AtmaSPamar7ਪੰਜਾਬ ਦੇ ਸੁਹਿਰਦ ਲੋਕਾਂ, ਜਥੇਬੰਦੀਆਂ ਅਤੇ ਰਾਜਸੀ ਦਲਾਂ ਦੇ ਨੁਮਾਇੰਦਿਆਂ ਨੂੰ
(8 ਅਗਸਤ 2026)


ਭਾਰਤ ਨੂੰ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਹੋਣ ਦਾ ਮਾਣ ਪ੍ਰਾਪਤ ਹੈ
ਇੱਥੇ ਸੰਘੀ ਪ੍ਰਣਾਲੀ ਲਾਗੂ ਹੋਣ ਕਾਰਨ ਕੇਂਦਰੀ ਸਰਕਾਰ ਤੋਂ ਇਲਾਵਾ ਸੂਬਿਆਂ ਦੀਆਂ ਸਰਕਾਰਾਂ ਦੀ ਵੀ ਆਪਣੇ ਪੱਧਰ ’ਤੇ ਅਲੱਗ ਸਥਾਪਤੀ ਹੁੰਦੀ ਹੈ ਇਨ੍ਹਾਂ ਤੋਂ ਇਲਾਵਾ ਕੁਝ ਕੇਂਦਰ ਸ਼ਾਸਤ ਪ੍ਰਦੇਸ਼ ਵੀ ਹਨ, ਜਿੱਥੇ ਸਿੱਧਾ ਕੇਂਦਰ ਸਰਕਾਰ ਦਾ ਨਿਯੰਤ੍ਰਣ ਹੁੰਦਾ ਹੈਦੇਸ਼ ਦੇ ਕੁੱਲ 28 ਸੂਬੇ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ ਹਨਸੂਬਿਆਂ ਦੀਆਂ ਭਾਸ਼ਾਵਾਂ, ਪਹਿਰਾਵਾ, ਖਾਣ ਪੀਣ, ਸੱਭਿਆਚਾਰ, ਬੋਲੀ ਆਦਿ ਵੱਖ ਵੱਖ ਤੋਂ ਇਲਾਵਾ ਵਰਣਵਿਵਸਥਾ ਹੋਣ ਦੇ ਬਾਵਜੂਦ ਵੀ ਭਾਰਤ ਇੱਕ ਗੁਲਦਸਤੇ ਵਾਂਗ ਹੈ, ਜਿਸ ਵਿੱਚ ਵੱਖ ਵੱਖ ਤਰ੍ਹਾਂ ਦੇ ਫੁੱਲਾਂ ਦਾ ਸੁਮੇਲ ਹੁੰਦਾ ਹੈਇਹ ਵੀ ਸੱਚ ਹੈ ਕਿ ਇਨ੍ਹਾਂ ਸੂਬਿਆਂ ਵਿੱਚੋਂ ਪੰਜਾਬ ਦੀ ਇੱਕ ਵੱਖਰੀ ਪਛਾਣ ਅਤੇ ਦਿੱਖ ਹੁੰਦੀ ਸੀਇਸ ਤੋਂ ਇਲਾਵਾ ਪੰਜਾਬ ਨੂੰ ਗੁਰੂ ਸਾਹਿਬਾਨਾਂ, ਪੀਰਾਂ, ਪੈਗੰਬਰਾਂ ਰਿਸ਼ੀਆਂ ਮੁਨੀਆਂ ਯੋਧਿਆਂ, ਬਲਵਾਨਾਂ ਅਤੇ ਸ਼ਹੀਦਾਂ ਦੀ ਧਰਤੀ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈਵੱਖ ਵੱਖ ਲੇਖਕਾਂ ਅਤੇ ਸ਼ਾਇਰਾਂ ਵੱਲੋਂ ਇਸ ਨੂੰ ਅਲੱਗ ਅਲੱਗ ਵਿਸ਼ੇਸ਼ਣਾਂ ਅਤੇ ਅਲੰਕਾਰਾਂ ਨਾਲ ਵੀ ਨਿਵਾਜ਼ਿਆ ਗਿਆ ਹੈਕਿਸੇ ਨੇ ਪੰਜਾਬ ਵਸਦਾ ਗੁਰਾਂ ਦੇ ਨਾਮ ’ਤੇ’, ਕਿਸੇ ਦੂਸਰੇ ਨੇ ‘ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈਓ ਅਤੇ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ ਅਤੇ ਕਿਸੇ ਹੋਰ ਨੇ ਸੋਨੇ ਦੀ ਚਿੜੀ ਹੋਣ ਦਾ ਖਿਤਾਬ ਵੀ ਦਿੱਤਾ ਹੈਕਹਿਣ ਦਾ ਭਾਵ ਹੈ ਕਿ ਪੰਜਾਬ ਦੀ ਹਰ ਪੱਖੋਂ ਇੱਕ ਵਿਲੱਖਣ ਦਿੱਖ, ਅਪਣੱਤ ਅਤੇ ਗੂੜ੍ਹੀ ਭਾਈਚਾਰਕ ਸਾਂਝ ਨੂੰ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਸੰਸਾਰ ਪੱਧਰ ’ਤੇ ਵੀ ਜਾਣਿਆ ਜਾਂਦਾ ਸੀਪ੍ਰੰਤੂ ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਤਾ ਨਹੀਂ ਪੰਜਾਬ ਨੂੰ ਕਿਸ ਚੰਦਰੇ ਦੀ ਨਜ਼ਰ ਲੱਗ ਗਈ ਹੈ, ਜਿਸ ਖੇਤਰ ਵਿੱਚ ਵੀ ਝਾਤ ਮਾਰਦੇ ਹਾਂ, ਉਸਦਾ ਪਹਿਲਾਂ ਵਾਲਾ ਮੂੰਹ ਮੁਹਾਂਦਰਾ, ਅਪਣੱਤ, ਭਾਈਚਾਰਕ ਸਾਂਝ ਅਤੇ ਹਮਦਰਦੀ ਕਿਤੇ ਨਾ ਕਿਤੇ ਅਲੋਪ ਹੋਈ ਦਿਖਾਈ ਦਿੰਦੀ ਹੈਅਜੋਕੇ ਦੌਰ ਵਿੱਚ ਵੱਖ ਵੱਖ ਖੇਤਰਾਂ ਉੱਤੇ ਘੋਖਵੀਂ ਨਜ਼ਰ ਮਾਰਿਆਂ ਇਨ੍ਹਾਂ ਦੀ ਸਥਿਤੀ ਚਿੱਟੇ ਦਿਨ ਵਾਂਗ ਸਾਫ ਹੋ ਜਾਂਦੀ ਹੈਪੰਜਾਬ ਦਾ ਸ਼ਾਨਾਮੱਤਾ ਸੱਭਿਆਚਾਰ, ਰੀਤੀ ਰਿਵਾਜ਼ ਅਤੇ ਸੰਸਕ੍ਰਿਤੀ ਇਸ ਸਮੇਂ ਪੂਰੀ ਤਰ੍ਹਾਂ ਪੱਛਮੀ ਰੰਗ ਵਿੱਚ ਰੰਗੀ ਜਾ ਚੁੱਕੀ ਹੈਨੇੜਲੇ ਅਤੇ ਖੂਨ ਤਕ ਦੇ ਰਿਸ਼ਤਿਆਂ ਨੂੰ ਵੀ ਅਣਗੌਲੇ ਕੀਤਾ ਜਾ ਰਿਹਾ ਹੈਰਿਸ਼ਤਿਆਂ ਵਿਚਲੇ ਮੋਹ, ਪ੍ਰਚਲਿਤ ਪਰੰਪਰਾਵਾਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਕੇ ਆਪਣੀ ਮਨਮਰਜ਼ੀ ਨਾਲ ਜਿਊਣ ਨੂੰ ਹੀ ਫਖਰ ਸਮਝਿਆ ਜਾ ਰਿਹਾ ਹੈਅਖੌਤੀ ਰਹਿਣ ਸਹਿਣ ਦੀ ਖੁੱਲ੍ਹ ਅਤੇ ਪਿਆਰ ਵਿਆਹ ਦੇ ਨਾਂ ’ਤੇ ਨੇੜਲੇ ਰਿਸ਼ਤਿਆਂ ਤੋਂ ਇਲਾਵਾ ਗੈਰ ਬਰਬਾਰੀ ਵਾਲੀ ਸਮਾਜਿਕ ਅਤੇ ਆਰਥਿਕ ਦਸ਼ਾ ਨੂੰ ਦਰਕਿਨਾਰ ਕਰਕੇ ਬਗੈਰ ਕਿਸੇ ਭਵਿੱਖੀ ਯੋਜਨਾ ਤੋਂ ਹੀ ਭਾਵੁਕਤਾ ਵੱਸ ਫੈਸਲੇ ਲੈ ਕੇ ਰਿਸ਼ਤੇ ਜੋੜੇ ਜਾ ਰਹੇ ਹਨ; ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਉਮਰ ਥੋੜ੍ਹਚਿਰੀ ਹੀ ਹੁੰਦੀ ਹੈਪਤੀ ਪਤਨੀ, ਪਿਉ ਪੁੱਤਰ, ਮਾਂ, ਭੈਣ ਆਦਿ ਵਰਗੇ ਜਜ਼ਬਾਤੀ ਅਤੇ ਸੰਵੇਦਨਸ਼ੀਲ ਰਿਸ਼ਤੇ, ਜਾਪਦਾ ਹੈ ਜਿਵੇਂ ਖੰਭ ਲਾ ਕੇ ਉਡ ਗਏ ਹੋਣ

ਇਸੇ ਤਰ੍ਹਾਂ ਹੀ ਰਾਜਨੀਤਕ ਖੇਤਰ ਵਿੱਚ ਵੀ ਆਗੂਆਂ ਵਿੱਚ ਲੋਕਾਂ ਪ੍ਰਤੀ ਪਹਿਲਾਂ ਵਾਲਾ ਮੋਹ, ਸਤਿਕਾਰ ਅਤੇ ਅਪਣੱਤ ਵੀ ਕਿਧਰੇ ਨਜ਼ਰੀਂ ਨਹੀਂ ਪੈਂਦੀਇੱਕ ਵੀ ਅਜਿਹਾ ਰਾਜਨੀਤਕ ਦਲ ਦਿਖਾਈ ਨਹੀਂ ਦਿੰਦਾ ਜੋ ਆਪਣੀ ਪਾਰਟੀ ਦੀਆਂ ਨੀਤੀਆਂ ਅਤੇ ਸਿਧਾਂਤਾਂ ਲਈ ਸੁਹਿਰਦ ਅਤੇ ਪ੍ਰਤੀਬੱਧ ਹੋਵੇਇਹ ਵੀ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਦਲਾਂ ਦੇ ਵੱਡੀ ਗਿਣਤੀ ਦੂਸਰੀ ਕਤਾਰ ਦੇ ਆਗੂਆਂ ਅਤੇ ਵਰਕਰਾਂ ਨੂੰ ਆਪਣੀ ਪਾਰਟੀ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਦੀ ਨਾ ਤਾਂ ਪੂਰੀ ਤਰ੍ਹਾਂ ਜਾਣਕਾਰੀ, ਹੈ ਅਤੇ ਨਾ ਹੀ ਸਮਝਕਰੀਬ ਸਾਰੀਆਂ ਪਾਰਟੀਆਂ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ ਕਿ ਕਿਵੇਂ ਨਾ ਕਿਵੇਂ ਸੱਤਾ ਹਥਿਆਈ ਜਾਵੇਵਿਚਾਰਧਾਰਾ ਨੂੰ ਤਿਆਗ ਕੇ ਚੋਣਾਂ ਇੱਕ ਤਰ੍ਹਾਂ ਨਾਲ ਮੈਨੇਜ ਹੀ ਹੋ ਰਹੀਆਂ ਹਨ, ਜਿਸ ਕਰਕੇ ਲੋਕ ਭਲਾਈ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦਿੱਤੀ ਜਾ ਚੁੱਕੀ ਹੈਇਸ ਤੋਂ ਇਲਾਵਾ ਵਿਰੋਧੀ ਧਿਰਾਂ ਵੀ ਸੜਕਾਂ ਦੀ ਲੜਾਈ ਤੋਂ ਹਟਕੇ ਸਿਰਫ ਟਵੀਟ ਕਰਨ, ਅਤੇ ਪੱਤਰ ਵਿਵਹਾਰ ਤਕ ਸੀਮਿਤ ਹੋ ਕੇ ਰਹਿ ਗਈਆਂ ਹਨ

ਇਸੇ ਤਰ੍ਹਾਂ ਹੀ ਵੋਟਰਾਂ ਦੇ ਇੱਕ ਵੱਡੇ ਹਿੱਸੇ ਵੱਲੋਂ ਵੀ ਸਮੂਹਿਕ ਕਾਰਜਾਂ ਅਤੇ ਵਿਕਾਸ ਦੀਆਂ ਮੰਗਾਂ ਨੂੰ ਛੱਡ ਕੇ ਮੁਫਤ ਦੀਆਂ ਰਿਉੜੀਆਂ ਅਤੇ ਨਿੱਜੀ ਕੰਮਾਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈਜ਼ਿਆਦਾਤਰ ਵੋਟਰਾਂ ਵੱਲੋਂ ਨਸ਼ਿਆਂ ਅਤੇ ਨਿਗੂਣੇ ਪੈਸਿਆਂ ਦੀ ਖਾਤਰ ਅਯੋਗ ਅਤੇ ਕਿਰਦਾਰ ਵਿਹੂਣੇ ਉਮੀਦਵਾਰਾਂ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਲਈ ਚੁਣ ਕੇ ਭੇਜਿਆ ਜਾ ਰਿਹਾ ਹੈ; ਜਿਸਦਾ ਖਮਿਆਜ਼ਾ ਆਮ ਲੋਕ ਪਿਛਲੇ ਲੰਬੇ ਸਮੇਂ ਤੋਂ ਭੁਗਤ ਰਹੇ ਹਨਸਿੱਟੇ ਵਜੋਂ ਪੰਜਾਬ ਰੰਗਲੇ ਤੋਂ ਕੰਗਲਾ ਬਣਨ ਵੱਲ ਵਧ ਰਿਹਾ ਹੈ

ਜੇਕਰ ਪੰਜਾਬ ਦੇ ਧਾਰਮਿਕ ਖੇਤਰ ਦੀ ਗੱਲ ਕਰੀਏ ਤਾਂ ਪੰਜਾਬ ਦੀ ਅਬਾਦੀ ਦਾ ਇੱਕ ਵੱਡਾ ਹਿੱਸਾ ਧਾਰਮਿਕ ਬਿਰਤੀ ਵਾਲਾ ਹੈਭਾਰਤੀ ਸੰਵਿਧਾਨ ਅਨੁਸਾਰ ਰਾਜ ਦਾ ਆਪਣਾ ਕੋਈ ਵਿਸ਼ੇਸ਼ ਧਰਮ ਨਹੀਂ ਹੈ, ਨਾਗਰਿਕਾਂ ਨੂੰ ਕਿਸੇ ਵੀ ਧਰਮ ਨੂੰ ਅਪਣਾਉਣ ਜਾਂ ਤਿਆਗਣ ਦੀ ਖੁੱਲ੍ਹ ਹੈਸੂਬੇ ਦੀ ਵੱਡੀ ਅਬਾਦੀ ਸਿੱਖ ਕਮਿਉਨਿਟੀ ਨਾਲ ਸਬੰਧਤ ਹੋਣ ਕਾਰਨ ਇੱਥੇ ਜ਼ਿਆਦਾਤਰ ਸਿੱਖ ਧਰਮ ਦਾ ਹੀ ਜ਼ਿਕਰ ਹੁੰਦਾ ਹੈਲੰਘੇ 2015 ਸਾਲ ਦੌਰਾਨ ਪੰਜਾਬ ਦੀ ਇਸ ਪਵਿੱਤਰ ਧਰਤੀ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਇਸ ਦੌਰਾਨ ਦੋਂਹ ਸਿੰਘਾਂ ਦੀ ਸ਼ਹੀਦੀ ਦਾ ਮਸਲਾ ਤਿੰਨ ਸਰਕਾਰਾਂ ਬਦਲਣ ਦੇ ਬਾਵਜੂਦ ਵੀ ਕਿਸੇ ਤਣ ਪੱਤਣ ਲਗਦਾ ਦਿਖਾਈ ਨਹੀਂ ਦਿੰਦਾਸਿੱਖ ਸੰਗਤਾਂ ਵੱਲੋਂ ਭਾਵੇਂ ਇਸ ਬੇਅਦਬੀ ਲਈ ਤਤਕਾਲੀ ਅਕਾਲੀ ਭਾਜਪਾ ਸਰਕਾਰ ਨੂੰ ਕਥਿਤ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਸੀਇਸੇ ਤਰ੍ਹਾਂ ਹੀ ਇਸ ਕੇਸ ਦੀ ਬਰੀਕੀ ਨਾਲ ਪੜਤਾਲ ਕਰਨ ਲਈ ਸਮੇਂ ਸਮੇਂ ’ਤੇ ਵੱਖ ਵੱਖ ਸਪੈਸ਼ਲ ਇਵੈਸਟੀਗੇਸਨ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਪ੍ਰੰਤੂ ਕੋਈ ਜ਼ਿਕਰਯੋਗ ਪ੍ਰਾਪਤੀ ਅਜੇ ਤਕ ਸਾਹਮਣੇ ਨਹੀਂ ਆ ਸਕੀਇਸ ਤੋਂ ਇਲਾਵਾ ਪਿਛਲੇ ਕੁਝ ਮਹੀਨਿਆਂ ਤੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਲੈ ਕੇ ਵੀ ਇਸ ਸਮੇਂ ਪੰਜਾਬ ਸਰਕਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਚਕਾਰ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਐਕਟ ਵਿਚਲੀਆਂ ਕੁਝ ਧਾਰਾਵਾਂ ’ਤੇ ਇਤਰਾਜ਼ ਸੀ, ਜਿਸ ਕਾਰਨ ਐਕਟ ਵਿੱਚ ਕੁਝ ਸੋਧਾਂ ਨੂੰ ਲੈ ਕੇ ਲੰਘੀ 29 ਜੂਨ ਨੂੰ ਸੂਬੇ ਦੇ ਸਮੁੱਚੇ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਬੁਲਾਇਆ ਗਿਆ ਸੀ, ਜਿੱਥੇ ਉਕਤ ਐਕਟ ਵਿੱਚ ਸੋਧਾਂ ਨੂੰ ਲੈ ਕੇ ਸੁਹਿਰਦਤਾ ਨਾਲ ਚਰਚਾ ਵੀ ਹੋਈ, ਅਤੇ ਸੋਧ ਕਰਨ ਲਈ ਇੱਕ ਮਹੀਨੇ ਦਾ ਸਮਾਂ ਵੀ ਦਿੱਤਾ ਗਿਆਇਸ ਉੱਤੇ ਕਾਰਵਾਈ ਕਰਦਿਆਂ ਸਰਕਾਰ ਵੱਲੋਂ ਕੁਝ ਸੋਧਾਂ ਕਰਨ ਉਪਰੰਤ ਪਿਛਲੇ ਦਿਨੀਂ ਆਪਣੇ ਨੁਮਾਇੰਦਿਆਂ ਰਾਹੀਂ ਇੱਕ ਪੱਤਰ ਵੀ ਜਥੇਦਾਰ ਸਾਹਿਬ ਨੂੰ ਸੌਂਪਿਆ ਗਿਆ, ਜਿਸ ’ਤੇ ਜਥੇਦਾਰ ਸਾਹਿਬ ਸੰਤੁਸ਼ਟ ਦਿਖਾਈ ਨਹੀਂ ਦੇ ਰਹੇ ਉਨ੍ਹਾਂ ਵੱਲੋਂ ਇਸ ਸੰਬੰਧੀ ਇੱਕ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਵੀ ਰੱਖਿਆ ਗਿਆਪਤਾ ਲੱਗਾ ਹੈ ਕਿ ਸਰਕਾਰ ਨੂੰ ਦੋਂਹ ਮਹੀਨਿਆਂ ਦਾ ਹੋਰ ਸਮਾਂ ਦਿੱਤਾ ਗਿਆ ਹੈਇਸ ਕਾਨੂੰਨ ਨੂੰ ਲੈ ਕੇ ਸਰਕਾਰ ਦਾ ਤਰਕ ਹੈ ਕਿ ਐਕਟ ਸੰਗਤ ਦੀ ਮੰਗ ਨੂੰ ਲੈ ਕੇ ਹੀ ਬਣਾਇਆ ਗਿਆ ਸੀ, ਪ੍ਰੰਤੂ ਦੂਜੇ ਪਾਸੇ ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੰਨਣਾ ਹੈ ਕਿ ਸਰਕਾਰ ਧਾਰਮਿਕ ਮਾਮਲਿਆਂ ਵਿੱਚ ਬੇਲੋੜੀ ਦਖਲਅੰਦਾਜ਼ੀ ਕਰ ਰਹੀ ਹੈਦੋਵੇਂ ਧਿਰਾਂ ਦੇ ਤਰਕਾਂ ਨੂੰ ਦੇਖਦਿਆਂ ਇੱਥੇ ਸਿਰਫ ਇਹੀ ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਦੇ ਧਾਰਮਿਕ, ਸੰਵੇਦਨਸ਼ੀਲ ਅਤੇ ਗੰਭੀਰ ਮਸਲਿਆਂ ਦੇ ਹੱਲ ਲਈ ਮਿਲ ਬੈਠ ਕੇ ਧਾਰਮਿਕ ਖੇਤਰ ਵਿੱਚ ਮੁਹਾਰਿਤ ਰੱਖਣ ਵਾਲੇ ਵਿਦਵਾਨਾਂ ਅਤੇ ਕਾਨੂੰਨੀ ਮਾਹਿਰਾਂ ਦੀ ਇੱਕ ਕਮੇਟੀ ਦਾ ਗਠਨ ਕਰਕੇ ਕੋਈ ਢੁਕਵਾਂ ਅਤੇ ਸਾਰਥਿਕ ਹੱਲ ਕੱਢਣ ਵੱਲ ਪਹਿਲ ਕਦਮੀ ਕੀਤੀ ਜਾਵੇਟਕਰਾ ਅਤੇ ਕੁੜੱਤਣ ਹਮੇਸ਼ਾ ਮਸਲਿਆਂ ਨੂੰ ਉਲਝਾਉਣ ਦਾ ਕੰਮ ਹੀ ਕਰਦੇ ਹਨਇਸ ਲਈ ਆਮ ਲੋਕਾਂ ਅਤੇ ਸੂਬੇ ਦੀ ਬਿਹਤਰੀ ਲਈ ਦੋਵੇਂ ਧਿਰਾਂ ਨੂੰ ਖੁੱਲ੍ਹਦਿਲੀ ਵਰਤਦਿਆਂ ਅੱਗੇ ਵਧਣਾ ਚਾਹੀਦਾ ਹੈ

ਇਸੇ ਤਰ੍ਹਾਂ ਹੀ ਸੂਬੇ ਵਿੱਚ ਕੰਮ ਸੱਭਿਆਚਾਰ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ। ਇੱਥੋਂ ਦੀ ਨੌਜਵਾਨੀ ਸਮੇਂ  ਦੀਆਂ ਸਰਕਾਰਾਂ ਵੱਲੋਂ ਸਿੱਖਿਆ ਨੀਤੀ ਨੂੰ ਰੁਜ਼ਗਾਰ ਮੁਖੀ ਬਣਾਉਣ ਵੱਲ ਕੋਈ ਧਿਆਨ ਨਾ ਦੇਣ ਕਾਰਨ ਦੁਬਿਧਾ ਵਿੱਚ ਹੈਲੱਖਾਂ ਨੌਜਵਾਨ ਮੁੰਡੇ ਕੁੜੀਆਂ ਹੱਥਾਂ ਵਿੱਚ ਡਿਗਰੀਆਂ ਫੜੀ ਗਲੀਆਂ ਦੀ ਖਾਕ ਛਾਣ ਰਹੇ ਹਨਰੁਜ਼ਗਾਰ ਦੇ ਸੁਚੱਜੇ ਵਸੀਲਿਆਂ ਦੀ ਘਾਟ ਕਾਰਨ ਦੇਸ਼ ਅਤੇ ਸੂਬੇ ਦੀ ਕਰੀਮ ਬਾਹਰਲੇ ਦੇਸ਼ਾਂ ਵੱਲ ਕੂਚ ਕਰ ਰਹੀ ਹੈਪ੍ਰੰਤੂ ਇੱਥੋਂ ਦੇ ਰਾਜਸੀ ਆਗੂਆਂ ਨੂੰ ਆਪਣੀ ਕੁਰਸੀ ਬਚਾਉਣ ਤੋਂ ਇਲਾਵਾ ਹੋਰ ਕੁਝ ਦਿਖਾਈ ਹੀ ਨਹੀਂ ਦਿੰਦਾਸੂਬੇ ਵਿੱਚ ਗੈਂਗਸਟਰਵਾਦ, ਲੁੱਟਾਂ, ਖੋਹਾਂ, ਫਿਰੌਤੀਆਂ ਅਤੇ ਕਤਲਾਂ ਦੀ ਭਰਮਾਰ ਹੈ। ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈਪ੍ਰੰਤੂ ਮੌਜੂਦਾ ਹਾਕਮ ਕੁਰਸੀਆਂ ਦੀ ਮੁੜ ਪ੍ਰਾਪਤੀ ਲਈ ਮੁਫਤਖੋਰੀ ਦੇ ਬਾਨਣੂੰ ਬੰਨ੍ਹਣ ਅਤੇ ਵਿਰੋਧੀ ਧਿਰਾਂ ਨੂੰ ਖੁੱਸੀ ਹੋਈ ਸੱਤਾ ਹਥਿਆਉਣ ਲਈ ਆਪਸੀ ਕੁੱਕੜਖੋਹੀ ਤੋਂ ਹੀ ਵਿਹਲ ਨਹੀਂ ਮਿਲਦੀਪੰਜਾਬ ਅਤੇ ਇੱਥੋਂ ਦੀ ਜਨਤਾ ਦੇ ਹਾਲਾਤ ਨੂੰ ਸ਼ਰੇਆਮ ਅਣਗੌਲਿਆ ਕੀਤਾ ਜਾ ਰਿਹਾ ਹੈ

ਇਸ ਤੋਂ ਇਲਾਵਾ ਕੌਮੀ ਪੱਧਰ ਅਤੇ ਸੂਬੇ ਵਿੱਚ ਵੀ ਵਕਾਰੀ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੋ ਰਹੇ ਹਨ, ਜਿਨ੍ਹਾਂ ਨੂੰ ਮੰਨਣ ਲਈ ਵੀ ਕੋਈ ਤਿਆਰ ਨਹੀਂ, ਜ਼ਿੰਮੇਵਾਰੀ ਲੈਣਾ ਤਾਂ ਦੂਰ ਦੀ ਗੱਲ ਹੈਇਹੀ ਕਾਰਨ ਹੈ ਕਿ ਦੇਸ਼ ਦੀ ਜਵਾਨੀ ਨੂੰ ਪਿਛਲੇ ਦਿਨੀਂ ਸੜਕਾਂ ’ਤੇ ਉੱਤਰਨਾ ਪਿਆ ਅਤੇ ਮਜਬੂਰਨ ਜ਼ਿੰਮੇਵਾਰ ਵਿਅਕਤੀ ਨੂੰ ਅਸਤੀਫਾ ਵੀ ਦੇਣਾ ਪਿਆ

ਉਕਤ ਚਰਚਾ ਤੋਂ ਭਲੀਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਇਸ ਸਮੇਂ ਚੁਫੇਰਿਓਂ ਗੰਭੀਰ ਚਣੌਤੀਆਂ ਵਿੱਚ ਘਿਰਿਆ ਹੋਇਆ ਹੈ ਇਨ੍ਹਾਂ ਚਣੌਤੀਆਂ ਦੇ ਮੁਕਾਬਲੇ ਲਈ ਕਿਸੇ ਹੋਰ ਨੇ ਨਹੀਂ ਸਗੋਂ ਇੱਥੋਂ ਦੇ ਬਾਸ਼ਿੰਦਿਆਂ ਨੂੰ ਹੀ ਅੱਗੇ ਆਉਣਾ ਪਵੇਗਾ ਤਾਂ ਕਿ ਪੰਜਾਬ ਆਪਣਾ ਮਾਣਮੱਤਾ ਰੁਤਬਾ ਮੁੜ ਤੋਂ ਬਹਾਲ ਕਰ ਸਕੇਇਸ ਲਈ ਪੰਜਾਬ ਦੇ ਸੁਹਿਰਦ ਲੋਕਾਂ, ਜਥੇਬੰਦੀਆਂ ਅਤੇ ਰਾਜਸੀ ਦਲਾਂ ਦੇ ਨੁਮਾਇੰਦਿਆਂ ਨੂੰ ਗੁਜ਼ਾਰਿਸ਼ ਹੈ ਕਿ ਆਪਣੇ ਸੌੜੇ ਸਿਆਸੀ ਅਤੇ ਨਿੱਜੀ ਹਿਤਾਂ ਨੂੰ ਤਿਆਗਕੇ, ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸੂਬੇ ਦੀ ਬਿਹਤਰੀ ਲਈ ਅੱਗੇ ਆਉਣਅਜਿਹਾ ਕਰਨ ਉਪਰੰਤ ਹੀ ਅਸੀਂ ਸੱਚੀਮੁੱਚੀ ਸੁਹਿਰਦ ਨਾਗਰਿਕ ਅਤੇ ਸੂਬੇ ਦੇ ਹਿਤੈਸ਼ੀ ਕਹਾਉਣ ਦੇ ਹੱਕਦਾਰ ਹੋਵਾਂਗੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਆਤਮਾ ਸਿੰਘ ਪਮਾਰ

ਆਤਮਾ ਸਿੰਘ ਪਮਾਰ

Nehru Memorial Government College, Mansa.
WhatsApp: (91- 89680 - 56200)
(atmapamarbsp@gmail.com)

More articles from this author