“ਉਹ ਕਹਾਣੀਆਂ ਨੂੰ ਸਮਾਜਿਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ ਸੀ। ਉਸ ਕੋਲ ਨਵੇਂ ਢੰਗ ਨਾਲ ...”
(23 ਜਨਵਰੀ 2026)
ਬਹੁਤੇ ਲੇਖਕ ਕਈ-ਕਈ ਵਿਧਾਵਾਂ ਵਿੱਚ ਲਿਖਦੇ ਹਨ। ਬਹੁਤੀਆਂ ਵਿਧਾਵਾਂ ਵਿੱਚ ਲਿਖਣ ਵਾਲੇ ਲੇਖਕ ਕਈ ਵਾਰ ਤਾਂ ਆਪਣੇ ਕਾਰਜ ਵਿੱਚ ਉਲਝ ਕੇ ਹੀ ਆਪਣਾ ਸਮਾਂ ਬਰਬਾਦ ਕਰ ਲੈਂਦੇ ਹਨ। ਉਹ ਨਾ ਘਰ ਦੇ ਰਹਿੰਦੇ ਹਨ, ਨਾ ਬਾਹਰ ਦੇ। ਜੇ ਸਖ਼ਤ ਮਿਹਨਤ ਕਰਦਿਆਂ ਕਿਸੇ ਦਾ ਨਾਂ ਬਣਦਾ ਵੀ ਹੈ ਤਾਂ ਇੱਕ ਵਿਧਾ ਵਿੱਚ ਹੀ ਨਾਂ ਪ੍ਰਸਿੱਧ ਹੁੰਦਾ ਹੈ, ਸਾਰੀਆਂ ਵਿਧਾਵਾਂ ਵਿੱਚ ਨਹੀਂ। ਇੱਕ ਵਿਧਾ ਵਿੱਚ ਕੰਮ ਕਰਨ ਵਾਲੇ ਛੇਤੀ ਕਾਮਯਾਬੀ ਹਾਸਲ ਕਰ ਲੈਂਦੇ ਹਨ। ਬਹੁਤ ਸਾਰੇ ਉਹ ਵੀ ਲੇਖਕ ਹਨ ਜੋ ਇੱਕ ਵਿਧਾ ਵਿੱਚ ਹੀ ਕਲਮ ਚਲਾਉਂਦੇ ਹਨ। ਉਨ੍ਹਾਂ ਵਿੱਚ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦਾ ਨਾਂ ਵੀ ਆਉਂਦਾ ਹੈ। ਵਿਰਕ ਨੇ ਇਕੱਲੀ ਕਹਾਣੀ ਉੱਤੇ ਹੀ ਕਲਮ ਚਲਾਈ ਅਤੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਪਹਿਲੇ ਕਹਾਣੀਕਾਰਾਂ ਵਿੱਚ ਸ਼ਾਮਲ ਹੋਏ।
ਕੁਲਵੰਤ ਸਿੰਘ ਵਿਰਕ ਦਾ ਜਨਮ 20 ਮਈ 1921 ਨੂੰ ਮਾਤਾ ਈਸ਼ਰ ਕੌਰ ਦੇ ਪੇਟੋਂ, ਪਿਤਾ ਆਸਾ ਸਿੰਘ ਵਿਰਕ ਦੇ ਘਰ, ਪਿੰਡ ਫੁਲਰਵਨ, ਜ਼ਿਲ੍ਹਾ ਸੇਖੂਪੁਰਾ ਵਿਖੇ ਹੋਇਆ, ਜੋ ਪਾਕਿਸਤਾਨ ਵਿਖੇ ਰਹਿ ਗਿਆ। ਪਿੰਡ ਦੇ ਸਕੂਲ ਤੋਂ ਵਿਰਕ ਨੇ ਚਾਰ ਜਮਾਤਾਂ ਪਾਸ ਕੀਤੀਆਂ। ਫਿਰ ਨਨਕਾਣਾ ਸਾਹਿਬ ਦੇ ਖਾਲਸਾ ਹਾਈ ਸਕੂਲ ਵਿੱਚ ਪੜ੍ਹਿਆ। ਅੱਗੇ ਮੈਟ੍ਰਿਕ 1936 ਵਿੱਚ ਸ਼ੇਖੂਪੁਰੇ ਤੋਂ ਕੀਤੀ। ਸੰਨ 1940 ਬੀ.ਏ, ਐੱਫਸੀ. ਕਾਲਜ, ਲਾਹੌਰ ਤੋਂ ਕੀਤੀ। ਅਗਲੀ ਪੜ੍ਹਾਈ ਅੰਗਰੇਜ਼ੀ ਦੀ ਐੱਮ.ਏ, 1942 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ। ਫਿਰ ਲਾਅ ਕਾਲਜ, ਲਾਹੌਰ ਤੋਂ ਐੱਲ.ਐੱਲ.ਬੀ, ਦੀ ਵਿੱਦਿਆ ਹਾਸਲ ਕੀਤੀ।
ਕੁਲਵੰਤ ਸਿੰਘ ਵਿਰਕ ਦਾ ਵਿਆਹ ਸ੍ਰੀਮਤੀ ਹਰਬੰਸ ਕੌਰ ਨਾਲ ਹੋਇਆ। ਇਸ ਜੋੜੇ ਦੇ ਘਰ ਦੋ ਲੜਕੇ ਤੇ ਤਿੰਨ ਲੜਕੀਆਂ ਨੇ ਜਨਮ ਲਿਆ। ਪੜ੍ਹਾਈ ਖਤਮ ਕਰਨ ਮਗਰੋਂ ਕੁਲਵੰਤ ਸਿੰਘ ਵਿਰਕ ਫੌਜ ਵਿੱਚ ਲਫਟੈਨ ਭਰਤੀ ਹੋ ਗਿਆ ਪਰ ਕੁਝ ਦੇਰ ਬਾਅਦ ਉਨ੍ਹਾਂ ਨੇ ਆਪਣੀ ਲੈਫਟੀਨੈਂਟ ਦੀ ਨੌਕਰੀ ਅੱਧ ਵਿਚਕਾਰ ਹੀ ਛੱਡ ਦਿੱਤੀ।
ਸੰਨ 1947 ਵਿੱਚ ਦੇਸ਼ ਦਾ ਬਟਵਾਰਾ ਹੋ ਗਿਆ। ਪੰਜ ਦਰਿਆਵਾਂ ਦੀ ਧਰਤੀ ਲਹੂ-ਲੁਹਾਣ ਦੇਖ ਕੇ ਕਹਾਣੀਕਾਰ ਵਿਰਕ ਦਾ ਦਿਲ ਪਸੀਜਿਆ ਗਿਆ। ਉਨ੍ਹਾਂ ਨੂੰ ਵੀ ਆਪਣੇ ਘਰ-ਬਾਰ ਜ਼ਮੀਨਾਂ ਛੱਡ ਕੇ ਇੱਧਰ ਆਉਣਾ ਪਿਆ। ਵਧੀਆ ਉਪਜਾਊ ਜ਼ਮੀਨ ਛੱਡਣੀ ਪਈ ਤੇ ਉਸਦੇ ਵਟਾਂਦਰੇ ਵਿੱਚ ਕਰਨਾਲ ਤੇ ਕਰੂਕਸ਼ੇਤਰ ਦੀ ਨਾ ਉਪਜਾਊ ਜ਼ਮੀਨ ਉਨ੍ਹਾਂ ਦੇ ਹਿੱਸੇ ਆਈ। ਇਹ ਜ਼ਮੀਨ ਵੇਚ ਕੇ ਉਨ੍ਹਾਂ ਪੰਤ ਨਗਰ ਤੇ ਰੁਦਰਪੁਰ ਯੂ .ਪੀ. ਵਿੱਚ ਜ਼ਮੀਨ ਖਰੀਦ ਲਈ।
ਸਨ 1947-48 ਵਿੱਚ ਵਿਰਕ ਹਿੰਦੂ ਸਿੱਖ ਔਰਤਾਂ ਦੇ ਮੁੜ ਵਸੇਬੇ ਲਈ ਲਾਅ ਅਫਸਰ ਵੀ ਤਾਇਨਾਤ ਰਿਹਾ। ਵਿਰਕ ਨੂੰ ਪੀ.ਆਈ.ਬੀ. ਵਿੱਚ ਉੱਚਾ ਮੁਰੰਤਬਾ ਮਿਲਿਆ। ਉਹ ਪੰਜਾਬ ਦੇ ਮਾਸਕ ਰਸਾਲੇ ਜਾਗ੍ਰਤੀ ਦੇ ਅਡਵਾਂਸ (ਅੰਗਰੇਜ਼ੀ) ਦੇ ਸੰਪਾਦਕ ਵੀ ਰਹੇ, ਕੁਝ ਸਮਾਂ ਉਹ ਸੰਯੁਕਤ ਨਿਰਦੇਸ਼ਕ ਦੇ ਅਹੁਦੇ ’ਤੇ ਰਹੇ। ਬਾਅਦ ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਪ੍ਰੈੱਸ ਸਕੱਤਰ ਨਿਯੁਕਤ ਹੋਏ। ਉਹ ਕੁਝ ਸਮਾਂ ਭਾਰਤ ਸਰਕਾਰ ਦੇ ਦਿੱਲੀ ਅਤੇ ਚੰਡੀਗੜ੍ਹ ਸੂਚਨਾ ਅਧਿਕਾਰੀ ਵੀ ਰਹੇ। ਜਾਇੰਟ ਡਾਇਰੈਕਟਰ ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਵੀ ਰਹੇ ਅਤੇ ਉਹ ਸਨ 1983 ਈਸਵੀ ਵਿੱਚ ਹੀ ਖੇਤੀ-ਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸੇਵਾ ਮੁਕਤ ਹੋਏ।
ਕੁਲਵੰਤ ਸਿੰਘ ਵਿਰਕ ਨੇ ਮਾਂ-ਬੋਲੀ ਦੀ ਝੋਲੀ ਜੋ ਕਹਾਣੀ ਸੰਗ੍ਰਹਿ ਪਏ, ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: ਤੂੜੀ ਦੀ ਪੰਡ, ਚਾਹ ਵੇਲਾ, ਨਵੇਂ ਲੋਕ, ਧਰਤੀ ਤੇ ਅਕਾਸ਼, ਏਕਸ ਕੇ ਹਮ ਬਾਰਿਕ, ਗੋਲ੍ਹਾਂ ਅਸਤਬਾਜ਼ੀ, ਦੁੱਧ ਦਾ ਛੱਪੜ, ਵਿਰਕ ਦੀਆਂ ਕਹਾਣੀਆਂ, ਦੁਆਂਸਮ, ਮੇਰੀਆਂ ਸਾਰੀਆਂ ਕਹਾਣੀਆਂ, ਅਨੁਵਾਦ ਸ਼ਸਤਰਾਂ ਤੋਂ ਵਿਦਾਇਗੀ ਆਦਿ।
ਵਿਰਕ ਕਾਲਜ ਪੜ੍ਹਦਿਆਂ ਹੀ ਕਹਾਣੀ ਲਿਖਣ ਲੱਗ ਪਿਆ ਸੀ। ਉਨ੍ਹਾਂ ਖਾਲਸਾ ਕਾਲਜ ਪੜ੍ਹਦੇ ਸਮੇਂ ਵੀ ਕਾਲਜ ਪੱਤ੍ਰਿਕਾ ‘ਦਰਬਾਰ’ ਲਈ ਕਈ ਕਹਾਣੀਆਂ ਲਿਖੀਆਂ। ਜਦੋਂ ਉਹ ਦੇਸ਼ ਦੇ ਬਟਵਾਰੇ ਵੇਲੇ ਮੁੜ ਵਸਾਊ ਵਿਭਾਗ ਵਿੱਚ ਲਾਅ ਅਫਸਰ ਬਣਿਆ ਤਾਂ ਲੋਕਾਂ ਦਾ ਦਰਦ ਉਸ ਸਮੇਂ ਝੱਲਿਆ ਨਹੀਂ ਜਾਂਦਾ ਸੀ। ਲਹੂ-ਲੁਹਾਣ ਧਰਤੀ ਦਾ ਦ੍ਰਿਸ਼, ਪਰਿਵਾਰਕ ਵਿਛੋੜੇ ਵਿੱਚ ਰੋਂਦੀਆਂ ਕੁਰਲਾਉਂਦੀਆਂ, ਅੱਧ-ਮੋਈਆਂ, ਨਾ ਮਰਦੀਆਂ ਨਾ ਜਿਊਂਦੀਆਂ ਰੂਹਾਂ ਦਾ ਦਰਦ ਦੇਖ ਕੇ ਦਿਲ ਪਸੀਜਿਆ ਜਾਂਦਾ ਸੀ। ਉਸ ਦਰਦਨਾਕ ਮਹਾਂ ਘਟਨਾ ਵਿੱਚੋਂ ਵਿਰਕ ਦੀਆਂ ਬਹੁਤ ਸਾਰੀਆਂ ਕਹਾਣੀਆਂ ਦਾ ਜਨਮ ਹੋਇਆ।
ਪੰਜਾਹ ਰੁਪਏ, ਓਪਰੀ ਧਰਤੀ, ਚਾਚਾ ਉਲ੍ਹਾਮਾ, ਦੁੱਧ ਦਾ ਛੱਪੜ, ਸ਼ੇਰਨੀਆਂ, ਸ਼ਾਹ ਵੇਲੇ, ਖੱਬਲ਼, ਰਸ-ਭਰੀਆਂ, ਧਰਤੀ ਹੇਠਲਾ ਬੌਲਦ, ਤੂੜੀ ਦੀ ਪੰਡ, ਕੁਲਵੰਤ ਸਿੰਘ ਵਿਰਕ ਦੀਆਂ ਮਹੱਤਵਪੂਰਨ ਕਹਾਣੀਆਂ ਹਨ। ਵਿਰਕ ਦੀਆਂ ਕਹਾਣੀਆਂ ਮਨੁੱਖ ਦੀ ਅੰਦਰਲੀ ਪੀੜ ਨੂੰ ਪਾਠਕਾਂ ਦੇ ਸਨਮੁਖ ਕਰਦੀਆਂ ਹਨ। ਉਸਦੀਆਂ ਕਹਾਣੀਆਂ ਕਿਰਤ ਦੀਆਂ, ਸੰਘਰਸ਼ ਦੀਆਂ ਬਾਤਾਂ ਪਾਉਂਦੀਆਂ ਹਨ। ਉਸਨੂੰ ਕਹਾਣੀ ਦਾ ਡੂੰਘਾ ਅਨੁਭਵ ਹੈ। ਉਹਨੇ ਅਣਛੋਹੇ ਵਿਸ਼ਿਆਂ ’ਤੇ ਕਲਮ ਚਲਾਈ। ਉਸਦੇ ਵਿਸ਼ਿਆਂ ਵਿੱਚੋਂ ਆਪਣੀ ਮਿੱਟੀ ਦੀ ਮਹਿਕ ਹੀ ਆਉਂਦੀ ਹੈ। ਉਸਦੇ ਪਾਤਰ ਜ਼ਿੰਦਾ ਦਿਲ, ਆਸ਼ਾਵਾਦੀ ਹਨ। ਉਸਦੀਆਂ ਕਹਾਣੀਆਂ ਵਿੱਚੋਂ ਨਵੀਂਆਂ ਸੰਭਾਵਨਾਵਾਂ ਉਪਜਦੀਆਂ ਹਨ। ਵਿਰਕ ਮਾਨਵਵਾਦੀ ਦ੍ਰਿਸ਼ਟੀ ਤੋਂ ਕਹਾਣੀ ਨੂੰ ਤਰਜੀਹ ਦਿੰਦਾ ਹੈ ਇਸ ਕਰਕੇ ਉਸ ਨੂੰ ਮਾਨਵਵਾਦੀ ਕਹਾਣੀਕਾਰ ਕਿਹਾ ਜਾਂਦਾ ਹੈ।
ਕੁਲਵੰਤ ਸਿੰਘ ਵਿਰਕ ਦਾ ਬਚਪਨ ਅਤੇ ਜਵਾਨੀ ਪਿੰਡ ਵਿੱਚ ਬੀਤੇ, ਇਸ ਕਰਕੇ ਉਸਦੀਆਂ ਕਹਾਣੀਆਂ ਪੇਂਡੂ ਵਿਰਸੇ ਵਿੱਚੋਂ ਉਪਜੀਆਂ ਹਨ। ਉਹ ਪਿੰਡਾਂ ਦੀਆਂ ਖੁਸ਼ੀਆਂ-ਗਮੀਆਂ ਵਿੱਚ ਵਿਚਰਿਆ। ਉਸ ਨੂੰ ਲੋਕਾਂ ਦੀਆਂ ਲੋੜਾਂ, ਥੋੜਾਂ, ਦੁੱਖਾਂ-ਦਰਦਾਂ ਦਾ ਅਹਿਸਾਸ ਸੀ। ਵਿਰਕ ਜਦੋਂ ਵੀ ਕਹਾਣੀ ਲਿਖਣ ਬੈਠਦਾ ਸੀ ਤਾਂ ਉਸਦੀ ਨਿਗ੍ਹਾ ਪਹਿਲਾਂ ਆਪਣੇ ਪਿੰਡ ’ਤੇ ਹੀ ਪੈਂਦੀ ਸੀ। ਉਸਦੇ ਦਿਮਾਗ਼ ਵਿੱਚ ਪਿੰਡ ਦੇ ਘਰਾਂ ਦੇ ਜਿਊਂਦੇ ਪਾਤਰਾਂ ਦਾ ਚਿਹਰਾ-ਮੋਹਰਾ ਆ ਖੜ੍ਹਦਾ ਸੀ। ਪੇਂਡੂ ਲਹਿਜੇ ਵਿੱਚ ਹੀ ਵਿਰਕ ਨੇ ਆਪ ਦਿਨ ਗੁਜ਼ਾਰੇ ਸਨ। 1947 ਦਾ ਬਟਵਾਰਾ ਉਨ੍ਹਾਂ ਸਾਰਾ ਆਪਣੇ ਅੱਖੀਂ ਦੇਖਿਆ। ਉਨ੍ਹਾਂ ਨੂੰ ਸਾਰੇ ਹਾਲਤਾਂ ਦਾ ਕੁਦਰਤੀ ਅਨੁਭਵ ਸੀ ਜੋ ਉਨ੍ਹਾਂ ਦੀਆਂ ਲਿਖਤਾਂ ਵਿੱਚ ਝਲਕਾਰਾ ਪਾਉਂਦਾ ਸੀ, ਇਸ ਕਾਰਨ ਕਰਕੇ ਹੀ ਉਸਦੀਆਂ ਕਹਾਣੀਆਂ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਹਨ।
ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੂਜੀ ਪੀੜ੍ਹੀ ਦਾ ਸਿਰਕੱਢ ਕੁਹਾਣੀਕਾਰ ਹੈ। ਉਸਦੀਆਂ ਕਹਾਣੀਆਂ ਸਾਹਿਤਕ ਖੇਤਰ ਵਿੱਚ ਮਾਣ ਹਾਸਲ ਕਰ ਚੁੱਕੀਆਂ ਹਨ। ਉਸਨੇ ਅੰਗਰੇਜ਼ੀ ਅਤੇ ਪੰਜਾਬੀ ਲਈ ਵਿਸਥਾਰ ਪੂਰਵਕ ਲਿਖਿਆ ਹੈ। ਵਿਰਕ ਦੀਆਂ ਕਹਾਣੀਆਂ ਵਿੱਚ ਵਿਅੰਗ ਉਨ੍ਹਾਂ ਦੀ ਪ੍ਰਮੁੱਖ ਜੁਗਤ ਹੈ। ਦੇਸ਼ ਦੇ ਬਟਵਾਰੇ, ਉਜਾੜੇ ਨੂੰ ਉਹਨਾਂ ਆਸ਼ਾਵਾਦੀ ਢੰਗ ਨਾਲ ਪੇਸ਼ ਕੀਤਾ ਹੈ। ਕੁਲਵੰਤ ਸਿੰਘ ਵਿਰਕ ਨੂੰ ਪੰਜਾਬੀ ਦੀ ਆਧੁਨਿਕ ਨਿੱਕੀ ਕਹਾਣੀ ਦਾ ਵੱਡਾ ਕਹਾਣੀਕਾਰ ਕਿਹਾ ਜਾਂਦਾ ਹੈ। ਉਸਦੀਆਂ ਬਹੁਤ ਸਾਰੀਆਂ ਕਹਾਣੀਆਂ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਧਰਤੀ ਹੇਠਲਾ ਬਲਦ (ਕਹਾਣੀ ਸੰਗ੍ਰਹਿ) ਰੂਸੀ ਭਾਸ਼ਾ ਵਿੱਚ ਅਨੁਵਾਦ ਹੋ ਚੁੱਕਿਆ ਹੈ।
ਕੁਲਵੰਤ ਸਿੰਘ ਵਿਰਕ ਦੀ ਪਹਿਲੀ ਕਹਾਣੀ 1944 ਵਿੱਚ ਛਪੀ ਸੀ, ਜਿਸ ਵਿੱਚ ਵਿਰਕ ਦਾ ਕਹਾਣੀ ਸੰਸਾਰ ਵਿੱਚ ਪ੍ਰਵੇਸ਼ ਹੋਇਆ ਸੀ। ਉਸਦੀ ਇੱਕ ਤੋਂ ਬਾਅਦ ਇੱਕ ਕਹਾਣੀ ਪਾਠਕਾਂ ਦੀ ਖਿੱਚ ਦਾ ਕੇਂਦਰ ਬਣਦੀ ਰਹੀ। ਇਹ ਇਸ ਕਰਕੇ ਵੀ ਸੀ ਕਿ ਵਿਰਕ ਕੋਲ ਆਮ ਆਦਮੀ ਦੀ ਸੋਝੀ ਨੂੰ ਮਾਪਣ ਦਾ ਬਲ ਸੀ। ਇਤਿਹਾਸਕ ਜਾਣਕਾਰੀ ਵੀ ਉਸਦੀ ਸਫਲਤਾ ਦਾ ਕਾਰਨ ਬਣੀ। ਕਹਾਣੀਆਂ ਵਿੱਚ ਵਿਰਕ ਮਨੁੱਖਤਾ ਦੇ ਗੁਣਾਂ-ਔਗੁਣਾਂ ਨੂੰ, ਚਰਿਤਰਾਂ ਨੂੰ, ਵਰਤਾਰੇ ਨੂੰ ਸਾਹਮਣੇ ਰੱਖ ਕੇ ਕਹਾਣੀ ਲਿਖਦਾ ਸੀ। ਉਹ ਕਹਾਣੀਆਂ ਨੂੰ ਸਮਾਜਿਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ ਸੀ। ਉਸ ਕੋਲ ਨਵੇਂ ਢੰਗ ਨਾਲ ਕਹਾਣੀ ਨੂੰ ਪੇਸ਼ ਕਰਨ ਦੀ ਜੁਗਤ ਸੀ। ਉਸਦਾ ਕਲਾ ਪੱਖ ਸਲਾਹੁਣਯੋਗ ਸੀ ਜੋ ਪਾਠਕਾਂ ਦੀ ਖਿੱਚ ਦਾ ਕਾਰਨ ਬਣਦੇ ਸਨ। ਵਿਰਕ ਦੀ ਕਹਾਣੀ ਰਚਨਾ ਦੀ ਕਾਰੀਗਰੀ ਕਮਾਲ ਦੀ ਸੀ।
ਕੁਲਵੰਤ ਸਿੰਘ ਵਿਰਕ ਨੂੰ ਬਹੁਤ ਸਾਰੇ ਮਾਣ ਸਨਮਾਨ ਵੀ ਹਾਸਲ ਹੋਏ ਜੋ ਇਸ ਪ੍ਰਕਾਰ ਹਨ: ਦੁੱਧ ਦਾ ਛੱਪੜ (ਕਹਾਣੀ ਸੰਗ੍ਰਹਿ) ਨੂੰ ਸਨ 1959 ਵਿੱਚ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ, ਨਵੇਂ ਲੋਕ (ਕਹਾਣੀ ਸੰਗ੍ਰਹਿ) ਨੂੰ 1969 ਵਿੱਚ ਸਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ। ਸੰਨ 1985 ਵਿੱਚ ਉਨ੍ਹਾਂ ਦੀ ਝੋਲੀ ਸ਼੍ਰੋਮਣੀ ਸਾਹਿਤਕਾਰ ਅਵਾਰਡ ਪਿਆ ਪਾਇਆ ਗਿਆ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਅਵਾਰਡ, ‘ਧਰਤੀ ਹੇਠਲਾ ਬਲਦ’ ਕਹਾਣੀ ’ਤੇ ਟੈਲੀਵੀਜ਼ਨ ’ਤੇ ਰੂਪਾਂਤਰ ਕਰਕੇ ਵਿਖਾਇਆ। ਕਲਵੰਤ ਸਿੰਘ ਵਿਰਕ ਦੀ ਯਾਦ ਵਿੱਚ ਇੱਕ ਕਮੇਟੀ ਬਣੀ ਹੋਈ ਹੈ। ਪੰਜਾਬੀ ਵਿਭਾਗ ਲਾਇਲਪੁਰ ਖਾਲਸਾ ਕਾਲਜ ਜਲੰਧਰ ਵੱਲੋਂ ਵਿਰਕ ਯਾਦਗਾਰੀ ਪੁਰਸਕਾਰ ਦਿੱਤਾ ਜਾਂਦਾ ਹੈ।
ਕੁਲਵੰਤ ਸਿੰਘ ਵਿਰਕ ਨੂੰ ਸ਼ੂਗਰ ਦੀ ਬਿਮਾਰੀ ਨੇ ਘੇਰ ਲਿਆ ਸੀ। ਉਹ ਦਵਾਈਆਂ ਖਾਂਦੇ ਰਹਿੰਦੇ ਤਾਂ ਬਿਮਾਰੀ ਕਾਬੂ ਵਿੱਚ ਹੋ ਜਾਂਦੀ, ਜਦੋਂ ਦਵਾਈ ਖਾਣੋ ਹਟ ਜਾਂਦੇ, ਫਿਰ ਉਹੀ ਹਾਲ। ਅਖੀਰ ਵਿਰਕ ਨੂੰ ਅਧਰੰਗ ਦੀ ਨਾ-ਮੁਰਾਦ ਬਿਮਾਰੀ ਨੇ ਆਪਣੇ ਕਲਾਵੇ ਵਿੱਚ ਜਕੜ ਲਿਆ। ਉਹ 20 ਮਾਰਚ, 1986 ਨੂੰ ਇਸ ਬਿਮਾਰੀ ਦੀ ਲਪੇਟ ਵਿੱਚ ਆਇਆ। ਇਸ ਚੰਦਰੀ ਬਿਮਾਰੀ ਕਾਰਨ ਉਨ੍ਹਾਂ ਲਈ ਇੱਕ ਸਾਲ ਨੌ ਮਹੀਨੇ ਚਾਰ ਦਿਨ ਕਸ਼ਟ ਭਰਿਆ ਸਮਾਂ ਸੀ। ਅੰਤ 24 ਦਸੰਬਰ, 1987 ਨੂੰ ਪੰਜਾਬੀ ਮਾਂ-ਬੋਲੀ ਦਾ ਇਹ ਚਮਕਦਾ ਹੀਰਾ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਿਆ। ਭਾਵੇਂ ਅੱਜ ਸਰੀਰਕ ਤੌਰ ’ਤੇ ਕੁਲਵੰਤ ਸਿੰਘ ਵਿਰਕ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ, ਉਨ੍ਹਾਂ ਦਾ ਨਾਂ ਕਹਾਣੀ ਦੇ ਖੇਤਰ ਵਿੱਚ ਸਦਾ ਅਮਰ ਰੱਖਣਗੀਆਂ। ਕੁਲਵੰਤ ਸਿੰਘ ਵਿਰਕ ਦੀਆਂ ਯਾਦਾਂ ਪੰਜਾਬੀ ਪਾਠਕਾਂ ਦੇ ਅੰਗ-ਸੰਗ ਹਨ, ਉਹ ਸਦਾ ਅਮਰ ਰਹੇਗਾ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































