“ਨਿਰਸੰਦੇਹ ਝੰਡ ਸਾਹਿਬ ਵੱਲੋਂ ਲਿਖਿਆ ਸਫਰਨਾਮਾ ‘ਪੁਰਖ਼ਿਆਂ ਦਾ ਦੇਸ’ ਇੱਕ ਬਹੁਤ ਵਧੀਆ ...”![]()
(3 ਜੂਨ 2026)
ਅੱਜ ਦੇ ਸੋਸ਼ਲ ਮੀਡੀਆ ਦੇ ਯੁਗ ਵਿੱਚ ਵੀ ਕਿਤਾਬਾਂ ਦੀ ਭਰੋਸੇਯੋਗਤਾ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ ਅਤੇ ਇਸਦੇ ਸਟੀਕ ਕਾਰਨ ਹਨ। ਮੁੱਖ ਇਹ ਹੈ ਕਿ ਪੰਜਾਬੀ ਵਾਰਤਕ ਦੇ ਲੇਖਕ ਆਪਣੀ ਕਿਤਾਬ ਦਾ ਵਿਸ਼ਾ ਗੰਭੀਰਤਾ ਨਾਲ ਅਤੇ ਉਸਦੀ ਵਸਤੂ ਨੂੰ ਸੋਚ-ਸਮਝ ਕੇ ਚੁਣਦੇ ਹਨ। ਹੋਰਾਂ ਵਿਦਵਾਨ ਹਸਤੀਆਂ ਨਾਲ ਸਲਾਹ-ਮਸ਼ਵਰਾ ਕਰਦੇ ਹਨ ਅਤੇ ਉਨ੍ਹਾਂ ਤੋਂ ਸੋਧ-ਸੁਧਾਈ ਅਤੇ ਦਰੁਸਤੀ ਵੀ ਕਰਵਾਉਂਦੇ ਹਨ। ਫਿਰ ਗੰਭੀਰਤਾ ਨਾਲ ਇਸਦੇ ਲਿਖਣ ਅਤੇ ਛਪਵਾਉਣ ਦਾ ਕੰਮ ਕਰਦੇ/ਕਰਵਾਉਂਦੇ ਹਨ ਅਤੇ ਆਲੋਚਕਾਂ ਦੀਆਂ ਟਿੱਪਣੀਆਂ ਸੁਣਦੇ ਅਤੇ ਜਰਦੇ ਹਨ। ਇਹ ਕਿਰਿਆਵਾਂ ਕਿਤਾਬ ਨੂੰ ਮਿਆਰੀ ਅਤੇ ਪਾਠਕਾਂ ਲਈ ਲਾਭਕਾਰੀ ਬਣਾਉਂਦੀਆਂ ਹਨ। ਇਹ ਗੱਲ ਕਿਸੇ ਹੱਦ ਤਕ ਲੇਖਾਂ ਆਦਿ ’ਤੇ ਵੀ ਲਾਗੂ ਹੁੰਦੀ ਹੈ, ਪਰ ਡਿਜਿਟਲ ਮੀਡੀਆ ਇਨ੍ਹਾਂ ਵਿੱਚੋਂ ਕਿਸੇ ਵੀ ਗੱਲ ’ਤੇ ਪੂਰਾ ਨਹੀਂ ਉੱਤਰ ਸਕਦਾ। ਜਦੋਂ ਡਾ. ਸੁਖਦੇਵ ਸਿੰਘ ਝੰਡ ਵਰਗੇ ਬਹੁ-ਪੱਖੀ ਪ੍ਰਤਿਭਾ ਦੇ ਮਾਲਿਕ ਅਤੇ ਵਿਦਵਾਨ ਲੇਖਕ ਇਸ ਤਰ੍ਹਾਂ ਦੇ ਮਿਆਰੀ ਢੰਗ ਨਾਲ ‘ਪੁਰਖ਼ਿਆਂ ਦਾ ਦੇਸ’ ਵਰਗੀ ਕਿਤਾਬ ਲਿਖਦੇ ਹਨ ਤਾਂ ਇਹ ਪੰਜਾਬੀ ਪਾਠਕਾਂ ਲਈ ਇੱਕ ਨਿਹਮਤ ਬਣ ਜਾਂਦੀ ਹੈ।
ਲੇਖਕ ਦੇ ਤੌਰ ’ਤੇ ਡਾ. ਝੰਡ ਦਾ ਤਜਰਬਾ ਵਿਸ਼ਾਲ ਹੈ ਕਿਉਂਕਿ ਉਹ ਪਿਛਲੇ ਪੱਚੀ-ਤੀਹ ਸਾਲਾਂ ਤੋਂ ਕਿਤਾਬਾਂ ਅਤੇ ਲੇਖ ਲਿਖ ਰਹੇ ਹਨ ਅਤੇ ਇਹ ਉਨ੍ਹਾਂ ਦੀ ਦਸਵੀਂ ਕਿਤਾਬ ਹੈ। ‘ਸੋਨੇ ਉੱਤੇ ਸੁਹਾਗੇ’ ਵਾਲੀ ਗੱਲ ਇਹ ਹੈ ਕਿ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚੋਂ ਲਾਇਬਰੇਰੀਅਨ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਹਨ ਅਤੇ ਕਨੇਡਾ ਵਿੱਚ ਆ ਕੇ ਪਿਛਲੇ 15 ਸਾਲਾਂ ਤੋਂ ਇੱਥੋਂ ਦੀਆਂ ਪੰਜਾਬੀ ਸਾਹਿਤਕ ਸਭਾਵਾਂ ਦੇ ਮੁੱਖ-ਮੈਂਬਰ ਚਲੇ ਆ ਰਹੇ ਹਨ। ਇਸ ਤਰ੍ਹਾਂ ਉਹ ਪੰਜਾਬੀ ਸਾਹਿਤ ਦੀਆਂ ਜਗਤ-ਪ੍ਰਸਿੱਧ ਹਸਤੀਆਂ ਦੀ ਸੰਗਤ ਮਾਣ ਰਹੇ ਹਨ ਜੋ ਉਨ੍ਹਾਂ ਦੀਆਂ ਪ੍ਰਤਿਭਾਵਾਂ ਨੂੰ ਹੋਰ ਨਿਖ਼ਾਰਦੀਆਂ ਰਹਿੰਦੀਆਂ ਹਨ। “ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ॥’ ਹਰ ਨਵੀਂ ਛਪੀ ਕਿਤਾਬ ਦੀ ਵਿਦਵਾਨ ਸਾਹਿਤਕਾਰਾਂ ਵੱਲੋਂ ਸਮੀਖਿਆ ਕਰਨ ਦੀ ਪ੍ਰਥਾ ਹੈ, ਜਿਸਦਾ ਉਦੇਸ਼ ਲੇਖਕ ਨੂੰ ਕਿਤਾਬ ਦੀਆਂ ਵਡਿਆਈਆਂ ਅਤੇ ਊਣਤਾਈਆਂ ਬਾਰੇ ਜਾਣੂ ਕਰਵਾਉਣਾ ਹੁੰਦਾ ਹੈ ਤਾਂ ਕਿ ਉਹ ਅੱਗੇ ਤੋਂ ਆਪਣੀ ਲਿਖਣ-ਸ਼ੈਲੀ ਵਿੱਚ ਸੁਧਾਰ ਕਰ ਕੇ ਇਸਦੀ ਗੁਣਵੱਤਾ ਵਧਾ ਸਕੇ। ਇਸ ਤਰ੍ਹਾਂ ਦੀ ਸਾਹਿਤਕ ਅਤੇ ਪ੍ਰੋਫੈਸ਼ਨਲ ਸਮੀਖਿਆ ਵਿਦਵਾਨ ਅਤੇ ਖ਼ੁਦ ਲੇਖਕ ਦੇ ਤੌਰ ’ਤੇ ਪ੍ਰਸਿੱਧੀ ਪ੍ਰਾਪਤ ਕਰ ਚੁੱਕੀਆਂ ਸ਼ਖਸੀਅਤਾਂ ਹੀ ਕਰ ਸਕਦੀਆਂ ਹਨ ਅਤੇ ਇਸ ਕਿਤਾਬ ਦਾ ਇਹ ਕੰਮ ਪ੍ਰਿੰਸੀਪਲ ਸਰਵਣ ਸਿੰਘ ਅਤੇ ਡਾ. ਵਰਿਆਮ ਸਿੰਘ ਸੰਧੂ ਹੁਰਾਂ ਨੇ ਬਾਖ਼ੂਬੀ ਕੀਤਾ ਹੈ।
ਕਿਤਾਬ ਨੂੰ ਲੇਖਕ ਦੀ ਨਿੱਜੀ ਸ਼ਖਸੀਅਤ ਤੋਂ ਅੱਡ ਨਹੀਂ ਕੀਤਾ ਜਾ ਸਕਦਾ, ਇਸ ਲਈ ਝੰਡ ਸਾਹਿਬ ਦੇ ਇਸ ਪੱਖ ’ਤੇ ਨਜ਼ਰਸਾਨੀ ਜ਼ਰੂਰੀ ਹੈ। ਕਿਸੇ ਸਿੱਖ-ਸਰਦਾਰ ਦੀ ਸ਼ਖਸੀਅਤ ਦੀ ਫ਼ੌਰੀ ਪਰਖ ਉਸਦੀ ਦਸਤਾਰ, ਰਫਤਾਰ ਅਤੇ ਗ਼ੁਫਤਾਰ ਤੋਂ ਹੁੰਦੀ ਹੈ। ਝੰਡ ਸਾਹਿਬ ਇਨ੍ਹਾਂ ਤਿੰਨਾਂ ਪੱਖਾਂ ਤੋਂ ਪੂਰਨ ਹਨ ਅਤੇ ਕੁਦਰਤ ਵੱਲੋਂ ਮਿਲੀ ਸੁੰਦਰਤਾ ਉਨ੍ਹਾਂ ਦੀ ਦਿੱਖ ਨੂੰ ਹੋਰ ਵੀ ‘ਗਰੇਸਫੁਲ’ ਬਣਾ ਦਿੰਦੀ ਹੈ। ਪਰ ਉਨ੍ਹਾਂ ਦੇ ਇਹ ਬਾਹਰੀ ਗੁਣ ਉਨ੍ਹਾਂ ਦੇ ਅੰਦਰੂਨੀ ਗੁਣਾਂ ਅੱਗੇ ਫਿੱਕੇ ਪੈ ਜਾਂਦੇ ਹਨ: ਦਲੇਰੀ ਅਤੇ ਸਪਸ਼ਟਤਾ, ਹਰ ਇੱਕ ਨੂੰ ਤਪਾਕ ਨਾਲ ਮਿਲਣਾ ਅਤੇ ਮਿੱਠਾ ਬੋਲਣਾ, ਮਿੱਤਰਾਂ ਦੀ ਮੌਕੇ-ਸਿਰ ਅਤੇ ਖੁੱਲ੍ਹ ਕੇ ਮਦਦ ਕਰਨੀ। ਉੱਚ-ਕੋਟੀ ਦੇ ਵਿਦਵਾਨ ਹੋਣ ਦੇ ਬਾਵਜੂਦ ਨਿਮਰਤਾ ਅਤੇ ਹਰ ਸਰੀਰਕ ਕੰਮ ਨੂੰ ਮੋਹਰੇ ਹੋ ਕੇ ਹੱਥ ਪਾਉਣਾ (ਕਨੇਡਾ ਦੀ ਇੱਕ ਜ਼ਰੂਰਤ) ਉਨ੍ਹਾਂ ਦੇ ਕੁਛ ਹੋਰ ਗੁਣ ਹਨ। ਇਸਦਾ ਕਾਰਨ ਉਨ੍ਹਾਂ ਦੀ ਨਰੋਈ ਸਿਹਤ ਹੈ ਜੋ ਉਨ੍ਹਾਂ ਨੇ ਵਧ ਰਹੀ ਉਮਰ ਦੇ ਬਾਵਜੂਦ ਮਿਹਨਤ ਅਤੇ ਸਿਰੜ ਨਾਲ ਕਾਇਮ ਰੱਖੀ ਹੋਈ ਹੈ। ਉਹ ਟਰਾਂਟੋ ਦੇ ਇੱਕ ਪ੍ਰਸਿੱਧ ਪੰਜਾਬੀ ਰਨਰਜ ਕਲੱਬ ਦੇ ਸਰਕਰਦਾ ਪ੍ਰਬੰਧਕੀ ਮੈਂਬਰ ਹਨ ਅਤੇ ਇਸਦੀਆਂ ਮਧਿਅਮ ਦੂਰੀ ਦੀਆਂ ਦੌੜਾਂ ਵਿੱਚ ਨਿਯਮ ਨਾਲ ਹਿੱਸਾ ਲੈਂਦੇ ਹਨ।
ਝੰਡ ਸਾਹਿਬ ਦੀ ਹਰ ਸੋਚ ਇਸ ਕਿਤਾਬ ਵਿੱਚੋਂ ਝਲਕਦੀ ਹੈ। ਉਮਰ ਦੇ ਇਸ ਮੁਕਾਮ ’ਤੇ ਆ ਕੇ ਉਹ ਸਮਝ ਚੁੱਕੇ ਹਨ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਸੁਚੱਜਾ ਅਤੇ ਪ੍ਰਸੰਨ-ਮਈ ਜੀਵਨ ਜਿਊਣ ਲਈ ਹਰ ਸਾਧਨ, ਸੁਮੱਤ ਅਤੇ ਸਮਰੱਥਾ ਪ੍ਰਦਾਨ ਕੀਤੀ ਹੋਈ ਹੈ। ਹੁਣ ਉਹ ਪਰਮਾਤਮਾ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਲਈ ਕਿਸੇ ਨਾਂ ਕਿਸੇ ਢੰਗ ਨਾਲ ਉਸਦੇ ਬੰਦਿਆਂ ਨੂੰ ਕੁਛ ਵਾਪਸ ਦੇਣਾ ਚਾਹੁੰਦੇ ਹਨ। ਕੁਦਰਤੀ ਗੱਲ ਹੈ ਕਿ ਇਹ ਸਭ ਕਰਨ ਲਈ ਉਹ ਆਪਣੀ ਵਿੱਦਿਅਕ ਯੋਗਤਾ ਨੂੰ ਹੀ ਵਰਤਣਗੇ, ਜੋ ਉਨ੍ਹਾਂ ਦੀ ਲੇਖਣੀ, ਤਜਰਬੇ ਅਤੇ ਸੁਚੱਜੇ ਵਿਚਾਰਾਂ ਰਾਹੀਂ ਕਾਰਜਸ਼ੀਲ ਹੋ ਰਹੀ ਹੈ। ਉਹ ਇਨ੍ਹਾਂ ਗੁਣਾਂ ਨੂੰ ਬਹੁਤ ਹੀ ਸੁੱਘੜ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਰਤ ਰਹੇ ਹਨ ਅਤੇ ਇਹ ਕਿਤਾਬ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ।
ਉਨ੍ਹਾਂ ਦਾ ਇੱਕ ਉਚੇਚਾ ‘ਖਬਤ’ ਜੋ ਇਸ ਕਿਤਾਬ ਵਿੱਚੋਂ ਵੀ ਝਲਕਦਾ ਹੈ, ਉਹ ਹੈ ਉਨ੍ਹਾਂ ਦੀ ਪੰਜਾਬੀ ਵਿਆਕਰਨ ਅਤੇ ਸ਼ਬਦਾਂ ਦੀਆਂ ਲਗਾਂ-ਮਾਤਰਾ ਵਲ ਵਿਸ਼ੇਸ਼ ਧਿਆਨ। ਅੱਖਰਾਂ ਦੇ ਪੈਰਾਂ ਵਿੱਚ ਬਿੰਦੀਆਂ ਪਾਉਣ ਵਿੱਚ ਉਨ੍ਹਾਂ ਦੀ ਮੁਹਾਰਤ ਮੇਰੇ ਵਰਗੇ ‘ਰੰਗਰੂਟ’ ਨੂੰ ਬੌਂਦਲਾ ਦਿੰਦੀ ਹੈ। ਮੈਂ ਆਪਣੇ ਆਰਟੀਕਲ ਅਕਸਰ ਝੰਡ ਸਾਹਿਬ ਤੋਂ ਦਰੁਸਤ ਕਰਵਾਉਂਦਾ ਰਹਿੰਦਾ ਹਾਂ। ਉਹ ਖ, ਗ, ਜ, ਫ ਅਤੇ ਲ ਅੱਖਰਾਂ ਦੇ ਪੈਰਾਂ ਵਿੱਚ ਬਿੰਦੀਆਂ ਦੀਆਂ ਬਹੁਤ ਗ਼ਲਤੀਆਂ ਕੱਢਦੇ ਹਨ ਤੇ ਮੈਨੂੰ ਬਹੁਤ ਸਮਝਾਉਂਦੇ ਅਤੇ ਕਦੇ-ਕਦਾਈਂ ਤਾੜਦੇ ਵੀ ਹਨ। ਮੈਨੂੰ ਲ ਦੇ ਪੈਰ ਵਿੱਚ ਬਿੰਦੀ ਤੋਂ ਬਗ਼ੈਰ ਹੋਰ ਕਿਸੇ ਵੀ ਅੱਖਰ ਦੇ ਪੈਰ ਵਿੱਚ ਬਿੰਦੀ ਦਾ ‘ਕਨਸੈਪਟ’ ਨਹੀਂ ਬਣ ਸਕਿਆ; ਅਜੇ ਤਕ ਵੀ। ਮੈਂ ਅੱਜ ਵੀ ਇਸ ਗੱਲ ਦਾ ਧਾਰਨੀ ਹਾਂ ਕਿ ਜੇ ਪੈਰ ਵਿੱਚ ਬਿੰਦੀ ਲਾਉਣ ਜਾਂ ਨਾਂ ਲਾਉਣ ਨਾਲ ਸ਼ਬਦ ਦੇ ਅਰਥ ਦਾ ਫਰਕ ਨਹੀਂ ਪੈਂਦਾ ਤਾਂ ਇਹ ਕੋਈ ਮਾਅਨੇ ਨਹੀਂ ਰੱਖਦੀ। ਪਰ ਉਹ ਮੇਰੀ ਇਸ ਦਲੀਲ ਨਾਲ ਸਹਿਮਤ ਨਹੀਂ ਹਨ ਅਤੇ ਕਈ ਵਾਰ ਗਰਮ ਹੋ ਜਾਂਦੇ ਹਨ, ਜੋ ਉਨ੍ਹਾਂ ਦੇ ਸ਼ਾਂਤ ਸੁਭਾਅ ਦੇ ਉਲਟ ਹੈ। ਖ਼ੈਰ, ਇੱਕ ਵਾਰ ਜਦੋਂ ਮੈਂ ਆਪਣਾ ਇੱਕ ਆਰਟੀਕਲ ਇਨ੍ਹਾਂ ਨੂੰ ਚੈੱਕ ਕਰਵਾਉਣ ਲਈ ‘ਈ-ਮੇਲ’ ਰਾਹੀਂ ਭੇਜਿਆ ਤਾਂ ਮੈਂ ਅਖ਼ੀਰ ਵਿੱਚ ਇੱਕ ਪੂਰੀ ਲਾਈਨ ਵਿੱਚ 20-22 ਬਿੰਦੀਆਂ ਲਾ ਕੇ ਭੇਜ ਦਿੱਤੀਆਂ ਅਤੇ ਬੇਨਤੀ ਕੀਤੀ ਕਿ ਇਨ੍ਹਾਂ ਨੂੰ ਜਿੱਥੇ ਮਰਜ਼ੀ ਵਰਤ ਲਿਓ। ਪਰ ‘ਮੇਰਾ ਕੀ ਕਸੂਰ, ਮੇਰਾ ਜ਼ਿਲ੍ਹਾ ਸੰਗਰੂਰ’; ਗੱਲ ਅਜੇ ਵੀ ਉੱਥੇ ਹੀ ਅੜੀ ਹੋਈ ਹੈ।
ਕਿਤਾਬ ਦਾ ਅਸਲ ਮੰਤਵ ਪਾਠਕ ਦੀਆਂ ਕਈ ਲੋੜਾਂ ਪੂਰੀਆਂ ਕਰਨਾ ਹੁੰਦਾ ਹੈ, ਜੋ ਝੰਡ ਸਾਹਿਬ ਦੀ ਇਹ ਕਿਤਾਬ ਬਾਖ਼ੂਬੀ ਪੂਰੀਆਂ ਕਰਦੀ ਹੈ। ਇਹ ਪਾਠਕ ਨੂੰ ਸੂਚਨਾਵਾਂ ਅਤੇ ਗਿਆਨ ਦੇਣ ਦੇ ਨਾਲ-ਨਾਲ ਸਿਆਣਪ ਵੀ ਪ੍ਰਦਾਨ ਕਰਦੀ ਹੈ। ਉਸਦੇ ਵਿਚਾਰਾਂ ਨੂੰ ਪ੍ਰਜਵਲਿਤ ਕਰ ਕੇ ਉਸਦੀ ਸੋਚ-ਸਮਰੱਥਾ ਵਿੱਚ ਵਾਧਾ ਕਰਦੀ ਹੈ। ਚੰਗਾ ਮਨੁੱਖ ਬਣਨ ਲਈ ਸਵੈਵਿਕਾਸ ਦੇ ਰਸਤੇ ’ਤੇ ਤੋਰਦੀ ਹੈ। ਵਿਆਕਰਨ ਅਤੇ ਭਾਸ਼ਾ ਵਿੱਚ ਸੁਧਾਰ ਦੀ ਸਿੱਖਿਆ ਦਿੰਦੀ ਹੈ। ਮਨੋਰੰਜਨ ਅਤੇ ਮਨ-ਪਰਚਾਵਾ ਵੀ ਕਰਦੀ ਹੈ। ਕੁਦਰਤੀ ਗੱਲ ਹੈ ਕਿ ਹਰ ਪਾਠਕ ਆਪਣੀਆਂ ਨਿੱਜੀ ਪ੍ਰਵਿਰਤੀਆਂ ਅਨੁਸਾਰ ਇਸ ਕਿਤਾਬ ਤੋਂ ਹੋਰ ਨਵੀਂਆਂ ਗੱਲਾਂ ਵੀ ਗ੍ਰਹਿਣ ਕਰਦਾ ਹੈ। ਪਾਠਕ ਦੀ ਸਮੀਖਿਆ ਦੀ ਆਪਣੀ ਮਹੱਤਤਾ ਹੁੰਦੀ ਹੈ, ਪਰ ਇਸ ਤਰ੍ਹਾਂ ਦੀ ਸਮੀਖਿਆ ਦੀ ਪ੍ਰਥਾ ਬਹੁਤ ਘੱਟ ਹੈ। ਪਾਠਕ ਆਮ ਕਰ ਕੇ ਕਿਤਾਬ ਦੇ ਉਨ੍ਹਾਂ ਪੱਖਾਂ ਵੱਲ ਵੱਧ ਧਿਆਨ ਦਿੰਦਾ ਹੈ ਜੋ ਉਸਦੀ ਵਿਚਾਰਧਾਰਾ ਨਾਲ ਮੇਲ ਖਾਂਦੇ ਹੋਣ। ਇਸ ਪਹੁੰਚ ਦਾ ਇਹ ਫ਼ਾਇਦਾ ਤਾਂ ਹੁੰਦਾ ਹੈ ਕਿ ਪਾਠਕ ਨੂੰ ਆਪਣੀ ਸੋਚ ਦੀ ਉਚਿੱਤਤਾ ਬਾਰੇ ਭਰੋਸਾ ਹੋ ਜਾਂਦਾ ਹੈ ਅਤੇ ਉਸਦਾ ਆਤਮ-ਵਿਸ਼ਵਾਸ ਵਧਦਾ ਹੈ ਪਰ ਇਸ ਸੌੜੀ ਸੋਚ ਨਾਲ ਪੜ੍ਹੀ ਕਿਤਾਬ, ਪਾਠਕ ਨੂੰ ਲੇਖਕ ਦੇ ਪੂਰੇ ਤਜਰਬੇ ਅਤੇ ਮਿਹਨਤ ਦੇ ਲਾਭਾਂ ਤੋਂ ਵਾਂਝਾ ਰੱਖਦੀ ਹੈ। ਆਪਣੀ ਸੋਚ ਤੋਂ ਵਿਰੋਧੀ ਸੋਚ ’ਤੇ ਵਿਚਾਰ ਕਰਨੀ ਅਤੇ ਕਿਤਾਬ ਰਾਹੀਂ ਆਪਣੇ ਅੰਦਰ ਉਪਜ ਰਹੇ ਨਵੇਂ ਵਿਚਾਰਾਂ ਦੀ ਪਰਖ-ਪੜਚੋਲ ਕਰਨਾ ਵੱਧ ਉਪਯੋਗੀ ਹੁੰਦਾ ਹੈ।
ਇਸ ਸਫਰਨਾਮਾ-ਰੂਪੀ ਕਿਤਾਬ ਵਿੱਚ ਸਵੈਜੀਵਨੀ ਦੀ ਵੀ ਝਲਕ ਹੈ। ਮੇਰੀ ਸੋਚਣੀ ਇਹ ਰਹੀ ਹੈ ਕਿ ਕਿਸੇ ਹੋਰ ਦੀ ਜੀਵਨੀ ਜਾਂ ਸਵੈਜੀਵਨੀ ਤੋਂ ਕੋਈ ਕੀ ਸਿੱਖ ਸਕਦਾ ਹੈ, ਮਨੁੱਖ ਤਾਂ ਆਪਣੀ ਜ਼ਿੰਦਗੀ ਤੋਂ ਕੁਛ ਸਿੱਖਣ ਨੂੰ ਤਿਆਰ ਨਹੀਂ। ਪਰ ਝੰਡ ਸਾਹਿਬ ਦੀ ਇਸ ਪੁਸਤਕ ਨੇ ਮੈਨੂੰ ਆਪਣੀ ਇਸ ਸੋਚ ਉੱਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ। ਮੈਨੂੰ ਇਹ ਸਬਕ ਮਿਲਿਆ ਹੈ ਕਿ ਕੋਈ ਜੀਵਨੀ ਜਾਂ ਸਵੈਜੀਵਨੀ ਸੰਪੂਰਨ ਨਹੀਂ ਹੋ ਸਕਦੀ। ਜੀਵਨੀ ਲਿਖਣ ਵਾਲੇ ਨੂੰ ਇਸਦੇ ਨਾਇਕ ਦੇ ਜੀਵਨ ਬਾਰੇ ਸਭ ਕੁਛ ਪਤਾ ਨਹੀਂ ਲੱਗ ਸਕਦਾ ਅਤੇ ਸਵੈਜੀਵਨੀ ਲਿਖਣ ਵਾਲਾ ਆਪਣੇ ਬਾਰੇ ਸਭ ਕੁਝ ਲਿਖ ਨਹੀਂ ਸਕਦਾ। ਲਿਖਣ ਵੇਲੇ ਉਸ ਨੂੰ ਆਪਣੀਆਂ ਕਿੰਨੀਆਂ ਹੀ ਗੱਲਾਂ ਛੁਪਾਉਣੀਆਂ ਪੈਂਦੀਆਂ ਹਨ ਕਿਉਂਕਿ ਸਾਡੇ ਵੱਲੋਂ ਕੀਤੇ ਸਾਰੇ ਕੰਮ (ਕਰਮ) ਹੋਰਾਂ ਨਾਲ ਸਾਂਝੇ ਕੀਤੇ ਹੀ ਨਹੀਂ ਜਾ ਸਕਦੇ। ਜੇ ਕਰਮ ਹੀ ਨਹੀਂ ਸਾਂਝੇ ਕੀਤੇ ਜਾ ਸਕਦੇ ਤਾਂ ਵਿਚਾਰਾਂ ਦੇ ਸਾਂਝੇ ਕੀਤੇ ਜਾਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਲਈ ਸਵੈਜੀਵਨੀ ਲਿਖਣ ਵੇਲੇ ਇਨਸਾਨ ਨੂੰ ਮਹਾਂ-ਪੁਰਖਾਂ ਦੀ ਇਸ ਗੱਲ ਦੀ ਸਚਾਈ ਦਾ ਚੰਗੀ ਤਰ੍ਹਾਂ ਅਹਿਸਾਸ ਹੋ ਜਾਂਦਾ ਹੈ ਕਿ ਇਨਸਾਨ ਗ਼ਲਤੀਆਂ ਅਤੇ ਔਗੁਣਾਂ ਨਾਲ ਨੱਕੋ-ਨੱਕ ਭਰਿਆ ਹੋਇਆ ਹੈ। ਸੋ ਹੁਣ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦੀਆਂ ਕਿਤਾਬਾਂ ਤੋਂ ਬਹੁਤ ਕੁਛ ਸਿੱਖਿਆ ਜਾ ਸਕਦਾ ਹੈ।
ਮੇਰੀ ਇਹ ਸਮੀਖਿਆ ਕਿਤਾਬ ਦੀ ਸਾਹਿਤਕ ਪਰਖ-ਪੜਚੋਲ ਬਾਰੇ ਨਹੀਂ। ਮੇਰਾ ਪੂਰਾ ਧਿਆਨ ਇਸ ਤੋਂ ਸਿੱਖੇ ਸਬਕਾਂ ਉੱਤੇ ਕੇਂਦ੍ਰਿਤ ਰਿਹਾ ਹੈ। ਮੈਂ ਲੇਖਕ ਦੀ ਇਸ ਸਫਰਨਾਮੇ ਨੂੰ ਲਿਖਣ ਲਈ ਕੀਤੀ ਮਿਹਨਤ ਅਤੇ ਇਸ ਵਿੱਚ ਭਰੀ ਬਹੁ-ਪੱਖੀ ‘ਜਨਰਲ ਨੌਲਿਜ’ ਅਤੇ ਸਿਆਣਪ ਨੂੰ ਜ਼ਿਆਦਾ ਲਾਹੇਵੰਦ ਸਮਝਦਾ ਹਾਂ। ਮੈਂ ਇਹ ਗੱਲ ਕਹਿਣ ਵਿੱਚ ਪ੍ਰਸੰਨਤਾ ਮਹਿਸੂਸ ਕਰਦਾ ਹਾਂ ਕਿ ਮੈਂ ਇਸ ਕਿਤਾਬ ਨੂੰ ਇੱਕ ਵਿਸ਼ਾਲ ਨਜ਼ਰੀਏ ਤੋਂ ਅਤੇ ਇੱਕ ਜਗਿਆਸੂ-ਪਾਠਕ ਦੇ ਤੌਰ ’ਤੇ ਪੜ੍ਹਿਆ ਹੈ। ਕਿਉਂਕਿ ਮੈਂ ਝੰਡ ਸਾਹਿਬ ਨੂੰ ਨਿੱਜੀ ਤੌਰ ’ਤੇ ਜਾਣਦਾ ਹਾਂ, ਇਸ ਲਈ ਕਿਤਾਬ ਵਿੱਚ ਲਿਖੀ ਹਰ ਗੱਲ ਦੀ, ਉਨ੍ਹਾਂ ਦੀ ਕਰਨੀ ਅਤੇ ਉਨ੍ਹਾਂ ਦੇ ਵਿਹਾਰ ਨਾਲ ਤੁਲਨਾ ਕਰਦਾ ਰਿਹਾ ਹਾਂ। ਇਹ ਪਰਖਣ ਲਈ ਕਿ ਕਿਧਰੇ ਕੋਈ ਪਖੰਡਬਾਜ਼ੀ ਤਾਂ ਨਹੀਂ ਹੋ ਰਹੀ? ਕਿਧਰੇ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿੱਚ ਕੋਈ ਫਰਕ ਤਾਂ ਨਹੀਂ? ਇਹ ਮਨੁੱਖੀ ਸੁਭਾਅ ਹੈ ਅਤੇ ਆਪਾਂ ਪੰਜਾਬੀ ਤਾਂ ਇਸ ਤਰ੍ਹਾਂ ਦਾ ਨੁਕਸ ਲੱਭ ਕੇ ਬਹੁਤ ਖੁਸ਼ ਹੁੰਦੇ ਹਾਂ ਅਤੇ ਇਸਦਾ ਪ੍ਰਚਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ। ਪਰ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਝੰਡ ਸਾਹਿਬ ਕਹਿਣੀ-ਕਰਨੀ ਦੇ ਸੂਰਮੇ ਹਨ ਅਤੇ ਇਹ ਕਿਤਾਬ ਬਹੁਤ ਸਪਸ਼ਟਤਾਵਾਦੀ ਅਤੇ ਬੇਬਾਕ ਢੰਗ ਨਾਲ ਲਿਖੀ ਹੋਈ ਹੈ। ਕੋਈ ਓਹਲਾ ਨਹੀਂ ਕੋਈ ਲੁਕ-ਲਪੇਟ ਨਹੀਂ। ਇਸ ਤਰ੍ਹਾਂ ਅੱਜ ਦੇ ਸੰਸਾਰ ਵਿੱਚ ਹੋਰਾਂ ’ਤੇ ਟੁੱਟ ਰਹੇ ਭਰੋਸਿਆਂ ਦੀ ਮੁੜ-ਸੁਰਜੀਤੀ ਹੋ ਜਾਂਦੀ ਹੈ।
ਸਫਰਨਾਮੇ ਦੇ ਦੋ ਮੁੱਖ ਅੰਗ ਭੂਗੋਲ ਅਤੇ ਇਤਿਹਾਸ ਹੁੰਦੇ ਹਨ, ਜੋ ਤੱਥਾਂ ਉੱਤੇ ਅਧਾਰਿਤ ਹੁੰਦੇ ਹਨ ਅਤੇ ਇਨ੍ਹਾਂ ਦਾ ਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰ ਕੇ ਸਫਰਨਾਮਾ ਇੱਕ ਤਰ੍ਹਾਂ ਨਾਲ ਵਿਗਿਆਨਕ ਵਿਸ਼ਾ ਬਣ ਜਾਂਦਾ ਹੈ ਅਤੇ ਝੰਡ ਸਾਹਿਬ ਇਸ ਨਾਲ ਪੂਰਾ ਇਨਸਾਫ ਕਰ ਸਕੇ ਹਨ। ਇਸਦੇ ਨਾਲ ਇਹ ਸੱਭਿਆਚਾਰਿਕ, ਸਮਾਜਿਕ ਅਤੇ ਡਿਪਲੋਮੇਸੀ ਦੇ ਮੁੱਦਿਆਂ ਨਾਲ ਵੀ ਸਬੰਧਿਤ ਹੁੰਦਾ ਹੈ, ਖ਼ਾਸ ਕਰ ਕੇ ਜਦੋਂ ਇਹ ਪਾਕਿਸਤਾਨ ਦੇ ਸਫਰ ਬਾਰੇ ਹੋਵੇ। ਉਨ੍ਹਾਂ ਨੇ ਬਹੁਤ ਸੂਝਬੂਝ ਨਾਲ ਇਨ੍ਹਾਂ ਸਭ ਵਿਸ਼ਿਆਂ ਬਾਰੇ ਬਿਆਨਬਾਜ਼ੀ ਕੀਤੀ ਹੈ। ਦੋਹਾਂ ਦੇਸਾਂ ਦੀ ਸਰਹੱਦ ਦੇ ਹਾਲਾਤ ਉਨ੍ਹਾਂ ਨੇ ਬੇਬਾਕ ਪਰ ਭਾਵਨਾਵਾਂ-ਭਰਪੂਰ ਢੰਗ ਨਾਲ ਬਿਆਨੇ ਹਨ। ਫਿਰ ਵੀ ਸਰਹੱਦ ਦੀ ਗੱਲ ਪਾਠਕ ਦੇ ਮਨ ਵਿੱਚ ਇੱਕ ਚੀਸ ਛੱਡ ਜਾਂਦੀ ਹੈ। ਇਸਦੇ ਉਲਟ ਜੇ ਕਨੇਡਾ-ਅਮਰੀਕਾ ਦੀ ਗੱਲ ਕਰੀਏ ਤਾਂ ਮਨ ਬਹੁਤ ਖੁਸ਼ ਹੁੰਦਾ ਹੈ। ਮੈਨੂੰ ਵੈਨਕੂਵਰ ਵਾਲੇ ਪਾਸੇ ਦੀ ਕਨੇਡਾ ਅਤੇ ਯੂ.ਐੱਸ.ਏ. ਦੀ ਸਰਹੱਦ ਦੇਖਣ ਦਾ ਮੌਕਾ ਮਿਲਿਆ। ਇੱਕ ਵੱਡੇ ਪਾਰਕ ਵਿੱਚ ਇੱਕ ਪਾਸੇ ਜਿਹੇ ਕਰ ਕੇ, ਚਾਰ ਫੁੱਟ ਉੱਚਾ ਅਤੇ ਦੋ ਫੁੱਟ ਚੌੜਾ ਇੱਕ ਛੋਟਾ ਪੱਥਰ ਲੱਗਿਆ ਹੋਇਆ ਹੈ ਅਤੇ ਉਸਦੇ ਵਿਚਾਲੇ ਇੱਕ ਲਾਈਨ ਉੱਕਰੀ ਹੋਈ ਹੈ। ਉਸ ਲਾਈਨ ਦੇ ਸਾਹਮਣੇ ਖੜ੍ਹਿਆਂ ਦਾ, ਤੁਹਾਡਾ ਖੱਬਾ ਪੈਰ ਕਨੇਡਾ ਵਿੱਚ ਅਤੇ ਸੱਜਾ ਯੂ ਐੱਸ ਏ ਵਿੱਚ ਹੁੰਦਾ ਹੈ।
ਇਸ ਤਰ੍ਹਾਂ ਇਹ ਕਿਤਾਬ ਭੂਗੋਲ, ਸਿੱਖ ਇਤਿਹਾਸ, ਪੰਜਾਬੀ ਵਾਰਤਿਕ, ਪੰਜਾਬੀ ਖਾਣਿਆਂ ਦੀ ਇੱਕ ਪਾਠ-ਪੁਸਤਕ ਹੈ। ਖਾਣੇ ਦੇ ਵਿਸਤਾਰ ਦੇਣ ਲੱਗਿਆਂ ਝੰਡ ਸਾਹਿਬ ਵਾਰਿਸ ਸ਼ਾਹ ਦੇ ਨੇੜੇ-ਤੇੜੇ ਪਹੁੰਚ ਜਾਂਦੇ ਹਨ। ਉਨ੍ਹਾਂ ਨੇ ਕਿਤਾਬ ਵਿੱਚ ਲਾਹੌਰ ਸ਼ਹਿਰ ਦੀ ਸੁੰਦਰਤਾ ਦੀ ਗੱਲ ਕੀਤੀ ਹੈ। ਉੱਥੇ ਜਾ ਕੇ ਉਨ੍ਹਾਂ ਨੇ ਆਪਣੇ ਜੰਮਣ ਦੀ ਪ੍ਰਕਿਰਿਆ ਦੇ ਪੂਰਾ ਹੋਣ ਦਾ ਅਨੰਦ ਮਾਣਿਆ ਹੈ। ਉਸ ਸ਼ਹਿਰ ਦੀ ਸਿਫਤ ਦਾ ਇੱਕ ਹੋਰ ਬਿੰਬ (Metaphor) ਮੈਨੂੰ ਯਾਦ ਆਉਂਦਾ ਹੈ। ਸਾਡੇ ਇੱਕ ਸਤਿਕਾਰਯੋਗ ਸੀਨੀਅਰ ਸੱਜਣ ਪਹਿਲੀ ਵਾਰ ਬਰੈਂਪਟਨ ਆਏ। ਇੱਕ ਰਾਤ ਉਨ੍ਹਾਂ ਨੂੰ ਟਰਾਂਟੋ ਡਾਊਨ-ਟਾਊਨ ਦਾ ਗੇੜਾ ਲਵਾਇਆ ਅਤੇ ਵਾਪਸ ਮੁੜਦੇ ਹੋਏ ਉਨ੍ਹਾਂ ਦਾ ਪ੍ਰਤੀਕਰਮ ਪੁੱਛਿਆ। ਬਹੁਤ ਖੁਸ਼ੀ ਵਿੱਚ ਆ ਕੇ ਜਵਾਬ ਦਿੱਤਾ, “ਬਹੁਤ ਈ ਵਧੀਆ ਐ, ਗੱਲਾਂ ਈ ਛੱਡ ਦਿਓ! ਲਾਹੌਰ ਬਣਿਆ ਪਿਆ ਐ ਕਿ।”
ਝੰਡ ਸਾਹਿਬ ਲਈ ਇਹ ਸਫਰ ਇੱਕ ਜਜ਼ਬਾਤੀ ਪਰਿਵਾਰਕ ਤੀਰਥ-ਯਾਤਰਾ ਸੀ, ਜਿਸ ਨਾਲ ਇਸ ਬਾਰੇ ਲਿਖਣਾ ਹੋਰ ਵੀ ਗੰਭੀਰ ਮਸਲਾ ਬਣ ਜਾਂਦਾ ਸੀ। ਉਨ੍ਹਾਂ ਦੇ ਪੁਰਖ਼ਿਆਂ ਦਾ ਇਲਾਕਾ ਹੋਣ ਕਰ ਕੇ ਉਨ੍ਹਾਂ ਨੂੰ ਇਸ ਨਾਲ ਬਹੁਤ ਹੀ ਜ਼ਿਆਦਾ ਮੋਹ ਹੈ ਅਤੇ ਉੱਥੇ ਜਾ ਕੇ ਉਨ੍ਹਾਂ ਨੂੰ ਆਪਣੇ ਪਿਉ-ਦਾਦੇ ਦੀਆਂ ਸ਼ਾਨਦਾਰ ਯਾਦਾਂ ’ਤੇ ਬਹੁਤ ਫਖਰ ਹੋਇਆ। ਉਨ੍ਹਾਂ ਦਾ ਮਾਣ-ਮੱਤਾਂ ਵਿਰਸਾ ਉਨ੍ਹਾਂ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੁਸ਼ੀਆਂ ਦਾ ਆਧਾਰ ਬਣਿਆ ਰਹੇਗਾ। ਪਰ ਇਸ ਨਾਲ ਜੁੜੀਆਂ ਦਿਲ-ਚੀਰਵੀਆਂ ਯਾਦਾਂ ਦਾ ਸੰਤਾਪ ਹੰਢਾਉਣਾ ਵੀ ਬਹੁਤ ਔਖਾ ਹੈ। ਕਿਤਾਬ ਵਿੱਚ ਦੁਹਰਾਈਆਂ ਗਈਆਂ ਸਿੱਖ ਇਤਿਹਾਸ ਨਾਲ ਜੁੜੀਆਂ ਦਰਦਨਾਕ ਘਟਨਾਵਾਂ ਦਾ ਜ਼ਿਕਰ ਪੜ੍ਹ ਕੇ ਵੀ ਦਿਲ ਪਾਟ ਜਾਂਦਾ ਹੈ। ਗਿਆਨੀ ਸੋਹਣ ਸੀਤਲ ਦੀ ਮਸ਼ਹੂਰ ਕਿਤਾਬ ‘ਸਿੱਖ ਰਾਜ ਕਿਵੇਂ ਗਿਆ’ ਦਾ ਸਾਰਾ ਬਿਰਤਾਂਤ ਦਿਲ ਨੂੰ ਚੀਰਦਾ ਜਾਂਦਾ ਹੈ। ਭਾਰਤ-ਪਾਕ ਦੀ ਵੰਡ ਵੈਸੇ ਹੀ ਬਹੁਤ ਦਰਦਨਾਕ ਘਟਨਾ ਹੈ, ਪਰ ਇਸ ਵਿੱਚ ਇਹ ਗੱਲ ਹੋਰ ਵੀ ਕੁੜੱਤਣ ਭਰ ਦਿੰਦੀ ਹੈ ਕਿ ਇਸ ਗੰਭੀਰ ਮਸਲੇ ਨੂੰ ਰਾਜਨੀਤਕ ਅਤੇ ਪ੍ਰਬੰਧਕੀ ਤੌਰ ’ਤੇ ਸਿਆਣਪ ਵਾਲੇ ਅਤੇ ਪ੍ਰਭਾਵਕਾਰੀ ਢੰਗ ਨਾਲ ਨਹੀਂ ਨਜਿੱਠਿਆ ਗਿਆ। ਬਲਕਿ ਸਮੇਂ ਦੇ ਵੱਡੇ ਲੀਡਰਾਂ ਵੱਲੋਂ ਮੁਜਰਮਾਨਾ ਦਰਜੇ ਦੀ ਅਣਗਹਿਲੀ ਵਰਤੀ ਗਈ ਅਤੇ ਗ਼ੈਰ-ਜ਼ਿੰਮੇਵਾਰਾਨਾ ਰਵਈਆ ਅਪਣਾਇਆ ਗਿਆ।
ਡਾ. ਝੰਡ ਲਈ ਇਹ ਸਫਰ ਤਿੰਨ-ਮੰਤਵੀ ਸੀ: ਪੁਰਖ਼ਿਆਂ ਦੇ ਇਲਾਕੇ ਨੂੰ ਸ਼ਰਧਾਂਜਲੀ, ਸਿੱਖ ਗੁਰ-ਧਾਮਾਂ ਦੇ ਦਰਸ਼ਨ ਅਤੇ ਮਿੱਤਰ-ਮਿਲਣੀ/ਸੈਰ-ਸਪਾਟਾ। ਆਪਣੀ ਹਿੰਮਤ ਅਤੇ ਸਹੀ ਯੋਜਨਾਬੰਦੀ ਸਦਕਾ ਉਹ ਇਹ ਤਿੰਨੇ ਮੰਤਵ ਹਾਸਲ ਕਰ ਸਕੇ। ਝੰਡ ਸਾਹਿਬ ਬਹੁਤ ਘੋਖ-ਪੂਰਨ ਦਿਮਾਗ ਦੇ ਮਾਲਿਕ ਅਤੇ ‘ਮਾਸਟਰ ਔਫ ਡਿਟੇਲਜ਼’ ਹਨ। ਜਿੱਥੋਂ ਦੀ ਲੰਘਦੇ ਹਨ ਇਕੱਲੀ-ਇਕੱਲੀ ਚੀਜ਼ ਦਾ ਵੇਰਵਾ ਇੰਨ-ਬਿੰਨ ਉਲੀਕ ਦਿੰਦੇ ਹਨ। ਬੀਬੀਆਂ ਵੱਲੋਂ ਕੀਤੀ ਗਈ ਖਰੀਦੋ-ਫਰੋਖਤ, ਖੇਤਾਂ ਵਿੱਚ ਪਾਏ ਜਾ ਰਹੇ ਖਾਦ ਦੀ ਮਾਤਰਾ, ਸੜਕਾਂ ’ਤੇ ਪਏ ਖੱਡਿਆਂ ਤੋਂ ਲੈ ਕੇ ਨਹਿਰਾਂ ਦੀਆਂ ਇੰਜਨੀਅਰੀ ਬਰੀਕੀਆਂ ਤਕ ਦਾ ਵਿਵਰਣ ਉਨ੍ਹਾਂ ਆਪਣੇ ਇਸ ਸਫਰਨਾਮੇ ਵਿੱਚ ਦਰਜ ਕੀਤਾ ਹੋਇਆ ਹੈ। ਇਹ ਸਭ ਉਨ੍ਹਾਂ ਦੀਆਂ ਵਿੱਦਿਅਕ ਖੇਤਰ ਦੀਆਂ ਮੁਹਾਰਤਾਂ ਤੋਂ ਹਟ ਕੇ ਘੋਖੀਆਂ ਹੋਰ ਗੱਲਾਂ ਹਨ। ਪੰਜਾ ਸਾਹਿਬ ਬਾਰੇ ਬਹੁਤ ਸਿਆਣਪ ਨਾਲ, ਤਰਕ-ਸੰਗਤ ਅਤੇ ਦਲੇਰੀ ਭਰੇ ਵਿਚਾਰ ਪੇਸ਼ ਕਰਨੇ ਇੱਕ ਸ਼ਲਾਘਾ-ਯੋਗ ਗੱਲ ਹੈ। ਪਾਕਿਸਤਾਨ ਵਿੱਚ ਮਿਲੇ ਮਿੱਤਰਾਂ ਦੀ ਗਿਣਤੀ ਵੀ ਬਹੁਤ ਪ੍ਰਭਾਵਿਤ ਕਰਦੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਸਾਂਭਿਆ ਅਤੇ ਸੈਰਾਂ ਕਰਵਾਈਆਂ। ਪੰਜਾਬੀ ਦੀ ਕਹਾਵਤ ‘ਆਪਣੀ ਮੈਹਸ ਦਾ ਦੁੱਧ ਸੌ ਕੋਹ ’ਤੇ ਜਾ ਕੇ ਪੀ ਲਓ’ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। ਜੇ ਕਿਤਾਬ ਵਿੱਚ ਇੱਕ ਸਧਾਰਨ ਕਿਸਮ ਦਾ ਨਕਸ਼ਾ ਲਾਇਆ ਜਾਂਦਾ ਤਾਂ ਪਾਠਕ ਨੂੰ ਸਮਝਣ ਵਿੱਚ ਹੋਰ ਅਸਾਨੀ ਹੋ ਸਕਦੀ ਸੀ।
ਉਨ੍ਹਾਂ ਨੇ ਬਿਆਸ ਅਤੇ ਰਾਵੀ ਦਰਿਆਵਾਂ ਵਿਚਲੇ ਦੁਆਬ ਦਾ ਨਾਉਂ ‘ਰੇਚਨਾ’ ਦੱਸ ਕੇ ਮੈਨੂੰ ਸਰਵਿਸ ਵੇਲੇ ਦੀਆਂ ਗੱਲਾਂ ਯਾਦ ਕਰਵਾ ਦਿੱਤੀਆਂ। ਪੰਜਾਬ ਦੇ ਪੰਜੇ ਦਰਿਆਵਾਂ ਵਿਚਲੇ ਚਾਰਾਂ ਦੁਆਬਾਂ ਦੇ ਨਾਉਂ ਅਕਬਰ ਦੇ ਮਾਲ ਮਹਿਕਮੇ ਦੇ ਵਜ਼ੀਰ ਟੋਡਰ ਮੱਲ ਨੇ ਰੱਖੇ ਸਨ; ਦੋ ਦਰਿਆਵਾਂ ਦੇ ਫਾਰਸੀ ਭਾਸ਼ਾ ਵਿੱਚ ਨਾਉਆਂ ਦੇ ਪਹਿਲੇ ਅੱਖਰਾਂ ਦੇ ਜੋੜ ਨਾਲ। ਇਸ ਤਰ੍ਹਾਂ ਇਨ੍ਹਾਂ ਦੁਆਬਾਂ ਦੇ ਨਾਉਂ ਹਨ: ਬਾਰੀ ਦੁਆਬ, ਬਿਸਤ ਦੁਆਬ, ਰੇਚਨਾ ਦੁਆਬ ਅਤੇ ਝੱਜ ਦੁਆਬ। ਝਨਾਅ ਦੀ ਗੱਲ ਕਰਦਿਆਂ ਜਿੱਥੇ ਉਹ ਸੋਹਣੀ ਦੀ ਦਲੇਰੀ ਅਤੇ ਮਹੀਵਾਲ ਦੀ ਬੁਜ਼ਦਿਲੀ ਦਾ ਜ਼ਿਕਰ ਕਰਦੇ ਹਨ, ਉੱਥੇ ਰਾਂਝੇ ਨੂੰ ਵੀ ਉਸਦੀ ਕਮ-ਅਕਲੀ ਕਰ ਕੇ ਗੋਲ-ਮਸ਼ਕਰੀ ਕਰਦੇ ਹਨ। ਕੋਈ ਸ਼ੱਕ ਨਹੀਂ ਕਿ ਰਾਂਝਾ ਕਮਲਾ ਤਾਂ ਹੈ ਹੀ ਸੀ। ਇੱਥੇ ਮੈਨੂੰ ਇੰਜਨੀਅਰੀ ਦੇ ਕੋਰਸ ਵੇਲੇ ਹੋਸਟਲ ਵਿੱਚ ਆਮ ਗਾਈ ਜਾਂਦੀ, ਇੱਕ ਕਵਿਤਾ ਯਾਦ ਆ ਰਹੀ ਹੈ:
ਜੇਕਰ ਰਾਂਝਾ ਵਿੱਚ ਜਵਾਨੀ ਨਾ ਕਰਦਾ ਅਲਗਰਜ਼ੀ,
ਬਾਲ ਨਾਥ ਤੋਂ ਕੰਨ ਪੜਵਾ ਕੇ ਸਾਧ ਨਾ ਬਣਦਾ ਫਰਜ਼ੀ,
ਬਾਰਾਂ ਸਾਲ ਵਿੱਚ ਬਾਰਾਂ ਮੱਝੀਆਂ ਭਰ ਸਕਦੀਆਂ ਸਨ ਵਿਹੜਾ,
ਆਪੇ ਸਿਆਲ ਸਾਕ ਕਰ ਜਾਂਦੇ ਦੇਖ ਪੁਜ਼ੀਸ਼ਨ ਘਰ ਦੀ।”
ਮੈਂ ਕਈ ਵਾਰ ਸੋਚਦਾ ਹਾਂ ਕਿ ਜੇ ਉਹ ਕਮਲੇ ਸਨ ਤਾਂ ਆਪਾਂ ਕਿਹੜਾ ਸਿਆਣੇ ਹਾਂ? ਅਸੀਂ ਉਨ੍ਹਾਂ ਦੇ ਕਿੱਸਿਆਂ-ਕਹਾਣੀਆਂ ਨੂੰ ਕਿਉਂ ਇੰਨਾ ਮਹੱਤਵ ਦਿੰਦੇ ਹਾਂ? ਝਨਾਂ ਦਾ ਜ਼ਿਕਰ ਕਰਦਿਆਂ ਸੋਹਣੀ-ਮਹੀਵਾਲ ਹੀ ਸਾਡੇ ਜ਼ਿਹਨ ਵਿੱਚ ਆਉਂਦੇ ਹਨ, ਕਦੇ ਕੁਦਰਤ ਦੇ ਇਸ ਵਡਮੁੱਲੇ ਤੋਹਫੇ ਬਾਰੇ ਹੋਰ ਕੁਛ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਝਨਾਂ ਜਾਂ ਝਨਾਅ (ਚਨਾਬ) ਭਾਵੇਂ ਸਭ ਤੋਂ ਵੱਡਾ ਦਰਿਆ ਨਹੀਂ, ਪਰ ਇਹ ਦੱਖਣੀ ਏਸ਼ੀਆ ਦੇ ਪ੍ਰਸਿੱਧ ਦਰਿਆਵਾਂ ਵਿੱਚੋਂ ਹੈ। ਕਈ ਦਰਿਆ ਸਿੰਜਾਈ ਲਈ ਖ਼ਾਸ ਹੁੰਦੇ ਹਨ ਅਤੇ ਕਈ ਬਿਜਲੀ ਦੀ ਪੈਦਾਵਾਰ ਲਈ, ਜਦਕਿ ਇਹ ਦੋਹਾਂ ਪੱਖੋਂ ਉਪਯੋਗੀ ਦਰਿਆ ਹੈ। ਬਿਜਲੀ ਦੀ ਪੈਦਾਵਾਰ ਅਤੇ ਸਿੰਚਾਈ ਪੱਖੋਂ ਇਹ ਭਾਰਤ-ਪਾਕਿਸਤਾਨ, ਦੋਹਾਂ ਦੇਸਾਂ ਦਾ ਬਹੁਤ ਉਪਯੋਗੀ ਦਰਿਆ ਹੈ।
ਇਸ ਤਰ੍ਹਾਂ ਹੀ ਅਸੀਂ ਹੀਰ-ਰਾਂਝੇ ਨੂੰ ਵੀ ਬੇਲੋੜਾ ਸਿਰ ਚੜ੍ਹਾਇਆ ਹੋਇਆ ਹੈ। ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੰਜਾਬ ’ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਵਾਰਿਸ ਦੀ ਹੀਰ, ਹਾਸ਼ਿਮ ਦੀ ਸੱਸੀ ਅਤੇ ਪੀਲੂ ਦੇ ਮਿਰਜ਼ੇ ਨੂੰ ਪੂਰੇ ਸ਼ਾਤਰ ਢੰਗ ਨਾਲ ਵਰਤਿਆ। ਅੱਜ ਵੀ ਅਸੀਂ ਇਨ੍ਹਾਂ ਤੋਂ ਖਹਿੜਾ ਨਹੀਂ ਛੁਡਾ ਪਾ ਰਹੇ; ਬਲਕਿ ਇਨ੍ਹਾਂ ਨੂੰ ਆਪਣੇ ਵਿਰਸੇ ਦੇ ਚੋਟੀ ਦੇ ਸਾਹਿਤ ਵਿੱਚ ਸ਼ੁਮਾਰ ਕਰ ਰੱਖਿਆ ਹੈ। ਹੈਰਾਨੀ ਹੁੰਦੀ ਹੈ, ਜਦੋਂ ਵਾਰਿਸ ਸ਼ਾਹ ਨੂੰ ਬਾਬਾ ਫਰੀਦ ਅਤੇ ਗੁਰੂ ਨਾਨਕ ਦੇਵ ਨਾਲ ਜੋੜਿਆ ਜਾਂਦਾ ਹੈ।
ਨਿਰਸੰਦੇਹ ਝੰਡ ਸਾਹਿਬ ਵੱਲੋਂ ਲਿਖਿਆ ਸਫਰਨਾਮਾ ‘ਪੁਰਖ਼ਿਆਂ ਦਾ ਦੇਸ’ ਇੱਕ ਬਹੁਤ ਵਧੀਆ ਕਿਤਾਬ ਹੈ। ਇਹ ਬਹੁਤੇ ਪੰਜਾਬੀ ਲੇਖਕਾਂ ਵੱਲੋਂ ਵਰਤੇ ਜਾਂਦੇ ਬੇਲੋੜੇ ਅਲੰਕਾਰਾਂ ਨਾਲ ਬੋਝਲ ਨਹੀਂ ਕੀਤੀ ਗਈ ਅਤੇ ਨਾ ਹੀ ਸੁਪਨਮਈ ਵਿਚਾਰਾਂ ਨਾਲ ਲੱਦੀ ਹੋਈ ਹੈ। ਇਹ ਜਨ-ਸਧਾਰਨ ਦੇ ਸਮਝ ਵਿੱਚ ਆਉਣ ਵਾਲੀ ਅਤੇ ਤੱਥਾਂ ਉੱਤੇ ਆਧਾਰਿਤ ਇੱਕ ਪਾਠ-ਪੁਸਤਕ ਨਿਆਈਂ ਕਿਤਾਬ ਹੈ।
**
















































































































