DarshanSPreetiman7ਉਨ੍ਹਾਂ ਨੂੰ ਮਜ਼ਦੂਰ, ਦੁਕਾਨਦਾਰ, ਕਿਸਾਨ, ਵਪਾਰੀ, ਸਭ ਦੀਆਂ ਆਰਥਿਕ ਮੁਸ਼ਕਲਾਂ ਦਾ ...SantSSekhon
(1 ਜੂਨ 2026)


SantSSekhonਕਈ ਉਹ ਵਿਅਕਤੀ ਹੁੰਦੇ ਹਨ ਜੋ ਇੱਕ ਕੰਮ ਕਰਕੇ ਨਾਮਣਾ ਖੱਟਦੇ ਹਨ। ਇਸ ਜਗਤ ਵਿੱਚ ਉਹ ਵੀ ਵਿਅਕਤੀ ਹਨ ਜੋ ਇੱਕੋ ਸਮੇਂ ਕਈ ਕੰਮ ਕਰਕੇ ਆਪਣਾ ਨਾਂ ਬਣਾ ਲੈਂਦੇ ਹਨ। ਇਹ ਵਿਅਕਤੀ ਦੀ ਸੋਚ ਅਤੇ ਮਿਹਨਤ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਿੰਨਾ ਕੰਮ ਕਰ ਸਕਦਾ ਹੈ। ਸਾਹਿਤ ਖੇਤਰ ਵਿੱਚ ਕਈ ਲੇਖਕ ਇੱਕ ਵਿਧਾ ’ਤੇ ਕੰਮ ਕਰਦੇ ਹਨ ਤੇ ਫਿਰ ਵੀ ਵਿਚਕਾਰ ਲਟਕਦੇ ਰਹਿੰਦੇ ਹਨ ਪਰ ਕਈ ਸਾਹਿਤ ਦੀਆਂ ਅਨੇਕਾਂ ਵੰਨਗੀਆਂ ’ਤੇ ਕਲਮ ਚਲਾਉਂਦੇ ਹਨ ਤੇ ਪ੍ਰਸਿੱਧੀ ਵੀ ਖੱਟਦੇ ਹਨ। ਉਸ ਕੜੀ ਵਿੱਚ ਇੱਕ ਨਾਂ ਆਉਂਦਾ ਹੈ ਜੋ ਕਿਸੇ ਦੀ ਪਛਾਣ ਦਾ ਮੁਥਾਜ ਨਹੀਂ ਹੈ
, ਉਹ ਨਾਂ ਹੈ ਪੰਜਾਬੀ ਮਾਂ-ਬੋਲੀ ਦਾ ਪ੍ਰਸਿੱਧ ਆਲੋਚਕ ਪ੍ਰਿੰ. ਸੰਤ ਸਿੰਘ ਸੇਖੋਂ।

ਸੰਤ ਸਿੰਘ ਸੇਖੋਂ ਦਾ ਜਨਮ 31 ਮਈ 1908 ਵਿੱਚ ਮਾਤਾ ਪ੍ਰੇਮ ਕੌਰ ਅਤੇ ਪਿਤਾ ਹਾਕਮ ਸਿੰਘ ਦੇ ਘਰ, ਦਾਦਾ ਰਾਮਦਿੱਤਾ ਸਿੰਘ ਦੇ ਵਿਹੜੇ, ਪੜਦਾਦਾ ਹਮੀਰਾ ਸਿੰਘ ਦੇ ਖੇੜੇ ਚੱਕ ਨੰਬਰ 70 ਝੰਗ ਬਰਾਂਚ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਸਕੂਲ ਦੇ ਰਜਿਸਟਰ ਅਨੁਸਾਰ ਉਨ੍ਹਾਂ ਦੀ ਜਨਮ ਮਿਤੀ 5 ਫਰਵਰੀ, 1908 ਈ: ਦਰਜ ਕੀਤੀ ਗਈ ਹੈ। ਸੇਖੋਂ ਦੀਆਂ ਚਾਰ ਮਾਂ ਜਾਈਆਂ ਭੈਣਾਂ ਸਨ ਬਚਿੰਤ ਕੌਰ, ਚੰਦ ਕੌਰ, ਬਖਸੀਸ਼ ਕੌਰ ਤੇ ਨਿੱਕੋ ਕੌਰ। ਸੇਖੋਂ ਦਾ ਵਿਆਹ ਸ਼੍ਰੀ ਮਤੀ ਚਿੰਤੋ ਕੌਰ ਨਾਲ ਹੋਇਆ। ਇਸ ਜੋੜੀ ਦੇ ਘਰ ਅਗਮਜੋਤ ਕੌਰ, ਅਲਖਜੋਤ ਕੌਰ, ਅਮਰਜੋਤ ਕੌਰ ਤੇ ਅਕਾਲਜੋਤ ਚਾਰ ਧੀਆਂ ਤੇ ਇੱਕ ਸਪੁੱਤਰ ਕਰਨਬੀਰ ਸਿੰਘ ‘ਕਾਕੂ’ ਨੇ ਜਨਮ ਲਿਆ।

ਸੰਤ ਸਿੰਘ ਸੇਖੋਂ ਨਾਂਗੇ ਸਾਧੂਆਂ ਤੋਂ ਛੋਟਾ ਹੁੰਦਾ ਬਹੁਤ ਡਰਦਾ ਹੁੰਦਾ ਸੀ ਪਰ ਉਨ੍ਹਾਂ ਦਾ ਉਪਾਸ਼ਕ ਵੀ ਪੂਰਾ ਸੀ। ਸੇਖੋਂ ਦੇ ਮਨ ਦੀ ਤਮੰਨਾ ਸੀ, ਸਾਧ, ਪਹਿਲਵਾਨ, ਵੈਲੀ ਤੇ ਲੇਖਕ ਬਣਨ ਦੀ, ਭਾਵੇਂ ਸਾਧ, ਪਹਿਲਵਾਨ ਤੇ ਵੈਲੀ ਬਣਨ ਦੀ ਉਨ੍ਹਾਂ ਦੀ ਇੱਛਾ ਪੂਰੀ ਨਾ ਹੋਈ ਪਰ ਲੇਖਕ ਬਣਨ ਵਿੱਚ ਉਹ ਕਾਮਯਾਬੀ ਹਾਸਲ ਕਰ ਗਏ।

ਸੰਤ ਸਿੰਘ ਨੂੰ ਪੜ੍ਹਨ ਦੀ ਪ੍ਰਰੇਨਾ ਮੁਣਸ਼ੀ ਠਾਕਰ ਦਾਸ ਤੋਂ ਮਿਲੀ। ਚੱਕ ਨੰ: 42 ਦੇ ਖਾਲਸਾ ਹਾਈ ਸਕੂਲ ਤੋਂ ਦਸਵੀਂ ਅਤੇ ਉਚੇਰੀ ਸਿੱਖਿਆ ਐੱਫ ਸੀ. ਕਾਲਜ ਲਾਹੌਰ ਤੋਂ ਅੰਗਰੇਜ਼ੀ ਅਤੇ ਅਰਥ ਸ਼ਾਸਤਰ ਦੀ ਡਿਗਰੀ ਐੱਮ.ਏ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ 30 ਸਤੰਬਰ 1931 ਨੂੰ ਅੰਗਰੇਜ਼ੀ ਦੇ ਲੈਕਚਰਾਰ ਲੱਗੇ ਤੇ 19 ਸਾਲ ਪੜ੍ਹਾਉਂਦੇ ਰਹੇ। ਖਾਲਸਾ ਕਾਲਜ ਅੰਮ੍ਰਿਤਸਰ ਵਿਖੇ 3 ਸਾਲ ਅੰਗਰੇਜ਼ੀ ਦੇ ਪ੍ਰੋਫੈਸਰ ਰਹੇ। ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਵਿਖੇ 2-3 ਸਾਲ ਪੰਜਾਬੀ ਦੇ ਪ੍ਰੋਫੈਸਰ ਰਹੇ। ਗੁਰੂ ਹਰਗੋਬਿੰਦ ਖਾਲਸਾ ਕਾਲਜ, ਗੁਰੂਸਰ ਸੁਧਾਰ ਜ਼ਿਲ੍ਹਾ ਲੁਧਿਆਣਾ ਵਿਖੇ 2-3 ਸਾਲ ਅੰਗਰੇਜ਼ੀ ਦੇ ਪ੍ਰੋਫੈਸਰ ਰਹੇ। ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ ਵਿਖੇ 2-3 ਸਾਲ ਪ੍ਰਿੰਸੀਪਲ ਦੇ ਅਹੁਦੇ ’ਤੇ ਰਹੇ। ਖਾਲਸਾ ਕਾਲਜ ਪਟਿਆਲਾ 4 ਸਾਲ ਪ੍ਰਿੰਸੀਪਲ ਰਹੇ। ਗੁਰੂ ਗੋਬਿੰਦ ਸਿੰਘ ਰਿਪਬਲਿਕ ਕਾਲਜ, ਜੰਡਿਆਲਾ, ਜ਼ਿਲ੍ਹਾ ਜਲੰਧਰ ਵਿਖੇ 4 ਸਾਲ ਪ੍ਰਿੰਸੀਪਲ ਰਹੇ। ਅਮੈਰੀਟਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰੋਫੈਸਰ 1978 ਵਿੱਚ ਸੇਵਾ ਮੁਕਤ ਹੋਏ। ਉਨ੍ਹਾਂ ਨੇ ਪੰਜ ਸਾਲ ਲੋਕ ਨਿਰਮਾਣ ਵਿਭਾਗ ਵਿੱਚ ਠੇਕੇਦਾਰੀ ਵੀ ਕੀਤੀ।

ਸੰਤ ਸਿੰਘ ‘ਸੇਖੋਂ’ ਨੂੰ ਲੇਖਕ ਬਣਨ ਦਾ ਸ਼ੌਕ ਪ੍ਰਾਇਮਰੀ ਸਕੂਲ ਤੋਂ ਹੀ ਸੀ। ਉਨ੍ਹਾਂ ਨੇ ਸੰਨ 1936 ਵਿੱਚ ਕਹਾਣੀ ਖੇਤਰ ਵਿੱਚ ਪ੍ਰਵੇਸ਼ ਕੀਤਾ। ਸੇਖੋਂ ਦੀਆਂ ‘ਭੱਤਾ’ ਤੇ ‘ਕੀਟਾਂ ਅੰਦਰ ਕੀਟ’ ਦੋ ਕਹਾਣੀਆਂ ਦੋ-ਮਾਸਿਕ ਰਸਾਲੇ ‘ਪ੍ਰਭਾਤ’ ਵਿੱਚ ਛਪੀਆ। ਉਹ ਸਰਬਾਂਗੀ ਸਾਹਿਤਕਾਰ, ਸ੍ਰੇਸ਼ਟ ਬੁੱਧੀ ਦੇ ਮਾਲਕ, ਸਿਧਾਂਤਕ ਸੂਝਬੂਝ ਰੱਖਣ ਵਾਲੇ ਸਨ। ਜਦੋਂ ਪ੍ਰਗਤੀਵਾਦੀ ਲਹਿਰ ਦਾ ਦੌਰ ਚੱਲ ਰਿਹਾ ਸੀ, ਉਦੋਂ ਸੇਖੋਂ ਨੇ ਸਾਹਿਤ ਚਿੰਤਨ ਅਤੇ ਆਲੋਚਨਾ ਦੇ ਖੇਤਰ ਵਿੱਚ ਪੈਰ ਰੱਖਿਆ ਅਤੇ ਆਦਰਸ਼ਵਾਦ ਤੋਂ ਸਮਾਜਵਾਦ, ਯਥਾਰਵਾਦ ਵੱਲ ਕਲਮ ਨੂੰ ਮੋੜਿਆ। ਸੇਖੋਂ ਪ੍ਰਗਤੀਵਾਦੀ ਆਲੋਚਨਾ ਦਾ ਮੋਢੀ ਅਖਵਾਇਆ। ਉਸਨੇ ਆਪਣੇ ਸਮੇਂ ਵਿੱਚ ਸਾਹਿਤਕਾਰਾਂ ਦੀ ਅਗਵਾਈ ਕੀਤੀ। ਸੇਖੋਂ ਕੋਲ ਅਥਾਹ ਦਾ ਗਿਆਨ ਖਜ਼ਾਨਾ ਸੀ। ਉਸਦਾ ਨਜ਼ਰੀਆ ਵਿਗਿਆਨਕ ਸੀ। ਸੇਖੋਂ ਦਾ ਪੰਜਾਬੀ ਸਾਹਿਤ ਦੀਆਂ ਅਨੇਕਾਂ ਵੰਨਗੀਆਂ ਦਾ ਮੂੰਹ-ਮੁਹਾਂਦਰਾ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਨਿੱਕੀ ਕਹਾਣੀ ਨੂੰ ਡੁੰਘਾਈ ਤਕ ਸਮਝਣ ਵਾਲਾ ਅਤੇ ਇਸ ਨੂੰ ਸਾਕਾਰ ਕਰਨ ਵਾਲਾ ਵੀ ਸੇਖੋਂ ਹੀ ਹੈ। ਸੇਖੋਂ ਹੀ ਦੂਜੀ ਪੀੜ੍ਹੀ ਦੇ ਲੇਖਕਾਂ ਦਾ ਮੋਢੀ ਹੈ।

ਸੰਤ ਸਿੰਘ ‘ਸੇਖੋਂ’ ਨੂੰ ਅਮੀਰ-ਗਰੀਬ ਵਿਚਲਾ ਵਧ ਰਿਹਾ ਆਰਥਿਕ ਪਾੜਾ ਹਜ਼ਮ ਨਹੀਂ ਹੁੰਦਾ ਸੀ, ਉਹ ਬਰਾਬਰਤਾ ਦਾ ਸਮਾਜ ਵੇਖਣਾ ਚਾਹੁੰਦਾ ਸੀ। ਉਸਦਾ ਵਿਚਾਰ ਸੀ ਕਿ ਨਾ ਕੋਈ ਲੁੱਟ ਕਰਨ ਵਾਲਾ ਹੋਵੇ, ਨਾ ਕੋਈ ਲੁੱਟਿਆ ਜਾਣ ਵਾਲਾ ਹੋਵੇ। ਉਹ ਆਪਣੀਆਂ ਲਿਖਤਾਂ ਵਿੱਚ ਵੀ ਹਮੇਸ਼ਾ ਬਰਾਬਰ ਦੀ ਗੱਲ ਹੀ ਕਰਦੇ ਸਨ। ਉਨ੍ਹਾਂ ਨੂੰ ਮਜ਼ਦੂਰ, ਦੁਕਾਨਦਾਰ, ਕਿਸਾਨ, ਵਪਾਰੀ ਸਭ ਦੀਆਂ ਆਰਥਿਕ ਮੁਸ਼ਕਲਾਂ ਦਾ ਅਹਿਸਾਸ ਸੀ। ਇਸ ਕਰਕੇ ਹੀ ਉਨ੍ਹਾਂ ਆਪਣੀਆਂ ਲਿਖਤਾਂ ਵਿੱਚ ਇਨਸਾਨੀਅਤ ਨਾਲ ਹਮਦਰਦੀ ਪ੍ਰਗਟਾਈ ਹੈ। ਉਹ ਹਰ ਮੁਸ਼ਕਿਲ ਦਾ, ਸਮੱਸਿਆ ਦਾ ਹੱਲ ਲੱਭਣ ਲਈ ਹਮੇਸ਼ਾ ਚਿੰਤਤ ਤੇ ਤਤਪਰ ਵਿਖਾਈ ਦਿੰਦੇ ਸਨ। ਮਨੁੱਖ ਨਾਲ ਹੋ ਰਹੀਆਂ ਬੇ-ਇਨਸਾਫੀਆਂ ਉਨ੍ਹਾਂ ਨੂੰ ਆਵਾਜ਼ ਬੁਲੰਦ ਕਰਨ ਲਈ ਮਜਬੂਰ ਕਰਦੀਆਂ ਸਨ, ਜਿਨ੍ਹਾਂ ਬਾਰੇ ਉਹ ਆਪਣੀਆਂ ਲਿਖਤਾਂ ਰਾਹੀਂ ਖੁੱਲ੍ਹ ਕੇ ਅਵਾਜ਼ ਉਠਾਉਂਦੇ ਸਨ। ਸੰਤ ਸਿੰਘ ‘ਸੇਖੋਂ’ ਨੇ ਸੰਨ 1980 ਵਿੱਚ ਇੰਗਲੈਂਡ ਵਿੱਚ ਹੋਈ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹਿੱਸਾ ਲਿਆ ਅਤੇ ਪਾਰਲੀਮੈਂਟ ਤੇ ਅਸੈਂਬਲੀ ਚੋਣਾਂ ਵੀ ਲੜੀਆਂ ਪਰ ਹਾਰ ਹਾਸਲ ਹੋਈ।

ਸੰਤ ਸਿੰਘ ‘ਸੇਖੋਂ’ ਆਪਣੀ ਸਵੈਜੀਵਨੀ ‘ਉਮਰ ਦਾ ਪੰਧ’ ਵਿੱਚ ਲਿਖਦੇ ਹਨ ਕਿ ਉਨ੍ਹਾਂ ਦੀ ਕਲਮ ਦਾ ਜਨਮ ਪ੍ਰਗਤੀਵਾਦੀ ਲਹਿਰ ਸਮੇਂ ਹੋਇਆ। ਸੇਖੋਂ ਅੱਤੇ ਭਾਵੇਂ ਕਮਿਊਨਿਸਟ ਪ੍ਰਭਾਵ ਹਾਵੀ ਸੀ ਪਰ ਉਹ ਗੁਰੂ ਗੋਬਿੰਦ ਸਿੰਘ ਦੇ ਪ੍ਰਸ਼ੰਸਕ ਵੀ ਸਨ। ਇਸ ਕਰਕੇ ਉਨ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਬਚਿਤ੍ਰ ਨਾਟਕ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਆਪਣਾ ਬਣਦਾ ਫਰਜ਼ ਨਿਭਾਇਆ। ਵਾਰਿਸ ਸ਼ਾਹ ਦੀ ਹੀਰ ਸ਼੍ਰੋਮਣੀ ਰਚਨਾ ਮੰਨੀ ਜਾਂਦੀ ਹੈ। ਜਿੱਥੇ ਇਸ ਵਿੱਚ ਵਾਰਿਸ ਸ਼ਾਹ ਨੇ ਆਪਣੇ ਸਮੇਂ ਦੇ ਸੱਭਿਆਚਾਰ ਦੀ ਤਸਵੀਰ ਪੇਸ਼ ਕੀਤੀ, ਲੋਕਾਂ ਦੇ ਵਿਚਾਰ, ਵਿਹਾਰ, ਰਹਿਣਾ, ਪਹਿਨਣਾ, ਖਾਣਾ, ਮੌਕੇ ਦੀ ਹਕੂਮਤ ਦੀ ਸੋਚ, ਸਭ ਵਾਰਿਸ ਸ਼ਾਹ ਨੇ ਬੈਂਤ ਛੰਦ ਵਿੱਚ ਪਰੋ ਕੇ ਸਾਹਿਤ ਖਜ਼ਾਨਾ ਅਮੀਰ ਕੀਤਾ, ਉੱਥੇ ਸੰਤ ਸਿੰਘ ‘ਸੇਖੋਂ’ ਨੇ ਹੀਰ ਵਾਰਿਸ ਦਾ ਅਨੁਵਾਦ ਕਰਕੇ ਆਪਣੀ ਭਾਸ਼ਾਵਾਂ ਦੀ ਪਕੜ ਦਾ ਸਬੂਤ ਦਿੱਤਾ। ਸੇਖੋਂ ਨੇ ਕਰਤਾਰ ਸਿੰਘ ਕਲਾਸ ਵਾਲੀਏ ਦੀ ਸਾਹਿਬਜ਼ਾਦਿਆਂ ਬਾਰੇ ਪੁਸਤਕ ਪੜ੍ਹੀ, ਜਿਸ ਤੋਂ ਉਨ੍ਹਾਂ ਨੂੰ ਸਿੱਖ ਇਤਿਹਾਸ ਦਾ ਗਿਆਨ ਹੋਇਆ। ਭਾਈ ਵੀਰ ਸਿੰਘ ਦੇ ਸੁੰਦਰੀ (ਨਾਵਲ) ਦਾ ਵੀ ਉਨ੍ਹਾਂ ’ਤੇ ਬਹੁਤ ਪ੍ਰਭਾਵ ਪਿਆ।

ਸੰਤ ਸਿੰਘ ਸੇਖੋਂ ਨੇ ਹਰ ਵਿਧਾ ਅਤੇ ਵੰਨਗੀ ਉੱਤੇ ਕਲਮ ਚਲਾਈ। ਕਵਿਤਾ, ਨਾਟਕ, ਇਕਾਂਗੀ, ਨਿਬੰਧ, ਖੋਜ, ਆਲੋਚਨਾ, ਨਾਵਲ, ਕਹਾਣੀ ਆਦਿ ਸੇਖੋਂ ਦੀ ਕਿਤਾਬਾਂ ਦੀ ਲਿਸਟ ਵੀ ਕਾਫੀ ਲੰਬੀ ਹੈ। ਉਨ੍ਹਾਂ ਦਾ ਪਹਿਲਾ ਕਹਾਣੀ ਸੰਗ੍ਰਹਿ ‘ਸਮਾਚਾਰ’ ਸੰਨ 1943 ਵਿੱਚ ਛਪਿਆ ਸੀ। ਉਸ ਤੋਂ ਬਾਅਦ ਤੀਜਾ ਪਹਿਰ, ਕਾਮੇ ਯੋਧੇ, ਅੱਧੀ ਵਾਟ ਸਿਆਣਪਾਂ, ਬਾਰਾਂ ਸਿੱਧ ਕਹਾਣੀ ਸੰਗ੍ਰਹਿ ਹਨ। ਦਮਯੰਤੀ, ਮਿੱਤਰ ਪਿਆਰਾ, ਬੇੜਾ ਬੰਧਿ ਨਾ ਸਕਿਓ, ਮੋਇਆ ਸਾਰ ਨਾ ਕਾਈ, ਸਿਆਲਾਂ ਦੀ ਨੱਢੀ, ਬੰਦਾ ਬਹਾਦਰ, ਵੱਡਾ ਘੱਲੂਘਾਰਾ, ਨਰਕੀ, ਵਾਰਿਸ, ਭੂਦਾਨ, ਕਲਾਕਾਰ ਨਾਟਕ ਹਨ। ਕਾਵਿ ਦੂਤ (ਕਾਵਿ ਸੰਗ੍ਰਹਿ) ਹੈ। ਬਾਬਾ ਬੋਹੜ (ਕਾਵਿ ਨਾਟ) ਹੈ, ਛੇ ਘਰ, ਸੁੰਦਰ ਪਦ, ਸੋਨੇ ਦੀ ਛੋਹ, ਨਾਟ ਸੁਨੇਹੇ, ਤਪਿਆ ਕਿਉਂ ਖਾਪਿਆ (ਇਕਾਂਗੀ ਸੰਗ੍ਰਹਿ) ਹਨ। ਲਹੂ ਮਿੱਟੀ, ਬਾਬਾ ਅਸਮਾਨ (ਨਾਵਲ) ਹਨ। ਪ੍ਰਗਤੀ ਪੰਧ, ਪੰਜਾਬੀ ਕਾਵਿ, ਭਾਈ ਗੁਰਦਾਸ, ਭਾਈ ਵੀਰ ਸਿੰਘ ਤੇ ਉਨ੍ਹਾਂ ਦਾ ਯੁਗ, ਪੰਜਾਬੀ ਦੇ ਪ੍ਰਸਿੱਧ ਕਵੀ, ਸਾਹਿਤ ਆਰਥ, ਸਮੀਖਿਆ ਪ੍ਰਣਾਲੀਆਂ, ਪੰਜਾਬੀ ਬੋਲੀ ਦਾ ਇਤਿਹਾਸ, ਸ਼੍ਰੋਮਣੀ ਪ੍ਰਸਿੱਧ ਪੰਜਾਬੀ ਕਵੀ, ਮੈਕਬਥ ਕ੍ਰਿਤ ਸ਼ੈਕਸਪੀਅਰ, ਅੰਤੋਨੀ, ਕ੍ਰਿਤ ਸੋਫੇਕਲੀਜ਼ (ਖੋਜ ਤੇ ਆਲੋਚਨਾ ਸੰਗ੍ਰਹਿ) ਹਨ। ਪੰਜਾਬੀ ਸ਼ਬਦ ਬੋਧ 2 ਭਾਗ, ਪੰਜਾਬੀ ਸੰਸਥਾਵਲੀ 8 ਭਾਗ ਅਤੇ ਝੂਠੀਆਂ ਸੱਚੀਆਂ ਸੰਪਾਦਨਾ ਸੰਗ੍ਰਹਿ ਹਨ। ਵਰਿਸ਼ ਸ਼ਾਹ ਦੀ ਹੀਰ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਬਚਿਤ੍ਰ ਨਾਟਕ ਦੇ ਕੁਝ ਭਾਗ ਦਾ ਦੀ ਲਵ ਆਫਹੀਰ ਐਂਡ ਰਾਝਾ, ਦੀ ਯੁਨੀਕ ਡਰਾਮਾ, ਪ੍ਰਗਤੀ ਪੰਧ, ਨਾਟਕ ਕਲਾ ਤੇ ਮੇਰਾ ਅਨੁਭਵ ਏ ਹਿਸਟਰੀ ਆਫ ਪੰਜਾਬੀ ਲਿਟਰੇਚਰ, ਵੇਰਵਾ ਕਰਤਾਰ ਸਿੰਘ ਦੁੱਗਲ ਅਨੁਵਾਦ ਅੰਗਰੇਜ਼ੀ ਵਿੱਚ ਹਨ। ‘ਉਮਰ ਦਾ ਪੰਧ’ ਉਨ੍ਹਾਂ ਦੀ ਸਵੈਜੀਵਨੀ ਹੈ ਦੋ ਜਿਲਦਾਂ ਵਿੱਚ, ਜਿਸ ’ਤੇ ਪਾਬੰਦੀ ਲੱਗੀ ਹੈ। ਸੰਤ ਸਿੰਘ ਸੇਖੋਂ ਦੀ 11 ਸਾਲ ਦੀ ਲੜਕੀ ਸੁਰਗਵਾਸ ਹੋ ਗਈ ਸੀ, ਜਿਸਦੇ ਦੁੱਖ ਵਿੱਚ ਸੇਖੋਂ ਨੇ ‘ਮੰਝਧਾਰ’ ਕਹਾਣੀ ਲਿਖੀ। ਸੇਖੋਂ ਸਾਹਿਬ ਨੇ ‘ਨਾਰਦਰਨ ਰੀਵਿਊ’ ਪਰਚਾ ਵੀ ਕੱਢਣਾ ਸ਼ੁਰੂ ਕੀਤਾ ਸੀ ਜੋ ਡੇਢ ਕੁ ਸਾਲ ਬਾਅਦ ਬੰਦ ਹੋ ਗਿਆ।

ਜਿਵੇਂ ਸੰਤ ਸਿੰਘ ‘ਸੇਖੋਂ’ ਦੀ ਕਿਤਾਬਾਂ ਦੀ ਫਹਿਰਿਸਤ ਲੰਬੀ ਹੈ, ਓਵੇਂ ਹੀ ਉਨ੍ਹਾਂ ਦੇ ਮਾਣਾਂ-ਸਨਮਾਨਾਂ ਦੀ ਲਿਸਟ ਵੀ ਬਹੁਤ ਲੰਬੀ ਹੈ। ਉਨ੍ਹਾਂ ਨੂੰ ਮਿਲੇ ਕੁਝ ਮਾਣ-ਸਨਮਾਨ ਇਨਾਮ ਲਿਖ ਰਹੇ ਹਾਂ। ਸਰਬੋਤਮ ਪੰਜਾਬੀ ਲੇਖਕ ਪੁਰਸਕਾਰ ਪੰਜਾਬ ਸਰਕਾਰ ਵੱਲੋਂ, ਮਿੱਤਰ ਪਿਆਰੇ ਨੂੰ (ਨਾਟਕ ਸੰਗ੍ਰਹਿ) ਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ, ਇੰਟਰ ਨੈਸ਼ਨਲ ਪੰਜਾਬੀ ਲਿਟਰੇਰੀ ਟ੍ਰਸਟ (ਕਨੇਡਾ) ਵੱਲੋਂ, ਕੌਮਾਂਤਰੀ ਸਾਹਿਤ ਸ਼੍ਰੋਮਣੀ ਮਨਜੀਤ ਯਾਦਗਾਰੀ ਪੁਰਸਕਾਰ, ਸ. ਕਰਤਾਰ ਸਿੰਘ ਧਾਲੀਵਾਲ ਪੁਰਸਕਾਰ, ਪ੍ਰਿੰ. ਸੰਤ ਸਿੰਘ ‘ਸੇਖੋਂ’ ਅਭਿਨੰਦਨ ਕਮੇਟੀ ਵੱਲੋਂ ਇੱਕ ਲੱਖ ਰੁਪਏ ਅਤੇ ਅਭਿਨੰਦਨ ਗ੍ਰੰਥ, ਪਦਮ ਸ਼੍ਰੀ ਦੀ ਉਪਾਧੀ ਭਾਰਤ ਸਰਕਾਰ ਵੱਲੋਂ, ਪੰਜਾਬੀ ਸਾਹਿਤ ਅਕਾਦਮੀ (ਚੰਡੀਗੜ੍ਹ), ਗੁਰੂ ਨਾਨਕ ਦੇਵ ਯੂਨੀਵਰਸਿਟੀ, (ਅੰਮ੍ਰਿਤਸਰ), ਪੰਜਾਬੀ ਯੂਨੀਵਾਰਸਿਟੀ, (ਪਟਿਆਲਾ), ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਵੱਲੋਂ ਸੰਤ ਸਿੰਘ ਸੇਖੋਂ ਦੀਆਂ ਸੇਵਾਵਾਂ ਬਦਲੇ ਫੈਲੋਸ਼ਿੱਪ ਪ੍ਰਧਾਨ ਕੀਤੀ। ਹੋਰ ਅਨੇਕਾਂ ਸੰਸਥਾਵਾਂ, ਕਲੱਬਾਂ ਸਾਹਿਤ ਸਭਾਵਾਂ ਵੱਲੋਂ ਮਾਨ-ਸਨਮਾਨ ਆਦਿ।

ਸੰਤ ਸਿੰਘ ‘ਸੇਖੋਂ’ ਕਾਰਲ ਮਾਰਕਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਉਨ੍ਹਾਂ ਦੁਨੀਆਂ ਦਾ ਸਾਹਿਤ ਪੜ੍ਹਿਆ ਅਤੇ ਆਪਣੇ ਪਾਠਕਾਂ ਵਿੱਚ ਅਥਾਹ ਗਿਆਨ ਵੰਡਿਆ। ਅਖੀਰ ਇੱਕ ਦਿਨ ਉਹ ਚੜ੍ਹ ਆਇਆ 17 ਅਕਤੂਬਰ 1997 ਦਾ ਜਦੋਂ ਪੰਜਾਬੀ ਮਾਂ-ਬੋਲੀ ਦਾ ਇਹ ਸਪੁੱਤਰ ਆਪਣਾ ਜੀਵਨ ਪੰਧ ਪੂਰਾ ਗਿਆ। ਭਾਵੇਂ ਜਿਸਮਾਨੀ ਤੌਰ ’ਤੇ ਅੱਜ ਸੰਤ ਸਿੰਘ ‘ਸੇਖੋਂ’ ਸਾਡੇ ਵਿਚਕਾਰ ਤਾਂ ਨਹੀਂ ਰਹੇ ਪਰ ਉਨ੍ਹਾਂ ਦੀਆਂ ਅਣਮੁੱਲੀਆਂ ਮਾਂ-ਬੋਲੀ ਦੀ ਝੋਲੀ ਪਾਈਆਂ ਲਿਖਤਾਂ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣਗੀਆਂ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਦਰਸ਼ਨ ਸਿੰਘ ਪ੍ਰੀਤੀਮਾਨ

ਦਰਸ਼ਨ ਸਿੰਘ ਪ੍ਰੀਤੀਮਾਨ

Rampura Pind, Rampura Phul, Bathinda, Punjab, India.
WhatsApp: (91 - 98786 - 06963)
Email: (dspreetimaan@gmail.com)

More articles from this author