HarparkashSRai7ਹਨਾਂ ਨਾਲ ਫੋਨ ’ਤੇ ਗੱਲ ਹੋਈ ਤਾਂ ਕਹਿੰਦੇ, ਕਿ ਚਲੋ ਗਦਰੀ ਬਾਬਿਆਂ ਦੇ ਮੇਲੇ ਚੱਲਦੇ ਹਾਂ ...
(ਮਾਰਚ 31, 2016)


ਕੁਝ ਕੁ ਦਿਨਾਂ ਦੀ ਆਓ ਭਗਤ ਤੋਂ ਬਾਅਦ ਘਰਦਿਆਂ ਨੇ ਲੈ ਆਂਦਾ ਮੈਨੂੰ ਆਨੇ ਵਾਲੀ ਥਾਂ। ਬੇਬੇ ਕਹਿੰਦੀ, “ਪੁੱਤ ਰੇਹੜਾ (ਬੈਲ ਗੱਡੀ) ਲੈ ਜਾ ਤੇ ਖੇਤਾਂ ਵਿੱਚੋਂ ਪਰਾਲੀ ਲਿਆ ਦੇ।” ਮੈਂ ਸੋਚੀਂ ਪੈ ਗਿਆ ਕਿ
ਪੰਜ ਸਾਲ ਪਹਿਲਾਂ ਵੀ ਰੇਹੜੇ ਤੇ ਪਰਾਲੀ ਢੋਂਦਾ ਸੀ, ਅੱਜ ਫੇਰ ਓਹੀ ਕੰਮ। ਫਿਰ ਬਾਹਰ ਜਾਣ ਦਾ ਫਾਇਦਾ ਕੀ ਹੋਇਆ।

ਮੈਂ ਆਪਣੇ ਇੱਕ ਦੋਸਤ ਨੂੰ ਫੋਨ ਲਾਇਆ। ਮੈਂ ਕਿਹਾ, “ਟ੍ਰੈਕਟਰ ਘਰੇ ਹੀ ਆ?

ਉਹ ਕਹਿੰਦਾ, “ਆਹੋ।” ਮੈਂ ਕਿਹਾ ਚਾਹੀਦਾ ਸੀ। ਪਰਾਲੀ ਲਿਆਉਣੀ ਸੀ ਥੋੜ੍ਹੀ ਜਿਹੀ। ਕਹਿੰਦਾ, ਘਰੇ ਹੀ ਖੜ੍ਹਾ ਹੈ ਲੈ ਜਾ, ਚਾਬੀ ਵੀ ਵਿਚ ਹੀ ਆ, ਪਰ ਟਰਾਲੀ ਨਹੀਂ ਹੈਗੀ ਘਰ ਆਪਣੀ। ਮੈਂ ਇਕ ਹੋਰ ਮਿੱਤਰ ਨੂੰ ਫੋਨ ਲਾ ਦਿੱਤਾ, ਮੈਂ ਕਿਹਾ ਯਾਰ ਟਰਾਲੀ ਚਾਹੀਦੀ ਸੀ।  ਉਹ ਕਹਿੰਦਾ, ਜਨਾਬ, ਦੱਸੋ ਕਿੰਨੀਆਂ ਚਾਹੀਦੀਆਂ? ਲਾਈਨ ਲਾ ਦਿੰਨੇ ਆਂ ਟਰਾਲੀਆਂ ਦੀ। ਮੈਂ ਕਿਹਾ, ਭਰਾ ਇੱਕ ਹੀ ਚਾਹੀਦੀ ਆ। ਉਹ ਕਹਿੰਦਾ, ਘਰੇ ਹੀ ਖੜ੍ਹੀ ਆ, ਲੈ ਜਾ।

ਮੈਂ ਸੋਚਣ ਲੱਗ ਪਿਆ, ਜਿਹੜੇ ਪਤੰਦਰ ਕਦੇ ਗਰੀਬ ਨੂੰ ਸਾਇਕਲ ਵੀ ਮੰਗਵਾਂ ਨਹੀਂ ਦਿੰਦੇ ਸੀ ਅੱਜ ਟ੍ਰੈਕਟਰ ਵੀ ਕਹਿੰਦੇ ਆਪ ਹੀ ਲੈ ਜਾ। ਚਲੋ ਬਾਹਰ ਜਾਣ ਦਾ ਇਹ ਫਾਇਦਾ ਤਾਂ ਹੋਇਆ।

ਦੋ ਕੋ ਮਿੱਤਰ, ਜੋ ਮੈਨੂੰ ਚਾਚਾ ਵੀ ਕਹਿੰਦੇ ਸੀ, ਉਹ ਨਾਲ ਚੱਲ ਪਏ। ਘਰ ਆ ਕੇ ਗਲੀ ਵਿਚ ਮੈਂ ਪਰਾਲੀ ਲਾਹ ਰਿਹਾ ਸੀ। ਜਿਹੜਾ ਵੀ ਕੋਲ ਦੀ ਲੰਘੇ, ਲੈ ਬਾਹਰੋਂ ਆ ਕੇ ਵੀ ਪਰਾਲੀ ਲਾਹੀ ਜਾਨਾਂ। ਮੈਂ ਕਿਹਾ, ਜੀ ਕਿਓਂ ਹੋਰ ਕੀ ਕਰਨਾ ਚਾਹੀਦਾ? ਕਹਿੰਦੇ, ਬਾਹਰ ਵਾਲੇ ਤਾਂ ਹਵਾ ਹੀ ਬੜੀ ਕਰਦੇ ਆ। ਮੈਂ ਕਿਹਾ, ਜੀ ਆਪਾਂ ਅਜੇ ਹਵਾ ਕਰਨ ਜੋਗੇ ਹੈ ਨਹੀਂ। ਆਪਾਂ ਤਾਂ ਦਿਹਾੜੀਆਂ ਹੀ ਉੱਥੇ ਕਰਦੇ ਸੀ, ਓਹੀ ਕੰਮ ਇੱਥੇ ਕਰੀ ਜਾਨੇ ਆਂ। ਬਾਪੂ ਕਹਿੰਦਾ, ਪੁੱਤ ਜਿਆਦਾ ਸੱਚ ਨਾ ਬੋਲ। ਲੋਕ ਫਿਰ ਮਜ਼ਾਕ ਕਰਦੇ ਆ। ਮੈਂ ਕਿਹਾ, ਤੁਸੀਂ ਲੋਕਾਂ ਦੀ ਪਰਵਾਹ ਨਾ ਕਰੋ, ਆਪਾਂ ਆਪਣੇ ਘਰ ਖੁਸ਼ ਹਾਂ।

ਇੱਕ ਦਿਨ ਮੇਰੇ ਇੱਕ ਮਿੱਤਰ ਦਾ ਫੋਨ ਆ ਗਿਆ ਬਾਹਰੋਂ। ਕਹਿੰਦਾ ਯਾਰ ਮੇਰੇ ਘਰ ਸਮਾਨ ਦੇ ਆ, ਜੋ ਮੈਂ ਭੇਜਿਆ ਸੀ। ਮੈਂ ਪਿੰਡੋਂ ਇੱਕ ਦੋਸਤ ਨੂੰ ਨਾਲ ਲਿਆ ਤੇ ਤਿਆਰ ਹੋ ਗਏ ਜਾਣ ਲਈ। ਕਰਨ ਕਹਿੰਦਾ, ਪਾਪਾ ਮੈਂ ਵੀ ਜਾਣਾ। ਮੈਂ ਕਿਹਾ, ਪੁੱਤ ਤੂੰ ਵੀ ਹੋ ਜਾ ਤਿਆਰ। ਅਸੀਂ ਚਲੇ ਗਏ। ਚੰਗੀ ਖਾਤਰਦਾਰੀ ਕੀਤੀ ਉਹਨਾਂ ਨੇ ਸਾਡੀ। ਜਦੋਂ ਤੁਰਨ ਲੱਗੇ ਤਾਂ ਦੋਸਤ ਦਾ ਭਰਾ ਕਰਨ ਵੱਲ ਇਸ਼ਾਰਾ ਕਰਕੇ ਕਹਿੰਦਾ, ਭਾਜੀ, ਆਹ ਤੁਹਾਡਾ ਭਤੀਜਾ ਹੋਣਾ?”

ਮੇਰਾ ਹਾਸਾ ਨਿਕਲ ਗਿਆ। ਮੈਂ ਕਿਹਾ, ਭਾਜੀ, ਇੱਕ ਏਹੋ ਜਿਹਾ ਭਤੀਜਾ ਘਰ ਹੋਰ ਵੀ ਆ, ਪਰ ਇਹ ਭਤੀਜੇ ਮੇਰੇ ਨਹੀਂ, ਤੁਹਾਡੇ ਨੇ।”

ਉਹ ਸ਼ਰਮਿੰਦਾ ਜਿਹਾ ਹੋ ਗਿਆਕਹਿਣ ਲੱਗਾ, “ਸੌਰੀ ਭਾਜੀ, ਲਗਦਾ ਨਹੀਂ ਸੀ ਕਿ ਤੁਸੀਂ ਵਿਆਹੇ ਹੋਏ ਓ।”

ਅੱਜਕਲ ਪਿੰਡਾਂ ਵਿਚ ਜਵਾਕਾਂ ਨੂੰ ਅੰਕਲ ਕਹਿਣ ਦੀ ਬੜੀ ਆਦਤ ਪੈ ਗਈ ਆ। ਇਹ ਵੀ ਨਹੀਂ ਦੇਖਦੇ ਕਿ ਅੰਕਲ ਕਿਸ ਨੂੰ ਕਹਿਣਾ, ਕਿਸ ਨੂੰ ਨਹੀਂ। ਇੱਕ ਦਿਨ ਮੇਰੇ ਘਰਵਾਲੀ ਵਿਹੜੇ ਵਿਚ ਝਾੜੂ ਲਾਈ ਜਾਵੇ। ਮੈਂ ਅੰਦਰ ਬੈਠਾ ਟੀ ਵੀ ਦੇਖ ਰਿਹਾ ਸੀ। ਇੰਨੇ ਨੂੰ ਸਾਡੇ ਗਵਾਂਢੀਆਂ ਦਾ ਜਵਾਕ ਭੱਜਾ ਆਇਆ। ਆ ਕੇ ਕਹਿੰਦਾ, “ਆਂਟੀ, ਵੀਰ ਘਰੇ ਹੀ ਆ?”

ਦੱਸ ਪਤੰਦਰਾ, ਜੇ ਉਹਨੂੰ ਆਂਟੀ ਕਿਹਾ, ਮੈਨੂੰ ਵੀ ਅੰਕਲ ਕਹਿ ਲਾ।

ਫਿਰ ਇੱਕ ਦਿਨ ਫੇਸਬੁੱਕ ਵਾਲੇ ਮਿੱਤਰ ਪ੍ਰਿੰਸ ਧੁੰਨਾ ਦਾ ਫੋਨ ਆ ਗਿਆ, ਜੋ ਮੈਨੂੰ ਸਾਲ ਕੋ ਪਹਿਲਾਂ ਮਿਲਿਆ ਸੀ । ... ਪ੍ਰਿੰਸ ਧੁੰਨਾ - ਫੇਸਬੁੱਕ ਤੇ ਬਹੁਤ ਸਾਰੀਆਂ ਮਹਾਨ ਹਸਤੀਆਂ ਇਸ ਨਾਮ ਤੋਂ ਚੰਗੀ ਤਰ੍ਹਾਂ ਵਾਕਿਫ਼ ਨੇ। ਇਹ ਬੰਦਾ ਲਿਖਦਾ ਬਹੁਤ ਕਮਾਲ ਹੈ, ਮੈਂ ਪਹਿਲੀ ਵਾਰ ਇਸਦਾ ਲਿਖਿਆ ਚਰਿੱਤਰ-ਚਿਤਰਣ ਪੜ੍ਹਿਆ ਸੀ। ਓਦੋਂ ਹੀ ਆਪਾਂ ਵੀ ਫੈਨ ਹੋ ਗਏ ਸੀ, ਫਿਰ ਜਦੋਂ ਦੇਖਿਆ ਕਿ ਭਾਈ ਸਾਹਬ ਹੈ ਵੀ ਆਪਣੇ ਏਰੀਆ ਦੇ, ਫਿਰ ਤੇ ਹੋਰ ਵੀ ਜ਼ਿਆਦਾ ਖੁਸ਼ੀ ਹੋਈ।

ਥੋੜ੍ਹੀ ਬਹੁਤ ਜੱਦੋਜਹਿਦ ਪਿੱਛੋਂ ਸਾਡੀ ਸਾਂਝ ਪੈ ਗਈ। ਮਹਾਨ ਲੋਕਾਂ ਨਾਲ ਸਾਂਝ ਪਾਉਣੀ ਵੀ ਕਿਹੜਾ ਸੌਖੀ ਆਕਈ ਪਾਪੜ ਵੇਲਣੇ ਪੈਂਦੇ ਆ। ਖੈਰ ਇਕ ਦਿਨ ਇਹਨਾਂ ਨਾਲ ਫੋਨ ’ਤੇ ਗੱਲ ਹੋਈ ਤਾਂ ਕਹਿੰਦੇ, ਕਿ ਚਲੋ ਗਦਰੀ ਬਾਬਿਆਂ ਦੇ ਮੇਲੇ ਚੱਲਦੇ ਹਾਂ। ਮੈਂ ਕੁਝ ਸੋਚ-ਵਿਚਾਰ ਪਿੱਛੋਂ ਕਿਹਾ, ਠੀਕ ਹੈ ਭਾਜੀ ਚਲੇ ਜਾਵਾਂਗੇ। ਕਹਿੰਦੇ, ਕਿੱਥੇ ਮਿਲੋਗੇ? ਮੈਂ ਕਿਹਾ, ਗੋਇੰਦਵਾਲ ਸਾਹਿਬ ਆ ਜਾਇਓ।

ਮੈਂ ਸ਼ਾਮ ਨੂੰ ਗੋਇੰਦਵਾਲ ਸਾਹਿਬ ਜਾ ਕੇ ਜਵਾਕਾਂ ਵਾਂਗ ਸੜਕ ’ਤੇ ਖੜ੍ਹ ਕੇ ਉਡੀਕਣ ਲੱਗ ਪਿਆ। ਨਾਲ ਹੀ ਸੋਚੀ ਵੀ ਜਾਵਾਂ ਕਿ ਕੀ ਜ਼ਿੰਦਗੀ ਆ, ਬਾਹਰ ਵਾਲੇ ਇੰਡੀਆ ਵਾਲਿਆਂ ਨੂੰ ਘੁਮਾਉਂਦੇ ਆ ਪਰ ਇੱਧਰ ਤੇ ਗੰਗਾ ਉਲਟੀ ਹੀ ਵਗ ਰਹੀ ਸੀਇੱਥੇ ਵਾਲੇ ਕਹਿ ਰਹੇ ਸੀ ਕਿ ਆਓ ਤੁਹਾਨੂੰ ਘੁਮਾ-ਫਿਰਾ ਕੇ ਲਿਆਈਏ।

ਫਿਰ ਪ੍ਰਿੰਸ ਬਾਰੇ ਸੋਚਣ ਲੱਗ ਪਿਆ ਕਿ ਸਾਬ ਸਿਆਂ, ਬੰਦਾ ਪੜ੍ਹਿਆ ਲਿਖਿਆ ਤੇ ਸਿਆਣਾ ਹੈ, ਐਵੇਂ ਕਮਲ ਨਾ ਕੁੱਟੀ ਜਾਵੀਂ ਇੰਨੇ ਨੂੰ ਚਿੱਟੇ ਰੰਗ ਦੀ ਸਵਿਫਟ ਗੱਡੀ ਆਈ ਤੇ ਕੋਲ ਦੀ ਲੰਘ ਗਈ। ਮੈਨੂੰ ਯਕੀਨ ਹੋ ਗਿਆ ਕਿ ਵਾਕਿਆ ਹੀ ਮੇਰੀ ਹਾਲਤ ਸੜਕ ਕੰਢੇ ਤੁਰੇ ਫਿਰਦੇ ਜਵਾਕਾਂ ਵਰਗੀ ਆ। ਮੈਂ ਫੋਨ ਕੀਤਾ, ਭਰਾ, ਜੇ ਤਿਆਰ ਕੀਤਾ ਤਾਂ ਹੁਣ ਲੈ ਵੀ ਜਾਓ ਨਾਲਕੋਲ ਦੀ ਲੰਘ ਗਏ ਓ, ਕਿਤੇ ਨਾਤੀ-ਧੋਤੀ ਨਾ ਰਹਿ ਜਾਵੇ। ਉਹਨਾਂ ਗੱਡੀ ਰੋਕ ਲਈ। ਗੱਡੀ ਦਾ ਦਰਵਾਜ਼ਾ ਖੁੱਲ੍ਹਦਿਆਂ ਹੀ ਚਿੱਟੇ ਜਿਹੇ ਦੰਦ ਕੱਢਦਾ ਫੁਰਤੀਲਾ ਜਿਹਾ ਮੁੰਡਾ ਉੱਤਰਿਆ। ਜੀਨ ਦੀ ਪੈਂਟ, ਚਿੱਟੀ ਕਮੀਜ਼, ਪੀਊਮਾ ਦੇ ਬੂਟ, ਪੀਊਮਾ ਦੀ ਜੈਕਟ, ਨੀਲੇ ਰੰਗ ਦੀ ਪੱਗ, ਸੋਨੇ ਦੀ ਮੋਟੀ ਸਾਰੀ ਚੈਨ, ਗੁੱਟ ’ਤੇ ਕੜਾ, ਹਸੂੰ-ਹਸੂੰ ਕਰਦਾ ਚਿਹਰਾ। ਇਹ ਪ੍ਰਿੰਸ ਧੁੰਨਾ ਸੀ। ਫੇਸਬੁੱਕ ’ਤੇ ਲੱਗੀ ਫੋਟੋ ਤੋਂ ਬਿਲਕੁਲ ਉਲਟ ਦਿਸਦਾ ਸੀ। ਉਹਦੇ ਤੇ ਆਪਣੇ ਵਿਚ ਫਰਕ ਦੇਖ ਕੇ ਮੇਰਾ ਦਿਲ ਕਰੇ, ਇੰਝ ਹੀ ਕਹਿਣ ਲੱਗ ਜਾਵਾਂ, ‘ਅਲਾਹ ਕੇ ਨਾਮ ਪੇ ਕੁਛ ਦੇ-ਦੇ ਬਾਬਾ।’

ਅਸੀਂ ਜਲੰਧਰ ਵੱਲ ਤੁਰ ਪਏ। ਗੱਡੀ ਵਾਲੇ ਭਾਜੀ ਇੰਦਰਜੀਤ ਸਿੰਘ ਧਾਮੀ ਹੋਰੀਂ ਸੀ। ਜੋ ਸਰਕਾਰੀ ਟੀਚਰ ਨੇ। ਉਹ ਵੀ ਕਾਫੀ ਸੁਲਝੇ ਹੋਏ ਇਨਸਾਨ ਲੱਗਦੇ ਸੀ। ਇਹ ਫੇਸਬੁੱਕ ਵਾਲੇ ਪਹਿਲੇ ਮਿੱਤਰ ਸੀ, ਜੋ ਮੈਨੂੰ ਮਿਲ ਰਹੇ ਸੀ। ਜਾਣ-ਪਹਿਚਾਣ ਕਰਦੇ ਅਸੀਂ ਜਲੰਧਰ ਪਹੁੰਚ ਗਏ। ਇਹ ਪਹਿਲਾ ਮੌਕਾ ਸੀ ਜਦੋਂ ਮੈਂ ਕਿਸੇ ਸਾਹਿਤਕ ਮੇਲੇ ’ਤੇ ਜਾ ਰਿਹਾ ਸੀ। ਉੱਥੇ ਦੇਖਿਆ ਕਾਫੀ ਚਹਿਲ-ਪਹਿਲ ਸੀ। ਉੱਥੇ ਬਹੁਤ ਸਾਰੇ ਫੇਸਬੁੱਕ ਵਾਲੇ ਸੱਜਣ ਮਿਲੇ ਜਿਨ੍ਹਾਂ ਨੂੰ ਮੈਂ ਜਾਣਦਾ ਸੀ।ਇਨ੍ਹਾਂ ਵਿਚ ਭਾਜੀ ਸੁਰਜੀਤ ਗੱਗ, ਗੁਸਤਾਖ ਜ਼ਿਹਨ, ਗੁਰਦੀਪ ਸਿੰਘ ਤੇ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਨੂੰ ਮੈਂ ਨਹੀਂ ਵੀ ਜਾਣਦਾ ਸੀ। ਪਰ ਮੈਂ ਸਾਰਿਆਂ ਲਈ ਅਣਜਾਣ ਸੀ। ਮੈਂ ਜਵਾਕਾਂ ਵਾਂਗ ਪ੍ਰਿੰਸ ਭਾਜੀ ਦੀ ਉਂਗਲ ਫੜ ਕੇ ਤੁਰ ਰਿਹਾ ਸੀ, ਜਿਵੇਂ ਗਵਾਚ ਜਾਣ ਤੋਂ ਡਰ ਰਿਹਾ ਹੋਵਾਂ। ਉਹ ਸਾਰੇ ਪੜ੍ਹੇ-ਲਿਖੇ ਤੇ ਸਾਹਿਤ ਨਾਲ ਬਹੁਤ ਡੂੰਘੀ ਸਾਂਝ ਰੱਖਣ ਵਾਲੇ ਸੀ ਪਰ ਮੈਂ ਇੱਕ ਕੋਰਾ ਕਾਗਜ਼। ਉਹ ਕਿਸੇ ਵੀ ਵਿਸ਼ੇ ’ਤੇ ਗੱਲ ਕਰਦੇ ਤਾਂ ਮੇਰੇ ਕੋਲ ਬੋਲਣ ਲਈ ਕੁਝ ਵੀ ਨਹੀਂ ਹੁੰਦਾ ਸੀ, ਸੋ ਮੈਂ ਤੇ ਚੁੱਪ ਕਰਕੇ ਸੁਣੀ ਜਾਂਦਾ ਸੀ।

ਫਿਰ ਉਹ ਸਾਰੇ ਕਿਤਾਬਾਂ ਖਰੀਦਣ ਲੱਗ ਪਏ। ਇੱਕ ਦੂਜੇ ਨੂੰ ਕਹਿਣ, ਆਹ ਮੇਰੇ ਕੋਲ ਹੈਗੀ ਆ, ਆਹ ਲੈ ਚੱਲਦੇ ਹਾਂ। ਨਹੀਂ ਨਹੀਂ ਰਹਿਣ ਦੇ, ਆਹ ਤਾਂ ਸਾਰੀਆਂ ਮੈਂ ਪੜ੍ਹ ਲਈਆਂ ਨੇ। ਇੱਕ ਇੱਧਰ ਮੈਂ ਜੋ ਫੇਸਬੁੱਕ ਤੇ ਆਪੇ ਲਿਖਾਰੀ ਬਣਿਆ ਫਿਰਦਾ ਹਾਂ ‘ੳ ਊਠ’ ਵਾਲੇ ਕੈਦੇ ਤੋਂ ਬਿਨਾਂ ਕੁਝ ਪੜ੍ਹਿਆ ਵੀ ਨਹੀਂ। ਮੈਂ ਪ੍ਰਿੰਸ ਨੂੰ ਕਿਹਾ, ਭਾਜੀ ਯਾਰ ਮੈਨੂੰ ਵੀ ਲੈ ਦੇ ਕਿਤਾਬਾਂ। ਕਹਿੰਦੇ, ਤੁਸੀਂ ਕਿਸ ਨੂੰ ਪੜ੍ਹਨਾ ਪਸੰਦ ਕਰਦੇ ਹੋ? ਮੈਂ ਕਿਹਾ, ਭਰਾ ਜੋ ਵੀ ਵਧੀਆ ਲਿਖਦਾ, ਅਹੀ ਲੈ ਦੇ। ਮੈਂ ਤਾਂ ਪਹਿਲੀ ਵਾਰ ਹੀ ਪੜ੍ਹਨਾ। ਫਿਰ ਉਹਨਾਂ ਨਰਿੰਦਰ ਸਿੰਘ ਕਪੂਰ, ਜਸਵੰਤ ਜ਼ਫ਼ਰ, ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀਆਂ ਕੁਝ ਕਿਤਾਬਾਂ ਲੈ ਦਿੱਤੀਆਂ।

ਉੱਥੇ ਬਹੁਤ ਸਾਰੇ ਵਧੀਆ ਲੇਖਕ ਵੀ ਨਜਰੀਂ ਪਏ ਜਿਨ੍ਹਾਂ ਦੀਆਂ ਕਿਤਾਬਾਂ ਵੀ ਕਾਫੀ ਛੱਪ ਚੁੱਕੀਆਂ ਸੀ, ਪਰ ਉਹਨਾਂ ਦੀ ਹਾਲਤ ਦੇਖ ਕੇ ਮੈਂ ਸੋਚਦਾ ਸੀ ਕਿ ਚੰਗਾ ਹੈ ਮੈਂ ਕੋਈ ਲੇਖਕ ਨਹੀਂ ਹਾਂ। ਹੱਥ ਵਿ ਕਿਤਾਬਾਂ ਵਾਲਾ ਝੋਲਾ ਤੇ ਅੱਖਾਂ ’ਤੇ ਐਨਕਾਂ, ਉਹਨਾਂ ਦੀ ਤਰਸਯੋਗ ਹਾਲਤ ਬਿਆਨ ਕਰਦੀਆਂ ਸੀ। ਹੁਣ ਵੀ ਕਈ ਵਾਰ ਪੜ੍ਹਿਆ ਬਹੁਤ ਸਾਰੇ ਮਹਾਨ ਲੇਖਕ ਬਿਰਧ-ਆਸ਼ਰਮਾਂ ਵਿਚ ਦਿਨ ਕੱਟ ਰਹੇ ਨੇ। ਲੋਕ ਪੜ੍ਹ ਕੇ ਵਾਹ-ਵਾਹ ਤਾਂ ਕਰ ਜਾਂਦੇ ਨੇ ਪਰ ਨਾ ਸਰਕਾਰ ਤੇ ਨਾ ਉਹਨਾਂ ਦੇ ਫੈਨ, ਕੋਈ ਨਹੀਂ ਪੁੱਛਦਾ। ਲੋਕਾਂ ਨੂੰ ਰੂਹ ਦੀ ਖੁਰਾਕ ਦੇਣ ਵਾਲੇ ਆਪ ਅਕਸਰ ਢਿੱਡ ਦੀ ਖੁਰਾਕ ਤੋਂ ਵਾਂਝੇ ਰਹਿ ਜਾਂਦੇ ਨੇ।

ਉੱਥੇ ਬਹੁਤ ਸਾਰੇ ਨੌਜਵਾਨ ਮੁੰਡਿਆਂ ਵਿਚ ਕਿਤਾਬਾਂ ਖ਼ਰੀਦਣ ਦੀ ਹੋੜ ਦੇਖ ਕੇ ਖੁਸ਼ੀ ਵੀ ਹੋਈ।

ਨਾਲਦੇ ਮਿੱਤਰਾਂ ਦੀ ਜਾਣ ਪਹਿਚਾਣ ਦੇਖ ਕੇ ਮੈਂ ਸੋਚਣ ਲੱਗ ਪਿਆ ਫੇਸਬੁੱਕ ’ਤੇ ਏਡੀ ਵੱਡੀ ਫਰੈਂਡ ਲਿਸਟ ਆ ਪਰ ਜਾਣਦਾ ਮੈਨੂੰ ਕੋਈ ਵੀ ਨਹੀਂ। ਇੰਨੇ ਨੂੰ ਇਕ ਮੁੰਡੇ ਨੇ ਮੈਨੂੰ ਬਾਹੋਂ ਫੜ ਲਿਆ ਤੇ ਕਹਿੰਦਾ, ਭਾਜੀ, ਤੁਸੀਂ ਸਾਬ ਰਾਏ ਹੋ ਨਾ?

ਮੈਂ ਕਿਹਾ, ਹਾਂ ਜੀ ਭਾਜੀਉਹ ਕਹਿੰਦਾ, ਭਾਜੀ ਮੈਂ ਤੁਹਾਡੀ ਲਿਸਟ ਵਿਚ ਹਾਂ ।

ਮੈਨੂੰ ਮਨ ਹੀ ਮਨ ਵਿਚ ਚਾਅ ਜਿਹਾ ਚੜ੍ਹ ਗਿਆ, ਫਿਰ ਉਹ ਕਹਿੰਦਾ, ਭਾਜੀ ਤੁਸੀਂ ਲਿਖਦੇ ਬਹੁਤ ਸੋਹਣਾ ਹੋਮੈਂ ਹੋਰ ਫੁੱਲ ਗਿਆ। ਮੈਂ ਕਿਹਾ. ਮਿਹਰਬਾਨੀ ਭਰਾ। ਇਹ ਮੁੰਡਾ ਇਬਾਦਤ ਪ੍ਰੀਤ ਸੀ ਜੋ ਆਪ ਵੀ ਬਹੁਤ ਸੋਹਣਾ ਲਿਖਦਾ ਹੈ। ਫਿਰ ਅਸੀਂ ਚਾਹ ਪੀਣ ਚਲੇ ਗਏਵਾਪਸ ਆਏ ਤਾਂ ਉਸ ਨੇ ਫਿਰ ਮੈਨੂੰ ਬਾਹੋਂ ਫੜ ਲਿਆ। ਕਹਿਣ ਲੱਗਾ, “ਭਾਜੀ ਇੱਕ ਫੋਟੋ ਲੈਣੀ ਸੀ ਤੁਹਾਡੀ।”

ਸੱਚ ਜਾਣਿਓਂ, ਮੇਰਾ ਤਾਂ ਫੁੱਲ ਕੇ ਪਟਾਕਾ ਪੈਣ ਵਾਲਾ ਹੋ ਗਿਆ। ਮੈਂ ਟੇਢੀ ਜਿਹੀ ਅੱਖ ਨਾਲ ਪ੍ਰਿੰਸ ਹੋਰਾਂ ਵੱਲ ਦੇਖਿਆ ਤੇ ਉਸ ਨੂੰ ਕਿਹਾ, ਭਰਾ, ਛੇਤੀ-ਛੇਤੀ ਖਿੱਚ ਲੈ। ਮੈਂ ਸੋਚਿਆ, ਨਾਲਦਿਆਂ ਨੇ ਦੇਖ ਲਿਆ ਤਾਂ ਐਵੇਂ ਕਹਿਣਗੇ, ਆਹ ਕਿੱਡਾ ਹੀਰੋ ਬਣਿਆ, ਫੋਟੋ ਸੈਸ਼ਨ ਕਰਵਾਉਂਦਾ ਫਿਰਦਾ।

ਪਰ ਮਾਫ਼ੀ ਚਾਹੁੰਦਾ ਹਾਂ ਇਬਾਦਤ ਭਾਜੀ ਕਿ ਮੈਂ ਤੁਹਾਡੇ ਨਾਲ ਚੰਗੀ ਤਰ੍ਹਾਂ ਪੇਸ਼ ਨਹੀਂ ਆ ਸਕਿਆ। ਬਸ ਸੰਗ ਜਿਹੀ ਮਾਰ ਗਈ। ...

ਕੁਝ ਮਹਾਨ ਹਸਤੀਆਂ ਦਾ ਲੇਖਾ-ਜੋਖਾ ਮੈਂ ਨਹੀਂ ਕੀਤਾ ਸੀ, ਕਿਉਂਕਿ ਇੱਕ ਮੈਂ ਆਪਣੇ ਆਪ ਨੂੰ ਇਸ ਕਾਬਿਲ ਨਹੀਂ ਸਮਝਦਾ ਕਿ ਉਹਨਾਂ ਬਾਰੇ ਕੁਝ ਲਿਖ ਸਕਾਂ, ਦੂਜਾ ਸ਼ਕਲ ਦੇਖਣ ਤੋਂ ਇਲਾਵਾ ਜ਼ਿਆਦਾ ਗੱਲਬਾਤ ਵੀ ਨਹੀਂ ਹੋਈ ਸੀ।

ਸਭ ਤੋਂ ਵੱਡੀ ਗੱਲ ਕਿ ਮੈਂ ਉਹਨਾਂ ਨਾਲ ਪੰਗਾ ਨਹੀਂ ਲੈਣਾ ਚਾਹੁੰਦਾ ਸੀ। ਖਾਸ ਕਰਕੇ ਗੁਸਤਾਖ ਜ਼ਿਹਨ ਨਾਲ। ਇਹਨਾਂ ਭਾਜੀ ਹੋਰਾਂ ਨੇ ਇੱਕ ਵਾਰ ਪ੍ਰਿੰਸ ਨਾਲ ਹੋਈ ਮੁਲਾਕਾਤ ਦਾ ਵਰਣਨ ਕੀਤਾ ਸੀ। ਜਿਸ ਦੀ ਤਾਰੀਫ਼ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹੈਗੇ। ਇਹਨਾਂ ਦੀ ਪ੍ਰੋਫਾਈਲ ਫੋਟੋ ਤੋਂ ਲਗਦਾ ਸੀ ਕਿ ਇਹ ਕਾਫੀ ਉਮਰ ਦੇ ਹੋਣੇ ਆਂ, ਪਰ ਜਦੋਂ ਉੱਥੇ ਜਾ ਕੇ ਮਿਲੇ ਤਾਂ ਪਤਾ ਲੱਗਾ ਕਿ ਇਹ ਗੁਸਤਾਖ ਜ਼ਿਹਨ ਹੈ ਤੇ ਮੈਂ ਹੈਰਾਨ ਜਿਹਾ ਰਹਿ ਗਿਆ। ਇਹ ਭਾਜੀ ਹੋਰੀਂ ਰਹਿੰਦੇ ਤਾਂ ਨਿਊਜੀਲੈਂਡ ਨੇ ਪਰ ਰੂਹ ਪੰਜਾਬ ਵਿਚ ਵੱਸਦੀ ਆ। ਬਿਲਕੁਲ ਦੇਸੀ ਜਿਹਾ ਸੁਭਾ ਤੇ ਸਿੱਧੀਆਂ ਗੱਲਾਂ। ਕੱਪੜਿਆਂ ਤੋਂ ਲੱਗਦਾ ਸੀ ਕਿ ਬਾਹਰੋਂ ਆਏ ਨੇ ਪਰ ਹੁਣ ਬੂਟਾਂ ਦਾ ਕਿਵੇਂ ਜ਼ਿਕਰ ਕਰਾਂ, ਪਾਈਆਂ ਤੇ ਜਨਾਬ ਹੋਰਾਂ ਚੱਪਲਾਂ ਸੀ। ਇਹਨਾਂ ਦੀਆਂ ਗੱਲਾਂ ਸੁਣ ਕੇ ਲੱਗਦਾ ਸੀ ਕਿ ਕਿਤਾਬਾਂ ਨਾਲ ਕਾਫੀ ਸਾਂਝ ਹੈ ਤੇ ਜਾਣਕਾਰੀ ਵੀ ਕਾਫੀ ਰੱਖਦੇ ਨੇ। ਸੋ ਮੈਂ ਇਹਨਾਂ ਨਾਲ ਜ਼ਿਆਦਾ ਗੱਲ ਕਰਨ ਨਾਲੋਂ ਇਹਨਾਂ ਨੂੰ ਸੁਣਨਾ ਹੀ ਠੀਕ ਸਮਝਦਾ ਸੀ। ਮਨ ਵਿਚ ਖੁਸ਼ੀ ਸੀ ਕਿ ਚਲੋ ਗੁਸਤਾਖ ਜ਼ਿਹਨ ਹੋਰਾਂ ਨੂੰ ਵੀ ਦੇਖ ਲਿਆ। ਅਸਲੀ ਨਾਮ ਇਹਨਾਂ ਸਾਨੂੰ ਦੱਸਣਾ ਠੀਕ ਨਹੀਂ ਸਮਝਿਆ, ਸ਼ਾਇਦ ਅਸੀਂ ਇਸ ਕਾਬਿਲ ਨਹੀਂ ਸੀ।

ਫਿਰ ਇੱਕ ਬੰਦਾ ਹੋਰ ਮਿਲਿਆ। ਖੁੱਲ੍ਹੀ ਦਾਹੜੀ, ਸਿਰ ਤੇ ਪੱਗ, ਪੈਂਟ-ਕਮੀਜ਼ ਪਾਈ ਹੋਈ ਸੀ। ਮੈਂ ਪ੍ਰਿੰਸ ਨੂੰ ਪੁੱਛਿਆ, ਇਹ ਭਾਜੀ ਹੋਰੀਂ ਕੌਣ ਨੇਉਸ ਨੇ ਦੱਸਿਆ ਕਿ ਇਹ ਸੁਰਜੀਤ ਗੱਗ ਹੈ। ਮੈਂ ਕਿਹਾ, ਅੱਛਾ। ਫਿਰ ਮੈਂ ਚੰਗੀ ਤਰ੍ਹਾਂ ਦੇਖਣ ਲੱਗ ਪਿਆ ਕਿ ਕੀ ਇਹ ਉਹੀ ਬੰਦਾ ਹੈ ਜਿਸ ਦੀਆਂ ਰਚਨਾਵਾਂ ਅਕਸਰ ਫੇਸਬੁੱਕ ਤੇ ਪੜ੍ਹਦਾ ਹਾਂ। ਪਹਿਚਾਣ ਇਸ ਕਰਕੇ ਨਹੀਂ ਹੋਈ ਕਿਉਂਕਿ ਫੇਸਬੁੱਕ ਫੋਟੋ ਵਿਚ ਇਹ ਮੋਨੇ ਸੀ। ਇਹ ਮੇਲੇ ਵਿਚ ਇੰਝ ਘੁੰਮ ਰਹੇ ਸੀ, ਜਿਵੇਂ ਕੋਈ ਵਿਆਹ ਦਾ ਪ੍ਰੋਗਰਾਮ ਹੋਵੇ। ਦੇਖਣ ਤੋਂ ਲੱਗਦਾ ਸੀ ਕਿ ਇਹਨਾਂ ਨੂੰ ਬਹੁਤ ਚਾਅ ਜਿਹਾ ਸੀ ਮੇਲੇ ਦਾ। ਮੈਨੂੰ ਇਹਨਾਂ ਹੱਥ ਮਿਲਾਉਣ ਤੋਂ ਇਲਾਵਾ ਇੱਕ ਹੀ ਗੱਲ ਪੁੱਛੀ, ਤੁਸੀਂ ਵੀ ਲਿਖਣ-ਪੜਨ ਦਾ ਕੋਈ ਸ਼ੌਂਕ ਰੱਖਦੇ ਹੋ?

ਮੈਂ ਕਿਹਾ, ਭਾਜੀ, ਸ਼ੌਂਕ ਤਾਂ ਰੱਖਦਾ ਹਾਂ ਪਰ ਅਜੇ ਕੁਝ ਲਿਖਿਆ-ਪੜ੍ਹਿਆ ਨਹੀਂ। ਇੱਕ ਵਾਰ ਲੋਕ ਰਾਜ ਜੀ ਹੋਰਾਂ ਕਿਹਾ ਸੀ ਕਿ ਹੁਣ ਜਦੋਂ ਇੰਡੀਆ ਗਏ, ਗੱਗ ਨੂੰ ਜ਼ਰੂਰ ਮਿਲਣਾ। ਮੈਂ ਵੀ ਉਦੋਂ ਮਨ ਵਿਚ ਸੋਚਣ ਲੱਗ ਪਿਆ ਸੀ, ਪਰ ਉਸ ਦਿਨ ਰੱਬ ਵੱਲੋਂ ਹੀ ਮਿਹਰ ਹੋ ਗਈ ਤੇ ਪ੍ਰਿੰਸ ਦੀ ਵਜਾਹ, ਇਹਨਾਂ ਦੇ ਵੀ ਦਰਸ਼ਨ ਹੋ ਗਏ।

ਫਿਰ ਵਾਰੀ ਉਸ ਵਿਸ਼ੇਸ਼ ਵਿਅਕਤੀ ਦੀ ਆਈ, ਜਿਸ ਨੂੰ ਪ੍ਰਿੰਸ ਹੋਰੀਂ ਰਸਤੇ ਵਿੱਚੋਂ ਫੋਨ ਕਰਕੇ ਪੁੱਛ ਰਹੇ ਸੀ, ਕਿੱਥੇ ਹੋ ਤੁਸੀਂ? ਅਸੀਂ ਵੀ ਪਹੁੰਚ ਚੱਲੇ ਹਾਂ। ਉਹ ਸਨ ਗੁਰਦੀਪ ਸਿੰਘ ਜੀ। ਉਹ ਸਾਡੇ ਨਾਲੋਂ ਕਾਫੀ ਜ਼ਿਆਦਾ ਉਮਰ ਦੇ ਨੇ। ਉਹਨਾਂ ਦੀਆਂ ਗੱਲਾਂ ਤੋਂ ਲਗਦਾ ਸੀ ਕਿ ਉਮਰ ਤੇ ਕਿਤਾਬਾਂ ਦਾ ਕਾਫੀ ਤਜ਼ਰਬਾ ਹੈ ਉਹਨਾਂ ਨੂੰ। ਪੰਜਾਬ ਹੀ ਨਹੀਂ, ਪੂਰੇ ਇੰਡੀਆ ਦੀ ਆਰਥਿਕ, ਧਾਰਮਿਕ ਤੇ ਰਾਜਨੀਤਕ ਜਾਣਕਾਰੀ ਰੱਖਦੇ ਨੇ।

ਇੱਕ ਗੱਲ ਜੋ ਮੈਨੂੰ ਚੰਗੀ ਨਹੀਂ ਲੱਗੀ, ਉਹ ਇਹ ਸੀ ਕਿ ਪੂਰੇ ਮੇਲੇ ਵਿਚ ਸਾਰੇ ਇਕੱਠੇ ਨਹੀਂ ਰਹੇ। ਮੈਨੂੰ ਯਾਦ ਹੈ ਬਚਪਨ ਵਿਚ ਜਦੋਂ ਕਿਸੇ ਵੀ ਮੇਲੇ ਜਾਂਦੇ ਸੀ, ਜਿਸ ਨਾਲ ਜਾਣਾ, ਉਸੇ ਨਾਲ ਸਾਰਾ ਦਿਨ ਮੇਲਾ ਦੇਖਣਾ ਤੇ ਫਿਰ ਵਾਪਸ ਆਉਣਾ, ਪਰ ਇੱਥੇ ਸਭ ਉਲਟ ਸੀ। ਜਿਹੜਾ ਵੀ ਮਿਲਦਾ ਕੁਝ ਦੇਰ ਨਾਲ ਰਹਿੰਦਾ ਫਿਰ ਫੋਨ ਕਰਕੇ ਪੁੱਛਣਾ ਪੈਂਦਾ ਸੀ ਕਿ ਕਿੱਥੇ ਹੋ ਤੁਸੀਂ? ਇੱਕ ਗੱਲ ਹੋਰ ਜੋ ਮੈਂ ਮਹਿਸੂਸ ਕੀਤੀ ਕਿ ਉੱਥੇ ਲੇਖਕਾਂ ਵਿਚ ਆਮ ਇਨਸਾਨਾਂ ਨਾਲੋਂ ਜ਼ਿਆਦਾ ਕਾਮਰੇਡੀ ਨਜ਼ਰ ਆ ਰਹੀ ਸੀ। ਪਤਾ ਨਹੀਂ ਕਿਉਂ? ਖੈਰ, ਕੁੱਲ ਮਿਲਾ ਕੇ ਮੇਰੇ ਲਈ ਤਾਂ ਇਹ ਬਹੁਤ ਵਧੀਆ ਮੇਲਾ ਸੀ ਕਿਉਂਕਿ ਬਹੁਤ ਕੁਝ ਦੇਖਣ ਤੇ ਸਿੱਖਣ ਨੂੰ ਮਿਲਿਆ ਸੀ।

ਇੱਕ ਗੱਲ ਸਮਝ ਨਹੀਂ ਆਈ ਮੈਨੂੰ ਕਿ ਲਿਖਣ-ਪੜ੍ਹਨ ਦੇ ਸ਼ੌਕੀਨਾਂ ਨੂੰ ਸ਼ਰਾਬ ਨਾਲ ਇੰਨਾ ਮੋਹ ਕਿਓਂ ਹੁੰਦਾ ਹੈ? ਸਾਰਿਆਂ ਉੱਤੇ ਇਹ ਗੱਲ ਨਹੀਂ ਢੁੱਕਦੀ ਪਰ ਜਿਨ੍ਹਾਂ ਉੱਤੇ ਢੁੱਕਦੀ ਹੈ, ਉਹ ਜ਼ਰੂਰ ਦੱਸਣ। ਮੇਲੇ ਦਾ ਇੱਕ ਵੱਖਰਾ ਜਿਹਾ ਇਹਸਾਸ ਮਨ ਵਿਚ ਸਮਾ ਕੇ ਅਸੀਂ ਰਾਤ ਨੂੰ ਵਾਪਸ ਘਰ ਆ ਗਏ।

ਮੈਂ ਇਕ ਮਧ-ਵਰਗੀ ਪੇਂਡੂ ਪਰਿਵਾਰ ਨਾਲ ਸੰਬੰਧਿਤ ਹਾਂ। ਇਹੀ ਕਾਰਨ ਹੈ ਕਿ ਮੇਰੀ ਪੰਜਾਬ ਫੇਰੀ ਦੌਰਾਨ ਮੇਰੇ ਸੈਰ-ਸਪਾਟੇ ਦੇ ਕੇਂਦਰ, ਧਾਰਮਿਕ ਸਥਾਨ ਤੇ ਰਿਸ਼ਤੇਦਾਰੀਆਂ ਹੀ ਰਹੇ। ਦੂਜਾ ਸਾਡੇ ਏਰੀਆ ਵਿਚ ਬਾਬੇ ਦੀ ਫੁੱਲ ਕਿਰਪਾ ਹੈ ਕਿ ਗੁਰੂ-ਘਰ ਹੈ ਵੀ ਬਹੁਤ।

ਮੈਂ ਇੱਕ ਦਿਨ ਆਪਣੇ ਮਿੱਤਰ ਨਾਲ ਤਰਨ ਤਾਰਨ ਸਾਹਿਬ ਗਿਆ। ਤਰਨ ਤਾਰਨ ਜਾ ਕੇ ਗੁਰਦਵਾਰਾ ਸਾਹਿਬ ਨਾ ਜਾਈਏ ਇੰਝ ਕਦੇ ਹੋ ਨਹੀਂ ਸਕਦਾ। ਪੰਜ ਸਾਲ ਬਾਅਦ ਗੁਰੂ-ਘਰ ਜਾ ਕੇ ਬਹੁਤ ਵਧੀਆ ਲੱਗ ਰਿਹਾ ਸੀ। ਤਰਨ ਤਾਰਨ ਦੇ ਵਿਸ਼ਾਲ ਸਰੋਵਰ ਦਾ ਨਜ਼ਾਰਾ ਦੇਖਣ ਵਾਲਾ ਹੈ। ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਕਿ ਉਹਨਾਂ ਨੇ ਇਹ ਸਰੋਵਰ ਤੈਰ ਕੇ ਪਾਰ ਕੀਤਾ ਸੀ। ਮੈਨੂੰ ਯਾਦ ਹੈ ਜਦੋਂ ਅਸੀਂ ਉੱਥੇ ਪੜ੍ਹਦੇ ਹੁੰਦੇ ਸੀ ਤੇ ਸਾਡਾ 45 ਮਿੰਟ ਦਾ ਲਕਸ਼ ਹੁੰਦਾ ਸੀ, ਮੱਥਾ ਟੇਕ ਕੇ ਪਰਿਕਰਮਾ ਕਰਨੀ ਤੇ ਲੰਗਰ ਛਕ ਕੇ ਵਾਪਸ ਆਉਣਾ। ਬਚਪਨਾ ਸੀ, ਇਸ ਕਰਕੇ ਅਸਲ ਮਕਸਦ ਤੇ ਲੰਗਰ ਛੱਕਣਾ ਹੀ ਹੁੰਦਾ ਸੀ, …

ਫਿਰ ਅਸੀਂ ਬਜ਼ਾਰ ਵਿਚ ਆ ਰਹੇ ਸੀ ਕਿ ਇੱਕ ਐਕਟਿਵਾ ਸਾਡੇ ਅੱਗੇ ਆ ਕੇ ਰੁਕ ਗਈ। ਉਸ ਵਿਚ ਇੱਕ ਕੁੜੀ ਤੇ ਇਕ ਬਜ਼ੁਰਗ ਔਰਤ ਬੈਠੀਆਂ ਸੀ। ਕੁੜੀ ਨੇ ਇੱਕ ਦਮ ਕਿਹਾ, ਸਾਬ ਭਾਜੀ ਸਤਿ ਸ੍ਰੀ ਅਕਾਲ।”

ਇਸ ਤੋਂ ਪਹਿਲਾਂ ਕਿ ਮੈਂ ਜਵਾਬ ਦਿੰਦਾ, ਉਹ ਫਿਰ ਬੋਲੀ, “ਮੰਮੀ, ਇਹ ਸਾਬ ਭਾਜੀ ਨੇਬਹੁਤ ਸੋਹਣਾ ਲਿਖਦੇ ਨੇ।”

ਮੈਂ ਹੈਰਾਨ-ਪਰੇਸ਼ਾਨ ਜਿਹਾ ਸੀ। ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਇਹ ਸਭ ਕੀ ਹੋ ਰਿਹਾ। ਫਿਰ ਉਸ ਕੁੜੀ ਨੇ ਕਿਹਾ, “ਸਾਬ ਭਾਜੀ, ਪਹਿਚਾਣਿਆਂ ਨਹੀਂ?

ਮੈਂ ਕਿਹਾ, “ਨਹੀਂ ਜੀ, ਮੈਂ ਨਹੀਂ ਪਹਿਚਾਣਿਆ।”

“ਸਾਬ ਭਾਜੀ, ਮੈਂ ਕਿਰਨ ਹਾਂ, ਤੁਹਾਡੀ ਫੇਸਬੁੱਕ ਆਈਡੀ ਵਿਚ।”

ਮੈਂ ਕਿਹਾ, “ਉਹ, ਅੱਛਾ-ਅੱਛਾ। ਮਾਫ਼ ਕਰਨਾ ਭੈਣ ਜੀ, ਮੈਂ ਨਹੀਂ ਪਹਿਚਾਣ ਸਕਿਆ।”

ਫਿਰ ਕਿਰਨ ਦੇ ਮੰਮੀ ਵੀ ਕਹਿਣ ਲੱਗੇ, “ਚਲੋ ਬੇਟਾ ਘਰ ਚਲਦੇ ਹਾਂ।”

ਪਰ ਟਾਈਮ ਘੱਟ ਹੋਣ ਕਰਕੇ ਫਿਰ ਆਉਣ ਦਾ ਕਹਿ ਕੇ ਅਸੀਂ ਤੁਰ ਪਏ।

ਅੱਗੇ ਜਾ ਕੇ ਮੇਰੇ ਨਾਲ ਦਾ ਮੁੰਡਾ ਕਹਿੰਦਾ, ਚੱਲ ਭਰਾਵਾ ਘਰ ਨੂੰ ਚੱਲੀਏ। ਹੋਰ ਨਾ ਛਿੱਤਰ ਪਵਾ ਦੇਵੀਂ ਕਿਸੇ ਕੋਲੋਂ। ...”

ਉੱਥੋਂ ਅਸੀਂ ਘਰ ਨੂੰ ਚੱਲ ਪਏ

*****

(238)

ਆਪਣੇ ਵਿਚਾਰ ਲਿਖੋ: (sThis email address is being protected from spambots. You need JavaScript enabled to view it.)