“ਨਾ ਅੱਗੇ ਥੋੜ੍ਹੀ ਹੋਈ ਐ? ਕਦੇ ਅਕਲ ਨੂੰ ਵੀ ਹੱਥ ਮਾਰ ਲਿਆ ਕਰ। ਇਹਨੇ ਉੱਥੇ ਜਾ ਕੇ ਫੇਰ ਕੋਈ ਨਵਾਂ ਪੰਗਾ ...”
(3 ਨਵੰਬਰ 2021)
“ਚਾਚੀ! ਜੀਤੋ ਨੂੰ ਸਹੁਰਿਆਂ ਤੋਂ ਲੈਣ ਮੈਂ ਜਾਵਾਂਗਾ।” ਕਈ ਦਿਨਾਂ ਦੀ ਸੋਚ ਵਿਚਾਰ ਤੋਂ ਬਾਅਦ ਇੱਕ ਦਿਨ ਮੈਂ ਚਾਚੀ ਨੂੰ ਕਿਹਾ।
“ਚੰਗਾ ਪੁੱਤ!” ਚਾਚੀ ਨੂੰ ਤਾਂ ਜਿਵੇਂ ਚਾਅ ਜਿਹਾ ਚੜ੍ਹ ਗਿਆ। ਚਾਚੀ ਨਾਲ ਸਲਾਹ ਕਰਕੇ ਮੈਂ ਆਪਣੇ ਘਰ ਆ ਗਿਆ। ਛੋਟੀ ਭੈਣ ਦਿਆਲੀ ਨੂੰ ਕੱਪੜੇ ਧੋਣ ਲਈ ਕਹਿ ਕੇ ਆਪ ਮੈਂ ਚਿੱਟੀ ਪੱਗ ਕੱਛੇ ਮਾਰੀ ਤੇ ਲਲਾਰੀ ਤੋਂ ਰੰਗ ਕਰਾਉਣ ਤੁਰ ਪਿਆ। ਬੇਬੇ ਤਾਂ ਕਿੰਨੇ ਹੀ ਦਿਨਾਂ ਤੋਂ ਮੈਂਨੂੰ ਬੁਲਾਉਂਦੀ ਹੀ ਨਹੀਂ ਸੀ। ਉਂਜ ਮੈਂਨੂੰ ਤਿਆਰੀ ਕਰਦੇ ਨੂੰ ਦੇਖ ਕੇ ਉਹ ਸੋਚੀ ਜਾਂਦੀ ਸੀ ਬਈ ਇਹ ਕਿੱਧਰ ਨੂੰ ਤਿਆਰੇ ਖਿੱਚੀ ਫਿਰਦੈ।
“ਕੁੜੇ ਦਿਆਲੀ! ਇਹਨੇ ਜਾਣੈ ਕਿਤੇ ਲਾਮ ਨੂੰ?” ਬੇਬੇ ਨੇ ਕੋਲ ਜਾ ਕੇ ਕੱਪੜੇ ਧੋਂਦੀ ਦਿਆਲੀ ਨੂੰ ਪੁੱਛਿਆ।
“ਆਹੋ ਬੇਬੇ! ਆਂਹਦੈ ਮੈਂ ਚਾਚੀ ਨੂੰ ਮਨਾ ਕੇ ਆਇਆਂ ਬਈ ਜੀਤੋ ਨੂੰ ਲੈਣ ਵਾਸਤੇ ਮੈਂ ਜਾਊਂਗਾ।”
ਇਹ ਗੱਲ ਸੁਣਦਿਆਂ ਹੀ ਬੇਬੇ ਬੁੜਬੁੜ ਕਰਨ ਲੱਗ ਪਈ, “ਸ਼ਾਬਾਸ਼ੇ ਬਚਨੀ ਦੀ ਅਕਲ ਦੇ। ਨਾ ਅੱਗੇ ਕੋਈ ਕਸਰ ਬਾਕੀ ਰਹਿਗੀ ਸੀ ਜਿਹੜੀ ਹੁਣ ਪੂਰੀ ਕਰਨੀ ਐਂ। ਉਦੋਂ ਅਗਲੇ ਖੌਰੇ ਕਿਹੜੀ ਸ਼ਰਮ ਨੂੰ ਚੁੱਪ ਕਰ’ਗੇ, ਇਹਦੇ ਰੱਥ ਨੀਂ ਦੀਂਹਦੇ ਕੁੜੀ ਨੂੰ ਉੱਥੇ ਵਸਾਉਣ ਦੇ।”
ਬੇਬੇ ਦੀ ਕੁੜ ਕੁੜ ਆਪਣੇ ਘਰੇ ਤੁਰੀ ਫਿਰਦੀ ਚਾਚੀ ਨੂੰ ਵੀ ਸੁਣ ਗਈ ਸੀ, “ਕੀ ਹੋ ਗਿਆ ਬੇਬੇ!” ਚਾਚੀ ਨੇ ਝਲਿਆਨੀ ਉੱਤੋਂ ਦੀ ਗਲ ਕੱਢ ਕੇ ਪੁੱਛਿਆ।
“ਨਾ ਹੋ’ਗੇ ਦਾ ਤਾਂ ਤੈਨੂੰ ਜੀਕਣ ਪਤਾ ਈ ਨੀਂ। ਕੁੜੇ ਬਚਨੀ! ਹਰੀ ਨੂੰ ਤੂੰ ਕਿਹੈ ਜੀਤੋ ਨੂੰ ਸਹੁਰਿਆਂ ਤੋਂ ਲਿਆਉਣ ਵਾਸਤੇ?”
“ਆਹੋ ਬੇਬੇ, ਕਿਹਾ ਤਾਂ ਮੈਂ ਈਂ ਸੀ।” ਚਾਚੀ ਬੇਬੇ ਮੂਹਰੇ ਨੀਵੀਂ ਪਾਈ ਖੜ੍ਹੀ ਸੀ।
“ਨਾ ਅੱਗੇ ਥੋੜ੍ਹੀ ਹੋਈ ਐ? ਕਦੇ ਅਕਲ ਨੂੰ ਵੀ ਹੱਥ ਮਾਰ ਲਿਆ ਕਰ। ਇਹਨੇ ਉੱਥੇ ਜਾ ਕੇ ਫੇਰ ਕੋਈ ਨਵਾਂ ਪੰਗਾ ਖੜ੍ਹਾ ਕਰ ਦੇਣੈ, ਚੰਗੀ ਰਹੇਂਗੀ ਫੇਰ?”
ਬੇਬੇ ਲੜਨ ਵਾਲਿਆਂ ਵਾਂਗ ਬੋਲੀ ਜਾ ਰਹੀ ਸੀ। ਦੋਹਾਂ ਜਣੀਆਂ ਨੂੰ ਹੀ ਪਤਾ ਨਾ ਲੱਗਾ ਕਦੋਂ ਮੈਂ ਮਲਕੜੇ ਜਿਹੇ ਜਾ ਕੇ ਉਨ੍ਹਾਂ ਦੇ ਪਿੱਛੇ ਖੜ੍ਹ ਗਿਆ। ਮੈਂ ਕਿਹਾ, “ਲੈ ਬੇਬੇ! ਆਏਂ ਕਿਤੇ ਉਹ ਮੈਂਨੂੰ ਮੂੰਹ ਵਿੱਚ ਪਾ ਲੈਣਗੇ? ਮੇਰੇ ਕਿਹੜਾ ਵੰਗਾਂ ਪਾਈਆਂ ਹੋਈਐਂ?” ਜਵਾਨੀ ਦੇ ਤਾਅ ਵਿੱਚ ਮੈਂ ਬੇਬੇ ਨੂੰ ਵੀ ਤੱਤਾ ਬੋਲ ਗਿਆ।
“ਵੇ ਪੁੱਤ! ਮੈਂ ਤਾਂ ਕਹਿੰਨੀ ਆਂ ਤੂੰ ਰਹਿਣ ਈ ਦੇ ਜਾਣ ਨੂੰ, ਆਪਾਂ ਰਾਮ ਸਿਹੁੰ ਨੂੰ ਭੇਜ ਦਿੰਨੇ ਆਂ।” ਬੇਬੇ ਨੇ ਮੈਂਨੂੰ ਮੱਤ ਦੇਣ ਵਜੋਂ ਕਿਹਾ।
“ਵੇਖ ਬੇਬੇ! ਭਲਾ ਭੇਜ ਹੱਸ ਕੇ, ਭਲਾ ਭੇਜ ਨਰਾਜ ਹੋ ਕੇ, ਜੀਤੋ ਨੂੰ ਸਹੁਰਿਆਂ ਤੋਂ ਲੈਣ ਤਾਂ ਮਹੀਉਂ ਜਾਣੈ।” ਮੈਂ ਬੇਬੇ ਮੂਹਰੇ ਲਛਮਣ ਰੇਖਾ ਖਿੱਚ ਦਿੱਤੀ।
“ਚੰਗਾ ਪੁੱਤ! ਤੇਰੀ ਮਰਜੀ ਐ ... ਪਰ ਦੇਖੀਂ ਮੇਰਾ ਸ਼ੇਰ! ਰਹੀਂ ਜਰਾ ਸੰਭਲ ਕੇ। ਫੇਰ ਵੀ ਆਪਾਂ ਧੀ ਵਾਲੇ ਆਂ, ਨੀਵੇਂ ਹੋ ਕੇ ਰਹਿਣਾ ਚੰਗਾ ਹੁੰਦਾ ਪੁੱਤ।” ਮਾਂ ਮੁੜ ਮੁੜ ਮੈਂਨੂੰ ਮੱਤਾਂ ਦੇ ਰਹੀ ਸੀ।
ਦੂਜੇ ਦਿਨ ਮੈਂ ਸਾਝਰੇ ਹੀ ਉੱਠ ਗਿਆ। ਪੱਲੇ ਬੰਨ੍ਹਣ ਲਈ ਬੇਬੇ ਨੇ ਘਿਓ ਹੱਥ ਲਾਵੀਆਂ ਰੋਟੀਆਂ ਲਾਹ ਦਿੱਤੀਆਂ ਸਨ। ਉੱਤੇ ਦੋ ਫਾੜੀਆਂ ਅੰਬ ਦੇ ਆਚਾਰ ਦੀਆਂ ਰੱਖੀਆਂ ਹੋਈਆਂ ਸਨ। ਰੋਟੀਆਂ ਵਾਲਾ ਪੋਣਾ ਸਾਈਕਲ ਦੇ ਡੰਡੇ ਨਾਲ ਬੰਨ੍ਹ ਕੇ ਮੈਂ ਜੀਤੋ ਦੇ ਸਹੁਰਿਆਂ ਦੇ ਪਿੰਡ ਨੂੰ ਤੁਰ ਪਿਆ। ਵਾਟ ਕਿਹੜਾ ਥੋੜ੍ਹੀ ਸੀ। ਕਿੱਥੇ ਜੰਡਿਆਲੀ ਕਿੱਥੇ ਰੱਬ ਦੀਆਂ ਜੜ੍ਹਾਂ ਵਿੱਚ ਕੁਰਾਲੀ ਤੇ ਉੱਤੋਂ ਮਹੀਨਾ ਹਾੜ੍ਹ ਦਾ। ਰੇਤਲਾ ਰਾਹ ਬੱਸ ਕਰਾਈ ਜਾਂਦਾ ਸੀ। ਫੇਰ ਵੀ ਮੈਂ ਸਾਰਾ ਜ਼ੋਰ ਲਾ ਕੇ ਸਾਈਕਲ ਤੇਜ਼ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਸਾਈਕਲ ਤੋਂ ਵੀ ਤੇਜ਼ ਰਫਤਾਰ ਨਾਲ ਮਨ ਬੀਤੇ ਦਿਨਾਂ ਦੀ ਰੀਲ ਉਧੇੜੀ ਜਾਂਦਾ ਸੀ। ਜੀਤੋ ਮੇਰੇ ਚਾਚੇ ਭਗਤੂ ਦੀ ਧੀ ਸੀ, ਚਹੁੰ ਭਰਾਵਾਂ ਦੀ ਇਕੱਲੀ ਇਕੱਲੀ ਭੈਣ। ਬਹੁਤ ਹੀ ਲਾਡਲੀ ਰੱਖ ਕੇ ਪਾਲੀ ਹੋਈ ਸੀ। ਇਸੇ ਕੁੜੀ ਜੀਤੋ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਸੀ। ਦੋਹੀਂ ਪਾਸੀਂ ਇਹ ਪਹਿਲਾ ਵਿਆਹ ਸੀ। ਦੋਹਾਂ ਧਿਰਾਂ ਦਾ ਚਾਅ ਨਹੀਂ ਸੀ ਚੁੱਕਿਆ ਜਾਂਦਾ। ਖਰਚ ਵੀ ਰੱਜ ਕੇ ਕੀਤਾ। ਚਾਚੇ ਚਾਚੀ ਦੀ ਖ਼ਾਹਿਸ਼ ਸੀ ਕਿ ਦਾਜ ਵਿੱਚ ਕੋਈ ਵੀ ਚੀਜ਼ ਦੇਣ ਖੁਣੋ ਰਹਿ ਨਾ ਜਾਵੇ।
ਬਰਾਤ ਤਾਂ ਰਾਤ ਦੀ ਆਈ ਹੋਈ ਸੀ। ਮਿਲਣੀ ਕਰਨ ਤੋਂ ਬਾਅਦ ਬੜੇ ਹੀ ਆਦਰ ਮਾਣ ਨਾਲ ਚਾਹ ਪਾਣੀ ਤੇ ਰਾਤ ਦੀ ਰੋਟੀ ਕੜਾਹ ਮੰਡੇ ਨਾਲ ਖਵਾਈ ਗਈ। ਅੱਧੀ ਕੁ ਰਾਤ ਨੂੰ ਲਾਵਾਂ ਫੇਰੇ ਹੋਏ ਸਨ। ਲੱਡੂਆਂ ਦੀ ਮਿਠਿਆਈ ਨਾਲ ਸਵੇਰ ਦੀ ਚਾਹ ਬਰਾਤ ਨੂੰ ਜੰਨ ਵਲਾਹੇ ਹੀ ਪਿਆ ਦਿੱਤੀ ਸੀ।
ਹੁਣ ਦੁਪਹਿਰ ਦੀ ਰੋਟੀ ਦਾ ਵੇਲਾ ਸੀ। ਲਾਗੀ ਕਦੋਂ ਦਾ ਜੰਨ ਵਲਾਹੇ ਖੱਟੀ ਰੋਟੀ ਦਾ ਮਿੱਠਾ ਜਿਹਾ ਸੁਨੇਹਾ ਦੇ ਆਇਆ ਸੀ। ਭੁੱਖ ਲੱਗੀ ਹੋਣ ਕਰਕੇ ਸੁਨੇਹਾ ਮਿਲਦਿਆਂ ਹੀ ਬਾਰਾਤ ਰੋਟੀ ਖਾਣ ਲਈ ਪਹੁੰਚ ਗਈ। ਖੱਟੀਆਂ ਗੁਲਾਬੀ ਪੱਗਾਂ ਵਾਲੇ ਚੋਬਰਾਂ ਦੇ ਗਲੀਂ ਪਾਏ ਸੋਨੇ ਦੇ ਕੈਂਠੇ ਪਾਏ ਹੋਏ ਸਨ। ਪੰਡਾਲ ਦੇ ਇੱਕ ਪਾਸੇ ਬੈਠਾ ਨੱਥੂ ਹਲਵਾਈ ਜਲੇਬੀਆਂ ਕੱਢ ਰਿਹਾ ਸੀ। ਮਿਠਾਸ ਭਰੀ ਖੁਸ਼ਬੋ ਮਨਾਂ ਨੂੰ ਮੁਗਧ ਕਰੀ ਜਾ ਰਹੀ ਸੀ। ਸੱਗੀ ਫੁੱਲਾਂ ਵਾਲੀਆਂ ਗੀਤ ਗਾਉਂਦੀਆਂ ਕੁੜੀਆਂ ਦੇ ਵੰਝਲੀ ਵਰਗੇ ਬੋਲਾਂ ਨਾਲ ਰੂਹ ਨਸ਼ਿਆਈ ਜਾ ਰਹੀ ਸੀ। ਸੱਜ ਵਿਆਹੀਆਂ ਵਹੁਟੀਆਂ ਦੇ ਬੁਲਬੁਲ ਟੀਨ ਤੇ ਦਿਲ ਕੀ ਪਿਆਸ ਦੇ ਸੂਟ, ਲਹਿੰਗੇ ਸੱਚਮੁੱਚ ਹੀ ਦਿਲ ਦੀ ਪਿਆਸ ਬੁਝਾ ਰਹੇ ਸਨ। ਹਰ ਪਾਸੇ ਖੁਸ਼ੀਆਂ ਤੇ ਖੇੜੇ ਸਨ। ਹਾਸੇ ਮਖੌਲ ਉਡ ਰਹੇ ਸਨ। ਖੁੱਲ੍ਹੀਆਂ ਟਿੱਚਰਾਂ ਹੋ ਰਹੀਆਂ ਸਨ। ਪੂਰੀ ਸ਼ੁਕੀਨੀ ਲਾ ਕੇ ਮੈਂ ਵੀ ਮੁੰਡਿਆਂ ਦੇ ਨਾਲ ਪਰੀਹਾ ਲੱਗਿਆ ਉਡਿਆ ਫਿਰਦਾ ਸਾਂ।
ਅਚਾਨਕ ਹੀ ਇੱਕ ਅਣਸੁਖਾਵੀਂ ਘਟਨਾ ਵਾਪਰ ਗਈ। ਜਿਵੇਂ ਚਲਦੇ ਘਰਾਟ ਵਿੱਚ ਕਿਸੇ ਸ਼ਰਾਰਤੀ ਨੇ ਰੋੜਿਆਂ ਦਾ ਬੁੱਕ ਭਰ ਕੇ ਪਾ ਦਿੱਤਾ ਹੋਵੇ। ਮੇਲਣਾਂ ਕੁੜੀਆਂ ਸਿੱਠਣੀਆਂ ਦੇ ਰਹੀਆਂ ਸਨ। ਬਰਾਤੀਆਂ ਦੇ ਹੁਲੀਏ ਬਿਆਨ ਕਰ ਕਰ ਕੇ ਹੇਰੇ ਲਾਏ ਜਾ ਰਹੇ ਸਨ। ਅਚਾਨਕ ਹੀ ਇੱਕ ਚੁਸਤ ਜਿਹਾ ਦਿਸਦਾ ਮੁੰਡਾ ਕੁੜੀਆਂ ਦੇ ਹੇਰੇ ਦਾ ਜਵਾਬ ਮੋੜਨ ਲਈ ਉੱਠ ਕੇ ਖੜ੍ਹਾ ਹੋ ਗਿਆ। ਇੱਕ ਬਾਂਹ ਖੜ੍ਹੀ ਕਰਕੇ ਤੇ ਦੂਜਾ ਹੱਥ ਕੰਨ ’ਤੇ ਧਰ ਕੇ ਅਜੇ ਉਹ ਕੁਝ ਬੋਲਣ ਹੀ ਲੱਗਿਆ ਸੀ ਕਿ ਮੈਂ ਜਲੇਬੀਆਂ ਵਾਲੀ ਪਰਾਤ ਨਾਲ ਦੇ ਮੁੰਡੇ ਨੂੰ ਫੜਾ ਕੇ ਉਹਦੇ ਦੋਵੇਂ ਹੱਥ ਹੇਠਾਂ ਕਰਕੇ ਉਸ ਦੇ ਮੌਰਾਂ ਵਿੱਚ ਤਿੰਨ ਚਾਰ ਹੂਰੇ ਜੜ ਦਿੱਤੇ। ਮਾਹੌਲ ਇੱਕ ਦਮ ਤਲਖ਼ ਹੋ ਗਿਆ। ਬਰਾਤ ਦੇ ਬੰਦੇ ਰੁੱਸ ਕੇ ਬਾਹਰ ਜਾਣੇ ਸ਼ੁਰੂ ਹੋ ਗਏ ਤੇ ਸਾਡੇ ਸਿਆਣੇ ਬਜ਼ੁਰਗ ਉਨ੍ਹਾਂ ਨੂੰ ਮਨਾ ਕੇ ਵਾਪਸ ਪੰਡਾਲ ਵਿੱਚ ਲਿਆਉਣ ਲੱਗੇ। ਉਹ ਮੁੰਡਾ ਮੇਰੇ ਵੱਲ ਘੁੱਟਾ ਬਾਟੀ ਝਾਕ ਰਿਹਾ ਸੀ। ਭਾਵੇਂ ਉਸ ਨੇ ਮੇਰੇ ਮੂਹਰੇ ਹੱਥ ਨਹੀਂ ਸੀ ਚੁੱਕਿਆ, ਫੇਰ ਵੀ ਵੰਗਾਰ ਦੇਣ ਵਾਲਿਆਂ ਵਾਂਗ ਮੈਂਨੂੰ ਲਲਕਾਰਿਆ ਸੀ, “ਕਦੇ ਆਈਂ ਤੂੰ ਵੀ ਸਾਡੇ ਪਿੰਡ, ਉੱਥੇ ਦੇਖਾਂਗੇ ਤੈਨੂੰ।” ਵੰਗਾਰ ਨੂੰ ਸਵੀਕਾਰ ਕਰਦੇ ਹੋਏ ਮੈਂ ਵੀ ਛਾਤੀ ਠੋਕ ਕੇ ਆਖ ਦਿੱਤਾ, “ਤੂੰ ਹੁਣੇ ਈਂ ਦੇਖ ਲੀਂ, ਲੈ ਮੈਂ ਈਂ ਆਊਂ ਕੁੜੀ ਨੂੰ ਲੈਣ ਤੇ ਆਊਂ ਵੀ ਇਕੱਲਾ ਈ। ਤੂੰ ਕਰਲੀਂ ਇਕੱਠੇ ਜਿੰਨੇ ਮਰਜੀ।” ਇਸੇ ਜ਼ਿਦ ਨੂੰ ਪੁਗਾਉਣ ਲਈ ਅੱਜ ਮੈਂ ਮੁਕਲਾਵੇ ਗਈ ਜੀਤੋ ਨੂੰ ਉਹਦੇ ਸਹੁਰਿਆਂ ਤੋਂ ਲੈਣ ਲਈ ਜਾ ਰਿਹਾ ਸਾਂ।
ਰਾਹ ਵਿੱਚ ਖੂਹ ਚਲਦਾ ਦੇਖ ਕੇ ਮੈਂ ਪੋਣੇ ਲੜ ਬੰਨ੍ਹੀ ਰੋਟੀ ਖੋਲ੍ਹ ਕੇ ਖਾਣ ਬੈਠ ਗਿਆ। ਰੋਟੀ ਮੁਕਾ ਕੇ ਉੱਥੇ ਹੀ ਦ੍ਰਖਤ ਥੱਲੇ ਪਰਨਾ ਵਿਛਾ ਕੇ ਘੜੀ ਪਲ ਆਰਾਮ ਕੀਤਾ ਤੇ ਫੇਰ ਸਾਈਕਲ ਚੁੱਕ ਕੇ ਤੁਰ ਪਿਆ। ਮਨ ਮੁੜ ਤੋਂ ਸੋਚੀਂ ਪੈ ਗਿਆ, “ਕਿਤੇ ਉਹੀ ਗੱਲ ਨਾ ਹੋਵੇ, ਮੇਰੇ ਗਏ ਤੋਂ ਸੱਚੀਉਂ ਨਾ ਕੋਈ ਜੱਭ ਪੈ ਜੇ। ਘਰ ਦੇ ਤਾਂ ਮੈਂਨੂੰ ਭੇਜ ਕੇ ਪਹਿਲਾਂ ਹੀ ਨਹੀਂ ਸੀ ਖੁਸ਼, ਚੰਗਾ ਰਹਿੰਦਾ ਜੇ ਮੈਂ ਨਾ ਹੀ ਆਉਂਦਾ। ਜੇ ਭਲਾ ਉਹੀਓ ਮੁੰਡਾ ਮੈਂਨੂੰ ਰਾਹ ਵਿੱਚ ਮਿਲ ਗਿਆ ਫੇਰ?” ਪਰ ਮਨ ਵਿਚਲੇ ਜਵਾਨੀ ਦੇ ਅੰਨ੍ਹੇ ਜੋਸ਼ ਨੇ ਫਿਰ ਬੜ੍ਹਕ ਮਾਰੀ, “ਲੈ, ਆਉਂਦਾ ਕਿਮੇਂ ਨਾ! ਉਹਨੂੰ ਈ ਤਾਂ ਮੈਂ ਦੇਖਣ ਆਇਐਂ ਵੱਡੇ ਘੀਲੇ ਨੂੰ।”
ਮਨ ਦੀ ਇਸੇ ਉਧੇੜ ਬੁਣ ਵਿੱਚ ਮੈਂ ਜੀਤੋ ਦੇ ਸਹੁਰੇ ਪਿੰਡ ਪਹੁੰਚ ਗਿਆ। ਪਿੰਡ ਵਿੱਚ ਪਹਿਲੀ ਵਾਰ ਆਇਆ ਹੋਣ ਕਰਕੇ ਘਰ ਤਾਂ ਕਿਸੇ ਤੋਂ ਪੁੱਛਣਾ ਹੀ ਪੈਣਾ ਸੀ। ਜੀਤੋ ਦੇ ਪ੍ਰਾਹੁਣੇ ਦਾ ਤੇ ਉਸ ਦੇ ਸਹੁਰੇ ਦਾ ਨਾਂ ਤਾਂ ਮੈਂ ਪਹਿਲਾਂ ਹੀ ਚਾਚੀ ਤੋਂ ਪੁੱਛ ਕੇ ਤੁਰਿਆ ਸੀ। ਪਿੰਡ ਦੇ ਬਾਹਰਵਾਰ ਜ਼ਿਮੀਂਦਾਰਾਂ ਦਾ ਇੱਕ ਵੱਡਾ ਸਾਰਾ ਘਰ ਸੀ। ਇੱਕ ਬੰਦਾ ਟੋਕਰਾ ਚੁੱਕੀ ਪਸ਼ੂਆਂ ਨੂੰ ਪੱਠੇ ਪਾ ਰਿਹਾ ਸੀ। ਸ਼ਾਇਦ ਘਰ ਦਾ ਸੀਰੀ ਸੀ। “ਇਹਤੋਂ ਪੁੱਛਾਂ?” ਮੈਂ ਮਨ ਹੀ ਮਨ ਵਿੱਚ ਸੋਚਿਆ। ਬਾਹਰਲੀ ਕੰਧ ਨਾਲ ਸਾਈਕਲ ਖੜ੍ਹਾ ਕਰ ਕੇ ਮੈਂ ਦਰਵਾਜੇ ਵਿੱਚ ਖਲੋ ਕੇ ਉਸ ਨੂੰ ‘ਭਾਈ ਸਾਅਬ’ ਕਹਿ ਕੇ ਅਵਾਜ਼ ਮਾਰੀ। ਟੋਕਰਾ ਉੱਥੇ ਹੀ ਰੱਖ ਕੇ ਜਦੋਂ ਉਹ ਦਰਵਾਜੇ ਵੱਲ ਨੂੰ ਅਹੁਲਿਆ ਤਾਂ ਮੈਂ ਦੇਖ ਕੇ ਹੱਕਾ ਬੱਕਾ ਰਹਿ ਗਿਆ, ਹੈਂ! ਇਹ ਤਾਂ ਉਹੀ ਬਰਾਤ ਵਾਲਾ ਮੁੰਡਾ ਸੀ।
ਉਸਨੇ ਵੀ ਮੈਂਨੂੰ ਪਛਾਣ ਲਿਆ ਸੀ। ਮੇਰੀ ਆਸ ਤੋਂ ਬਿਲਕੁਲ ਉਲਟ ਉਹ ਬੋਲਿਆ, “ਉਏ! ਆ ਬਈ ਸਾਕਾ! ਆ ਬਈ! ਧੰਨਭਾਗ! ਤੇ ਉਦੋਂ ਮੇਰੀ ਹੈਰਾਨੀ ਹੱਦਾਂ ਬੰਨੇ ਟੱਪ ਗਈ ਜਦੋਂ ਉਸਨੇ ਮੈਂਨੂੰ ਘੁੱਟ ਕੇ ਜੱਫੀ ਪਾ ਲਈ।
“ਭਾਈ ਚਾਚੀ! ਮੈਂ ਤਾਂ ਚੱਲਿਐਂ ਘਰ ਨੂੰ, ਸਾਡੇ ਤਾਂ ਪ੍ਰਾਹੁਣੇ ਆ’ਗੇ। ਹੁਣ ਤੁਸੀਂ ਆਪੇ ਈ ਪਾ ਲਿਉ ਪੱਠੇ ਪੁਠੇ।” ਉਹ ਉੱਚੀ ਸਾਰੀ ਬੋਲਿਆ ਤੇ ਮੇਰੇ ਨਾਲ ਹੀ ਘਰ ਨੂੰ ਤੁਰ ਪਿਆ।
“ਬੇਬੇ! ਚਾਹ ਧਰ ਲੈ, ਆਪਣੇ ਘਰੇ ਪ੍ਰਾਹੁਣੇ ਆਏ ਐ।” ਉਹ ਮਿੰਡਾ ਜੀਤੋ ਦੇ ਸਹੁਰਿਆਂ ਦੇ ਘਰ ਲਿਜਾਣ ਦੀ ਬਜਾਏ ਮੈਂਨੂੰ ਆਪਣੇ ਘਰ ਲੈ ਗਿਆ। ਪ੍ਰਛਾਵੇਂ ਢਲ ਆਏ ਸਨ। ਸੰਵਰੇ ਸੰਵਾਰੇ ਵਿਹੜੇ ਵਿੱਚ ਉਹਦੀ ਬੇਬੇ ਨੇ ਸਾਡੇ ਵਾਸਤੇ ਮੰਜਾ ਡਾਹਿਆ ਹੀ ਸੀ ਕਿ ਉਹ ਆਪਣੀ ਮਾਂ ਨੂੰ ਘੁਰਕ ਕੇ ਪਿਆ, “ਬੇਬੇ! ਬਿਸਤਰਾ ਕੱਢ ਕੇ ਲਿਆ ਪੇਟੀ ਵਿੱਚੋਂ, ਇਹੋ ਜਿਹੇ ਪ੍ਰਾਹੁਣੇ ਕਿਤੇ ਅਲਾਣੇ ਮੰਜੇ ’ਤੇ ਬਿਠਾਈਦੇ ਹੁੰਦੇ ਨੇ?”
ਸੋਹਣਾ ਸਾਫ਼ ਸੁਥਰਾ ਬਿਸਤਰਾ ਵਿਛਾ ਕੇ ਉਸਦੀ ਮਾਂ ਚਾਹ ਪਾਣੀ ਦੇ ਆਹਰ ਵਿੱਚ ਲੱਗ ਗਈ। ਮੈਂ ਸਰਸਰੀ ਜਿਹੀ ਨਜ਼ਰ ਘਰ ’ਤੇ ਮਾਰੀ। ਘਰ ਭਾਵੇਂ ਕੱਚਾ ਸੀ ਪਰ ਲਿੱਪਿਆ ਪੋਚਿਆ ਕਿਸੇ ਸੁੱਘੜ ਸਿਆਣੇ ਹੱਥਾਂ ਦੇ ਸਚਿਆਰਪੁਣੇ ਦੀ ਗਵਾਹੀ ਭਰ ਰਿਹਾ ਸੀ। ਮੇਰੇ ਵਾਰ ਵਾਰ ਕਹਿਣ ’ਤੇ ਵੀ ਉਹ ਮੁੰਡਾ ਮੈਂਨੂੰ ਜੀਤੋ ਦੇ ਸਹੁਰਿਆਂ ਦੇ ਘਰ ਛੱਡਣ ਨਹੀਂ ਗਿਆ, ਸਗੋਂ ਮੇਰ ਜਿਹੀ ਨਾਲ ਕਹਿਣ ਲੱਗਾ, “ਦੇਖ ਬਈ ਸਾਕਾ! ਅੱਜ ਦੀ ਰਾਤ ਤੂੰ ਸਾਡਾ ਪ੍ਰਾਹੁਣੈ, ਆਪਾਂ ਕੱਲ੍ਹ ਨੂੰ ਚੱਲਾਂਗੇ ਉੱਧਰ।”
ਮੈਂ ਅਜੇ ਤੀਕ ਉਸਦਾ ਨਾਂ ਵੀ ਨਹੀਂ ਸੀ ਪੁੱਛਿਆ। ਮੈਂ ਤਾਂ ਆਪਣੇ ਵੱਲੋਂ ਕੀਤੀ ਗਲਤੀ ਦੇ ਪਛਤਾਵੇ ਨਾਲ ਹੀ ਦੱਬਿਆ ਜਾ ਰਿਹਾ ਸਾਂ। “ਤੇਰਾ ਨਾਂ ਕੀ ਏ ਬੇਲੀਆ?” ਮੈਂ ਝਕਦੇ ਝਕਦੇ ਨੇ ਪੁੱਛਿਆ।
“ਬਾਈ ਜੀ! ਮੇਰਾ ਨਾਂ ਰੱਖਾ ਏ, ਮਾਂ ਦਾ ’ਕੱਲਾ ’ਕੱਲਾ ਪੁੱਤ ਆਂ। ਹੋਰ ਕੋਈ ਭੈਣ ਭਰਾ ਨਹੀਂ। ਪਿਉ ਵੀ ਸਿਰ ’ਤੇ ਨਹੀਂ, ਬੱਸ ਅਸੀਂ ਮਾਂ ਪੁੱਤ ਈ ਆਂ।”
ਆਪਣਾ ਨਾਂ ਦੱਸਦੇ ਹੋਏ ਰੱਖੇ ਨੇ ਮੇਰੇ ਬਗੈਰ ਪੁੱਛਿਆਂ ਹੀ ਆਪਣੇ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ। ਰਾਤ ਨੂੰ ਉਨ੍ਹਾਂ ਮਾਂ ਪੁੱਤ ਨੇ ਮੇਰੀ ਇੰਨੀ ਸੇਵਾ ਕੀਤੀ, ਜਿਵੇਂ ਮੈਂ ਕੋਈ ਵੱਡਾ ਅਮੀਰ ਵਜ਼ੀਰ ਹੋਵਾਂ।
“ਬਾਈ ਜੀ! ਐਵੇਂ ਘੁੱਟ ਪੀਤੀ ਖਾਧੀ ਵਿੱਚ ਮੈਂ ਮੁੰਡ੍ਹੀਰ ਦੇ ਚੁੱਕੇ ਚੁਕਾਏ ਨੇ ਉਹ ਗਲਤੀ ਕਰ ਲਈ ਸੀ, ਨਹੀਂ ਤਾਂ ਮੈਂ ਕਾਹਨੂੰ ਆਂ ਇਹੋ ਜਿਹਾ।” ਉਸਨੇ ਮੁਆਫ਼ੀ ਮੰਗਣ ਦੇ ਅੰਦਾਜ਼ ਨਾਲ ਮੇਰੇ ਨਾਲ ਗੱਲ ਤੋਰੀ।
“ਨਹੀਂ ਯਾਰ! ਵਧੀਕੀ ਤਾਂ ਸਗੋਂ ਮੈਥੋਂ ਹੋਈ ਸੀ, ਮੈਂ ਤਾਂ ਸਗੋਂ ਆਪ …।” ਤੇ ਅਗਾਂਹ ਮੈਂਨੂੰ ਅਹੁੜਿਆ ਹੀ ਨਾ ਕਿ ਕੀ ਕਹਿਣਾ ਹੈ।
“ਚੱਲ ਕੋਈ ਨਾ ਸਾਊ! ਵਿਆਹਾਂ ਸ਼ਾਦੀਆਂ ਵਿੱਚ ਇਹੋ ਜਿਹੀਆਂ ਨਿੱਕੀਆਂ ਮੋਟੀਆਂ ਗੱਲਾਂ ਤਾਂ ਹੋ ਈ ਜਾਂਦੀਆਂ ਹੁੰਦੀਆਂ ਨੇ।” ਕੋਲ ਪਈ ਉਸ ਦੀ ਮਾਂ ਨੇ ਹੁੰਗਾਰਾ ਭਰਿਆ।
ਸਵੇਰੇ ਜਦੋਂ ਮੈਂ ਉਸ ਦੇ ਨਾਲ ਜੀਤੋ ਦੇ ਸਹੁਰਿਆਂ ਦੇ ਘਰ ਪਹੁੰਚਿਆ ਤਾਂ ਕੁੜੀ ਮੈਂਨੂੰ ਇੱਡੇ ਸਾਝਰੇ ਆਇਆ ਦੇਖ ਕੇ ਘਬਰਾ ਗਈ, “ਵੀਰੇ! ਐਡੇ ਸਵਖਤੇ? ਘਰ ਸੁੱਖ ਤਾਂ ਹੈ?”
“ਹਾਂ! ਘਰ ਤਾਂ ਸਭ ਸੁੱਖ ਸਾਂਦ ਐ। ਮੈਂ ਤਾਂ ਕੁੜੇ ਰਾਤ ਦਾ ਆਇਆ ਵਿਆਂ। ਰਾਤੀਂ ਆਹ ਬਾਈ ਨੇ ਆਉਣ ਈ ਨੀਂ ਦਿੱਤਾ ਇੱਧਰ।” ਮੈਂ ਰੱਖੇ ਵੱਲ ਇਸ਼ਾਰਾ ਕਰਕੇ ਦੱਸਿਆ। ਮੈਂ ਚੋਰ ਅੱਖ ਨਾਲ ਦੇਖਿਆ, ਜੀਤੋ ਦਾ ਪ੍ਰਾਹੁਣਾ ਤੇ ਸਹੁਰਾ ਮੁਸਕੜੀਏਂ ਹੱਸੀ ਜਾ ਰਹੇ ਸਨ। ਮੈਂ ਸ਼ਰਮ ਨਾਲ ਧਰਤੀ ਵਿੱਚ ਨਿੱਘਰਦਾ ਜਾ ਰਿਹਾ ਸਾਂ। ਰੱਖਾ ਮੈਂਨੂੰ ਛੱਡ ਕੇ ਘਰ ਨੂੰ ਮੁੜ ਗਿਆ।
ਫੇਰ ਪਤਾ ਨਹੀਂ ਮੈਂਨੂੰ ਬੈਠੇ ਬੈਠੇ ਨੂੰ ਕੀ ਸੁੱਝੀ, ਮੈਂ ਜੀਤੋ ਦੀ ਸੱਸ ਨੂੰ ਪੁੱਛਿਆ, “ਮਾਸੀ! ਭਲਾ ਇਹ ਮੁੰਡਾ ਮੰਗਿਆ ਵਿਐ ਕਿਧਰੇ?”
“ਕਿਉਂ, ਕੀ ਲੋੜ ਪੈ ਗਈ ਪੁੱਛਣ ਦੀ?” ਅੰਦਰੋਂ ਸੁਚੇਤ ਪਰ ਬਾਹਰੋਂ ਭੋਲੀ ਜਿਹੀ ਬਣਦੀ ਮਾਸੀ ਨੇ ਮੈਂਨੂੰ ਕੁਰੇਦਿਆ। ਮੈਂ ਖੀਸੇ ਵਿੱਚ ਹੱਥ ਪਾ ਕੇ ਚਾਂਦੀ ਦਾ ਇੱਕ ਰੁਪਇਆ ਕੱਢਿਆ ਤੇ ਮਾਸੀ ਦੇ ਹੱਥ ਵਿੱਚ ਫੜਾਉਂਦੇ ਹੋਏ ਨੇ ਕਿਹਾ, “ਲੈ ਆਹ ਰੁਪਈਆ ਫੜਾ ਦੀਂ ਉਨ੍ਹਾਂ ਦੇ ਘਰੇ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3121)
(ਸਰੋਕਾਰ ਨਾਲ ਸੰਪਰਕ ਲਈ: