“ਇਸ ਲਈ ਸਾਰੀਆਂ ਹੀ ਰਾਜਨੀਤਕ ਧਿਰਾਂ ਨੂੰ ਪੁਰਜ਼ੋਰ ਗੁਜ਼ਾਰਿਸ਼ ਹੈ ਕਿ ਆਪੋ ਆਪਣੀਆਂ ...”
(18 ਅਗਸਤ 2025)
ਇੱਕ ਸਮਾਂ ਸੀ ਜਦੋਂ ਪੰਜਾਬ ਨੂੰ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ, ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈਓ ਅਤੇ ਸੋਨੇ ਦੀ ਚਿੜੀ ਕਹਿ ਕੇ ਵਡਿਆਇਆ ਜਾਂਦਾ ਸੀ। ਪ੍ਰੰਤੂ ਬੜੇ ਦੁੱਖ ਤੇ ਅਫਸੋਸ ਨਾਲ ਕਹਿਣਾ ਅਤੇ ਲਿਖਣਾ ਪੈ ਰਿਹਾ ਹੈ ਕਿ ਅਜੋਕੇ ਪੰਜਾਬ ਦੀ ਪਹਿਲੀ ਦਸ਼ਾ ਤੇ ਦਿਸ਼ਾ ਇੱਕ ਤਰ੍ਹਾਂ ਨਾਲ ਧੁਆਂਖੀ ਗਈ ਪ੍ਰਤੀਤ ਹੋ ਰਹੀ ਹੈ। ਇਸ ਮੌਕੇ ਉਹ ਸਤਰਾਂ ਵੀ ਚੇਤੇ ਆ ਰਹੀਆਂ ਹਨ: ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ...। ਸੱਚਮੁੱਚ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਨਜ਼ਰ ਹੀ ਲੱਗ ਚੁੱਕੀ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਸਦਾ ਕੋਈ ਵਾਲੀਵਾਰਸ ਹੀ ਨਾ ਹੋਵੇ। ਇਸ ਸਮੇਂ ਇੱਥੇ ਇਹ ਕਹਾਵਤ ਵੀ ਬੜੀ ਢੁਕਵੀਂ ਜਾਪਦੀ ਹੈ ਕਿ ਉੱਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ। ਜਿਨ੍ਹਾਂ ਜ਼ਿੰਮੇਵਾਰ ਲੋਕਾਂ ਨੇ ਆਪਣੇ ਸੂਬੇ ਦੀ ਬਿਹਤਰੀ ਲਈ ਸੁਹਿਰਦਤਾ ਨਾਲ ਕੰਮ ਕਰਨਾ ਹੁੰਦਾ ਹੈ, ਜਦੋਂ ਉਹ ਹੀ ਨਿੱਜ ਪ੍ਰਸਤੀ, ਸਤਾ ਹਥਿਆਉਣ ਅਤੇ ਅਨੈਤਿਕ ਗਤੀਵਿਧੀਆਂ ਨੂੰ ਤਰਜੀਹ ਦਿੰਦਿਆਂ ਆਪਣੀ ਜ਼ਿੰਮੇਵਾਰੀ ਤੋਂ ਸਿਰਫ ਪਾਸਾ ਹੀ ਨਾ ਵੱਟਣ ਲੱਗਣ ਸਗੋਂ ਕਿਸੇ ਸੋਚੀ ਸਮਝੀ ਸਾਜ਼ਿਸ਼ ਤਹਿਤ ਪੂਰੀ ਤਰ੍ਹਾਂ ਅਣਗੌਲਿਆ ਹੀ ਕਰ ਦੇਣ ਤਾਂ ਉਸ ਸਮੇਂ ਅਜਿਹੀਆਂ ਸਥਿਤੀਆਂ ਦੀ ਪੈਦਾਇਸ਼ ਦਾ ਹੋਣਾ ਕੋਈ ਗੈਰਕੁਦਰਤੀ ਵਰਤਾਰਾ ਨਹੀਂ ਮੰਨਿਆ ਜਾ ਸਕਦਾ।
ਇਸ ਸਮੇਂ ਸੂਬੇ ਵਿੱਚ ਮੁੱਖ ਤੌਰ ’ਤੇ ਸੱਤਾਧਾਰੀ ਆਮ ਆਦਮੀ ਪਾਰਟੀ, ਮੁੱਖ ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਹੀ ਰਾਜਨੀਤਕ ਮੰਚ ’ਤੇ ਵਿਚਰ ਰਹੀਆਂ ਹਨ। ਸਾਰੇ ਰਾਜਨੀਤਕ ਦਲਾਂ ਵੱਲੋਂ ਹੀ ਸੂਬੇ ਦੀ ਚਿਰਾਂ ਤੋਂ ਲਟਕਦੀਆਂ ਆ ਰਹੇ ਅਹਿਮ ਮੰਗਾਂ ਨੂੰ ਸਿਰਫ਼ ਵੋਟਾਂ ਸਮੇਂ ਹੀ ਯਾਦ ਕੀਤਾ ਜਾਂਦਾ ਹੈ, ਬਾਕੀ ਸਮਾਂ ਰਾਜਨੀਤੀ ਕਰਨ ਦੀਆਂ ਕੋਝੀਆਂ ਚਾਲਾਂ ਹੀ ਚੱਲੀਆਂ ਜਾਂਦੀਆਂ ਹਨ। ਸੂਬੇ ਦੀ ਇੱਕ ਵੀ ਅਜਿਹੀ ਪਾਰਟੀ ਨਹੀਂ, ਭਾਵੇਂ ਉਹ ਖੇਤਰੀ ਹੋਵੇ ਜਾਂ ਕੌਮੀ, ਜੋ ਹੱਥ ਖੜ੍ਹਾ ਕਰਕੇ ਦਾਅਵਾ ਕਰ ਸਕੇ ਕਿ ਉਸਨੇ ਉਕਤ ਮਸਲਿਆਂ ਲਈ ਕੇਂਦਰੀ ਸੱਤਾ ਨਾਲ ਸੜਕਾਂ ’ਤੇ ਉੱਤਰਕੇ ਬਾਕਾਇਦਾ ਰੂਪ ਵਿੱਚ ਲੜਾਈ ਜਾਂ ਕੋਈ ਅੰਦੋਲਨ ਪਿਛਲੇ ਸਮੇਂ ਦੌਰਾਨ ਵਿੱਢਿਆ ਹੋਵੇ। ਭਾਰਤੀ ਅਜ਼ਾਦੀ ਉਪਰੰਤ ਵੱਖ ਵੱਖ ਦਲਾਂ ਨੇ ਸਤਾ ਦਾ ਅਨੰਦ ਮਾਣਿਆ, ਕਥਿਤ ਰੂਪ ਵਿੱਚ ਆਪਣੀਆਂ ਤਜੌਰੀਆਂ ਭਰੀਆਂ ਅਤੇ ਜਨਤਾ ਨੂੰ ਉਸਦੇ ਰਹਿਮੋਕਰਮ ’ਤੇ ਛੱਡ ਕੇ ਪਰਿਵਾਰਵਾਦ ਨੂੰ ਹੀ ਤਰਜੀਹ ਦਿੰਦੇ ਰਹੇ। ਅਜਿਹੇ ਵਰਤਾਰਿਆਂ ਤੋਂ ਉਕਤਾਈ ਸੂਬੇ ਦੀ ਜਨਤਾ ਨੂੰ ਆਮ ਆਦਮੀ ਪਾਰਟੀ ਵਿੱਚੋਂ ਪੰਜਾਬ ਦੀ ਬਿਹਤਰੀ ਦੀ ਕਿਰਨ ਦਾ ਝੌਲਾ ਪੈਂਦਾ ਦਿਖਾਈ ਦਿੱਤਾ ਕਿਉਂਕਿ ਪਿਛਲੀਆਂ ਸਰਕਾਰਾਂ ਨੂੰ ਉਹ ਵਾਰ ਵਾਰ ਬਦਲ ਕੇ ਬੁਰੀ ਤਰ੍ਹਾਂ ਨਿਰਾਸ਼ਤਾ ਅਤੇ ਹਨੇਰ ਨਗਰੀ ਦੀ ਦਲਦਲ ਵਿੱਚ ਖੁੱਭ ਚੁੱਕੇ ਸਨ। ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੇ ਪਹਿਲਾਂ ਤੋਂ ਚੱਲ ਰਹੀ ਵਿਵਸਥਾ ਨੂੰ ਮੁੱਢੋਂ ਪ੍ਰੀਵਰਤਿਤ ਕਰਕੇ ਇੱਕ ਨਵੀਂ ਰਾਜਨੀਤਕ, ਸਮਾਜਿਕ ਅਤੇ ਆਰਥਿਕ ਵਿਵਸਥਾ ਦੀ ਤਬਦੀਲੀ ਦੀ ਉਮੀਦ ਦੇ ਦਿਖਾਏ ਗਏ ਸਬਜ਼ਬਾਗਾਂ ਦੇ ਚੁੰਗਲ ਵਿੱਚ ਫਸ ਕੇ ਆਮ ਆਦਮੀ ਪਾਰਟੀ ਨੂੰ ਬਿਨਾਂ ਕਿਸੇ ਘੋਖ ਪੜਤਾਲ ਅਤੇ ਹੀਲ ਹੁੱਜਤ ਕੀਤਿਆਂ ਹੀ ਵੱਡੇ ਬਹੁਮਤ ਨਾਲ ਜਿਤਾ ਕੇ ਸੱਤਾ ਥਾਲੀ ਵਿੱਚ ਪਰੋਸ ਕੇ ਉਸਦੇ ਸਪੁਰਦ ਕਰ ਦਿੱਤੀ। ਰਾਜਨੀਤਕ ਪੰਡਤਾਂ ਦੀਆਂ ਉਸ ਸਮੇਂ ਕੀਤੀਆਂ ਗਈਆਂ ਟਿੱਪਣੀਆਂ ਕਿ ਇਸ ਪਾਰਟੀ ਦਾ ਕੋਈ ਪਾਰਟੀ ਪ੍ਰੋਗਰਾਮ ਜਾਂ ਸੂਬੇ ਦੇ ਲੋਕਾਂ ਲਈ ਕੋਈ ਬਲਿਊ ਪ੍ਰਿੰਟ ਬਾਕਾਇਦਾ ਰੂਪ ਵਿੱਚ ਜਨਤਕ ਤੌਰ ’ਤੇ ਸਾਹਮਣੇ ਨਹੀਂ ਆਇਆ, ਭਾਵ ਉਹ ਲੋਕਾਂ ਲਈ ਕੀ ਕਰਨ ਜਾ ਰਹੇ ਹਨ, ਆਦਿ ਵੱਲ ਵੋਟਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਸਰਕਾਰ ਦੇ ਗਠਨ ਉਪਰੰਤ ਕੁਝ ਮਹੀਨਿਆਂ ਬਾਅਦ ਹੀ ਕੀਤੀਆਂ ਟਿੱਪਣੀਆਂ ਇੱਕ ਇੱਕ ਕਰਕੇ ਸਾਹਮਣੇ ਆਉਣ ਲੱਗੀਆਂ। ਦੂਜੇ ਸ਼ਬਦਾਂ ਵਿੱਚ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ। ਨਤੀਜਨ ਪਹਿਲੀਆਂ ਸਰਕਾਰਾਂ ਵਾਂਗ ਧਰਨੇ, ਪ੍ਰਦਰਸ਼ਨ ਅਤੇ ਰੋਸ ਮਾਰਚਾਂ ਦਾ ਸਰਕਾਰ ਖ਼ਿਲਾਫ਼ ਸਿਲਸਿਲਾ ਬਾਕਾਇਦਾ ਰੂਪ ਵਿੱਚ ਸ਼ੁਰੂ ਹੋ ਗਿਆ। ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਨੂੰ ਲੈ ਕੇ ਸਰਕਾਰ ਦੇ ਨੱਕ ਵਿੱਚ ਦਮ ਕਰਨਾ ਸ਼ੁਰੂ ਕਰ ਦਿੱਤਾ।
ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਾਰਟੀ ਵਿੱਚ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਬਿਨਾਂ ਕਿਸੇ ਘੋਖ ਪੜਤਾਲ ਤੋਂ ਸ਼ਾਮਲ ਕਰਨਾ, ਟਿਕਟਾਂ ਦੇਣਾ, ਸਰਕਾਰ ਵੱਲੋਂ ਕੀਤੇ ਗਏ ਫੈਸਲਿਆਂ ਤੋਂ ਯੂ ਟਰਨ ਲੈਣਾ ਅਤੇ ਹੋਰ ਹਰ ਕਿਸਮ ਦੇ ਅਜਿਹੇ ਕਾਰਜ, ਜਿਨ੍ਹਾਂ ਨੂੰ ਮੁੱਢੋਂ ਰੱਦ ਕਰਨ ਦਾ ਦਮ ਭਰਿਆ ਗਿਆ ਸੀ, ਪਹਿਲੀਆਂ ਪਾਰਟੀਆਂ ਤੋਂ ਵੀ ਵੱਧ ਆਮ ਹੀ ਦੇਖਣ ਨੂੰ ਮਿਲ ਰਿਹਾ ਹੈ। ਪਾਰਟੀ ਦੀ ਅੰਦਰੂਨੀ ਖਿੱਚੋਤਾਣ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ ਹੋਈ। ਅਜਿਹੀਆਂ ਸਥਿਤੀਆਂ ਵਿੱਚ ਆਮ ਲੋਕ ਦੁਚਿੱਤੀ ਅਤੇ ਨਿਰਾਸ਼ਤਾ ਦੇ ਆਲਮ ਵਿੱਚ ਵਿਚਰਦੇ ਹੋਏ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ।
ਇਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਜੋ ਸੂਬੇ ਦੀ ਮੁੱਖ ਵਿਰੋਧੀ ਧਿਰ ਵੀ ਹੈ, ਆਪਣੀ ਬਣਦੀ ਭੂਮਿਕਾ ਨਿਭਾਉਣ ਵਿੱਚ ਪੂਰੀ ਤਰ੍ਹਾਂ ਸਫ਼ਲ ਦਿਖਾਈ ਨਹੀਂ ਦੇ ਰਹੀ। ਵਿਰੋਧੀ ਧਿਰ ਦੇ ਆਗੂਆਂ ਵੱਲੋਂ ਲੋਕਾਂ ਅਤੇ ਸੂਬੇ ਦੇ ਮੰਗਾਂ ਮਸਲਿਆਂ ਨੂੰ ਉਠਾਉਣ ਸਮੇਂ ਮਾਨਯੋਗ ਰਾਜਪਾਲ ਅਤੇ ਮੁੱਖ ਮੰਤਰੀ ਸਾਹਿਬ ਨੂੰ ਸਿਰਫ਼ ਮੰਗ ਪੱਤਰ ਸੌਂਪ ਕੇ ਹੀ ਬੁੱਤਾ ਸਾਰਿਆ ਜਾ ਰਿਹਾ ਹੈ। ਸੜਕਾਂ ’ਤੇ ਉੱਤਰਕੇ ਕੋਈ ਯੋਜਨਾਬੱਧ ਅੰਦੋਲਨ ਵਿੱਢਣ ਅਤੇ ਕਾਡਰ ਦੀ ਲਾਮਬੰਦੀ ਦੀਆਂ ਕਨਸੋਆਂ ਕਿਧਰੇ ਵੀ ਨਜ਼ਰੀਂ ਨਹੀਂ ਪੈ ਰਹੀਆਂ, ਸਗੋਂ ਪਾਰਟੀ ਦੀ ਸੂਬਾਈ ਅਤੇ ਸੀਨੀਅਰ ਲੀਡਰਸ਼ਿੱਪ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਗ੍ਰਸਤ ਹੋ ਕੇ ਇੱਕ ਦੂਸਰੇ ਨੂੰ ਠਿੱਬੀ ਲਾਉਣ ਦਾ ਕੋਈ ਮੌਕਾ ਅਜਾਈਂ ਨਹੀਂ ਜਾਣ ਦਿੰਦੀ। ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ਿਆਂ ਦੇ ਵਗ ਰਹੇ ਦਰਿਆ ਨੂੰ ਠੱਲ੍ਹਣ, ਲੁੱਟਾਂ-ਖੋਹਾਂ ਅਤੇ ਕਤਲੋਗਾਰਦ ਆਦਿ ਲਈ ਵਿਰੋਧੀ ਧਿਰ ਸੰਗਠਨਾਤਿਮਕ ਰੂਪ ਵਿੱਚ ਲੜਦੀ ਵੀ ਕਿਧਰੇ ਦਿਖਾਈ ਨਹੀਂ ਦੇ ਰਹੀ। ਇੱਥੇ ਦੱਸਣਾ ਬਣਦਾ ਹੈ ਕਿ ਵਿਰੋਧੀ ਧਿਰ ਦੀ ਭੂਮਿਕਾ ਜਿੰਨੀ ਪਾਏਦਾਰ ਅਤੇ ਸੰਜੀਦਾ ਹੋਵਗੀ ਉਨ੍ਹਾਂ ਹੀ ਸਰਕਾਰ ਲੋਕ ਵਿਰੋਧੀ ਗਤੀਵਿਧੀਆਂ ਤੋਂ ਗ਼ੁਰੇਜ਼ ਕਰੇਗੀ ਅਤੇ ਜਨਤਾ ਨੂੰ ਵੀ ਉੰਨਾ ਹੀ ਰਾਹਤ ਅਤੇ ਸਹੂਲਤਾਂ ਮਿਲਣ ਦਾ ਰਾਹ ਪੱਧਰਾ ਹੋਵੇਗਾ।
ਉੱਧਰ ਦੂਜੇ ਪਾਸੇ ਸੂਬੇ ਦੀ ਸਭ ਤੋਂ ਪੁਰਾਣੀ ਅਤੇ ਫੈਡਰਲ ਢਾਂਚੇ ਦੀ ਅਲੰਬਰਦਾਰ ਪਾਰਟੀ ਵਜੋਂ ਜਾਣਿਆ ਜਾਂਦਾ ਅਕਾਲੀ ਦਲ ਵੀ ਨਿੱਜਵਾਦ, ਲੀਡਰਸ਼ਿੱਪ ਦੀ ਅੰਨ੍ਹੀ ਲਾਲਸਾ ਵੱਸ ਸੂਬੇ ਦੀ ਵਿਗੜ ਚੁੱਕੀ ਮੌਜੂਦਾ ਰਾਜਨੀਤਕ ਸਮਾਜਿਕ, ਧਾਰਮਿਕ ਅਤੇ ਆਰਥਿਕ ਹਾਲਤ ਨੂੰ ਅਣਗੌਲਿਆ ਕਰ ਕੇ ਆਪਸੀ ਕੁੱਕੜਖੋਹੀ ਵਿੱਚ ਉਲਝ ਕੇ ਰਹਿ ਗਿਆ ਹੈ। ਖੇਤਰੀ ਪਾਰਟੀ ਹੋਣ ਕਾਰਨ ਪੰਜਾਬ ਦੀ ਜਨਤਾ ਇਸ ਪਾਰਟੀ ਤੋਂ ਵੱਡੀ ਤਵੱਕੋ ਰੱਖਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਘੱਟੋ ਘੱਟ ਕੌਮੀ ਦਲਾਂ ਤੋਂ ਵੱਧ ਤਾਂ ਖੇਤਰੀ ਪਾਰਟੀ ਉਹਨਾਂ ਦੇ ਹਿਤਾਂ ਦਾ ਖਿਆਲ ਰੱਖੇਗੀ ਹੀ ਅਤੇ ਉਹ ਆਪਣਾ ਇਸ ’ਤੇ ਅਧਿਕਾਰ ਵੀ ਸਮਝਦੇ ਹਨ। ਪਿਛਲੇ ਸਮਿਆਂ ਦੌਰਾਨ ਵਾਪਰੀਆਂ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੇ ਲੱਗ ਰਹੇ ਕਥਿਤ ਦੋਸ਼ਾਂ ਤੋਂ ਬਾਅਦ ਅਕਾਲੀ ਦਲ ਦਾ ਗ੍ਰਾਫ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਕਾਫੀ ਨੀਵਾਂ ਚਲਿਆ ਗਿਆ ਸੀ, ਜਿਸਦੀ ਭਰਪਾਈ ਲਈ ਲੀਡਰਸ਼ਿੱਪ ਨੂੰ ਸੁਹਰਿਦਤਾ ਅਤੇ ਵਿਸ਼ਾਲ ਦਿਲੀ ਨਾਲ ਵਿਚਾਰ ਕਰਨ ਦੀ ਲੋੜ ਸੀ। ਅਫਸੋਸ ਅਜਿਹਾ ਨਹੀਂ ਹੋ ਸਕਿਆ, ਸਗੋਂ ਦੋ ਦਸੰਬਰ 2024 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਉਪਰੰਤ ਪ੍ਰਸਥਿਤੀਆਂ ਨੇ ਹੋਰ ਵੀ ਵਿਕਰਾਲ ਰੂਪ ਧਾਰਨ ਕਰ ਲਿਆ ਹੈ, ਜੋ ਅਕਾਲੀ ਦਲ ਦੇ ਸ਼ਾਨਾਮੱਤੇ ਅਤੇ ਗੌਰਵਮਈ ਇਤਿਹਾਸ ਨੂੰ ਇੱਕ ਤਰ੍ਹਾਂ ਨਾਲ ਕਲੰਕਿਤ ਕਰਨ ਵਾਲਾ ਹੀ ਮੰਨਿਆ ਜਾ ਰਿਹਾ ਹੈ। ਅਜਿਹੀਆਂ ਨਾਖੁਸ਼ਗਵਾਰ ਹਾਲਤਾਂ ਵਿੱਚ ਅਕਾਲੀ ਦਲ ਦੇ ਆਗੂ ਅਤੇ ਵਰਕਰ ਦੁਚਿੱਤੀ ਅਤੇ ਨਿਰਾਸ਼ਤਾ ਦੇ ਆਲਮ ਵਿੱਚੋਂ ਗੁਜ਼ਰ ਰਹੇ ਹਨ। ਪੰਥਪ੍ਰਸਤ ਲੋਕਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਵੋਤਮ ਮੰਨਣ ਵਾਲੇ ਲੋਕ ਹਾਲ ਦੀ ਘੜੀ ਆਪਣੇ ਆਪ ਨੂੰ ਚੁਰਸਤੇ ’ਤੇ ਖੜ੍ਹੇ ਮਹਿਸੂਸ ਕਰ ਰਹੇ ਹਨ। ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿੱਪ ਨੂੰ ਗੁਜ਼ਾਰਿਸ਼ ਹੈ ਕਿ ਪੰਥ ਅਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਅਤੇ ਸ਼ਾਨਾਮੱਤੇ ਇਤਿਹਾਸ ਦੀ ਬਰਕਰਾਰੀ ਲਈ ਦੋਵੇਂ ਧਿਰਾਂ ਨੂੰ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਦੀ ਅਣਸਰਦੀ ਲੋੜ ਹੈ।
ਇਸ ਸਮੇਂ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਵੀ ਕੋਈ ਬਹੁਤੀ ਸਾਜ਼ਗਾਰ ਨਹੀਂ ਜਾਪਦੀ ਕਿਉਂਕਿ ਸ੍ਰੀ ਸੁਨੀਲ ਕੁਮਾਰ ਜਾਖੜ ਜਦੋਂ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਹਨ, ਉਦੋਂ ਤੋਂ ਹੀ ਭਾਜਪਾ ਨਾਲ ਉਹਨਾਂ ਦੀ ਦਾਲ ਗਲਦੀ ਦਿਖਾਈ ਨਹੀਂ ਦਿੰਦੀ। ਇੱਕ ਸਮੇਂ ਤਾਂ ਉਹਨਾਂ ਸੂਬੇ ਦੀ ਪ੍ਰਧਾਨਗੀ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਜਾਖੜ ਪਾਰਟੀ ਪ੍ਰੋਗਰਾਮ ਅਤੇ ਭਾਜਪਾ ਦੀਆਂ ਨੀਤੀਆਂ ਤੋਂ ਹਟ ਕੇ ਆਪਣੇ ਵੱਖਰੇ ਬਿਆਨ ਜਾਰੀ ਕਰਨ ਕਰਕੇ ਵੀ ਆਮ ਤੌਰ ’ਤੇ ਚਰਚਾ ਵਿੱਚ ਹੀ ਰਹਿੰਦੇ ਹਨ। ਇਹੀ ਕਾਰਨ ਹੈ ਕਿ ਭਾਜਪਾ ਨੂੰ ਸੂਬੇ ਵਿੱਚ ਇੱਕ ਕਾਰਜਕਾਰੀ ਪ੍ਰਧਾਨ ਦੀ ਨਿਯੁਕਤੀ ਵੀ ਕਰਨੀ ਪਈ।
ਜੇਕਰ ਸਮੁੱਚੇ ਤੌਰ ’ਤੇ ਦੇਖਿਆ ਜਾਵੇ ਤਾਂ ਸਾਰੇ ਹੀ ਰਾਜਨੀਤਕ ਦਲ ਇਸ ਸਮੇਂ ਅਫ਼ਰਾ ਤਫਰੀ (ਉਰਦੂ: ਅਫਰਾ ਤਫਰੀ, ਪੰਜਾਬੀ: ਹਫੜਾ ਦਫੜੀ) ਅਤੇ ਅਸਥਿਰਤਾ ਦੀ ਸਥਿਤੀ ਵਿੱਚ ਹੀ ਵਿਚਰ ਰਹੇ ਹਨ। ਪੰਜਾਬ ਦੇ ਰਾਜਨੀਤਕ ਦ੍ਰਿਸ਼ ’ਤੇ ਇਸ ਸਮੇਂ ਅਸਥਿਰਤਾ ਵਾਲਾ ਮਾਹੌਲ ਬਣਿਆ ਹੋਇਆ ਹੈ, ਜਿਸਦੇ ਸਿੱਟੇ ਵਜੋਂ ਹਾਲ ਦੀ ਘੜੀ ਪੰਜਾਬ ਦੀ ਆਮ ਜਨਤਾ ਕਿਸੇ ਵੀ ਪਾਰਟੀ ਜਾਂ ਆਗੂ ’ਤੇ ਭਰੋਸਾ ਕਰਨ ਦੀ ਸਥਿਤੀ ਵਿੱਚ ਨਹੀਂ ਜਾਪਦਾ। ਸਾਰੀਆਂ ਹੀ ਰਾਜਸੀ ਧਿਰਾਂ ਜਨਤਕ ਵਿਸ਼ਵਾਸ ਜਿੱਤਣ ਵਿੱਚ ਅਸਫਲ ਹੀ ਜਾਪਦੀਆਂ ਹਨ। ਅਜਿਹੀ ਸਥਿਤੀ ਵਿੱਚ ਸੂਬੇ ਦਾ ਜੋ ਅਣਕਿਆਸਿਆ ਨੁਕਸਾਨ ਹੋ ਰਿਹਾ ਹੈ, ਉਸਦੀ ਭਰਪਾਈ ਨੇੜ ਭਵਿੱਖ ਵਿੱਚ ਹੋਣੀ ਸੰਭਵ ਨਹੀਂ। ਇਸ ਸਭ ਕੁਝ ਲਈ ਕਿਸੇ ਇੱਕ ਧਿਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਸ ਲਈ ਸਾਰੀਆਂ ਹੀ ਰਾਜਨੀਤਕ ਧਿਰਾਂ ਨੂੰ ਪੁਰਜ਼ੋਰ ਗੁਜ਼ਾਰਿਸ਼ ਹੈ ਕਿ ਆਪੋ ਆਪਣੀਆਂ ਨੀਤੀਆਂ, ਪਾਰਟੀ ਪ੍ਰੋਗਰਾਮਾਂ ਦੀ ਰੌਸ਼ਨੀ ਵਿੱਚ ਹਾਂ ਪੱਖੀ ਭੂਮਿਕਾ ਨਿਭਾਉਂਦਿਆਂ, ਲੋਕ ਹਿਤਾਂ ਨੂੰ ਧਿਆਨ ਹਿਤ ਰੱਖਦਿਆਂ ਜਨਤਕ ਭਰੋਸਾ ਜਿੱਤਣ ਦੇ ਸੁਹਿਰਦ ਯਤਨ ਅੱਜ ਤੋਂ ਹੀ ਵਿੱਢਣ ਦਾ ਤਹੱਈਆ ਕਰਨ ਤਾਂ ਜੋ ਸਹੀ ਅਰਥਾਂ ਵਿੱਚ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਵੱਲ ਵਧਿਆ ਜਾ ਸਕੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਇਤਿਹਾਸ ਅਤੇ ਭਵਿੱਖੀ ਪੀੜ੍ਹੀਆਂ ਸਬੰਧਤ ਜ਼ਿੰਮੇਵਾਰ ਵਿਅਕਤੀਆਂ ਅਤੇ ਧਿਰਾਂ ਨੂੰ ਇਸ ਤਰ੍ਹਾਂ ਦੇ ਬੱਜਰ ਗੁਨਾਹਾਂ ਲਈ ਕਦੇ ਵੀ ਮੁਆਫ਼ ਨਹੀਂ ਕਰਨਗੀਆਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (