SuchaSKhatra7ਉਸ ਤੋਂ ਪੁੱਛਿਆ ਉੱਤਰ ਜੇ ਕੋਈ ਹੋਰ ਦੇ ਦਿੰਦਾ ਤਾਂ ਉਸਦੀਆਂ ਅੱਖਾਂ ਵਿੱਚੋਂ ਛਮ ਛਮ ...
(19 ਮਾਰਚ 2026)


ਉਮਰ ਦੇ
78 ਮੀਲ ਪੱਥਰਾਂ ਦਾ ਸਫਰ ਤੈਅ ਕਰਕੇ ਜਦੋਂ ਪਿਛਾਂਹ ਵਿਦਿਆਰਥੀ ਜੀਵਨ ਉੱਤੇ ਝਾਤ ਮਾਰੀਦੀ ਹੈ ਤਾਂ ਉਦੋਂ ਜਿਹੜੀ ਘਟਨਾ ਅਣਸੁਖਾਵੀਂ ਲਗਦੀ ਸੀ, ਅੱਜ ਪਿਆਰੀ ਅਤੇ ਬਾਰ ਬਾਰ ਕਲਪਨਾ ਦੇ ਪਰਦੇ ਉੱਤੇ ਵਾਪਰਦੀ ਦੇਖਣ ਨੂੰ ਸੁਖਦਾਈ ਲਗਦੀ ਹੈ। ਘਟਨਾ 1960-61 ਦੀ ਹੋਵੇਗੀ। ਮੇਰੀ ਜਮਾਤ 7ਵੀਂ ਏ ਨੂੰ ਇਤਿਹਾਸ ਭੂਗੋਲ ਮਾਸਟਰ ਮਹਿੰਦਰ ਸਿੰਘ ਜੀ ਪੜ੍ਹਾਉਂਦੇ ਸਨ। (ਅੱਜ ਇਹ ਵਿਸ਼ਾ ਸਮਾਜ ਵਿਗਿਆਨ ਕਹਾਉਂਦਾ ਹੈ)। ਪੰਜਾਬ, ਭਾਰਤ, ਏਸ਼ੀਆ ਅਤੇ ਸੰਸਾਰ ਦੇ ਬੋਰਡ ਉੱਤੇ ਖਾਕੇ ਸ. ਮਹਿੰਦਰ ਸਿੰਘ ਜੀ ਸਹਿਜ ਹੀ ਬਣਾ ਦਿੰਦੇ ਸਨ। ਮੇਰੀ ਇਸ ਕੰਮ ਵਿੱਚ ਰੁਚੀ ਦੂਜੇ ਵਿਦਿਆਰਥੀਆਂ ਤੋਂ ਵਧੇਰੇ ਸੀ। ਇੱਕ ਦਿਨ ਉਹਨਾਂ ਨੇ ਬੋਰਡ ਉੱਤੇ ਭਾਰਤ ਦਾ ਨਕਸ਼ਾ ਬਣਾ ਕੇ ਕਪਾਹ ਪੈਦਾ ਕਰਨ ਦੇ ਖੇਤਰ ਭਰ ਕੇ ਸਾਨੂੰ ਨਕਸ਼ਾਕਸ਼ੀ ਦੀ ਕਾਪੀ ਵਿੱਚ ਭਰਨ ਦਾ ਕੰਮ ਦੇ ਦਿੱਤਾ। 10 ਕੁ ਮਿੰਟਾਂ ਬਾਅਦ ਉਨ੍ਹਾਂ ਨੇ ਬੋਰਡ ਉੱਤੇ ਬਣੇ ਨਕਸ਼ੇ ਵਿੱਚੋਂ ਕਪਾਹ ਪੈਦਾ ਕਰਨ ਵਾਲੇ ਖੇਤਰ ਮਿਟਾ ਕੇ ਕਿਸੇ ਹੋਰ ਪੈਦਾਵਾਰ ਦੇ ਖੇਤਰ ਭਰ ਦਿੱਤੇ। ਮੈਂ ਸਭ ਤੋਂ ਪਹਿਲਾਂ ਕਾਪੀ ਵਿਖਾਉਣ ਦਾ ਅਨੰਦ ਲੈਣ ਤੋਂ ਘੱਟ ਹੀ ਖੁੰਝਦਾ ਸੀ। ਮੈਂ ਦੋਨੋਂ ਨਕਸ਼ੇ ਮੁਕੰਮਲ ਕਰਕੇ ਆਪਣੀ ਨਕਸ਼ਾਕਸੀ ਦੀ ਕਾਪੀ ਸਭ ਤੋਂ ਪਹਿਲਾਂ ਉਹਨਾਂ ਸਾਹਮਣੇ ਟੇਬਲ ਉੱਤੇ ਜਾ ਟਿਕਾਈ। ਹਰ ਵਾਰ ਦੀ ਤਰ੍ਹਾਂ ਅਧਿਆਪਕ ਦੇ ਚਿਹਰੇ ਤੋਂ ਸ਼ਾਬਾਸ਼ ਪੜ੍ਹਨ ਦੀ ਥਾਂ ਮੇਰੇ ਮੂੰਹ ’ਤੇ ਹਲਕਾ ਜਿਹਾ ਥੱਪੜ ਪੈ ਗਿਆ। ਅਧਿਆਪਕ ਵੱਲੋਂ ਸਹੀ ਕੀਤੀ ਗਲਤੀ ਵਾਲੀ ਆਪਣੀ ਕਾਪੀ ਲੈ ਕੇ ਮੈਂ ਵਾਪਸ ਆਪਣੀ ਸੀਟ ਉੱਤੇ ਆ ਬੈਠਾ। ਨਾਲ ਦੇ ਸਾਥੀ ਦੀ ਕਾਪੀ ਵੇਖੀ, ਮੇਰੇ ਵਾਂਗ ਹੀ ਸੀ। “ਗਲਤੀ ਤਾਂ ਨਾਲ ਵਾਲਾ ਵੀ ਕਰ ਸਕਦਾ ਹੈ”, ਸੋਚ ਕੇ ਭਾਣਾ ਮੰਨ ਚੁੱਪ ਕਰਕੇ ਮੈਂ ਆਮ ਦੀ ਤਰ੍ਹਾਂ ਬੈਠ ਗਿਆ। ਅਧਿਆਪਕ ਨੇ ਮੇਰੇ ਤੋਂ ਬਾਅਦ ਦੂਜੀ, ਤੀਜੀ, ਚੌਥੀ ਕਾਪੀ ਵੇਖੀ ਸਭ ਵਿੱਚ ਉਹ ਹੀ ਗਲਤੀ ਸੀ। ਬੋਰਡ ਉੱਤੇ ਦੁਬਾਰਾ ਨਕਸ਼ਾ ਬਣਾ ਕੇ ਗਲਤੀ ਠੀਕ ਕਰ ਦਿੱਤੀ। ਗੁਰੂ ਚੇਲੇ ਦੇ ਰਿਸ਼ਤੇ ਦੀ ਤੰਦ ਦਾ ਸੰਗੀਤ ਬਕਾਇਦਾ ਕਾਇਮ ਰੱਖਣ ਲਈ ਅਧਿਆਪਕ ਨੇ ਮੈਨੂੰ ਆਪਣੇ ਕੋਲ ਬੁਲਾਇਆ। ਮੇਰੇ ਮੋਢੇ ਉੱਤੇ ਹੱਥ ਰੱਖ ਕੇ ਮੈਨੂੰ ਆਪਣੇ ਨਾਲ ਲਾ ਲਿਆ। “ਕੋਈ ਨਾ, ਕਈ ਵਾਰ ਇੱਦਾਂ ਹੋ ਜਾਂਦਾ ਏ।” ਕਹਿਣ ਦੀ ਦੇਰ ਸੀ ਕਿ ਮੈਂ ਰੋਣ ਲੱਗ ਗਿਆ। ਜਿਵੇਂ ਜਿਵੇਂ ਉਹ ਮੈਨੂੰ ਚੁੱਪ ਕਰਾਉਣ, ਮੇਰਾ ਰੋਣਾ ਵਧਦਾ ਜਾਏ। ਉਹਨਾਂ ਆਪਣੇ ਵੱਲੋਂ ਚੁੱਪ ਕਰਾ ਕੇ ਮੈਨੂੰ ਸੀਟ ਉੱਤੇ ਭੇਜ ਦਿੱਤਾ। ਮੇਰਾ ਰੋਸਾ ਹਟਕੋਰਿਆਂ ਵਿੱਚ ਬਦਲ ਗਿਆ। ਮਨ ਦਾ ਮਾਹੌਲ ਸ਼ਾਂਤ ਹੋਣ ਉੱਤੇ ਮੁੰਡੇ ਆਪੋ ਆਪਣੀ ਭਾਸ਼ਾ ਬੋਲਣ- ਕੋਈ ਕਹੇ ਪੋਲਾ ਜਿਹਾ ਤਾਂ ਥੱਪੜ ਸੀ, ਕੋਈ ਕਹੇ ਥੱਪੜ ਖਾ ਕੇ ਚੁੱਪ ਬੈਠਾ ਰਿਹਾ, ਪਤਿਆਉਣ ਉੱਤੇ ਹਟਕੋਰਾ ਲਾ ਲਿਆ।

ਉਦੋਂ ਦੇ ਹਟਕੋਰੇ ਦੀ ਵਿਆਖਿਆ ਨੂੰ ਸ਼ਬਦ ਤਾਂ ਅੱਜ ਤਕ ਨਾ ਮਿਲੇ, ਪਰ ਅਧਿਆਪਕ ਬਣਕੇ ਅਜਿਹੀ ਸਥਿਤੀ ਦੇ ਉਦੋਂ ਅਰਥ ਮਹਿਸੂਸ ਹੋਏ, ਜਦੋਂ ਮੇਰਾ ਇੱਕ ਵਿਦਿਆਰਥਣ ਬੱਚੀ ਨਾਲ ਵਾਹ ਪਿਆ। ਅੰਗਰੇਜ਼ੀ ਵਿਸ਼ੇ ਵਿੱਚ ਉਹਨਾਂ ਸਮਿਆਂ (20-22 ਸਾਲ ਪਹਿਲਾਂ) 100 ਵਿੱਚੋਂ 100 ਅੰਕ ਪ੍ਰਾਪਤ ਕਰਨ ਵਾਲੇ ਮੇਰੀ ਉਸ ਜਮਾਤ ਦੇ ਚਾਰ ਬੱਚਿਆਂ ਵਿੱਚੋਂ ਉਸ ਬੱਚੀ ਦੀ ਅੰਗਰੇਜ਼ੀ ਵਿਸ਼ੇ ਉੱਤੇ ਪਕੜ ਸਭ ਤੋਂ ਦਮਦਾਰ ਸੀ। ਅੰਗਰੇਜ਼ੀ ਦੀ ਸ਼ਬਦ ਰਚਨਾ, ਵਾਕ ਬਣਤਰ ਅਤੇ ਵਾਕ ਵਿਸ਼ਲੇਸ਼ਣ ਜਾਂ ਗਰਾਮਰ ਨਾਲ ਸਬੰਧਤ ਕਿਸੇ ਔਖੇ ਪ੍ਰਸ਼ਨ ਦਾ ਉਸ ਤੋਂ ਪੁੱਛਿਆ ਉੱਤਰ ਜੇ ਕੋਈ ਹੋਰ ਦੇ ਦਿੰਦਾ ਤਾਂ ਉਸਦੀਆਂ ਅੱਖਾਂ ਵਿੱਚੋਂ ਛਮ ਛਮ ਅੱਥਰੂ ਵਹਿ ਤੁਰਨੇਉਸਦਾ ਚਾਅ ਇਹੋ ਸੀ ਕਿ ਮੇਰੇ ਵੱਲੋਂ ਪੁੱਛੇ ਔਖੇ ਪ੍ਰਸ਼ਨ ਦਾ ਉੱਤਰ ਉਸ ਵੱਲੋਂ ਹੀ ਦਿੱਤਾ ਜਾਣਾ ਚਾਹੀਦਾ ਹੈ। ਮੈਂ ਨਿਯਮ ਹੀ ਬਣਾ ਲਿਆ ਕਿ ਜਿਹੜੇ ਪ੍ਰਸ਼ਨ ਦਾ ਉੱਤਰ ਉਸ ਤੋਂ ਨਾ ਮਿਲੇ, ਮੈਂ ਕਿਸੇ ਹੋਰ ਬੱਚੇ ਤੋਂ ਪੁੱਛਣ ਦੀ ਥਾਂ ਆਪ ਹੀ ਉੱਤਰ ਦੇ ਦੇਣਾ। ਮੇਰੇ ਵੱਲੋਂ ਉੱਤਰ ਸਮਝਾਉਣ ਨਾਲ ਉਹ ਬੱਚੀ ਉਸ ਸਥਿਤੀ ਤੋਂ ਬਚ ਜਾਂਦੀ। ਇਹ ਸੁਪਰ ਸੰਵੇਦਨਸ਼ੀਲ ਬੱਚੀ ਬਾਅਦ ਵਿੱਚ ਡਾਕਟਰ ਬਣੀ। ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਬਹੁਤ ਨਾਜ਼ਕ ਹੁੰਦਾ ਹੈ। ਜੇਕਰ ਅਧਿਆਪਕ ਇਸ ਬਰੀਕੀ ਨੂੰ ਸਮਝ ਲਵੇ ਤਾਂ ਅਧਿਆਪਨ ਦਾ ਕਿੱਤਾ ਬੇਹੱਦ ਰੋਚਕ ਹੋ ਨਿੱਬੜਦਾ ਹੈ।

ਉਂਝ ਅੱਜ ਦੇ ਅਧਿਆਪਨ ਤੋਂ ਇਹ ਸਥਿਤੀਆਂ ਖੋਹ ਲਈਆਂ ਗਈਆਂ ਹਨ। ਅੱਜ ਦਾ ਅਧਿਆਪਕ ਬੱਚੇ ਨੂੰ ਝਿੜਕ ਵੀ ਨਹੀਂ ਸਕਦਾ। ਸਕੂਲ ਦੀਆਂ ਕੰਧਾਂ ਉੱਤੇ ਵਿਦਿਆਰਥੀ ਨੂੰ ਝਿੜਕਣ ਨਾਲ ਅਧਿਆਪਕ ਉੱਤੇ ਲੱਗਣ ਵਾਲੀਆਂ ਕਾਨੂੰਨ ਦੀਆਂ ਧਾਰਾਵਾਂ ਲਿਖ ਦਿੱਤੀਆਂ ਹਨ। ਚੰਗਾ ਹੁੰਦਾ ਜੇਕਰ ਕੰਧਾਂ ਉੱਤੇ ਲਿਖਣ ਦੀ ਬਜਾਏ ਅਧਿਆਪਕਾਂ ਦੀਆਂ ਵਰਕਸ਼ਾਪਾਂ ਲਾ ਕੇ ਸਮੇਂ ਵੱਲੋਂ ਵਿਦਿਆਰਥੀਆਂ ਦੇ ਮਨੋਵਿਗਿਆਨ ਵਿੱਚ ਆਈ ਤਬਦੀਲੀ ਤੋਂ ਅਧਿਆਪਕਾਂ ਨੂੰ ਜਾਣੂ ਕਰਵਾਇਆ ਜਾਂਦਾ। ਕੰਧਾਂ ਉੱਤੇ ਇਹ ਕੁਝ ਲਿਖਣ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਦੂਰੀ ਵਧੀ ਹੈ। ਦੋਨਾਂ ਦੇ ਕੋਮਲ ਰਿਸ਼ਤੇ ਵਿੱਚ ਬੇਗਾਨਗੀ ਵਧੀ ਹੈ ਅਤੇ ਅਧਿਆਪਕਾਂ ਵਿੱਚ “ਸਾਨੂੰ ਕੀ” ਦੀ ਪਹੁੰਚ ਨਾਲ ਮੰਤਵ ਭਾਵ ਪੜ੍ਹਾਈ ਦੀ ਗੁਣਵੱਤਾ ਦਾ ਘਾਣ ਹੋ ਗਿਆ ਹੈ। ਅਧਿਆਪਕ ਅਤੇ ਵਿਦਿਆਰਥੀ ਦੇ ਇਸ ਬਦਲੇ ਰਿਸ਼ਤੇ ਵਿੱਚ ਹੁਣ ਕਿਸੇ ਵਿਦਿਆਰਥੀ ਨੂੰ ਨਾ ਹੀ ਮੇਰੇ ਵਾਲਾ ਹਟਕੋਰਾ ਲੱਗੇਗਾ ਅਤੇ ਨਾ ਹੀ ਕਿਸੇ ਦੀਆਂ ਅੱਖਾਂ ਵਿੱਚੋਂ ਮੇਰੀ ਵਿਦਿਆਰਥਣ ਵਰਗੇ ਛਮ ਛਮ ਅੱਥਰੂ ਵਹਿਣਗੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਸੁੱਚਾ ਸਿੰਘ ਖੱਟੜਾ

ਸੁੱਚਾ ਸਿੰਘ ਖੱਟੜਾ

Tel: (91 - 94176 - 52947)

More articles from this author