“ਇਨ੍ਹਾਂ ਹਾਲਾਤ ਵਿੱਚ ਸਿਆਣਪ ਇਸ ਗੱਲ ਵਿੱਚ ਹੀ ਹੈ ਕਿ ਹੋਰ ਸੁਚੱਜੀਆਂ ...”
(13 ਜੁਲਾਈ 2026)
ਤਕਨਾਲੋਜੀਆਂ ਦੀ ਵਿਸ਼ੇਸ਼ਤਾ
ਹਰ ਯੁਗ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਅਤੇ ਆਪਣੇ ਇਸ ਯੁਗ ਦੀ ਇੱਕ ਖਾਸ ਵਿਸ਼ੇਸ਼ਤਾ ਹੈ ਕਿ ਤੇਜ਼ੀ ਨਾਲ ਵਿਕਸਿਤ ਹੋ ਰਹੀਆਂ ਨਵੀਂਆਂ ਤਕਨਾਲੋਜੀਆਂ, ਜਿਨ੍ਹਾਂ ਵਿੱਚੋਂ ਏ.ਆਈ (ਆਰਟੀਫੀਸ਼ਲ ਇੰਟੈਲੀਜੈਂਸ) ਖਾਸ ਹੈ। ਸਰਲ ਸ਼ਬਦਾਂ ਵਿੱਚ ਤਕਨਾਲੋਜੀਆਂ ਉਨ੍ਹਾਂ ਜੁਗਤਾਂ, ਵਿਧੀਆਂ, ਸੰਦਾਂ, ਜੰਤਰਾਂ, ਉਪਕਰਣਾਂ ਦੇ ਸਮੂਹਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਰਾਹੀਂ ਆਪਾਂ ਉਪਲਬਧ ਚੀਜ਼ਾਂ ਨੂੰ ਲੋੜੀਂਦੀਆਂ ਚੀਜ਼ਾਂ ਵਿੱਚ ਬਦਲ ਸਕਦੇ ਹਾਂ ਅਤੇ ਕੁਦਰਤੀ ਆਫਤਾਂ ਅਤੇ ਬਿਮਾਰੀਆਂ ਦੇ ਪਰਕੋਪਾਂ ਨੂੰ ਘਟਾ ਸਕਦੇ ਹਾਂ। ਕੱਚੇ ਕੁਦਰਤੀ ਸਾਧਨਾਂ ਨੂੰ ਵਰਤੋਂਯੋਗ ਬਣਾਉਣਾ ਜਾਂ ਬਣੀ ਹੋਈ ਵਸਤੂ ਤੋਂ ਅੱਗੇ ਹੋਰ ਵਸਤੂ ਬਣਾਉਣਾ ਅਤੇ ਕੱਪੜੇ ਤੋਂ ਸੂਟ ਬਣਾ ਲੈਣਾ, ਤਕਨਾਲੋਜੀਆਂ ਰਾਹੀਂ ਸੰਭਵ ਹੈ। ਉਦਾਹਰਨ ਵਜੋਂ ਸਾਹ ਲੈਣ ਵਾਲੀ ਹਵਾ ਤੋਂ ਬਗੈਰ, ਹੋਰ ਕਿਸੇ ਵੀ ਕੁਦਰਤੀ ਸਾਧਨ ਨੂੰ ਸਿੱਧੇ ਤੌਰ ’ਤੇ ਨਹੀਂ ਵਰਤਿਆ ਜਾ ਸਕਦਾ। ਇੱਥੋਂ ਤਕ ਕਿ ਪਾਣੀ ਨੂੰ ਵੀ ਕਿਸੇ ਨਦੀ-ਨਾਲੇ, ਝੀਲ-ਦਰਿਆ ਆਦਿ ਵਿੱਚੋਂ ਲਿਆਕੇ ਜਾਂ ਧਰਤੀ ਵਿੱਚੋਂ ਕੱਢ ਕੇ, ਵਰਤਣ ਲਈ ਤਕਨਾਲੋਜੀ ਦੀ ਲੋੜ ਹੈ। ਇਸੇ ਤਰ੍ਹਾਂ ਹੀ ਪਿਛਲੇ ਸਮੇਂ ਵਿੱਚ ਕੁਦਰਤੀ ਸਾਧਨ ‘ਅੱਗ’ ਦੀ ਵਰਤੋਂ ਕਰਨਾ ਵੀ ਤਕਨਾਲੋਜੀ ਸੀ। ਇਸ ਤੋਂ ਸਪਸ਼ਟ ਹੈ ਕਿ ਤਕਨਾਲੋਜੀਆਂ ਆਦਿ-ਕਾਲ ਤੋਂ ਹੀ ਮਨੁੱਖ ਨਾਲ ਜੁੜੀਆਂ ਹੋਈਆਂ ਹਨ ਅਤੇ ਬਹੁਤ ਲਾਭਦਾਇਕ ਸਿੱਧ ਹੋਈਆਂ ਹਨ। ਇਨ੍ਹਾਂ ਦੇ ਵਿਕਾਸ ਰਾਹੀਂ ਹੀ ਸਾਡੇ ਪੂਰਵਜ ਆਪਣੀ ਹੋਂਦ ਨੂੰ ਬਰਕਰਾਰ ਰੱਖ ਸਕੇ, ਜੀਵਨ ਨੂੰ ਸੁਖਾਲਾ ਬਣਾ ਸਕੇ ਅਤੇ ਹਰ ਪੱਖੋਂ ਤਰੱਕੀ ਕਰ ਸਕੇ। ਇਨ੍ਹਾਂ ਸਦਕਾ ਹੀ ਅੱਜ ਆਪਾਂ ਬੇਅੰਤ ਖੁਸ਼ਹਾਲੀਆਂ ਅਤੇ ਸਹੂਲਤਾਂ ਪ੍ਰਾਪਤ ਕਰ ਸਕੇ ਹਾਂ ਅਤੇ ਕੁਦਰਤੀ ਆਫਤਾਂ ਅਤੇ ਬਿਮਾਰੀਆਂ ਤੋਂ ਬਹੁਤ ਬਚਾ ਕਰ ਸਕੇ ਹਾਂ।
ਅੱਜਕੱਲ੍ਹ ਤਕਨਾਲੋਜੀ ਦੀ ਥਾਂ ‘ਤਕਨਾਲੋਜੀਆਂ’ ਸ਼ਬਦ ਇਸ ਲਈ ਵਰਤਿਆ ਜਾਣ ਲੱਗਾ ਹੈ ਕਿਉਂਕਿ ਇਨ੍ਹਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ ਰਿਹਾ ਅਤੇ ਇਹ ਗਿਣਤੀ ਸਮੇਂ ਨਾਲ ਵਧ ਰਹੀ ਹੈ। ਹਰ ਨਵੀਂ ਤਕਨਾਲੋਜੀ ਦਾ ਅਧਾਰ ਉਸ ਤੋਂ ਪਹਿਲੀਆਂ ਤਕਨਾਲੋਜੀਆਂ ਹੁੰਦਾ ਹੈ ਜਿਸ ਕਰਕੇ ਨਵੀਂ, ਪਹਿਲੀਆਂ ਤੋਂ ਵੱਧ ਪ੍ਰਭਾਵ-ਕਾਰੀ ਅਤੇ ਸਮੇਂ ਦੀ ਲੋੜ ਅਨੁਸਾਰ ਹੁੰਦੀ ਹੈ। ਇਨ੍ਹਾਂ ਵਿੱਚੋਂ ਕੁਝ ਵੱਧ ਕ੍ਰਾਂਤੀਕਾਰੀ, ਬਹੁ-ਪੱਖੀ ਅਤੇ ਜੁਗ-ਪਲਟਾਊ ਹੁੰਦੀਆਂ ਹਨ ਜੋ ਮਨੁੱਖੀ ਇਤਿਹਾਸ ਦਾ ਹੀ ਰੁਖ ਬਦਲ ਦਿੰਦੀਆਂ ਹਨ। ਇਸਦੀ ਇੱਕ ਉਦਾਹਰਨ ਭਾਫ ਦਾ ਇੰਜਣ ਹੈ, ਜੋ ਢਾਈ ਕੁ ਸੌ ਸਾਲ ਪਹਿਲਾਂ ਵਿਕਸਿਤ ਹੋਇਆ ਅਤੇ ਦੂਜੀ ਬਿਜਲੀ ਹੈ, ਜੋ ਡੇਢ ਕੁ ਸੌ ਸਾਲ ਪਹਿਲਾਂ ਵਿਕਸਿਤ ਹੋਈ। ਸਮਾਂ ਪਾ ਕੇ ਤਕਨਾਲੋਜੀਆਂ ਮਨੁੱਖੀ ਜ਼ਿੰਦਗੀ ਵਿੱਚ ਇੰਨੀਆਂ ਰਚ-ਮਿਚ ਜਾਂਦੀਆਂ ਹਨ ਕਿ ਆਪਾਂ ਨੂੰ ਇਨ੍ਹਾਂ ਦੀ ਹੋਂਦ ਦਾ ਅਹਿਸਾਸ ਹੋਣੋ ਹਟ ਜਾਂਦਾ ਹੈ। ਜਦੋਂ ਕੋਈ ਨਵੀਂ ਤਕਨਾਲੋਜੀ ਵਿਕਸਿਤ ਹੋ ਜਾਂਦੀ ਹੈ ਤਾਂ ਪਹਿਲੀਆਂ ਆਮ ਕਰ ਕੇ ਪਿੱਠ-ਭੂਮੀ ਵਿੱਚ ਚਲੀਆਂ ਜਾਂਦੀਆਂ ਹਨ। ਅੱਜ ਆਪਾਂ ਬਿਜਲੀ ਦੀ ਗੱਲ ਨਹੀਂ ਕਰਦੇ ਅਤੇ ਨਾਂ ਕੋਈ ਲੇਖਕ ਇਨ੍ਹਾਂ ਬਾਰੇ ਲੇਖ ਲਿਖਦਾ ਹੈ, ਕਿਉਂਕਿ ਅੱਜ ਦੀ ਨਵੀਂ ਤਕਨਾਲੋਜੀ ਏ.ਆਈ ਨੇ ਇਸ ਨੂੰ ਪਿਛਾਂਹ ਕਰ ਦਿੱਤਾ ਹੈ। ਹਾਲਾਂਕਿ ਬਿਜਲੀ ਵੀ ਮਹੱਤਵਪੂਰਨ ਤਕਨਾਲੋਜੀ ਹੈ; ਇਹ ਏ.ਆਈ ਦੀ ਜਨਨੀ ਹੀ ਨਹੀਂ ਸਗੋਂ ਇਸਦੀ ਹੋਂਦ ਨੂੰ ਬਰਕਰਾਰ ਰੱਖਣ ਵਾਲੀ ਜੀਵਨ-ਸ਼ਕਤੀ ਹੈ।
ਏ.ਆਈ ਦਾ ਤੇਜ਼ੀ ਨਾਲ ਵਾਧਾ ਇਸ ਸਦੀ ਦੇ ਸ਼ੁਰੂ ਵਿੱਚ ਹੀ ਹੋਇਆ ਹੈ ਅਤੇ ਅੱਜ ਇਸਦੀ ਚਰਚਾ (ਕੁ-ਚਰਚਾ) ਹੀ ਵੱਧ ਹੈ। ਇਸਦੇ ਹਾਮੀ ਇਸਦੀਆਂ ਸਿਫਤਾਂ ਕਰਦੇ ਹੋਏ ਦਾਅਵੇ ਕਰਦੇ ਹਨ ਕਿ ਇਹ ਸੰਸਾਰ ਦੀਆਂ ਲਗਭਗ ਸਭ ਸਮੱਸਿਆਵਾਂ ਦਾ ਹੱਲ ਕਰ ਦੇਵੇਗੀ। ਆਲੋਚਕ ਇਸਦੀ ਆਲੋਚਨਾ ਕਰਦੇ ਹੋਏ ਇੱਥੋਂ ਤਕ ਕਹਿੰਦੇ ਹਨ ਕਿ ਇਹ ਮਨੁੱਖੀ ਹੋਂਦ ਲਈ ਹੀ ਖਤਰਾ ਬਣ ਜਾਵੇਗੀ। ਇਨ੍ਹਾਂ ਚਰਚਾਵਾਂ ਦੇ ਬਾਵਜੂਦ ਇਹ ਗੱਲ ਪੱਕੀ ਹੈ ਕਿ ਅੱਜ ਇਹ ਸਾਡੇ ਨਿੱਜੀ ਜੀਵਨ ਤੋਂ ਲੈ ਕੇ ਸੰਸਾਰ ਦੇ ਹਰ ਖੇਤਰ ਵਿੱਚ ਛਾਈ ਹੋਈ ਹੈ। ਇਸ ਨੂੰ ਤਕਨਾਲੋਜੀਆਂ ਦੀ ਸਿਰਮੌਰ ਗਰਦਾਨਿਆ ਜਾ ਰਿਹਾ ਹੈ ਅਤੇ ਕਈਆਂ ਚਿੰਤਕਾਂ ਵੱਲੋਂ ਇਸ ਨੂੰ ‘ਤਕਨਾਲੋਜੀਆਂ ਦੀ ਤਕਨਾਲੋਜੀ’ ਕਿਹਾ ਜਾ ਰਿਹਾ ਹੈ।
ਤਕਨਾਲੋਜੀਆਂ ਦੀ ਦੁਰਵਰਤੋਂ
ਸੰਸਾਰ ਦਾ ਇਤਿਹਾਸ ਅਤੇ ਮੌਜੂਦਾ ਹਾਲਾਤ ਇਸ ਗੱਲ ਦਾ ਪਰਤੱਖ ਪਰਮਾਣ ਹਨ ਕਿ ਤਕਨਾਲੋਜੀਆਂ ਦੇ ਲਾਭ ਸਭ ਨੂੰ ਨਹੀਂ ਪਹੁੰਚਦੇ ਅਤੇ ਨਾ ਹੀ ਇਨ੍ਹਾਂ ਨੇ ਮਨੁੱਖ ਨੂੰ ਇਕੱਲੇ ਲਾਭ ਹੀ ਪਹੁੰਚਾਏ ਹਨ। ਇਨ੍ਹਾਂ ਦੇ ਅਨੇਕਾਂ ਪ੍ਰਕਾਰ ਦੇ ਮੰਦੇ ਪ੍ਰਭਾਵ ਵੀ ਹੋਏ ਹਨ। ਇਸ ਬਾਰੇ ਡੈਰਨ ਐਸੀਮੋਗਲੂ ਅਤੇ ਸਾਈਮਨ ਜਾਨਸਨ ਆਪਣੀ ਕਿਤਾਬ ‘Power and Progress (2023)’ ਵਿੱਚ ਵਿਸਥਾਰ ਨਾਲ ਚਰਚਾ ਕਰਦੇ ਹਨ। ਇਨ੍ਹਾਂ ਦੀਆਂ ਕਾਢਾਂ ਅਤੇ ਇਨ੍ਹਾਂ ਦੇ ਵਿਕਾਸ ਦਾ ਕੰਮ ਸ਼ੁਰੂ ਤੋਂ ਹੀ ਸਮਾਜ ਦੇ ਕਾਬਜ਼ ਵਰਗਾਂ ਦੇ ਹੱਥਾਂ ਵਿੱਚ ਰਿਹਾ ਹੈ ਅਤੇ ਬਹੁਤਾ ਕਰ ਕੇ ਉਨ੍ਹਾਂ ਦੀਆਂ ਜ਼ਰੂਰਤਾਂ ਲਈ ਅਤੇ ਮਰਜ਼ੀ ਅਨੁਸਾਰ ਹੀ ਹੁੰਦਾ ਰਿਹਾ ਹੈ। ਉਹ ਅੱਡ-ਅੱਡ ਤਰੀਕਿਆਂ ਨਾਲ ਇਨ੍ਹਾਂ ਰਾਹੀਂ ਜਨ-ਸਧਾਰਨ ਦਾ ਸ਼ੋਸ਼ਣ ਕਰਦੇ ਰਹੇ ਹਨ। ਇਸਦੇ ਬਾਵਜੂਦ ਤਕਨਾਲੋਜੀਆਂ ਨੂੰ ਛੱਡਣਾ ਸੰਭਵ ਨਹੀਂ ਅਤੇ ਨਾ ਹੀ ਇਸ ਤਰ੍ਹਾਂ ਕਰਨਾ ਇਨ੍ਹਾਂ ਦੇ ਮੰਦੇ ਪ੍ਰਭਾਵਾਂ ਤੋਂ ਬਚਣ ਦਾ ਕੋਈ ਉਪਾਓ ਹੈ। ਇਹ ਮਨੁੱਖੀ ਜੀਵਨ ਦਾ ਅਧਾਰ ਅਤੇ ਬਹੁ-ਪੱਖੀ ਵਿਕਾਸ ਦਾ ਮੁੱਖ ਸਾਧਨ ਬਣ ਚੁੱਕੀਆਂ ਹਨ ਅਤੇ ਇਨ੍ਹਾਂ ਤੋਂ ਬਗੈਰ ਗੁਜ਼ਾਰਾ ਸੰਭਵ ਨਹੀਂ, ਕਿਉਂਕਿ ਇਹ ਸਭ ਪਦਾਰਥਿਕ ਸਹੂਲਤਾਂ ਦਾ ਅਧਾਰ ਹਨ।
ਅੱਜ ਵੀ ਇਨ੍ਹਾਂ ਦੀਆਂ ਇਜਾਰੇਦਾਰੀਆਂ (Monopolies) ਸੰਸਾਰ ਦੇ ਚਤਰ ਬੁੱਧੀਮਾਨਾਂ, ਆਰਥਿਕ ਅਤੇ ਰਾਜਨੀਤਕ ਪੱਖੋਂ ਪ੍ਰਭਾਵਸ਼ਾਲੀ ਪਰ ਯਥਾਰਥ-ਵਿਹੀਨ ਵਰਗ ਦੇ ਕਬਜ਼ੇ ਵਿੱਚ ਹਨ। ਇਹ ਇਜਾਰੇਦਾਰ ਅਨੇਕਾਂ ਪ੍ਰਕਾਰ ਦੀਆਂ ਗੁਪਤ ਅਤੇ ਅਣ-ਨਿਯੰਤਰਿਤ ਕਾਰਵਾਈਆਂ ਕਰਨ ਵਿੱਚ ਮਾਹਿਰ ਹਨ ਅਤੇ ਸਰਕਾਰਾਂ ਲਈ ਇਨ੍ਹਾਂ ਨੂੰ ਕੰਟ੍ਰੋਲ ਕਰਨਾ ਬਹੁਤ ਔਖਾ ਹੋ ਰਿਹਾ ਹੈ। ਇਸਦਾ ਇੱਕ ਮੁੱਖ ਕਾਰਨ ਇਨ੍ਹਾਂ ਇਜਾਰੇਦਾਰੀਆਂ ਦਾ ਬਹੁ-ਦੇਸੀ ਕੰਪਨੀਆਂ ਹੋਣਾ ਹੈ, ਜਦੋਂ ਕਿ ਸਰਕਾਰਾਂ ਸਿਰਫ ਇੱਕ-ਦੇਸੀ ਹੀ ਹੋ ਸਕਦੀਆਂ ਹਨ। ਤਕਨਾਲੋਜੀਆਂ ਨਾਲ ਜੁੜੀ ਇੱਕ ਹੋਰ ਕੌੜੀ ਸਚਾਈ ਇਹ ਹੈ ਕਿ ਇਨ੍ਹਾਂ ਵਿੱਚੋਂ ਹਰ ਇੱਕ ਦੇ ਕੁਝ ਨਾ ਕੁਝ ਅਣ-ਕਿਆਸੇ ਅਤੇ ਅਚਿੰਤੇ ਮੰਦੇ ਅਸਰ ਹੁੰਦੇ ਹਨ ਜਿਨ੍ਹਾਂ ਨੂੰ ‘Unintended Consequences of Technology’ ਕਿਹਾ ਜਾਂਦਾ ਹੈ। ਇਨ੍ਹਾਂ ਬਾਰੇ ਪਹਿਲਾਂ ਕੋਈ ਵੀ ਨਹੀਂ ਜਾਣ ਸਕਦਾ। ਪੰਜਾਬ ਦੀ ਹਰੀ ਕ੍ਰਾਂਤੀ ਇਸਦੀ ਇੱਕ ਉਦਾਹਰਨ ਹੈ। ਇਨ੍ਹਾਂ ਮੰਦੇ ਅਸਰਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ, ਛੁਟਿਆਇਆ ਅਤੇ ਛੁਪਾਇਆ ਜਾਂਦਾ ਹੈ।
ਇਤਿਹਾਸ ਤੋਂ ਇਹ ਵੀ ਪਰਤੱਖ ਹੈ ਕਿ ਤਕਨਾਲੋਜੀਆਂ ਨਿਰੀਆਂ ਤਕਨਾਲੋਜੀਆਂ ਨਹੀਂ ਹੁੰਦੀਆਂ। ਭਾਵ ਇਹ ਮਹਿਜ਼ ਜੁਗਤਾਂ, ਵਿਧੀਆਂ, ਕਾਰਵਾਈਆਂ, ਮਸ਼ੀਨਾਂ, ਜੰਤਰਾਂ, ਉਪਕਰਣਾਂ, ਕੰਪਿਊਟਰਾਂ, ਮੋਬਾਇਲ ਫੋਨਾਂ, ਇੰਟਰਨੈੱਟ ਦਾ ਸਰਲ ਸਮੂਹ ਹੀ ਨਹੀਂ ਹੁੰਦੀਆਂ, ਇਹ ਸਿਰਫ ਮਨੁੱਖੀ ਲੋੜਾਂ ਪੂਰੀਆਂ ਕਰਨ ਵਾਲੇ ਸਾਧਨ ਹੀ ਨਹੀਂ ਰਹਿੰਦੀਆਂ, ਸਗੋਂ ਇਹ ਸਾਡੇ ਆਲੇ-ਦੁਆਲੇ ਦਾ ਵਾਤਾਵਰਣ ਵੀ ਸਿਰਜਦੀਆਂ ਹਨ। ਮਨੁੱਖ ਜਿਹੜੇ ਢੰਗ ਨਾਲ ਕੰਮ ਕਰਦਾ ਹੈ, ਸੰਚਾਰ ਕਰਦਾ ਹੈ, ਸਿੱਖਦਾ ਅਤੇ ਜੀਵਨ ਬਤੀਤ ਕਰਦਾ ਹੈ, ਉਸ ਉੱਤੇ ਤਕਨਾਲੋਜੀਆਂ ਦਾ ਡੂੰਘਾ ਪ੍ਰਭਾਵ ਪੈਂਦਾ ਹੈ। ਖੇਤੀਬਾੜੀ ਦੇ ਸੰਦਾਂ ਨੇ ਖੇਤੀ-ਪ੍ਰਧਾਨ ਸਮਾਜ ਬਣਾਇਆ, ਛਾਪੇਖਾਨੇ ਨੇ ਗਿਆਨ ਦਾ ਨਵਾਂ ਵਾਤਾਵਰਣ ਰਚਿਆ ਅਤੇ ਬਿਜਲੀ ਨੇ ਉਦਯੋਗਿਕ ਯੁਗ ਨੂੰ ਜਨਮ ਦਿੱਤਾ। ਇੰਟਰਨੈੱਟ ਨੇ ਡਿਜਿਟਲ ਵਾਤਾਵਰਣ ਬਣਾਇਆ, ਜਿਸ ਵਿੱਚ ਜਾਣਕਾਰੀ ਅਤੇ ਸੰਚਾਰ ਦੇ ਨਵੇਂ ਰੂਪ ਵਿਕਸਿਤ ਹੋਏ। ਇਸ ਲਈ ਤਕਨਾਲੋਜੀਆਂ ਸਿਰਫ ਵਾਤਾਵਰਣ ਦਾ ਹਿੱਸਾ ਹੀ ਨਹੀਂ ਹੁੰਦੀਆਂ, ਬਲਕਿ ਇਹ ਵਾਤਾਵਰਣ ਦੀਆਂ ਨਿਰਮਾਤਾਵਾਂ ਵੀ ਹੁੰਦੀਆਂ ਹਨ। ਇਹ ਮਨੁੱਖ ਦੇ ਸੋਚਣ ਦੇ ਢੰਗ, ਸਮਾਜਿਕ ਸੰਬੰਧਾਂ, ਨੈਤਿਕਤਾ, ਪ੍ਰਬੰਧ-ਪ੍ਰਣਾਲੀਆਂ, ਅਰਥਵਿਵਸਤਾ, ਰਾਜਨੀਤੀ, ਆਰਥਿਕਤਾ, ਜੀਓ-ਪੌਲਿਟਿਕਸ ਅਤੇ ਜੰਗਾਂ-ਯੁੱਧਾਂ ਦੇ ਢੰਗਾਂ ਆਦਿ ਨੂੰ ਵੀ ਬਦਲ ਦਿੰਦੀਆਂ ਹਨ। ਬਹੁਤਾ ਕਰ ਕੇ ਇਹ ਇਨ੍ਹਾਂ ਦਾ ਨਕਾਰਾਤਮਕ ਰੂਪਾਂਤਰਣ ਕਰਦੀਆਂ ਹਨ। ਇਹ ਉਨ੍ਹਾਂ ਸਿਸਟਮਾਂ ਨੂੰ ਹੀ ਬਦਲ ਦਿੰਦੀਆਂ ਹਨ ਜਿਨ੍ਹਾਂ ਰਾਹੀਂ ਸਰਕਾਰਾਂ ਆਦਿ ਇਨ੍ਹਾਂ ਨੂੰ ਨਿਯੰਤਰਿਤ ਅਤੇ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ। ਤ੍ਰਾਸਦੀ ਇਹ ਹੈ ਕਿ ਤਕਨਾਲੋਜੀਆਂ ਆਪਣੀ ਦਿਸ਼ਾ ਆਪ ਨਹੀਂ ਚੁਣਦੀਆਂ। ਇਨ੍ਹਾਂ ਦੀ ਦਿਸ਼ਾ ਉਹ ਇਜਾਰੇਦਾਰੀਆਂ ਅਤੇ ਸੰਸਥਾਵਾਂ ਚੁਣਦੀਆਂ ਹਨ ਜੋ ਇਨ੍ਹਾਂ ਦੇ ਡਿਜ਼ਾਇਨਾਂ, ਮਾਲਕੀਅਤਾਂ, ਨਿਯੰਤਰਣ ਅਤੇ ਵਰਤੋਂ ਉੱਤੇ ਕਾਬਜ਼ (ਇਜਾਰੇਦਾਰ) ਹੁੰਦੀਆਂ ਹਨ। ਇਹ ਇੱਕ ਮਨੋਵਿਗਿਆਨਕ ਤੱਥ ਹੈ ਕਿ ਜਦੋਂ ਕੋਈ ਨਵਾਂ ਅਤੇ ਪ੍ਰਭਾਵਸ਼ਾਲੀ ਸਾਧਨ ਮਨੁੱਖ ਦੇ ਹੱਥ ਆ ਜਾਂਦਾ ਹੈ ਤਾਂ ਉਹ ਸੰਸਾਰ ਨੂੰ ਉਸੇ ਨਜ਼ਰ ਨਾਲ ਦੇਖਣ ਲੱਗ ਪੈਂਦਾ ਹੈ। ਪ੍ਰਸਿੱਧ ਮਨੋਵਿਗਿਆਨੀ ਅਬਰਾਹਮ ਮੈਸਲੋਅ ਦੇ ‘ਹਥੌੜੇ ਅਤੇ ਮੇਖ’ (Maslow’s Hammer) ਦੇ ਸਿਧਾਂਤ ਦਾ ਭਾਵ ਵੀ ਇਹੀ ਹੈ ਕਿ ‘ਜਿਸ ਦੇ ਹੱਥ ਵਿੱਚ ਹਥੌੜਾ ਹੋਵੇ, ਉਸ ਨੂੰ ਹਰ ਚੀਜ਼ ਮੇਖ ਲਗਦੀ ਹੈ।’
ਇੱਕ ਆਮ ਧਾਰਨਾ ਇਹ ਪ੍ਰਚਾਰੀ ਜਾ ਰਹੀ ਹੈ ਕਿ ਤਕਨਾਲੋਜੀਆਂ ਨਿਰਪੱਖ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਕੋਈ ਆਪਣਾ ਸਮਾਜਿਕ ਜਾਂ ਨੈਤਿਕ ਸੁਭਾਅ ਨਹੀਂ ਹੁੰਦਾ। ਪਰ ਬਹੁਤੇ ਚਿੰਤਕਾਂ ਅਤੇ ਆਲੋਚਕਾਂ ਦਾ ਮੰਨਣਾ ਹੈ ਕਿ ਇਹ ਬਿਰਤਾਂਤ ਇਸ ਲਈ ਉਭਾਰਿਆ ਜਾਂਦਾ ਹੈ ਤਾਂ ਜੋ ਤਕਨਾਲੋਜੀਆਂ ਦੇ ਡਿਜ਼ਾਈਨਰਾਂ, ਮਾਲਕਾਂ ਅਤੇ ਸੰਚਾਲਕਾਂ ਦੀ ਜਵਾਬਦੇਹੀ ਨੂੰ ਘਟਾ ਕੇ ਮੰਦੇ ਪ੍ਰਭਾਵਾਂ ਦਾ ਦੋਸ਼ ਵਰਤੋਂਕਾਰਾਂ ਦੇ ਸਿਰ ਮੜ੍ਹਿਆ ਜਾ ਸਕੇ। ਉਦਾਹਰਨ ਵਜੋਂ, ਸੋਸ਼ਲ ਮੀਡੀਆ ਪਲੇਟਫਾਰਮ ਆਪਣੇ ਐਲਗੋਰਿਦਮਾਂ ਰਾਹੀਂ ਧਿਆਨ ਖਿੱਚਣ ਵਾਲੀ, ਸਨਸਨੀਖੇਜ਼ ਅਤੇ ਆਮ ਕਰ ਕੇ ਹਾਨੀਕਾਰਕ ਸਮਗਰੀ ਨੂੰ ਉਤਸ਼ਾਹਿਤ ਕਰਦੇ ਹਨ, ਪਰ ਇਸ ਤੋਂ ਪੈਦਾ ਹੋਣ ਵਾਲੇ ਨੁਕਸਾਨਾਂ ਲਈ ਵਰਤੋਂਕਾਰਾਂ ਨੂੰ ਹੀ ਸੰਜਮ ਅਤੇ ਸਹੀ ਵਰਤੋਂ ਕਰਨ ਦੀਆਂ ਨਸੀਹਤਾਂ ਦਿੰਦੇ ਹਨ। ਏ.ਆਈ. ਅਤੇ ਹੋਰ ਡਿਜਿਟਲ ਤਕਨਾਲੋਜੀਆਂ ਦੇ ਵਪਾਰਕ ਸ਼ੋਸ਼ਣ ਦਾ ਮੁੱਖ ਢੰਗ, ਮਨੁੱਖ ਦੀਆਂ ਨੀਵੀਂਆਂ ਪ੍ਰਵਿਰਤੀਆਂ, ਲਾਲਸਾਵਾਂ, ਡਰਾਂ, ਜਿਗਿਆਸਾਵਾਂ ਆਦਿ ਨੂੰ ਉਤੇਜਿਤ ਕਰਨਾ ਅਤੇ ਫਿਰ ਉਨ੍ਹਾਂ ਦੀ ਪੂਰਤੀ ਲਈ ਹਾਨੀਕਾਰਕ ਉਤਪਾਦਾਂ, ਸੇਵਾਵਾਂ ਜਾਂ ਸਮਗਰੀ ਦੀ ਵਿਕਰੀ ਕਰਨਾ ਹੈ।
ਮਾਣਯੋਗ ਪੋਪ ਦਾ ਧਾਰਮਿਕ ਫਰਮਾਨ
ਏ.ਆਈ ਵੱਲੋਂ ਸਹੇੜੀਆਂ ਨਵੀਂਆਂ ਅਤੇ ਪ੍ਰਚੰਡ ਕੀਤੀਆਂ ਜਾ ਰਹੀਆਂ ਪੁਰਾਣੀਆਂ ਸਮੱਸਿਆਵਾਂ ਇੰਨੀਆਂ ਵਿਆਪਕ ਅਤੇ ਗੰਭੀਰ ਬਣ ਚੁੱਕੀਆਂ ਹਨ ਕਿ ਅੱਜ ਸਾਰੀਆਂ ਤਕਨਾਲੋਜੀਆਂ ਹੀ ਤ੍ਰਿਸਕਾਰ ਦਾ ਪਾਤਰ ਬਣ ਰਹੀਆਂ ਹਨ। ਇਹ ਸਭ ਗੱਲਾਂ ਅੱਜ ਯੂ.ਐੱਨ.ਓ ਅਤੇ ਵੈਟੀਕਨ ਸਿਟੀ ਸਣੇ ਸਾਰੇ ਸੰਸਾਰ ਲਈ ਗੰਭੀਰ ਚਿੰਤਾਵਾਂ ਦਾ ਕਾਰਨ ਬਣੀਆਂ ਹੋਈਆਂ ਹਨ। ਇਨ੍ਹਾਂ ਬਾਰੇ ਯੂ.ਐੱਨ.ਓ ਦੇ ਸਕੱਤਰ-ਜਨਰਲ ਮਾਣਯੋਗ ਅੰਟੋਨੀਓ ਗੁਟੇਰਸ ਦੀਆਂ ਚਿੰਤਾਵਾਂ ਅਤੇ ਸਖਤ ਚਿਤਾਵਣੀਆਂ ਜੱਗ-ਜ਼ਾਹਿਰ ਹਨ। ਹੁਣ ਮੌਜੂਦਾ ਮਾਣਯੋਗ ਪੋਪ ਲੀਓ 14ਵੇਂ ਨੇ ਆਪਣੇ ਪਹਿਲੇ ‘ਧਾਰਮਿਕ ਫਰਮਾਨ’ (ਐਨਸਾਈਕਲਿਕਲ-25 ਮਈ, 2026) ਵਿੱਚ ਤਕਨਾਲੋਜੀਆਂ ਦੇ ਇਸ ਪੱਖ ਬਾਰੇ ਆਪਣੇ ਵਿਚਾਰ ਸਪਸ਼ਟਤਾ ਅਤੇ ਬੇਬਾਕੀ ਨਾਲ ਫਰਮਾਏ ਹਨ: “ਇਹ ਸਪਸ਼ਟ ਕਰਦਾ ਹੈ ਕਿ ਤਕਨਾਲੋਜੀ ਮਹਿਜ਼ ਇੱਕ ਜੰਤਰ ਨਹੀਂ ਅਤੇ ਇਸ ਨੂੰ ਅਸੀਂ ਨੈਤਿਕ ਪੱਖੋਂ ਨਿਰਪੱਖ ਨਹੀਂ ਸਮਝ ਸਕਦੇ। (ਪੈਰੇ 92 ਅਤੇ 104)।” ਉਨ੍ਹਾਂ ਨੇ ਆਪਣੇ ਫਰਮਾਨ ਵਿੱਚ ਆਪਣੇ ਬਿਆਨ ਦੀ ਵਿਸਤਾਰ ਨਾਲ ਵਿਆਖਿਆ ਕੀਤੀ ਹੈ ਜੋ ਅੱਜਕੱਲ੍ਹ ਸੰਸਾਰ ਭਰ ਵਿੱਚ ਹਰ ਆਮ-ਖਾਸ ਲਈ ਸੰਜੀਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਏ.ਆਈ ਦੇ ਸੁਹਿਰਦ ‘ਐਥੀਸਿਸਟਸ’ ਦੇ ਨਾਲ-ਨਾਲ ਇਸਦੇ ਕਈ ਵਿਸ਼ੇਸ਼ਗ ਅਤੇ ਹੋਰ ਖੇਤਰਾਂ ਦੇ ਬੁੱਧੀਜੀਵੀ ਮਾਹਿਰ ਇਸ ਵੰਗਾਰ ਨੂੰ ਇੱਕ ਲੋਕ-ਲਹਿਰ ਬਣਾਉਣ ਵਿੱਚ ਸਫਲ ਹੋਏ ਹਨ। ਕਿਉਂਕਿ ਵੱਡੀਆਂ ਸਮੱਸਿਆਵਾਂ ਦਾ ਨਾਂ ਇੱਕ ਕਾਰਨ ਹੁੰਦਾ ਹੈ ਅਤੇ ਨਾ ਹੀ ਇੱਕ ਹੱਲ, ਇਸ ਲਈ ਸਾਰੇ ਆਪੋ-ਆਪਣੇ ਢੰਗਾਂ ਨਾਲ ਅਤੇ ਆਪੋ-ਆਪਣੀ ਮੁਹਾਰਤ ਅਨੁਸਾਰ ਇਸ ਕਾਰਜ ਵਿੱਚ ਯੋਗਦਾਨ ਪਾ ਰਹੇ ਹਨ। ਮਾਣਯੋਗ ਪੋਪ ਨੇ ਢੁਕਵੇਂ ਸਮੇਂ ਆਪਣਾ ਫਰਮਾਨ ਜਾਰੀ ਕਰ ਕੇ ਜਿੱਥੇ ਇਨ੍ਹਾਂ ਸ਼ਖਸੀਅਤਾਂ ਦਾ ਹੌਸਲਾ ਵਧਾਇਆ ਹੈ, ਉੱਥੇ ਨਾਲ ਹੀ ਸਮੁੱਚੇ ਸੰਸਾਰ ਨੂੰ ਇਸ ਮੁੱਦੇ ਪ੍ਰਤੀ ਸੁਚੇਤ ਕੀਤਾ ਹੈ। ਵਿਸ਼ਵ-ਵਿਆਪੀ ਇਨ੍ਹਾਂ ਸਾਂਝੀਆਂ ਸਮੱਸਿਆਵਾਂ ਲਈ ਵਿਸ਼ਵ ਪੱਧਰ ਤੋਂ ਲੈ ਕੇ ਵਿਅਕਤੀਗਤ ਪੱਧਰ ਤਕ ਉਪਰਾਲਿਆਂ ਦੀ ਲੋੜ ਹੈ।
ਮਾਣਯੋਗ ਪੋਪ ਨੇ ਤਕਨਾਲੋਜੀ-ਪ੍ਰਧਾਨ ਦ੍ਰਿਸ਼ਟੀਕੋਣ (Technocratic Paradigm) ਦੀ ਮਾਨਸਿਕਤਾ ਤੋਂ ਬਚਣ ਦੀ ਨਸੀਹਤ ਵੀ ਕੀਤੀ ਹੈ। ਇਹ ਸਿਰਫ ਦਸ ਕੁ ਸਾਲ ਪਹਿਲਾਂ ਪਰਚਲਤ ਹੋਇਆ ਸੰਕਲਪ/ਵਿਚਾਰਧਾਰਾ ਹੈ ਅਤੇ ਇਸ ਨੂੰ ਫੈਲਾਉਣ ਵਾਲੇ ਮੌਜੂਦਾ ਮਾਣਯੋਗ ਪੋਪ ਦੇ ਪੂਰਵਜ ਮਾਣਯੋਗ ਪੋਪ ਫਰਾਂਸਿਸ (2013-2025) ਸਨ। ਇਸਦਾ ਭਾਵ ਇਹ ਹੈ ਕਿ ਅੱਜ ਅਸੀਂ ਹਰ ਗੱਲ, ਤਰੱਕੀ ਅਤੇ ਵਾਧੇ ਨੂੰ ਤਕਨਾਲੋਜੀਆਂ ਦੀ ਤੱਕੜੀ ਵਿੱਚ ਤੋਲਦੇ ਹਾਂ। ਕੋਈ ਕਿੰਨੀ ਵੱਧ ਦੁਨਿਆਵੀ ਤਰੱਕੀ ਕਰਦਾ ਹੈ, ਸੰਸਾਰ ਪਦਾਰਥਿਕ ਪੱਖੋਂ ਕਿੰਨਾ ਵਧ-ਫੁੱਲ ਰਿਹਾ ਹੈ, ਇਹ ਉਹ ਮਨੋ-ਬਿਰਤੀ ਹੈ ਜਿਸ ਵਿੱਚ ਤਕਨੌਲੋਜੀ ਨੂੰ ਕੇਵਲ ਇੱਕ ਸਾਧਨ ਨਹੀਂ, ਸਗੋਂ ਮਨੁੱਖੀ ਤਰੱਕੀ ਦਾ ਸਭ ਤੋਂ ਵੱਡਾ ਮਾਪਦੰਡ ਮੰਨ ਲਿਆ ਗਿਆ ਹੈ। ਇਸ ਕਾਰਨ ਇਹ ਧਾਰਨਾ ਬਣ ਜਾਂਦੀ ਹੈ ਕਿ ਜੋ ਕੁਝ ਤਕਨੀਕੀ ਤੌਰ ’ਤੇ ਸੰਭਵ ਹੈ, ਉਹ ਹੀ ਸਮਾਜ ਲਈ ਜ਼ਰੂਰੀ, ਲਾਭਦਾਇਕ ਅਤੇ ਜਾਇਜ਼ ਹੈ।
ਜਨ-ਸਧਾਰਨ ਦੀ ਵਿਅਕਤੀਗਤ ਜ਼ਿੰਮੇਵਾਰੀ
ਇਸ ਗੱਲ ਤੋਂ ਕੋਈ ਵੀ ਇਨਕਾਰੀ ਨਹੀਂ ਕਿ ਤਕਨਾਲੋਜੀਆਂ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਰਚਨਾਵਾਂ ਵਿੱਚੋਂ ਹਨ। ਪਰ ਇਨ੍ਹਾਂ ਦੀ ਅਸਲ ਕੀਮਤ ਇਸ ਗੱਲ ਨਾਲ ਤੈਅ ਨਹੀਂ ਹੋਵੇਗੀ ਕਿ ਇਹ ਕਿੰਨੀਆਂ ਸ਼ਕਤੀਸ਼ਾਲੀ ਹਨ, ਸਗੋਂ ਇਸ ਨਾਲ ਹੋਵੇਗੀ ਕਿ ਇਹ ਮਨੁੱਖੀ ਮਰਯਾਦਾ, ਨਿਆਂ, ਅਜ਼ਾਦੀ ਅਤੇ ਸਰਬੱਤ ਦੀ ਭਲਾਈ ਲਈ ਕਿੰਨਾ ਯੋਗਦਾਨ ਪਾਉਂਦੀਆਂ ਹਨ। ਜੇ ਤਕਨਾਲੋਜੀਆਂ ਮਨੁੱਖੀ ਮੁੱਲਾਂ ਦੇ ਅਧੀਨ ਰਹਿਣਗੀਆਂ ਤਾਂ ਇਹ ਤਰੱਕੀ ਦਾ ਸਾਧਨ ਬਣਣਗੀਆਂ; ਪਰ ਜੇ ਮਨੁੱਖ ਹੀ ਇਨ੍ਹਾਂ ਦੇ ਅਧੀਨ ਹੋ ਗਿਆ ਤਾਂ ਇਹ ਤਰੱਕੀ ਪਹਿਲੀਆਂ ਸਮੱਸਿਆਵਾਂ ਨਾਲੋਂ ਹੋਰ ਜ਼ਿਆਦਾ ਅਤੇ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਪਿਛਲੇ ਇੱਕ ਦਹਾਕੇ ਤੋਂ ਹਰ ਪਾਸੇ ਚਰਚਾ ਦਾ ਮੁੱਖ ਵਿਸ਼ਾ ਇਹ ਹੀ ਹੈ ਕਿ ਤਕਨਾਲੋਜੀਆਂ ਤੋਂ ਲਾਭ ਉਠਾਉਂਦੇ ਹੋਏ ਇਨ੍ਹਾਂ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਕਿਵੇਂ ਬਚਿਆ ਜਾਵੇ। ਆਪਾਂ ਜਨ-ਸਧਾਰਨ ਇਨ੍ਹਾਂ ਕਾਰਵਾਈਆਂ ਦੇ ਅਸਰਾਂ ਤੋਂ ਬਚਣ ਤੋਂ ਅਸਮਰੱਥ ਹਾਂ, ਮੂਕ ਅਤੇ ਮਜਬੂਰ ਦਰਸ਼ਕ ਬਣ ਕੇ ਰਹਿ ਗਏ ਹਾਂ। ਇਹ ਵਰਤਾਰਾ ਇਕੱਲਾ ਤਕਨਾਲੋਜੀਆਂ ਦੇ ਖੇਤਰ ਵਿੱਚ ਹੀ ਨਹੀਂ ਬਲਕਿ ਹੋਰ ਖੇਤਰਾਂ ਜਿਵੇਂ ਕਿ ਰਾਜਨੀਤਕ, ਆਰਥਿਕ, ਸਮਾਜਿਕ ਅਤੇ ਧਾਰਮਿਕ ਆਦਿ ਵਿੱਚ ਵੀ ਵਰਤ ਰਿਹਾ ਹੈ। ਇੰਗਲਿਸ਼ ਵਿੱਚ ਇਸ ਨੂੰ ‘Externalities’ ਕਿਹਾ ਜਾਂਦਾ ਹੈ ਅਤੇ ਸਿੱਧੀ ਪੰਜਾਬੀ ਵਿੱਚ ਇਹ ‘ਕਰੇ ਕੋਈ ’ਤੇ ਭਰੇ ਕੋਈ’ ਵਾਲੀ ਜ਼ਿਆਦਤੀ ਹੈ। ਇਹ ਅੱਜ ਦੇ ਸੰਸਾਰ ਦੀ ਵਿਆਪਕ ਸਮੱਸਿਆ ਹੈ ਅਤੇ ਅਰਥਵਿਵਸਥਾ ਦਾ ਬਹੁਤ ਵੱਡਾ ਮੁੱਦਾ ਬਣ ਕੇ ਉੱਭਰ ਰਹੀ ਹੈ। ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਬੁੱਢਾ ਨਾਲਾ ਅਤੇ ਪ੍ਰਾਈਵੇਟ ਫੈਕਟਰੀਆਂ ਵੱਲੋਂ ਆਪਣਾ ਗੰਦਾ ਪਾਣੀ ਨਦੀ-ਨਾਲਿਆਂ ਵਿੱਚ ਛੱਡਿਆ ਜਾਣਾ, ਇਸ ਵਰਤਾਰੇ ਦੀਆਂ ਉਦਾਹਰਣਾਂ ਹਨ।
ਇਨ੍ਹਾਂ ਹਾਲਾਤ ਵਿੱਚ ਸਿਆਣਪ ਇਸ ਗੱਲ ਵਿੱਚ ਹੀ ਹੈ ਕਿ ਹੋਰ ਸੁਚੱਜੀਆਂ ਜੀਵਨ-ਜਾਚਾਂ ਦੇ ਨਾਲ-ਨਾਲ ਤਕਨਾਲੋਜੀਆਂ ਦੇ ਮੰਦੇ ਪ੍ਰਭਾਵਾਂ ਨੂੰ ਦਰ-ਕਿਨਾਰ ਰੱਖਣ ਅਤੇ ਇਨ੍ਹਾਂ ਦੀ ਸਦ-ਵਰਤੋਂ ਕਰਨ ਦੇ ਢੰਗ-ਤਰੀਕੇ ਸਿੱਖਦੇ ਰਹੀਏ। ਇਹ ਤਾਂ ਹੀ ਸੰਭਵ ਹੈ ਜੇ ਆਪਾਂ ਇਨ੍ਹਾਂ ਦੇ ਵਿਹਾਰਕ ਪੱਖਾਂ ਦੀ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਦੇ ਰਹਾਂਗੇ ਅਤੇ ਆਪਣੇ-ਆਪ ਨੂੰ ਇਨ੍ਹਾਂ ਦਾ ਹਾਣੀ ਬਣਾਈ ਰੱਖਾਂਗੇ। ਭਾਵ ਇਹ ਨਹੀਂ ਕਿ ਅਸੀਂ ਇਨ੍ਹਾਂ ਦੀ ਇੰਜਨੀਅਰੀ ਸਿੱਖਣੀ ਹੈ; ਇਹ ਨਾ ਹੀ ਸੰਭਵ ਹੈ ਅਤੇ ਨਾ ਹੀ ਜ਼ਰੂਰੀ ਹੈ ਪਰ ਇਨ੍ਹਾਂ ਦੇ ਮੁਢਲੇ ਨਿਯਮਾਂ, ਨਿੱਤ-ਨਵੇਂ ਵਿਕਸਿਤ ਹੋ ਰਹੇ ਰੂਪਾਂ, ਚੰਗੇ-ਮੰਦੇ ਪ੍ਰਭਾਵਾਂ ਅਤੇ ਸਦ-ਵਰਤੋਂ ਦੇ ਢੰਗਾਂ-ਤਰੀਕਿਆਂ ਬਾਰੇ ਲਗਾਤਾਰ ਜਾਗਰੂਕ ਰਹੀਏ। ਇਹ ਤਦ ਹੀ ਸੰਭਵ ਹੈ ਜੇ ਅਸੀਂ ਨਾਲ-ਨਾਲ ਸਵੈਵਿਕਾਸ ਅਤੇ ਆਪਾ-ਪਛਾਣ ਦੇ ਰਾਹ ’ਤੇ ਚੱਲਾਂਗੇ। ਇਸ ਰਾਹ ਦਾ ਪਤਾ ਮਹਾਂ-ਪੁਰਖਾਂ ਦੀਆਂ ਸਿੱਖਿਆਵਾਂ ਤੋਂ ਮਿਲੇਗਾ; ਜੌਨਾਥਨ ਹਾਈਟ ਦੀ “Finding Modern Truth in Ancient Wisdom” ਦੀ ਵਿਚਾਰਧਾਰਾ ਨੂੰ ਅਪਣਾ ਕੇ ਮਿਲੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)






















































































































