BakhashSangha7

ਨੀ ਮਾਏ ਨੀ ਮੇਰੀਏ ਮਾਏ, ਕਿਸ ਕਨੂੰਨ ਬਣਾਏ ਨੀ
ਇੱਕੋ ਕੁੱਖੋਂ ਜੰਮੇ ਜਾਏ, 
ਇੰਨੇ ਫਰਕ ਕਿਉਂ ਪਾਏ ਨੀ ...”
(ਨਵੰਬਰ 27, 2015)


1.

ਨੀ ਧੀਏ ਨੀ ਭੋਲੀਏ ਧੀਏ
ਨਾ ਲਾ ਚਾਅ ਨਾ’ ਮਹਿੰਦੀ ਨੀ
ਹੱਥਾਂ ਉੱਤੇ ਠੰਢ ਇਹ ਪਾਵੇ
ਧੁਰ ਅੰਦਰ ਬਲ਼ ਪੈਂਦੀ ਨੀ

2.

ਨੀ ਮਾਏ ਨੀ ਮੇਰੀਏ ਮਾਏ
ਸਹੇਲੀਆਂ ਰੀਸੀਂ ਲਾਈ ਨੀ
ਮਨ ਦੇ ਅੰਦਰ ਜਾਣ ਨਾ ਦਿੱਤੀ
ਬਾਹਰੋ ਬਾਹਰੀ ਲਾਹੀ ਨੀ

3.

ਨੀ ਧੀਏ ਨੀ ਭੋਲੀਏ ਧੀਏ
ਹੋ ਗਈ ਹੁਣ ਜਵਾਨ ਨੀ
ਕੱਲੀ ਕਿਤੇ ਨਾ ਜਾਵੀਂ ਧੀਏ
ਬਖਸ਼ੇ ਨਾ ਜਹਾਨ ਨੀ

4.

ਨੀ ਮਾਏ ਨੀ ਮੇਰੀਏ ਮਾਏ
ਵੀਰ ਵੀ ਖੇਡਣ ਜਾਵੇ ਨੀ
ਉਹਨੂੰ ਤਾਂ ਤੂੰ ਕਦੇ ਨਾ ਰੋਕੇਂ
ਰੋਬ੍ਹ ਮੇਰੇ ਤੇ ਪਾਵੇਂ ਨੀ

5.

ਨੀ ਧੀਏ ਨੀ ਭੋਲੀਏ ਧੀਏ
ਜਦੋਂ ਜਵਾਨੀ ਆਵੇ ਨੀ
ਮਾਂ ਨੂੰ ਤਾਂ, ਫਿਰ ਫ਼ਿਕਰ ਧੀ ਦਾ
ਹਰ ਪਲ ਪਿਆ ਸਤਾਵੇ ਨੀ

6.

ਨੀ ਮਾਏ ਨੀ ਮੇਰੀਏ ਮਾਏ
ਹਰ ਵੇਲੇ ਕਿਉਂ ਖਪਦੀ ਨੀ
ਪੜ੍ਹਨੇ ਦਾ ਸਾਨੂੰ ਸ਼ੌਕ ਪਿਆ
ਸੱਚੀ ਗੱਲ ਮੈਂ ਦੱਸਦੀ ਨੀ

7.

ਨੀ ਧੀਏ ਨੀ ਭੋਲੀਏ ਧੀਏ
ਲਿਆ ਬਥੇਰਾ ਪੜ੍ਹ ਨੀ
ਅੱਗੇ ਜੋ ਕੁਝ ਕਰਨਾ ਚਾਹੁੰਦੀ
ਸਹੁਰੀਂ ਜਾ ਕੇ ਕਰ ਨੀ

8.

ਨੀ ਮਾਏ ਨੀ ਮੇਰੀਏ ਮਾਏ
ਵੀਰ ਪੜ੍ਹਾਉਣਾ ਚਾਹਵੇਂ ਨੀ
ਮੇਰੇ ਲਈ ਕਿਉਂ ਫਿਕਰ ਕਰੇਂਦੀ
ਨਿੱਤ ਅੜਚਣਾਂ ਪਾਵੇਂ ਨੀ

9.

ਨੀ ਧੀਏ ਨੀ ਭੋਲੀਏ ਧੀਏ
ਕੱਲਾ ਬਾਪ ਕਮਾਵੇ ਨੀ
ਪੜ੍ਹ ਲਿਖ ਮੁੰਡਾ ਕਰੇ ਨੌਕਰੀ
ਪਿਉ ਦਾ ਹੱਥ ਵਟਾਵੇ ਨੀ

10.

ਨੀ ਮਾਏ ਨੀ ਮੇਰੀਏ ਮਾਏ
ਚਾਹਵਾਂ ਹੋਰ ਮੈਂ ਪੜ੍ਹਨਾ ਨੀ
ਪੜ੍ਹ ਲਿਖ ਕੇ ਮੈਂ ਆਪ ਕਮਾਊਂ
ਮੰਗਤੀ ਬਣਕੇ ਸਰਨਾ ਨੀ

11.

ਨੀ ਧੀਏ ਨੀ ਭੋਲੀਏ ਧੀਏ
ਕਮਲੀ ਗੱਲ ਨਾ ਕਰ ਨੀ
ਕੰਮਕਾਰ ਕੋਈ ਸਿੱਖ ਲੈ ਧੀਏ
ਜਾਣਾ ਬਿਗਾਨੇ ਘਰ ਨੀ

12.

ਨੀ ਮਾਏ ਨੀ ਮੇਰੀਏ ਮਾਏ
ਰੁਕੇ ਨਾ ਪੌਣਾਂ ਚਾਲ ਨੀ
ਬਹੁਤੀਆਂ ਕਰੇਂ ਤੂੰ ਕੋਸ਼ਿਸ਼ਾਂ
ਵਕਤ ਰਹੀਂ ਏਂ ਟਾਲ ਨੀ

13.

ਨੀ ਧੀਏ ਨੀ ਭੋਲੀਏ ਧੀਏ
ਪੌਣਾਂ ਚਾਲ ਨਾ ਰਹਿੰਦੀ ਨੀ
ਦਾਜ ਬਿਨਾਂ ਧੀ ਦਾ ਨਾ ਵਸੇਬਾ
ਸੱਚੀ ਗੱਲ ਮੈਂ ਕਹਿੰਦੀ ਨੀ

14.

ਨੀ ਮਾਏ ਨੀ ਮੇਰੀਏ ਮਾਏ
ਫ਼ਿਕਰ ਅਵੱਲੇ ਪਾਵੇਂ ਨੀ
ਸ਼ੌਕ ਮੇਰੇ ਦੀ ਖ਼ਬਰ ਨਾ ਤੈਨੂੰ
ਰਟ ਦਾਜ ਦੀ ਲਾਵੇਂ ਨੀ

15.

ਨੀ ਧੀਏ ਨੀ ਭੋਲੀਏ ਧੀਏ
ਤੇਰੇ ਸ਼ੌਕ ਅਵੱਲੇ ਨੀ
ਜਿਹੜੇ ਫਿਕਰ ਮੈਂ ਕਰਦੀ ਉਹੋ
ਮੇਰੀ ਮਾਂ ਵੀ ਝੱਲੇ ਨੀ

16.

ਨੀ ਮਾਏ ਨੀ ਮੇਰੀਏ ਮਾਏ
ਕਿੱਦਾਂ ਮਾਪੇ ਜਰਦੇ ਨੀ
ਤੋਰ ਕੇ ਆਪਣੇ ਹੱਥੀਂ ਧੀ ਨੂੰ
ਢੋਅ ਲੈਂਦੇ ਦਰ ਘਰ ਦੇ ਨੀ

17.

ਨੀ ਧੀਏ ਨੀ ਭੋਲੀਏ ਧੀਏ
ਧੀਆਂ ਧਨ ਪਰਾਇਆ ਨੀ
ਕਦੇ ਰੋਕ ਨਾ ਸਕਿਆ ਕੋਈ
ਲੱਖ ਕਿਸੇ ਨੇ ਚਾਹਿਆ ਨੀ

18.

ਨੀ ਮਾਏ ਨੀ ਮੇਰੀਏ ਮਾਏ
ਧੀ ਕਿਉਂ ਲੱਗੇ ਪਰਾਈ ਨੀ
ਵੀਰੇ ਨੂੰ ਤੂੰ ਆਪਣਾ ਆਖੇਂ
ਮੈਂ ਵੀ ਤੇਰੀ ਜਾਈ ਨੀ

19.

ਨੀ ਧੀਏ ਨੀ ਭੋਲੀਏ ਧੀਏ
ਯੁਗਾਂ ਤੋਂ ਹੁੰਦੀ ਆਈ ਨੀ
ਭਾਵੇਂ ਰਾਜੇ ਦੀ ਭਾਵੇਂ ਰੰਕ ਦੀ
ਧੀ ਸਭ ਦੀ ਪਰਾਈ ਨੀ

20.

ਨੀ ਮਾਏ ਨੀ ਮੇਰੀਏ ਮਾਏ
ਕਿਸਦੇ ਇਹੋ ਕਾਰੇ ਨੀ
ਕਿਹੜੀ ਗੱਲੋਂ ਮਾਏ ਕੱਲੇ
ਪੁੱਤ ਅੱਖਾਂ ਦੇ ਤਾਰੇ ਨੀ

21.

ਨੀ ਧੀਏ ਨੀ ਭੋਲੀਏ ਧੀਏ
ਹੱਥ ਬਿਗਾਨੇ ਡੋਰ ਨੀ
ਪੁੱਤਰ ਘਰ ਦੇ ਵਾਰਸ ਹੁੰਦੇ
ਧੀਆਂ ਦਾ ਘਰ ਹੋਰ ਨੀ

22.

ਨੀ ਮਾਏ ਨੀ ਮੇਰੀਏ ਮਾਏ
ਫੇਰੇ ਦੁਨੀਆ ਸਿਰ ਨੀ
ਜੇ ਪੁੱਤਰ ਮਾਪਿਆਂ ਦੇ ਵਾਰਸ
ਧੀ ਵੀ ਹੁੰਦੀ ਧਿਰ ਨੀ

23.

ਨੀ ਧੀਏ ਨੀ ਭੋਲੀਏ ਧੀਏ
ਧੀ ਨਾ ਕੋਈ ਦੁੱਪਿਆਰੀ ਨੀ
ਪੁੱਤਰੀ ਗੰਢ ਸੰਸਾਰੀਂ ਧੀਏ
ਜਾਣੇ ਦੁਨਿਆਂ ਸਾਰੀ ਨੀ

24.

ਨੀ ਮਾਏ ਨੀ ਮੇਰੀਏ ਮਾਏ
ਕਿਸ ਕਨੂੰਨ ਬਣਾਏ ਨੀ
ਇੱਕੋ ਕੁੱਖੋਂ ਜੰਮੇ ਜਾਏ
ਇੰਨੇ ਫਰਕ ਕਿਉਂ ਪਾਏ ਨੀ

25.

ਨੀ ਧੀਏ ਨੀ ਭੋਲੀਏ ਧੀਏ
ਸ਼ਿਕਵਿਆਂ ਭਰੇ ਪਤਾਲ ਨੀ
ਨਾ ਕਰ ਇਹੋ ਜਿਹੀਆਂ ਗੱਲਾਂ
ਹੋਵੇ ਮੰਦੜਾ ਹਾਲ ਨੀ

26.

ਨੀ ਮਾਏ ਨੀ ਮੇਰੀਏ ਮਾਏ
ਕਿਹੜੀਆਂ ਗੱਲਾਂ ਕਰਦੀ ਨੀ
ਨਾਲੇ ਮਿਣਦੀ ਕੱਦ ਨੀ ਸਾਡਾ
ਨਾਲੇ ਅੰਦਰੋਂ ਡਰਦੀ ਨੀ

27.

ਨੀ ਧੀਏ ਨੀ ਭੋਲੀਏ ਧੀਏ
ਡਰ ਜਾਵਾਂ ਤੇਰੇ ਚਾਵਾਂ ਤੋਂ
ਬੁੱਕਲ ਵਿੱਚ ਲੁਕਾਉਣਾ ਚਾਹਵਾਂ
ਵਗਦੀਆਂ ਵੇਖ ਹਵਾਵਾਂ ਤੋਂ

28.

ਨੀ ਮਾਏ ਨੀ ਮੇਰੀਏ ਮਾਏ
ਮੈਨੂੰ ਹਾਸਾ ਆਵੇ ਨੀ
ਉਮਰ ਹੈ ਸਾਡੀ ਹੱਸ-ਖੇਡਣ ਦੀ
ਕਿਹੜੀਆਂ ਰੋਕਾਂ ਲਾਵੇਂ ਨੀ

29.

ਨੀ ਧੀਏ ਨੀ ਭੋਲੀਏ ਧੀਏ
ਨਾ ਤੂੰ ਇੰਨਾ ਹੱਸ ਨੀ
ਸ਼ੱਕੀ ਲੋਕੀਂ ਸ਼ੱਕਾਂ ਕਰਦੇ
ਚੱਲਦਾ ਨਾ ਮੇਰਾ ਵੱਸ ਨੀ

30.

ਨੀ ਮਾਏ ਨੀ ਮੇਰੀਏ ਮਾਏ
ਹੱਸਣਾ ਖੁਸ਼ੀ ਦਾ ਖੇੜਾ ਨੀ
ਹੱਸਣ ਤੋਂ ਜੋ ਕਰੇ ਮਨਾਹੀ
ਦੱਸਦੇ ਵੈਦ ਉਹ ਕਿਹੜਾ ਨੀ

            *****

(119)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਬਖ਼ਸ਼ ਸੰਘਾ

ਬਖ਼ਸ਼ ਸੰਘਾ

Edmonton, Alberta, Canada.
Email: (bakhashsangha@hotmail.com)