BakhashSangha7ਨੀ ਧੀਏ ਨੀ ਭੋਲੀਏ ਧੀਏ, ਪੇਸ਼ ਨਾ ਪੈਣ ਬਲਾਵਾਂ ਨੀ
ਸਾਰਾ ਕੁਝ ਦਬਾ ਕੇ ਅੰਦਰ, ਕੱਟੀਆਂ ਅਸੀਂ ਸਜ਼ਾਵਾਂ ਨੀ ...

(ਫਰਵਰੀ 4, 2016)

 

1.

ਨੀ ਮਾਏ ਨੀ ਮੇਰੀਏ ਮਾਏ
ਇਹ ਕੇਹਾ ਇਕਰਾਰ ਨੀ
ਨਫ਼ਰਤ ਤੇ ਜ਼ੁਲਮਾਂ ਦੇ ਬਦਲੇ
ਦਿੰਦੀ ਰਹੀ ਸਤਿਕਾਰ ਨੀ

2.

ਨੀ ਧੀਏ ਨੀ ਭੋਲੀਏ ਧੀਏ
ਕਿੰਝ ਮਿਲੇ ਸਨਮਾਨ ਨੀ
ਮੂੰਹ-ਫੱਟ ਆਖ ਕੇ ਝਿੜਕਾਂ ਦਿੰਦੇ
ਖੋਲ੍ਹੀਏ ਜਦੋਂ ਜ਼ੁਬਾਨ ਨੀ

3.

ਨੀ ਮਾਏ ਨੀ ਮੇਰੀਏ ਮਾਏ
ਕੱਟੀਏ ਕਿਉਂ ਸਜ਼ਾਵਾਂ ਨੀ
ਗਲੋਂ ਗੁਲ਼ਾਮੀ ਜੂਲ਼ਾ ਲਾਹ ਕੇ
ਬਣਦੀ ਕਦਰ ਮੈਂ ਚਾਹਵਾਂ ਨੀ

4.

ਨੀ ਧੀਏ ਨੀ ਭੋਲੀਏ ਧੀਏ
ਪੇਸ਼ ਨਾ ਪੈਣ ਬਲਾਵਾਂ ਨੀ
ਸਾਰਾ ਕੁਝ ਦਬਾ ਕੇ ਅੰਦਰ
ਕੱਟੀਆਂ ਅਸੀਂ ਸਜ਼ਾਵਾਂ ਨੀ

5.

ਨੀ ਮਾਏ ਨੀ ਮੇਰੀਏ ਮਾਏ
ਇਹ ਦਿਲ-ਢਾਹੂ ਸਲ੍ਹਾਵਾਂ ਨੀ
ਮੁਸ਼ਕਲ ਦਾ ਜਦ ਕਰੋ ਟਾਕਰਾ
ਭੱਜਣ ਫੇਰ ਬਲਾਵਾਂ ਨੀ

6.

ਨੀ ਧੀਏ ਨੀ ਭੋਲੀਏ ਧੀਏ
ਦੇਵਾਂ ਨਾਹੀਂ ਸਲ੍ਹਾਵਾਂ ਨੀ
ਬਾਦਬਾਨ ਹੀ ਜਾਨਣ ਜਦੋਂ
ਝੁੱਲਣ ਅਤਿ ਹਵਾਵਾਂ ਨੀ

7.

ਨੀ ਮਾਏ ਨੀ ਮੇਰੀਏ ਮਾਏ
ਹਰ ਵੇਲੇ ਕਿਉਂ ਸਹਿੰਦੀ ਨੀ
ਕਿਸਨੇ ਖੋਹ ਲਈ ਖੁਸ਼ੀ ਨੀ ਤੇਰੀ
ਕਿਸ ਰੁਝੇਵੇਂ ਰਹਿੰਦੀ ਨੀ

8.

ਨੀ ਧੀਏ ਨੀ ਭੋਲੀਏ ਧੀਏ
ਕਰੇਂ ਅਵੱਲੀਆਂ ਗੱਲਾਂ ਨੀ
ਹੱਦਾਂ ਬੰਨੇ ਟੱਪ ਨਾ ਜਾਵਣ
ਖਾਹਿਸ਼ਾਂ ਨੂੰ ਪਾ ਠੱਲ੍ਹਾਂ ਨੀ

9.

ਨੀ ਮਾਏ ਨੀ ਮੇਰੀਏ ਮਾਏ
ਰੂਹਾਂ ਦੀ ਵੀ ਚਾਹਤ ਨੀ
ਅਸਲੋਂ ਪੱਥਰ ਹੋ ਨਾ ਜਾਵਣ
ਕੋਈ ਤਾਂ ਮਿਲ ਜਾਏ ਰਾਹਤ ਨੀ

10.

ਨੀ ਧੀਏ ਨੀ ਭੋਲੀਏ ਧੀਏ
ਕਿਹੜੀ ਲੋਅ ਤੂੰ ਵੇਖੇਂ ਨੀ
ਕਿਹੜੀ ਸੋਚ ਨੇ ਝੱਲੀ ਕੀਤਾ
ਕਿਹੜੀ ਧੁੱਪ ਤੂੰ ਸੇਕੇਂ ਨੀ

11.

ਨੀ ਮਾਏ ਨੀ ਮੇਰੀਏ ਮਾਏ
ਤਾਂਘ ਨਵੀਂ ਗਰਮਾ ਗਈ ਨੀ
ਚਾਨਣ ਦੀ ਇੱਕ ਕਿਰਨ ਸੰਧੂਰੀ
ਦਿਲ ਸਾਡੇ ਨੂੰ ਭਾਅ ਗਈ ਨੀ

12.

ਨੀ ਧੀਏ ਨੀ ਭੋਲੀਏ ਧੀਏ
ਗੱਲ ਪਕੜ ਨਾ ਆਵੇ ਨੀ
ਝੱਲ ਵਲੱਲੀਆਂ ਕਰਕੇ ਮੈਨੂੰ
ਫ਼ਿਕਰ ਨਵੇਂ ਹੀ ਪਾਵੇਂ ਨੀ

13.

ਨੀ ਮਾਏ ਨੀ ਮੇਰੀਏ ਮਾਏ
ਕਾਹਤੋਂ ਰਹਿੰਦੀ ਡਰਦੀ ਨੀ
ਕੰਨ ਲਾਵੇਂ ਸਾਡੀ ਪੈੜ-ਚਾਲ ਨੂੰ
ਹਰ ਪਲ ਸ਼ੰਕਾ ਕਰਦੀ ਨੀ

14.

ਨੀ ਧੀਏ ਨੀ ਭੋਲੀਏ ਧੀਏ
ਕੋਈ ਸ਼ੰਕਾ ਨਾ ਕਰਦੀ ਨੀ
ਭਾਈਚਾਰਾ ਕਿਤੇ ਊਂਜ ਨਾ ਲਾਵੇ
ਇਸੇ ਗੱਲੋਂ ਡਰਦੀ ਨੀ

15.

ਨੀ ਮਾਏ ਨੀ ਮੇਰੀਏ ਮਾਏ
ਉਮਰਾਂ ਨੇਰ੍ਹ ਢੋਇਆ ਨੀ
ਅਜੇ ਤੀਕ ਵੀ ਕੁਣਬਾ ਤੈਥੋਂ
ਕਦੇ ਖੁਸ਼ ਨਾ ਹੋਇਆ ਨੀ

16.

ਨੀ ਧੀਏ ਨੀ ਮੇਰੀਏ ਧੀਏ
ਪਾਵੀਂ ਨਾ ਝਮੇਲੇ ਨੀ
ਤੇਰੀ ਮਤ ਨਿਆਣੀ ਧੀਏ
ਸਮਝ ਉਮਰ ਦੇ ਵੇਲੇ ਨੀ

17.

ਨੀ ਮਾਏ ਨੀ ਮੇਰੀਏ ਮਾਏ
ਗੱਲਾਂ ਨਾ ਸੁਣੀਆਂ ਜਾਵਣ ਨੀ
ਉਮਰ ਜਵਾਨੀ ਰਸਮੀ ਪਹਿਰੇ
ਮੇਚ ਨਾ ਸਾਡੇ ਆਵਣ ਨੀ

18.

ਨੀ ਧੀਏ ਨੀ ਭੋਲੀਏ ਧੀਏ
ਨਾ ਕੋਈ ਚਲਦਾ ਜ਼ੋਰ ਨੀ
ਚੁੱਪ ਕਰਕੇ ਤੂੰ ਵਕਤ ਟਪਾ ਲੈ
ਪਾ ਨਾ ਐਵੇਂ ਸ਼ੋਰ ਨੀ

19.

ਨੀ ਮਾਏ ਨੀ ਮੇਰੀਏ ਮਾਏ
ਪਾਵਾਂ ਨਾ ਕੋਈ ਸ਼ੋਰ ਨੀ
ਖ਼ਾਬ ਤਾਂ ਮਾਏ ਖ਼ਾਬ ਨੇ ਹੁੰਦੇ
ਕੀ ਖਾਬਾਂ ’ਤੇ ਜ਼ੋਰ ਨੀ

20.

ਨੀ ਧੀਏ ਨੀ ਭੋਲੀਏ ਧੀਏ
ਕਰ ਲੈ ਸਬਰ ਜਵਾਨੀ ਨੀ
ਕਦੇ ਜੱਗ ਨੂੰ ਮੇਚ ਨਾ ਆਈ
ਕੋਈ ਪ੍ਰੀਤ ਕਹਾਣੀ ਨੀ

21.

ਨੀ ਮਾਏ ਨੀ ਮੇਰੀਏ ਮਾਏ
ਨਾ ਲਾ ਦੋਸ਼ ਪ੍ਰੀਤਾਂ ਦੇ
ਨਿੱਤ ਵਰਜਦੀ, ਝਿੜਕਾਂ ਦਿੰਦੀ
ਤਰਲੇ ਪਾ ਪਾ ਰੀਤਾਂ ਦੇ

22.

ਨੀ ਧੀਏ ਨੀ ਭੋਲੀਏ ਧੀਏ
ਔਰਤ ਲਈ ਫ਼ੁਰਮਾਨ ਨੀ
ਹਰ ਬੁਰਿਆਈ ਜ਼ੁੰਮੇ ਸਾਡੇ
ਪ੍ਰੀਤਾਂ ਹੋ ਜਾਣ ਘਾਣ ਨੀ

23.

ਨੀ ਮਾਏ ਨੀ ਮੇਰੀਏ ਮਾਏ
ਸਿਸਕਣ ਹਰਫ਼ ਪ੍ਰੀਤਾਂ ਦੇ
ਰੂਹਾਂ ਦਾ ਨਾ ਕੋਈ ਟਿਕਾਣਾ
ਕੌਲੇ ਭਰ ਲਏ ਰੀਤਾਂ ਦੇ

24.

ਨੀ ਧੀਏ ਨੀ ਭੋਲੀਏ ਧੀਏ
ਅਸਾਂ ਤਾਂ ਮੰਨ ਲਿਆ ਭਾਣਾ ਨੀ
ਰਹੁ-ਰੀਤਾਂ ਨੂੰ ਛੱਡ ਕੇ ਧੀਏ
ਸਾਡਾ ਕਿੱਥੇ ਟਿਕਾਣਾ ਨੀ

25.

ਨੀ ਮਾਏ ਨੀ ਮੇਰੀਏ ਮਾਏ
ਮੱਤ ਗਈ ਤੇਰੀ ਮਾਰੀ ਨੀ
ਆਪਣਾ ਆਪ ਛੁਪਾ ਕੇ ਮਾਏ
ਹਰ ਵੇਲੇ ਕਿਉਂ ਹਾਰੀ ਨੀ

26.

ਨੀ ਧੀਏ ਨੀ ਭੋਲੀਏ ਧੀਏ
ਕੋਈ ਆਸ ਨਾ ਦਿੱਸਦੀ ਨੀ
ਝੇੜੇ ਦੁਨੀਆਂਦਾਰੀ ਦੇ ਨਿੱਤ
ਵਿੱਚ ਰਿਸ਼ਤਿਆਂ ਪਿੱਸਦੀ ਨੀ

27.

ਨੀ ਮਾਏ ਨੀ ਮੇਰੀਏ ਮਾਏ
ਕੋਈ ਵਿਉਂਤ ਬਣਾਈਏ ਨੀ
ਕਾਹਤੋਂ ਪਿੱਸੀਏ ਵਿੱਚ ਵਿਚਾਲੇ
ਨਵੀਆਂ ਪਿਰਤਾਂ ਪਾਈਏ ਨੀ

28.

ਨੀ ਧੀਏ ਨੀ ਭੋਲੀਏ ਧੀਏ
ਲਾਲਚ ਬਣਦੇ ਰਿਸ਼ਤੇ ਨੀ
ਕਰਨ ਵਪਾਰ ਪਿਆਰਾਂ ਦਾ
ਦਿਲ ਵਿੱਚੋ ਵਿੱਚੀ ਪਿੱਸਦੇ ਨੀ

29.

ਨੀ ਮਾਏ ਨੀ ਮੇਰੀਏ ਮਾਏ
ਢਾਹ ਨਾ ਏਨੀ ਢੇਰੀ ਨੀ
ਜੇ ਬਣਾਈਏ ਦਿਲ ਦੇ ਰਿਸ਼ਤੇ
ਹੋਏ ਨਾ ਹੇਰਾ ਫੇਰੀ ਨੀ

30.

ਨੀ ਧੀਏ ਨੀ ਭੋਲੀਏ ਧੀਏ
ਕਦੇ ਪਸੰਦ ਨਾ ਜਾਣੀ ਨੀ
ਮਾਪਿਆਂ ਦੀ ਮਰਜ਼ੀ ਦੇ ਅੱਗੇ
ਅਸਾਂ ਜਵਾਨੀ ਮਾਣੀ ਨੀ

31.

ਨੀ ਮਾਏ ਨੀ ਮੇਰੀਏ ਮਾਏ
ਕਰ ਕੋਈ ਐਸਾ ਚਾਰਾ ਨੀ
ਰੀਝਾਂ ਭਰੀ ਜਵਾਨੀ ਤਰਸੇ
ਪ੍ਰੀਤਾਂ ਦਾ ਵਣਜਾਰਾ ਨੀ

32.

ਨੀ ਧੀਏ ਨੀ ਭੋਲੀਏ ਧੀਏ
ਮਨ ਦੀਆਂ ਮਨ ਵਿੱਚ ਰਹੀਆਂ ਨੀ
ਅੱਥਰੀਆਂ ਸੱਧਰਾਂ ਅੱਥਰੂ ਬਣ ਕੇ
ਝੋਲੀ ਵਿੱਚ ਹੀ ਪਈਆਂ ਨੀ

*****

(176)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਬਖ਼ਸ਼ ਸੰਘਾ

ਬਖ਼ਸ਼ ਸੰਘਾ

Edmonton, Alberta, Canada.
Email: (bakhashsangha@hotmail.com)