“ਹਾਨੂੰ ਹਾਈ ਕੋਰਟ ਜਾਣ ਦਾ ਸੁਨੇਹਾ ਭੇਜਿਆ ਸੀ, ਇੱਥੇ ਕਾਹਦੇ ਲਈ ਆ ਗਏ? ਉਹ ਵੀ ...”
(6 ਜੂਨ 2026)
ਚਾਚਾ ਅਜੀਤ ਸਿੰਘ
ਖਟਕੜ ਕਲਾਂ ਦਾ ਨਾਂ ਸਾਡੇ ਸਭਨਾਂ ਅੰਦਰ ਇੱਕ ਅਲੱਗ ਜਿਹਾ ਗੌਰਵਮਈ ਅਹਿਸਾਸ ਜਗ੍ਹਾ ਜਾਂਦਾ ਹੈ ਅਤੇ ਜੇਕਰ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦਾ ਕੋਈ ਜਾਣਕਾਰ ਮਿਲ ਜਾਵੇ ਫਿਰ ਤਾਂ ਗੱਲ ਹੀ ਕਿਹੜੀ। ਸਬੱਬ ਇਹ ਬਣਿਆ ਕਿ ਗੌ. ਟੀ. ਯੂ. ਦੇ ਸੂਬਾਈ ਜਨਰਲ ਸਕੱਤਰ ਦੇ ਨਾਲ ਨਾਲ ਮੈਂਨੂੰ ਰੋਪੜ ਜ਼ਿਲ੍ਹੇ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਪੈਂਦੀ ਸੀ। ਡੀ. ਈ. ਓ. ਦਫਤਰ ਅਕਸਰ ਗੇੜਾ ਲੱਗਦਾ ਰਹਿੰਦਾ। ਜਥੇਬੰਦੀ ਨੇ ਅਧਿਆਪਕਾਂ ਦੀ ਸੁਵਿਧਾ ਲਈ ਨਿਯਮ ਤੈਅ ਕਰਵਾ ਰੱਖਿਆ ਸੀ ਕਿ ਪ੍ਰਮੋਸ਼ਨਾਂ ਕਰਦੇ ਸਮੇਂ ਜੇਕਰ ਕਿਸੇ ਪ੍ਰਮੋਟੀ ਦੇ ਆਪਣੇ ਹੀ ਸਕੂਲ ਵਿੱਚ ਪ੍ਰਮੋਸ਼ਨ ਪੋਸਟ ਖਾਲੀ ਹੋਵੇ ਤਾਂ ਉਹ ਪੋਸਟ ਉਸੇ ਸਕੂਲ ਦੇ ਟੀਚਰ ਨੂੰ ਦਿੱਤੀ ਜਾਂਦੀ ਸੀ। ਬਾਕੀ ਉਮੀਦਵਾਰਾਂ ਨੂੰ ਸਟੇਸ਼ਨਾਂ ਦੀ ਚੋਣ ਕਰਵਾ ਕੇ ਆਰਡਰ ਕਰ ਦਿੱਤੇ ਜਾਂਦੇ ਸਨ। ਰੋਪੜ ਡੀ. ਈ. ਓ. (ਪ੍ਰ) ਨੇ ਬਣਨ ਵਾਲੇ ਹੈੱਡ ਟੀਚਰਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਸਨ ਪਰ ਹਾਜ਼ਰ ਹੋਣ ਲਈ ਆਰਡਰ ਹਾਲੇ ਕਰਨੇ ਸਨ। ਇੰਨੇ ਵਿੱਚ ਨੰਗਲ ਟਾਊਨਸਿਪ ਦਾ ਬਲਾਕ ਆਗੂ ਗੁਰਦਿਆਲ ਸਿੰਘ ਢਾਹੇ (ਸਵਰਗੀ) ਮੈਨੂੰ ਲੱਭਦਾ ਡੀ. ਈ. ਓ. ਦਫਤਰ ਪਹੁੰਚ ਗਿਆ। ਉਹ ਕਹਿਣ ਲੱਗਾ ਕਿ ਉਸਦੇ ਬਲਾਕ ਵਿੱਚ ਕਲਸੇਹੜਾ ਸਕੂਲ ਦੀ ਮੈਡਮ ਨੂੰ ਸਿਟਿੰਗ ਸਟੇਸ਼ਨ ਮਿਲ ਚੁੱਕਾ ਹੈ ਪਰ ਉੱਥੇ ਕਿਸੇ ਹੋਰ ਨੇ ਬਦਲੀ ਕਰਵਾ ਲਈ ਹੈ।
ਮੈਂ ਗੁਰਦਿਆਲ ਸਿੰਘ ਨੂੰ ਨਾਲ ਲੈ ਕੇ ਮਸਲਾ ਡੀ ਈ ਓ ਸਵਰਗੀ ਕੇ ਆਰ ਜ਼ੋਸੀ ਕੋਲ ਜਾ ਉਠਾਇਆ। ਜ਼ੋਸੀ ਜੀ ਨੇ ਬੜੇ ਸਲੀਕੇ ਨਾਲ ਗੁਰਦਿਆਲ ਸਿੰਘ ਨੂੰ ਕਮਰੇ ਤੋਂ ਬਾਹਰ ਜਾਣ ਲਈ ਕਿਹਾ। ਜ਼ੋਸੀ ਜੀ ਨੂੰ ਬਦਲੀ ਦਾ ਪਤਾ ਸੀ। ਮੈਨੂੰ ਪੁੱਛਣ ਲੱਗੇ ਕਿ ਪ੍ਰਭਾਵਤ ਹੋਣ ਵਾਲੀ ਮੈਡਮ ਕੌਣ ਹੈ? ਮੇਰਾ ਉੱਤਰ ਸੀ ਕਿ ਮੈਂ ਤਾਂ ਉਸਦਾ ਨਾਂ ਵੀ ਨਹੀਂ ਜਾਣਦਾ। ਕਹਿਣ ਲੱਗੇ, ਜਾਣ ਨਾ ਪਛਾਣ, ਫਿਰ ਇੰਨਾ ਪੱਖ ਕਾਹਦੇ ਲਈ। ਮੈਂ ਕਿਹਾ, ਪ੍ਰਸ਼ਨ ਜਾਣ ਪਛਾਣ ਦਾ ਨਹੀਂ, ਪ੍ਰਸ਼ਨ ਬੇਇਨਸਾਫੀ ਦਾ ਹੈ। ਮੇਰੀ ਕਾਰਜ ਸ਼ੈਲੀ ਦਾ ਸਭ ਅਫਸਰਾਂ ਨੂੰ ਪਤਾ ਸੀ। ਉਹ ਕਹਿਣ ਲੱਗੇ, ਬਦਲੀ ਕਰਵਾ ਕੇ ਆਈ ਟੀਚਰ ਦੇ ਕਈ ਰਿਸ਼ਤੇਦਾਰ ਚੰਡੀਗੜ੍ਹ ਸੈਕਟਰੀਏਟ ਵਿੱਚ ਆਈ ਏ ਐੱਸ ਅਫਸਰ ਹਨ। ਬਦਲੀ ਲਾਗੂ ਕਰਨੀ ਪੈਣੀ ਹੈ। ਕੁਝ ਸੋਚ ਕੇ ਉਹ ਫਿਰ ਬੋਲੇ, “ਜੇਕਰ ਮੈਡਮ ਹਾਈ ਕੋਰਟ ਚਲੀ ਜਾਏ ਤਾਂ ਕੋਰਟ ਅਤੇ ਵਿਭਾਗ ਨੇ ਮੈਥੋਂ ਰਿਪੋਰਟ ਮੰਗਣੀ ਹੀ ਹੈ। ਉਦੋਂ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ।”
ਬਾਹਰ ਆ ਕੇ ਮੈਂ ਗੁਰਦਿਆਲ ਸਿੰਘ ਨੂੰ ਮੈਡਮ ਲਈ ਸੁਨੇਹਾ ਪਹੁੰਚਾਉਣ ਦੀ ਜ਼ਿੰਮੇਵਾਰੀ ਦੇ ਦਿੱਤੀ। ਸੁਨੇਹਾ ਦੇਣ ਲਈ ਗੁਰਦਿਆਲ ਸਿੰਘ ਨੂੰ ਸਾਈਕਲ ਉੱਤੇ 13 ਕਿਲੋਮੀਟਰ ਜਾਣ ਅਤੇ ਇੰਨਾ ਹੀ ਵਾਪਸ ਪਿੰਡ ਆਉਣ ਦਾ ਸਫਰ ਤੈਅ ਕਰਨਾ ਪਿਆ। ਉਹਨੀਂ ਦਿਨੀਂ ਮੋਟਰ ਸਾਇਕਲ, ਸਕੂਟਰ ਹਰ ਅਧਿਆਪਕ ਕੋਲ ਨਹੀਂ ਸੀ ਹੁੰਦਾ।
ਅਗਲੇ ਦਿਨ ਸਵੇਰੇ ਪੌਣੇ ਸੱਤ ਵਜੇ ਮੇਨ ਰੋਡ ਤੋਂ ਮੈਂ ਸਕੂਟਰ ਦਾ ਰੁਖ ਸਾਹਮਣੇ ਵਾਲੇ ਸਕੂਲ ਵੱਲ ਮੋੜਿਆ ਤਾਂ ਇੱਕ ਬਾਬੂ ਜੀ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ। ਮੈਂ ਰੁਕਿਆ ਅਤੇ ਕਾਰਨ ਪੱਛਿਆ ਤਾਂ ਮੈਡਮ ਕਹਿਣ ਲੱਗੀ ਕਿ ਉਹ ਕਲਮੇਹੜਾ ਸਕੂਲ ਤੋਂ ਸੁਰਿੰਦਰਾ ਕੁਮਾਰੀ ਹੈ ਅਤੇ ਇਹ ਸ਼ਰਮਾ ਜੀ ਮੇਰੇ ਪਤੀ ਹਨ।
ਮੈਨੂੰ ਗੁੱਸਾ ਆ ਗਿਆ। ਮੈਂ ਗੁੱਸੇ ਵਿੱਚ ਬੋਲਿਆ, “ਤੁਹਾਨੂੰ ਹਾਈ ਕੋਰਟ ਜਾਣ ਦਾ ਸੁਨੇਹਾ ਭੇਜਿਆ ਸੀ, ਇੱਥੇ ਕਾਹਦੇ ਲਈ ਆ ਗਏ? ਉਹ ਵੀ ਇੰਨੇ ਸਵਖਤੇ?”
ਮੈਡਮ ਕਹਿਣ ਲੱਗੇ, “ਸਵਖਤੇ ਆ ਕੇ ਇੱਕ ਘੰਟਾ ਕਲਾਸ ਪੜ੍ਹਾਉਣ ਦੀ ਤੁਹਾਡੀ ਆਦਤ ਦਾ ਹੋਰ ਸਭਨਾਂ ਵਾਂਗ ਮੈਨੂੰ ਵੀ ਪਤਾ ਸੀ। ਗੁੱਸੇ ਨਾ ਹੋਵੋ। ਇਨ੍ਹਾਂ (ਪਤੀ ਵੱਲ ਇਸ਼ਾਰਾ ਕਰਕੇ) ਜ਼ਿਦ ਫੜ ਲਈ ਕਿ ਜਿਸ ਇਨਸਾਨ ਨੇ ਬਿਨਾਂ ਜਾਣ ਪਛਾਣ ਸਾਡਾ ਪੱਖ ਲਿਆ, ਉਸਦਾ ਮੂੰਹ ਦੇਖ ਕੇ ਹੀ ਚੰਡੀਗੜ੍ਹ ਜਾਇਆ ਜਾਵੇਗਾ। ਅਸੀਂ ਅਗਲੇ ਬੱਸ ਸਟੈਂਡ ’ਤੇ ਸਕੂਟਰ ਖੜ੍ਹਾ ਕਰਕੇ ਅੱਗੇ ਚਲਾ ਜਾਣਾ ਹੈ।”
ਮੈਨੂੰ ਕਹਿਣ ਲਈ ਕੁਝ ਨਾ ਅਹੁੜਿਆ। ਮੈਂ ਛਿਥਾ ਜਿਹਾ ਪੈ ਕੇ ਸਕੂਲ ਵੱਲ ਹੋ ਤੁਰਿਆ। ਉਹ ਅੱਗੇ ਚਲੇ ਗਏ।
ਡੀ. ਈ. ਓ. ਜ਼ੋਸੀ ਜੀ ਨੇ ਵਾਅਦੇ ਅਨੁਸਾਰ ਮੈਡਮ ਦੇ ਹੱਕ ਵਿੱਚ ਰਿਪੋਰਟ ਭੇਜ ਦਿੱਤੀ। ਸੁਰਿੰਦਰਾ ਕੁਮਾਰੀ ਦਾ 10 ਕਿਲੋਮੀਟਰ ਦੂਰ ਜਾਣ ਤੋਂ ਬਚਾ ਹੋ ਗਿਆ। ਦੋਨੋਂ ਜੀਅ ਘਰ ਆਏ ਤਾਂ ਪਤਾ ਲੱਗਾ ਕਿ ਸੁਰਿੰਦਰਾ ਕੁਮਾਰੀ ਦੇ ਪੇਕੇ ਖਟਕੜ ਕਲਾਂ ਹਨ ਅਤੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਅਤੇ ਸੁਰਿੰਦਰਾ ਜੀ ਦੇ ਪੇਕੇ ਪਰਿਵਾਰ ਦੀ ਆਪਸ ਵਿੱਚ ਬਹੁਤ ਨੇੜਤਾ ਸੀ। ਭੈਣ ਭਰਾ ਜਿਹਾ ਰਿਸ਼ਤਾ ਬਣ ਗਿਆ।
ਮੈਡਮ ਸੁਰਿੰਦਰਾ ਜੀ ਦੇ ਪਿਤਾ ਜੀ ਆਪਣੀ ਧੀ ਸੁਰਿੰਦਰਾ ਕੋਲ ਹੀ ਰਹਿੰਦੇ ਸਨ। ਇੱਕ ਦਿਨ ਮੈਂ ਅਤੇ ਮੇਰਾ ਦੋਸਤ ਰਜਿੰਦਰ ਸਿੰਘ ਸੁਰਿੰਦਰਾ ਜੀ ਦੇ ਘਰ ਗਏ ਅਤੇ ਉਹਨਾਂ ਦੇ ਪਿਤਾ ਜੀ ਤੋਂ ਉਹਨਾਂ ਦੇ ਪਰਿਵਾਰ ਅਤੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੀ ਨੇੜਤਾ ਬਾਰੇ ਗੱਲਾਂ ਪੁੱਛਣ ਲੱਗ ਗਏ। ਸੁਰਿੰਦਰਾ ਜੀ ਦੇ ਪਿਤਾ ਜੀ ਦੱਸਦੇ ਗਏ। ਜਦੋਂ ਚਾਚਾ ਅਜੀਤ ਸਿੰਘ ਬਾਰੇ ਦੱਸਣ ਲੱਗੇ ਕਿ ਕਿਵੇਂ ਉਹ 38 ਸਾਲ ਦੀ ਜਲਾਵਤਨੀ ਤੋਂ ਬਾਅਦ ਮਾਰਚ 1947 ਵਿੱਚ ਪਿੰਡ ਆਏ। ਪਿਤਾ ਜੀ ਇੱਕ ਇੱਕ ਸ਼ਬਦ ਭਾਵੁਕਤਾ ਵੱਸ ਰੁਕ ਰੁਕ ਕੇ ਬੋਲਦੇ ਸਨ। ਕਹਿਣ ਲੱਗੇ ਕਿ ਚਾਚਾ ਅਜੀਤ ਸਿੰਘ ਅਗਸਤ 1947 ਨੂੰ ਡਲਹੌਜ਼ੀ (ਉਦੋਂ ਪੰਜਾਬ) ਵਿਖੇ ਸਨ। 15-16 ਅਗਸਤ ਦੀ ਰਾਤ ਨੂੰ ਪੰਡਤ ਜਵਾਹਰ ਲਾਲ ਨਹਿਰੂ ਨੇ ਕੌਮ ਨੂੰ ਸੰਬੋਧਨ ਕੀਤਾ। ਡਲਹੌਜ਼ੀ ਵਾਸੀਆਂ ਚਾਚਾ ਅਜੀਤ ਸਿੰਘ ਦੇ ਹੱਥੀਂ ਤਿਰੰਗਾ ਲਹਿਰਾਉਣ ਦਾ ਪ੍ਰੋਗਰਾਮ ਰੱਖ ਲਿਆ। ਪਿਤਾ ਜੀ ਹੁਣ ਡੁਸਕਣ ਲੱਗ ਪਏ, ਕਹਿਣ ਲੱਗੇ, “ਤਿਆਰੀਆਂ ਮੁਕੰਮਲ ਸਨ, ਜਿਉਂ ਹੀ ਚਾਚਾ ਅਜੀਤ ਸਿੰਘ ਨੇ ਝੰਡੇ ਦੀ ਰੱਸੀ ਵੱਲ ਹੱਥ ਵਧਾਇਆ ਉੱਥੇ ਹੀ ...।”
ਸੁਰਿੰਦਰਾ ਜੀ ਦੇ ਪਿਤਾ ਜੀ ਵਾਕ ਪੂਰਾ ਨਾ ਕਰ ਸਕੇ, ਫੁੱਟ ਫੁੱਟ ਕੇ ਰੋਣ ਲੱਗ ਪਏ। ਅਸੀਂ ਦੋਨਾਂ ਨੇ ਉੱਠਕੇ ਉਹਨਾਂ ਨੂੰ ਸਹਿਲਾਇਆ। ਬਾਰ ਬਾਰ ਉਹਨਾਂ ਨੂੰ ਭਾਗਾਂ ਵਾਲੇ ਕਹਿ ਕਹਿ ਕੇ ਸ਼ਾਂਤ ਕੀਤਾ। ਚਾਚਾ ਅਜੀਤ ਸਿੰਘ ਨੂੰ ਉੱਥੇ ਹੀ ਜਾਨ ਲੇਵਾ ਦਿਲ ਦਾ ਦੌਰਾ ਪੈ ਗਿਆ ਸੀ। ਸਾਰੀ ਉਮਰ ਯਾਦ ਰਹੇਗਾ ਕਿ ਇੱਦਾਂ ਯਾਦ ਆਏ ਸੀ ਚਾਚਾ ਅਜੀਤ ਸਿੰਘ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

















































































































