“ਸਮੇਂ ਦੇ ਥਪੇੜੇ ਸਹਿੰਦਿਆਂ ਅਤੇ ਦੁੱਖਾਂ ਸੁੱਖਾਂ ਨਾਲ ਦੋ ਚਾਰ ਹੁੰਦਿਆਂ ਉਨ੍ਹਾਂ ਦੇ ਜੀਵਨ ...”
(12 ਜਨਵਰੀ 2026)
ਭਾਰਤ ਦੀ ਇਸ ਮਹਾਨ ਧਰਤੀ ’ਤੇ ਅਨੇਕਾਂ ਰਿਸ਼ੀਆਂ ਮੁਨੀਆਂ, ਪੀਰਾਂ ਪੈਗੰਬਰਾਂ, ਯੋਧਿਆਂ, ਬਲਵਾਨਾਂ, ਸ਼ਹੀਦਾਂ, ਦੇਸ਼ ਭਗਤਾਂ ਆਦਿ ਤੋਂ ਇਲਾਵਾ ਪ੍ਰਸਿੱਧ ਕਾਨੂੰਨਦਾਨਾਂ ਅਤੇ ਰਾਜੇ-ਮਹਾਰਾਜਿਆਂ ਦੀ ਪੈਦਾਇਸ਼ ਵੀ ਹੋਈ। ਇਸ ਸੂਚੀ ਵਿੱਚ ਸਿਰਫ ਮਰਦ ਹੀ ਨਹੀਂ ਸਗੋਂ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ੁਮਾਰ ਹਨ। ਇਨ੍ਹਾਂ ਮਹਾਨ ਔਰਤਾਂ ਵਿੱਚ ਇੱਕ ਨਾਮ ਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ ਵੀ ਅੰਕਿਤ ਹੈ, ਜੋ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ। ਇਹ ਭਾਰਤ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕ ਵਜੋਂ ਵੀ ਜਾਣੇ ਜਾਂਦੇ ਹਨ। ਸਵਿੱਤਰੀ ਬਾਈ ਫੂਲੇ ਜੀ ਦਾ ਜਨਮ ਮਹਾਰਾਸ਼ਟਰ ਦੇ ਜ਼ਿਲ੍ਹੇ ਸਤਾਰਾ ਵਿਚਲੇ ਇੱਕ ਪਿੰਡ ਨਵਾਂ ਗਾਉਂ ਵਿੱਚ 1831 ਈਸਵੀ ਨੂੰ ਮਾਤਾ ਲਕਸ਼ਮੀ ਬਾਈ ਅਤੇ ਪਿਤਾ ਖੰਡੋਜੀ ਨੈਵੇਸਾ ਦੇ ਘਰ ਅੰਤਾਂ ਦੀ ਗਰੀਬੀ ਨਾਲ ਦੋ ਚਾਰ ਹੋ ਰਹੇ, ਮਾਲੀ ਪਰਿਵਾਰ ਵਿੱਚ ਹੋਇਆ। ਉਸ ਸਮੇਂ ਬਾਲ ਵਿਆਹ ਦੀ ਪ੍ਰਥਾ ਪੂਰੇ ਭਾਰਤ, ਅਤੇ ਵਿਸ਼ੇਸ਼ ਕਰਕੇ ਮਹਾਰਾਸ਼ਟਰ ਵਿੱਚ ਵੱਡੀ ਪੱਧਰ ’ਤੇ ਪ੍ਰਚਲਿਤ ਸੀ, ਜਿਸ ਕਾਰਨ ਮਾਤਾ ਜੀ ਦਾ ਵਿਆਹ ਮਹਿਜ਼ ਨੌਂ ਵਰ੍ਹਿਆਂ ਦੀ ਉਮਰ ਵਿੱਚ ਹੀ ਤੇਰਾਂ ਸਾਲਾ ਜੋਤੀ ਬਾ ਫੂਲੇ ਨਾਲ ਕਰ ਦਿੱਤਾ ਗਿਆ। ਜੋਤੀ ਬਾ ਫੂਲੇ ਤਾਂ ਭਾਵੇਂ ਉਸ ਸਮੇਂ ਮੁਤਾਬਿਕ ਕੁਝ ਪੜ੍ਹ ਲਿਖੇ ਸਨ, ਪ੍ਰੰਤੂ ਮਾਤਾ ਜੀ ਖ਼ੁਦ ਬਿਲਕੁਲ ਹੀ ਅਨਪੜ੍ਹ ਸਨ। ਇਸ ਲਈ ਪਹਿਲਾਂ ਉਹਨਾਂ ਨੇ ਆਪਣੇ ਪਤੀ ਤੋਂ ਆਪ ਅੱਖਰ ਗਿਆਨ ਹਾਸਲ ਕੀਤਾ।
ਉਸ ਸਮੇਂ ਬ੍ਰਾਹਮਣਵਾਦ ਦਾ ਬੋਲਬਾਲਾ ਆਪਣੀ ਚਰਮਸੀਮਾ ’ਤੇ ਸੀ, ਜਿਸ ਕਰਕੇ ਸਮੁੱਚੀਆਂ ਔਰਤਾਂ, ਸਦੀਆਂ ਤੋਂ ਹਾਸ਼ੀਏ ’ਤੇ ਧੱਕੇ ਹੋਏ ਦਲਿਤ ਅਤੇ ਪਛੜੇ ਵਰਗ ਸਿੱਖਿਆ ਤੋਂ ਪੂਰੀ ਤਰ੍ਹਾਂ ਵਿਰਵੇ ਸਨ। ਸਵਿੱਤਰੀ ਬਾਈ ਫੂਲੇ ਨੂੰ ਇਸ ਤਰ੍ਹਾਂ ਦੀ ਵਿਤਕਰੇਬਾਜ਼ੀ ਅਤੇ ਹਨੇਰਗਰਦੀ ਹਰਗਿਜ਼ ਪਸੰਦ ਨਹੀਂ ਸੀ, ਇਸ ਲਈ ਉਨ੍ਹਾਂ ਨੇ ਆਪਣੇ ਪਤੀ ਨਾਲ ਮਿਲ ਕੇ ਲੜਕੀਆਂ/ਔਰਤਾਂ ਦੀ ਸਿੱਖਿਆ ਅਤੇ ਦਲਿਤ ਵਰਗ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਖ਼ਿਲਾਫ ਸ਼ਾਂਤਮਈ ਅੰਦੋਲਨ ਵਿੱਢਣ ਦੀ ਠਾਣ ਲਈ। ਦੰਪਤੀ ਵੱਲੋਂ ਲੜਕੀਆਂ ਦੀ ਪੜ੍ਹਾਈ ਲਈ ਪਹਿਲਾ ਸਕੂਲ ਪਹਿਲੀ ਜਨਵਰੀ 1848 ਈਸਵੀ ਨੂੰ ਖੋਲ੍ਹ ਕੇ ਪੜ੍ਹਾਉਣ ਵਰਗਾ ਜੋਖ਼ਮ ਭਰਿਆ ਕਾਰਜ ਸ਼ੁਰੂ ਕਰਕੇ ਦੇਸ਼ ਦੀ ਪਹਿਲੀ ਅਧਿਆਪਕਾ ਹੋਣ ਦਾ ਮਾਣ ਹਾਸਲ ਕਰਨ ਵਿੱਚ ਵੀ ਸਫਲਤਾ ਪ੍ਰਾਪਤ ਕਰ ਲਈ। ਪ੍ਰੰਤੂ ਸਮੇਂ ਦੇ ਸਮਾਜਿਕ ਅਤੇ ਧਾਰਮਿਕ ਠੇਕੇਦਾਰਾਂ ਨੂੰ ਅਜਿਹਾ ਔਰਤ ਅਤੇ ਲੋਕ ਪੱਖੀ ਕਾਰਜ ਕਿਵੇਂ ਵੀ ਵਾਰਾ ਨਹੀਂ ਖਾਂਦਾ ਸੀ। ਉਨ੍ਹਾਂ ਨੇ ਸਵਿੱਤਰੀ ਜੀ ਨੂੰ ਤਰ੍ਹਾਂ ਤਰ੍ਹਾਂ ਨਾਲ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸਕੂਲ ਜਾਣ ਸਮੇਂ ਉਹਨਾਂ ਦੇ ਕੱਪੜਿਆਂ ’ਤੇ ਚਿੱਕੜ, ਗੰਦਗੀ ਆਦਿ ਸੁੱਟਣ ਤੋਂ ਇਲਾਵਾ, ਉਹਨਾਂ ਖ਼ਿਲਾਫ ਤਰ੍ਹਾਂ ਤਰ੍ਹਾਂ ਦਾ ਕੂੜ ਪ੍ਰਚਾਰ ਵੀ ਕੀਤਾ ਜਾਂਦਾ ਤਾਂ ਕਿ ਉਹ ਆਪਣੇ ਮਿਸ਼ਨ ਤੋਂ ਥਿੜਕ ਕੇ ਇਸ ਕੰਮ ਨੂੰ ਬੰਦ ਕਰ ਦੇਵੇ। ਅਜਿਹੀਆਂ ਕੋਝੀਆਂ ਹਰਕਤਾਂ ਮਾਤਾ ਜੀ ਦੇ ਦ੍ਰਿੜ੍ਹ ਇਰਾਦੇ ਅੱਗੇ ਟਿਕ ਨਾ ਸਕੀਆਂ। ਪਤੀ ਪਤਨੀ ਵੱਲੋਂ ਜਨਤਕ ਸਹਿਯੋਗ ਸਦਕਾ ਗਰੀਬ ਲੋਕਾਂ ਦੇ ਇਲਾਜ ਲਈ ਚਿਕਿਤਸਾ ਕੇਂਦਰ ਵੀ ਖੋਲ੍ਹੇ ਗਏ, ਜਿੱਥੇ ਹਾਸ਼ੀਏ ’ਤੇ ਧੱਕੇ ਹੋਏ ਲੋਕਾਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਸੀ।
ਆਪਣੇ ਪਤੀ ਜੋਤੀ ਬਾ ਫੂਲੇ ਦੀ ਅਚਾਨਕ ਹੋਈ ਮੌਤ ਨਾਲ ਭਾਵੇਂ ਉਹਨਾਂ ਨੂੰ ਕੁਝ ਝਟਕਾ ਜ਼ਰੂਰ ਲੱਗਾ, ਪ੍ਰੰਤੂ ਕੁਝ ਸਮੇਂ ਬਾਅਦ ਹੀ ਉਹ ਮੁੜ ਆਪਣੇ ਪੱਧਰ ’ਤੇ ਹੀ ਮਿਸ਼ਨ ਦੀ ਪੂਰਤੀ ਲਈ ਮੁੜ ਜੁੱਟ ਗਏ। ਇੱਥੇ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ ਕਿ ਮਾਤਾ ਜੀ ਬਹੁਤ ਹੀ ਸੁੱਘੜ, ਕੁਸ਼ਲ ਅਤੇ ਦੂਰਦਰਸ਼ੀ ਸੋਚ ਦੇ ਮਾਲਕ ਸਨ, ਕਿਉਂਕਿ ਅਜੋਕੀਆਂ ਸਰਕਾਰਾਂ ਜਿੱਥੇ ਅੱਜ ਇੱਕੀਵੀਂ ਸਦੀ ਵਿੱਚ ਵੀ ਵਿਦਿਆਰਥੀਆਂ ਨੂੰ ਨਵੀਨਤਮ ਵਿਧੀਆਂ ਨਾਲ ਸਿੱਖਿਆ ਦੇਣ ਦੇ ਸਿਰਫ ਯਤਨਾਂ ਵਿੱਚ ਹੀ ਹਨ, ਪੂਰੀ ਤਰ੍ਹਾਂ ਸਫਲ ਹੋਣਾ ਅਜੇ ਬਾਕੀ ਹੈ, ਉੱਥੇ ਮਾਤਾ ਜੀ ਨੇ ਉਸ ਸਮੇਂ ਵੀ ਅਜਿਹੀਆਂ ਯੋਜਨਾਵਾਂ ਅਤੇ ਢੰਗ ਤਰੀਕੇ ਆਪਣੀਆਂ ਵਿਦਿਆਰਥਣਾਂ ਲਈ ਸ਼ੁਰੂ ਕੀਤੇ ਹੋਏ ਸਨ। ਉਸ ਸਮੇਂ ਵੀ ਵਿਦਿਆਰਥੀਆਂ ਦੇ ਘਰੇਲੂ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਦੁਪਹਿਰ ਦਾ ਖਾਣਾ, ਲੋੜਵੰਦ ਅਤੇ ਕਮਜ਼ੋਰ ਵਿਦਿਆਰਥੀਆਂ ਦੀ ਪੜ੍ਹਾਈ ਲਈ ਵੱਖਰਾ ਸਮਾਂ ਨਿਸ਼ਚਿਤ ਕਰਨਾ, ਪੜ੍ਹਾਈ ਵਿੱਚ ਰੁਚਿਤ ਅਤੇ ਪ੍ਰੇਰਿਤ ਕਰਨ ਲਈ ਵਜ਼ੀਫੇ ਆਦਿ ਦੇਣ ਤੋਂ ਇਲਾਵਾ ਮਾਪੇ-ਅਧਿਆਪਕ ਮਿਲਣੀਆਂ ਦਾ ਜ਼ਿਕਰ ਵੀ ਉਹਨਾਂ ਵੱਲੋਂ ਚਲਾਏ ਜਾ ਰਹੇ ਸਕੂਲਾਂ ਵਿੱਚ ਕਿਤੇ ਨਾ ਕਿਤੇ ਪੜ੍ਹਿਆ-ਸੁਣਿਆ ਜਾਂਦਾ ਹੈ।
ਸਮੇਂ ਦੇ ਥਪੇੜੇ ਸਹਿੰਦਿਆਂ ਅਤੇ ਦੁੱਖਾਂ ਸੁੱਖਾਂ ਨਾਲ ਦੋ ਚਾਰ ਹੁੰਦਿਆਂ ਉਨ੍ਹਾਂ ਦੇ ਜੀਵਨ ਸਫਰ ਦੀਆਂ ਬਰੂਹਾਂ ’ਤੇ ਅਚਨਚੇਤ ਇੱਕ ਅਜਿਹੀ ਅਜਿਹੀ ਖਟਖਟਾਹਟ ਹੋਈ, ਜਿਸਨੇ ਸ਼ਾਂਤਮਈ, ਅਤੇ ਸਹਿਜਤਾ ਨਾਲ ਤੁਰ ਰਹੀ ਜੀਵਨ ਰੂਪੀ ਗੱਡੀ ਅਤੇ ਸਮੁੱਚੇ ਢਾਂਚੇ ਨੂੰ ਹੀ ਲੀਹੋਂ ਲਾਹ ਕੇ ਰੱਖ ਦਿੱਤਾ। ਘਟਨਾ ਇਸ ਤਰ੍ਹਾਂ ਹੋਈ ਕਿ ਪਲੇਗ ਵਰਗੀ ਨਾਮੁਰਾਦ ਬਿਮਾਰੀ ਨੇ ਪੂਰੇ ਭਾਰਤ ਨੂੰ ਹੀ ਆਪਣੀ ਲਪੇਟ ਵਿੱਚ ਲੈ ਲਿਆ। ਸੇਵਾ ਦੀ ਪੁੰਜ ਸਵਿੱਤਰੀ ਬਾਈ ਫੂਲੇ ਇੱਕ ਪਲੇਗ ਦੀ ਮਰੀਜ਼ ਔਰਤ ਨੂੰ ਸੰਭਾਲਦਿਆਂ ਖ਼ੁਦ ਵੀ ਇਸ ਘਾਤਕ ਰੋਗ ਦਾ ਸ਼ਿਕਾਰ ਹੋ ਗਈ। ਮਾਤਾ ਜੀ ਆਪਣੇ ਵਿਦਿਆਰਥੀਆਂ ਅਤੇ ਦੁਸ਼ਵਾਰੀਆਂ ਵਿੱਚ ਗ੍ਰਸਤ ਔਰਤਾਂ ਤੋਂ ਇਲਾਵਾ ਦਲਿਤਾਂ, ਪਛੜਿਆਂ ਅਤੇ ਲੋੜਵੰਦਾਂ, ਸਭ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਕੇ 10 ਮਾਰਚ 1897 ਈਸਵੀ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
ਅਖੀਰ ਵਿੱਚ ਅਫਸੋਸ ਅਤੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਦੇਸ਼ ਦੀ ਪਹਿਲੀ ਅਧਿਆਪਕਾ, ਦਲਿਤਾਂ, ਪਛੜਿਆਂ ਅਤੇ ਵਿਸ਼ੇਸ਼ ਕਰਕੇ ਔਰਤਾਂ ਦੀ ਸਿੱਖਿਆ ਨੂੰ ਸਮਰਪਿਤ ਅਤੇ ਉਨ੍ਹਾਂ ਦੇ ਜਮਹੂਰੀ ਅਧਿਕਾਰਾਂ ਦੀ ਅਲੰਬਰਦਾਰ ਦੀਆਂ ਵਿਲੱਖਣ ਸੇਵਾਵਾਂ, ਦੁੱਖ, ਤਕਲੀਫਾਂ ਸਹਿਣ ਕਰਨ ਵਾਲੀ ਇਸ ਵੱਡੇ ਕੱਦ ਬੁੱਤ ਦੀ ਮਾਲਕ ਮਹਾਨ ਔਰਤ ਦੀ ਸਮੇਂ ਸਮੇਂ ਦੀਆਂ ਕੇਂਦਰੀ ਅਤੇ ਰਾਜ ਸਰਕਾਰਾਂ ਤੋਂ ਇਲਾਵਾ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨਾਲ ਸਬੰਧਤ ਅਧਿਆਪਕ ਜਥੇਬੰਦੀਆਂ (ਇੱਕਾ ਦੁੱਕਾ ਨੂੰ ਛੱਡ ਕੇ) ਵੱਲੋਂ ਵੀ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਜੋਖ਼ਮ ਨਹੀਂ ਲਿਆ ਗਿਆ। ਉਮੀਦ ਕੀਤੀ ਜਾ ਸਕਦੀ ਹੈ ਕਿ ਭਵਿੱਖ ਵਿੱਚ ਸਬੰਧਤ ਧਿਰਾਂ, ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਪਾਸੇ ਵੱਲ ਧਿਆਨ ਦਿੰਦਿਆਂ ਆਪਣੀ ਬਣਦੀ ਭੂਮਿਕਾ ਨਿਭਾਉਂਦਿਆਂ, ਫਰਜ਼ ਪੂਰਤੀ ਦੀ ਮਿਸਾਲ ਕਾਇਮ ਕਰਕੇ, ਚੰਗੇ ਸ਼ਹਿਰੀ ਹੋਣ ਤੋਂ ਇਲਾਵਾ ਸੁਹਿਰਦ ਆਗੂ ਹੋਣ ਦਾ ਮੁਜ਼ਾਹਰਾ ਵੀ ਕਰਨਗੇ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































