“ਪੱਥਰ ਚੱਟ ਕੇ ਮੁੜੀ ਮੱਛੀ ਵਾਂਗਅੱਜ ਦੇ ਪੱਛਮੀ ਜਗਤ ਦੀ ਨਵੀਂ ਵਿਚਾਰਧਾਰਾ ...”
(18 ਅਗਸਤ 2025)
ਔਕਸਫੋਰਡ ਇੰਗਲਿਸ਼ ਡਿਕਸ਼ਨਰੀ ਵਾਲੇ ਹਰ ਸਾਲ ਇੱਕ ਨਵਾਂ ਸ਼ਬਦ ਸਿਰਜਦੇ ਜਾਂ ਅਪਣਾਉਂਦੇ ਹਨ, ਜੋ ਸੰਸਾਰ ਦੇ ਪਰਚਲਤ ਅੰਦਾਜ਼, ਸ਼ੈਲੀ, ਲੋਕਾ-ਚਾਰ ਜਾਂ ਇਸਦੀ ਕਿਸੇ ਸਮਕਾਲੀ ਵਿਸ਼ੇਸ਼ਤਾ ਦੀ ਤਰਜਮਾਨੀ ਕਰਦਾ ਹੈ। ਇਹ ਸ਼ਬਦ ਮੌਕੇ ਦੇ ਸੱਭਿਆਚਾਰਕ, ਰਾਜਨੀਤਕ, ਸਮਾਜਿਕ ਜਾਂ ਹੋਰ ਖੇਤਰਾਂ ਦੀ ਦਸ਼ਾ ਅਤੇ ਦਿਸ਼ਾ ਦਾ ਪ੍ਰਤੀਕ ਹੁੰਦਾ ਹੈ ਅਤੇ ਇੱਕ ਸ਼ਬਦ ਹੁੰਦਿਆਂ ਹੋਇਆਂ ਵੀ ਇਹ ਇੱਕ ਪਰਿਭਾਸ਼ਾ ਦਾ ਕੰਮ ਕਰਦਾ ਹੈ। ਇਸ ਪ੍ਰਥਾ ਅਨੁਸਾਰ ਇਨ੍ਹਾਂ ਨੇ 2016 ਵਿੱਚ ‘ਪੋਸਟ-ਟਰੁੱਥ’ (Post-Truth) ਨੂੰ ਆਪਣਾ ‘ਵਰਡ ਆਫ ਦਾ ਯੀਅਰ’ ਘੋਸ਼ਿਤ ਕੀਤਾ। ਇਸਦੀ ਪਰਿਭਾਸ਼ਾ ਹੈ: ‘ਉਹ ਯੁਗ ਜਿਸ ਵਿੱਚ ਜਨ-ਮੱਤ ਬਣਾਉਣ ਜਾਂ ਬਦਲਣ ਲਈ, ਅਸਲੀਅਤ ਅਤੇ ਸੱਚ ਦੀ ਬਜਾਇ, ਜਜ਼ਬਾਤਾਂ ਅਤੇ ਨਿੱਜੀ ਮਾਨਤਾਵਾਂ ਨੂੰ ਟੁੰਬਣ ਵਾਲੀਆਂ ਅਪੀਲਾਂ ਕਿਤੇ ਵੱਧ ਅਸਰਦਾਰ ਹੁੰਦੀਆਂ ਹਨ।’ ਇਸ ਗੱਲ ਨੂੰ ਦਸ ਸਾਲ ਹੋਣ ਲੱਗੇ ਹਨ, ਭਾਵ ਕਿ ਅੱਜ ਅਸੀਂ ‘ਸੱਚ-ਯੁਗ ਤੋਂ ਬਾਅਦ ਦੇ ਯੁਗ’ (ਪੋਸਟ-ਟਰੁੱਥ ਇਰਾ) ਵਿੱਚ ਵਿਚਰ ਰਹੇ ਹਾਂ।
‘ਪੋਸਟ-ਟਰੁੱਥ’ (Post-Truth) ਸ਼ਬਦ ਦੀ ਸਿਰਜਣਾ ਦਾ ਇਹ ਮਤਲਬ ਵੀ ਨਹੀਂ ਕਿ ਇਹ ਕੋਈ ਨਵਾਂ ਵਰਤਾਰਾ ਹੈ। ਸੱਚ ਦਾ ਝੂਠ ਅਤੇ ਝੂਠ ਦਾ ਸੱਚ, ਹਰ ਯੁਗ ਵਿੱਚ ਬਣਾਇਆ ਜਾਂਦਾ ਰਿਹਾ ਹੈ। ਇਨ੍ਹਾਂ ਦੀ ਮਾਤਰਾ ਵੱਧ-ਘੱਟ ਕਰ ਕੇ, ਆਪੋ-ਆਪਣੀਆਂ ਨਾ-ਪਾਕ ਗਰਜ਼ਾਂ ਪੂਰੀਆਂ ਕਰਨ ਲਈ ਇਨ੍ਹਾਂ ਦੇ ਅਨੇਕਾਂ ਜੋੜ-ਕੁਜੋੜ ਬਣਾਏ ਜਾਂਦੇ ਰਹੇ ਹਨ। ਅੱਜ ਹਰ ਪੁਰਾਤਨ ਵਰਤਾਰੇ ਨੂੰ ਅਜੋਕੇ ਪਰਿਪੇਖ ਅਨੁਸਾਰ ਮੁੜ ਵਿਚਾਰਨ ਦੀ ਜ਼ਰੂਰਤ ਹੈ ਕਿਉਂਕਿ ਹਰ ਯੁਗ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਜਿਨ੍ਹਾਂ ਦੇ ਸਰਬ-ਵਿਆਪੀ ਚੰਗੇ ਅਤੇ ਮੰਦੇ ਪ੍ਰਭਾਵ ਹੁੰਦੇ ਹਨ। ਇੱਕ ਉਦੇਸ਼-ਪੂਰਨ, ਸਫਲ ਅਤੇ ਪ੍ਰਸੰਨ-ਚਿੱਤ ਜੀਵਨ ਜਿਊਣ ਲਈ ਸਾਨੂੰ ਇਨ੍ਹਾਂ ਪ੍ਰਭਾਵਾਂ ਅਨੁਸਾਰ ਬਦਲਦੇ ਰਹਿਣਾ ਪੈਂਦਾ ਹੈ। ਚੰਗੇ ਪ੍ਰਭਾਵਾਂ ਨੂੰ ਕਬੂਲਣ ਅਤੇ ਮੰਦਿਆਂ ਤੋਂ ਬਚਣ ਦੀ ਸਿਆਣਪ ਸਿੱਖਦੇ ਰਹਿਣਾ ਪੈਂਦਾ ਹੈ। ਇਸ ਵਾਸਤੇ ਸਾਨੂੰ ਇਨ੍ਹਾਂ ਵਿਸ਼ੇਸ਼ਤਾਵਾਂ ਦਾ ਵੀ ਅਤੇ ਇਨ੍ਹਾਂ ਦੇ ਚੰਗੇ-ਮੰਦੇ ਪ੍ਰਭਾਵਾਂ ਦਾ ਵੀ ਸਹੀ ਗਿਆਨ ਹਾਸਲ ਕਰਨਾ ਜ਼ਰੂਰੀ ਹੈ।
ਅੱਜ ਦੇ ਯੁਗ ਦੀਆਂ ਅਨੇਕਾਂ ਵਿਸ਼ੇਸ਼ਤਾਵਾਂ ਵਿੱਚੋਂ ਮੁੱਖ ਤਕਨੌਲੋਜੀ ਅਤੇ ਖਾਸ ਕਰ ਕੇ ਇਸਦੀ ਉਪ-ਬਰਾਂਚ ਏ.ਆਈ. ਦੇ ਆਪਣੇ ਚੰਗੇ ਅਤੇ ਮੰਦੇ ਪ੍ਰਭਾਵ ਹਨ। ਨਿਰਸੰਦੇਹ ਤਕਨੌਲੋਜੀ ਰਾਹੀਂ ਸੰਸਾਰ ਨੇ ਬਹੁਤ ਵਿਕਾਸ ਕੀਤਾ ਹੈ ਅਤੇ ਬੇ-ਇੰਤਹਾ ਪਦਾਰਥਿਕ ਖੁਸ਼ਹਾਲੀ ਪ੍ਰਾਪਤ ਕੀਤੀ ਹੈ। ਇਸ ਸਦਕਾ ਅੱਜ ਆਪਾਂ ਆਪਣੇ ਪੂਰਵਜਾਂ ਤੋਂ ਕਿਤੇ ਵੱਧ ਖ਼ੁਸ਼ਹਾਲ, ਸਾਧਨ-ਸੰਪੰਨ, ਸਿਹਤਮੰਦ, ਪੜ੍ਹੇ-ਲਿਖੇ ਅਤੇ ਆਤਮ-ਨਿਰਭਰ ਹਾਂ। ਆਪਾਂ ਨੂੰ ਕੁਦਰਤੀ ਆਫ਼ਤਾਂ ਤੋਂ ਬਚਣ ਦੇ ਢੰਗ-ਤਰੀਕੇ, ਖਾਧ-ਖੁਰਾਕ ਦੇ ਵਸੀਲੇ, ਆਵਾਜਾਈ ਅਤੇ ਢੋਅ-ਢੁਆਈ ਦੇ ਸਾਧਨ ਅਤੇ ਰਾਜਨੀਤਕ ਅਤੇ ਸਮਾਜਿਕ ਖੁੱਲ੍ਹਾਂ ਹਾਸਲ ਹਨ। ਪਰ ਤ੍ਰਾਸਦੀ ਇਹ ਹੈ ਕਿ ਸਵਾ ਅੱਠ ਸੌ ਕਰੋੜ ਦੀ ਅਬਾਦੀ ਵਾਲੇ ਅੱਜ ਦੇ ਸੰਸਾਰ ਵਿੱਚ ਇਸ ਤਕਨੌਲੋਜੀ ਦੇ ਚੌਧਰੀ ਬਹੁਤ ਹੀ ਘੱਟ ਹਨ। ਇਨ੍ਹਾਂ ਨੇ ਤਕਨੌਲੋਜੀ ਰਾਹੀਂ ਆਪਣੇ ਕੋਲ ਅਥਾਹ ਆਰਥਿਕ, ਰਾਜਨੀਤਕ ਅਤੇ ਸਮਾਜਿਕ ਤਾਕਤ ਇਕੱਠੀ ਕਰ ਲਈ ਹੈ ਅਤੇ ‘ਟੂਅ ਬਿੱਗ ਟੂ ਫੇਲ’ ਕਾਰਪੋਰੇਸ਼ਨਾਂ ਸਥਾਪਿਤ ਕਰ ਲਈਆਂ ਹਨ। ਗਿਣਤੀ ਦੇ ਇਨ੍ਹਾਂ ਇਜਾਰੇਦਾਰਾਂ-ਚੌਧਰੀਆਂ ਨੇ ਇਸ ਨੂੰ ਸ਼ੋਸ਼ਣ ਦਾ ਮੁੱਖ ਸਾਧਨ ਬਣਾ ਲਿਆ ਹੈ। ਕਹਿਣ ਨੂੰ ਸਮੁੱਚੀ ਮਨੁੱਖਤਾ ਦੀ ਵਿਆਪਕ ਅਤੇ ਸਰਬ-ਸਾਂਝੀ ਭਲਾਈ ਲਈ ਬਣਾਈ ਅਤੇ ਵਰਤੀ ਜਾ ਰਹੀ ਤਕਨੌਲੋਜੀ ਦੀ ਇਹ ਰਲ ਕੇ ਅਤੇ ਬੇ-ਹਿਯਾਈ ਨਾਲ ਆਪਣੇ ਮੁਫਾਦਾਂ ਲਈ ਦੁਰਵਰਤੋਂ ਕਰ ਰਹੇ ਹਨ। ਪਰ ਸੰਸਾਰ ਵਾਸਤੇ ਨਵੀਂ ਕਿਸਮ ਦੀਆਂ ਅਨੇਕਾਂ ਸਮੱਸਿਆਵਾਂ ਖੜ੍ਹੀਆਂ ਕਰ ਰਹੇ ਹਨ ਅਤੇ ਜਾਣ-ਬੁੱਝ ਕੇ ਇਨ੍ਹਾਂ ਸਮੱਸਿਆਵਾਂ ਨੂੰ ਛੁਪਾ ਵੀ ਰਹੇ ਹਨ ਅਤੇ ਛੁੱਟਿਆ ਵੀ ਰਹੇ ਹਨ।
ਇਹ ਦੁਰਵਰਤੋਂ ਤਕਨੌਲੋਜੀ ਦੀ ਵਿਆਪਕ ਵਰਤੋਂ ਦੇ ਪਰਦੇ ਓਹਲੇ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਇਸਦੀ ਵਰਤੋਂ ਕਰਦੇ ਰਹੀਏ। ਇਸ ਦੁਰਵਰਤੋਂ ਤੋਂ ਇਲਾਵਾ, ਇਸਦੇ ਅਨੇਕਾਂ ਅਣ-ਚਾਹੇ ਅਤੇ ਅਣ-ਕਿਆਸੇ ਮੰਦੇ ਅਸਰ ਹਨ, ਜਿਨ੍ਹਾਂ ਦਾ ਇਸ ਨੂੰ ਬਣਾਉਣ ਵਾਲਿਆਂ ਨੂੰ ਵੀ ਪਹਿਲਾਂ ਕੋਈ ਚਿੱਤ-ਚੇਤਾ ਨਹੀਂ ਹੁੰਦਾ। ਅੰਗਰੇਜ਼ੀ ਵਿੱਚ ਇਨ੍ਹਾਂ ਨੂੰ ‘Unintended Consequences of Technology’ ਕਿਹਾ ਜਾਂਦਾ ਹੈ। ਇਸ ਤਰ੍ਹਾਂ ਆਪਾਂ ਦੋਹਰੀ ਮਾਰ ਝੱਲ ਰਹੇ ਹਾਂ - ਜਾਣ-ਬੁੱਝ ਕੇ ਇਸਦੀ ਦੁਰ-ਵਰਤੋਂ ਕਰਕੇ ਅਤੇ ਇਸਦੇ ਅਣ-ਕਿਆਸੇ, ਦੋਹਾਂ ਕਿਸਮਾਂ ਦੇ ਮੰਦੇ ਪ੍ਰਭਾਵਾਂ ਹੇਠ ਦਰੜੇ ਜਾ ਰਹੇ ਹਾਂ। ਇਨ੍ਹਾਂ ਦੇ ਸਮਾਧਾਨ ਲਈ ਆਪਾਂ ਨੂੰ ਨਵੇਕਲੀ ਕਿਸਮ ਦੇ ਨਿਰੰਤਰ ਉਪਰਾਲੇ ਕਰਦੇ ਰਹਿਣ ਦੀ ਲੋੜ ਹੈ ਕਿਉਂਕਿ ਇਤਿਹਾਸ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਪਹਿਲਾਂ ਕਦੇ ਆਈਆਂ ਹੀ ਨਹੀਂ। ‘ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ’ ਦੀ ਮਨੌਤ ਤਕਨੌਲੋਜੀ ’ਤੇ ਲਾਗੂ ਨਹੀਂ ਹੁੰਦੀ ਅਤੇ ਨਾਲ ਹੀ ਤਕਨੌਲੋਜੀ ਇੱਕ ਗਤੀਸ਼ੀਲ ਵਿਸ਼ਾ ਹੈ।
ਫ਼ੌਰੀ ਧਿਆਨਯੋਗ ਸਮੱਸਿਆਵਾਂ ਵਿੱਚੋਂ ਇੱਕ ਖਾਸ ਹੈ: ਸੱਚ ਅਤੇ ਝੂਠ ਵਿਚਲਾ ਮਿਟ ਰਿਹਾ ਫਰਕ, ਜਿਸਦੀ ਭੂਮਿਕਾ ਪਹਿਲੇ ਪਹਿਰੇ ਵਿੱਚ ਬੰਨ੍ਹੀ ਜਾ ਚੁੱਕੀ ਹੈ। ਇਸ ਯੁਗ ਵਿੱਚ, “ਸੱਚ” ਉਸ ਨੂੰ ਨਹੀਂ ਮੰਨਿਆ ਜਾਂਦਾ ਜੋ ਅਸਲੀਅਤ ਬਿਆਨ ਕਰਦਾ ਹੋਵੇ ਅਤੇ ਤੱਥਾਂ ’ਤੇ ਖਰਾ ਉੱਤਰਦਾ ਹੋਵੇ, ਸਗੋਂ ਉਸ ਨੂੰ ਮੰਨਿਆ ਜਾਂਦਾ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰੇ ਜਾਂ ਉਨ੍ਹਾਂ ਦੀਆਂ ਪਹਿਲਾਂ ਤੋਂ ਬਣੀਆਂ ਹੋਈਆਂ ਧਾਰਨਾਵਾਂ ਨਾਲ ਮੇਲ ਖਾਂਦਾ ਹੋਵੇ। ਹੁਣ ਉਹ ਗੱਲ ਸੱਚੀ ਮੰਨੀ ਜਾਂਦੀ ਹੈ ਜੋ ਸਭ ਤੋਂ ਵੱਧ ‘ਲਾਈਕ’, ‘ਸ਼ੇਅਰ’ ਅਤੇ ‘ਕਮੈਂਟਸ’ ਪ੍ਰਾਪਤ ਕਰਦੀ ਹੈ। ਅੱਜ ਲੋਕ ਅਸਲੀਅਤ ਦੀ ਬਜਾਏ ਆਪਣੀਆਂ ਮਨ-ਆਈਆਂ ਅਤੇ ਗਰਜ਼ਾਂ ਪੂਰੀਆਂ ਕਰਨ ਵਾਲੀਆਂ ਗੱਲਾਂ ’ਤੇ ਯਕੀਨ ਕਰਦੇ ਹਨ। ਅੱਜ ਅਜਿਹੇ ਝੂਠ ਨੂੰ ਹੀ ਸੱਚ ਮੰਨਿਆ ਜਾਂਦਾ ਹੈ ਜੋ ਸਾਡੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਨ ਲਈ ਸਾਡੇ ‘ਬਿੱਗ ਡਾਟਾ’ (ਆਦਤਾਂ, ਸੁਭਾਅ, ਮਨੋ-ਵੇਗਾਂ, ਚਾਹਤਾਂ, ਸੰਬੰਧਾਂ ਆਦਿ ਦੀ ਜਾਣਕਾਰੀ) ਦੇ ਅਧਾਰ ’ਤੇ ਡਿਜ਼ਾਈਨ ਕੀਤੇ ਜਾਂਦੇ ਹਨ। ਇਹ ਝੂਠ ਐਸੇ ਢੰਗ ਨਾਲ ਪੇਸ਼ ਕੀਤੇ ਹੋਏ ਹੁੰਦੇ ਹਨ ਕਿ ਇਹ ਸੱਚ ਲਗਦੇ ਹਨ, ਭਾਵਨਾਵਾਂ ਨੂੰ ਉਤੇਜਿਤ ਕਰਦੇ ਹਨ ਅਤੇ ਤੇਜ਼ੀ ਨਾਲ ਫੈਲਦੇ ਹਨ। ਸੱਚ ਵਿਚਾਰਾ ਬਣ ਕੇ ਰਹਿ ਗਿਆ ਹੈ। ਇਸ ਨਾਲ ਵਿਸ਼ੇਸ਼ਣ ਲਾਉਣੇ ਜ਼ਰੂਰੀ ਹੋ ਗਏ ਹਨ। ਅਸਲ ਸੱਚ, ਅੰਦਰਲਾ ਸੱਚ, ਪੂਰਾ ਸੱਚ, ਕਪੜ-ਛਾਣ ਕੀਤਾ ਹੋਇਆ ਸੱਚ, ਸਟੀਕ ਸੱਚ, ਕਸ਼ੀਦ ਕੀਤਾ ਹੋਇਆ ਸੱਚ ਆਦਿ।
ਇਹ ਵਰਤਾਰਾ ਸਾਡੇ ਸਮਾਜਿਕ, ਰਾਜਨੀਤਿਕ, ਅਤੇ ਨੈਤਿਕ ਢਾਂਚੇ ਲਈ ਇੱਕ ਵੱਡੀ ਚੁਣੌਤੀ ਬਣ ਚੁੱਕਿਆ ਹੈ। ਆਪਾਂ ਤਕਨੌਲੋਜੀ ਅਤੇ ਏ.ਆਈ ਦੇ ਇਸ ਤਰ੍ਹਾਂ ਦੇ ਦੂਰਗਾਮੀ ਮੰਦੇ ਅਸਰਾਂ ਬਾਰੇ ਘੱਟ ਗੱਲ ਕਰਦੇ ਹਾਂ, ਕਿਉਂਕਿ ਡੂੰਘੀ ਸੋਚ-ਵਿਚਾਰ ਵਾਲਾ ਸਾਡਾ ਕਿਰਦਾਰ ਹੀ ਗੌਣ ਹੋ ਗਿਆ ਹੈ। ਅਸੀਂ ਸਤਹੀ ਮਸਲਿਆਂ ਦੀਆਂ ਗੱਲਾਂ ਵੱਧ ਕਰਦੇ ਹਾਂ ਪਰ ਸੱਚ ਅਤੇ ਅਣ-ਸੱਚ ਵਰਗੇ ਬਰੀਕ ਵਰਤਾਰਿਆਂ ਬਾਰੇ ਘੱਟ ਸੋਚਦੇ-ਵਿਚਾਰਦੇ ਹਾਂ। ਸੰਚਾਰ-ਕ੍ਰਾਂਤੀ ਦੇ ਇਸ ਯੁਗ ਵਿੱਚ ਜਾਣਕਾਰੀ ਅਤੇ ਸੂਚਨਾਵਾਂ ਦੀ ਭਰਮਾਰ ਹੈ। ਖ਼ਬਰਾਂ ਦਾ ਚੱਕਰ ਨਿਰੰਤਰ ਚੱਲਦਾ ਰਹਿੰਦਾ ਹੈ ਅਤੇ ਸੋਸ਼ਲ ਮੀਡੀਆ ਬਹੁਤ ਤੇਜ਼ ਗਤੀ ਨਾਲ ਨਵੀਂਆਂ ਧਾਰਨਾਵਾਂ ਸਿਰਜ ਰਿਹਾ ਹੈ। ਇਨ੍ਹਾਂ ਕਰਕੇ ਇਹ ਵਰਤਾਰਾ ਤੇਜ਼ੀ ਨਾਲ ਸਥਾਪਿਤ ਹੋਇਆ ਹੈ ਅਤੇ ਆਪਾਂ ਇਸਦੇ ਪ੍ਰਭਾਵਾਂ ਨੂੰ ਪ੍ਰਤੱਖ ਦੇਖ ਰਹੇ ਹਾਂ। ਇਸਦਾ ਸਭ ਤੋਂ ਵੱਡਾ ਨੁਕਸਾਨ ਇਹ ਹੋ ਰਿਹਾ ਹੈ ਕਿ ਸਾਡੇ ਸਭ ਕਿਸਮ ਦੇ ਭਰੋਸੇ ਟੁੱਟ ਰਹੇ ਹਨ। ਸਾਡੇ ਆਪਸੀ ਭਰੋਸੇ, ਸਰਕਾਰਾਂ ਅਤੇ ਅਦਾਲਤਾਂ ਵਿੱਚ ਭਰੋਸੇ, ਆਪਣੇ ਲੀਡਰਾਂ ਅਤੇ ਮਾਹਿਰਾਂ ਵਿੱਚ ਭਰੋਸੇ, ਆਪਣੀਆਂ ਸੰਸਥਾਵਾਂ ਅਤੇ ਆਪਣੇ ਧਰਮਾਂ ਵਿੱਚ ਭਰੋਸੇ, ਸਭ ਤਿੜਕ ਰਹੇ ਹਨ ਜਦੋਂ ਕਿ ਆਪਾਂ ਨੂੰ ਇਕੱਠੇ ਰਹਿਣ ਲਈ ਇਨ੍ਹਾਂ ਸਭ ਭਰੋਸਿਆਂ ਦੇ ਨਾਲ-ਨਾਲ ਸਾਂਝੀਆਂ ਕਦਰਾਂ-ਕੀਮਤਾਂ, ਸਾਂਝੇ ਵਿਸ਼ਵਾਸਾਂ ਅਤੇ ਸਾਂਝੇ ਅਕੀਦਿਆਂ ਵਿੱਚ ਭਰੋਸੇ ਦੀ ਅਹਿਮ ਲੋੜ ਹੈ। ਸਾਨੂੰ ਆਪਣੇ ਲੀਡਰਾਂ, ਸੰਸਥਾਵਾਂ, ਮਾਹਿਰਾਂ, ਲਾਹੇਵੰਦ ਬਿਰਤਾਂਤਾਂ ਅਤੇ ਨਰੋਏ ਵਿਰਸੇ ਵਿੱਚ ਭਰੋਸਿਆਂ ਦੀ ਲੋੜ ਹੈ। ਸਾਡੇ ਲਈ ਸਰਬਸਾਂਝੇ ਵਿਸ਼ਵਾਸਾਂ ਅਤੇ ਸਰਬਸਾਂਝੀਆਂ ਮਾਨਤਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਾਡੇ ਭਰੋਸਿਆਂ ਦਾ ਅਧਾਰ ਹਨ। ਪਰ ਸੱਚ-ਯੁਗ ਤੋਂ ਬਾਅਦ ਦੇ ਯੁਗ ਵਿੱਚ ਇਹ ਖੁਰ ਰਹੇ ਹਨ।
ਹੁਣ ਤਕ ਆਪਾਂ ਨੂੰ ਇਹ ਵੀ ਪਤਾ ਲੱਗ ਚੁੱਕਿਆ ਹੈ ਕਿ ਏ.ਆਈ ਵਾਲੀਆਂ ਵੱਡੀਆਂ ਕੰਪਨੀਆਂ (ਜਾਂ ਕਾਰਪੋਰੇਸ਼ਨਾਂ) ਸਾਡੀਆਂ ਆਦਤਾਂ, ਵਿਚਾਰਾਂ ਅਤੇ ਬਿਰਤਾਂਤਾਂ ਨੂੰ ਜਾਣ ਕੇ ਹੀ ਸਾਡੇ ਲਈ ਉਕਸਾਊ, ਭਰਮਾਊ, ਭੜਕਾਊ ਅਤੇ ਭਟਕਾਊ ਕਿਸਮ ਦੀਆਂ ਵੀਡੀਓ ਬਣਾਉਂਦੀਆਂ ਹਨ। ਇਹ ਕੋਈ ਅਤਿਕਥਨੀ ਨਹੀਂ ਕਿ ਇਹ ਸਾਡੀ ‘ਰਗ-ਰਗ ਦੀਆਂ ਵਾਕਿਫ’ ਹੋ ਚੁੱਕੀਆਂ ਹਨ। ਜਨ-ਸਧਾਰਨ ਨੇ ਇਨ੍ਹਾਂ ਕਾਰਪੋਰੇਸ਼ਨਾਂ ਦਾ ਮੁਕਾਬਲਾ ਕੀ ਕਰ ਲੈਣਾ ਹੈ, ਇਹ ਸਰਕਾਰਾਂ ਤੋਂ ਪੂਰੇ ਨਾਬਰ ਹੋਏ ਪਏ ਹਨ। ਆਪਾਂ ਨੂੰ ਇਨ੍ਹਾਂ ਵੱਲੋਂ ਵਰਤੇ ਜਾ ਰਹੇ ਖੁਦਗਰਜ਼ ਢੰਗ ਤਰੀਕਿਆਂ ਦੀ ਜਾਣਕਾਰੀ ਭਾਵੇਂ ਪਤਾ ਨਹੀਂ ਲੱਗ ਸਕਦੀ ਪਰ ਇਨ੍ਹਾਂ ਦੇ ਮੰਦੇ ਪ੍ਰਭਾਵਾਂ ਤੋਂ ਬਚਣ ਲਈ ਸਿਆਣਪ ਜ਼ਰੂਰ ਮਿਲ ਸਕਦੀ ਹੈ। ਚੰਗੀ ਗੱਲ ਇਹ ਹੈ ਕਿ ਇਨ੍ਹਾਂ ਵੱਲੋਂ ਸੱਚ ’ਤੇ ਚੜ੍ਹਾਏ ਜਾ ਰਹੇ ਪਰਦਿਆਂ ਨੂੰ ਹਟਾਇਆ ਜਾ ਸਕਦਾ ਹੈ ਅਤੇ ਇਸਦੀ ਰੋਸ਼ਨੀ ਬਹਾਲ ਕੀਤੀ ਜਾ ਸਕਦੀ ਹੈ। ਇਹ ਠੀਕ ਹੈ ਕਿ ਸੱਚ ਨੂੰ ਮੁੜ ਸਥਾਪਿਤ ਕਰਨਾ ਔਖਾ ਹੈ, ਪਰ ਇਸ ਲਈ ਭਰਪੂਰ ਕੋਸ਼ਿਸ਼ਾਂ ਕਰਨੀਆਂ ਜ਼ਰੂਰੀ ਹਨ ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਆਪਣਾ ਫਰਜ਼ ਨਿਭਾਅ ਸਕੀਏ। ਇਹ ਕਰਨ ਲਈ ਕੁਛ ਵਿਚਾਰ ਅੱਗੇ ਦਿੱਤੇ ਗਏ ਹਨ।
ਪੱਥਰ ਚੱਟ ਕੇ ਮੁੜੀ ਮੱਛੀ ਵਾਂਗ ਅੱਜ ਦੇ ਪੱਛਮੀ ਜਗਤ ਦੀ ਨਵੀਂ ਵਿਚਾਰਧਾਰਾ ‘Finding Modern Truth in Ancient Wisdom’ ਬਣ ਰਹੀ ਹੈ। ਸਾਡੇ ਲਈ ਇਸ ਨੂੰ ਸਮਝਣਾ, ਇਸ ’ਤੇ ਭਰੋਸਾ ਕਰਨਾ ਅਤੇ ਇਸ ਨੂੰ ਅਪਣਾਉਣ ਹੋਰ ਵੀ ਸੌਖਾ ਹੈ ਕਿਉਂਕਿ ਇਹ ਸਾਡੇ ਪੂਰਬੀ ਮਹਾਂ-ਪੁਰਖਾਂ ਦੀਆਂ ਚਿਰ-ਕਾਲੀ ਸਿੱਖਿਆਵਾਂ ’ਤੇ ਅਧਾਰਿਤ ਹੈ। ਅੱਜ ਦੇ ਚੋਟੀ ਦੇ ਇਤਿਹਾਸਕਾਰ-ਫਿਲਾਸਫਰ ਯੁਵਲ ਹਰਾਰੀ ਦੀ ਇੱਕ ਮਾਅਰਕੇਦਾਰ ਨਸੀਹਤ ਹੈ ਕਿ ਅੱਜ ਗੂਗਲ ਅਤੇ ਹੋਰ ਏਜੰਸੀਆਂ ਸਾਡੀ ‘ਪਛਾਣ’ ਕਰ ਕੇ ਹੀ ਸਾਡਾ ਸ਼ੋਸ਼ਣ ਕਰ ਸਕਦੀਆਂ ਹਨ। ਜੇ ਅਸੀਂ, “ਆਪਣੇ-ਆਪ ਨੂੰ ਪਛਾਣਨ’ ਵਿੱਚ ਅਤੇ ਉਨ੍ਹਾਂ ਵੱਲੋਂ ‘ਸਾਨੂੰ ਪਛਾਣਨ’ ਦੀ ਦੌੜ ਵਿੱਚ ਪਿੱਛੇ ਰਹਿ ਗਏ ਤਾਂ ਸਾਡਾ ਸ਼ੋਸ਼ਣ ਲਾਜ਼ਮੀ ਹੈ। ਸਪਸ਼ਟ ਹੈ ਕਿ ਉਸਦੀ ਇਹ ਮੱਤ ‘ਆਪਣੇ ਆਪ ਨੂੰ ਪਛਾਣੋ’ (Know Thyself) ਦੇ ਯੂਨਾਨੀ ਸਿਧਾਂਤ ਵਿੱਚੋਂ ਲਈ ਗਈ ਹੈ। ਉਸਦੀ ਦੂਜੀ ਨਸੀਹਤ ਖੇਡਾਂ ਅਤੇ ਸਾਧਨਾਂ (Sports and Meditation) ਨੂੰ ਸੁਹਿਰਦਤਾ ਨਾਲ ਅਪਣਾਉਣਾ ਹੈ। ਇਸ ਤਰ੍ਹਾਂ ਅਸੀਂ ਆਪਣੇ ਸਰੀਰ ਅਤੇ ਮਨ, ਦੋਹਾਂ ਨੂੰ ਤਕੜਾ ਕਰ ਕੇ ਅਜੋਕੀਆਂ ਸਮੱਸਿਆਵਾਂ ਦਾ ਸਮਾਧਾਨ ਕਰ ਸਕਾਂਗੇ, ਜਾਂ ਇਨ੍ਹਾਂ ਨੂੰ ਸਾਰਥਿਕਤਾ ਨਾਲ ਜਰ ਸਕਾਂਗੇ। ਬਾਬਾ ਨਾਨਕ ਨੇ ਇਸ ਸਿਧਾਂਤ ਨੂੰ ‘ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ’ ਕਹਿ ਕੇ ਅੱਪਡੇਟ ਕੀਤਾ ਹੈ। ਅੱਜ ਦੇ ਯੁਗ ਵਿੱਚ ਇਸਦੀ ਪ੍ਰਸੰਗਕਿਤਾ ਹੋਰ ਵੀ ਵਧ ਗਈ ਹੈ।
ਪੋਸਟ-ਟਰੁੱਥ ਦੇ ਯੁਗ ਵਿੱਚ ਜਿੱਥੇ ਹਰ ਕੋਈ ਆਪਣੇ ਆਪ ਨੂੰ ਮਾਹਰ ਸਮਝਦਾ ਹੈ, ਇਹ ਸਿਧਾਂਤ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜਦੋਂ ਅਸੀਂ ਕਿਸੇ ਗੁੰਝਲਦਾਰ ਮੁੱਦੇ ’ਤੇ ਕੋਈ ਜਾਣਕਾਰੀ ਹਾਸਲ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਇਹ ਮੰਨਣਾ ਚਾਹੀਦਾ ਹੈ ਕਿ ਇਸ ਬਾਰੇ ਸਾਡਾ ਗਿਆਨ ਸੀਮਿਤ ਹੈ। ਇਸ ਮਾਨਤਾ ਨਾਲ ਅਸੀਂ ਸਹੀ ਜਾਣਕਾਰੀ ਦੀ ਭਾਲ ਕਰਨ ਅਤੇ ਮਾਹਰਾਂ ’ਤੇ ਭਰੋਸਾ ਕਰਨ ਲਈ ਤਿਆਰ ਹੁੰਦੇ ਹਾਂ। ਆਪਣੇ ਆਪ ਨੂੰ ਪਛਾਣਨ ਦਾ ਮਤਲਬ ਇਹ ਵੀ ਹੈ ਕਿ ਅਸੀਂ ਦੂਜੇ ਲੋਕਾਂ ਨੂੰ ਵਧੇਰੇ ਸਮਝ ਨਾਲ ਦੇਖੀਏ। ਜਦੋਂ ਅਸੀਂ ‘ਆਪਣੇ-ਆਪ’ ਨੂੰ ਸਮਝ ਲੈਂਦੇ ਹਾਂ ਤਾਂ ਅਸੀਂ ਉਨ੍ਹਾਂ ਲੋਕਾਂ ਦੇ ਵਿਚਾਰਾਂ ਨੂੰ ਵੀ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਾਂ, ਜਿਨ੍ਹਾਂ ਨਾਲ ਅਸੀਂ ਸਹਿਮਤ ਨਹੀਂ ਹੁੰਦੇ। ਇਸ ਨਾਲ ਵਿਵੇਕਸ਼ੀਲ ਅਤੇ ਰਚਨਾਤਮਕ ਵਿਚਾਰ-ਵਟਾਂਦਰੇ ਦਾ ਰਾਹ ਖੁੱਲ੍ਹਦਾ ਹੈ, ਇੱਕ-ਦੂਜੇ ਨੂੰ ਨਕਾਰਨ ਦੀ ਬਜਾਏ ਅਸੀਂ ਆਪਸੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਹਾਂ। ਇਸ ਨਸੀਹਤ ਉੱਤੇ ਅਸੀਂ ਦੋ ਸਟੇਜਾਂ ਵਿੱਚ ਕੰਮ ਕਰ ਸਕਦੇ ਹਾਂ।
ਸੰਸਥਾਈ ਅਤੇ ਸਮਾਜਿਕ ਪੱਧਰ ’ਤੇ ਯਤਨ:
* ਮੀਡੀਆ ਨੂੰ ਆਪਣੀ ਰਿਪੋਰਟਿੰਗ ਵਿੱਚ ਨਿਰਪੱਖਤਾ ਅਤੇ ਪਾਰਦਰਸ਼ਤਾ ਬਣਾਈ ਰੱਖਣੀ ਚਾਹੀਦੀ ਹੈ। ਪੱਤਰਕਾਰਾਂ ਨੂੰ ਤੱਥਾਂ ਦੀ ਜਾਂਚ ’ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ ਅਤੇ ਸਰੋਤਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ। ਵਿਗਿਆਨਕ ਅਦਾਰਿਆਂ ਨੂੰ ਆਪਣੇ ਕੰਮ ਨੂੰ ਆਸਾਨ ਅਤੇ ਸਮਝਣਯੋਗ ਤਰੀਕੇ ਨਾਲ ਆਮ ਲੋਕਾਂ ਤਕ ਪਹੁੰਚਾਉਣਾ ਚਾਹੀਦਾ ਹੈ। ਸਰਕਾਰਾਂ ਨੂੰ ਆਪਣੇ ਕੰਮ ਕਾਜ ਵਿੱਚ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਦਾ ਵਿਸ਼ਵਾਸ ਬਹਾਲ ਹੋ ਸਕੇ।
* ਸਿੱਖਿਆ ਪ੍ਰਣਾਲੀ ਵਿੱਚ ਤੱਥਾਂ ਨੂੰ ਯਾਦ ਕਰਨ ਦੀ ਬਜਾਏ, ਵਿਦਿਆਰਥੀਆਂ ਨੂੰ ਆਲੋਚਨਾਤਮਕ ਸੋਚ (Critical Thinking) ਸਿਖਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਸਿਖਾਇਆ ਜਾਵੇ ਕਿ ਜਾਣਕਾਰੀ ਦੇ ਸਰੋਤਾਂ ਨੂੰ ਕਿਵੇਂ ਪਰਖਿਆ ਜਾਵੇ ਅਤੇ ਕਿਸੇ ਵੀ ਦਾਅਵੇ ਨੂੰ ਸੱਚ ਮੰਨਣ ਤੋਂ ਪਹਿਲਾਂ ਸਬੂਤਾਂ ਦੀ ਮੰਗ ਕਿਵੇਂ ਕੀਤੀ ਜਾਵੇ।
* ਸੋਸ਼ਲ ਮੀਡੀਆ ਕੰਪਨੀਆਂ ਨੂੰ ਗਲਤ ਜਾਣਕਾਰੀ ਅਤੇ ਨਫ਼ਰਤ ਭਰੀ ਸਮੱਗਰੀ ਨੂੰ ਫੈਲਣ ਤੋਂ ਰੋਕਣ ਲਈ ਸਖ਼ਤ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਪਣੇ ਐਲਗੋਰਿਦਮਾਂ ਨੂੰ ਇਸ ਤਰ੍ਹਾਂ ਬਦਲਣਾ ਚਾਹੀਦਾ ਹੈ ਜੋ ਸਿਰਫ਼ ਭਾਵਨਾਵਾਂ ਨੂੰ ਨਾ ਉਕਸਾਉਣ, ਸਗੋਂ ਪ੍ਰਮਾਣਿਕ ਅਤੇ ਭਰੋਸੇਯੋਗ ਜਾਣਕਾਰੀ ਨੂੰ ਵੀ ਉਤਸ਼ਾਹਿਤ ਕਰਨ।
ਨਿੱਜੀ ਪੱਧਰ ’ਤੇ ਸਾਵਧਾਨੀਆਂ:
* ਸਾਨੂੰ ਨਿਯਮਿਤ ਤੌਰ ’ਤੇ ਆਪਣੇ ਵਿਚਾਰਾਂ ਅਤੇ ਵਿਸ਼ਵਾਸਾਂ ਨੂੰ ਪਰਖਦੇ ਰਹਿਣਾ ਚਾਹੀਦਾ ਹੈ। ਆਪਣੇ ਆਪ ਤੋਂ ਪੁੱਛੀਏ ਕਿ ਅਸੀਂ ਕਿਸੇ ਖਾਸ ਗੱਲ ’ਤੇ ਕਿਉਂ ਯਕੀਨ ਕਰਦੇ ਹਾਂ? ਕੀ ਇਹ ਤਰਕ ਅਤੇ ਸਬੂਤਾਂ ’ਤੇ ਆਧਾਰਿਤ ਹੈ, ਜਾਂ ਸਿਰਫ ਭੇਡ-ਚਾਲ ਹੈ। ਇਹ ਸਵੈਪੜਚੋਲ ਸਾਨੂੰ ਭਾਵਨਾਵਾਂ ’ਤੇ ਆਧਾਰਿਤ ਫੈਸਲਿਆਂ ਤੋਂ ਬਚਾਏਗੀ।
* ਜਦੋਂ ਕੋਈ ਜਾਣਕਾਰੀ ਸਾਨੂੰ ਜ਼ਿਆਦਾ ਗੁੱਸਾ, ਡਰ, ਜਾਂ ਖੁਸ਼ੀ ਮਹਿਸੂਸ ਕਰਵਾਏ ਤਾਂ ਸਾਵਧਾਨ ਹੋ ਜਾਈਏ। ਬਿਨਾਂ ਪੜਤਾਲ ਕੀਤੇ ਉਸ ਨੂੰ ਅੱਗੇ ਸਾਂਝਾ ਨਾ ਕਰੀਏ। ਇੱਕ ਪਲ ਲਈ ਰੁਕੀਏ ਅਤੇ ਤਰਕ ਨਾਲ ਸੋਚੀਏ। ਗਲਤ ਜਾਣਕਾਰੀ ਅਕਸਰ ਭਾਵਨਾਤਮਕ ਪ੍ਰਤੀਕਰਮਾਂ ਦਾ ਫਾਇਦਾ ਉਠਾਉਂਦੀ ਹੈ।
* ਜਾਣਕਾਰੀ ਦੇ ਇੱਕ ਹੀ ਸਰੋਤ ’ਤੇ ਨਿਰਭਰ ਨਾ ਰਹੀਏ। ਵੱਖ-ਵੱਖ ਵਿਚਾਰਾਂ ਅਤੇ ਪੱਖਾਂ ਵਾਲੇ ਮੀਡੀਆ ਨੂੰ ਪੜ੍ਹੀਏ ਤਾਂ ਕਿ ਸਾਨੂੰ ਕਿਸੇ ਵੀ ਮੁੱਦੇ ਦਾ ਪੂਰਾ ਚਿੱਤਰ ਮਿਲ ਸਕੇ। ਇਹ ‘ਆਪਣੇ ਆਪ ਨੂੰ ਪਛਾਣੋ’ ਦੇ ਸਿਧਾਂਤ ਦਾ ਹੀ ਵਿਸਤਾਰ ਹੈ ਕਿਉਂਕਿ ਇਸ ਨਾਲ ਅਸੀਂ ਇਹ ਪਛਾਣ ਸਕਦੇ ਹਾਂ ਕਿ ਸਾਡਾ ਮਨ ਕਿਹੜੇ ਸਰੋਤਾਂ ਨੂੰ ਜ਼ਿਆਦਾ ਪਸੰਦ ਕਰਦਾ ਹੈ ਅਤੇ ਕਿਉਂ।
* ਕਿਸੇ ਵੀ ਜਾਣਕਾਰੀ ’ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਉਸਦੀ ਪੁਸ਼ਟੀ ਕਰਨ ਦੀ ਆਦਤ ਪਾਈਏ। ਇੰਟਰਨੈੱਟ ’ਤੇ ਬਹੁਤ ਸਾਰੇ ਫੈਕਟ-ਚੈਕਿੰਗ ਪਲੇਟਫਾਰਮ ਉਪਲਬਧ ਹਨ ਜੋ ਖ਼ਬਰਾਂ ਦੀ ਸਚਾਈ ਦੀ ਜਾਂਚ ਕਰਦੇ ਹਨ। ਇਹ ਇੱਕ ਬਹੁਤ ਹੀ ਸੌਖਾ ਪਰ ਪ੍ਰਭਾਵਸ਼ਾਲੀ ਕਦਮ ਹੈ।
* ਆਪਣੇ ਤੋਂ ਵੱਖਰੇ ਵਿਚਾਰ ਰੱਖਣ ਵਾਲੇ ਲੋਕਾਂ ਨਾਲ ਗੱਲਬਾਤ ਕਰੀਏ। ਇਸਦਾ ਮਕਸਦ ਉਨ੍ਹਾਂ ਨੂੰ ਗਲਤ ਸਾਬਤ ਕਰਨਾ ਨਹੀਂ, ਸਗੋਂ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਹੋਣਾ ਚਾਹੀਦਾ ਹੈ। ਇਹ ਵੀ ‘ਆਪਣੇ ਆਪ ਨੂੰ ਪਛਾਣੋ’ ਰਾਹੀਂ ਹੀ ਸੰਭਵ ਹੈ।
**
(ਲੇਖ ਵਿਚਲੇ ਤੱਥਾਂ ਦੀ ਪੁਸ਼ਟੀ ਅਤੇ ਵਿਚਾਰਾਂ ਦੀ ਪ੍ਰੋੜ੍ਹਤਾ ਲਈ, ChatGPT ਅਤੇ Google Gemini ਦੀ ਵਰਤੋਂ ਕੀਤੀ ਗਈ ਹੈ)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (