਾਦ ਹੋ ਰਹੀ ਹੈਇਸ ਵਿੱਚ ਬੱਚਤ ਨਾਲ ਬਿਜਲੀ, ਪੈਟ੍ਰੋਲੀਅਮ ਵਸਤਾਂ, ਖਾਦਾਂ, ਪਾਣੀ, ਲੇਬਰ ਆਦਿ ਸਭ ਦੀ ਲਾਗਤ ਘਟੇਗੀ

ਜਿਸ ਤਰ੍ਹਾਂ ਵਾਧਿਆਂ ਦੀਆਂ ਅਣਗਿਣਤ ਕਿਸਮਾਂ ਹਨ, ਉਸੇ ਤਰ੍ਹਾਂ ਵਿਕਾਸ ਦੇ ਵੀ ਅਨੇਕਾਂ ਪੱਖ ਅਤੇ ਪੱਧਰ ਹਨਕੁਦਰਤ ਦਾ ਇੱਕ ਵੱਡਾ ਸਬਕ ਇਹ ਵੀ ਹੈ ਕਿ ਹਰ ਪਦਾਰਥਿਕ ਵਾਧੇ ਦੀ ਹੱਦ ਹੁੰਦੀ ਹੈ, ਪਰ ਮਨੁੱਖੀ ਵਿਕਾਸ ਦੀ ਕੋਈ ਹੱਦ ਨਹੀਂਅਸੀਂ ਹੋਰ ਸਮਝਦਾਰ, ਹੋਰ ਨਿਆਂ-ਪੂਰਨ, ਹੋਰ ਕੁਸ਼ਲ ਅਤੇ ਹੋਰ ਸੰਵੇਦਨਸ਼ੀਲ ਬਣ ਸਕਦੇ ਹਾਂ, ਭਾਵੇਂ ਧਰਤੀ ਦੇ ਸਰੋਤ ਸੀਮਿਤ ਹੀ ਹਨਸੋ ਪਦਾਰਥਿਕ ਵਾਧੇ ਦੀ ਬਜਾਇ ਵਿਅਕਤੀਗਤ ਵਿਕਾਸ ਉੱਪਰ ਵੱਧ ਤਵੱਜੋ ਦੇਣ ਦੀ ਜ਼ਰੂਰਤ ਹੈ

ਆਪਣੇ ਲਈ ਜ਼ਰੂਰੀ ਹੈ ਕਿ ਆਪਾਂ ਇਨ੍ਹਾਂ ਵਿਗਾੜਾਂ ਦੇ ਮੁਢਲੇ ਕਾਰਨਾਂ ’ਤੇ ਵਿਚਾਰ ਕਰ ਕੇ ਉਨ੍ਹਾਂ ਨੂੰ ਦਰੁਸਤ ਕਰਨ ਦੇ ਉਪਰਾਲੇ ਕਰਦੇ ਕਹੀਏ ਤਾਂ ਕਿ ਵਾਧੇ ਅਤੇ ਵਿਕਾਸ ਫਿਰ ਇੱਕ-ਦੂਜੇ ਦੇ ਪੂਰਕ ਹੋ ਜਾਣਇਸ ਤਰ੍ਹਾਂ ਜਾਗਰੂਕ ਹੋ ਕੇ ਸਰਕਾਰਾਂ ’ਤੇ ਦਬਾਓ ਵਧਾਈਏ ਕਿ ਉਹ ਅੱਜ ਦੀ ਸਥਿਤੀ ਦੇ ਜ਼ਿੰਮੇਵਾਰ ਇਜਾਰੇਦਾਰਾਂ ਨੂੰ ਕੰਟ੍ਰੋਲ ਕਰਨ ਅਤੇ ਅੰਦਰ ਬੈਠ ਕੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਨੂੰ ਵੀ ਨੱਥ ਪਉਣਅਸਲ ਸਵਾਲ ਇਹ ਨਹੀਂ ਕਿ ਹੋਰ ਵਾਧਾ ਕਿਵੇਂ ਕੀਤਾ ਜਾਵੇ; ਸਵਾਲ ਇਹ ਹੈ ਕਿ ਮੌਜੂਦਾ ਵਾਧੇ ਨੂੰ ਸਮੁੱਚੇ ਮਨੁੱਖੀ ਵਿਕਾਸ ਦੀ ਸੇਵਾ ਵਿੱਚ ਕਿਵੇਂ ਲਿਆਂਦਾ ਜਾਵੇ

***

ਨੋਟ: 1. ਇਹ ਲੇਖ, ਪ੍ਰਸਿੱਧ ਸਮਕਾਲੀ ਵਿਚਾਰਕ ਅਤੇ ਸਾਇੰਸਦਾਨ, ਪ੍ਰੋ. (ਡਾ.) ਵੈਕਲੈਵ ਸਮਿੱਲ ਦੀ ਕਲਾਸਿਕ ਕਿਤਾਬ ‘Growth’ (2019) ‘ ਤੋਂ ਸੇਧ ਲੈ ਕੇ ਲਿਖਿਆ ਗਿਆ ਹੈ ਉਹ, ਮਨੁੱਖ-ਕ੍ਰਿਤ ਵਾਧਾ-ਅਧਾਰਿਤ ਪ੍ਰਣਾਲੀਆਂ ਅਤੇ ਬੇਲੋੜੀਆਂ ਖੋਜਾਂ ਅਤੇ ਕਾਢਾਂ ਦੀ ਬੇਬਾਕੀ ਨਾਲ ਆਲੋਚਨਾ ਕਰਨ ਲਈ, ਸੰਸਾਰ ਭਰ ਵਿੱਚ ਸਤਿਕਾਰੇ ਜਾਂਦੇ ਹਨ ਅਤੇ ਇਨ੍ਹਾਂ ਵਿਸ਼ਿਆਂ ਉੱਤੇ 40 ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ

2. ਲੇਖ ਵਿੱਚ ਦਿੱਤੇ ਕੁਝ ਅੰਕੜਿਆਂ, ਤੱਥਾਂ ਅਤੇ ਹਵਾਲਿਆਂ ਦੀ ਜਾਂਚ ਅਤੇ ਪੁਸ਼ਟੀ ਲਈ ਚੈਟਜੀਪੀਟੀ ਦੀ ਸਹਾਇਤਾ ਲਈ ਗਈ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author