DarshanSPreetiman7ਡਾ. ਸਵਰਾਜ ਸਿੰਘ ਅੱਜ ਪੰਜਾਬ ਅਤੇ ਪੰਜਾਬੀਅਤ ਲਈ ਆਪਣਾ ਬਣਦਾ ਰੋਲ ਅਦਾ ਕਰ ਰਹੇ ਹਨ ...SavrajSinghDr1
(1 ਫਰਵਰੀ 2026)


SavrajSinghDr1ਲੋਕਾਂ ਦੀਆਂ ਬਣਾਈਆਂ ਹੋਈਆਂ ਸੰਸਥਾਵਾਂ
, ਕਲੱਬਾਂ, ਸਾਹਿਤ ਸਭਾਵਾਂ ਵੱਲੋਂ ਦਿੱਤਾ ਹੋਇਆ ਕੋਈ ਅਵਾਰਡ, ਸਨਮਾਨ, ਸਰਕਾਰੀ ਸਨਮਾਨ ਨਾਲੋਂ ਕਿਤੇ ਵੱਡਾ ਅਤੇ ਬਿਹਤਰ ਹੁੰਦਾ ਹੈ ਕਿਉਂਕਿ ਸਰਕਾਰੀ ਸਨਮਾਨਾਂ ਪਿੱਛੇ ਗੁੱਝੇ ਰਾਜ ਵੀ ਲੁਕੇ ਹੁੰਦੇ ਹਨ ਪਰ ਲੋਕ ਸੰਸਥਾਵਾਂ ਹੱਕਦਾਰ ਦਾ ਹੱਕ ਨਹੀਂ ਮਾਰਦੀਆਂ। ਡਾ. ਸਵਰਾਜ ਸਿੰਘ ਨੂੰ ਸ਼੍ਰੋਮਣੀ ਦਾਰਸ਼ਨਿਕ ਅਵਾਰਡ ਮਿਲਣ ’ਤੇ ਸਾਹਿਤਕ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਵੱਡੇ ਪੱਧਰ ’ਤੇ ਦਿਖਾਈ ਦਿੱਤੀ। ਇੱਥੇ ਗੱਲ ਕਰਨੀ ਬਣਦੀ ਹੈ ਕਿ ਉਹ ਕਿਹੜਾ ਕਾਰਨ ਸੀ ਜਿਸ ਕਰਕੇ ਡਾ. ਸਵਰਾਜ ਸਿੰਘ ਦੇ ਝੋਲੀ ਇਹ ਵੱਡਾ ਅਵਾਰਡ ਪਿਆ। ਕਲਾ ਕਿਰਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਪਟਿਆਲਾ ਵੱਲੋਂ ਦੋ ਦਰਜਨਾਂ ਤੋਂ ਵੱਧ ਕਲਾ, ਸਾਹਿਤ ਅਤੇ ਸੱਭਿਆਚਾਰ ਨਾਲ ਜੁੜੀਆਂ ਅਤੇ ਪੰਜਾਬ ਦੀ ਸਿਰਮੌਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਵੀ ਅਵਾਰਡ ਦੇਣ ਸਮੇਂ ਹਾਜ਼ਰ ਸੀ। ਇਹ ਸਮਾਗਮ ਸੈਂਟਰ ਲਾਇਬਰੇਰੀ ਪਟਿਆਲਾ ਵਿਖੇ ਕੀਤਾ ਗਿਆ।

ਪਟਿਆਲੇ ਨੂੰ ਪੰਜਾਬ ਦਾ ਸੱਭਿਆਚਾਰ ਅਤੇ ਸਾਹਿਤਕ ਗਤੀਵਿਧੀਆਂ ਦਾ ਧੁਰਾ ਕਿਹਾ ਜਾਂਦਾ ਹੈ। ਵੱਡੀ ਗਿਣਤੀ ਵਿੱਚ ਕਲਾਕਾਰ, ਅਦਾਕਾਰ, ਸੰਗੀਤਕਾਰ ਅਤੇ ਸਾਹਿਤਕਾਰ ਪਟਿਆਲਾ ਨਾਲ ਸੰਬੰਧਿਤ ਹਨ। ਇੱਥੇ ਰਾਸ਼ਟਰੀ ਪੱਧਰ ਦੇ ਨਾਟਕ ਮੇਲੇ ਅਤੇ ਸੰਗੀਤ ਮੇਲੇ ਹੁੰਦੇ ਰਹਿੰਦੇ ਹਨ। ਇੱਥੇ ਨਾਰਥ ਜ਼ੋਨ ਕਲਚਰਲ ਸੈਂਟਰ ਵੀ ਹੈਇਨ੍ਹਾਂ ਦੇ ਮੇਲਿਆਂ ਦੇ ਸਮਾਗਮਾਂ ਵਿੱਚ ਡਾ. ਸਵਰਾਜ ਸਿੰਘ ਨੂੰ ਅਕਸਰ ਟਿੱਪਣੀ ਕਰਨ ਨੂੰ ਕਿਹਾ ਜਾਂਦਾ ਹੈ। ਡਾ. ਸਵਰਾਜ ਸਿੰਘ ਇਨ੍ਹਾਂ ਸਮਾਗਮਾਂ ਵਿੱਚ ਦਿੱਤੇ ਗਏ ਸੁਨੇਹੇ ਨੂੰ ਅੱਜ ਦੇ ਹਾਲਾਤ ਨਾਲ ਜੋੜ ਕੇ ਅਤੇ ਪੂਰਬੀ ਚਿੰਤਨ ਨੂੰ ਆਧਾਰ ਬਣਾ ਕੇ ਵਿਆਖਿਆ ਕਰਦੇ ਹਨ। ਡਾ. ਸਵਰਾਜ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਬੀ ਚਿੰਤਕ ਦੀ ਸਿਖਰ ਮੰਨਦੇ ਹਨ। ਉਨ੍ਹਾਂ ਦੀ ਇਸ ਪਹੁੰਚ ਦੀ ਦਰਸ਼ਕਾਂ ਵੱਲੋਂ ਬਹੁਤ ਵੱਡੇ ਪੱਧਰ ’ਤੇ ਪ੍ਰਸ਼ੰਸਾ ਹੋਈ ਹੈ। ਇਹ ਗੱਲ ਹੀ ਉਨ੍ਹਾਂ ਨੂੰ ਦਾਰਸ਼ਨਿਕ ਅਵਾਰਡ ਦੇਣ ਦੇ ਫੈਸਲੇ ਦਾ ਆਧਾਰ ਬਣੀ। ਇਨ੍ਹਾਂ ਸੰਸਥਾਵਾਂ ਨਾਲ ਜੁੜੇ ਲੋਕਾਂ ਦੀਆਂ ਆਪਣੇ ਆਪਣੇ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਹਨ, ਇਸ ਲਈ ਉਨ੍ਹਾਂ ਦੇ ਫੈਸਲੇ ਪਿੱਛੇ ਨਾ ਕੋਈ ਸਵਾਰਥ ਹੈ ਅਤੇ ਨਾ ਹੀ ਕੋਈ ਗਰਜ਼ ਹੈ। ਉਨ੍ਹਾਂ ਨੇ ਕੇਵਲ ਦਰਸ਼ਕਾਂ ਦੀਆਂ ਭਾਵਨਾਵਾਂ ਨੂੰ ਹੀ ਧਿਆਨ ਵਿੱਚ ਰੱਖਿਆ ਹੈ। ਅਵਾਰਡ ਲੈਣ ਸਮੇਂ ਵੀ ਡਾ. ਸਵਰਾਜ ਸਿੰਘ ਨੇ ਪੂਰਬੀ ਚਿੰਤਕ ਅਤੇ ਅਜੋਕੇ ਹਾਲਾਤ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਕਿਹਾ, “ਪੂਰਬੀ ਚਿੰਤਨ ਸਭ ਤੋਂ ਉੱਪਰਲੇ ਪੱਧਰ ਦਾ ਚਿੰਤਨ ਹੈ। ਪੂਰਬੀ ਚਿੰਤਨ ਭਾਰਤ ਵਿੱਚ ਵਿਕਸਿਤ ਹੋਇਆ ਹੈ। ਇਸਦਾ ਮੁੱਖ ਕਾਰਨ ਇਸ ਖਿੱਤੇ ਦਾ ਚੰਗਾ ਅਤੇ ਅਨੁਕੂਲ ਮੌਸਮ ਹੈ। ਕੁਦਰਤ ਇਸ ਖਿੱਤੇ ’ਤੇ ਮਿਹਰਬਾਨ ਹੈ। ਇੱਥੇ ਕੁਦਰਤ ਦੀ ਬਹੁਤ ਵੰਨ ਸੁਵੰਨਤਾ ਹੈ। ਇਸ ਵੰਨ-ਸੁਵੰਨਤਾ ਨੇ ਬਹੁ-ਸਵਾਈ ਸੋਚ ਨੂੰ ਜਨਮ ਦਿੱਤਾ ਹੈ। ਇਸ ਸੋਚ ਵਿੱਚੋਂ ਸਾਪੇਖਵਾਦੀ ਫਲਸਫਾ ਉਪਜਿਆ, ਜਿਸ ਨੂੰ ਅੰਗਰੇਜ਼ੀ ਵਿੱਚ ਰੈਲੇਟਿਵਿਜ਼ਮ ਕਿਹਾ ਜਾਂਦਾ ਹੈ। ਪੱਛਮੀ ਫਲਸਫਾ ਨਿਰਪੇਖਵਾਦੀ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਐਬਸੋਨਿਉਜ਼ਮ ਕਿਹਾ ਜਾਂਦਾ ਹੈ। ਦੋਨਾਂ ਵਿੱਚ ਫਰਕ ਹੈ। ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ ਹੀ ਠੀਕ ਹਾਂ ਤਾਂ ਇਸਦਾ ਅਰਥ ਇਹ ਹੁੰਦਾ ਹੈ ਕਿ ਤੁਹਾਡੇ ਠੀਕ ਹੋਣ ਲਈ ਬਾਕੀ ਗਲਤ ਹਨ। ਪ੍ਰੰਤੂ ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ ਵੀ ਠੀਕ ਹਾਂ ਤਾਂ ਇਸਦਾ ਅਰਥ ਹੈ ਕਿ ਤੁਹਾਨੂੰ ਠੀਕ ਹੋਣ ਲਈ ਦੂਜਾ ਦਾ ਗਲਤ ਹੋਣਾ ਜ਼ਰੂਰੀ ਨਹੀਂ, ਉਹ ਆਪਣੇ ਥਾਂ ’ਤੇ ਠੀਕ ਹੋ ਸਕਦਾ ਹੈ। ਪੂਰਬੀ ਸਾਪੇਖਵਾਦੀ ਫਲਸਫਾ ਪੱਛਮੀ ਨਿਰਪੇਖਵਾਦੀ ਫਲਸਫੇ ਤੋਂ ਉੱਚਾ ਹੈ। ਇਹ ਸਹਿਣਸ਼ੀਲਤਾ ਅਤੇ ਸਹਿਹੋਂਦ ਭਾਵਨਾ ਪੈਦਾ ਕਰਦਾ ਹੈ। ਪੂਰਬੀ ਚਿੰਤਨ ਦੀ ਸ਼ੁਰੂਆਤ ਵੇਦਾਂ ਤੋਂ ਹੋਈ। ਇਹ ਸਹਿਣਸ਼ੀਲਤਾ ਅਤੇ ਸਹਿਹੋਂਦ ਭਾਵਨਾ ਪੈਦਾ ਕਰਦਾ ਹੈ। ਮਹਾਤਮਾ ਬੁੱਧ ਦਾ ਵੀ ਵੱਡਾ ਯੋਗਦਾਨ ਹੈ, ਸੂਫੀਵਾਦ ਨੇ ਵੀ ਯੋਗਦਾਨ ਪਾਇਆ ਅਤੇ ਫੇਰ ਭਗਤੀ ਲਹਿਰ ਨੇ ਯੋਗਦਾਨ ਪਾਇਆ। ਸਿੱਖ ਧਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨਾਲ ਪੂਰਬੀ ਚਿੰਤਨ ਨੂੰ ਸਿਖਰ ’ਤੇ ਲੈ ਗਿਆ।

ਅੱਜ ਸੰਸਾਰ ਵਿੱਚ ਪੱਛਮੀ ਦੇਸ਼ ਅਤੇ ਖਾਸ ਕਰਕੇ ਅਮਰੀਕਾ ਆਪਣੀ ਮਨਮਾਨੀ ਅਤੇ ਧੱਕੇਸ਼ਾਹੀ ਕਰ ਰਿਹਾ ਹੈ। ਇਸ ਧੱਕੇਸ਼ਾਹੀ ਨੂੰ ਰੋਕਣ ਲਈ ਭਾਰਤ ਨੂੰ ਰੂਸ ਅਤੇ ਚੀਨ ਨਾਲ ਮਿਲ ਕੇ ਇੱਕ ਵਿਸ਼ਾਲ ਪੂਰਬੀ ਗਠਜੋੜ ਬਣਾਉਣਾ ਚਾਹੀਦਾ ਹੈ। ਭਾਰਤ ਦੇ ਰੂਸ ਨਾਲ ਬਹੁਤ ਚੰਗੇ ਸੰਬੰਧ ਹਨ, ਪ੍ਰੰਤੂ ਚੀਨ ਨਾਲ ਸਾਡੇ ਮਤਭੇਦ ਹਨ। ਭਾਰਤ ਕੂਆਰਡ ਜਿਸ ਵਿੱਚ ਅਮਰੀਕਾ, ਆਸਟਰੇਲੀਆ, ਜਪਾਨ ਤੇ ਭਾਰਤ ਸ਼ਾਮਲ ਹਨ, ਚੀਨ ਨੂੰ ਘੇਰਨ ਲਈ ਬਣਾਇਆ ਗਿਆ ਹੈ। ਭਾਰਤ ਨੂੰ ਇਸ ਗਠਜੋੜ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ। ਪੂਰਬੀ ਚਿੰਤਨ ਅਨੁਸਾਰ ਵੱਡੇ ਦੁਸ਼ਮਣ ਵਿਰੁੱਧ ਛੋਟੇ ਦੁਸ਼ਮਣ ਨਾਲ ਸਾਂਝ ਪਾਈ ਜਾ ਸਕਦੀ ਹੈ। ਅੱਜ ਭਾਰਤ ਨੂੰ ਅਮਰੀਕਾ ਤੋਂ ਜ਼ਿਆਦਾ ਖਤਰਾ ਹੈ, ਇਸ ਲਈ ਭਾਰਤ, ਰੂਸ, ਚੀਨ ਅਤੇ ਭਾਰਤ ਦੇ ਵਿਸ਼ਾਲ ਪੂਰਬੀ ਗਠਜੋੜ ਵਿੱਚ ਸ਼ਾਮਲ ਹੋ ਸਕਦਾ ਹੈ।

ਡਾ. ਸਵਰਾਜ ਸਿੰਘ ਦੀ ਗੱਲ ਅੱਗੇ ਤੋਰੀਏ ਤਾਂ ਉਨ੍ਹਾਂ ਦੇ ਜੀਵਨ ਦੇ ਤਿੰਨ ਮੁੱਖ ਪੱਖ ਹਨ, ਡਾਕਟਰੀ ਪੇਸ਼ੇ ਨਾਲ ਸਬੰਧਿਤ, ਸਮਾਜਿਕ ਕਾਰਕੁਨ ਅਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਅਤੇ ਲਿਖਾਰੀ ਅਤੇ ਪੱਤਰਕਾਰਤਾ ਨਾਲ ਸੰਬੰਧਿਤ। ਪੇਸ਼ੇ ਵਜੋਂ ਉਹ ਸਰਜਨ ਹਨ ਅਤੇ ਕਾਰਡੀਓ ਵਾਸਕੂਲਰ (ਖੂਨ ਦੀਆਂ ਨਾੜੀਆਂ ਦੀ ਸਰਜਰੀ) ਅਤੇ ਲੇਜ਼ਰ ਵਿੱਚ ਮੁਹਾਰਤ ਹਾਸਲ ਕਰਨ ਵਾਲੇ ਨੇ 40 ਸਾਲ ਅਮਰੀਕਾ ਵਿੱਚ ਡਾਕਟਰੀ ਦੀ ਪ੍ਰੈਕਟਿਸ ਕੀਤੀ, ਕਈ ਸਮਾਜਿਕ ਅਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਸੰਸਥਾਵਾਂ ਵਿੱਚ ਸਿਰਕੱਢ ਭੂਮਿਕਾ ਨਿਭਾਈ, ਖ਼ਾਸ ਕਰਕੇ ਅਮਰੀਕੀ ਸਮਾਜ ਵਿੱਚ ਭਿੰਨਤਾ (ਡਾਈਵਰਸਿਟੀ) ਨੂੰ ਸਵੀਕਾਰ ਕਰਵਾਉਣ ਵਿੱਚ ਬਹੁਤ ਸਰਗਰਮ ਭੂਮਿਕਾ ਨਿਭਾਈ। ਸੰਸਾਰ ਦੇ ਬਹੁਤ ਸਾਰੇ ਅਖਬਾਰਾਂ ਵਿੱਚ ਇਨ੍ਹਾਂ ਦੇ ਲੇਖ ਛਪਦੇ ਹੀ ਰਹਿੰਦੇ ਹਨ। ਲੇਖਕ ਦੀਆਂ ਬਹੁਤ ਸਾਰੀਆਂ ਕਿਤਾਬਾਂ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਛਪ ਚੁੱਕੀਆਂ ਹਨ।

ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਨਾਵਲਕਾਰ ਜਸਵੰਤ ਸਿੰਘ ਕੰਵਲ ਅਕਸਰ ਡਾ. ਸਵਰਾਜ ਸਿੰਘ ਦੇ ਅਖਬਾਰਾਂ ਵਿੱਚ ਛਪਦੇ ਲੇਖ ਅਤੇ ਇਨ੍ਹਾਂ ਦੀਆਂ ਕਿਤਾਬਾਂ ਪੜ੍ਹਦੇ ਰਹਿੰਦੇ ਸਨ। ਇੱਕ ਵਾਰ ਇੱਕ ਸਮਾਗਮ ਵਿੱਚ ਨਾਵਲਕਾਰ ਜਸਵੰਤ ਸਿੰਘ ਕੰਵਲ ਅਤੇ ਡਾ. ਸਵਰਾਜ ਸਿੰਘ ਇਕੱਠੇ ਹੋਏ, ਜਿੱਥੇ ਡਾ. ਸਵਰਾਜ ਸਿੰਘ ਨੇ ਚਾਰ ਘੰਟੇ ਦੇ ਕਰੀਬ ਲੰਬਾ ਭਾਸ਼ਣ ਦਿੱਤਾ। ਇਨ੍ਹਾਂ ਦਾ ਭਾਸ਼ਣ ਸੁਣ ਕੇ ਕੰਵਲ ਸਾਹਿਬ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਡਾ. ਸਵਰਾਜ ਸਿੰਘ ਨੂੰ ਕਿਹਾ ਕਿ ਪੰਜਾਬ ਖੁਰ ਰਿਹਾ ਹੈ, ਪੰਜਾਬ ਉੱਜੜ ਰਿਹਾ ਹੈ, ਤੁਹਾਡੇ ਵਰਗੇ ਵਿਸ਼ਵ ਚਿੰਤਕਾਂ ਦੀ ਅੱਜ ਪੰਜਾਬ ਨੂੰ ਬਹੁਤ ਲੋੜ ਹੈ। ਤੁਸੀਂ ਅਮਰੀਕਾ ਛੱਡ ਕੇ ਪੰਜਾਬ ਵਿੱਚ ਆਉ ਅਤੇ ਪੰਜਾਬੀਆਂ ਦੀ ਤੇ ਪੰਜਾਬ ਦੀ ਸੇਵਾ ਕਰੋ, ਤਾਂ ਡਾ. ਸਵਰਾਜ ਸਿੰਘ ਨੇ ਜਸਵੰਤ ਸਿੰਘ ਕੰਵਲ ਦੀ ਗੱਲ ਮੰਨ ਲਈ, ਬਿਨਾਂ ਕੋਈ ਇਨਕਾਰ ਕੀਤਿਆਂ। ਡਾ. ਸਵਰਾਜ ਸਿੰਘ ਅੱਜ ਪੰਜਾਬ ਅਤੇ ਪੰਜਾਬੀਅਤ ਲਈ ਆਪਣਾ ਬਣਦਾ ਰੋਲ ਅਦਾ ਕਰ ਰਹੇ ਹਨ। ਡਾਕਟਰ ਸਾਹਿਬ ਵਿਸ਼ਵ ਦੀਆਂ ਖਤਰਨਾਕ ਗੁੰਝਲਾਂ ਵੱਲ ਉਂਗਲ ਹੀ ਨਹੀਂ ਕਰਦੇ ਸਗੋਂ ਉਨ੍ਹਾਂ ਗੁੰਝਲਾਂ ਦਾ ਹੱਲ ਵੀ ਦੱਸਦੇ ਹਨ।

ਡਾ. ਸਵਰਾਜ ਸਿੰਘ ਦੀ ਝੋਲੀ ਕਈ ਵੱਡੇ ਅਵਾਰਡ ਪੈ ਚੁੱਕੇ ਹਨ, ਜਿਵੇਂ ਭਾਰਤ ਦੇ ਰਾਸ਼ਟਰਪਤੀ ਸ੍ਰੀ ਸ਼ੰਕਰ ਦਿਆਲ ਸ਼ਰਮਾ ਨੇ ਰਾਸ਼ਟਰਪਤੀ ਭਵਨ ਵਿੱਚ ਬੁਲਾ ਕੇ ਸਨਮਾਨਿਤ ਕੀਤਾ। ਇਸ ਵਿੱਚ ਗਲੋਰੀ ਆਫ ਇੰਡੀਆ (ਭਾਰਤ ਦੀ ਸ਼ਾਨ) ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਲੰਡਨ ਵਿੱਚ ਪਰਾਈਡ ਆਫ ਇੰਡੀਆ (ਭਾਰਤ ਦਾ ਮਾਣ) ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਡਾ. ਸਵਰਾਜ ਸਿੰਘ ਨੂੰ ਹੋਰ ਵਿਸ਼ਵ ਦੀਆਂ ਸੰਸਥਾਵਾਂ ਵੱਲੋਂ ਵੀ ਵੱਡੇ ਪੱਧਰ ’ਤੇ ਸਨਮਾਨ ਮਿਲ ਚੁੱਕੇ ਹਨ। ਬਹੁਤ ਸਾਰੀਆਂ ਸੰਸਥਾਵਾਂ ਨੇ ਮਿਲ ਕੇ ‘ਵਿਸ਼ਵ ਚਿੰਤਕ’ ਦਾ ਸਨਮਾਨ ਦਿੱਤਾ। ਹੁਣ ਸ਼੍ਰੋਮਣੀ ਦਾਰਸ਼ਨਿਕ ਅਵਾਰਡ ਨਾਲ ਡਾ. ਸਵਰਾਜ ਸਿੰਘ ਦਾ ਕੱਦ ਹੋਰ ਵੀ ਉੱਚਾ ਹੋਇਆ ਹੈ, ਜਿਸਦਾ ਪੂਰੀ ਪੰਜਾਬੀਅਤ ਨੇ ਮਾਣ ਮਹਿਸੂਸ ਕੀਤਾ ਹੈਡਾ. ਸਵਰਾਜ ਸਿੰਘ ‘ਵਿਸ਼ਵ ਚਿੰਤਕ’ ਲਈ ਦੁਆ ਕਰਦੇ ਹਾਂ ਕਿ ਉਹ ਆਪਣੀ ਕਲਮ ਰਾਹੀਂ ਪੂਰੇ ਵਿਸ਼ਵ ਦੀ ਸੇਵਾ ਪੂਰੇ 100 ਸਾਲ ਕਰਦੇ ਰਹਿਣ।

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਦਰਸ਼ਨ ਸਿੰਘ ਪ੍ਰੀਤੀਮਾਨ

ਦਰਸ਼ਨ ਸਿੰਘ ਪ੍ਰੀਤੀਮਾਨ

Rampura Pind, Rampura Phul, Bathinda, Punjab, India.
WhatsApp: (91 - 98786 - 06963)
Email: (dspreetimaan@gmail.com)

More articles from this author