“... ਜਿਸ ਰਉਂ ਵਿੱਚ ਉਸ ਨੇ ਗੱਲ ਕੀਤੀ ਉਹ ਰੋਣ ਵਰਗਾ ਹੀ ਸੀ। ਸੁਣ ਕੇ ਮੈਂ ਸੁੰਨ ਹੋ ਗਈ ਕਿ ਕਿਵੇਂ ...”
(3 ਜੂਨ 2022)
ਮਹਿਮਾਨ: 717.
ਉਹ ਹਸੂੰ ਹਸੂੰ ਕਰਦੇ ਚਿਹਰੇ ਵਾਲਾ ਮੁੰਡਾ ਉਸ ਦਿਨ ਮੈਨੂੰ ਬੜਾ ਹੀ ਉਦਾਸ ਜਾਪਿਆ। ਚਿਹਰੇ ’ਤੇ ਹਵਾਈਆਂ ਉਡ ਰਹੀਆਂ ਹੋਈਆਂ ਸਨ। ਹਾਲੋਂ ਬੇਹਾਲ ਹੋਇਆ ਪਿਆ ਸੀ। ਚੁੱਪ ਚਾਪ ਉਸ ਨੇ ਮੇਰੇ ਬਰਤਨ ਵਿੱਚ ਦੁੱਧ ਪਾ ਦਿੱਤਾ। ਉਸ ਨੂੰ ਐਨਾ ਗੰਭੀਰ ਪਹਿਲਾਂ ਮੈਂ ਕਦੇ ਨਹੀਂ ਸੀ ਵੇਖਿਆ। ਮੈਨੂੰ ਫ਼ਿਕਰ ਹੋ ਗਿਆ, ਇਸ ਵਿਚਾਰੇ ਦੇ ਘਰ ਸੁੱਖ ਹੋਵੇ, ਇਹ ਤਾਂ ਅੱਧਾ ਮਿੰਟ ਵੀ ਚੁੱਪ ਕਰਕੇ ਨਹੀਂ ਖੜ੍ਹ ਸਕਦਾ, ਅੱਜ ਇਹ ਬੋਲਦਾ ਕਿਉਂ ਨਹੀਂ?
“ਨਵੀ ਪੁੱਤ! ਅੱਜ ਤੂੰ ਕੁਝ ਉੱਖੜਿਆ ਉੱਖੜਿਆ ਜਿਹਾ ਲੱਗ ਰਿਹਾ ਏਂ, ਘਰ ਸੁੱਖ ਤਾਂ ਹੈ?” ਮੈਂ ਪੁੱਛੇ ਬਿਨਾਂ ਨਾ ਰਹਿ ਸਕੀ।
“ਆਂਟੀ ਜੀ!” ਨਵੀ ਨਿਰਾਸ਼ਤਾ ਭਰੀ ਆਵਾਜ਼ ਵਿੱਚ ਬੋਲਿਆ, ਸਰਕਾਰਾਂ ਤਾਂ ਪਹਿਲਾਂ ਹੀ ਕਿਸਾਨਾਂ ਦੀਆਂ ਦੁਸ਼ਮਣ ਹਨ, ਐਤਕੀਂ ਰੱਬ ਵੀ ਨਾਲ ਰਲ਼ ਗਿਆ ਬਈ ਜੱਟ ਨੂੰ ਕਿਤੇ ਕਿਸੇ ਪਾਸਿਓਂ ਸੁੱਖ ਦਾ ਸਾਹ ਨਾ ਆ ਜਾਵੇ। ਤੁਹਾਨੂੰ ਤਾਂ ਪਤਾ ਈ ਐ ਕਿ ਐਤਕੀਂ ਕਣਕ ਦਾ ਝਾੜ ਬਹੁਤ ਘਟ ਗਿਆ ਏ। ਕਣਕ ਦੇ ਦਾਣੇ ਪਿਚਕ ਕੇ ਦੇਸੀ ਮੂੰਗੀ ਦੀ ਦਾਲ਼ ਦੇ ਦਾਣਿਆਂ ਕੁ ਜਿੱਡੇ ਰਹਿ ਗਏ ਹਨ। ਭਲਾ ਇਸਦੇ ਪਿੱਛੇ ਕਾਰਨ ਕੀ ਬਣਿਆ, ਕੁਝ ਦੱਸ ਸਕਦੇ ਹੋ?”
“ਕਾਕਾ ਇਹ ਸਾਰਾ ਕੁਝ ਬੇਮੌਸਮੀ ਰੁੱਤ ਤਬਦੀਲੀ ਕਾਰਨ ਹੋਇਆ। ਨਹੀਂ ਤਾਂ ਪਹਿਲਾਂ ਕਦੇ ਸੁਣੀ ਸੀ ਮਾਰਚ ਮਹੀਨੇ ਵਿੱਚ ਇਸ ਤਰ੍ਹਾਂ ਮੁੜ੍ਹਕਾ ਆਉਣ ਵਾਲੀ ਗਰਮੀ ਪੈਂਦੀ? ਮੌਸਮ ਵਿਗਿਆਨੀ ਦੱਸਦੇ ਹਨ ਕਿ ਮਾਰਚ ਮਹੀਨੇ ਵਿੱਚ ਇਸ ਤਰ੍ਹਾਂ ਦੀ ਗਰਮੀ ਇੱਕ ਸੌ ਬਾਈ ਸਾਲਾਂ ਬਾਅਦ ਪਈ ਐ। ਇਹੀ ਤਾਂ ਬਸੰਤ ਬਹਾਰ ਦੇ ਦਿਨ ਹੁੰਦੇ ਹਨ ਜਦੋਂ ਕਣਕ ਦੇ ਸਿੱਟਿਆਂ ਵਿੱਚ ਪਏ ਦੋਧੇ ਰਸ ਨੇ ਮਿੱਠੀ ਮਿੱਠੀ ਠੰਢ ਨਾਲ ਫਲਣਾ ਫੁੱਲਣਾ ਹੁੰਦਾ ਹੈ। ਮੋਟੇ ਮੋਟੇ ਮੋਤੀਆਂ ਵਰਗੇ ਬਣਦੇ ਕਣਕ ਦੇ ਦਾਣਿਆਂ ਨੂੰ ਤੇਜ਼ ਧੁੱਪਾਂ ਕਾਰਨ ਮੌਸਮ ਦੀ ਕੁਦਰਤੀ ਮਾਰ ਪੈ ਗਈ ਤੇ ਮੁਢਲੀ ਅਵਸਥਾ ਵਿੱਚ ਹੀ ਦਾਣੇ ਪਿਚਕ ਗਏ। ਫਿਰ ਝਾੜ ਤਾਂ ਘਟਣਾ ਹੀ ਸੀ। ਚੱਲ, ਕੋਈ ਨਾ ਪੁੱਤ! ਤੂੰ ਇੰਨਾ ਉਦਾਸ ਨਾ ਹੋ, ਆਪਾਂ ਵੀ ਸਾਰੀ ਦੁਨੀਆਂ ਦੇ ਨਾਲ ਹੀ ਹਾਂ, ਬਹੁਤਾ ਸੰਸਾ ਕੀਤਿਆਂ ਹੁਣ ਬਣਨਾ ਤਾਂ ਕੁਝ ਵੀ ਨ੍ਹੀਂ, ਦਿਮਾਗ ’ਤੇ ਬੋਝ ਨਹੀਂ ਪਾਈਦਾ ਹੁੰਦਾ, ਸਤਿਗੁਰ ਨੇ ਆਪੇ ਸਭ ਕੁਝ ਠੀਕ ਕਰ ਦੇਣਾ।” ਮੈਂ ਆਪਣੇ ਵੱਲੋਂ ਨਵੀ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ।
ਨਵੀ ਸੱਚਮੁੱਚ ਹੀ ਬਹੁਤ ਉਦਰਿਆ ਹੋਇਆ ਸੀ। ਥੋੜ੍ਹਾ ਸੰਭਲ ਕੇ ਉਹ ਬੋਲਿਆ, “ਆਂਟੀ ਜੀ! ਗੱਲ ਤਾਂ ਤੁਹਾਡੀ ਠੀਕ ਐ, ਫ਼ਿਕਰ ਕੀਤਿਆਂ ਬਣਦਾ ਤਾਂ ਕੁਝ ਨਹੀਂ ਪਰ ਕੀ ਕਰੀਏ! ਮੂੰਹ ਅੱਡੀ ਖੜ੍ਹੀਆਂ ਘਰ ਦੀਆਂ ਲੋੜਾਂ ਬਦੋਬਦੀ ਮਨ ਨੂੰ ਫਿਕਰਾਂ ਵਿੱਚ ਪਾ ਦਿੰਦੀਆਂ ਨੇ। ਚਾਰ ਪੰਜ ਕਿੱਲਿਆਂ ਵਾਲੇ ਕਿਸਾਨਾਂ ਦੀ ਵੀ ਕੋਈ ਜੂਨ ਐਂ? ਉਨ੍ਹਾਂ ਵਿਚਾਰਿਆਂ ਦੇ ਤਾਂ ਪਹਿਲਾਂ ਹੀ ਖਰਚੇ ਪੂਰੇ ਨਹੀਂ ਹੁੰਦੇ, ਉੱਤੋਂ ਕੁਦਰਤ ਦਾ ਇਹੋ ਜਿਹਾ ਕਹਿਰ ਕਿਸੇ ਪਾਸੇ ਜੋਗਾ ਨੀਂ ਛੱਡਦਾ। ਦੇਖੋ ਨਾ, ਮੇਰੀ ਕਣਕ ਹਮੇਸ਼ਾ ਲੱਖ ਡੇਢ ਲੱਖ ਦੀ ਹੋ ਜਾਂਦੀ ਸੀ, ਆੜ੍ਹਤੀਏ ਦਾ ਹਿਸਾਬ ਕਿਤਾਬ ਕਰਕੇ ਵੀ ਘਰੇਲੂ ਖਰਚਿਆਂ ਵਾਸਤੇ ਚਾਰ ਪੈਸੇ ਬਚ ਜਾਂਦੇ ਸੀ। ਪਰ ਐਤਕੀਂ ਪਹਿਲੀ ਵਾਰ ਹੈ ਕਿ ਸੱਠ ਹਜ਼ਾਰ ਦਾ ਸਿੱਧਾ ਈ ਘਾਟਾ ਪੈ ਗਿਆ। ਜਿੰਨੇ ਕੁ ਵਧੇ, ਉੰਨੇ ਕੁ ਆੜ੍ਹਤੀਏ ਤੋਂ ਪਹਿਲਾਂ ਈਂ ਲੈ ਕੇ ਵਰਤੇ ਹੋਏ ਸੀ। ਬੱਸ ਦਿਲ ਈ ਪੁੱਛਿਆ ਜਾਣਦੈ ਜਦੋਂ ਕਣਕ ਸਿੱਟ ਕੇ ਖਾਲੀ ਹੱਥ ਘਰ ਮੁੜਿਆਂ।”
ਉਹ ਮਰਦ ਹੈ, ਰੋਇਆ ਤਾਂ ਨਹੀਂ ਪਰ ਜਿਸ ਰਉਂ ਵਿੱਚ ਉਸ ਨੇ ਗੱਲ ਕੀਤੀ ਉਹ ਰੋਣ ਵਰਗਾ ਹੀ ਸੀ। ਸੁਣ ਕੇ ਮੈਂ ਸੁੰਨ ਹੋ ਗਈ ਕਿ ਕਿਵੇਂ ਵਿਚਾਰੇ ਕਿਸਾਨਾਂ ਦੀ ਲੁੱਟ ਖਸੁੱਟ ਹੋ ਰਹੀ ਹੈ। ਖੇਤੀ ਦੇ ਖਰਚੇ ਇੰਨੇ ਵਧ ਗਏ ਹਨ ਕਿ ਕਿਸਾਨ ਵਾਸਤੇ ਖੇਤੀ ਘਾਟੇਵੰਦਾ ਕਿੱਤਾ ਬਣਕੇ ਰਹਿ ਗਈ ਹੈ। ਵਪਾਰੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਚਾਂਦੀ ਹੋ ਰਹੀ ਹੈ, ਕਿਸਾਨਾਂ ਦੀ ਜਾਹ ਜਾਂਦੀ ਹੋ ਰਹੀ ਹੈ, ਹੋਰ ਨਹੀਂ ਤਾਂ ਕੁਦਰਤ ਹੀ ਇਨ੍ਹਾਂ ਦੇ ਹੱਕ ਵਿੱਚ ਮਿਹਰਬਾਨ ਹੋ ਜਾਇਆ ਕਰੇ। ਪਰ ਉਹ ਵੀ ਵਿਚਾਰੀ ਕੀ ਕਰੇ! ਮਨੁੱਖ ਦੀਆਂ ਮੁਨਾਫ਼ਾਖੋਰ ਬਿਰਤੀਆਂ ਦੀ ਸਜ਼ਾ ਕੁਦਰਤ ਨੇ ਵੀ ਧਰਤੀ ਆਕਾਸ਼ ਨੂੰ ਹੀ ਦੇਣੀ ਹੁੰਦੀ ਹੈ। ਮੌਸਮ ਦੀਆਂ ਬੇਤਰਤੀਬੀਆਂ ਤਬਦੀਲੀਆਂ ਦਾ ਕਾਰਨ ਵੀ ਇਹੀ ਹੈ, ਜਿਸਦੀ ਸਭ ਤੋਂ ਵੱਧ ਮਾਰ ਕਿਸਾਨ ਨੂੰ ਹੀ ਝੱਲਣੀ ਪੈਂਦੀ ਹੈ। ਅਜੇ ਤਾਂ ਸਾਲ ਭਰ ਦੇ ਖਰਚੇ ਸਿਰ ’ਤੇ ਖੜ੍ਹੇ ਨੇ, ਝੋਨੇ ਦੀ ਲਵਾਈ ਤੇ ਘਰ ਦੇ ਖਰਚੇ, ਇਹ ਵਿਚਾਰਾ ਜਵਾਕ ਕਿੱਥੋਂ ਤੇ ਕਿਵੇਂ ਪੂਰੇ ਕਰੇਗਾ? ਕਦੇ ਉਹ ਵੀ ਭਾਗਾਂ ਵਾਲੇ ਸੁਲੱਖਣੇ ਦਿਨ ਆਉਣਗੇ ਜਦੋਂ ਪੂਰੀ ਦੁਨੀਆਂ ਦਾ ਢਿੱਡ ਭਰਨ ਵਾਲਾ ਅੰਨਦਾਤਾ ਆਰਥਿਕ ਪੱਖੋਂ ਆਪਣੇ ਆਪ ਨੂੰ ਸੁਖਾਲਾ ਮਹਿਸੂਸ ਕਰੇਗਾ?
ਮੇਨ ਗੇਟ ਬੰਦ ਕਰਕੇ ਉਸ ਲੜਕੇ ਬਾਰੇ ਸੋਚਦੀ ਮੈਂ ਅੰਦਰ ਚਲੀ ਗਈ। ਉਦਾਸ, ਨਿਰਾਸ਼, ਫਿਕਰਾਂ ਵਿੱਚ ਡੁੱਬਿਆ ਮੁੰਡਾ ਦੁੱਧ ਵਾਲਾ ਡਰੰਮ ਮੋਟਰਸਾਈਕਲ ’ਤੇ ਲੱਦ ਕੇ ਅਗਲੇ ਘਰ ਦੁੱਧ ਪਾਉਣ ਚਲਾ ਗਿਆ।
ਇਸ ਗੱਲ ਨੂੰ ਤਾਂ ਕਈ ਦਿਨ ਹੋ ਗਏ ਹਨ, ਪਤਾ ਨਹੀਂ ਕਿਉਂ ਉਸ ਦੇ ਚਿਹਰੇ ’ਤੇ ਦੇਖੀ ਉਸ ਦਿਨ ਵਾਲੀ ਉਦਾਸੀ ਮੈਨੂੰ ਭੁੱਲਦੀ ਨਹੀਂ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3605)
(ਸਰੋਕਾਰ ਨਾਲ ਸੰਪਰਕ ਲਈ: