HarparkashSRai7ਜਵਾਕ ਪਟਾਕੇ ਚਲਾ ਕੇ ਖੁਸ਼ ਹੋ ਰਹੇ ਸੀ ਪਰ ਮੈਂ ਛੇਵੇਂ ਸਾਲ ਵਿਚ ਵੀ ਹੰਝੂਆਂ ਦੇ ਦੀਵੇ ਬਾਲੀ ਬੈਠਾ ਸੀ ...
(ਜੁਲਾਈ 18, 2016)

 

ਇੱਕ ਦਿਨ ਮੈਂ ਆਪਣੇ ਸਹੁਰੇ ਗਿਆ। ਘਰਵਾਲੀ ਕਹਿੰਦੀ ਚਾਚਾ ਜੀ ਕੇ ਘਰ ਜਾਣਾ ਹੈ। ਮੈਂ ਕਿਹਾ, ਚਲੋ ਮਾਲਕੋ, ਆਪਾਂ ਤਾਂ ਹੁਕਮਾਂ ਦੇ ਬੱਝੇ ਹੋਏ ਹਾਂ। ਅਸੀਂ ਦਰਵਾਜਾ ਖੜਕਾਇਆ ਤਾਂ ਅੱਗਿਓਂ ਇੱਕ ਮੁੰਡਾ ਅਤੇ ਕੁੜੀ ਆਏ ਜੋ ਆਪਸ ਵਿਚ ਭੈਣ-ਭਰਾ ਸੀ। ਉਹਨਾਂ ਦੋਨਾਂ ਦਾ ਕੱਦ 6 ਕੋ ਫੁੱਟ ਦੇ ਕਰੀਬ ਸੀ। ਆਉਂਦੇ ਹੀ ਘਰਵਾਲੀ ਨੂੰ ਕਹਿੰਦੇ, ਭੂਆ ਜੀ ਸਤਿ ਸ੍ਰੀ ਅਕਾਲ ਤੇ ਮੈਨੂੰ ਕਹਿੰਦੇ, ਵੀਰ ਸਤਿ ਸ੍ਰੀ ਅਕਾਲ।

ਮੈਂ ਕਿਹਾ ਇੱਧਰ ਆਓ ਓਏ। ਮੰਨ ਲਿਆ ਕਿ ਤੁਸੀਂ ਕੱਦ ਵਿਚ ਮੇਰੇ ਨਾਲੋਂ ਵੱਡੇ ਹੋ, ਪਰ ਪਤੰਦਰੋ ਰਿਸ਼ਤਾ ਤਾਂ ਨਾ ਬਦਲੋ ਹੁਣ।

ਇਹੀ ਜਵਾਕ ਛੋਟੇ ਹੁੰਦੇ ਫੁੱਫੜ ਜੀ, ਫੁੱਫੜ ਜੀ ਕਰਦੇ ਹੁੰਦੇ ਸੀ ਤੇ ਅੱਜ ਦੇਖ ਲਓ। ਮੈਨੂੰ ਲੱਗਦਾ ਅੱਜਕੱਲ ਰਿਸ਼ਤੇ ਵੀ ਸ਼ਕਲ ਅਤੇ ਕੱਦ-ਕਾਠ ਦੇ ਹੀ ਰਹਿ ਗਏ ਨੇ।

ਬਾਹਰ ਵੱਸਦੇ ਹਰ ਪੰਜਾਬੀ ਦੀ ਇਹੀ ਇੱਛਾ ਹੁੰਦੀ ਹੈ ਕਿ ਉਹ ਹਰ ਦਿਨ-ਤਿਓਹਾਰ ਪੰਜਾਬ ਜਾ ਕੇ ਆਪਣੇ ਪਰਿਵਾਰ ਵਿਚ ਮਨਾਵੇ। ਮੈਂ ਵੀ ਪੰਜ ਸਾਲ ਦੀਵਾਲੀਆਂ-ਲੋਹੜੀਆਂ ਦੇਖਣ ਨੂੰ ਤਰਸਦਾ ਰਿਹਾ। ਇਹੀ ਸੋਚੀ ਜਾਣਾ ਕਾਸ਼ ਮੈਂ ਵੀ ਉੱਥੇ ਹੁੰਦਾ, ਇੰਝ ਕਰਦਾ, ਉਂਝ ਕਰਦਾ, ਤੇ ਫਿਰ ਹਰ ਦੀਵਾਲੀ ਤੇ ਹੰਝੂਆਂ ਦੇ ਦੀਵੇ ਬਾਲ ਕੇ ਸੌਂ ਜਾਣਾ।

ਦੀਵਾਲੀ ਅਤੇ ਲੋਹੜੀ ਖਾਸ ਦਿਨ ਹੁੰਦੇ ਨੇ। ਬਹੁਤੇ ਪਰਦੇਸੀ ਇਹਨਾਂ ਦਿਨਾਂ ਵਿਚ ਪੰਜਾਬ ਜਾਂਦੇ ਨੇ। ਮੈਂ ਵੀ ਇਸ ਦਿਵਾਲੀ ’ਤੇ ਪੰਜਾਬ ਸੀ। ਕਿੰਨੇ ਦਿਨ ਸੁਪਨੇ ਸਜਾਉਂਦਾ ਹੋਇਆ ਦੀਵਾਲੀ ਵਾਲੇ ਦਿਨ ਦਾ ਇੰਤਜ਼ਾਰ ਕਰਦਾ ਰਿਹਾ।

ਮੈਂ ਦੋ-ਤਿੰਨ ਦੀਵਾਲੀਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਦੇਖੀਆਂ ਨੇ। ਉੱਥੇ ਦਾ ਨਜ਼ਾਰਾ ਵੀ ਵੱਖਰਾ ਹੀ ਹੁੰਦਾ ਹੈ। ਉਹ ਕਹਾਵਤ ਸੱਚੀ ਹੈ … ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ।

ਜਦੋਂ ਛੋਟੇ ਹੁੰਦੇ ਸੀ ਤਾਂ ਪਟਾਕੇ ਚਲਾਉਣ ਦਾ ਬਹੁਤ ਚਾਅ ਹੁੰਦਾ ਸੀ। ਫਿਰ ਅਗਲੇ ਦਿਨ ਚੱਲੇ ਹੋਏ ਪਟਾਕਿਆਂ ਵਿੱਚੋਂ ਜੋ ਬਚ ਜਾਣੇ ਓਹੀ ਇਕੱਠੇ ਕਰੀ ਜਾਣੇ। ਸਾਰਾ ਕੂੜਾ ਫਰੋਲ ਦੇਣਾ, ਗਲੀਆਂ ਵਿਚ ਤੁਰੇ ਫਿਰਨਾ ਕਿ ਫਲਾਣੇ ਦੀ ਹਵਾਈ ਇੱਥੇ ਡਿੱਗੀ ਸੀ।

ਕਦੇ ਕਿਸੇ ਦੀ ਪਰਾਲੀ ਨੂੰ ਅੱਗ ਵੀ ਲੱਗ ਜਾਣੀ, ਫਿਰ ਬਾਲਟੀਆਂ ਚੱਕ ਕੇ ਭੱਜ ਪੈਣਾ, ਜਿੱਧਰ ਵੀ ਧੂੰਆਂ ਜਿਹਾ ਦਿਖਾਈ ਦੇਣਾ।

ਸਾਡੇ ਚਾਚੇ-ਤਾਇਆਂ ਦੇ ਘਰ ਬਰੋਬਰ ਤੇ ਹੁੰਦੇ ਸੀ, ਸਾਰਿਆਂ ਦੀ ਛੱਤ ਇਕੱਠੀ ਸੀ। ਅਸੀਂ ਸਾਰੇ ਟੱਬਰ ਨੇ ਕੋਠੇ ’ਤੇ ਚੜ੍ਹ ਕੇ ਆਤਿਸ਼ਬਾਜ਼ੀ ਚਲਾਉਣੀ ਤੇ ਖੂਬ ਗੱਪਾਂ ਮਾਰਨੀਆਂ। ਬੜੀ ਰੌਣਕ ਲਗਦੀ ਸੀ। ਅਧੀ ਰਾਤ ਤੱਕ ਹਾਸਾ-ਠਠਾ ਚਲਦਾ ਰਹਿਣਾ ਤੇ ਫਿਰ ਇੱਕ ਦੂਜੇ ਨੂੰ ਕਹਿਣਾ, “ਚਲੋ ਭਾਈ ਲਿਆਓ, ਅੱਜ ਕੇਹੜੀ ਬਰਫੀ ਲਿਆਂਦੀ ਆ ਖਾਣ ਨੂੰ।”

ਅੱਜ ਫਿਰ ਦੀਵਾਲੀ ਦਾ ਦਿਨ ਸੀ, ਜਵਾਕ ਪਹਿਲਾਂ ਹੀ ਕਹੀ ਜਾਣ - ਪਾਪਾ ਇਸ ਵਾਰ ਜਿਆਦਾ ਪਟਾਕੇ ਲਿਆਇਓ। ਹੁਣ ਮੇਰੇ ਮਨ ਵਿਚ ਪਟਾਕੇ ਚਲਾਉਣ ਦਾ ਚਾਅ ਨਹੀਂ ਰਿਹਾ ਸੀ ਪਰ ਜਵਾਕਾਂ ਨੂੰ ਬਹੁਤ ਸੀ। ਮੈਂ ਸ਼ਹਿਰ ਗਿਆ, ਉੱਥੇ ਬੜੀ ਚਹਿਲ-ਪਹਿਲ ਸੀ। ਬਾਜ਼ਾਰ ਵਿਚ ਦੀ ਲੰਘਣਾ ਔਖਾ ਸੀ। ਮੈਂ ਪਟਾਕੇ ਖਰੀਦ ਲਏ। ਜਦੋਂ ਬਰਫੀ ਵਾਲੀ ਦੁਕਾਨ ’ਤੇ ਗਿਆ ਤਾਂ ਨਜ਼ਾਰਾ ਦੇਖਣ ਵਾਲਾ ਹੀ ਬਣਦਾ ਸੀ। ਬਰਫੀ ਦੇ ਵੱਡੇ-ਵੱਡੇ ਸਟਾਲ ਲੱਗੇ ਸੀ ਪਰ ਬਰਫੀ ਨਾਲੋਂ ਜ਼ਿਆਦਾ ਮੱਖੀਆਂ ਅਤੇ ਭੂੰਡ ਨਜ਼ਰ ਆ ਰਹੇ ਸਨ। ਮੈਂ ਦੇਖਿਆ, ਲੋਕ ਵੀ ਅੰਨ੍ਹੇ ਹੋਏ ਹੋਏ ਸੀ, ਫਿਰ ਵੀ ਖਰੀਦੀ ਜਾਣ। ਦੁਕਾਨ ਵਾਲਾ ਹੱਥ ਨਾਲ ਮੱਖੀਆਂ ਉਡਾ ਕੇ ਬਰਫੀ ਪਾ ਦਿਆ ਕਰੇ। ਮੈਂ ਫੋਨ ਕੱਢ ਕੇ ਫੋਟੋ ਖਿੱਚਣ ਲੱਗਾ ਪਰ ਘਰਵਾਲੀ ਨੇ ਰੋਕ ਦਿੱਤਾ। ਕਹਿੰਦੀ, ਤੁਸੀਂ ਕਾਹਨੂੰ ਪੰਗਾ ਲੈਣਾ, ਸਾਨੂੰ ਕੀ, ਆਪਾਂ ਨਹੀਂ ਲੈਂਦੇ। ਵਿਚਾਰੀ ਕਹਿੰਦੀ ਹੋਣੀ ਐਂ, ਐਵੇਂ ਕੁੱਟ ਹੀ ਨਾ ਪੈ ਜਾਵੇ ਮੇਰੇ ਘਰਵਾਲੇ ਨੂੰ।

ਕਿਤੇ ਜਵਾਕ ਨਾ ਰੁੱਸ ਜਾਣ ਇਸੇ ਕਰਕੇ ਅਸੀਂ ਆਪਣੀ ਵੱਲੋਂ ਇੱਕ ਹੋਰ ਸਾਫ਼-ਸੁਥਰੀ ਦੁਕਾਨ ਤੋਂ ਬਰਫੀ ਲੈ ਲਈ। ਹੋ ਸਕਦਾ ਅੰਦਰ ਉਹਦੇ ਵੀ ਇਹੀ ਹਾਲ ਹੋਵੇ ਪਰ ਕਹਿੰਦੇ ਨੇ ਕਿ ਅੱਖੋਂ-ਪਰੋਖੇ ਦੀ ਕੋਈ ਗੱਲ ਨਹੀਂ ਹੁੰਦੀ। ਘਰ ਆਏ ਤਾਂ ਹਨੇਰਾ ਹੋ ਗਿਆ। ਮੇਰੀ ਨਿਗਾਹ ਕੋਠੇ ਦੀ ਛੱਤ ’ਤੇ ਪੈ ਗਈ। ਮੈਂ ਸੋਚਣ ਲੱਗ ਪਿਆ, ਇਸ ਵਾਰ ਕਿੱਥੇ ਇਕੱਠੇ ਹੋਵਾਂਗੇ ਸਾਰੇ? ਹੁਣ ਕੋਠੇ ਬਰੋਬਰ ਨਹੀਂ ਰਹੇ ਸੀ। ਕਿਸੇ ਨੇ ਸੋਹਣੀ ਕੋਠੀ ਪਾ ਲਈ ਤੇ ਕਿਸੇ ਨੇ ਸੋਹਣੇ ਮਕਾਨ। ਇੱਕ ਦੂਜੇ ਦੀ ਛੱਤ ਤਾਂ ਦਿਖਾਈ ਵੀ ਨਹੀਂ ਦੇ ਰਹੀ ਸੀ। ਆਪਣੀ ਛੱਤ ਵੱਲ ਦੇਖਿਆ ਉਸ ’ਤੇ ਚੜ੍ਹਨ ਲਈ ਤਾਂ ਪੌੜੀ ਵੀ ਨਹੀਂ ਸੀ।

ਮੈਂ ਚਾਚੇ-ਤਾਇਆਂ ਦੇ ਮੁੰਡਿਆਂ ਨੂੰ ਫੋਨ ਕੀਤੇ ਕਿ ਆ ਜੋ ਭਾਈ ਸਾਰੇ ਅੱਜ ਦੀਵਾਲੀ ਮੇਰੇ ਵੱਲ ਮਨਾਉਂਦੇ ਹਾਂ। ਕਹਿੰਦੇ, ਠੀਕ ਹੈ, ਆਉਂਦੇ ਹਾਂ ਪਰ 12 ਵਜੇ ਤੱਕ ਉਡੀਕਣ ਦੇ ਬਾਵਜੂਦ ਵੀ ਕੋਈ ਨਹੀਂ ਆਇਆ। ਇੱਕ ਆਪਣੀ ਸਾਂਝੀ ਕੰਧ ਤਾਂ ਪੰਜ ਕੁ ਮਿੰਟ ਖਲੋ ਕੇ ਅੰਦਰ ਚਲਾ ਗਿਆ। ਜਵਾਕ ਪਟਾਕੇ ਚਲਾ ਕੇ ਖੁਸ਼ ਹੋ ਰਹੇ ਸੀ ਪਰ ਮੈਂ ਛੇਵੇਂ ਸਾਲ ਵਿਚ ਵੀ ਹੰਝੂਆਂ ਦੇ ਦੀਵੇ ਬਾਲੀ ਬੈਠਾ ਸੀ।

ਹੁਣ ਉਹ ਗੱਲਾਂ ਹੀ ਨਹੀਂ ਰਹੀਆਂ, ਕਿਸੇ ਕੋਲ ਟਾਈਮ ਨਹੀਂ, ਕਿਸੇ ਦੇ ਦਿਲ ਵਿਚ ਪਹਿਲਾਂ ਵਰਗਾ ਪਿਆਰ ਨਹੀਂ ਰਿਹਾ।

ਜਵਾਕਾਂ ਦੇ ਪਟਾਕੇ ਖਤਮ ਹੋ ਗਏ ਤਾਂ ਅਸੀਂ ਲਿਆਂਦੀ ਹੋਈ ਬਰਫੀ ਖਾਣ ਲੱਗ ਪਏ ਪਰ ਬਰਫੀ ਜਿਵੇਂ ਮੇਰੇ ਗਲੇ ਵਿੱਚੋਂ ਲੰਘ ਨਹੀਂ ਰਹੀ ਸੀ। ਮੈਂ ਫਿਰ ਉਹਨਾਂ ਨੂੰ ਫੋਨ ਲਾਇਆ ਪਰ ਉਹਨਾਂ ਦਾ ਟਾਈਮ ਹੀ ਨਹੀਂ ਲੱਗਾ ਤੇ ਸੌਰੀ ਕਹਿ ਕੇ ਫੋਨ ਕੱਟ ਦਿੱਤਾ। ਉਹਨਾਂ ਦੇ ਫੋਨ ਕੱਟਣ ਵੇਲੇ ਆਖਰੀ ਬੋਲ ਸੀ, “ਹੈਪੀ ਦੀਵਾਲੀ ਵੀਰੇ।”

ਮੈਂ ਹੱਸ ਕੇ ਕਿਹਾ, “ਕਾਹਦੇ ਹੈਪੀ ਯਾਰ ...।”

ਮੈਂ ਸੋਚ ਰਿਹਾ ਸੀ ਕਿ ਇਸ ਨਾਲੋਂ ਤਾਂ ਚੰਗਾ ਸੀ ਦੀਵਾਲੀ ਤੇ ਇੰਡੀਆ ਨਾ ਹੀ ਆਉਂਦਾ। ਘੱਟੋ-ਘੱਟ ਮਨ ਵਿਚ ਵਹਿਮ ਜਿਹਾ ਤਾਂ ਬਣਿਆ ਰਹਿੰਦਾ ਤੇ ਮੈਂ ਉੱਥੇ ਬੈਠਾ ਕਹੀ ਜਾਂਦਾ, ਕਾਸ਼ ਮੈਂ ਵੀ ਦੀਵਾਲੀ ’ਤੇ ਇੰਡੀਆ ਹੁੰਦਾ। ਫਿਰ ਫੇਸਬੁੱਕ ’ਤੇ ਪਰਦੇਸੀਆਂ ਦੇ ਸਟੇਟਸ ਦੇਖ ਕਿ ਉਹਨਾਂ ’ਤੇ ਤਰਸ ਜਿਹਾ ਆਉਣ ਲੱਗ ਪਿਆ, ਮੈਂ ਕਈਆਂ ਦੇ ਕੌਮੈਂਟ ਵੀ ਕੀਤੇ ਕਿ ਭਾਈ ਚੰਗਾ ਹੈ, ਤੁਸੀਂ ਦੀਵਾਲੀ ’ਤੇ ਇੰਡੀਆ ਨਹੀਂ ਹੋ।

ਹਰ ਰੋਜ਼ ਦਿਨ ਚੜ੍ਹਦਾ ਤੇ ਲੰਘ ਜਾਂਦਾ। ਇੰਝ ਲਗਦਾ ਸੀ ਜਿਵੇਂ ਇੱਥੇ ਆ ਕੇ ਸਮੇਂ ਨੇ ਆਪਣੀ ਰਫਤਾਰ ਤੇਜ਼ ਕਰ ਲਈ ਹੋਵੇ। ਵੈਸੇ ਤਾਂ ਮੇਰੇ ਲਈ ਸਾਰੇ ਦਿਨ ਖਾਸ ਹੁੰਦੇ ਸੀ ਪਰ ਕੁਝ ਦਿਨ ਅਜਿਹੇ ਵੀ ਆਉਂਦੇ ਜੋ ਮੇਰੇ ਲਈ ਯਾਦਗਰੀ ਬਣ ਜਾਂਦੇ। ਅਜਿਹਾ ਹੀ ਇੱਕ ਉਹ ਦਿਨ ਸੀ ਜਦੋਂ ਫੇਸਬੁੱਕ ਤੇ ਮਿਲੀ ਇੱਕ ਭੈਣ ਘਰ ਮਿਲਣ ਆ ਗਈ।

ਫੇਸਬੁੱਕ ਦੀ ਬਿਮਾਰੀ ਮੈਨੂੰ ਪਿਛਲੇ ਤਿੰਨ ਸਾਲ ਤੋਂ ਘੁਣ ਵਾਂਗ ਲੱਗੀ ਹੋਈ ਹੈ। ਇਸ ਸਮੇਂ ਦੌਰਾਨ ਕਈ ਰਿਸ਼ਤੇ ਬਣੇ ਤੇ ਕਈ ਟੁੱਟੇ। ਕੁਝ ਨਿਭੀ ਵੀ ਜਾਂਦੇ ਨੇ ਤੇ ਕੁਝ ਟੁੱਟ ਕੇ ਵੀ ਨਾਲ ਹੀ ਲੱਗਦੇ ਨੇ।

ਸੁੱਖ ਸੰਘਾ, ਜਿਨ੍ਹਾਂ ਦਾ ਹਰ ਮੈਸਿਜ ਤੇ ਕੌਮੈਂਟ ਲਿਖਣ ਤੋਂ ਪਹਿਲਾਂ ਵਰਤਿਆ ਜਾਂਦਾ ਸ਼ਬਦ ਸਾਬ ਵੀਰ, ਕਦੇ ਆਮ ਸ਼ਬਦ ਹੀ ਲੱਗਦਾ ਸੀ। ਮੈਂ ਵੀ ਜਵਾਬ ਵਿਚ ਭੈਣ ਜੀ, ਕਹਿੰਦਾ ਸੀ ਪਰ ਕਦੇ ਸੋਚਿਆ ਨਹੀਂ ਸੀ ਕਿ ਇਹ ਰਿਸ਼ਤਾ ਫੇਸਬੁੱਕ ਤੋਂ ਨਿਕਲ ਕੇ ਪਰਿਵਾਰਿਕ ਰਿਸ਼ਤੇ ਵਿਚ ਬਦਲ ਜਾਵੇਗਾ। ਇਸ ਨੂੰ ਅਸਲੀ ਰੂਪ ਦਿੱਤਾ ਸੁੱਖ ਭੈਣ ਜੀ ਨੇ।

ਇਤਫਾਕ ਨਾਲ ਉਹ ਵੀ ਕੈਨੇਡਾ ਤੋਂ ਇੰਡੀਆ ਆ ਗਏ। ਇੱਕ ਦਿਨ ਫੋਨ ਆਇਆ, ਕਹਿੰਦੇ, ਸਾਬ ਵੀਰੇ ਮਿਲਣਾ ਤੁਹਾਨੂੰ। ਮੈਂ ਕਿਹਾ, ਜੀ ਆਇਆਂ ਨੂੰ ਭੈਣ ਜੀ, ਜਦੋਂ ਮਰਜ਼ੀ ਆਓ। ਪਰ ਮੈਨੂੰ ਫਿਰ ਨਹੀਂ ਲਗਿਆ ਕਿ ਉਹ ਸੱਚੀਂ ਆ ਜਾਣਗੇ। ਮੈਂ ਸੋਚਿਆ, ਕੌਣ ਆਉਂਦਾ ਇੰਝ, ਸਭ ਗੱਲਾਂ ਹੀ ਹੁੰਦੀਆਂ ਨੇ। ਫਿਰ ਇੱਕ ਦਿਨ ਫੋਨ ਆਇਆ, ਕਹਿੰਦੇ, ਆਪਣਾ ਪਿੰਡ ਦੱਸੋ, ਅਸੀਂ ਕੱਲ੍ਹ ਆ ਰਹੇ ਹਾਂ।

ਤੇ ਅਗਲੇ ਦਿਨ ਉਹ ਸੱਚੀਂ ਆ ਗਏ।

ਮੇਰੇ ਲਈ ਹੈਰਾਨੀ ਅਤੇ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਆਪਣੇ ਆਮ ਜਿਹੇ ਪੇਂਡੂ ਘਰ ਬਾਰੇ ਮੈਂ ਪਹਿਲਾਂ ਹੀ ਦੱਸ ਚੁੱਕਾ ਸੀ ਉਹਨਾਂ ਨੂੰ, ਤਾਂ ਕਿ ਐਵੇਂ ਪਿੰਡ ਆ ਕੇ ਇਹ ਨਾ ਪੁੱਛੀ ਜਾਣ ਕਿ ਉਹ ਜਿਹੜਾ ਸਾਬ ਰਾਏ ਆਇਆ ਸਪੇਨ ਤੋਂ, ਉਹਨਾਂ ਦੀ ਕੋਠੀ ਕਿਹੜੀ ਆ? ਹੋਰ ਕਿਤੇ ਕੋਠੀ ਲੱਭੇ ਨਾ ਤੇ ਇਹ ਮੁੜ ਹੀ ਜਾਣ।

ਉਹ ਮੇਰੇ ਨਾਲੋਂ ਕਾਫ਼ੀ ਵੱਡੇ ਨੇ, ਉਹਨਾਂ ਦੇ ਨਾਲ ਇੱਕ ਭਤੀਜੀ ਤੇ ਇੱਕ ਭਤੀਜਾ ਵੀ ਸੀ। ਮਿਲਣ ਵੇਲੇ ਉਹਨਾਂ ਨੇ ਜੋ ਸ਼ਬਦ ਵਰਤੇ ਉਹਨਾਂ ਤੋਂ ਮੈਨੂੰ ਯਕੀਨ ਹੋ ਗਿਆ ਕਿ ਇਹ ਰਿਸ਼ਤਾ ਰੁਕਣ ਵਾਲਾ ਨਹੀਂ। ਉਹਨਾਂ ਨੇ ਬੇਬੇ ਨੂੰ ਮੰਮੀ ਜੀ ਤੇ ਬਾਪੂ ਨੂੰ ਡੈਡੀ ਜੀ ਕਹਿ ਕੇ ਬੁਲਾਇਆ। ਮੇਰੀ ਸ਼੍ਰੀਮਤੀ ਨੂੰ ਜਦੋਂ ਇਹਨਾਂ ਭਾਬੋ ਕਿਹਾ, ਉਹ ਤੇ ਮੇਰੇ ਨਾਲੋਂ ਹੋਰ ਉੱਚੀ ਲੱਗਣ ਲੱਗ ਪਈ। ਨਾ ਤਾਂ ਆਪਾਂ ਕੋਈ ਦਿਖਾਵਾ ਕੀਤਾ ਤੇ ਨਾ ਹੀ ਉਹਨਾਂ। ਹਾਲਾਂਕਿ ਸਾਡੇ ਅਤੇ ਉਹਨਾਂ ਵਿਚ ਜ਼ਮੀਨ-ਅਸਮਾਨ ਦਾ ਫਰਕ ਸੀ। ਉਹਨਾਂ ਵੱਲੋਂ ਰਸੋਈ ਵਿਚ ਜਾ ਕੇ ਕੰਮ ਕਰਨ ਦੀ ਇੱਛਾ ਨੇ ਸਾਡੇ ਸਾਰੇ ਟੱਬਰ ਦਾ ਦਿਲ ਲੁੱਟ ਲਿਆ।

ਉਹਨਾਂ ਦੇ ਨਾਲ ਆਈ ਭਤੀਜੀ ਜਦੋਂ ਪਲੇਟਾਂ ਚੱਕ ਕੇ ਰਸੋਈ ਵੱਲ ਨੂੰ ਤੁਰੀ ਤਾਂ ਸਾਡੇ ਬਾਪੂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉਹ ਇੰਝ ਦਾ ਸੁਭਾ ਅਤੇ ਨਿਮਰਤਾ ਦੇਖ ਕੇ ਅਸ਼-ਅਸ਼ ਕਰ ਉੱਠੇ। ਇਹ ਗੱਲ ਮੇਰੇ ਲਈ ਵੀ ਬਹੁਤ ਹੈਰਾਨੀ ਵਾਲੀ ਸੀ, ਕਿਉਂਕਿ ਅੱਜਕਲ ਦੀਆਂ ਕੁੜੀਆਂ (ਸਾਰੀਆਂ ਨਹੀਂ) ਆਪਣੇ ਘਰ ਕੰਮ ਕਰਕੇ ਖੁਸ਼ ਨਹੀਂ, ਕਿਸੇ ਦੇ ਕੀ ਕਰਨਾ ਹੁੰਦਾ। ਉਹ ਵੀ ਉੱਥੇ ਜਿੱਥੇ ਅਸੀਂ ਪਹਿਲੀ ਵਾਰ ਗਏ ਹੋਈਏ॥. ਪਰ ਇਹਨਾਂ ਵੱਲ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਚੰਗੇ ਪਰਿਵਾਰ ਦੀ ਚੰਗੀ ਸਿੱਖਿਆ ਦਾ ਅਸਰ ਹੈ।

ਘਰ ਵਿਚ ਰੌਣਕ ਲੱਗੀ ਹੋਈ ਸੀ, ਜਵਾਕ ਸਕੂਲੋਂ ਆਉਂਦਿਆਂ ਹੀ ਨਿੱਕੇ ਜਿਹੇ ਦਰਵਾਜੇ ਮੂਹਰੇ ਵੱਡੀ ਸਾਰੀ ਗੱਡੀ ਦੇਖ ਕੇ ਕਹਿੰਦੇ ਕੌਣ ਆਇਆ? ਇਸ ਤੋਂ ਪਹਿਲਾਂ ਕੇ ਅਸੀਂ ਦੱਸਦੇ, ਭੈਣ ਜੀ ਹੋਰਾਂ ਜਵਾਕਾਂ ਨੂੰ ਆਪ ਉੱਠ ਕੇ ਗਲ਼ ਨਾਲ ਲਾ ਲਿਆ। ਫਿਰ ਜਦੋਂ ਪਰਸ ਵਿੱਚੋਂ ਚਾਕਲੇਟਾਂ ਤੇ ਟਾਫੀਆਂ ਕੱਢ ਕੇ ਦਿੱਤੀਆਂ, ਜਵਾਕ ਤਾਂ ਅੱਗੇ ਪਿੱਛੇ ਭੱਜੇ ਫਿਰਨ।

ਜੋ ਉਹਨਾਂ ਨੇ ਸਾਨੂੰ ਮਾਣ ਅਤੇ ਸਤਿਕਾਰ ਦਿੱਤਾ, ਉਹ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ। ਉਹਨਾਂ ਦੇ ਜਾਣ ਤੋਂ ਬਾਅਦ ਵੀ ਸਾਰਾ ਦਿਨ ਉਹਨਾਂ ਦੇ ਚੰਗੇ ਅਤੇ ਮਿਲਵਰਤਨ ਵਾਲੇ ਸੁਭਾ ਦੀਆਂ ਗੱਲਾਂ ਹੁੰਦੀਆਂ ਰਹੀਆਂ। ਜਦੋਂ ਉਹਨਾਂ ਨੂੰ ਤੋਰ ਕੇ ਵਾਪਸ ਆਏ ਤਾਂ ਜਵਾਕ ਪੁੱਛਣ ਲੱਗੇ, “ਪਾਪਾ, ਫਿਰ ਕਦੋਂ ਆਉਣਾ ਭੂਈ ਨੇ?”

ਉਸ ਤੋਂ ਬਾਅਦ ਵੀ ਉਹ ਕਈ ਵਾਰ ਆਏ ਸਾਡੇ ਕੋਲ।

*****

(358)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)