BakhashSangha7ਨੀ ਮਾਏ ਨੀ ਮੇਰੀਏ ਮਾਏ, ਲੈ ਸਮਝਾਂ ਦੀ ਸਾਰ ਨੀ 
ਆਪਣੇ ਆਪ ਨੂੰ ਲੱਭੀਏ ਪਹਿਲੋਂ, ਲਈਏ ਨਾ ਅਕਲ ਉਧਾਰ ਨੀ
(ਦਸੰਬਰ 20, 2015)

 

1.

ਨੀ ਧੀਏ ਨੀ ਭੋਲੀਏ ਧੀਏ
ਸਮਝੇਂ ਗੱਲ ਨਾ ਮੇਰੀ ਨੀ
ਜਾਣ ਜਾਣ ਉਲਝਾਵੇਂ ਮੈਨੂੰ
ਕੀ ਏ ਮਰਜੀ ਤੇਰੀ ਨੀ

2.

ਨੀ ਮਾਏ ਨੀ ਮੇਰੀਏ ਮਾਏ
ਸੁਣ ਸੁਣ ਥੱਕੀ ਨਸੀਹਤਾਂ ਨੀ
ਮੇਰੇ ਤੋਂ ਵੱਧ ਹੇਜਲੀਆਂ ਤੈਨੂੰ
ਹੋਈਆਂ ਜੱਗ ਦੀਆਂ ਰੀਤਾਂ ਨੀ

3.

ਨੀ ਧੀਏ ਨੀ ਭੋਲੀਏ ਧੀਏ
ਦੇਵਾਂ ਕਿਵੇਂ ਦਿਲਾਸੇ ਨੀ
ਕਦੇ ਨਾ ਜੱਗ ਨੇ ਮਾਨਣ ਦਿੱਤੇ
ਧੀ ਨੂੰ ਉਹਦੇ ਹਾਸੇ ਨੀ

4.

ਨੀ ਮਾਏ ਨੀ ਮੇਰੀਏ ਮਾਏ
ਕਿੰਝ ਕੋਈ ਚਾਅ ਲੁਕਾਵੇ ਨੀ
ਰੀਝਾਂ ਦੀ ਜਦ ਤਿੱਤਲੀ ਕੋਈ
ਅਸਮਾਨੀ ਉਡਦੀ ਜਾਵੇ ਨੀ

5.

ਨੀ ਧੀਏ ਨੀ ਭੋਲੀਏ ਧੀਏ
ਹੋ ਜਾਵਾਂ ਦਿਲਗੀਰ ਨੀ
ਹਾਸਿਆਂ ਭਰੀ ਪਟਾਰੀ ਵੇਖਾਂ
ਦਰਦਾਂ ਦੀ ਤਸਵੀਰ ਨੀ

6.

ਨੀ ਮਾਏ ਨੀ ਮੇਰੀਏ ਮਾਏ
ਕਿਉਂ ਹੋਵੇਂ ਦਿਲਗੀਰ ਨੀ
ਅਸੀਂ ਕਿਉਂ ਰਹੀਏ ਦੱਬੇ ਕੁਚਲੇ
ਬਦਲਾਂਗੇ ਤਸਵੀਰ ਨੀ

7.

ਨੀ ਧੀਏ ਨੀ ਭੋਲੀਏ ਧੀਏ
ਗੱਲ ਸੁਣ ਮੂੜ੍ਹ ਮੱਤੀਏ ਨੀ
ਆਪਣੇ ਧਿਆਨ ਦੇ ਵਿੱਚ ਰਹੀਏ
ਇੱਜ਼ਤਾਂ ਨਾ’ ਦਿਨ ਕੱਟੀਏ ਨੀ

8.

ਨੀ ਮਾਏਂ ਨੀ ਮੇਰੀਏ ਮਾਏ
ਵਿੰਗ-ਵਲੇਵੇਂ ਪਾਵੇਂ ਨੀ
ਕਿਹੜੀਆਂ ਇੱਜ਼ਤਾਂ ਦੀ ਗੱਲ ਕਰਦੀ
ਕਿੱਧਰ ਧਿਆਨ ਦਿਵਾਵੇਂ ਨੀ

9.

ਨੀ ਧੀਏ ਨੀ ਭੋਲੀਏ ਧੀਏ
ਸਿੱਧੀ ਗੱਲ ਮੈਂ ਕਰਦੀ ਨੀ
ਆਪਣੇ ਆਪ ਨੂੰ ਸਾਂਭ ਨੀ ਧੀਏ
ਕੋਈ ਨਾ ਬਣਦਾ ਦਰਦੀ ਨੀ

10.

ਨੀ ਮਾਏ ਨੀ ਮੇਰੀਏ ਮਾਏ
ਲੈ ਸਮਝਾਂ ਦੀ ਸਾਰ ਨੀ
ਆਪਣੇ ਆਪ ਨੂੰ ਲੱਭੀਏ ਪਹਿਲੋਂ
ਲਈਏ ਨਾ ਅਕਲ ਉਧਾਰ ਨੀ

11.

ਨੀ ਧੀਏ ਨੀ ਭੋਲੀਏ ਧੀਏ
ਨਾ ਕਰ ਵਾਦ-ਵਿਵਾਦਾਂ ਨੀ
ਜਿਹੜੇ ਮੁਨਸਫ਼ ਉਹੀਓ ਕਾਤਲ
ਕਿੱਥੇ ਕਰੇਂ ਫਰਿਆਦਾਂ ਨੀ

12

ਨੀ ਮਾਏ ਨੀ ਮੇਰੀਏ ਮਾਏ
ਸਾਡੇ ਸੀਨੇ ਚਿੰਗਾਰੀ ਨੀ
ਮਨ ਗੁਟਗੂੰ ਦੀ ਸੰਘੀ ਘੁੱਟ ਕੇ
ਪਾਵਾਂ ਕਿਵੇਂ ਪਟਾਰੀ ਨੀ

13.

ਨੀ ਧੀਏ ਨੀ ਭੋਲੀਏ ਧੀਏ
ਸੋਚ ਕਿੱਧਰ ਨੂੰ ਜਾਵੇ ਨੀ
ਕਿਹੜੀ ਉਡਾਰੀ ਲਾਵੇਂ ਧੀਏ
ਮੈਨੂੰ ਸਮਝ ਨਾ ਆਵੇ ਨੀ

14.

ਨੀ ਮਾਏ ਨੀ ਮੇਰੀਏ ਮਾਏ
ਮੈਂ ਉੱਥੇ ਉਡ ਜਾਣਾ ਨੀ
ਜਿੱਥੇ ਮੇਰਾ ਖੇਤ ਨੀ ਮਾਏ
ਉੱਥੇ ਚੋਗ ਉਗਾਣਾ ਨੀ

15.

ਨੀ ਧੀਏ ਨੀ ਭੋਲੀਏ ਧੀਏ
ਸਾਂਭ ਨੈਣ ਸ਼ਰਮੀਲੇ ਨੀ
ਲਾਟਾਂ ਵਾਗੂੰ ਬਲ਼ ਉੱਠਣਗੇ
ਘੁੱਗ ਵਸਦੇ ਕਬੀਲੇ ਨੀ

16.

ਨੀ ਮਾਏ ਨੀ ਮੇਰੀਏ ਮਾਏ
ਨੈਣਾਂ ਦਾ ਨਾ ਦੋਸ਼ ਕੋਈ
ਊਜਾਂ ਲਾਉਂਦੇ ਝੂਠੀਆਂ ਮਾਏ
ਬੁਰੀ ਜਿਨ੍ਹਾਂ ਦੀ ਸੋਚ ਹੋਈ

17.

ਨੀ ਧੀਏ ਨੀ ਭੋਲੀਏ ਧੀਏ
ਮੂੰਹ ਦੀ ਪੈ ਜਾਏ ਖਾਣੀ ਨੀ
ਨੀਵੀਂ ਪਾ ਕੇ ਦਿਨ ਤੂੰ ਕੱਟ ਲੈ
ਸਾਂਭ ਕੇ ਰੱਖ ਜਵਾਨੀ ਨੀ

18.

ਨੀ ਮਾਏ ਨੀ ਮੇਰੀਏ ਮਾਏ
ਕਿਹੜੀ ਗੱਲੋਂ ਡਰਦੀ ਨੀ
ਉੱਚੀਆਂ ਉੱਚੀਆਂ ਚਹੁੰ ਕੰਧਾਂ ਦੀ
ਕਾਹਤੋਂ ਵਲਗਣ ਕਰਦੀ ਨੀ

19.

ਨੀ ਧੀਏ ਨੀ ਭੋਲੀਏ ਧੀਏ
ਕਿਸੇ ਤੋਂ ਜਰ ਨਾ ਹੋਇਆ ਨੀ
ਸੂਹੇ ਸੂਹੇ ਫੁੱਲਾਂ ਨੇ ਜਦ
ਸਾਡਾ ਪੱਲੂ ਛੋਹਿਆ ਨੀ

20.

ਨੀ ਮਾਏ ਨੀ ਮੇਰੀਏ ਮਾਏ
ਕੀ ਖੁਨਾਮੀ ਹੋਈ ਨੀ
ਜਦੋਂ ਜਵਾਨੀ ਲਏ ਅੰਗੜਾਈ
ਬੁੱਕਲ ਵਿੱਚ ਲਕੋਈ ਨੀ

21.

ਨੀ ਧੀਏ ਨੀ ਭੋਲੀਏ ਧੀਏ
ਜਦ ਅੰਗੜਾਈ ਲਈ ਨੀ
ਤੋਰ ਮੜ੍ਹਕਣੀ ਗਰਦ ਪੈਰਾਂ ਦੀ
ਸਿਰ ਸਾਡੇ ਹੀ ਪਈ ਨੀ

22.

ਨੀ ਮਾਏ ਨੀ ਮੇਰੀਏ ਮਾਏ
ਕਿਉਂ ਤੂੰ ਦਿਲ ਦੀਆਂ ਢੱਕੀਆਂ ਨੀ
ਆਪ ਮੁਹਾਰੀਆਂ ਮਹਿਕਾਂ ਮਾਏ
ਜਾਵਣ ਕਿੱਦਾਂ ਡੱਕੀਆਂ ਨੀ

23.

ਨੀ ਧੀਏ ਨੀ ਭੋਲੀਏ ਧੀਏ
ਮਹਿਕਾਂ ਕਰਦੀਆਂ ਘਾਣ ਨੀ
ਕੰਡਿਆਲੀ ਡਾਲੀ ਹੱਥ ਨਾ ਪਾਵੀਂ
ਹੋ ਜਾਊ ਲਹੂ ਲੁਹਾਣ ਨੀ

24.

ਨੀ ਮਾਏ ਨੀ ਮੇਰੀਏ ਮਾਏ
ਦਿਲ ਦੇ ਘੁੱਪ ਹਨ੍ਹੇਰੇ ਨੀ
ਜਦ ਅਸਾਂ ਨੇ ਝਾਤ ਹੈ ਪਾਈ
ਮਨ ਤਰੰਗਾਂ ਛੇੜੇ ਨੀ

25.

ਨੀ ਧੀਏ ਨੀ ਭੋਲੀਏ ਧੀਏ
ਐਡੀ ਗੱਲ ਨਾ ਟੋਹ ਨੀ
ਮਤਾਂ ਕਿਤੇ ਸ਼ਰੀਕੇ ਕੋਲੇ
ਪੈ ਨਾ ਜਾਏ ਕਨਸੋਅ ਨੀ

26.

ਨੀ ਮਾਏ ਨੀ ਮੇਰੀਏ ਮਾਏ
ਦਿਨੇ ਰਾਤ ਕਿਉਂ ਸਿੰਨ੍ਹਦੇ ਨੇ
ਆਪਣੇ ਬਾਰੇ ਬੋਲੀਏ ਜੇਕਰ
ਨਾਲ ਤੋਹਮਤਾਂ ਵਿੰਨ੍ਹਦੇ ਨੇ

27.

ਨੀ ਧੀਏ ਨੀ ਭੋਲੀਏ ਧੀਏ
ਡਾਢੇ ਬੜੇ ਤਸੀਹੇ ਨੀ
ਅਸੀਂ ਤਾਂ ਆਪਣੇ ਚਾਅ ਨੀ ਆਪੇ
ਚੱਕੀ ਦੇ ਵਿਚ ਪੀਹੇ ਨੀ

28.

ਨੀ ਮਾਏ ਨੀ ਮੇਰੀਏ ਮਾਏ
ਜਿੰਦਰੇ ਨਾ ਵੱਜਣ ’ਵਾਵਾਂ ਨੂੰ
ਫੇਰ ਤਾਂ ਮਾਏਂ ਕਾਹਦਾ ਜੀਣਾ
ਮਾਰ ਲਿਆ ਜੇ ਚਾਵਾਂ ਨੂੰ

29.

ਨੀ ਧੀਏ ਨੀ ਭੋਲੀਏ ਧੀਏ
ਬਿਨਾਂ ਜਵਾਬੋਂ ਰਹਿ ਗਏ ਨੀ
ਖਿਆਲੀਂ ਸ਼ਿਕਵੇ, ਸੱਖਣੀਆਂ ਨਜ਼ਰਾਂ
ਨਾਲ ਖਾਮੋਸ਼ੀ ਸਹਿ ਗਏ ਨੀ

30.

ਨੀ ਮਾਏ ਨੀ ਮੇਰੀਏ ਮਾਏ
ਦਿਲ ਨੂੰ ਜਾਵਣ ਖਾ ਨੀ
ਨਾਲ ਖ਼ਵਾਹਿਸ਼ਾਂ ਬਲ਼ਦੇ ਰਹਿਣਾ
ਬਾਹਰ ਨਾ ਕੱਢਣੀ ਆਹ ਨੀ
        *****

(131)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਬਖ਼ਸ਼ ਸੰਘਾ

ਬਖ਼ਸ਼ ਸੰਘਾ

Edmonton, Alberta, Canada.
Email: (bakhashsangha@hotmail.com)