HarparkashSRai7ਦੋ ਕੁ ਦਿਨਾਂ ਬਾਅਦ ਹੋਰ ਮੁੰਡੇ ਵੀ ਆ ਗਏਇਸ ਨਾਲ਼ ਸਾਡੀ ਗਿਣਤੀ 17-18 ਦੇ ਕਰੀਬ ਹੋ ਗਈ ...
(ਜੁਲਾਈ 21, 2015)

 

ਜਦੋਂ ਸਕੂਲ ਵਿਚ ਪੜ੍ਹਦੇ ਹੁੰਦੇ ਸੀ, ਉਦੋਂ ਬਾਹਰ ਦਾ ਕੋਈ ਚਿੱਤ ਚੇਤਾ ਵੀ ਨਹੀਂ ਸੀ। ਸਕੂਲ ਜਾਣਾ ਤੇ ਆ ਕੇ ਖੇਤਾਂ ਨੂੰ ਪੱਠੇ ਲੈਣ ਤੁਰ ਜਾਣਾ। ਸਾਡੇ ਪਿੰਡ ਵਿੱਚੋਂ ਦੋ-ਤਿੰਨ ਪਰਿਵਾਰ ਹੀ ਕੈਨੇਡਾ, ਅਮਰੀਕਾ ਤੇ ਇੰਗਲੈਂਡ ਗਏ ਨੇ। ਉਹ ਵੀ ਬਹੁਤ ਪੁਰਾਣੇ ਹੋਣ ਤੇ ਪਿੰਡ ਘੱਟ ਹੀ ਆਉਣ ਕਰਕੇ ਵਿਸਰੇ ਹੋਏ ਹੀ ਨੇ। ਪਿੰਡ ਦਾ ਕੋਈ ਵੀ ਅਜਿਹਾ ਵਲੈਤੀਆ ਨਹੀਂ ਸੀ, ਜਿਸ ਦੀ ਚਕਾਚੌਂਧ ਦੇਖ ਕੇ ਬਾਹਰ ਜਾਣ ਦਾ ਖਿਆਲ ਆਉਂਦਾ। 2002 ਤੱਕ ਜੋ ਮੇਰੇ ਮਿੱਤਰ ਬਾਹਰ ਗਏ, ਮੈਂ ਉਹਨਾਂ ਨੂੰ ਵੀ ਰੋਕਦਾ ਹੁੰਦਾ ਸੀ ਕਿ ਬਾਹਰ ਕੀ ਰੱਖਿਆ ਹੈ, ਇੱਥੇ ਹੀ ਮੌਜਾਂ ਨੇ। ਸ਼ਾਇਦ ਬਾਪੂ ਨੇ ਕਦੇ ਮਹਿਸੂਸ ਹੀ ਨਹੀਂ ਹੋਣ ਦਿੱਤਾ ਸੀ।

ਜਦੋਂ ਵਿਆਹ ਹੋ ਗਿਆ, ਜਵਾਕ ਹੋ ਗਏ, ਫਿਰ ਹੌਲੀ-ਹੌਲੀ ਮਹਿਸੂਸ ਹੋਣ ਲੱਗਾ ਕਿ ਥੋੜ੍ਹੀ ਜਮੀਨ ਵਿੱਚ ਗੁਜਾਰਾ ਕਰਨਾ ਔਖਾ ਏ। ਕੁਝ ਹੋਰ ਜਮੀਨ ਠੇਕੇ ਤੇ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਹਰ ਸਾਲ ਵਧ ਰਹੇ ਠੇਕੇ ਤੇ ਖਾਦਾਂ-ਦਵਾਈਆਂ ਦੇ ਖਰਚੇ ਨੇ ਖੇਤੀ ਵੱਲੋਂ ਵੀ ਮਨ ਖੱਟਾ ਜਿਹਾ ਕਰ ਦਿੱਤਾ। ਪੱਕੀ ਫਸਲ ’ਤੇ ਕੁਦਰਤੀ ਆਫਤਾਂ ਦਾ ਕਹਿਰ ਫਿਕਰਾਂ ਵਿੱਚ ਪਾ ਦਿੰਦਾਮੰਡੀ ਵਿੱਚ ਅੱਧੀ ਰਾਤ ਨੂੰ ਝੋਨੇ ਦੀ ਢੇਰੀ ’ਤੇ ਸੁੱਤੇ ਨੂੰ ਬੱਦਲ਼ ਦੀ ਗਰਜ ਨੇ ਜਗਾ ਦੇਣਾ ਤਾਂ ਇਹੀ ਸੋਚੀ ਜਾਣਾ, ਹੁਣ ਕੀ ਕਰਾਂਗਾ? ਫਿਰ ਮਨ ਵਿੱਚ ਅਰਦਾਸਾਂ ਕਰੀ ਜਾਣੀਆਂ, ਬਾਬਾ ਮੀਂਹ ਨਾ ਪਾਵੀਂ ਅੱਜ! ਮੈਂ ਸਵਾ ਪੰਜਾਂ ਦਾ ਪ੍ਰਸ਼ਾਦ ਕਰਾਵਾਂਗਾ। ਫਿਰ ਬੋਲੀ ਵਾਲਿਆਂ ਦੇ ਮਗਰ-ਮਗਰ ਤੁਰੇ ਫਿਰਨਾ ਕਿ ਬਾਊ ਜੀ, ਏਧਰ ਵੀ ਆਇਓ ਜਰਾਉਹ ਆਪਣੀ ਮਰਜੀ ਦਾ ਰੇਟ ਲਾ ਕੇ ਅਗਾਂਹ ਤੁਰ ਜਾਂਦੇ। ਛੋਟੇ ਜਿਮੀਦਾਰ ਦੀ ਕਿੰਨੀ ਕੁ ਕਦਰ ਆ, ਇਸ ਗੱਲ ਦਾ ਅਹਿਸਾਸ ਮੈਨੂੰ ਚੰਗੀ ਤਰ੍ਹਾਂ ਹੋ ਗਿਆ ਸੀ। ਇੱਕ ਵਾਰ ਸਾਡੇ ਨਾਲ ਲੱਗਦੀ ਜਮੀਨ ਠੇਕੇ ਤੇ ਲੈਣ ਲਈ ਮੈਂ ਉਸ ਦੀ ਮਾਲਕਣ ਕੋਲ ਗਿਆ। ਉਸ ਜਮੀਨ ਦੀ ਮਾਲਕਣ ਇੱਕ ਰਿਟਾਇਰ ਸਰਕਾਰੀ ਟੀਚਰ ਤੇ ਕੈਨੇਡਾ ਦੀ ਵਸਨੀਕ, ਸਾਡੇ ਸਕੇ-ਸੋਦਰਿਆਂ ਵਿੱਚੋਂ ਸੀ। ਸਾਰੀ ਗੱਲਬਾਤ ਹੋ ਗਈ। ਬਿਆਨੇ ਦੇ ਤੌਰ ਤੇ ਕੁਝ ਪੈਸੇ ਵੀ ਦੇ ਦਿੱਤੇ ਪਰ ਅਗਲੇ ਹੀ ਦਿਨ ਉਹ ਮੁੱਕਰ ਗਈ। ਉਸ ਨੇ ਇੱਕ ਹਜ਼ਾਰ ਰੁਪਇਆ ਵੱਧ ਲੈ ਕੇ ਜਮੀਨ ਕਿਸੇ ਹੋਰ ਨੂੰ ਦੇ ਦਿੱਤੀ। ਮੈਂ ਜਦੋਂ ਪੁੱਛਿਆ, ਤਾਂ ਬਹਾਨਾ ਮਾਰ ਦਿੱਤਾ ਕਿ ਮੈਂ ਤਾਂ ਉਹਨਾਂ ਦੇ ਪੈਸੇ ਦੇਣੇ ਸੀ।

**

ਇੱਕ ਦਿਨ ਮਨ ਨਾਲ਼ ਸਲਾਹ ਕਰਕੇ ਪਾਸਪੋਰਟ ਬਣਨਾ ਦੇ ਦਿੱਤਾ। ਦੋ ਕੁ ਮਹੀਨੇ ਬਾਅਦ ਜਦੋਂ ਡਾਕੀਆ ਪਾਸਪੋਰਟ ਦੇਣ ਆਇਆ ਤਾਂ ਪਾਰਟੀ ਮੰਗਣ ਲੱਗ ਪਿਆ। ਮੈਂ ਕਿਹਾ, “ਭਰਾਵਾ, ਪਾਸਪੋਰਟ ਆਇਆ; ਅਜੇ ਵੀਜ਼ਾ ਨਹੀਂ।

ਪਰ ਉਹ ਜ਼ਿੱਦ ਕਰ ਗਿਆ ਤੇ 50 ਰੁਪਏ ਲੈ ਕੇ ਹੀ ਤੁਰਿਆ। ਪਿੰਡਾਂ ਵਿੱਚ ਇਹ ਬੜੀ ਚਰਚਾ ਹੁੰਦੀ ਹੈ ਕਿ ਬਸ ਕਾਪੀ ਬਣ ਗਈ, ਹੁਣ ਤਾਂ ਮੁੰਡੇ ਨੇ ਬਾਹਰ ਚਲੇ ਜਾਣਾ। ਸਾਡਾ ਕੋਈ ਵੀ ਰਿਸ਼ਤੇਦਾਰ ਵਿਦੇਸ਼ ਨਹੀਂ ਰਹਿੰਦਾ। ਵਿਦੇਸ਼ ਤਾਂ ਕੀ, ਆਪਣੀ ਤਾਂ ਰਿਸ਼ਤੇਦਾਰੀ ਵੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਬਾਹਰ ਨਹੀਂ ਹੈਗੀ ਸੀ। ਦੂਰ-ਦੁਰਾਡੇ ਘੁੰਮਣ ਦਾ ਚਾਅ ਹੀ ਰਹਿ ਗਿਆ ਸੀ। ਇੱਕ ਕਾਲਜ ਫਰੈਂਡ ਦਵਿੰਦਰ, ਜੋ ਹੌਲ਼ੀ-ਹੌਲ਼ੀ ਸਕੇ ਭਰਾਵਾਂ ਨਾਲੋਂ ਵੀ ਵਧ ਨੇੜੇ ਹੋ ਗਿਆ, ਉਹ ਇੰਗਲੈਂਡ ਚਲਾ ਗਿਆ ਸੀ। ਉੱਥੇ ਉਸ ਨੇ ਕਿਸੇ ਨਾਲ਼ ਗੱਲ ਕੀਤੀ। ਮੈਂ ਬੰਬੇ ਪਾਸਪੋਰਟ ਭੇਜ ਦਿੱਤਾ, ਪੈਸੇ ਬਾਅਦ ਵਿੱਚ ਦੇਣੇ ਸਨਇਹ ਗੱਲ 2004 ਦੀ ਹੈ। ਦੋ ਕੁ ਮਹੀਨੇ ਬਾਅਦ ਨਾ ਏਜੰਟ ਲੱਭਾ, ਨਾ ਪਾਸਪੋਰਟ। ਫਿਰ ਤਾਂ ਜਿਵੇਂ ਹੌਂਸਲਾ ਹੀ ਟੁੱਟ ਗਿਆ। ਫਿਰ ਬਾਹਰ ਦਾ ਖਿਆਲ ਛੱਡ ਕੇ ਮਿੱਟੀ ਨਾਲ਼ ਮਿੱਟੀ ਹੋਣ ਲੱਗ ਪਿਆ। ਇੰਨੀ ਦੇਰ ਨੂੰ ਜਵਾਕ ਵੀ ਪਜਾਮਾ ਖਿੱਚਣ ਲੱਗ ਪਏ ਸੀ, ਗਲ਼ੀ ਵਿੱਚੋਂ ਕੋਈ ਵੀ ਭਾਈ ਲੰਘਦਾ ਦੇਖ ਕੇਅਸੀਂ ਤਾਂ ਹਾੜ੍ਹੀ-ਸਾਉਣੀ ਗੋਲ਼ੀ ਵਾਲਾ ਬੱਤਾ ਪੀ ਕੇ ਹੀ ਖੁਸ਼ ਹੋ ਜਾਂਦੇ ਸੀ, ਪਰ ਹੁਣ ਜਮਾਨਾ ਬਦਲ ਗਿਆ ਸੀ। ਜਵਾਕਾਂ ਨੂੰ ਹਰ ਰੋਜ਼ ਪੈਸੇ ਚਾਹੀਦੇ ਹੁੰਦੇ ਨੇ। ਉਂਝ ਤਾਂ ਬਾਪੂ ਦੇ ਸਿਰ ਤੇ ਗੁਜਾਰਾ ਵਧੀਆ ਚੱਲੀ ਜਾਂਦਾ ਸੀ ਪਰ ਖੇਤੀ ਵਿੱਚੋਂ ਕੋਈ ਬਹੁਤੀ ਬੱਚਤ ਨਾ ਹੋਣ ਕਰਕੇ ਔੌਖਾ ਜਿਹਾ ਹੋ ਰਿਹਾ ਸੀ। ਦੋ ਕੁ ਸਾਲ ਬਾਅਦ ਮੈਂ ਦੁਬਾਰਾ ਪਾਸਪੋਰਟ ਬਣਨਾ ਦੇ ਦਿੱਤਾ।

ਇੰਨੀ ਦੇਰ ਤੱਕ ਤਕਰੀਬਨ ਹਰੇਕ ਦੇਸ਼ ਵਿੱਚ ਕੋਈ ਨਾ ਕੋਈ ਦੋਸਤ-ਮਿੱਤਰ ਚਲਾ ਗਿਆ ਸੀ। ਜਦੋਂ ਪਾਸਪੋਰਟ ਆਇਆ, ਮੈਂ ਅਤੇ ਦਵਿੰਦਰ ਨੇ ਫਿਰ ਕਿਸੇ ਨਾਲ ਗੱਲ ਕੀਤੀ। ਉਸ ਨੇ ਇਕ ਮਹੀਨੇ ਦਾ ਟਾਈਮ ਲਿਆ, ਪਰ ਇਕ ਮਹੀਨਾ ਬੀਤ ਜਾਣ ਤੇ ਵੀ ਕੋਈ ਗੱਲ ਨਾ ਬਣੀ। ਕੁਝ ਵਾਕਫੀ ਹੋਣ ਕਰਕੇ ਉਸ ਕੋਲੋਂ ਪੈਸੇ ਅਤੇ ਪਾਸਪੋਰਟ ਵਾਪਸ ਲੈ ਲਿਆ। ਸਾਰਾ ਦਿਨ ਸੋਚੀ ਜਾਣਾ ਕਿ ਪਤਾ ਨਹੀਂ ਕੀ ਬਣਨਾ, ਜਿੰਦਗੀ ਨੇ ਕਿੱਧਰ ਨੂੰ ਲੈ ਕੇ ਜਾਣਾ। ਅੰਗਰੇਜੀ ਨਾ ਆਉਣ ਕਰਕੇ ਬੀ.ਏ. ਦਾ ਵੀ 3 ਸਾਲ ਦਾ ਤਜਰਬਾ ਹੀ ਕੋਲ਼ ਰਹਿ ਗਿਆ ਸੀ, ਸਰਟੀਫੀਕੇਟ ਤਾਂ ਬੱਸ ਅੰਗਰੇਜੀ ਵਿੱਚੋਂ ਫੇਲ੍ਹ ਦੇ ਹੀ ਮਿਲੇ।

ਪਾਣੀ ਦਾ ਪੱਧਰ ਦਿਨੋਂ-ਦਿਨ ਨੀਵਾਂ ਹੋਣ ਕਰਕੇ ਰੱਸੇ ਨਾਲ਼ ਮੋਟਰ ਵਾਲੇ ਖੂਹ ਵਿੱਚ ਉੱਤਰਨਾ ਹੋਰ ਵੀ ਔਖਾ ਹੋਣ ਲੱਗ ਪਿਆ। ਇੱਕ ਵਾਰ ਖੂਹ ਹੋਰ ਡੂੰਘਾ ਕਰ ਰਹੇ ਸੀ ਕਿ ਪਿਤਾ ਜੀ ਕਹਿੰਦੇ, ਪਰੇ ਹੋਵੋ, ਮੈਂ ਉੱਤਰਦਾ ਹਾਂ ਰੱਸੇ ਨਾਲ਼। ਆਖਰ ਅਸੀਂ ਵੀ ਕਮਾਂਡੋ ਦੀ ਟਰੇਨਿੰਗ ਕੀਤੀ ਆ। ਅਸੀਂ ਬਹੁਤ ਮਨ੍ਹਾਂ ਕੀਤਾ ਪਰ ਉਹ ਜਿੱਦ ਕਰ ਗਏ ਕਿ ਪੁੱਤ ਅਜੇ ਵੀ ਮੈਂ ਰਾਤ ਨੂੰ 8 ਘੰਟੇ ਖਲੋ ਕੇ ਡਿਊਟੀ ਦਿੰਦਾ ਹਾਂ। ਉਹਨਾਂ ਨੇ ਰੱਸੇ ਨਾਲ ਉੱਤਰਨਾ ਸ਼ੁਰੂ ਕਰ ਦਿੱਤਾ। ਜਦੋਂ 10 ਕੁ ਫੁੱਟ ਰਹਿ ਗਿਆ, ਰੱਸਾ ਹੱਥ ਵਿੱਚ ਫਿਰ ਗਿਆ, ਪਰ ਉੱਤਰ ਗਏ। ਜਦੋਂ ਉੱਪਰ ਚੜ੍ਹਨ ਦੀ ਵਾਰੀ ਆਈ ਤਾਂ ਸਿਰੇ ਤੇ ਆ ਕੇ ਹੰਭ ਗਏ। ਫਿਰ ਕੀ ਸੀ, ਬੇਵੱਸ ਹੋ ਕੇ ਫਿਰ ਥੱਲੇ ਨੂੰ ਜਾਣ ਲੱਗੇ। 40 ਫੁੱਟ ਡੂੰਘੇ ਖੂਹ ਵਿੱਚ ਉੱਤਰਨਾ ਚੜ੍ਹਨਾ ਕਿਹੜਾ ਸੌਖਾ ਸੀ। ਜਿਸ ਖੂਹ ਵਿੱਚ ਬੋਰ ਕਰਵਾਇਆ ਸੀ, ਉਹ ਪਹਿਲਾਂ ਟਿੰਡਾਂ ਵਾਲਾ ਖੂਹ ਹੁੰਦਾ ਸੀ। ਅੰਦਰੋਂ ਪੱਕਾ ਹੋਣ ਕਰਕੇ ਰੱਸੇ ਨਾਲ ਚੜ੍ਹਨ ਵੇਲੇ ਪੈਰ ਵੀ ਨਹੀਂ ਲੱਗਦੇ ਸਨ। ਥੱਲੇ ਜਾਂਦਿਆਂ ਹੱਥਾਂ ਵਿੱਚ ਛਾਲੇ ਪੈ ਗਏ ਤੇ ਉਹ ਧੜੱਮ ਕਰਕੇ ਥੱਲੇ ਡਿੱਗ ਪਏ ਪਰ ਰੱਬ ਵੱਲੋਂ ਸੱਟ ਤੋਂ ਬਚਾ ਹੋ ਗਿਆ।

**

ਉਦੋਂ ਪੜ੍ਹੇ-ਲਿਖੇ ਤੇ ਘੱਟ ਪੜ੍ਹੇ ਮੁੰਡੇ-ਕੁੜੀਆਂ ਵਿਆਹ ਕਰਾ ਕੇ ਆਸਟ੍ਰੇਲੀਆ, ਕੈਨੇਡਾ ਸਟੱਡੀ ਵੀਜ਼ੇ ਤੇ ਜਾਂਦੇ ਸਨ। ਪਰ ਇਸ ਸਭ ਦੀ ਮੇਰੀ ਹੁਣ ਉਮਰ ਨਹੀਂ ਰਹੀ ਸੀ। ਕੈਨੇਡਾ,ਅਮਰੀਕਾ ਇੱਕ ਤਾਂ ਵਾਕਫੀ ਕੋਈ ਨਹੀਂ ਸੀ, ਦੂਜਾ 24-25 ਲੱਖ ਵੀ ਨਹੀਂ ਸੀ ਹੈਗਾ। ਸੋ ਆਪਣੀ ਪਹੁੰਚ ਯੂਰਪ ਤੱਕ ਹੀ ਸੀ। ਫਿਰ ਮਿਲ ਗਏ ਯੂਰਪ ਭੇਜਣ ਵਾਲੇਸਾਰੀ ਗੱਲਬਾਤ ਹੋ ਗਈ। ਕੁਝ ਦਿਨਾਂ ਬਾਅਦ ਹੀ ਕਹਿੰਦੇ, ਐਡਵਾਂਸ ਪੈਸੇ ਦੇ ਜਾਉ, ਵੀਜ਼ਾ ਲਵਾਉਣਾ ਹੈ। ਮੈਂ ਪੈਸੇ ਦੇ ਆਇਆ। ਮਹੀਨੇ ਕੁ ਬਾਅਦ ਫੋਨ ਆਇਆ। ਕਹਿਣ ਲੱਗੇ, ਦਿੱਲੀ ਜਾਣਾ ਹੈ, ਤੇਰਾ ਵੀਜ਼ਾ ਲੱਗ ਗਿਆ। ਮੈਂ ਬਹੁਤ ਖੁਸ਼ ਹੋਇਆ। ਸਾਰੇ ਘਰਦੇ ਵੀ ਖੁਸ਼ ਸਨ। ਇੱਕ ਉਮੀਦ ਦੀ ਕਿਰਨ ਜਾਗੀ ਸੀ। ਫਿਰ ਜਾਣ ਵਾਲਾ ਦਿਨ ਵੀ ਨੇੜੇ ਆ ਗਿਆ। ਇੱਕ ਦਿਨ ਪਹਿਲਾਂ ਸ਼ਹਿਰ ਗਿਆ। ਨਵੇਂ ਕੱਪੜੇ ਖਰੀਦੇ। ਨਵਾਂ ਸੂਟਕੇਸ ਲਿਆ, ਉਹ ਵੀ ਟਾਇਰਾਂ ਵਾਲਾ। ਜਦੋਂ ਉਸ ਨੂੰ ਰੇੜ੍ਹ ਕੇ ਘਰ ਲਿਆਇਆ ਤਾਂ ਵਲੈਤੀਆਂ ਵਾਲੀ ਫੀਲਿੰਗ ਜਿਹੀ ਆਉਣ ਲੱਗ ਪਈ

ਕੁਝ ਬਹੁਤ ਕਰੀਬੀ ਰਿਸ਼ਤੇਦਾਰ, ਜਿਨ੍ਹਾਂ ਵਿੱਚ ਭੈਣ ਤੇ ਭੂਆ ਸੀ, ਉਹ ਵੀ ਮਿਲਣ ਆ ਗਏ। ਤੜਕੇ 4 ਵਜੇ ਤੁਰਨਾ ਸੀ। ਗੱਡੀ ਕਿਰਾਏ ਤੇ ਕਰ ਲਈ ਸੀ। ਰਾਤ ਨੂੰ ਸਾਰੇ ਮੈਨੂੰ ਬਹੁਤ ਗੌਰ ਨਾਲ਼ ਦੇਖ ਰਹੇ ਸੀ, ਸ਼ਾਇਦ ਸਭ ਦੇ ਮਨ ਵਿੱਚ ਇਹ ਖਿਆਲ ਸੀ ਕਿ ਹੁਣ ਦਾ ਦੇਖਿਆ ਕੀ ਪਤਾ ਕਦੋਂ ਦੇਖਣਾ। ਤੜਕੇ ਜਦੋਂ ਉੱਠਿਆ ਤਾਂ ਮਾਤਾ ਕਹਿੰਦੀ, ਪੁੱਤ ਗੁਰੂ-ਘਰ ਮੱਥਾ ਟੇਕ ਕੇ ਜਾਵੀਂ। ਗੁਰਦੁਆਰਾ ਸਾਹਿਬ ਘਰ ਦੇ ਬਿਲਕੁਲ ਸਾਹਮਣੇ ਸੀ। ਮੈਂ ਨਹਾ ਕੇ ਮੱਥਾ ਟੇਕਿਆ, ਅਰਦਾਸ ਕੀਤੀ ਕਿ ਵਾਹਿਗੁਰੂ ਕਿਸੇ ਟਿਕਾਣੇ ਲਾ ਦੇਵੀਂ।

ਜਦੋਂ ਘਰੋਂ ਤੁਰਨ ਲੱਗਾ, ਉਦੋਂ ਕਰਨ ਸੁੱਤਾ ਪਿਆ ਸੀ। ਮੈਂ ਉਸਦਾ ਮੱਥਾ ਚੁੰਮਿਆ ਤੇ ਕਿਹਾ, ਚੰਗਾ ਬਈ ਕਾਕੇ, ਮੈਂ ਚੱਲਿਆ ਹਾਂ। ਘਰਵਾਲੀ ਅੱਥਰੂ ਜਿਹੇ ਸੁੱਟਦੀ ਬੋਲੀ, ਕਿਹੋ-ਜਿਹੇ ਸਫਰ ਤੇ ਚੱਲੇ ਓ, ਇਹ ਵੀ ਨਹੀਂ ਪਤਾ ਕਿੱਥੇ ਰਾਤ ਪੈਣੀ ਹੈ, ਕਿੱਥੇ ਦਿਨ ਚੜ੍ਹਨਾ ਹੈ।”

ਫਿਕਰ ਨਾ ਕਰ, ਜੋ ਹੋਊ, ਦੇਖੀ ਜਾਊ।

ਤੁਰਨ ਲੱਗੇ ਨੂੰ ਮੈਨੂੰ ਸਾਰੇ ਪੈਸੇ ਦੇ ਰਹੇ ਸਨ। ਮੈਂ ਕਿਹਾ, ਪੈਸੇ ਹੈਗੇ ਆ ਮੇਰੇ ਕੋਲ਼ ਰਹਿਣ ਦਿਉ ਤੁਸੀਂ। ਭੂਆ ਕਹਿੰਦੀ, “ਰੱਖ ਲੈ ਪੁੱਤ, ਰਾਹ ਵਿੱਚ ਕੁਝ ਖਾ-ਪੀ ਲਵੀਂ। ਜਦੋਂ ਕਮਾਈ ਕਰਕੇ ਆਇਆ, ਫਿਰ ਸਾਨੂੰ ਵੱਧ ਮੋੜ ਦੇਵੀਂ।

ਭਰੇ ਹੋਏ ਮਨ ਨਾਲ਼ ਮੈਂ ਗੱਡੀ ਵਿੱਚ ਬੈਠ ਗਿਆ। ਗੱਡੀ ਵਾਲਾ ਕਹਿੰਦਾ, “ਅੱਜ ਤੜਕੇ ਕਿੱਧਰ ਤਿਆਰੀ ਕਰ ਲਈ?”

ਮੈਂ ਕਿਹਾ, “ਭਰਾਵਾ, ਯੂ ਪੀ ਵਿਆਹ ਚੱਲਿਆ ਹਾਂ।

ਕਿਸੇ ਨੂੰ ਜਿਆਦਾ ਦੱਸਿਆ ਵੀ ਨਹੀਂ ਸੀ। ਪੰਜ ਕੁ ਵਜੇ ਅੰਮ੍ਰਿਤਸਰ ਸਟੇਸ਼ਨ ਤੇ ਪਹੁੰਚ ਗਏ। ਇੱਥੋਂ ਹੋਰ ਤਿੰਨ-ਚਾਰ ਮੁੰਡਿਆਂ ਨਾਲ਼ ਟਰੇਨ ਤੇ ਦਿੱਲੀ ਜਾਣਾ ਸੀ। ਕੁਝ ਦੇਰ ਬਾਅਦ ਉਹ ਮੁੰਡੇ ਵੀ ਆ ਗਏ ਤੇ ਅਸੀਂ ਟਰੇਨ ਵਿੱਚ ਬੈਠ ਕੇ ਦਿੱਲੀ ਵੱਲ ਚੱਲ ਪਏ।

ਗੱਡੀ ਵਿੱਚ ਮੇਰੇ ਨਾਲ਼ ਤਿੰਨ ਮੁੰਡੇ ਹੋਰ ਸਨ। ਅਸੀਂ ਸ਼ਾਮ ਹੋਣ ਤੋਂ ਪਹਿਲਾਂ ਹੀ ਦਿੱਲੀ ਪਹੁੰਚ ਗਏ। ਉੱਥੇ ਸਾਨੂੰ ਇੱਕ ਹੋਟਲ ਵਿੱਚ ਲਿਜਾਇਆ ਗਿਆ। ਸਾਡੇ ਪਾਸਪੋਰਟ ਸਾਨੂੰ ਦੇ ਦਿੱਤੇ, ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗਾ ਕਿ ਸਾਡਾ ਇੱਕ ਛੋਟੇ ਦੇਸ਼ ਦਾ ਟੂਰਿਸਟ ਵੀਜ਼ਾ ਲੱਗਾ ਸੀ। ਉੱਥੇ ਜੋ ਬੰਦਾ ਮਿਲਿਆ, ਕਹਿੰਦਾ, ਯੂਰਪ ਦਾ ਵੀਜ਼ਾ ਉੱਥੇ ਜਾ ਕੇ ਮਿਲਣਾ। ਅਸੀਂ ਕਿਹਾ, ਠੀਕ ਆ ਜੀ। ਰਾਤ ਦੀ ਫਲਾਈਟ ਸੀ। ਅਸੀਂ ਟੈਕਸੀ ਕਰਕੇ ਏਅਰਪੋਰਟ ਚਲੇ ਗਏ। ਅੱਜ ਮੈਂ ਉਸ ਐਂਟਰੀ ਗੇਟ ਨੂੰ ਪਾਰ ਕਰ ਚੁੱਕਾ ਸੀ ਜਿੱਥੋਂ ਕਈ ਯਾਰਾਂ-ਦੋਸਤਾਂ ਨੂੰ ਲੰਘਾ ਕੇ ਆਪ ਨੂੰ ਵਾਪਸ ਮੁੜਨਾ ਪੈਂਦਾ ਸੀ। ਉਦੋਂ ਸੋਚਦਾ ਹੁੰਦਾ ਸੀ, ਮੈਂ ਪਤਾ ਨਹੀਂ ਕਦੋਂ ਇਸ ਗੇਟ ਤੋਂ ਅੱਗੇ ਜਾਣਾ।

ਸਾਰੀ ਕਾਰਵਾਈ ਪੂਰੀ ਕਰਕੇ ਆਖਿਰ ਅਸੀਂ ਜਹਾਜ਼ ਵਿੱਚ ਬੈਠ ਗਏ। ਪਹਿਲੀ ਵਾਰ ਜਹਾਜ ਵਿੱਚ ਬੈਠ ਕੇ ਅਜੀਬ ਜਿਹੀ ਖੁਸ਼ੀ ਦਾ ਅਹਿਸਾਸ ਹੋ ਰਿਹਾ ਸੀ। ਅਸੀਂ ਚਾਰ ਜਣੇਂ ਸੈਂਟਰ ਵਾਲੀਆਂ ਚਾਰ ਸੀਟਾਂ ਮੱਲ ਕੇ ਬੈਠੇ ਸੀ। ਕਦੇ ਬਚਪਨ ਵਿੱਚ ਜਹਾਜ ਦੇਖ ਕੇ ਡਰ ਜਾਣਾ ਤੇ ਕਦੇ ਕਹਿਣਾ, ਬੱਲੇ-ਬੱਲੇ ਇੰਨਾ ਉੱਚਾ ਪਤਾ ਨਹੀਂ ਕਿਵੇਂ ਉੱਡ ਜਾਂਦਾ। ਡਰਾਈਵਰ ਵੀ ਬਾਬਾ ਧੰਨ ਹੀ ਹੋਣਾ ਜਿਹੜਾ ਇੰਨਾ ਭਾਰਾ ਲੋਹੇ ਦਾ ਜਹਾਜ ਉਡਾ ਲੈਂਦਾ, ਸਾਡੇ ਕੋਲੋਂ ਤਾਂ ਕਾਗਜ਼ ਦੀ ਪਤੰਗ ਨਹੀਂ ਉਡਾਈ ਜਾਂਦੀ। ਜਿਸ ਬਾਰੇ ਇੰਨੇ ਖਿਆਲ ਬੁਣਦੇ ਹੁੰਦੇ ਸੀ, ਅੱਜ ਮੈਂ ਉਸ ਜਹਾਜ ਵਿੱਚ ਬੈਠਾ ਸੀ। ਪਰ ਅਜੀਬ ਅਹਿਸਾਸ ਸੀ ਕਿ ਜਦੋਂ ਪਿੰਡ ਸੀ, ਉਦੋਂ ਜਹਾਜ਼ ਬਾਰੇ ਸੋਚਦੇ ਸੀ ਪਰ ਅੱਜ ਜਹਾਜ਼ ਵਿੱਚ ਬੈਠ ਕੇ ਪਿੰਡ ਬਾਰੇ ਸੋਚ ਰਿਹਾ ਸੀ।

ਜਦੋਂ ਖਾਣਾ ਲੈ ਕੇ ਆਏ ਤਾਂ ਅਸੀਂ ਇੱਕ-ਦੂਜੇ ਨੂੰ ਪੁੱਛੀ ਜਾਈਏ - ਉਏ ਖਾਣਾ ਕਿਵੇਂ ਆ? ਪਿੰਡ ਵਾਲੇ ਡਾਕਟਰ ਦੀ ਦਵਾਈ ਵਾਂਗ ਕਈ ਤਾਂ ਪੁੜੀਆਂ ਜਿਹੀਆਂ ਦਿੰਦੇ ਆ। ਕੁਝ ਘੰਟਿਆਂ ਦੇ ਸਫਰ ਬਾਅਦ ਅਸੀਂ ਉਸ ਦੇਸ਼ ਪਹੁੰਚ ਗਏ। ਬਾਹਰ ਨਿਕਲ ਕੇ ਬੱਸ ਵਿੱਚ ਬੈਠ ਕੇ ਹੋਟਲ ਵੱਲ ਚੱਲ ਪਏ। ਇਹ ਦੇਸ਼ ਦੇਖਣ ਨੂੰ ਸੋਹਣਾ ਲੱਗ ਰਿਹਾ ਸੀ। ਸਾਡਾ ਹੋਟਲ ਦੋ ਵੱਡੇ ਟਾਵਰਾਂ ਵਰਗੀਆਂ ਬਿਲਡਿੰਗਾਂ ਦੇ ਕੋਲ ਸੀ। ਨਾਮ ਨਹੀਂ ਯਾਦ ਹੁਣਦੋ ਕੁ ਦਿਨਾਂ ਬਾਅਦ ਹੋਰ ਮੁੰਡੇ ਵੀ ਆ ਗਏ, ਇਸ ਨਾਲ਼ ਸਾਡੀ ਗਿਣਤੀ 17-18 ਦੇ ਕਰੀਬ ਹੋ ਗਈ। ਫਿਰ ਸਾਨੂੰ ਇੱਕ ਘਰ ਵਿੱਚ ਭੇਜ ਦਿੱਤਾ। ਉੱਥੇ ਆਟਾ-ਦਾਲਾਂ ਵੀ ਦੇ ਗਏ। ਸਾਡੇ ਵਿੱਚ ਇੱਕ ਰਿਟਾਇਰ ਫੌਜੀ ਵੀ ਸੀ। ਅਸੀਂ ਸਾਰੇ ਉਸ ਨੂੰ ਚਾਚਾ ਕਹਿੰਦੇ ਸੀ। ਉਹ ਸਬਜ਼ੀ ਬਣਾਉਣੀ ਜਾਣਦਾ ਸੀ। ਬਹੁਤੇ ਮੇਰੇ ਵਰਗੇ ਭਾਂਡੇ ਧੋਣ ਵਾਲੇ ਹੀ ਸਨ। ਅਸੀਂ ਰੋਟੀਆਂ ਖਾ ਲੈਣੀਆਂ ਤੇ ਸਾਰਾ ਦਿਨ ਤਾਸ਼ ਖੇਡੀ ਜਾਣੀ।

ਸਾਡੇ ਵਿੱਚੋਂ ਇੱਕ ਮੁੰਡਾ ਨੈੱਟ ਕੈਫੇ ਤੇ ਜਾਂਦਾ ਸੀ। ਮੈਨੂੰ ਪਹਿਲੀ ਵਾਰ ਉਸ ਕੋਲੋਂ ਪਤਾ ਲੱਗਾ ਕਿ ਕੋਈ ਈ-ਮੇਲ ਆਈ ਡੀ ਵੀ ਹੁੰਦੀ ਆ। ਇੰਝ ਹੀ ਸਾਨੂੰ ਉੱਥੇ ਇਕ ਮਹੀਨਾ ਲੰਘ ਗਿਆ। ਮਹੀਨੇ ਬਾਅਦ ਕਹਿੰਦੇ ਕਿ ਤੁਹਾਡਾ ਯੂਰਪ ਦਾ ਵੀਜ਼ਾ ਲੱਗ ਗਿਆ ਹੈ, ਪਰ ਤੁਹਾਡੇ ਕੋਲ ਸੱਤ-ਅੱਠ ਸੌ ਡਾਲਰ ਸ਼ੋਅ-ਮਨੀ ਚਾਹੀਦੀ ਆ, ਉਹ ਮੰਗਵਾ ਲਉ। ਸਾਡੇ ਵਿੱਚੋਂ ਇੱਕ ਮੁੰਡੇ ਦਾ ਬਾਪੂ ਇੰਗਲੈਂਡ ਸੀ। ਉਸ ਨੇ ਬਾਪੂ ਨੂੰ ਫੋਨ ਕੀਤਾ। ਅੱਗਿਉਂ ਜਵਾਬ ਆਇਆ ਕਿ ਹੈ ਨਹੀਂ ਮੇਰੇ ਕੋਲ ਪੈਸੇ। ਸਭ ਨੂੰ ਫਿਕਰ ਪੈ ਗਿਆ। ਜਦੋਂ ਮੇਰੀ ਵਾਰੀ ਆਈ ਤਾਂ ਮੇਰੇ ਕੋਲ਼ ਇੱਕੋ-ਇੱਕ ਸਹਾਰਾ ਸੀ। ਮੈਂ ਉਸ ਨੂੰ ਮੈਸੇਜ ਕੀਤਾ ਤੇ ਇੱਕ ਘੰਟੇ ਬਾਅਦ ਹੀ ਵੈਸਟਰਨ ਯੂਨੀਅਨ ਦਾ ਨੰਬਰ ਮੇਰੇ ਕੋਲ਼ ਸੀ। ਸਾਰੇ ਬਹੁਤ ਹੈਰਾਨ ਹੋਏ। ਕਹਿੰਦੇ, ਯਾਰੀ ਹੋਵੇ ਤਾਂ ਇਹੋ ਜਿਹੀ ਹੋਵੇ। ਹੁਣ ਅਸੀਂ ਆਪਣੀ ਮੰਜ਼ਿਲ ਵੱਲ ਬਿਲਕੁਲ ਤਿਆਰ ਸੀ।

ਸਾਨੂੰ ਛੇ ਜਣਿਆਂ ਨੂੰ ਯੂਰਪ ਦੇ ਰਾਹ ਤੋਰ ਦਿੱਤਾ ਗਿਆ। ਇੱਥੋਂ ਇੱਕ ਹੋਰ ਦੇਸ਼ ਜਾ ਕੇ ਫਿਰ ਉੱਥੋਂ ਯੂਰਪ ਦੇ ਜਹਾਜ ਚੜ੍ਹਨਾ ਸੀ। ਅਸੀਂ 10 ਕੁ ਵਜੇ ਉਸ ਦੇਸ਼ ਪਹੁੰਚ ਗਏ। ਇਹ ਸਮੁੰਦਰ ਦੇ ਵਿੱਚਕਾਰ ਇੱਕ ਛੋਟਾ ਜਿਹਾ ਟਾਪੂ ਸੀ। ਮੈਨੂੰ ਇਹ ਹਦਾਇਤ ਸੀ ਕਿ ਤੂੰ ਸਾਰਿਆਂ ਦੇ ਅੱਗੇ ਤੁਰਨਾ। ਬੀ.ਏ ਵਿੱਚ ਦੋ-ਤਿੰਨ ਸਾਲ ਲਾਉਣ ਕਰਕੇ ਸ਼ਾਇਦ ਮੈਨੂੰ ਪੜ੍ਹਿਆ-ਲਿਖਿਆ ਸਮਝਦੇ ਸਨ ਪਰ ਇਹ ਨਹੀਂ ਸੀ ਪਤਾ ਕਿ ਮੈਨੂੰ ਤਾਂ ਊੜਾ ਬੋਤਾ ਵੀ ਨਹੀਂ ਸੀ ਕਹਿਣਾ ਆਉਂਦਾ। ਮੈਂ ਇੰਮੀਗਰੇਸ਼ਨ ਕਰਵਾ ਕੇ ਆਪਣੇ ਸਮਾਨ ਦੀ ਉਡੀਕ ਕਰਨ ਲੱਗ ਪਿਆ। ਇੰਨੇ ਨੂੰ ਮੇਰੇ ਨਾਲ਼ ਦੇ ਦੋ ਹੋਰ ਮੁੰਡੇ ਵੀ ਆ ਗਏ। ਉਹਨਾਂ ਦਾ ਸਮਾਨ ਪਹਿਲਾਂ ਆ ਗਿਆ ਤੇ ਉਹ ਆਪਣਾ ਸਮਾਨ ਲੈ ਕੇ ਬਾਹਰ ਨਿੱਕਲ ਗਏ। ਫਿਰ ਚੌਥਾ ਮੁੰਡਾ ਵੀ ਮੇਰੇ ਕੋਲ਼ ਆ ਕੇ ਸਮਾਨ ਦਾ ਇੰਤਜ਼ਾਰ ਕਰਨ ਲੱਗ ਪਿਆ। ਜਦੋਂ ਅਸੀਂ ਦੋਵੇਂ ਸੂਟਕੇਸ ਲੈ ਕੇ ਤੁਰਨ ਲੱਗੇ ਤਾਂ ਦੋਂਹ ਪੁਲੀਸ ਵਾਲਿਆਂ ਨੇ ਸਾਨੂੰ ਆਣ ਘੇਰਿਆ। ਉਹ ਸਾਨੂੰ ਇੱਕ ਕਮਰੇ ਵਿੱਚ ਲੈ ਗਏ। ਉੱਥੇ ਸਾਡੇ ਨਾਲ਼ ਦਾ ਇੱਕ ਪਹਿਲਾਂ ਬਿਠਾਇਆ ਹੋਇਆ ਸੀ। ਮੈਨੂੰ ਸੁੱਝ ਗਈ ਕਿ ਕੰਮ ਵਿਗੜ ਗਿਆ ਹੈ। ਜਿਹੜਾ ਇੱਕ ਰਹਿੰਦਾ ਸੀ, ਉਸ ਨੂੰ ਵੀ ਉਹ ਲੈ ਆਏ। ਛੇਆਂ ਵਿੱਚੋਂ ਦੋ ਤਾਂ ਬਾਹਰ ਨਿੱਕਲ ਗਏ ਪਰ ਅਸੀਂ ਚਾਰ ਅੜਿੱਕੇ ਆ ਗਏ। ਜਿਹੜਾ ਸਭ ਤੋਂ ਪਹਿਲਾਂ ਫੜਿਆ ਸੀ, ਉਸ ਦੇ ਪਾਸਪੋਰਟ ਦੇ ਪਹਿਲੇ ਪੇਜ ਦੀ ਲੈਮੀਨੇਸ਼ਨ ਉੱਖੜੀ ਹੋਈ ਸੀ, ਜਿਸ ਕਰਕੇ ਸਾਰਾ ਪੰਗਾ ਖੜ੍ਹਾ ਹੋਇਆ। ਉਹਨਾਂ ਸਾਡੇ ਸਾਰੇ ਸਾਮਾਨ ਦੀ ਤਲਾਸ਼ੀ ਲਈ ਤੇ ਆਖਿਰ ਸਾਨੂੰ ਵਾਪਸ ਜਾਣ ਦਾ ਹੁਕਮ ਸੁਣਾ ਦਿੱਤਾ। ਸਾਡੇ ਵਿੱਚੋਂ ਦੋਂਹ ਜਣਿਆਂ ਕੋਲ਼ ਤਾਂ ਟਿਕਟ ਲੈਣ ਲਈ ਪੈਸੇ ਵੀ ਨਹੀਂ ਸਨਫਿਰ ਅਸੀਂ ਉਹਨਾਂ ਦੀਆਂ ਟਿਕਟਾਂ ਵੀ ਲਈਆਂ ਤੇ ਸ਼ਾਮ ਨੂੰ ਸਾਨੂੰ ਵਾਪਸ ਜਹਾਜ ਵਿੱਚ ਚੜ੍ਹਾ ਦਿੱਤਾ। ਸਾਡੇ ਪਾਸਪੋਰਟ ਪਾਇਲਟ ਨੂੰ ਦੇ ਦਿੱਤੇ। ਪਤਾ ਨਹੀਂ ਪਤੰਦਰਾਂ ਨੂੰ ਕੀ ਡਰ ਸੀ, ਅਸੀਂ ਕਿਹੜਾ ਰਾਹ ਵਿੱਚ ਉੱਤਰ ਜਾਣਾ ਸੀ। ਪਾਇਲਟ ਦੇ ਅਸੀਂ ਬਹੁਤ ਤਰਲੇ ਕੀਤੇ ਕਿ ਪਾਸਪੋਰਟ ਸਾਨੂੰ ਦੇ ਦੇਵੇ ਤਾਂ ਕਿ ਅਸੀਂ ਦੁਬਾਰਾ ਐਂਟਰੀ ਲੈ ਸਕੀਏ, ਪਰ ਉਸ ਨੇ ਇੱਕ ਨਾ ਸੁਣੀ। ਸਾਡੇ ਰੰਗ ਉੱਡੇ ਹੋਏ ਸਨ ਕਿ ਪਤਾ ਨਹੀਂ ਕੀ ਬਣਨਾ ਹੁਣ।

ਜਿਵੇਂ ਹੀ ਵਾਪਸ ਉਸ ਦੇਸ਼ ਆਏ, ਪਾਇਲਟ ਨੇ ਪਾਸਪੋਰਟ ਉੱਥੇ ਦੀ ਪੁਲੀਸ ਨੂੰ ਦੇ ਦਿੱਤੇ। ਉਹਨਾਂ ਸਾਡਾ ਸਾਮਾਨ ਰੱਖ ਕੇ ਸਾਨੂੰ ਜੇਲ ਨੁਮਾ ਕਮਰੇ ਵਿੱਚ ਬੰਦ ਕਰ ਦਿੱਤਾ, ਜਿੱਥੋਂ ਨਾ ਦਿਨ ਚੜ੍ਹਦੇ ਦਾ ਪਤਾ ਲੱਗਦਾ ਸੀ ਨਾ ਰਾਤ ਪੈਣ ਦਾ। ਸਾਡੀਆਂ ਟਿਕਟਾਂ ਕਨਫਰਮ ਕਰਨ ਲਈ ਭੇਜ ਦਿੱਤੀਆਂ। ਤਿੰਨ ਦਿਨ ਜਿਵੇਂ ਉੱਥੇ ਕੱਟੇ, ਉਹ ਅਸੀਂ ਜਾਣਦੇ ਹਾਂ ਜਾਂ ਸਾਡਾ ਰੱਬ। ਏ.ਸੀ. ਫੁੱਲ ਛੱਡਿਆ ਹੋਇਆ ਸੀ। ਠੰਢ ਨਾਲ਼ ਕੰਬਣੀ ਛਿੜਦੀ ਸੀ। ਫਰਸ਼ ਉੱਤੇ ਗੱਤਾ ਜਿਹਾ ਪਿਆ ਸੀ। ਕਦੇ ਉਹ ਗੱਤਾ ਉੱਪਰ ਲੈ ਲੈਂਦੇ, ਤੇ ਕਦੇ ਥੱਲੇ ਵਿਛਾ ਲੈਂਦੇ। ਕੁਝ ਖਾਣ-ਪੀਣ ਨੂੰ ਵੀ ਨਹੀਂ ਮਿਲਦਾ ਸੀ। ਅਸੀਂ ਇੱਕ ਪੁਲੀਸ ਵਾਲੇ ਨੂੰ ਕੋਲੋਂ ਪੈਸੇ ਦੇ ਕੇ ਇੱਕ ਕੋਲੇ ਦੀ ਬੋਤਲ ਤੇ ਬਿਸਕੁਟ ਮੰਗਵਾਏ।

ਸਾਡੇ ਵਿੱਚ ਇੱਕ ਮੁੰਡਾ ਜੋ ਛੇ ਫੁੱਟ ਜਵਾਨ ਸੀ। ਉਹ ਉੱਚੀ-ਉੱਚੀ ਰੋਣ ਲੱਗ ਪਿਆ ਕਹਿੰਦਾ, ਕਿੱਥੇ ਫਸ ਗਏ ਯਾਰ। ਉਸ ਵੱਲ ਦੇਖ ਕੇ ਸਾਨੂੰ ਵੀ ਫਿਕਰ ਹੋਣ ਲੱਗ ਪਿਆ। ਇੱਕ ਹੀ ਗੱਲ ਵਾਰ-ਵਾਰ ਦਿਮਾਗ ਵਿੱਚ ਘੁੰਮੀ ਜਾਵੇ, ਪਤਾ ਨਹੀਂ ਕੀ ਬਣਨਾ ਹੁਣ? ਇਹੋ ਜਿਹੇ ਬਾਹਰ ਨਾਲੋਂ ਤਾਂ ਇੰਡੀਆ ਹੀ ਚੰਗਾ ਸੀ। ਨਾ ਅਗਲਿਆਂ ਨੂੰ ਪਤਾ ਸੀ, ਨਾ ਪਿਛਲਿਆਂ ਨੂੰ, ਕਿ ਅਸੀਂ ਕਿੱਥੇ ਹਾਂ। ਤਿੰਨ ਦਿਨ ਅਸੀਂ ਕੰਧਾਂ ਨਾਲ ਗੱਲਾਂ ਕਰਦੇ ਹੋਏ ਕਿਸਮਤ ਨੂੰ ਕੋਸਦੇ ਰਹੇ। ਕਈ ਖਿਆਲ ਮਨ ਵਿੱਚ ਆਉਣ ... ਇਹਦੇ ਨਾਲੋਂ ਤਾਂ ਚੰਗਾ ਸੀ ਕਿ ਇੰਡੀਆ ਵਿਚ ਕੋਈ ਰੇਹੜੀ ਹੀ ਲਾ ਲੈਂਦੇ।

ਤੀਜੇ ਦਿਨ ਮੇਰੀ ਟਿਕਟ ਕਨਫਰਮ ਹੋ ਕੇ ਆ ਗਈ। ਤਿੰਨ ਦਿਨ ਅਸੀਂ ਰੋਟੀ ਦਾ ਮੂੰਹ ਨਹੀਂ ਦੇਖਿਆ ਸੀਢਿੱਡ ਵਿੱਚ ਕਤੂਰੇ ਨੱਚ ਰਹੇ ਸਨਜਦੋਂ ਏਅਰਪੋਰਟ ਤੇ ਗਏ ਤਾਂ ਏਅਰਲਾਈਨ ਵਾਲਿਆਂ ਨੇ ਕੌਫੀ ਪਿਲਾਈ, ਕਿਉਂਕਿ ਫਲਾਈਟ ਲੇਟ ਸੀ। ਉੱਥੇ ਇੱਕ ਹੋਰ ਮੁੰਡਾ ਮਿਲਿਆ। ਉਹ ਵਿਚਾਰਾ ਰੋ ਰਿਹਾ ਸੀ। ਕਹਿੰਦਾ, ਮੈਨੂੰ ਮੇਰਾ ਇੱਕ ਮਿੱਤਰ ਲੈ ਕੇ ਆਇਆ ਸੀ। ਕਹਿੰਦਾ,ਕੰਮ ਦੁਆਵਾਂਗੇ ਤੈਨੂੰ। ਇੱਥੇ ਆ ਕੇ ਉਸ ਦੇ ਮਿੱਤਰ ਨੇ ਉਸ ਕੋਲੋਂ ਪੈਸੇ ਲੈ ਲਏ। ਜਦੋਂ ਕੋਲ਼ ਕੋਈ ਪੈਸਾ ਨਾ ਰਿਹਾ ਤਾਂ ਉਸ ਨੂੰ ਐਂਟਰੀ ਨਾ ਮਿਲੀ ਤੇ ਵਾਪਸ ਇੰਡੀਆ ਡੀਪੋਰਟ ਕਰਨ ਲੱਗੇ ਸੀ। ਉਹ ਆਪਣੇ ਮਿੱਤਰ ਨੂੰ ਗਾਲ਼ਾਂ ਕੱਢ ਰਿਹਾ ਸੀ। ਕਹਿੰਦਾ, ਭਾਜੀ, ਚਾਰ ਦਿਨ ਹੋ ਗਏ ਏਅਰਪੋਰਟ ਤੇ ਬੈਠੇ ਨੂੰ। ਹੁਣ ਕੱਲ੍ਹ ਦੀ ਫਲਾਈਟ ਆ ਮੇਰੀ। ਉਸ ਨੇ ਆਪਣੇ ਘਰ ਦਾ ਨੰਬਰ ਦਿੱਤਾ, ਕਹਿੰਦਾ, ਮੇਰੇ ਘਰ ਦੱਸ ਦਿਉ ਕਿ ਮੈਂ ਕੱਲ੍ਹ ਨੂੰ ਆ ਜਾਣਾ। ਉਹਨਾਂ ਨੂੰ ਤਾਂ ਕੁਛ ਪਤਾ ਵੀ ਨਹੀਂ ਕਿ ਮੈਂ ਕਿੱਥੇ ਆਂ। ਕਹਿੰਦਾ, ਭਾਜੀ, ਦੋ ਲੱਖ ਰੁਪਇਆ ਖਰਾਬ ਕਰ ਲਿਆ। ਇਹਦੇ ਨਾਲ਼ੋਂ ਤਾਂ ਚੰਗਾ ਸੀ, ਇੰਡੀਆ ਜੂਸ ਦੀ ਰੇਹੜੀ ਲਾ ਲੈਂਦੇ ਤੇ ਨਾਲ਼ ਹੀ ਉਸ ਦਾ ਮਨ ਭਰ ਆਇਆ।

ਬੰਦਾ ਜਦੋਂ ਬੇਗਾਨੇ ਦੇਸ਼ ਕਸੂਤਾ ਫਸ ਜਾਂਦਾ ਹੈ, ਉਦੋਂ ਦਿਲ ਕਰਦਾ, ਇੰਡੀਆ ਮਜਦੂਰੀ ਕਰ ਲੈਂਦੇ ਚੰਗਾ ਸੀ। ਇੰਡੀਆ ਅੱਧੀ ਖਾ ਲੈਂਦੇ ਉਹ ਚੰਗਾ ਸੀ। ਇੱਕ ਮਹੀਨੇ ਬਾਅਦ ਜਹਾਜ਼ ਦਾ ਜਿਵੇਂ ਫਿਰ ਬੈਕ ਗੇਅਰ ਪੈ ਗਿਆ ਸੀ। ਕਿੰਨੇ ਸਵਾਲ ਦਿਮਾਗ ਵਿੱਚ ਘੁੰਮ ਰਹੇ ਸਨਘਰਦਿਆਂ ਨੇ ਕਿੰਨੇ ਚਾਅ ਨਾਲ਼ ਤੋਰਿਆ ਸੀ ਕਿ ਪੁੱਤ ਕਮਾਈ ਕਰਕੇ ਆਊਗਾ। ਲੋਕ ਕੀ ਕਹਿਣਗੇ? ਆ ਗਿਆ ਵਲੈਤੀਆ ਮੁੜ ਕੇ? ਦਿਲ ਕਰਦਾ ਸੀ ਜਹਾਜ਼ ਵਿੱਚੋਂ ਹੀ ਛਾਲ ਮਾਰ ਦੇਵਾਂ। ਕੀ ਮੂੰਹ ਦਿਖਾਊਂਗਾ ਜਾ ਕੇ। ਦਿੱਲੀ ਉਤਰਦਿਆਂ ਹੀ ਆਪਣੇ-ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰ ਰਿਹਾ ਸੀ। ਬਾਹਰ ਨਿੱਕਲਿਆ ਤਾਂ ਲੋਕ ਆਪਣਿਆਂ ਦਾ ਇੰਤਜ਼ਾਰ ਕਰ ਰਹੇ ਸੀ। ਕਈ ਹੋਟਲਾਂ ਵਾਲੇ ਤਖਤੀਆਂ ਫੜੀ ਖੜ੍ਹੇ ਸਨ ਮੈਂ ਭੀੜ ਵਿੱਚ ਗੁੰਮ ਤੁਰਿਆ ਜਾ ਰਿਹਾ ਸੀ। ਲਗਜ਼ਰੀ ਗੱਡੀਆਂ ਦੇ ਕੋਲ ਦੀ ਲੰਘਦਾ ਹੋਇਆ ਬਾਹਰ ਜਾ ਕੇ ਆਟੋ ਵਾਲੇ ਨੂੰ ਆਵਾਜ਼ ਮਾਰੀ ਤੇ ਆਟੋ ਵਿੱਚ ਬੈਠ ਗਿਆ। ਮੈਂ ਪੁੱਛਿਆ, “ਬਈਆ ਆਟੋ ਕਿੰਨੇ ਦਾ ਆਉਂਦਾ?”

ਉਹ ਬੋਲਿਆ, “ਬਾਊ ਜੀ, ਚਾਰ ਲਾਖ ਬਾਵਨ ਹਜ਼ਾਰ ਕਾ।”

ਮੈਂ ਫਿਰ ਪੁੱਛਿਆ, “ਕਿੰਨੇ ਪੈਸੇ ਕਮਾ ਲੈਂਦੇ ਓ?”

ਉਹਨੇ ਉੱਤਰ ਦਿੱਤਾ, “ਬਾਊ ਜੀ, ਪਾਂਚ-ਸਾਤ ਸੌ ਰੁਪਇਆ ਕਮਾ ਲੇਤੇ ਹੈਂ, ਏਕ ਦਿਨ ਕਾ।”

ਮੈਂ ਸੋਚੀਂ ਪੈ ਗਿਆ। ਜਿੰਨੇ ਪੈਸੇ ਬਾਹਰ ਜਾਣ ਲਈ ਦਿੱਤੇ ਆ, ਦੋ ਆਟੋ ਹੀ ਪਾ ਲੈਣੇ ਸੀ। ਸੋਚਾਂ ਸੋਚਦਿਆਂ ਹੀ ਮੈਂ ਹੋਟਲ ਵਿੱਚ ਪਹੁੰਚ ਗਿਆ।

ਹੋਟਲ ਵਿੱਚੋਂ ਰੋਟੀ ਖਾ ਕੇ ਸਿੱਧਾ ਚਲਾ ਗਿਆ ਪੰਜਾਬ ਰੋਡਵੇਜ਼ ਦੀ ਅਖੀਰਲੀ ਸੀਟ ਤੇ। ਕਟਾ ਕੇ ਜਲੰਧਰ ਦੀ ਟਿਕਟ ਸੋਚੀ ਜਾਵਾਂ, ਜੇ ਕਾਮਯਾਬ ਹੋ ਕੇ ਆਉਂਦਾ, ਗੱਡੀ ’ਤੇ ਲੈਣ ਆਉਣਾ ਸੀ ਘਰਦਿਆਂ ਨੇ। ਗੱਡੀ ਦੀ ਛੱਤ ਤੇ 3-4 ਅਟੈਚੀ ਰੱਖੇ ਹੋਣੇ ਸੀ। ਆਂਢ-ਗੁਆਂਢ ਨੇ ਬਾਹਰ ਨਿੱਕਲ-ਨਿੱਕਲ ਕੇ ਦੇਖਣਾ ਸੀ। ਮੈਂ ਵੀ ਨਾਈਕੀ ਦੇ ਟਰੈਕ ਸੂਟ ਨਾਲ਼ ਪਿਊਮਾ ਦੇ ਬੂਟ ਪਾ ਕੇ ਗਲ਼ੀ ਵਿੱਚ ਛੁੱਟੀ ਆਏ ਫੌਜੀ ਵਾਂਗ ਘੁੰਮਣਾ ਸੀ।

ਪਾਂ-ਪਾਂ ਵਾਲੇ ਹਾਰਨ ਅਤੇ ਇੱਕ ਦਮ ਮਾਰੀ ਬਰੇਕ ਨੇ ਮੇਰੀ ਸੋਚਾਂ ਦੀ ਲੜੀ ਤੋੜ ਦਿੱਤੀ। ਬੱਸ ਇੱਕ ਢਾਬੇ ’ਤੇ ਰੁਕ ਗਈ ਸੀ। ਸਾਰੀਆਂ ਸਵਾਰੀਆਂ ਕੁਝ ਖਾਣ-ਪੀਣ ਲਈ ਉੱਤਰ ਗਈਆਂ ਪਰ ਮੇਰਾ ਮਨ ਨਹੀਂ ਕਰਦਾ ਸੀ। ਕਰਦਾ ਵੀ ਕਿਵੇਂ? ਫੇਲ੍ਹ ਹੋਏ ਵਿਦਿਆਰਥੀ ਵਾਲ਼ਾ ਤਾਂ ਹਾਲ ਸੀ।

ਸਵੇਰੇ ਤੜਕੇ ਜਿਹੇ ਬੱਸ ਜਲੰਧਰ ਜਾ ਲੱਗੀ। ਉੱਥੋਂ ਕਪੂਰਥਲੇ ਦੀ ਬੱਸ ਫੜੀ। ਫਿਰ ਕਪੂਰਥਲੇ ਤੋਂ ਗੋਇੰਦਵਾਲ ਸਾਹਿਬ ਨੂੰ ਚੱਲ ਪਿਆ। ਗੋਇੰਦਵਾਲ ਸਾਹਿਬ ਤੋਂ ਫਿਰ ਬੱਸ ਬਦਲੀ ਤੇ ਫਤਿਆਬਾਦ ਆ ਗਿਆ। ਰਸਤੇ ਵਿੱਚੋਂ ਇੱਕ ਪਿੰਡ ਦੇ ਮਿੱਤਰ ਨੂੰ ਫੋਨ ਕਰ ਦਿੱਤਾ ਸੀ ਕਿ ਮੈਨੂੰ ਲੈ ਜਾਵੀਂ ਫਤਿਆਬਾਦ ਤੋਂ ਆ ਕੇ। ਲੋਕੀਂ ਬਾਹਰੋਂ ਫੋਨ ਕਰਦੇ ਆ ਕਿ ਏਅਰਪੋਰਟ ਤੋਂ ਲੈ ਜਾਇਉ ਪਰ ਇਹ ਮੂਰਤ ਬੱਸ ਅੱਡੇ ਤੇ ਖੜ੍ਹੀ ਸੀ। ਉਹ ਮੋਟਰ-ਸਾਈਕਲ ਤੇ ਆ ਗਿਆ। ਆਪਾਂ ਰੱਖਿਆ ਸੂਟਕੇਸ ਵਿਚਾਲੇ ਤੇ ਪਾ ਦਿੱਤੇ ਚਾਲੇ ਪਿੰਡ ਵੱਲ ਨੂੰ।

ਮੇਰਾ ਮਿੱਤਰ ਬੋਲਿਆ, ਹੋਰ ਤਾਂ ਮੈਨੂੰ ਪਤਾ ਨਹੀਂ, ਪਰ ਰੰਗ ਚਿੱਟਾ ਨਿੱਕਲ਼ ਆਇਆ ਤੇਰਾ। ਮੈਂ ਕਿਹਾ, ਭਰਾਵਾ ਰੰਗ ਈ ਚਿੱਟਾ ਮਨ ਤਾਂ ਖੱਟਾ ਹੋਇਆ ਪਿਆਘਰ ਦੇ ਦਰਵਾਜੇ ਕੋਲ਼ ਜਾ ਕੇ ਰੁਕੇ ਤਾਂ ਗਲ਼ੀ ਵਿੱਚ ਕੋਈ ਨਹੀਂ ਸੀ। ਮੈਂ ਕਾਹਲ਼ੀ ਨਾਲ਼ ਅੰਦਰ ਵੜ ਗਿਆ। ਅੱਗੇ ਬੇਬੇ ਤੇ ਘਰਵਾਲੀ ਰੋਟੀਆਂ ਪਕਾ ਰਹੀਆਂ ਸੀਬਾਪੂ ਤੇ ਕਰਨ ਰੋਟੀ ਖਾ ਰਹੇ ਸੀ। ਝੁਕੀਆਂ ਜਿਹੀਆਂ ਨਜ਼ਰਾਂ ਨਾਲ਼ ਜੰਗ ਵੇਲੇ ਛੁੱਟੀ ਲੈ ਕੇ ਆਏ ਫੌਜੀ ਵਾਂਗ ਮੈਂ ਝੂਠਾ ਜਿਹਾ ਹਾਸਾ ਹੱਸਦੇ ਨੇ ਸਾਰਿਆਂ ਨੂੰ ਸਾਸਰੀ ਕਾਲਬੁਲਾਈ ਤੇ ਅੰਦਰ ਚਲਾ ਗਿਆ।

ਬਾਪੂ ਬੋਲਿਆ, ਕਿੱਦਾਂ, ... ਲੌਟ ਕੇ ਬੁੱਧੂ ਘਰ ਕੋ ਆਏ।”

ਬੇਬੇ ਕਹਿੰਦੀ, ਚੱਲ ਅੱਛਾ, ਕੋਈ ਨਾ। ਇੱਥੇ ਕਿਹੜਾ ਕਿਸੇ ਗੱਲ ਦਾ ਘਾਟਾ। ... ਜੋ ਰੱਬ ਨੂੰ ਮਨਜੂਰ।”

ਘਰਵਾਲੀ ਪਾਣੀ ਲੈ ਕੇ ਆ ਗਈ

ਸਾਰੇ ਚੁੱਪ ਜਿਹੇ ਹੋ ਗਏ, ਜਿਵੇਂ ਮੈਂ ਕੁਝ ਗਵਾ ਆਇਆ ਹੋਵਾਂ।

ਹਾਂ, ਗਵਾ ਹੀ ਤਾਂ ਆਇਆ ਸੀ, ਢੇਰ ਸਾਰੇ ਰੁਪਈਏ। ਬਾਪੂ ਦੀ ਮਿਹਨਤ ਦੀ ਕਮਾਈ।

*****

(39)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)