“ਕਾਂਸ਼ੀ ਰਾਮ ਜੀ ਬਾਰੇ ਇੱਕ ਧਾਰਨਾ ਸੀ ਕਿ ਉਹ ਕਦੇ ਵੀ ਇੱਕ ਨੇਤਾ ਵਜੋਂ ਨਹੀਂ ਸਗੋਂ ...”
(15 ਮਾਰਚ 2026)
ਭਾਰਤ ਦੀ ਇਸ ਮਹਾਨ ਧਰਤੀ ’ਤੇ ਪੀਰਾਂ, ਫਕੀਰਾਂ, ਪੈਗੰਬਰਾਂ, ਸੰਤਾਂ, ਯੋਧਿਆਂ, ਬਲਵਾਨਾਂ, ਸੂਰਬੀਰਾਂ, ਮਹਾਨ ਗੁਰੂ ਸਾਹਿਬਾਨਾਂ ਅਤੇ ਤਿਆਗੀਆਂ ਦੀ ਪੈਦਾਇਸ਼ ਹੋਈ। ਇਸ ਲੰਬੀ ਫੈਰਿਸਤ ਵਿੱਚ ਇੱਕ ਮਹਾਨ ਤਿਆਗੀ, ਸਬਰ ਸੰਤੋਖੀ, ਦਲਿਤ ਰਾਜਨੀਤੀ ਦਾ ਧਰੂ ਤਾਰਾ ਅਤੇ ਗੁਲਾਮੀ ਦੀਆਂ ਜ਼ੰਜੀਰਾਂ ਅਤੇ ਜ਼ਲਾਲਤ ਭਰੀ ਜ਼ਿੰਦਗੀ ਨੂੰ ਮੁੱਢੋਂ ਖ਼ਤਮ ਕਰਨ ਦੀ ਤਾਂਘ ਰੱਖਣ ਵਾਲਾ ਕਾਂਸ਼ੀ ਰਾਮ ਵੀ ਸ਼ੁਮਾਰ ਹੈ। ਉਹ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ। ਲੋਕ ਉਨ੍ਹਾਂ ਨੂੰ ਸਤਿਕਾਰ ਵਜੋਂ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਕਹਿ ਕੇ ਵੀ ਬੁਲਾਉਂਦੇ ਹਨ। ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਇੱਕ ਪਿੰਡ ਖੁਆਸਪੁਰਾ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖੋਂ ਅਤੇ ਪਿਤਾ ਸ. ਹਰੀ ਸਿੰਘ ਦੇ ਘਰ 15 ਮਾਰਚ 1934 ਨੂੰ ਹੋਇਆ। ਕਾਂਸ਼ੀ ਰਾਮ ਜੀ ਬਚਪਨ ਤੋਂ ਹੀ ਪੜ੍ਹਨ ਵਿੱਚ ਕਾਫ਼ੀ ਹੁਸ਼ਿਆਰ ਸਨ। ਆਰਥਿਕ ਅਤੇ ਸਮਾਜਿਕ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਵੀ ਇਸ ਹੋਣਹਾਰ ਨੌਜਵਾਨ ਨੇ ਉਨ੍ਹਾਂ ਸਮਿਆਂ ਵਿੱਚ ਬੀ. ਐੱਸਸੀ ਵਰਗੀ ਵਕਾਰੀ ਡਿਗਰੀ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਪੜ੍ਹਾਈ ਪੂਰੀ ਕਰਨ ਉਪਰੰਤ ਉਹ ਪੂਨਾ ਵਿਖੇ ਇੱਕ ਅਸਲਾ ਫੈਕਟਰੀ ਵਿੱਚ ਬਤੌਰ ਅਧਿਕਾਰੀ ਨੌਕਰੀ ਪ੍ਰਾਪਤ ਕਰਨ ਵਿੱਚ ਵੀ ਸਫਲ ਹੋ ਗਏ। ਇਸੇ ਦੌਰਾਨ ਹੀ ਉਨ੍ਹਾਂ ਦਾ ਮੇਲ ਉਸੇ ਫੈਕਟਰੀ ਵਿੱਚ ਦਰਜ਼ਾ ਚਾਰ ਕਰਮਚਾਰੀ ਵਜੋਂ ਨੌਕਰੀ ਕਰ ਰਹੇ ਦੀਨਾ ਭਾਨਾ ਨਾਲ ਹੋਇਆ। ਦੀਨਾ ਭਾਨਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪੱਕਾ ਅਨੁਯਾਈ ਸੀ। ਸਰਵਿਸ ਕਰਦਿਆਂ ਇੱਕ ਦਿਨ ਅਜਿਹਾ ਵੀ ਆਇਆ ਜਿਸ ਦਿਨ ਅੰਬੇਡਕਰ ਸਾਹਿਬ ਦਾ ਜਨਮ ਦਿਨ ਸੀ। ਉਸ ਫੈਕਟਰੀ ਦਾ ਇੱਕ ਵੱਡਾ ਅਧਿਕਾਰੀ ਦੀਨਾ ਭਾਨਾ ਨੂੰ ਡਾ. ਸਾਹਿਬ ਦਾ ਜਨਮ ਦਿਨ ਮਨਾਉਣ ਲਈ ਛੁੱਟੀ ਨਹੀਂ ਦੇ ਰਿਹਾ ਸੀ, ਜਿਸ ਕਾਰਨ ਦੀਨਾ ਭਾਨਾ ਕਾਫੀ ਨਿਰਾਸ਼ ਹੋ ਗਿਆ। ਸਾਹਿਬ ਕਾਂਸ਼ੀ ਰਾਮ ਨੇ ਦੀਨਾ ਭਾਨਾ ਨੂੰ ਇਸਦਾ ਕਾਰਨ ਪੁੱਛਿਆ ਤਾਂ ਉਸਨੇ ਸੰਖੇਪ ਵਿੱਚ ਅੰਬੇਡਕਰ ਸਾਹਿਬ ਦੇ ਜੀਵਨ ਦਾ ਬਿਰਤਾਂਤ ਉਨ੍ਹਾਂ ਅੱਗੇ ਰੱਖ ਦਿੱਤਾ। ਕਾਂਸ਼ੀ ਰਾਮ ਜੀ ਨੇ ਉਸਦੀ ਛੁੱਟੀ ਮਨਜ਼ੂਰ ਕਰਵਾ ਦਿੱਤੀ ਅਤੇ ਨਾਲ ਹੀ ਡਾ. ਸਾਹਿਬ ਦੇ ਜੀਵਨ ਸਬੰਧੀ ਕੋਈ ਕਿਤਾਬ ਆਦਿ ਲਿਆਉਣ ਬਾਰੇ ਕਿਹਾ।
ਦੂਸਰੇ ਦਿਨ ਦੀਨਾ ਭਾਨਾ ਨੇ ਕਾਂਸ਼ੀ ਰਾਮ ਨੂੰ ਅੰਬੇਡਕਰ ਸਾਹਿਬ ਦੀ ਲਿਖੀ ਪੁਸਤਕ “ਜਾਤ ਪਾਤ ਦਾ ਬੀਜ ਨਾਸ਼” ਸੌਂਪ ਦਿੱਤੀ। ਕਾਂਸ਼ੀ ਰਾਮ ਜੀ ਨੇ ਇਹ ਕਿਤਾਬ ਇੱਕੋ ਰਾਤ ਵਿੱਚ ਕਈ ਵਾਰ ਪੜ੍ਹੀ। ਇਸ ਪੁਸਤਕ ਦਾ ਉਨ੍ਹਾਂ ਦੇ ਜੀਵਨ ’ਤੇ ਅਜਿਹਾ ਜਾਦੂਈ ਅਸਰ ਹੋਇਆ ਜਿਸਨੇ ਕਾਂਸ਼ੀ ਰਾਮ ਦੇ ਜੀਵਨ ਦੀ ਦਿਸ਼ਾ ਅਤੇ ਦਸ਼ਾ ਹੀ ਬਦਲ ਕੇ ਰੱਖ ਦਿੱਤੀ। ਉਨ੍ਹਾਂ ਨੇ ਨੌਕਰੀ ਤਕ ਛੱਡਣ ਦਾ ਅਹਿਮ ਫੈਸਲਾ ਲੈਣ ਤੋਂ ਇਲਾਵਾ ਕਈ ਹੋਰ ਫੈਸਲੇ ਵੀ ਲਏ, ਜਿਨ੍ਹਾਂ ਵਿੱਚ ਉਮਰ ਭਰ ਵਿਆਹ ਨਾ ਕਰਵਾਉਣ, ਆਪਣੇ ਨਾਮ ਕੋਈ ਜਾਇਦਾਦ ਨਾ ਰੱਖਣ, ਬੈਂਕ ਵਿੱਚ ਖਾਤਾ ਨਾ ਖੁੱਲ੍ਹਵਾਉਣਾ ਆਦਿ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਹਮੇਸ਼ਾ ਲਈ ਦੂਰੀ ਬਣਾਉਣ ਲਈ ਇੱਕ ਲੰਬਾ ਪੱਤਰ ਵੀ ਲਿਖਿਆ, ਜਿਸ ਵਿੱਚ ਉਕਤ ਸਭ ਕੁਝ ਦਾ ਵਿਸਥਾਰਿਤ ਵਰਣਨ ਕੀਤਾ ਗਿਆ ਸੀ। ਉਨ੍ਹਾਂ ਆਪਣਾ ਸਮੁੱਚਾ ਜੀਵਨ ਬਹੁਜਨ ਸਮਾਜ ਨੂੰ ਸਮਰਪਿਤ ਕਰ ਦਿੱਤਾ। ਇਸ ਉਪਰੰਤ ਉਨ੍ਹਾਂ ਦਲਿਤ ਸਮਾਜ ਨਾਲ ਸਦੀਆਂ ਤੋਂ ਹੁੰਦੇ ਆ ਰਹੇ ਅੱਤਿਆਚਾਰ, ਵਿਤਕਰਿਆਂ ਅਤੇ ਜ਼ਲਾਲਤ ਭਰਿਆ ਜੀਵਨ ਬਸਰ ਕਰਨ ਆਦਿ ਬਾਰੇ ਲੰਬਾ ਸਮਾਂ ਵਿਸਥਾਰਿਤ ਅਧਿਐਨ ਕੀਤਾ।
ਇਸ ਉਪਰੰਤ ਕਾਂਸ਼ੀ ਰਾਮ ਨੇ ਸਭ ਤੋਂ ਪਹਿਲਾਂ ਸਨ 1978 ਵਿੱਚ ਮੁਲਾਜ਼ਮਾਂ ਦੀ ਇੱਕ ਅਹਿਮ ਜਥੇਬੰਦੀ ਦਾ ਗਠਨ ਕੀਤਾ ਜਿਸ ਨੂੰ ਬਾਮਸੇਫ ਦਾ ਨਾਮ ਦਿੱਤਾ ਗਿਆ। ਬਾਮਸੇਫ ਦੇ ਮਾਧਿਅਮ ਤੋਂ ਪੜ੍ਹੇ ਲਿਖੇ ਮੁਲਾਜ਼ਮ ਸਾਥੀਆਂ ਨੇ ਲੋਕਾਂ ਨੂੰ ਡਾ. ਅੰਬੇਡਕਰ ਸਾਹਿਬ ਦੇ ਜੀਵਨ ਅਤੇ ਫਲਸਫੇ ਤੋਂ ਇਲਾਵਾ ਉਨ੍ਹਾਂ ਵੱਲੋਂ ਘਾਲੀਆਂ ਗਈਆਂ ਘਾਲਣਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਪੇ ਬੈਕ ਟੂ ਸੁਸਾਇਟੀ ਦਾ ਸਿਧਾਂਤ ਲਾਗੂ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਸਨ 1981 ਦੌਰਾਨ ਇੱਕ ਹੋਰ ਜਥੇਬੰਦੀ ਡੀ ਐੱਸ ਫੋਰ (ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸੰਮਤੀ) ਨਾਮ ਦੀ ਜਥੇਬੰਦੀ ਵੀ ਹੋਂਦ ਵਿੱਚ ਆਈ। ਇਸ ਜਥੇਬੰਦੀ ਨੇ ਵੀ ਪੂਰੇ ਦੇਸ਼ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਦਾ ਕੰਮ ਕੀਤਾ। ਇਸ ਉਪਰੰਤ ਜਦੋਂ ਕਾਡਰ ਪੂਰੀ ਤਰ੍ਹਾਂ ਤਿਆਰ ਹੋ ਗਿਆ ਤਾਂ ਸਨ 1984 ਵਿੱਚ ਵਿਸਾਖੀ ਵਾਲੇ ਦਿਨ ਅਤੇ ਡਾ. ਅੰਬੇਡਕਰ ਸਾਹਿਬ ਦੇ ਜਨਮ ਦਿਨ ਜਿਹੇ ਸੁਭਾਗੇ ਮੌਕੇ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ। ਪਾਰਟੀ ਦਾ ਗਠਨ ਹੁੰਦਿਆਂ ਹੀ ਦੇਸ਼ ਦੀਆਂ ਰਵਾਇਤੀ ਪਾਰਟੀਆਂ ਵਿੱਚ ਹਾਹਾਕਾਰ ਮਚ ਗਈ, ਕਿਉਂਕਿ ਰਾਜਨੀਤਕ ਪੰਡਿਤ ਇਸ ਨੂੰ ਦੇਸ਼ ਦੇ ਰਾਜਨੀਤਕ ਦ੍ਰਿਸ਼ ’ਤੇ ਇੱਕ ਵਿਲੱਖਣ, ਪਰਿਵਰਤਨ ਵਜੋਂ ਦੇਖ ਰਹੇ ਸਨ। ਸਮਕਾਲੀ ਰਾਜਨੀਤਕ ਦਲਾਂ ਨੂੰ ਆਪਣਾ ਵੱਡਾ ਵੋਟ ਬੈਂਕ ਮੁੱਠੀ ਵਿੱਚੋਂ ਰੇਤ ਵਾਂਗ ਕਿਰਦਾ ਨਜ਼ਰੀਂ ਪੈਣ ਲੱਗਾ।
ਸਾਹਿਬ ਕਾਂਸ਼ੀ ਰਾਮ ਨੂੰ ਇਸ ਰਾਜਨੀਤਕ ਸਫਰ ਦੌਰਾਨ ਅਨੇਕਾਂ ਚੁਣੌਤੀਆਂ ਨਾਲ ਵੀ ਦੋ ਚਾਰ ਹੋਣਾ ਪਿਆ। ਬਤੌਰ ਕੌਮੀ ਬਸਪਾ ਪ੍ਰਧਾਨ ਉਨ੍ਹਾਂ ਸਮੇਂ ਸਮੇਂ ’ਤੇ ਦਲਿਤ ਵਰਗ ਅਤੇ ਹਾਸ਼ੀਏ ’ਤੇ ਧੱਕੀਆਂ ਹੋਈਆਂ ਔਰਤਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਨਾਅਰੇ ਅਤੇ ਪ੍ਰੋਗਰਾਮ ਵੀ ਉਲੀਕੇ। ਜਿਵੇਂ ਵੋਟ ਹਮਾਰਾ ਰਾਜ ਤੁਮ੍ਹਾਰਾ, ਨਹੀਂ ਚਲੇਗਾ ਨਹੀਂ ਚਲੇਗਾ, ਜਿੰਨੀਂ ਜਿਸਦੀ ਗਿਣਤੀ ਭਾਰੀ, ਉੰਨੀ ਉਸਦੀ ਹਿੱਸੇਦਾਰੀ, ਸੀਰੀ ਲੱਗਣਾ ਬੰਦ ਕਰੋ, ਰੁਜ਼ਗਾਰ ਦਾ ਪ੍ਰਬੰਧ ਕਰੋ ਅਤੇ ਜੋ ਜ਼ਮੀਨ ਸਰਕਾਰੀ ਹੈ, ਵੋ ਜ਼ਮੀਨ ਹਮਾਰੀ ਆਦਿ। ਇਨ੍ਹਾਂ ਨਾਅਰਿਆਂ ਰਾਹੀਂ ਦਲਿਤ ਵਰਗ ਨੂੰ ਆਪਣੀ ਅਣਖ ਦਾ ਅਹਿਸਾਸ ਹੋਣ ਲੱਗਾ ਅਤੇ ਉਨ੍ਹਾਂ ਨੇ ਮੰਨੂਵਾਦੀਆਂ ਨੂੰ ਵੰਗਾਰ ਕੇ ਮਾਣ ਸਨਮਾਨ ਨਾਲ ਜੀਵਨ ਬਸਰ ਕਰਨ ਦਾ ਹੋਕਾ ਦੇਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਪੂਰੇ ਦੇਸ਼ ਵਿੱਚ ਪਾਰਟੀ ਦੀ ਇੱਕ ਵੱਡੀ ਲਹਿਰ ਦਿਨਾਂ ਵਿੱਚ ਹੀ ਖੜ੍ਹੀ ਹੋ ਗਈ। ਸਿੱਟੇ ਵਜੋਂ ਰਾਜਭਾਗ ’ਤੇ ਚਿਰਾਂ ਤੋਂ ਸਥਾਪਤ ਲੋਕਾਂ ਲਈ ਬਸਪਾ ਇੱਕ ਤਰ੍ਹਾਂ ਨਾਲ ਵੱਡੀ ਚੁਣੌਤੀ ਵਜੋਂ ਉੱਭਰ ਕੇ ਸਾਹਮਣੇ ਆ ਖਲੋਤੀ।
ਕਾਂਸ਼ੀ ਰਾਮ ਜੀ ਬਾਰੇ ਇੱਕ ਧਾਰਨਾ ਸੀ ਕਿ ਉਹ ਕਦੇ ਵੀ ਇੱਕ ਨੇਤਾ ਵਜੋਂ ਨਹੀਂ ਸਗੋਂ ਇੱਕ ਸਧਾਰਨ ਵਰਕਰ ਦੇ ਤੌਰ ’ਤੇ ਹੀ ਵਿਚਰਦੇ ਸਨ। ਲੋਕਾਂ ਵਿੱਚ ਵਿਚਰਦਿਆਂ ਉਹਨਾਂ ਨੂੰ ਕਈ ਵਾਰ ਭੁੱਖੇ ਪਿਆਸੇ ਰਹਿਣ ਤੋਂ ਇਲਾਵਾ ਆਰਥਿਕ ਤੰਗੀਆਂ-ਤੁਰਸ਼ੀਆਂ ਅਤੇ ਮਾਨਸਿਕ ਪਰੇਸ਼ਾਨੀਆਂ ਦਾ ਸੰਤਾਪ ਵੀ ਭੋਗਣਾ ਪਿਆ। ਪ੍ਰੰਤੂ ਦਲਿਤ ਵਰਗ ਦੀ ਕਾਇਆ ਕਲਪ ਕਰਨ ਦੇ ਲਏ ਗਏ ਸੰਕਲਪ ਅਤੇ ਅਹਿਦ ਤੋਂ ਉਹ ਰੱਤੀ ਭਰ ਵੀ ਇੱਧਰ ਉੱਧਰ ਨਹੀਂ ਹੋਏ, ਸਗੋਂ ਅਡੋਲਤਾ, ਨਿਡਰਤਾ ਅਤੇ ਦ੍ਰਿੜ੍ਹਤਾ ਨਾਲ ਆਪਣੇ ਮਿਸ਼ਨ ਨੂੰ ਬੁਲੰਦੀਆਂ ਤਕ ਪਹੁੰਚਾਉਣ ਦਾ ਹਰ ਸੰਭਵ ਯਤਨ ਕਰਦੇ ਰਹੇ। ਇਸ ਕਾਰਜ ਲਈ ਕਾਂਸ਼ੀ ਰਾਮ ਨੇ ਆਪਣੇ ਪਿੰਡੇ ’ਤੇ ਅਕਹਿ ਅਤੇ ਅਸਹਿ ਦੁੱਖ ਤਕਲੀਫਾਂ ਵੀ ਹੰਢਾਈਆਂ, ਜਿਨ੍ਹਾਂ ਨੂੰ ਦੇਖ ਸੁਣ ਕੇ ਕਈ ਵਾਰ ਭਾਵੁਕ ਵੀ ਹੋ ਜਾਈਦਾ ਹੈ। ਉਹ ਆਪਣੇ ਸਾਥੀਆਂ ਨੂੰ ਪੈੱਨ ਦੀ ਉਦਾਹਰਨ ਦਿੰਦਿਆਂ ਸਮਝਾਉਂਦੇ ਕਿ ਦੇਸ਼ ਦੀ 15% ਅਬਾਦੀ ਵਾਲੇ ਲੋਕ 85%ਅਬਾਦੀ ਵਾਲਿਆਂ ’ਤੇ ਰਾਜ ਕਰ ਰਹੇ ਹਨ।
ਵੱਖ ਵੱਖ ਪੜਾਵਾਂ ਵਿੱਚੋਂ ਲੰਘਦਿਆਂ ਪੰਜਾਬ ਵਿੱਚ ਇੱਕ ਵਾਰ ਬਸਪਾ ਨੂੰ ਵਿਰੋਧੀ ਧਿਰ ਵਜੋਂ ਵੀ ਵਿਧਾਨ ਸਭਾ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ ਵਿੱਚ ਤਿੰਨ ਵਾਰ ਸਰਕਾਰ ਬਣਾਉਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਇਸ ਦੌਰਾਨ ਬਸਪਾ ਸਰਕਾਰ ਵੱਲੋਂ ਸੂਬੇ ਦੀ ਬਿਹਤਰੀ ਲਈ ਕਈ ਇਤਿਹਾਸਕ ਕਾਰਜ ਵੀ ਕੀਤੇ ਜਿਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਸ੍ਰੀ ਵਿਸ਼ਵ ਨਾਥ ਪ੍ਰਤਾਪ ਸਿੰਘ ਜੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਸਮੇਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਭਾਰਤ ਰਤਨ ਵਰਗਾ ਵਕਾਰੀ ਅਵਾਰਡ ਮਿਲਣਾ ਵੀ ਸਾਹਿਬ ਕਾਂਸ਼ੀ ਰਾਮ ਜੀ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ।
ਪ੍ਰੰਤੂ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਕਾਂਸ਼ੀ ਰਾਮ ਜੀ ਦੇ ਪਿਤਰੀ ਸੂਬੇ ਪੰਜਾਬ ਵਿੱਚ ਉਨ੍ਹਾਂ ਦੇ ਜਿਊਂਦੇ ਜੀਅ ਅਤੇ ਅਣਥੱਕ ਯਤਨਾਂ ਦੇ ਬਾਵਜੂਦ ਅਤੇ ਸਥਾਨਕ ਨੇਤਾਵਾਂ ਨੂੰ ਸਾਹਿਬ ਵੱਲੋਂ ਤਾਅਨੇ ਮਿਹਣੇ ਮਾਰਨ ਅਤੇ ਵੰਗਾਰਨ ’ਤੇ ਵੀ ਸਰਕਾਰ ਦਾ ਗਠਨ ਨਹੀਂ ਹੋ ਸਕਿਆ, ਜਿਸ ਕਰਕੇ ਕਾਂਸ਼ੀ ਰਾਮ ਜੀ ਇਸ ਰਿਸਦੇ ਜ਼ਖ਼ਮ ਨੂੰ ਆਪਣੇ ਮਨ ਮਸਤਕ ਵਿੱਚ ਲੈਣ ਕਾਰਨ ਹੀ ਸ਼ੂਗਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਏ। ਅਜਿਹੇ ਹੋਰ ਵੀ ਅਨੇਕਾਂ ਅੰਦਰੂਨੀ ਦੁੱਖਾਂ ਦਰਦਾਂ ਨੂੰ ਲੈ ਕੇ ਦਲਿਤ ਰਾਜਨੀਤੀ ਦਾ ਇਹ ਧਰੂ ਤਾਰਾ ਦਿੱਲੀ ਦੇ ਇੱਕ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਲੜਦਿਆਂ ਅਖੀਰ 9 ਅਕਤੂਬਰ 2006 ਦੇ ਮਨਹੂਸ ਦਿਨ ਦਲਿਤਾਂ, ਪਛੜਿਆਂ ਅਤੇ ਹੋਰ ਗਰੀਬ ਵਰਗ ਦੇ ਲੋਕਾਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਕੇ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿੰਦਿਆਂ ਆਪਣਾ ਅਧੂਰਾ ਕਾਰਜ ਛੱਡ ਕੇ ਪਿੱਛੇ ਰਹਿ ਗਏ ਆਪਣੇ ਆਗੂਆਂ ਅਤੇ ਵਰਕਰਾਂ ਨੂੰ ਜ਼ਿੰਮੇਵਾਰੀ ਦਿੰਦਿਆਂ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਗਿਆ। ਇਸ ਲਈ ਸਾਡਾ ਸਭ ਦਾ ਇਹ ਨੈਤਿਕ ਫਰਜ਼ ਬਣ ਜਾਂਦਾ ਹੈ ਕਿ ਉਸ ਮਹਾਨ ਰਹਿਬਰ ਅਤੇ ਕ੍ਰਾਂਤੀਕਾਰੀ ਯੁਗ ਪੁਰਸ਼ ਦੇ ਆਗਮਨ ਦਿਵਸ ’ਤੇ ਉਨ੍ਹਾਂ ਦੇ ਅਧੂਰੇ ਰਹਿ ਗਏ ਕਾਰਜਾਂ ਦੀ ਪੂਰਤੀ ਅਤੇ ਉਨ੍ਹਾਂ ਵੱਲੋਂ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਮਨ ਕਰਦਿਆਂ ਸੰਗਠਿਤ ਹੋ ਕੇ ਸਾਂਝੇ ਯਤਨ ਕਰੀਏ। ਇਹੀ ਸਾਹਿਬ ਕਾਂਸ਼ੀ ਰਾਮ ਜੀ ਨੂੰ ਅਸਲੋਂ ਸੱਚੀ ਸ਼ਰਧਾਂਜਲੀ ਹੋਵੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































