“ਸਾਡੇ ਪਿੰਡ ਦੇ ਲੋਕਾਂ ਅਤੇ ਪੰਚਾਇਤ ਦਾ ਅਗਲੇ ਦਿਨੀਂ ਅਖਬਾਰ ਵੱਲ ਧਿਆਨ ਸੀ ਕਿ ਖਬਰਾਂ ...”
(12 ਸਤੰਬਰ 2025)
ਜ਼ਿੰਦਗੀ ਵਿੱਚ ਖੁਸ਼ੀਆਂ ਅਤੇ ਗਮੀਆਂ ਆਉਂਦੀਆਂ ਹੀ ਰਹਿੰਦੀਆਂ ਹਨ। ਹਰ ਖੁਸ਼ੀ ਮਨ ਨੂੰ ਸਕੂਨ ਦਿੰਦੀ ਹੈ ਪਰ ਜਿਸ ਕਿੱਤੇ ਨਾਲ ਵਿਅਕਤੀ ਸੰਬੰਧਤ ਹੁੰਦਾ ਹੈ, ਉਸ ਕਿੱਤੇ (ਖੇਤਰ) ਵਿੱਚੋਂ ਮਿਲੀ ਖੁਸ਼ੀ ਦਾ ਦੁੱਗਣਾ ਅਨੰਦ ਆਉਂਦਾ ਹੈ। ਮੈਨੂੰ ਪਤਾ ਵੀ ਨਾ ਲੱਗਾ ਕਦੋਂ ਮੇਰੀ ਕਲਮ ਨੇ ਕਾਗਜ਼ਾਂ ਦੀ ਹਿੱਕ ਤੇ ਅੱਖਰ ਵਾਹੁਣੇ ਸ਼ੁਰੂ ਕੀਤੇ। ਥੋੜ੍ਹਾ-ਬਹੁਤਾ ਯਾਦ ਹੈ ਕਿ 1974-75 ਵਿੱਚ ਮੈਂ ਕਲਮ ਚੁੱਕ ਲਈ ਸੀ। ਉਦੋਂ ਅਜੇ ਬਚਪਨ ਹੀ ਸੀ। ਸ਼ੇਅਰ, ਚੁਟਕਲੇ, ਬੋਲੀਆਂ, ਅਪੇਰੇ, ਗੀਤ, ਦੋਗਾਣੇ ਲਿਖਦਾ ਰਿਹਾ। ਸੰਨ 1988 ਵਿੱਚ ਕਲੀਆਂ ਦੇ ਬਾਦਸ਼ਾਹ ਕੁਲਦੀਪ ‘ਮਾਣਕ’ ਦੀ ਰਿਕਾਰਡ ਕਰਵਾਈ ਮੇਰੀ ਲਿਖੀ ‘ਸੱਸੀ’ ਦੀ ਕਲੀ ਨੇ ਮੈਨੂੰ ਗੀਤਕਾਰੀ ਵਿੱਚ ਸਥਾਪਤ ਕਰ ਦਿੱਤਾ। ਇੱਕ ਦੋਸਤ ਨੇ ਜਦੋਂ ਮੈਨੂੰ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਨਾਵਲ ‘ਰਾਤ ਬਾਕੀ ਹੈ’ ਪੜ੍ਹਨ ਨੂੰ ਦਿੱਤਾ ਤਾਂ ਮੈਂ ਉਹ ਨਾਵਲ ਤਿੰਨ ਵਾਰ ਪੜ੍ਹਿਆ, ਜਿੱਥੋਂ ਮੇਰੀ ਕਹਾਣੀ ਅਤੇ ਨਾਵਲ ਦੀ ਸ਼ੁਰੂਆਤ ਹੋਈ।
ਮੈਂ ਕਾਫੀ ਲੰਬਾ ਸਮਾਂ ਲਿਖਦਾ ਰਿਹਾ। ਜਦੋਂ ਮੇਰੀ ਕਹਾਣੀਆਂ ਦੀ ਪਹਿਲੀ ਕਿਤਾਬ ਛਪੀ ਤਾਂ ਪੰਜਾਬੀ ਸਾਹਿਤ ਸਭਾ, ਰਾਮਪੁਰਾ ਫੂਲ ਨੇ ਸਭਾ ਦੀ ਮੀਟਿੰਗ ਰੱਖ ਲਈ। ਸਭਾ ਦੇ ਜਰਨਲ ਸੱਕਤਰ ਮਾ. ਕੁਲਵੰਤ ਸਿੰਘ ਭੁੱਲਰ ਸਨ ਤੇ ਪ੍ਰਧਾਨ ਸ਼੍ਰੀ ਸੀ.ਆਰ ਸ਼ਰਮਾ ਸਨ। ਮੀਟਿੰਗ ਵਿੱਚ ਪ੍ਰੋਗਰਾਮ ਦੀ ਤਰੀਖ ਤੈਅ ਕਰ ਲਈ ਪਰ ਸਥਾਨ ਬਾਰੇ ਸੋਚਣਾ ਸੀ। ਸਥਾਨ ਬਾਰੇ ਮੈਂਬਰ ਸਾਹਿਬਾਨ ਆਪੋ-ਆਪਣੇ ਵਿਚਾਰ ਦੇ ਰਹੇ ਸਨ। ਕੋਈ ਕਹੇ ਫੂਲ ਟਾਊਨ, ਕੋਈ ਮਹਿਰਾਜ, ਕੋਈ ਮੰਡੀ ਕਲਾਂ, ਕੋਈ ਰਾਮਪੁਰੇ, ਕੋਈ ਪਿੱਥੋ ਤੇ ਕੋਈ ਰਾਮਪੁਰਾ ਮੰਡੀ ਵਿਖੇ ਪ੍ਰੋਗਰਾਮ ਕਰਵਾਉਣ ਦੇ ਵਿਚਾਰ ਦੇ ਰਹੇ ਸਨ। ਉਸ ਦਿਨ ਸਥਾਨ ਦੀ ਤਰੀਖ ਤੈਅ ਨਾ ਹੋਈ, ਅਗਲੀ ਮੀਟਿੰਗ ਵਿੱਚ ਫੈਸਲਾ ਲੈਣ ਬਾਰੇ ਵਿਚਾਰ ਬਣ ਗਈ।
ਮੇਰੇ ਪਿੰਡ ਰਾਮਪੁਰਾ ਦਾ ਓੁਦੋਂ ਹਰਜੀਵਨ ਸਿੰਘ (ਨੀਨ੍ਹਾ) ਸਰਪੰਚ ਸੀ। ਮੈਂ ਜੱਕਦਾ-ਤੱਕਦਾ ਉਨ੍ਹਾਂ ਕੋਲ ਉਨ੍ਹਾਂ ਦੇ ਘਰ ਚਲਾ ਗਿਆ। ਉਨ੍ਹਾਂ ਪੁੱਛਿਆ ‘ਪ੍ਰੀਤੀਮਾਨ ਕਿਵੇਂ ਆਇਆਂ?’ ਮੈਂ ਉਨ੍ਹਾਂ ਨੂੰ ਆਪਣੀ ਕਿਤਾਬ ਦੀ ਘੁੰਢ ਚੁਕਾਈ ਬਾਰੇ ਅਤੇ ਜਸਵੰਤ ਸਿੰਘ ਕੰਵਲ ਦੇ ਆਉਣ ਬਾਰੇ ਦੱਸਿਆ ਤਾਂ ਉਨ੍ਹਾਂ ਝੱਟ ਸਾਹਿਤਕ ਸਮਾਗਮ ਪਿੰਡ ਰਾਮਪੁਰੇ ਕਰਵਾਉਣ ਦਾ ਹੁੰਗਾਰਾ ਭਰ ਦਿੱਤਾ, ਕਿਉਂਕਿ ਸਰਪੰਚ ਵੀ ਜਸਵੰਤ ਸਿੰਘ ਕੰਵਲ ਤੋਂ ਕਾਫ਼ੀ ਪ੍ਰਭਾਵਿਤ ਸੀ। ਮੈਂ ਸਾਹਿਤ ਸਭਾ ਵਾਲਿਆਂ ਨੂੰ ਆਖ ਦਿੱਤਾ ਕਿ ਸਾਹਿਤਕ ਸਮਾਗਮ ਪਿੰਡ ਰਾਮਪੁਰੇ ਕਰਵਾਵਾਂਗੇ। ਉਨ੍ਹਾਂ ਮੈਨੂੰ ਕੁਰਸੀਆਂ, ਟੈਂਟ, ਸਪੀਕਰ ਅਤੇ ਖਾਣੇ ਦਾ ਪ੍ਰਬੰਧ ਕਰਨ ਲਈ ਕਿਹਾ। ਦੂਜੇ ਦਿਨ ਮੈਂ ਮੌਕੇ ਦੀ ਪੰਚਾਇਤ ਅਤੇ ਮੋਹਤਵਰ ਵਿਅਕਤੀ ਆਪਣੇ ਘਰ ਸੱਦ ਲਏ ਤੇ ਸਮਾਗਮ ਦੀ ਗੱਲ ਚਲਾਈ ਤਾਂ ਉਨ੍ਹਾਂ ਮੈਨੂੰ ਪੁੱਛਿਆ, ਕਿੰਨਾ ਕੁ ਖਰਚ ਆਵੇਗਾ? ਅਸੀਂ ਹਿਸਾਬ ਲਾਇਆ। ਉਨ੍ਹਾਂ ਸਮਿਆਂ ਵਿੱਚ ਤਿੰਨ ਕੁ ਹਜ਼ਾਰ ਦਾ ਖਰਚਾ ਸੀ। ਉਸੇ ਵੇਲੇ ਰਾਜੇ ਬਾਬੂ ਸਿੰਘ ਮੈਂਬਰ ਨੇ ਕਿਹਾ, ਬਈ ਆਪਾਂ ਸਾਰੇ ਸੌ-ਸੌ ਰੁਪਏ ਪਾਈਏ। ਗੁਰਚਰਨ ਸਿੰਘ ਜਵੰਧਾ, ਮਾੜਾ ਮੈਂਬਰ, ਬਲਦੇਵ ਸਿੰਘ ਬਾਰਾ ਭੁੱਲਰ, ਕੇਸ਼ੋ ਰਾਮ, ਬਲਵੰਤ ਰਾਏ, ਗੁਰਦੇਵ ਸਿੰਘ, ਹਰਜੀਵਨ ਸਿੰਘ ਨੀਨ੍ਹਾ, ਕੁੰਢਾ ਸਿੰਘ ਅਕਾਲੀ, ਮੁਨਸ਼ੀ ਰਾਮਦਾਸ ਤੇ ਮਾਸਟਰ ਸਰਦਾਰਾ ਸਿੰਘ ਢਿੱਲੋਂ ਆਦਿ ਨੇ ਸੌ-ਸੌ ਰੁਪਏ ਪਾ ਲਏ ਤਾਂ 1500 ਰੁਪਏ ਹੋ ਗਏ।
“ਚਲੋ ਪਿੰਡ ਵਿੱਚ ਲਗਦੇ ਹੱਥ ਗੇੜਾ ਦੇ ਦੇਈਏ।” ਕੇਸ਼ੋ ਰਾਮ ਨੇ ਕਿਹਾ। ਸਾਰੇ ਪਿੰਡ ਵਿੱਚ ਗੇੜ੍ਹਾ ਦੇਣ ਲਈ ਤੁਰ ਪਏ। ਅਸੀਂ ਪਿੰਡ ਦੀ ਮਾਨਾ ਮੋਰੀ ਤੁਰੇ ਤੇ ਪਿੰਡ ਦੇ ਕੱਚੇ ਥੜ੍ਹੇ ਤਕ 1600 ਰੁਪਏ ਉੱਗਰਾਹੀ ਕਰ ਲਈ। ਕੁੱਲ 3100 ਰੁਪਏ ਉਨ੍ਹਾਂ ਮੈਨੂੰ ਫੜਾ ਦਿੱਤੇ ਤੇ ਕਿਹਾ, “ਜੇ ਹੋਰ ਖਰਚ ਹੋਇਆ ਤਾਂ ਘਬਰਾਈ ਨਾ, ਅਸੀਂ ਕੋਲੋਂ ਹੋਰ ਪੈਸੇ ਪਾ ਲਵਾਂਗੇ। ਵਧੀਆ ਪ੍ਰੋਗਰਾਮ ਕਰਵਾਉਣਾ ਹੈ।”
ਮੇਰੇ ਨਾਲ ਸਾਡੇ ਸ਼ਰੀਕੇ-ਕਬੀਲੇ ਦੇ ਸਾਰੇ ਹੀ ਮੈਂਬਰ ਬਾਬੂ ਸਿੰਘ ਢਿੱਲੋਂ, ਸੁਖਦੇਵ ਸਿੰਘ ਭੁੱਚੋਵਾਲਾ, ਲਾਭਾ ਚੂਗ, ਬੂਟਾ ਸਿੰਘ ਮਾਨ, ਗੁਰਦਿਆਲ ਸਿੰਘ ਸਿੱਧੂ, ਨਛੱਤਰ ਸਿੰਘ ਸਿੱਧੂ ਅਤੇ ਹੋਰ, ਅਨੇਕਾਂ ਵੀਰਾਂ ਨੇ ਮੈਨੂੰ ਸਹਿਯੋਗ ਦਿੱਤਾ। ਮੈਂ ਸਪੀਕਰ, ਟੈਂਟ, ਕੁਰਸੀਆਂ ਦਾ ਪ੍ਰਬੰਧ ਕਰ ਲਿਆ ਤੇ ਖਾਣੇ ਦਾ ਪ੍ਰਬੰਧ ਸਾਡੇ ਸ਼ਰੀਕੇ ਦੇ ਵਿਅਕਤੀਆਂ ਨੇ ਵੱਡੇ ਗੁਰਦੁਆਰਾ ਸਾਹਿਬ ਵਿੱਚ ਕਰ ਦਿੱਤਾ।
ਪ੍ਰੋਗਰਾਮ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਸੀ। ਸਾਹਿਤਕ ਸਮਾਗਮ 31 ਮਾਰਚ ਨੂੰ ਹੋਣਾ ਸੀ। ਹੈਰਾਨੀ ਭਰਿਆ ਸੱਚ ਇਹ ਸੀ ਕਿ ਇਸ ਸਮਾਗਮ ਦਾ ਮੈਨੂੰ ਤਾਂ ਚਾਅ ਹੋਣਾ ਹੀ ਸੀ, ਮੇਰੀ ਕਿਤਾਬ ਦੀ ਘੁੰਢ ਚੁਕਾਈ ਸੀ, ਮੇਰੇ ਪਿੰਡ ਨੂੰ, ਮੇਰੇ ਸ਼ਰੀਕੇ-ਕਬੀਲੇ ਨੂੰ ਤੇ ਮੇਰੇ ਦੋਸਤਾਂ-ਮਿੱਤਰਾਂ ਨੂੰ ਵੀ ਵਿਆਹ ਜਿੰਨਾ ਚਾਅ ਚੜ੍ਹਿਆ ਹੋਇਆ ਸੀ। ਉਹ ਵੇਖਣਾ ਚਾਹੁੰਦੇ ਸਨ, ਵਿਚਾਰ ਸੁਣਨਾ ਚਾਹੁੰਦੇ ਸਨ, ਉਨ੍ਹਾਂ ਲੇਖਕਾਂ ਦੇ, ਜਿਨ੍ਹਾਂ ਦੀਆਂ ਕਿਤਾਬਾਂ ਪੜ੍ਹਦੇ ਸਨ, ਜਿਨ੍ਹਾਂ ਦੇ ਲੇਖ ਅਖਬਾਰਾਂ ਵਿੱਚ ਪੜ੍ਹਦੇ ਸਨ।
30 ਮਾਰਚ ਦੀ ਰਾਤ ਨੂੰ ਮੈਂ ਤੇ ਕੇਸ਼ੋ ਰਾਮ ਪਹਿਲਾਂ ਸੁਰਿੰਦਰ ਧੀਰ ਕੋਲ ਗਏ ਕਿ ਕਿਤਾਬ ਉੱਤੇ ਪੇਪਰ ਪੜ੍ਹੇ। ਉਨ੍ਹਾਂ ਹੁੰਗਾਰਾ ਭਰ ਦਿੱਤਾ। ਅਸੀਂ ਦੋ ਘੰਟੇ ਦੇ ਕਰੀਬ ਸਾਹਿਤ ਦੀਆਂ ਗੱਲਾਂ ਕਰਦੇ ਰਹੇ। ਰਾਤ ਦੇ 10 ਵਜੇ ਅਸੀਂ ਸਭਾ ਦੇ ਪ੍ਰਧਾਨ ਸ਼੍ਰੀ ਸੀ. ਆਰ ਸ਼ਰਮਾ ਦੇ ਘਰ ਰਾਮਪੁਰਾ ਮੰਡੀ ਪਹੁੰਚੇ। ਸ਼ਰਮਾ ਨੂੰ ਮਿਲਕੇ, ਚਾਹ ਪਾਣੀ ਪੀਣ ਤੋਂ ਬਾਅਦ ਕੇਸ਼ੋ ਰਾਮ ਨੇ ਮੇਰੇ ਲਿਖਣ ਦੀਆਂ ਗੱਲਾਂ ਉਨ੍ਹਾਂ ਨਾਲ ਖੂਬ ਕੀਤੀਆਂ ਤੇ ਉਨ੍ਹਾਂ ਨੂੰ ਕੇਸ਼ ਰਾਮੋ ਨੇ ਕਿਹਾ, “‘ਪ੍ਰੀਤੀਮਾਨ’ ਨੂੰ ਅਸੀਂ ਚੰਗਾ ਸਾਹਿਤ ਲਿਖਣ ਵੱਲ ਮੋੜ ਲਿਆਂਦਾ ਹੈ। ਹੁਣ ਇਸ ਨੂੰ ਹੌਸਲਾ ਦੇਣਾ ਤੁਹਾਡਾ ਕੰਮ ਹੈ। ਜਦੋਂ ਤੋਂ ਲੈ ਕੇ ਸਾਡਾ ਪਿੰਡ ਹੋਂਦ ਵਿੱਚ ਆਇਆ ਹੈ, ਸਾਨੂੰ ਕੋਈ ਲੇਖਕ ਨਹੀਂ ਮਿਲਿਆ, ਪਹਿਲੇ ਲੇਖਕ ‘ਪ੍ਰੀਤੀਮਾਨ’ ਨੇ ਸਾਡੇ ਪਿੰਡ ਜਨਮ ਲਿਆ ਹੈ। ਸਾਨੂੰ ਇਸ ਕਲਮ ’ਤੇ ਵੱਡੀਆਂ ਉਮੀਦਾਂ ਹਨ।”
ਕੇਸ਼ੋ ਰਾਮ ਦੀ ਗੱਲ ਸੁਣ ਕੇ ਸ਼੍ਰੀ ਸੀ. ਆਰ ਸ਼ਰਮੇ ਨੇ ਭਰਵਾ ਹੁੰਗਾਰਾ ਭਰ ਦਿੱਤਾ। ਮੈਂ ਤੇ ਕਸ਼ੋ ਰਾਮ ਰਾਤ ਦੇ 2 ਵਜੇ ਆਪਣੇ-ਆਪਣੇ ਘਰ ਪਹੁੰਚੇ। ਕੇਸ਼ੋ ਰਾਮ ਨੂੰ ਮੇਰੇ ਨਾਲੋਂ ਵੀ ਵੱਧ ਚਾਅ ਸੀ, ਮੇਰੀ ਕਿਤਾਬ ਰਲੀਜ਼ ਹੋਣ ਦਾ।
31 ਮਾਰਚ ਨੂੰ ਦਿਨ ਚੜ੍ਹਦਿਆਂ ਹੀ ਸਾਡੇ ਘਰਾਂ ਦੇ ਨੌਜਵਾਨਾਂ ਨੇ ਸਕੂਲ ਵਿੱਚ ਟੈਟ ਲਾ ਦਿੱਤਾ। ਨੌਜਵਾਨਾਂ ਵੱਲੋਂ ਸਪੀਕਰ ਅਤੇ ਮੇਜ਼-ਕੁਰਸੀਆਂ ਵੀ ਲਿਆਂਦੇ ਗਏ। ਘਰਾਂ ਦੇ ਸਿਆਣੇ ਬੰਦੇ ਸਬਜ਼ੀਆਂ ਚੀਰ ਕੇ ਸਬਜ਼ੀਆਂ-ਦਾਲਾਂ ਤਿਆਰ ਕਰਨ ਲੱਗ ਗਏ। ਘਰਾਂ ਦੀਆਂ ਤ੍ਰੀਮਤਾਂ ਤਵੀ ’ਤੇ ਰੋਟੀ ਲਾਹੁਣ ਲੱਗ ਪਈਆਂ। ਹਲਵਾਈ ਪਕੌੜੇ ਬਣਾਉਣ ਲੱਗਾ। ਸਭ ਵਿਅਕਤੀ ਤਨੋ-ਮਨੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸਨ। ਵਿਆਹ ਵਰਗਾ ਮਾਹੌਲ ਸੀ।
10 ਵਜੇ ਦੇ ਕਰੀਬ ਬਾਹਰੋਂ ਲੇਖਕ ਆਉਣੇ ਸ਼ੁਰੂ ਹੋ ਗਏ। ਸਾਡੇ ਪਿੰਡ ਦੀ ਪੰਚਾਇਤ ਨੇ ਸਾਰੇ ਲੇਖਕਾਂ ਦਾ ਆਉਣ ’ਤੇ ਸਵਾਗਤ ਕੀਤਾ। ਦਿਨ ਦੇ 11 ਕੁ ਵਜੇ ਸਮਾਗਮ ਸ਼ੁਰੂ ਹੋ ਗਿਆ। ਯਾਦਵਿੰਦਰ ਸਿੰਘ ‘ਤਪਾ’ ਦੇ ਨਾਵਲ ‘ਚੜ੍ਹਦੇ-ਲਹਿੰਦੇ ’ਤੇ ਗੋਸ਼ਟੀ ਹੋਈ। ਨਾਵਲ ’ਤੇ ਪੇਪਰ ਪੜ੍ਹਿਆ ਗਿਆ। ਡਾ. ਐੱਸ. ਤਰਸੇਮ, ਡਾ. ਬਲਦੇਵ ਸਿੰਘ ਧਾਲੀਵਾਲ, ਜਗਮੋਹਨ ਕੌਸ਼ਲ, ਬਲਦੇਵ ਸਿੰਘ ਸੜਕਨਾਮਾ, ਸੁਰਜੀਤ ਬਰਾੜ, ਕੁਲਦੀਪ ਸਿੰਘ ਬੇਦੀ, ਅਵਤਾਰ ਜੌੜਾ, ਰਾਮ ਸਰੂਪ ਅਣਖੀ, ਡਾ. ਸੁਰਜੀਤ ਭੱਟੀ, ਓਮ ਪ੍ਰਕਾਸ਼ ਗਾਸੋ, ਗੁਰਬਚਨ ਸਿੰਘ ਤਾਂਘੀ ਆਦਿ ਸ਼ਖਸੀਅਤਾਂ ਨੇ ਬਹਿਸ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਮੇਰੀ ਕਿਤਾਬ ‘ਫਸਟ ਅਪ੍ਰੈਲ’ ਪ੍ਰਧਾਨਗੀ ਕਰ ਰਹੇ ਨਾਵਲਕਾਰ ਜਸਵੰਤ ਸਿੰਘ ਕੰਵਲ ਅਤੇ ਪ੍ਰਧਾਨਗੀ ਮੰਡਲ ਵਿੱਚ ਬੈਠੇ ਲੇਖਕਾਂ ਨੇ ਰਲੀਜ਼ ਕੀਤੀ। ਸ਼੍ਰੀ ਸੀ. ਆਰ ਸ਼ਰਮਾ ਨੇ ਮੇਰੇ ਬਾਰੇ ਅਤੇ ਸੁਰਿੰਦਰ ਧੀਰ ਨੇ ਕਿਤਾਬ ਬਾਰੇ ਚਾਨਣਾ ਪਾਇਆ। ਇਹ ਕਿਤਾਬ ਇੱਕ ਹਜ਼ਾਰ ਕਾਪੀ ਛਪਵਾਈ ਗਈ ਸੀ। ਮੈਂ ਆਪਣੀ ਕਿਤਾਬ ਪੰਡਾਲ ਵਿੱਚ ਬੈਠੇ ਸਾਰੇ ਹੀ ਸਰੋਤਿਆਂ, ਪਾਠਕਾਂ, ਲੇਖਕਾਂ ਨੂੰ 200 ਕਾਪੀ ਦੇ ਕਰੀਬ ਬਿਨਾਂ ਕੀਮਤ ਵਸੂਲੇ ਵੰਡ ਦਿੱਤੀ। ਇੱਕ ਵੀਰ ਨੇ ਅਖਬਾਰ ਵਿੱਚ ਵੀ ਖਬਰ ਦਿੱਤੀ ਕਿ ਪਹਿਲੀ ਵਾਰ ਦੇਖਿਆ ਐਨੀ ਕਿਤਾਬ ਮੁਫਤ ਵਿੱਚ ਵੰਡੀ ਗਈ।
ਉਸ ਤੋਂ ਬਾਅਦ ਗੁਰਬਚਨ ਸਿੰਘ ਭੁੱਲਰ ਕਹਾਣੀਕਾਰ ਨੂੰ ਤੀਸਰਾ ਸੁਮੀਤ ਪ੍ਰੀਤਲੜੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਬਾਅਦ ਵਿੱਚ ਸਾਡੇ ਪਿੰਡ ਰਾਮਪੁਰਾ ਦੀ ਪੰਚਾਇਤ ਨੇ ਜਸਵੰਤ ਸਿੰਘ ਕੰਵਲ ਅਤੇ ਗੁਰਬਚਨ ਸਿੰਘ ਭੁੱਲਰ ਨੂੰ ਸਨਮਾਨ ਵਿੱਚ ਕਲਮਦਾਨ ਭੇਂਟ ਕੀਤੇ ਗਏ। ਜਦੋਂ ਸਨਮਾਨ ਕੀਤਾ ਤਾਂ ਜਸਵੰਤ ਸਿੰਘ ਕੰਵਲ ਅਤੇ ਗੁਰਬਚਨ ਸਿੰਘ ਭੁੱਲਰ ਦੇ ਗਲਾਂ ਵਿੱਚ ਮੇਰੇ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਹੋਰ ਮੋਹਤਵਰ ਬੰਦਿਆਂ ਨੇ ਐਨੇ ਹਾਰ ਪਾਏ ਕਿ ਦੋਵੇਂ ਸ਼ਖਸਾਂ ਨੂੰ ਹਾਰਾਂ ਨਾਲ ਹੀ ਲੱਦ ਦਿੱਤਾ।
ਸਮਾਗਮ ਖਤਮ ਹੋਇਆ ਤਾਂ ਗੁਰਦਵਾਰਾ ਸਾਹਿਬ ਵਿੱਚ ਸਭ ਨੇ ਪ੍ਰਸ਼ਾਦੇ ਛਕੇ। ਸਾਡੇ ਪਿੰਡ ਦਾ ਵਾਤਾਵਰਣ, ਵਿਚਾਰ ਅਤੇ ਵਿਹਾਰ ਦੇਖ ਕੇ ਸਾਰੇ ਹੀ ਲੇਖਕ ਬਹੁਤ ਖੁਸ਼ ਹੋਏ। ਪਿੱਛੋਂ ਮੈਨੂੰ ਕੁਝ ਲੇਖਕਾਂ ਦੀਆਂ ਚਿੱਠੀਆ ਆਈਆਂ। ਗੁਰਬਚਨ ਸਿੰਘ ਭੁੱਲਰ ਨੇ ਚਿੱਠੀ ਵਿੱਚ ਲਿਖਿਆ, “‘ਪ੍ਰੀਤੀਮਾਨ’ ਤੇਰੇ ਵਿੱਚ ਕਹਾਣੀ ਲਿਖਣ ਦੀ ਸਮਰੱਥਾ ਹੈ। ਹੋਰ ਕਿਤਾਬਾਂ ਕਹਾਣੀਆਂ ਦੀਆਂ ਪੜ੍ਹਿਆ ਕਰ।” ਰਾਮ ਸਰੂਪ ਅਣਖੀ ਨੇ ਲਿਖਿਆ, “ਪ੍ਰੀਤੀਮਾਨ’ ਤੂੰ ਚੰਗਾ ਲਿਖਦਾ ਹੈਂ।” ਓਮ ਪ੍ਰਕਾਸ਼ ਗਾਸੋ ਨੇ ਕਿਹਾ, ‘ਪ੍ਰੀਤੀਮਾਨ’ ਤੇਰੀ ਲਿਖਤ ਵਧੀਆ ਹੈ।” ਜਸਵੰਤ ਸਿੰਘ ਕੰਵਲ ਨੇ ਲਿਖਿਆ, “‘ਫਸਟ ਅਪ੍ਰੈਲ’ ਕਹਾਣੀ ਸੰਗ੍ਰਹਿ ਉਡ ਕੇ ਮਿਲਿਆ ... ਲਿਖੀ ਚੱਲ।”
ਸਾਡੇ ਪਿੰਡ ਦੇ ਲੋਕਾਂ ਅਤੇ ਪੰਚਾਇਤ ਦਾ ਅਗਲੇ ਦਿਨੀਂ ਅਖਬਾਰ ਵੱਲ ਧਿਆਨ ਸੀ ਕਿ ਖਬਰਾਂ ਲੱਗਣਗੀਆਂ, ਸਾਡੇ ਪਿੰਡ ਦੇ ਮੁੰਡੇ ਦੀ ਕਿਤਾਬ ਬਾਰੇ। ਪਿੰਡ ਦੇ ਕਈ ਵਿਅਕਤੀ ਤਾਂ ਖਬਰਾਂ ਪੜ੍ਹਨ ਲਈ ਕਈ ਕਈ ਅਖਬਾਰ ਕਈ-ਕਈ ਦਿਨ ਮੰਗਵਾਉਂਦੇ ਰਹੇ ਪਰ ਓੁਦੋਂ ਸਭ ਦਾ ਦਿਲ ਟੁੱਟ ਜਾਂਦਾ ਜਦੋਂ ਖਬਰ ਲਗਦੀ ਕਿ ਸਨਮਾਨ ਸਮਾਰੋਹ ਸਾਹਿਤ ਸਭਾ ਦਾ ਪਿੰਡ ਰਾਮਪੁਰੇ ਹੋਇਆ, ਬਹੁਤ ਹੀ ਸਫਲਤਾ ਪੂਰਵਕ ਰਿਹਾ। ਯਾਦਵਿੰਦਰ ਤਪਾ ਦੇ ਨਾਵਲ ਚੜ੍ਹਦੇ ਲਹਿੰਦੇ ’ਤੇ ਗਸ਼ੋਟੀ ਹੋਈ। ਗੋਸ਼ਟੀ ਵਿੱਚ ਭਰਮੀ ਬਹਿਸ ਹੋਈ। ਗੁਰਬਚਨ ਸਿੰਘ ਭੁੱਲਰ ਨੂੰ ਤੀਸਰਾ ਸਮੀਤ ਪ੍ਰੀਤਲੜੀ ਪੁਰਸਕਾਰ ਦਿੱਤਾ ਗਿਆ। ਸਭ ਲੇਖਕਾਂ ਦੇ ਨਾਂ ਹੁੰਦੇ ਪਰ ਮੇਰੀ ਕਿਤਾਬ ਦਾ ਜ਼ਿਕਰ ਕਿਸੇ ਵੀ ਖਬਰ ਵਿੱਚ ਨਾ ਹੋਇਆ। ਸ਼ਾਇਦ ਖਬਰ ਬਣਾਉਣ ਵੇਲੇ ਕਿਤਾਬ ਰਲੀਜ਼ ਦਾ ਵੇਰਵਾ ਪਾਉਣਾ ਭੁੱਲ ਗਏ। ਸਾਡੇ ਪਿੰਡ ਦੀ ਪੰਚਾਇਤ ਮੈਨੂੰ ਪੁੱਛਦੀ, ਸਭ ਕੁਝ ਤਾਂ ਆਪਾਂ ਹੀ ਕੀਤਾ ਸੀ, ਤੇਰਾ ਤੇ ਤੇਰੀ ਕਿਤਾਬ ਦਾ ਜ਼ਿਕਰ ਕਿਸੇ ਵੀ ਖਬਰ ਵਿੱਚ ਨਹੀਂ? ਫਿਰ ਮੈਂ ਦੁਬਾਰਾ ਖਬਰਾਂ ਲਗਵਾਈਆਂ ਤਾਂ ਪਿੰਡ ਵਾਸੀਆਂ ਨੇ ਬਹੁਤ ਖੁਸ਼ੀ ਮਨਾਈ।
ਅਜੇ ਤਾਂ ਸਮਾਂ ਬਹੁਤ ਨਹੀਂ ਹੋਇਆ, ਕੁਝ ਕੁ ਦਹਾਕਿਆਂ ਦੀ ਗੱਲ ਹੈ। ਉਦੋਂ ਹਰ ਵਿਅਕਤੀ ਦੂਜੇ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਰਲਾ ਕੇ ਖੁਸ਼ੀ ਦੁੱਗਣੀ ਕਰ ਦਿੰਦਾ ਸੀ। ਜੇਕਰ ਅੱਜ ਦੀ ਗੱਲ ਕਰੀਏ ਤਾਂ ਕੋਈ ਕਿਸੇ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਮਿਲਾ ਕੇ ਰਾਜ਼ੀ ਨਹੀਂ, ਸਗੋਂ ਹੇਠਾਂ ਸੁੱਟਣ ਬਾਰੇ ਪਹਿਲਾਂ ਸੋਚਦੇ ਹਨ। ਸਾਂਝੀਆਂ ਖੁਸ਼ੀਆਂ ਅਲੋਪ ਹੋਣ ਕਿਨਾਰੇ ਹਨ। ਅੱਗੇ ਕਿਸੇ ਵੀ ਖੇਤਰ ਵਿੱਚ ਪਿੰਡਾਂ-ਸ਼ਾਹਿਰਾਂ, ਇਲਾਕੇ ਦੇ ਮੁੰਡੇ ਜਾਂ ਕੁੜੀ ਦਾ ਵਿਆਹ ਅੱਗੇ ਆਉਂਦਾ ਤਾਂ ਸਭ ਨੂੰ ਚਾਅ ਹੁੰਦਾ ਸੀ, ਸਾਰੇ ਉਸ ਨੂੰ ਆਪਣਾ ਸਮਝਦੇ ਸਨ। ਅੱਜ ਸਮਾਂ ਬਦਲ ਗਿਆ ਹੈ। ਕਾਸ਼! ਕਿਤੇ ਉਹ ਦਿਨ ਦੁਬਾਰਾ ਮੁੜ ਆਉਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (