(ਜਿਸਨੇ ਅੱਜ ਇਹ ਲੇਖ ਨਹੀਂ ਪੜ੍ਹਿਆ, ਸਮਝੋ ਉਸਨੇ ਅੱਜ ਕੁਝ ਵੀ ਨਹੀਂ ਪੜ੍ਹਿਆ --- ਸੰਪਾਦਕ।)
(7 ਸਤੰਬਰ 2025)
ਅੱਜ ਦੇ ਪ੍ਰਸਿੱਧ ਇਤਿਹਾਸਕਾਰ, ਫਿਲਾਸਫਰ ਯੁਵਾਲ ਨੋਆ ਹਰਾਰੀ ਵੱਲੋਂ ਲਿਖੀ ਅਤੇ 2024 ਵਿੱਚ ਛਪੀ ਕਿਤਾਬ ‘ਨੈਕਸਜ਼’ (Nexus) ਸੰਸਾਰ ਦੀਆਂ ‘ਬੈੱਸਟ ਸੈੱਲਰਜ’ ਵਿੱਚੋਂ ਵੀ ਚੋਟੀ ਦੀ ਕਿਤਾਬ ਹੈ। ਇਹ ਪੱਥਰ ਯੁਗ ਤੋਂ ਲੈ ਕੇ ਅੱਜ ਦੀ ਏ.ਆਈ ਤਕ ਦੇ ਸੂਚਨਾ-ਜਾਲਾਂ (ਇਨਫਾਰਮੇਸ਼ਨ ਨੈੱਟ-ਵਰਕਸ) ਦਾ ਸੰਖੇਪ ਇਤਿਹਾਸ ਹੈ। ਸੂਚਨਾ-ਜਾਲ ਤੋਂ ਭਾਵ ਹੈ ਸੂਚਨਾ (ਜਾਣਕਾਰੀ) ਦੇ ਸੰਚਾਰ ਜਾਂ ਪਰਸਾਰ ਦਾ ਸਿਸਟਮ, ਤਾਣਾ-ਬਾਣਾ। ਪੱਥਰ-ਯੁਗ ਤੋਂ ਸ਼ੁਰੂ ਹੋ ਕੇ ਸਮੇਂ-ਸਮੇਂ ਸਿਰ ਸਥਾਨਕ ਲੋੜਾਂ ਅਤੇ ਹਾਲਾਤ ਅਨੁਸਾਰ ਸੂਚਨਾ-ਪਰਸਾਰ ਦੇ ਅਨੇਕਾਂ ਸਿਸਟਮ ਵਿਕਸਿਤ ਹੋਏ ਹਨ। ਉਦਾਹਰਨ ਵਜੋਂ, ਅਵਾਜ਼ਾਂ ਰਾਹੀਂ, ਪੈਦਲ ਅਤੇ ਘੋੜ-ਸਵਾਰਾਂ ਰਾਹੀਂ, ਕਬੂਤਰਾਂ ਰਾਹੀਂ। ਢਾਈ ਹਜ਼ਾਰ ਸਾਲ ਪਹਿਲਾਂ ਦੌੜਾਕ ਫਾਈਡਿਪੀਡੀਜ਼ ਹਨ, ਮੈਰਾਥਨ ਦੇ ਯੁੱਧ ਦੀ ਜਿੱਤ ਦੀ ਸੂਚਨਾ, ਯੂਨਾਨ ਦੀ ਰਾਜਧਾਨੀ ਐਥਨਜ ਤਕ ਦੌੜ ਕੇ ਹੀ ਪਹੁੰਚਾਈ ਸੀ। ਡਾਕ-ਤਾਰ ਵਿਭਾਗ, ਟੈਲੀਫ਼ੋਨ, ਰੇਡੀਓ, ਇੰਟਰਨੈੱਟ ਆਦਿ ਮਾਡਰਨ ਯੁਗ ਦੇ ਸੂਚਨਾ-ਜਾਲਾਂ ਦੀਆਂ ਉਦਾਹਰਨਾਂ ਹਨ।
ਸੂਚਨਾ ਦੇ ਅਣਗਿਣਤ ਪਰਸਾਰ-ਸਾਧਨ ਹਨ ਅਤੇ ਇਹ ਇਕੱਲਾ ਲਿਖਤਾਂ ਜਾਂ ਬੋਲੀਆਂ ਰਾਹੀਂ ਹੀ ਨਹੀਂ ਹੁੰਦਾ। ਕਿਸੇ ਚੌਂਕ ਵਿੱਚ ਲੱਗੀਆਂ ਲਾਲ-ਹਰੀਆਂ ਲਾਈਟਾਂ ਵੀ ਕਿਸੇ ਸੂਚਨਾ-ਜਾਲ ਦਾ ਹਿੱਸਾ ਹਨ। ਛੋਟੇ ਬੱਚੇ ਦਾ ਰੋਣਾ ਮਾਂ ਲਈ ਸੂਚਨਾ ਹੈ ਅਤੇ ਮਾਂ ਦੀ ਤੱਕਣੀ ਵਿੱਚ ਬੱਚੇ ਲਈ ਸੂਚਨਾ ਹੈ। ਸੂਚਨਾ-ਜਾਲਾਂ ਨੇ ਤਕਨੌਲੋਜੀ, ਸਮਾਜਿਕ ਢਾਂਚਿਆਂ, ਰਾਜਨੀਤਕ ਪ੍ਰਣਾਲੀਆਂ, ਅਰਥ-ਵਿਵਸਥਾਵਾਂ ਅਤੇ ਸੱਭਿਆਚਾਰਾਂ ਦੇ ਵਿਕਾਸ ਅਤੇ ਬਦਲਾਓ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅਰਥਾਤ ਇਨ੍ਹਾਂ ਨੇ ਸੰਸਾਰ ਦੇ ਹੋਰ ‘ਨੈੱਟ-ਵਰਕਸ’ ’ਤੇ ਬਹੁਤ ਡੂੰਘਾ ਅਸਰ ਪਾਇਆ ਹੈ। ਇਤਿਹਾਸ ਗਵਾਹ ਹੈ ਕਿ ਸੂਚਨਾ-ਪਰਸਾਰ ਦੀ ਹਰ ਵੱਡੀ ਕਾਢ ਤੋਂ ਬਾਅਦ ਸੰਸਾਰ ਵਿੱਚ ਬੇਮਿਸਾਲ ਤਬਦੀਲੀਆਂ ਹੁੰਦੀਆਂ ਰਹੀਆਂ ਹਨ। ਇੱਥੋਂ ਤਕ ਕਿ ਕ੍ਰਾਂਤੀਆਂ ਵੀ ਹੁੰਦੀਆਂ ਰਹੀਆਂ ਹਨ। ਹੁਣ ਤਕ ਅਸੀਂ ਆਪਣੇ ਇਤਿਹਾਸ ਨੂੰ ਰਾਜਨੀਤਕ, ਆਰਥਿਕ, ਸਮਾਜਿਕ ਅਤੇ ਧਾਰਮਿਕ ਪਰਿਪੇਖਾਂ ਅਨੁਸਾਰ ਲਿਖਿਆ-ਪੜ੍ਹਿਆ ਹੈ ਪਰ ਹੁਣ ਇਸ ਨੂੰ ਇਸ ਤਰ੍ਹਾਂ ਦੇ ਅਹਿਮ ਪਰ ਅਣਗੌਲੇ ਪੱਖਾਂ ਤੋਂ ਵੀ ਵਿਚਾਰਿਆ ਜਾਣ ਲੱਗਾ ਹੈ।
ਸੂਚਨਾ ਦਾ ਅਸਲੀਅਤ ਅਤੇ ਸੱਚ ਨਾਲ ਬਹੁਤਾ ਸੰਬੰਧ ਨਹੀਂ। ਮਨੁੱਖ ਵੱਲੋਂ ਇਸਦੀ ਵਰਤੋਂ ਕਹਾਣੀਆਂ, ਮਿੱਥ, ਸੰਕਲਪ, ਵਿਸ਼ਵਾਸ ਅਤੇ ਬ੍ਰਿਤਾਂਤ ਸਿਰਜਣ ਅਤੇ ਝੂਠ ਬੋਲਣ ਵਿੱਚ ਵੀ ਬਹੁਤ ਹੁੰਦੀ ਸੀ ਅਤੇ ਹੈ। ਇਨ੍ਹਾਂ ਕਹਾਣੀਆਂ, ਮਿੱਥਾਂ, ਬ੍ਰਿਤਾਂਤਾਂ ਅਤੇ ਸੰਕਲਪਾਂ ਆਦਿ ਨੇ ਹੀ ਮਨੁੱਖ ਨੂੰ ਵਿਸ਼ਾਲ ਸਮੂਹ ਬਣਾ ਕੇ ਇਕੱਠੇ ਰਹਿਣ ਅਤੇ ਰਲ ਕੇ ਕੰਮ ਕਰਨਾ ਸਿਖਾਇਆ। ਇਸ ਸਮਰੱਥਾ ਨੇ ਹੀ ਉਸ ਨੂੰ ਬਾਕੀ ਸਾਰੇ ਜੀਵਾਂ ਨਾਲੋਂ ਸ਼ਕਤੀਸ਼ਾਲੀ ਬਣਾਇਆ। ਹੋਰ ਜੀਵ ਇਸ ਤਰ੍ਹਾਂ ਨਹੀਂ ਕਰ ਸਕਦੇ ਭਾਵੇਂ ਕਿ ਬੋਲੀਆਂ ਉਨ੍ਹਾਂ ਦੀਆਂ ਵੀ ਹਨ। ਇਨ੍ਹਾਂ ਗੁਣਾਂ (ਔਗੁਣਾਂ) ਨੇ ਸਾਨੂੰ ਛੋਟੇ-ਛੋਟੇ ਸਮੂਹਾਂ ਨੂੰ ਇਕੱਠੇ ਕਰ ਕੇ ਵੱਡੇ ਸਮਾਜ ਬਣਾਉਣ ਦੀ ਸਮਰੱਥਾ ਦਿੱਤੀ। ਇਨ੍ਹਾਂ ਅਦਿੱਖ ਤਾਣਿਆਂ-ਬਾਣਿਆਂ ਨੇ ਮਨੁੱਖ ਨੂੰ ਇੱਕ ਦੂਜੇ ਨਾਲ ਇਸ ਤਰ੍ਹਾਂ ਜੋੜ ਦਿੱਤਾ ਕਿ ਉਹ ਇਕੱਲੇ ਖੂਨ ਦੇ ਰਿਸ਼ਤੇ ਨਾਲ ਹੀ ਨਹੀਂ, ਬਲਕਿ ਸਾਂਝੀਆਂ ਕਹਾਣੀਆਂ, ਸਾਂਝੇ ਮਿੱਥਾਂ ਅਤੇ ਬ੍ਰਿਤਾਂਤਾਂ ਦੇ ਰਿਸ਼ਤਿਆਂ ਰਾਹੀਂ ਵੀ ਜੁੜੇ ਹੋਏ ਸਨ। ਭਾਵ ਇਹ ਕਿ ਸੂਚਨਾ (ਜਾਣਕਾਰੀ) ਦੇ ਸ਼ੁਰੂਆਤੀ ਨੈੱਟਵਰਕ ਕਹਾਣੀਆਂ ਅਤੇ ਵਿਸ਼ਵਾਸਾਂ ’ਤੇ ਆਧਾਰਿਤ ਸਨ। ਡਾ. ਹਰਾਰੀ ਇਹ ਗੱਲ ਜ਼ੋਰ ਦੇ ਕੇ ਕਹਿੰਦੇ ਹਨ ਕਿ ਸਾਨੂੰ ਜੋੜਨ ਲਈ ਅਸਲੀਅਤ ਅਤੇ ਸੱਚ ਦੀ ਓਨੀ ਭੂਮਿਕਾ ਨਹੀਂ, ਜਿੰਨੀ ਕਿ ਕਥਾ-ਕਹਾਣੀਆਂ, ਬ੍ਰਿਤਾਂਤਾਂ, ਸੰਕਲਪਾਂ ਅਤੇ ਵਿਸ਼ਵਾਸਾਂ ਦੀ ਹੈ। ਭਾਵ ਸੂਚਨਾ ਦਾ ਅਸਲੀਅਤ ਅਤੇ ਸੱਚ ਨਾਲ ਬਹੁਤਾ ਸੰਬੰਧ ਨਹੀਂ, ਜੇ ਹੁੰਦਾ ਤਾਂ ਅੱਜ ਦੀ ਸੂਚਨਾ-ਭਰਪੂਰ ਦੁਨੀਆ ਵਿੱਚ ਸੱਚ ਦਾ ਹੀ ਬੋਲ-ਬਾਲਾ ਹੋਣਾ ਸੀ। ਇਹ ਤੱਥ ਇੱਕ ਗੁੰਝਲਦਾਰ ਬੁਝਾਰਤ ਹੈ ਕਿ ਸੱਚ ਸਾਨੂੰ ਆਪਸ ਵਿੱਚ ਜੋੜਨ ਦੀ ਓਨੀ ਸਮਰੱਥਾ ਨਹੀਂ ਰੱਖਦਾ, ਜਿੰਨਾ ਕਿ ਅਸੀਂ ਸਮਝੀਂ ਬੈਠੇ ਹਾਂ।
Information isn’t truth. --- - and information networks throughout history have often privileged order over truth (p-400). ‘Nexus’ By Harari
ਵਿਚਾਰ ਦੀ ਗੱਲ ਹੈ ਕਿ ਜੇ ਇਤਿਹਾਸ ਵਿੱਚ ਇਹ ਸਭ ਕੁਝ ਹੁੰਦਾ ਰਿਹਾ ਹੈ ਤਾਂ ਅੱਜ ਦੇ ਯੁਗ ਵਿੱਚ ਡਿਜਿਟਲ ਡੇਟਾ, ਇੰਟਰਨੈੱਟ, ਸੋਸ਼ਲ ਮੀਡੀਆ ਅਤੇ ਏ.ਆਈ ਦੇ ਸੂਚਨਾ-ਜਾਲਾਂ ਦਾ ਮਨੁੱਖ ਦੇ ਵਰਤਮਾਨ ਅਤੇ ਭਵਿੱਖ ’ਤੇ ਕੀ ਅਸਰ ਪਵੇਗਾ? ਡਾ. ਹਰਾਰੀ ਵੱਲੋਂ ਇਸ ਵਿਸ਼ੇ ’ਤੇ ਕਿਤਾਬ ਲਿਖਣਾ ਅਤੇ ਉਸ ਕਿਤਾਬ ਦਾ ਫ਼ੌਰੀ ਤੌਰ ’ਤੇ ਬੈਸਟ-ਸੈੱਲਰ ਬਣ ਜਾਣਾ, ਇਸ ਵਿਸ਼ੇ ਦੀ ਮਹੱਤਤਾ ਦਰਸਾਉਂਦੇ ਹਨ। ਉਨ੍ਹਾਂ ਦੀ ਕਿਤਾਬ ਦਾ ਮੰਤਵ ਹੀ ਸੰਸਾਰ ਨੂੰ ਇਸ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਵੱਲੋਂ ਇਸ ਵਿੱਚ ਚਿਤਾਵਨੀਆਂ ਦਿੱਤੀਆਂ ਗਈਆਂ ਹਨ ਕਿ ਏ.ਆਈ ਦੀ ਅੰਧਾਧੁੰਦ ਵਰਤੋਂ ਦੇ ਕੀ ਕੀ ਮੰਦੇ ਪ੍ਰਭਾਵ ਪੈਣ ਦੇ ਆਸਾਰ ਹਨ ਅਤੇ ਇਨ੍ਹਾਂ ਤੋਂ ਬਚਣ ਲਈ ਕੀ ਕੀ ਸਾਵਧਾਨੀਆਂ ਜ਼ਰੂਰੀ ਹਨ। ਡਾ. ਹਰਾਰੀ ਦੀਆਂ ਨਸੀਹਤਾਂ ਦੀ ਅਹਿਮੀਅਤ ਸਮਝਣ ਲਈ ਇਤਿਹਾਸ ਦੇ ਮੁੱਖ ਸੂਚਨਾ-ਜਾਲਾਂ (ਇਨਫਾਰਮੇਸ਼ਨ ਨੈੱਟ-ਵਰਕਸ) ’ਤੇ ਵਿਚਾਰ ਕਰਦੇ ਹਾਂ। ਇਨ੍ਹਾਂ ਨੂੰ ਪੰਜ ਇਤਿਹਾਸਕ ਯੁਗਾਂ ਅਨੁਸਾਰ ਵੰਡਿਆ ਗਿਆ ਹੈ:
1. ਪੱਥਰ ਯੁਗ - ਸੂਚਨਾ ਦਾ ਮੂੰਹੋਂ-ਮੂੰਹੀਂ ਪਰਸਾਰ
ਭਾਵੇਂ ਮਨੁੱਖ ਸ੍ਰਿਸ਼ਟੀ ਦਾ ਸਭ ਤੋਂ ਤਾਕਤਵਰ ਪ੍ਰਾਣੀ ਨਹੀਂ, ਪਰ ਭਾਸ਼ਾ ਅਤੇ ਬੋਲੀ ਨੇ ਉਸ ਨੂੰ ਇਸਦਾ ਮਾਲਕ ਬਣਾ ਦਿੱਤਾ ਹੈ, ਅਤੇ ਇਹੀ ਸਾਡੀ ਸੂਚਨਾ (ਜਾਣਕਾਰੀ) ਦੇ ਪਰਸਾਰ ਦਾ ਮੁੱਖ ਅਧਾਰ ਬਣੀ ਹੈ। ਸਪਸ਼ਟ ਹੈ ਕਿ ਸੂਚਨਾ, ਗਿਆਨ ਅਤੇ ਸ਼ਕਤੀ ਦਾ ਮੁੱਖ ਸਾਧਨ ਸੀ ਅਤੇ ਹੈ। ਸਾਧਨ ਇਹ ਸਿਆਣਪ ਦਾ ਵੀ ਹੈ, ਪਰ ਮਨੁੱਖ ਇਸ ਕੰਮ ਲਈ ਇਸਦੀ ਬਹੁਤੀ ਵਰਤੋਂ ਨਹੀਂ ਕਰਦਾ। ਇਸ ਲਈ ਸੰਸਾਰ ਵਿੱਚ ਸਿਆਣਪ ਦੀ ਆਦਿ-ਕਾਲ ਤੋਂ ਹੀ ਘਾਟ ਰਹੀ ਹੈ। ਸ਼ੁਰੂ ਵਿੱਚ ਸੂਚਨਾ-ਪਰਸਾਰ ਦਾ ਕੰਮ ਮੂੰਹੋਂ-ਮੂੰਹੀਂ ਸੀ ਜੋ ਮਨੁੱਖ ਦੀ ਬੋਲਣ ਦੀ ਸਮਰੱਥਾ ਅਤੇ ਯਾਦ-ਸ਼ਕਤੀ ’ਤੇ ਨਿਰਭਰ ਸੀ ਪਰ ਇਸ ਨੈੱਟਵਰਕ ਦੀ ਇੱਕ ਹੱਦ ਸੀ ਕਿਉਂਕਿ ਇਹ ਮਨੁੱਖੀ ਯਾਦਸ਼ਕਤੀ ’ਤੇ ਨਿਰਭਰ ਸੀ। ਜਦੋਂ ਹਜ਼ਾਰਾਂ ਤੋਂ ਵਧ ਕੇ ਲੱਖਾਂ ਲੋਕਾਂ ਦਾ ਸਮਾਜ ਬਣਾਉਣ ਦੀ ਗੱਲ ਆਈ ਤਾਂ ਸਿਰਫ ਯਾਦਸ਼ਕਤੀ ’ਤੇ ਭਰੋਸਾ ਕਰਨਾ ਸਫਲ ਨਹੀਂ ਹੋ ਸਕਿਆ। ਇਨਸਾਨੀ ਦਿਮਾਗ, ਇੰਨਾ ‘ਡੇਟਾ’ ਅਤੇ ਇੰਨੀ ਜਾਣਕਾਰੀ/ਸੂਚਨਾ ਯਾਦ ਨਹੀਂ ਸੀ ਰੱਖ ਸਕਦਾ। ਮਨੁੱਖਤਾ ਇੱਕ ਐਸੇ ਮੋੜ ’ਤੇ ਪਹੁੰਚ ਗਈ ਸੀ ਜਿੱਥੇ ਉਸ ਨੂੰ ਵਿਸ਼ਾਲ ਸਾਮਰਾਜ ਅਤੇ ਵੱਡੇ-ਵੱਡੇ ਸ਼ਹਿਰ ਬਣਾਉਣ ਲਈ ਸੂਚਨਾ-ਪਰਸਾਰ ਦੇ ਨਵੇਂ ਅਤੇ ਵੱਧ ਭਰੋਸੇ-ਮੰਦ ਤਾਣੇਬਾਣੇ ਦੀ ਜ਼ਰੂਰਤ ਸੀ।
2. ਲਿਖਤ ਦੀ ਖੋਜ
ਇਨ੍ਹਾਂ ਹਾਲਾਤ ਨੇ ਸਾਢੇ ਕੁ ਪੰਜ ਕੁ ਹਜ਼ਾਰ ਪਹਿਲਾਂ ਲਿਖਾਈ ਦੀ ਕ੍ਰਾਂਤੀ ਨੂੰ ਜਨਮ ਦਿੱਤਾ। ਇਸਨੇ ਜਾਣਕਾਰੀ ਨੂੰ ਭੌਤਿਕ ਰੂਪ ਦਿੱਤਾ, ਜਿਸ ਕਰ ਕੇ ਇਸ ਨੂੰ ਦੇਖਿਆ ਜਾ ਸਕਦਾ ਸੀ, ਛਪਵਾਇਆ ਜਾ ਸਕਦਾ ਸੀ ਅਤੇ ਸਾਲਾਂ-ਸਾਲ ਸੰਭਾਲਿਆ ਜਾ ਸਕਦਾ ਸੀ। ਦੁਨੀਆ ਹੁਣ ਸਿਰਫ਼ ਵਿਅਕਤੀਆਂ ਅਤੇ ਵਸਤੂਆਂ ਦਾ ਸਮੂਹ ਹੀ ਨਹੀਂ ਰਹਿ ਗਈ ਸੀ ਬਲਕਿ ਇਹ ਸ਼ਿਲਾ-ਲੇਖਾਂ, ਕਾਗਜ਼ਾਂ, ਫਾਇਲਾਂ, ਰਜਿਸਟਰਾਂ ਅਤੇ ਨਕਸ਼ਿਆਂ ਦਾ ਇੱਕ ਪ੍ਰਣਾਲੀ-ਬੱਧ ਸਿਸਟਮ ਵੀ ਬਣ ਗਈ ਸੀ। ਇਹ ਸੂਚਨਾ/ਜਾਣਕਾਰੀ ਦਾ ਇੱਕ ਨਵਾਂ ਅਤੇ ਜ਼ਿਆਦਾ ਤਾਕਤਵਰ ਨੈੱਟਵਰਕ ਸੀ ਜੋ ਕਾਗਜ਼, ਸਿਆਹੀ ਅਤੇ ਅਧਿਕਾਰੀ-ਵਰਗ ’ਤੇ ਨਿਰਭਰ ਸੀ। ਸਪਸ਼ਟ ਹੈ ਕਿ ਲਿਖਾਈ ਕਰ ਕੇ ਹੀ ਰੋਮਨ ਜਾਂ ਮੌਰੀਆ ਵਰਗੇ ਵਿਸ਼ਾਲ ਸਾਮਰਾਜ ਸੰਭਵ ਹੋ ਸਕੇ।
ਲਿਖਾਈ ਕਰਕੇ ਹੀ ਧਾਰਮਿਕ ਫ਼ਲਸਫਿਆਂ ਨੂੰ ਲਿਖਤੀ ਰੂਪ ਦਿੱਤਾ ਗਿਆ, ਜਿਨ੍ਹਾਂ ਨੇ ਅਣਗਿਣਤ ਲੋਕਾਂ ਨੂੰ ਆਪਸ ਵਿੱਚ ਜੋੜਿਆ ਹੋਇਆ ਸੀ। ਪਰ ਜਿਨ੍ਹਾਂ ਪਵਿੱਤਰ ਕਿਤਾਬਾਂ ਵਿੱਚ ਇਹ ਦਰਜ ਸਨ ਅਤੇ ਹੋਰ ਰਾਜਸੀ ਫ਼ਰਮਾਨ ਕੁਝ ਬੰਦਿਆਂ ਕੋਲ ਹੀ ਸਨ ਅਤੇ ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਸਨ। ਆਮ ਇਨਸਾਨਾਂ ਨੂੰ ਉਹੀ ਮੰਨਣਾ ਪੈਂਦਾ ਸੀ ਜੋ ਉਸਦੇ ਧਰਮ ਦੇ ਲੀਡਰ ਜਾਂ ਰਾਜੇ ਦੇ ਅਧਿਕਾਰੀ ਉਨ੍ਹਾਂ ਨੂੰ ਦੱਸਦੇ ਸਨ। ਗਿਆਨ ਕੁਝ ਖਾਸ ਗਿਰਜਿਆਂ, ਮਠਾਂ, ਮੰਦਰਾਂ ਅਤੇ ਪੁਸਤਕਾਂ ਵਿੱਚ ਬੰਦ ਹੋ ਗਿਆ। ਲਿਖਾਈ ਦੀ ਕਲਾ ਨੇ ਜਾਣਕਾਰੀ ਨੂੰ ਅਮਰ ਜ਼ਰੂਰ ਬਣਾ ਦਿੱਤਾ, ਪਰ ਨਾਲ ਹੀ ਇਸ ਨੂੰ ਕੁਝ ਚੋਣਵੇਂ ਲੋਕਾਂ ਦੀ ਇਜਾਰੇਦਾਰੀ ਬਣਾ ਦਿੱਤਾ। ਕਿਸੇ ਕਿਤਾਬ ਦੀ ਨਕਲ ਕਰਨਾ ਬਹੁਤ ਮਹਿੰਗਾ ਅਤੇ ਮਿਹਨਤ ਦਾ ਕੰਮ ਸੀ। ਇਸ ਲਈ ਕਿਤਾਬਾਂ ਬਹੁਤ ਥੋੜ੍ਹੀਆਂ ਅਤੇ ਬਹੁਤ ਮਹਿੰਗੀਆਂ ਸਨ। ਨਾ-ਬਰਾਬਰੀ ਅਤੇ ਸਮਾਜਿਕ ਵਰਗੀਕਰਨ ਪੈਦਾ ਵੀ ਹੋਏ ਅਤੇ ਪੱਕੇ ਵੀ ਹੁੰਦੇ ਗਏ। ਹਜ਼ਾਰਾਂ ਸਾਲ ਜਨ-ਸਧਾਰਨ ਇਹ ਸਭ ਸਹਿੰਦੇ ਰਹੇ ਅਤੇ ਦੁਨੀਆ ਬਹੁਤ ਹੀ ਮੱਠੀ ਚਾਲ ਨਾਲ ਚਲਦੀ ਰਹੀ। ਪਰ ਫਿਰ ਇੱਕ ਮਸ਼ੀਨ ਨੇ ਸਭ ਕੁਝ ਬਦਲ ਦਿੱਤਾ।
3. ਛਪਾਈ ਦਾ ਖੋਜ
15ਵੀਂ ਸਦੀ ਵਿੱਚ ਜਰਮਨੀ ਵਿੱਚ ਬਣਾਈ ਗੁਟਿਨਬਰਗ ਦੀ ਪ੍ਰਿੰਟਿੰਗ ਪ੍ਰੈੱਸ ਨੇ ਸੂਚਨਾ/ਜਾਣਕਾਰੀ ਦੇ ਨੈੱਟਵਰਕ ਨੂੰ ਹਮੇਸ਼ਾ ਲਈ ਬਦਲ ਦਿੱਤਾ। ਇਹ ਮਸ਼ੀਨ ਇੱਕ ਐਸੀ ਕ੍ਰਾਂਤੀ ਸੀ, ਜਿਸਨੇ ਜੋ ਗਿਆਨ ਪਹਿਲਾਂ ਗਿਰਜਿਆਂ, ਮਠਾਂ ਅਤੇ ਰਾਜ-ਮਹਿਲਾਂ ਵਿੱਚ ਕੈਦ ਸੀ, ਉਸ ਨੂੰ ਆਮ ਆਦਮੀ ਤਕ ਪਹੁੰਚਾ ਦਿੱਤਾ। ਇਸਦਾ ਸਭ ਤੋਂ ਪਹਿਲਾ ਅਤੇ ਸਭ ਤੋਂ ਵੱਧ ਅਸਰ ਧਰਮ ’ਤੇ ਪਿਆ ਪਰ ਇਹ ਪ੍ਰਭਾਵ ਧਰਮ ਤਕ ਸੀਮਿਤ ਨਹੀਂ ਰਿਹਾ। ਵਿਗਿਆਨ ਦੀ ਦੁਨੀਆ ਵਿੱਚ ਵੀ ਕੌਪਰਨਿਕਸ, ਗੈਲਿਲਿਓ, ਨਿਊਟਨ ਵਰਗੇ ਵਿਗਿਆਨੀਆਂ ਦੇ ਵਿਚਾਰ ਕਿਤਾਬਾਂ ਦੇ ਰੂਪ ਵਿੱਚ ਛਪ ਕੇ ਪੂਰੇ ਯੂਰਪ ਦੇ ਵਿਗਿਆਨੀਆਂ ਤਕ ਪਹੁੰਚਣ ਲੱਗੇ। ਇਸੇ ਕਾਰਨ ਵਿਗਿਆਨਿਕ ਕ੍ਰਾਂਤੀ ਸੰਭਵ ਹੋ ਸਕੀ, ਜਿਸਨੇ ਸਾਨੂੰ ਬ੍ਰਹਿਮੰਡ ਦੇ ਨਿਯਮਾਂ ਨੂੰ ਸਮਝਣ ਦੀ ਤਾਕਤ ਦਿੱਤੀ।
ਇਸ ਮਸ਼ੀਨ ਨੇ ਧਰਮ ਨੂੰ ਚੁਣੌਤੀ ਦਿੱਤੀ, ਵਿਗਿਆਨ ਨੂੰ ਜਨਮ ਦਿੱਤਾ ਅਤੇ ਰਾਸ਼ਟਰਾਂ ਦਾ ਨਿਰਮਾਣ ਕੀਤਾ। ਜਾਣਕਾਰੀ ਦੇ ਨੈੱਟਵਰਕ ਨੇ ਹੋਰ ਕ੍ਰਾਂਤੀਆਂ ਨੂੰ ਜਨਮ ਦਿੱਤਾ, ਜਿਵੇਂ ਕਿ ਅਮਰੀਕੀ ਅਤੇ ਫ਼ਰਾਂਸੀਸੀ ਕ੍ਰਾਂਤੀਆਂ। ਆਜ਼ਾਦੀ, ਬਰਾਬਰੀ, ਭਾਈਚਾਰੇ ਵਰਗੇ ਵਿਚਾਰ ਪੁਸਤਕਾਂ ਰਾਹੀਂ ਹੀ ਫੈਲੇ ਅਤੇ ਇਨ੍ਹਾਂ ਨੇ ਹੀ ਲੋਕਾਂ ਨੂੰ ਰਾਜਾ-ਸ਼ਾਹੀ ਵਿਰੁੱਧ ਲਾਮ-ਬੰਦ ਕੀਤਾ। ਇਸਦੇ ਨਾਲ ਹੀ ਰਾਸ਼ਟਰਵਾਦ ਦੀ ਭਾਵਨਾ ਦਾ ਜਨਮ ਹੋਇਆ। ਪਰ ਕਿਤਾਬਾਂ ਆਦਿ ਦਾ ਲਾਭ ਵੀ ਸਮਾਜ ਦੇ ਉੱਚ ਵਰਗਾਂ ਅਤੇ ਸ਼ਹਿਰਾਂ ਤਕ ਹੀ ਸੀਮਿਤ ਰਿਹਾ। ਨਾਲ ਹੀ ਇਸ ਨਵੇਂ ਨੈੱਟਵਰਕ ਦੀਆਂ ਹੋਰ ਵੀ ਚੁਣੌਤੀਆਂ ਸਨ। ਹੁਣ ਕੋਈ ਕੁਝ ਵੀ ਛਾਪ ਸਕਦਾ ਸੀ। ਸੱਚ ਦੇ ਨਾਲ ਨਾਲ ਝੂਠ ਦਾ ਪਰਚਾਰ ਵੀ ਉੰਨੀ ਹੀ ਤੇਜ਼ੀ ਨਾਲ ਫੈਲਾਇਆ ਜਾ ਸਕਦਾ ਸੀ। ਭਾਵੇਂ ਜਾਣਕਾਰੀ ਹੁਣ ਤੇਜ਼ੀ ਨਾਲ ਫੈਲ ਸਕਦੀ ਸੀ ਪਰ ਫਿਰ ਵੀ ਉਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਿੱਚ ਸਮਾਂ ਲਗਦਾ ਸੀ। (ਉਦਾਹਰਨ ਵਜੋਂ ਰਾਸ਼ਟਰਪਤੀ ਲਿੰਕਨ ਦੀ ਹੱਤਿਆ ਦੀ ਖ਼ਬਰ ਯੂਰਪ ਵਿੱਚ 12 ਦਿਨਾਂ ਬਾਅਦ ਪਹੁੰਚੀ ਸੀ)। ਇਸ ਸੀਮਾ ਨੂੰ ਖਤਮ ਕਰਨ ਲਈ ਇੱਕ ਹੋਰ ਮਹੱਤਵਪੂਰਣ ਤਕਨਾਲੋਜੀ ਦੀ ਜ਼ਰੂਰਤ ਸੀ ਜੋ ਜਾਣਕਾਰੀ ਨੂੰ ਤੇਜ਼ ਰਫ਼ਤਾਰ ਦੇ ਸਕੇ।
4. ਟੈਲੀਗ੍ਰਾਫ, ਟੈਲੀਫ਼ੋਨ, ਰੇਡੀਓ ਤੋਂ ਇੰਟਰਨੈੱਟ।
ਫਿਰ 19ਵੀਂ ਸਦੀ ਵਿੱਚ ਇਨਸਾਨ ਨੇ ਬਿਜਲੀ ਨੂੰ ਕਾਬੂ ਕਰਨਾ ਸਿੱਖ ਲਿਆ ਅਤੇ ਇਸਦੀ ਵਰਤੋਂ ਕਰਕੇ ਟੈਲੀਗ੍ਰਾਫ ਦੀ ਕਾਢ ਕੱਢੀ। ਸੂਚਨਾ ਤਾਰਾਂ ਰਾਹੀਂ, ਚਾਨਣ ਦੀ ਗਤੀ ਨਾਲ ਹਜ਼ਾਰਾਂ ਕਿਲੋਮੀਟਰ ਦਾ ਸਫਰ ਕਰ ਸਕਦੀ ਸੀ। ਜਲਦੀ ਬਾਅਦ ਹੀ ਟੈਲੀਫ਼ੋਨ ਦਾ ਆਵਿਸ਼ਕਾਰ (ਇਜਾਦ) ਹੋ ਗਿਆ, ਜਿਸਨੇ ਮਨੁੱਖੀ ਆਵਾਜ਼ ਨੂੰ ਤਾਰਾਂ ਰਾਹੀਂ ਭੇਜਣਾ ਸੰਭਵ ਬਣਾਇਆ। ਟੈਲੀਵਿਜ਼ਨ ਨੇ ਆਵਾਜ਼ ਹੀ ਨਹੀਂ ਸਗੋਂ ਤਸਵੀਰਾਂ ਨੂੰ ਵੀ ਲੋਕਾਂ ਤਕ ਪਹੁੰਚਾਇਆ। ਹੁਣ ਦੁਨੀਆਂ ਦੇ ਕਿਸੇ ਇੱਕ ਕੋਨੇ ਵਿੱਚ ਹੋ ਰਹੀ ਘਟਨਾ ਦੀ ਖ਼ਬਰ ਅਤੇ ਤਸਵੀਰਾਂ ਤੁਰੰਤ ਪੂਰੀ ਦੁਨੀਆ ਵਿੱਚ ਪਹੁੰਚ ਜਾਂਦੀਆਂ ਹਨ। ਇਸ ਨਾਲ ਸਾਡੇ ਆਵਾਜਾਈ ਅਤੇ ਢੋਅ-ਢੁਆਈ ਦੇ ਸਿਸਟਮ ਹੋਰ ਮਜ਼ਬੂਤ ਹੋਏ। ਵਪਾਰ ਵਿੱਚ ਵਾਧਾ ਹੋਇਆ।
5. ਡਿਜਿਟਲ ਯੁਗ, ਇੰਟਰਨੈੱਟ ਅਤੇ ਏ.ਆਈ।
20ਵੀਂ ਸਦੀ ਦੇ ਅਖੀਰ ਵਿੱਚ ਇੱਕ ਐਸੀ ਤਕਨੌਲੋਜੀ ਦਾ ਵਿਕਾਸ ਹੋਇਆ ਜੋ ਹਰ ਸੂਚਨਾ ਦਾ ਪਰਸਾਰ ਕਰਨ ਤੋਂ ਇਲਾਵਾ ਇਸ ਨੂੰ ਬਣਾਉਣ ਦੀ ਸ਼ਕਤੀ ਵੀ ਰੱਖਦੀ ਸੀ। ਪਿਛਲੀਆਂ ਕ੍ਰਾਂਤੀਆਂ ਹਨ, ਭਾਵੇਂ ਉਹ ਲਿਖਾਈ ਹੋਵੇ, ਪ੍ਰਿੰਟਿੰਗ ਹੋਵੇ ਜਾਂ ਬਿਜਲੀ ਦਾ ਜਾਲ ਹੋਵੇ, ਜਾਣਕਾਰੀ ਦੇ ਪ੍ਰਵਾਹ ਨੂੰ ਤੇਜ਼ ਅਤੇ ਵਿਸ਼ਵ-ਵਿਆਪੀ ਬਣਾਇਆ। ਪਰ ਉਨ੍ਹਾਂ ਨੂੰ ਬਣਾਉਣ ਅਤੇ ਵਿਆਪਕ ਪੱਧਰ ’ਤੇ ਪਰਸਾਰ ਕਰਨ ਦਾ ਕੰਮ ਕੁਝ ਕੁ ਲੋਕਾਂ ਦੇ ਹੱਥਾਂ ਵਿੱਚ ਸੀ। ਚਾਹੇ ਉਹ ਪੁਜਾਰੀ-ਵਰਗ ਹੋਵੇ, ਪ੍ਰਕਾਸ਼ਕ ਹੋਣ ਜਾਂ ਮੀਡੀਆ ਹਾਊਸ ਹੋਣ - ਆਮ ਆਦਮੀ ਇੱਕ ਵਰਤੋਂਕਾਰ ਸੀ। ਫਿਰ ਇੰਟਰਨੈੱਟ ਆਇਆ ਜਿਸ ਰਾਹੀਂ ਕੋਈ ਵੀ, ਕਦੇ ਵੀ ਆਪਣੀ ਗੱਲ ਸਾਰੀ ਦੁਨੀਆ ਤਕ ਪਹੁੰਚਾ ਸਕਦਾ ਸੀ। ਵਿਕੀਪੀਡੀਆ ਨੇ ਦੁਨੀਆਂ ਦੇ ਸਭ ਤੋਂ ਵੱਡੇ ਵਿਸ਼ਵ-ਕੋਸ਼ ਨੂੰ ਸਭ ਲਈ ਮੁਫਤ ਕਰ ਦਿੱਤਾ। ਗੂਗਲ ਨੇ ਦੁਨੀਆਂ ਦੀ ਕਿਸੇ ਵੀ ਜਾਣਕਾਰੀ ਦੀ ਇੱਕ ਸਕਿੰਟ ਵਿੱਚ ਖੋਜ ਕਰਨੀ ਸੰਭਵ ਬਣਾ ਦਿੱਤੀ। ਯੂ-ਟਿਊਬ ਨੇ ਸਿੱਖਣ ਅਤੇ ਸਿਖਾਉਣ ਦੇ ਤਰੀਕੇ ਨੂੰ ਬਦਲ ਦਿੱਤਾ। ਪਰ ਜਿਵੇਂ ਕਿ ਡਾ. ਹਰਾਰੀ ਸਾਨੂੰ ਚਿਤਾਵਣੀ ਦਿੰਦੇ ਹਨ ਕਿ ਹਰ ਨਵੇਂ ਸੂਚਨਾ-ਜਾਲ ਦਾ ਵਿਕਾਸ ਆਪਣੇ ਨਾਲ ਨਵੇਂ ਖ਼ਤਰੇ ਲੈ ਕੇ ਆਉਂਦਾ ਹੈ। ਨਵੀਂ ਸੂਚਨਾ ਤਕਨੌਲੋਜੀ ਸੱਚ ਅਤੇ ਝੂਠ ਵਿਚਲਾ ਫਰਕ ਮਿਟਾ ਰਹੀ ਹੈ। ਝੂਠੀਆਂ ਖ਼ਬਰਾਂ, ਗਲਤ ਜਾਣਕਾਰੀ ਅਤੇ ਭੰਡੀ-ਪ੍ਰਚਾਰ ਤੇਜ਼ੀ ਨਾਲ ਫੈਲ ਰਹੇ ਹਨ। ਪਹਿਲਾਂ ਜਾਣਕਾਰੀ ਨੂੰ ਦਰੁਸਤ ਕਰਨ ਲਈ ਸੰਪਾਦਕ ਅਤੇ ਪੱਤਰਕਾਰ ਹੁੰਦੇ ਸਨ। ਪਰ ਹੁਣ ਇੱਕ ਝੂਠੀ ਖ਼ਬਰ ਵੀ ਉੰਨੀ ਹੀ ਤੇਜ਼ੀ ਨਾਲ ਫੈਲਦੀ ਹੈ, ਜਿੰਨੀ ਕਿ ਸੱਚੀ, ਬਲਕਿ ਉਸ ਤੋਂ ਵੀ ਜ਼ਿਆਦਾ ਤੇਜ਼ੀ ਨਾਲ, ਕਿਉਂਕਿ ਉਹ ਸਾਡੀਆਂ ਭਾਵਨਾਵਾਂ ਨੂੰ ਵੱਧ ਉਤੇਜਿਤ ਕਰਦੀ ਹੈ। ਅਸੀਂ ਸਿਰਫ ਉਹੀ ਵਿਚਾਰ ਸੁਣਦੇ ਹਾਂ, ਜਿਨ੍ਹਾਂ ਨਾਲ ਅਸੀਂ ਪਹਿਲਾਂ ਤੋਂ ਹੀ ਸਹਿਮਤ ਹੁੰਦੇ ਹਾਂ।
ਇਸ ਤਰ੍ਹਾਂ ਦੀ ਸੂਚਨਾ ਬਣਾਉਣ ਵਾਲੀਆਂ ਕੰਪਨੀਆਂ ਸਿਰਫ ਸਾਨੂੰ ਹੀ ਜਾਣਕਾਰੀ ਨਹੀਂ ਦਿੰਦੀਆਂ ਬਲਕਿ ਸਾਡੇ ਬਾਰੇ ਵੀ ਲਗਾਤਾਰ ਜਾਣਕਾਰੀ ਇਕੱਠੀ ਕਰਦੀਆਂ ਹਨ। ਅਸੀਂ ਕੀ ਪਸੰਦ ਕਰਦੇ ਹਾਂ? ਕੀ ਚਾਹੁੰਦੇ ਹਾਂ? ਕਿਸ ਵੀਡੀਓ ’ਤੇ ਕਿੰਨੀ ਦੇਰ ਰੁਕਦੇ ਹਾਂ? ਹਰ ਇੱਕ ਕਲਿੱਕ ਨੂੰ ਰਿਕਾਰਡ ਕੀਤਾ ਜਾ ਰਿਹਾ ਹੈ। ਇਸ ‘ਬਿੱਗ ਡੇਟਾ’ ਦਾ ਵਿਸ਼ਲੇਸ਼ਣ ਕਰਕੇ ਏ.ਆਈ ਅਧਾਰਿਤ ‘ਅਲਗੋਰਿਦਮ’ ਸਾਡਾ ਪ੍ਰੋਫਾਈਲ ਬਣਾਉਂਦੇ ਹਨ। ਉਹ ਸਾਨੂੰ ਸਾਡੇ ਤੋਂ ਬਿਹਤਰ ਜਾਣਦੇ ਹਨ ਕਿ ਸਾਨੂੰ ਕੀ ਪਸੰਦ ਹੈ। ਸਾਡੇ ਰਾਜਨੀਤਕ ਵਿਚਾਰ ਕੀ ਹਨ ਅਤੇ ਸਾਡਾ ਅਗਲਾ ਕਦਮ ਕੀ ਹੋ ਸਕਦਾ ਹੈ। ਫਿਰ ਉਹ ਸਾਨੂੰ ਓਹੀ ਗੱਲਾਂ ਦਿਖਾਉਂਦੇ ਹਨ, ਜੋ ਸਾਨੂੰ ਹੋਰ ਜ਼ਿਆਦਾ ਉਕਸਾਉਣ ਅਤੇ ਸਾਨੂੰ ਹੋਰ ਜ਼ਿਆਦਾ ਕਲਿੱਕ ਕਰਨ ਲਈ ਮਜਬੂਰ ਕਰਨ। ਜਾਣਕਾਰੀ ਦਾ ਨੈੱਟਵਰਕ ਹੁਣ ਸਿਰਫ ਇਨਸਾਨਾਂ ਦੁਆਰਾ ਹੀ ਨਹੀਂ ਬਲਕਿ ਏ.ਆਈ-ਯੁਕਤ ਮਸ਼ੀਨਾਂ ਦੁਆਰਾ ਚਲਾਇਆ ਜਾ ਰਿਹਾ ਹੈ। ਅਸੀਂ ਉਸ ਯੁਗ ਵਿੱਚ ਪੁੱਜ ਗਏ ਹਾਂ ਜਿੱਥੇ ਇਨਸਾਨੀ ਧਿਆਨ ਹੀ ਸਭ ਤੋਂ ਮਹੱਤਵਪੂਰਨ ਕਰੰਸੀ ਹੈ ਅਤੇ ਵਿਸ਼ਾਲ ਕੰਪਨੀਆਂ ਅਤੇ ਸਰਕਾਰਾਂ ਇਸ ਕਰੰਸੀ ਨੂੰ ਖੋਹਣ ਲਈ ਸਾਡੀਆਂ ਭਾਵਨਾਵਾਂ ਅਤੇ ਕਮਜ਼ੋਰੀਆਂ ਦਾ ਫਾਇਦਾ ਉਠਾ ਰਹੀਆਂ ਹਨ। ਏ.ਆਈ ਹੁਣ ਲੇਖ ਲਿਖ ਸਕਦਾ ਹੈ, ਤਸਵੀਰਾਂ ਬਣਾ ਸਕਦਾ ਹੈ, ਸੰਗੀਤ ਤਿਆਰ ਕਰ ਸਕਦਾ ਹੈ। ਜਦੋਂ ਏ.ਆਈ ਕਿਸੇ ਇਨਸਾਨ ਦੀ ਆਵਾਜ਼ ਅਤੇ ਚਿਹਰੇ ਦੀ ਹੂ-ਬ-ਹੂ ਨਕਲ ਕਰ ਸਕਦਾ ਹੈ, ਤਾਂ ਅਸੀਂ ਆਪਣੇ ਦੋਸਤਾਂ ਅਤੇ ਨੇਤਾਵਾਂ ਉੱਤੇ ਕਿਵੇਂ ਭਰੋਸਾ ਕਰ ਸਕਾਂਗੇ? ਭਰੋਸੇ ਟੁੱਟ ਰਹੇ ਹਨ। ਅਸੀਂ ਇੱਕ ਅਜਿਹਾ ਜਾਲ ਬੁਣ ਲਿਆ ਹੈ ਜੋ ਹੁਣ ਸਾਨੂੰ ਹੀ ਕੰਟ੍ਰੋਲ ਕਰਨ ਦੀ ਸਮਰੱਥਾ ਰੱਖਦਾ ਹੈ। ਜਾਣਕਾਰੀ ਦੇ ਜਾਲਾਂ ਨੇ ਮਨੁੱਖ ਨੂੰ ਸ਼ਕਤੀਸ਼ਾਲੀ ਬਣਾਇਆ ਹੈ। ਪਰ ਇਹੀ ਜਾਲ ਮਨੁੱਖੀ ਆਜ਼ਾਦੀ, ਲੋਕਤੰਤਰ ਅਤੇ ਸੱਚ ਲਈ ਖ਼ਤਰਾ ਬਣ ਸਕਦੇ ਹਨ। ਭਵਿੱਖ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਏ ਆਈ ਅਤੇ ਡਿਜਿਟਲ ਜਾਲਾਂ ਨੂੰ ਕਿਵੇਂ ਕੰਟ੍ਰੋਲ ਕਰਦੇ ਹਾਂ।
6. ਕਿਤਾਬ ਦਾ ਸਾਰ-ਤੱਤ: ਸਾਡੇ ਭਵਿੱਖ ਦੀਆਂ ਚੁਣੌਤੀਆਂ।
ਯੂਵਾਲ ਨੋਆ ਹਰਾਰੀ ਦੀ ਕਿਤਾਬ (ਨੈਕਸਜ਼) ਦਾ ਸਾਰ ਇਹ ਹੈ ਕਿ ਮਨੁੱਖੀ ਇਤਿਹਾਸ ਦੀ ਕੁੰਜੀ ਇਹ ਸਮਝਣ ਵਿੱਚ ਹੈ ਕਿ ਪਹਿਲੇ ਸਮਿਆਂ ਵਿੱਚ ਜਾਣਕਾਰੀ ਦੇ ਨੈੱਟਵਰਕ ਕਿਵੇਂ ਵਿਕਸਿਤ ਹੋਏ। ਆਪਣੇ ਸਮਿਆਂ ਵਿੱਚ ਉਨ੍ਹਾਂ ਨੇ ਸੰਸਾਰ ਦੇ ਹੋਰ ਨੈੱਟਵਰਕਾਂ ਅਤੇ ਸਿਸਟਮਾਂ ’ਤੇ ਕੀ-ਕੀ ਪ੍ਰਭਾਵ ਪਾਏ? ਉਨ੍ਹਾਂ ਤੋਂ ਸਿੱਖਿਆ ਲੈ ਕੇ ਅਸੀਂ ਸਮਝੀਏ ਕਿ ਹੁਣ ਵਿਕਸਿਤ ਹੋਏ ਸੂਚਨਾ-ਜਾਲ ਸੰਸਾਰ ਨੂੰ ਕਿਵੇਂ ਪ੍ਰਭਾਵਿਤ ਕਰਨਗੇ। ਇਹ ਸਪਸ਼ਟ ਹੈ ਕਿ ਸਰਕਾਰ ਸਦਾ ਉਸ ਕੋਲ ਰਹੀ ਹੈ, ਜਿਸਨੇ ਇਨ੍ਹਾਂ ਨੈੱਟਵਰਕਾਂ ਨੂੰ ਕੰਟ੍ਰੋਲ ਕੀਤਾ ਹੈ। ਜੋ ਸਾਡਾ ਧਿਆਨ ਕੰਟ੍ਰੋਲ ਕਰੇਗਾ, ਓਹੀ ਸਾਡੀ ਸੋਚ ਨੂੰ ਕੰਟ੍ਰੋਲ ਕਰੇਗਾ ਅਤੇ ਜੋ ਸਾਡੀ ਸੋਚ ਨੂੰ ਕੰਟ੍ਰੋਲ ਕਰੇਗਾ, ਓਹੀ ਸਾਨੂੰ ਕੰਟ੍ਰੋਲ ਕਰੇਗਾ। ਅੱਜ ਅਸੀਂ ਇੱਕ ਦੁਰਾਹੇ ’ਤੇ ਖੜ੍ਹੇ ਹਾਂ। ਇੱਕ ਰਸਤਾ ਸਾਨੂੰ ਇੱਕ ਐਸੇ ਭਵਿੱਖ ਵਲ ਲੈ ਕੇ ਜਾ ਰਿਹਾ ਹੈ, ਜਿੱਥੇ ਏ.ਆਈ ਅਤੇ ਜਾਣਕਾਰੀ ਦੀ ਸਹੀ ਵਰਤੋਂ ਕਰਕੇ ਅਸੀਂ ਗਰੀਬੀ, ਬਿਮਾਰੀ, ਨਾ-ਬਰਾਬਰੀ ਅਤੇ ਜੰਗ ਵਰਗੀਆਂ ਸਮੱਸਿਆਵਾਂ ਦਾ ਹੱਲ ਲੱਭ ਸਕਦੇ ਹਾਂ। ਦੂਜਾ ਰਸਤਾ ਐਸੇ ਹਨੇਰੇ ਭਵਿੱਖ ਵੱਲ ਜਾਂਦਾ ਹੈ, ਜਿੱਥੇ ਸਾਡੇ ਲਈ ਸਾਰੇ ਫੈਸਲੇ ਲਗੋਰਿਦਮ ਅਤੇ ਏ.ਆਈ ਹੀ ਕਰਨਗੇ, ਜਿੱਥੇ ਸਾਡੀ ਆਜ਼ਾਦੀ ਇੱਕ ਧੋਖਾ ਬਣ ਕੇ ਰਹਿ ਜਾਏਗੀ ਅਤੇ ਅਸੀਂ ਆਪਣੀ ਹੀ ਬਣਾਈ ਹੋਈ ਤਕਨੌਲੋਜੀ ਦੇ ਗੁਲਾਮ ਬਣ ਜਾਵਾਂਗੇ। ਇੱਕ ਐਸੀ ਦੁਨੀਆ, ਜਿੱਥੇ ਐਸੀ ਡਿਜਿਟਲ ਤਾਨਾਸ਼ਾਹੀ ਦਾ ਉਭਾਰ ਹੋ ਰਿਹਾ ਹੈ, ਜੋ ਇਤਿਹਾਸ ਦੀ ਕਿਸੇ ਵੀ ਤਾਨਾ-ਸ਼ਾਹੀ ਨਾਲੋਂ ਵੱਧ ਖਤਰਨਾਕ ਹੋਵੇਗੀ, ਕਿਉਂਕਿ ਇਹ ਸਾਡੇ ਦਿਲਾਂ ਅਤੇ ਦਿਮਾਗਾਂ ਨੂੰ ਕੰਟ੍ਰੋਲ ਕਰੇਗੀ।
ਫਿਰ ਅਸੀਂ ਕੀ ਕਰੀਏ? ਸਭ ਤੋਂ ਪਹਿਲਾ ਕਦਮ ਹੈ ਜਾਗਰੂਕਤਾ, ਇਹ ਸਮਝਣਾ ਕਿ ਇਹ ਨੈੱਟਵਰਕ ਕਿਸ ਤਰ੍ਹਾਂ ਕੰਮ ਕਰਦੇ ਹਨ। ਜਦੋਂ ਵੀ ਆਪਾਂ ਆਪਣੇ ਮੋਬਾਇਲ ਦੀ ਵਰਤੋਂ ਕਰਦੇ ਹਾਂ ਤਾਂ ਆਪਣੇ-ਆਪ ਨੂੰ ਪੁੱਛੀਏ ਕਿ ਇਹ ਵੀਡੀਓ ਮੈਨੂੰ ਕਿਉਂ ਦਿਖਾਈ ਜਾ ਰਹੀ ਹੈ? ਇਸਦੇ ਪਿੱਛੇ ਕਿਸਦਾ ਅਤੇ ਕੀ ਮੰਤਵ ਹੈ? ਸਾਨੂੰ ਆਪਣੇ ਧਿਆਨ ਨੂੰ ਲੈ ਕੇ ਬਹੁਤ ਜ਼ਿਆਦਾ ਸਾਵਧਾਨ ਅਤੇ ਜਾਗਰੂਕ ਹੋਣ ਦੀ ਲੋੜ ਹੈ। ਸਾਨੂੰ ਜਾਣਕਾਰੀ ਦੇ ਵੱਖ-ਵੱਖ ਸਰੋਤਾਂ ਨੂੰ ਸਮਝਣਾ ਪਵੇਗਾ। ਸਾਨੂੰ ਆਪਣੇ ਤੋਂ ਅੱਡ ਵਿਚਾਰ ਰੱਖਣ ਵਾਲੇ ਲੋਕਾਂ ਨੂੰ ਵੀ ਸੁਣਨਾ ਚਾਹੀਦਾ ਹੈ ਅਤੇ ਕਿਸੇ ਗੱਲ ’ਤੇ ਅੱਖਾਂ ਬੰਦ ਕਰ ਕੇ ਵਿਸ਼ਵਾਸ ਕਰਨ ਦੀ ਬਜਾਏ ਸਵਾਲ ਪੁੱਛਣ ਦੀ ਆਦਤ ਪਾਉਣੀ ਚਾਹੀਦੀ ਹੈ। ਸਾਨੂੰ ਆਪਣੇ ਬੱਚਿਆਂ ਨੂੰ ਤਕਨੌਲੋਜੀ ਤੋਂ ਇਲਾਵਾ ਇਤਿਹਾਸ, ਰਾਜਨੀਤੀ, ਅਰਥ-ਸਾਸਤਰ, ਮਨੋ-ਵਿਗਿਆਨ ਵਰਗੇ ਵਿਸ਼ੇ ਪੜ੍ਹਾਉਣੇ ਪੈਣਗੇ ਤਾਂ ਜੋ ਉਹ ਸਮਝ ਸਕਣ ਕਿ ਇਹ ਦੁਨੀਆ ਕਿਵੇਂ ਕੰਮ ਕਰਦੀ ਹੈ। ਉਹ ਡਿਜਿਟਲ ਦੁਨੀਆਂ ਦੇ ਖ਼ਤਰਿਆਂ ਨੂੰ ਸਮਝ ਸਕਣ। ਖੇਡਾਂ ਅਤੇ ਅਧਿਆਤਮਵਾਦ ਵਲ ਮੁੜਨਾ ਪਵੇਗਾ ਅਤੇ ਆਪਣੇ ਸਮਾਜਿਕ ਨੈੱਟਵਰਕਾਂ ਦਾ ਘੇਰਾ ਵੱਡਾ ਅਤੇ ਤਕੜਾ ਕਰਨਾ ਪਵੇਗਾ।
(ਸੂਚਨਾ: ਇਸ ਲੇਖ ਵਿੱਚ ਦਿੱਤੇ ਸਾਰੇ ਵਿਚਾਰ ਡਾ. ਯੂਵਾਲ ਨੋਆ ਹਰਾਰੀ ਦੀ ਕਿਤਾਬ ‘Nexus: A Brief History of Information Networks from the Stone Age to AI’ ’ਤੇ ਆਧਾਰਿਤ ਹਨ। ਇਹ ਲੇਖ ਸਿਰਫ ਸਮੀਖਿਆ ਦੇ ਰੂਪ ਵਿੱਚ ਉਨ੍ਹਾਂ ਪ੍ਰਤੀ ਸਤਿਕਾਰ ਸਹਿਤ ਲਿਖਿਆ ਗਿਆ ਹੈ। ਮੂਲ ਕਿਤਾਬ ਅਤੇ ਇਸਦੇ ਕਾਪੀ-ਰਾਈਟ ਦੇ ਸਭ ਹੱਕ ਲੇਖਕ ਅਤੇ ਪ੍ਰਕਾਸ਼ਕ ਕੋਲ ਹਨ।)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (