“ਆਪਣੇ ਘਰ ਦਿਆਂ ਤੋਂ ਚੋਰੀਓਂ ਮੈਂ ਉਨ੍ਹਾਂ ਦੀ ਨੂੰਹ ਦੇ ਪੇਕੇ ਘਰ ਜਾ ਪਹੁੰਚਿਆ ਤੇ ...”
(2 ਅਪ੍ਰੈਲ 2023)
ਇਸ ਸਮੇਂ ਪਾਠਕ: 238.
ਬੱਸ ਚੜ੍ਹਨ ਹੀ ਲੱਗਾ ਸਾਂ ਕਿ ਬੱਸ ਦੇ ਪਿਛਲੇ ਪਾਸੇ ਲਿਖੀ ਇਬਾਰਤ ਨੂੰ ਪੜ੍ਹ ਕੇ ਮੈਂ ਚੌਂਕ ਗਿਆ। ਡਿਊਟੀ ’ਤੇ ਜਾਣ ਲਈ ਹਰ ਰੋਜ਼ ਇਸੇ ਬੱਸ ਤੇ ਜਾਂਦਾ ਹਾਂ ਇਸੇ ਉੱਤੇ ਵਾਪਸ ਆਉਂਦਾ ਹਾਂ। ਅੱਗੇ ਪਿੱਛੇ ਕਦੇ ਇਨ੍ਹਾਂ ਸ਼ਬਦਾਂ ਵੱਲ ਮੇਰਾ ਧਿਆਨ ਹੀ ਨਹੀਂ ਸੀ ਗਿਆ ਪਰ ਅੱਜ ਇਨ੍ਹਾਂ ਸ਼ਬਦਾਂ ਨੇ ਮੈਨੂੰ ਮਾਨਸਿਕ ਤੌਰ ’ਤੇ ਹਲੂਣ ਕੇ ਰੱਖ ਦਿੱਤਾ ਹੈ। ਮਨ ਦੀ ਚੰਗੇਰ ਵਿੱਚ ਪਈਆਂ ਪੁਰਾਣੀਆਂ ਯਾਦਾਂ ਨੇ ਤਾਜ਼ਾ ਜ਼ਖ਼ਮਾਂ ਵਾਂਗ ਇੱਕ ਦਮ ਖਲਬਲੀ ਮਚਾ ਦਿੱਤੀ ਹੈ। ਉਸ ਘਟਨਾ ਨੂੰ ਯਾਦ ਕਰਕੇ ਮੈਨੂੰ ਅੱਜ ਵੀ ਆਪਣੇ ਆਪ ’ਤੇ ਅੰਤਾਂ ਦੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ। ਮਨ ਆਤਮ ਗਿਲਾਨੀ ਨਾਲ ਨੱਕੋ-ਨੱਕ ਭਰ ਗਿਆ ਹੈ ਪਰ ਹੁਣ ਤਾਂ ਆਪਣੀ ਉਸ ਕਰਤੂਤ ’ਤੇ ਸਿਰਫ਼ ਪਛਤਾਵਾ ਹੀ ਕੀਤਾ ਜਾ ਸਕਦਾ ਹੈ। ਪਛਤਾਵੇ ਤੋਂ ਸਿਵਾਏ ਹੋਰ ਹੁਣ ਕੀਤਾ ਵੀ ਕੀ ਜਾ ਸਕਦਾ ਹੈ! ਇਸ ਗੱਲ ਨੂੰ ਸਾਰੇ ਮੰਨਦੇ ਹਨ ਕਿ ਬੀਤਿਆ ਸਮਾਂ ਮੁੜ ਕੇ ਕਦੇ ਹੱਥ ਨਹੀਂ ਆਉਂਦਾ ਪਰ ਇਹ ਵੀ ਸੱਚ ਹੈ ਕਿ ਅਤੀਤ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਜਿਉਂਦੇ ਜੀਅ ਬੰਦੇ ਦਾ ਖਹਿੜਾ ਵੀ ਨਹੀਂ ਛੱਡਦੀਆਂ। ਕੁਝ ਘਟਨਾਵਾਂ ਤਾਂ ਇਹੋ ਜਿਹੀਆਂ ਵਾਪਰ ਜਾਂਦੀਆਂ ਹਨ ਕਿ ਉਹ ਮਨ ਦੇ ਚੌਖਟੇ ਵਿੱਚ ਸੀਮੈਂਟ ਵਾਂਗ ਪੱਕੀਆਂ ਹੀ ਜੜੀਆਂ ਜਾਂਦੀਆਂ ਹਨ ਫਿਰ ਉਨ੍ਹਾਂ ਦਾ ਪੱਕਾ ਤੇ ਪੀਡਾ ਜੋੜ ਦਿਲ ਦਿਮਾਗ ਦੇ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਵੀ ਨਹੀਂ ਟੁੱਟਦਾ।
ਜਦੋਂ ਦੀ ਇਹ ਗੱਲ ਹੈ ਉਦੋਂ ਮੈਂਨੂੰ ਐੱਫ ਸੀ ਆਈ ਵਿੱਚ ਨੌਕਰੀ ਕਰਦਿਆਂ ਸਿਰਫ਼ ਪੰਜ ਕੁ ਸਾਲ ਹੀ ਹੋਏ ਸਨ। ਮੇਰੀ ਵਿਆਹ ਮੰਗਣੇ ਵਾਲੀ ਉਮਰ ਹੋ ਗਈ ਸੀ ਪਰ ਆਪਣਾ ਵਿਆਹ ਕਰਵਾਉਣ ਤੋਂ ਪਹਿਲਾਂ ਮੇਰੇ ਸਾਹਮਣੇ ਹੋਰ ਕਈ ਘਰੇਲੂ ਜ਼ਿੰਮੇਵਾਰੀਆਂ ਮੂੰਹ ਅੱਡੀ ਖੜ੍ਹੀਆਂ ਸਨ। ਘਰ ਮੁਟਿਆਰ ਭੈਣ ਵਿਆਹੁਣ ਵਾਲੀ ਸੀ। ਟੁੱਟਿਆ ਜਿਹਾ ਘਰ ਵੀ ਪੁਰਾਣੇ ਰਿਵਾਜ਼ ਦਾ ਸੀ, ਅੱਧਾ ਕੁ ਕੱਚਾ ਅੱਧਾ ਕੁ ਪੱਕਾ ਤੇ ਕਿਸੇ ਢੰਗ ਸਿਰ ਦਾ ਵੀ ਨਹੀਂ ਸੀ। ਜਦੋਂ ਘਰ ਵਿੱਚ ਗਰੀਬੀ ਹੋਵੇ ਉਦੋਂ ਤਾਂ ਮਜਬੂਰੀ ਵੱਸ ਬੰਦੇ ਨੂੰ ਹਾਲਾਤ ਨਾਲ ਸਮਝੌਤਾ ਕਰਨਾ ਹੀ ਪੈਂਦਾ ਹੈ ਪਰ ਹੁਣ ਤਾਂ ਰੱਬ ਦੀ ਮਿਹਰ ਸੀ। ਅਸੀਂ ਤਿੰਨੇ ਜਣੇ ਵਧੀਆ ਕੰਮਾਂ ਕਾਰਾਂ ’ਤੇ ਲੱਗੇ ਹੋਏ ਸਾਂ ਤੇ ਚੰਗੀਆਂ ਤਨਖਾਹਾਂ ਲੈ ਰਹੇ ਸਾਂ। ਮੈਥੋਂ ਛੋਟਾ ਭਰਾ ਪੰਜਾਬ ਪੁਲਿਸ ਵਿੱਚ ਤਾਇਨਾਤ ਸੀ। ਪਿਤਾ ਜੀ ਡਾਕ ਮਹਿਕਮੇ ਵਿੱਚ ਸੇਵਾਵਾਂ ਨਿਭਾ ਰਹੇ ਸਨ। ਚਾਰ ਪੈਸੇ ਵੀ ਕੋਲ ਸਨ। ਸੋ ਸਭ ਤੋਂ ਪਹਿਲਾਂ ਅਸੀਂ ਸਾਰਾ ਪੁਰਾਣਾ ਘਰ ਢਾਹ ਕੇ ਤੇ ਨਾਲ ਲਗਦੀ ਜਗ੍ਹਾ ਖਰੀਦ ਕੇ ਇੱਕ ਵਧੀਆ ਆਲੀਸ਼ਾਨ ਕੋਠੀ ਬਣਾਈ ਫਿਰ ਛੋਟੀ ਭੈਣ ਦਾ ਵਿਆਹ ਪੂਰੀ ਸਜ ਧਜ ਨਾਲ ਕੀਤਾ। ਮੈਂ ਵੱਡਾ ਹੋਣ ਕਾਰਨ ਹੁਣ ਵਾਰੀ ਮੇਰੇ ਵਿਆਹ ਦੀ ਸੀ। ਮੈਨੂੰ ਬਥੇਰੇ ਰਿਸ਼ਤੇ ਆਏ ਪਰ ਉਹ ਸਾਰੇ ਮੇਰੇ ਮਨ ਦੇ ਫੁਰਨਿਆਂ ਤੋਂ ਅਸਲੋਂ ਹੀ ਊਣੇ ਸਨ।
ਮੇਰਾ ਵਿਚਾਰ ਸੀ ਕਿ ਕੋਈ ਪੜ੍ਹੀ ਲਿਖੀ ਨੌਕਰੀ ’ਤੇ ਲੱਗੀ ਹੋਈ ਸੋਹਣੀ ਸੁਨੱਖੀ ਕੁੜੀ ਮਿਲ ਜਾਵੇ ਤਾਂ ਸ਼ਰੀਕੇ ਕਬੀਲੇ ਵਿੱਚ ਜਮ੍ਹਾਂ ਈ ‘ਬੱਲੇ ਬੱਲੇ ਹੋ’ ਜਾਵੇਗੀ। ਅੱਜ ਕੱਲ੍ਹ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਵਧੀਆ ਗੁਜ਼ਾਰਾ ਹੀ ਤਾਂ ਹੁੰਦਾ ਹੈ ਜੇ ਦੋਵੇਂ ਜੀਅ ਕਮਾਉਂਦੇ ਹੋਣ।
ਅਖੀਰ ਮੇਰੇ ਮਨ ਦੀ ਇਹ ਇੱਛਾ ਵੀ ਪੂਰੀ ਹੋ ਹੀ ਗਈ ਤੇ ਮੈਨੂੰ ਇੱਕ ਐੱਮ ਏ. ਬੀ ਐੱਡ ਕੁੜੀ ਦਾ ਰਿਸ਼ਤਾ ਆ ਗਿਆ। ਕੁੜੀ ਭਾਵੇਂ ਅਜੇ ਨੌਕਰੀ ’ਤੇ ਤਾਂ ਨਹੀਂ ਸੀ ਲੱਗੀ ਪਰ ਉਨ੍ਹੀਂ ਦਿਨੀਂ ਪੜ੍ਹਿਆਂ ਲਿਖਿਆਂ ਨੂੰ ਨੌਕਰੀ ਮਿਲਣੀ ਅੱਜ ਜਿੰਨੀ ਮੁਸ਼ਕਿਲ ਨਹੀਂ ਸੀ। ਉਸ ਦੇ ਮਾਂ ਬਾਪ ਮੈਨੂੰ ਦੇਖਣ ਆਏ ਕੁੜੀ ਦੀ ਫੋਟੋ ਵੀ ਨਾਲ ਲੈ ਕੇ ਆਏ ਸਨ। ਸਾਡੇ ਸਾਰੇ ਪਰਿਵਾਰ ਨੂੰ ਤਾਂ ਕੁੜੀ ਫੋਟੋ ਦੇਖ ਕੇ ਹੀ ਪਸੰਦ ਆ ਗਈ ਸੀ। ਲਗਦੇ ਹੱਥ ਹੀ ਦੇਖ ਦਿਖਾਈ ਦਾ ਦਿਨ ਵੀ ਮਿਥ ਲਿਆ ਗਿਆ। ਕੁੜੀ ਦੇਖਣ ਗਿਆਂ ਨੇ ਅਸੀਂ ਘਰ ਦੀ ਮਾੜੀ ਹਾਲਤ ਤਾਂ ਪਹਿਲਾਂ ਹੀ ਭਾਂਪ ਲਈ ਸੀ। ਉਹ ਵਿਚਾਰੇ ਗ਼ਰੀਬੜੇ ਜਿਹੇ ਬੰਦੇ ਸਨ। ਘਰ ਦੀ ਹਾਲਤ ਮੂੰਹੋਂ ਬੋਲ ਕੇ ਦੱਸ ਰਹੀ ਸੀ ਕਿ ਉਨ੍ਹਾਂ ਕੋਲ ਦੇਣ ਲੈਣ ਨੂੰ ਬੱਸ ਕੁੜੀ ਹੀ ਕੁੜੀ ਹੈ ਪਰ ਮੈਨੂੰ ਮਹਾਂ ਮੂਰਖ ਨੂੰ ਆਪਣੀ ਵਧੀਆ ਕੋਠੀ ਤੇ ਪੱਕੀ ਨੌਕਰੀ ਦਾ ਹੱਦੋਂ ਵੱਧ ਗਰੂਰ ਸੀ। ਮੈਂ ਇਸ ਗਲਤ ਫਹਿਮੀ ਦਾ ਸ਼ਿਕਾਰ ਹੋ ਗਿਆ ਸਾਂ ਕਿ ਉਸ ਦਾ ਭਰਾ ਫੌਜੀ ਹੈ, ਵਿਆਹ ਤਾਂ ਵਧੀਆ ਹੀ ਕਰਨਗੇ, ਚੰਗਾ ਚੋਖਾ ਦਾਜ ਦਹੇਜ ਵੀ ਦੇਣਗੇ, ਇਨ੍ਹਾਂ ਦੇ ਘਰ ਇਕੱਲੀ ਇਕੱਲੀ ਤਾਂ ਕੁੜੀ ਹੈ, ਇਨ੍ਹਾਂ ਨੇ ਕਿਹੜਾ ਬਹੁਤੀਆਂ ਧੀਆਂ ਵਿਆਹੁਣੀਆਂ ਨੇ।”
ਉਸਦੀ ਮਾਂ ਨੇ ਤਾਂ ਮੇਰੀ ਭੈਣ ਨੂੰ ਕੁੜੀ ਨੂੰ ਸ਼ਗਨ ਪਾਉਣ ਤੋਂ ਵੀ ਵਰਜ ਦਿੱਤਾ ਸੀ ਕਿ ਜਿੰਨਾ ਚਿਰ ਮੇਰਾ ਫੌਜੀ ਪੁੱਤ ਮੁੰਡੇ ਨੂੰ ਨਿਗ੍ਹਾ ਥਾਣੀਂ ਨਹੀਂ ਕੱਢ ਲੈਂਦਾ, ਉੰਨਾ ਚਿਰ ਸਾਡੇ ਵੱਲੋਂ ਰਿਸ਼ਤੇ ਦੀ ਗੱਲ ਪੱਕੀ ਨਾ ਸਮਝੀ ਜਾਵੇ, ਹਾਂ ਜਾਂ ਨਾਂਹ ਉਸਦੇ ਛੁੱਟੀ ਆਏ ਤੋਂ ਹੀ ਹੋਵੇਗੀ। ਮੇਰੇ ਨਾਲ ਗਈ ਮੇਰੀ ਵੱਡੀ ਭੈਣ ਤੇ ਭਣੋਈਆ ਬੁਸ ਬੁਸ ਕਰਨ ਲੱਗ ਪਏ, “ਲਉ ਮਾਸੀ ਜੀ! ਅਸੀਂ ਤਾਂ ਘਰੋਂ ਮਿਥ ਕੇ ਆਏ ਸੀ ਬਈ ਸ਼ਗਨ ਪਾ ਕੇ ਹੀ ਆਵਾਂਗੇ, ਹੁਣ ਜੀ! ਤੁਸੀਂ ਇਉਂ ਨਾ ਕਰੋ, ਤੁਸੀਂ ਬਿਠਾਓ ਕੁੜੀ ਨੂੰ ਆਪਾਂ ਮਾੜਾ ਜਿਹਾ ਸ਼ਗਨ ਤਾਂ ਕਰ ਲਈਏ।”
ਮੇਰੀ ਭੈਣ ਦੇ ਵਾਰ ਵਾਰ ਜ਼ੋਰ ਤੇ ਸਾਨੂੰ ਯਕੀਨ ਬੰਨ੍ਹਾਉਣ ਲਈ ਉਸ ਦੀ ਮਾਂ ਨੇ ਮੈਨੂੰ ਸ਼ਗਨ ਦੇ ਦਿੱਤਾ ਤੇ ਇਸੇ ਸ਼ਗਨ ਨੂੰ ਅਸੀਂ ਰੋਕਾ ਸਮਝ ਲਿਆ ਸੀ। ਮੈਂ ਤਾਂ ਹੁੱਬੇ ਹੋਏ ਨੇ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਦੱਸ ਦਿੱਤਾ ਸੀ ਕਿ ਮੇਰਾ ਰਿਸ਼ਤਾ ਲੁਧਿਆਣੇ ਸ਼ਹਿਰ ਵਿੱਚ ਹੋ ਗਿਆ ਹੈ। ਉਨ੍ਹਾਂ ਦੇ ਘਰੋਂ ਹੀ ਪਤਾ ਲੱਗਿਆ ਸੀ ਕਿ ਉਸਦਾ ਵੱਡਾ ਭਰਾ ਪਟਿਆਲੇ ਵਿਆਹਿਆ ਹੋਇਆ ਹੈ ਤੇ ਉਸ ਦੀ ਪਤਨੀ ਪੇਕੀਂ ਜਣੇਪਾ ਕੱਟਣ ਗਈ ਹੋਈ ਹੈ। ਬੜੀ ਚੁਸਤੀ ਨਾਲ ਮੈਂ ਉਨ੍ਹਾਂ ਤੋਂ ਪਟਿਆਲੇ ਵਾਲਿਆਂ ਦਾ ਐਡਰੈੱਸ ਵੀ ਪਤਾ ਕਰ ਲਿਆ ਸੀ। ਮੈਨੂੰ ਅੱਚਵੀ ਲੱਗੀ ਹੋਈ ਸੀ ਕਿ ਕਿਹੜਾ ਵੇਲਾ ਹੋਵੇ ਮੈਂ ਫੌਜੀ ਦੇ ਸਹੁਰੀਂ ਜਾ ਕੇ ਉਸ ਦੀ ਪਤਨੀ ਨੂੰ ਆਪਣੀ ਡੀਮਾਂਡ ਦੱਸ ਕੇ ਆਵਾਂ। ਮੈਂ ਆਪਣੀ ਹੋਛੀ ਸੋਚ ਪ੍ਰਗਟ ਕਰਨੋਂ ਨਾ ਹੀ ਰਹਿ ਸਕਿਆ, ਆਪਣੇ ਘਰ ਦਿਆਂ ਤੋਂ ਚੋਰੀਓਂ ਮੈਂ ਉਨ੍ਹਾਂ ਦੀ ਨੂੰਹ ਦੇ ਪੇਕੇ ਘਰ ਜਾ ਪਹੁੰਚਿਆ ਤੇ “ਸੂਤ ਨਾ ਪਤਾਣ, ਜੁਲਾਹੇ ਨਾਲ ਠੀਂਗਣ ਠੀਂਗਾ” ਵਾਲੀ ਗੱਲ ਕਰ ਆਇਆ। ਮੈਂ ਬਹੁਤੇ ਕਾਹਲੇ ਨੇ ਪੈਂਦੀ ਸੱਟੇ ਹੀ ਉਨ੍ਹਾਂ ਦੀ ਨੂੰਹ ਨੂੰ ਆਪਣੀ ਮੰਗ ਸਪਸ਼ਟ ਤੌਰ ’ਤੇ ਦੱਸ ਦਿੱਤੀ, “ਮੇਰੀ ਡੀਮਾਂਡ ਤਾਂ ਭੈਣ ਜੀ! ਮੋਟਰਸਾਈਕਲ ਦੀ ਹੈ।”
“ਕੋਈ ਨਾ ਵੀਰ ਜੀ! ਉਹ ਅੱਜ ਭਲਕ ਛੁੱਟੀ ਆਉਣ ਹੀ ਵਾਲੇ ਹਨ, ਮੈਂ ਉਨ੍ਹਾਂ ਨੂੰ ਦੱਸ ਦੇਵਾਂਗੀ।”
ਮੈਂ ਅਕਲ ਦੇ ਅੰਨ੍ਹੇ ਨੇ ਇਹ ਵੀ ਨਾ ਸੋਚਿਆ ਕਿ ਮੋਟਰਸਾਈਕਲ ਦੇਣ ਦੀ ਉਨ੍ਹਾਂ ਵਿੱਚ ਕਿੱਥੇ ਗੁਜਾਇਸ਼ ਹੈ। ਨਾਲੇ ਮੋਟਰਸਾਈਕਲ ਦੀ ਮੰਗ ਕਰਨ ਵਾਲਾ ਮੈਂ ਕਿਹੜਾ ਕਿਸੇ ਸ਼ਾਹੂਕਾਰ ਦਾ ਪੁੱਤ ਸੀ। ਨੌਕਰੀ ਤੋਂ ਸਿਵਾਏ ਹੋਰ ਮੇਰੇ ਕੋਲ ਸੀ ਵੀ ਕੀ? ਜੇ ਕੋਠੀ ਪਾਈ ਸੀ ਉਹ ਤਾਂ ਸਾਡੀ ਸਾਰੇ ਭਰਾਵਾਂ ਦੀ ਸਾਂਝੀ ਸੀ। ਪਰ ਉਦੋਂ ਮੱਤ ਹੀ ਇੰਨੀ ਕੁ ਸੀ। ਕੀ ਕਰਦਾ! ਜਿੰਨੀ ਕੁ ਅਕਲ ਸੀ ਝੱਲ ਖਿਲਾਰ ਕੇ ਮੁੜ ਆਇਆ ਸੀ। ਜਦੋਂ ਫੌਜੀ ਭਰਾ ਛੁੱਟੀ ਆਇਆ ਤਾਂ ਉਸ ਦੀ ਪਤਨੀ ਨੇ ਮੇਰੇ ਵੱਲੋਂ ਰੱਖੀ ਗਈ ਮੰਗ ਉਸ ਨੂੰ ਦੱਸਣੀ ਹੀ ਸੀ। ਉਹ ਗੁੱਸੇ ਨਾਲ ਭਰਿਆ ਪੀਤਾ ਤੁਰੰਤ ਸਾਡੇ ਪਿੰਡ ਪਹੁੰਚ ਗਿਆ ਤੇ ਸਾਰੇ ਟੱਬਰ ਵਿੱਚ ਬਿਠਾ ਕੇ ਮੇਰੀ ਲਾਹ ਪਾਹ ਕਰਦੇ ਹੋਏ ਨੇ ਉਸੇ ਵੇਲੇ ਹੀ ਰਿਸ਼ਤੇ ਤੋਂ ਜਵਾਬ ਦੇ ਦਿੱਤਾ। ਮੇਰੀ ਵੱਡੀ ਭੈਣ, ਜਿਹੜੀ ਮੇਰੇ ਨਾਲ ਕੁੜੀ ਦੇਖਣ ਗਈ ਸੀ, ਉਹ ਉਸ ਦੇ ਸਾਹਮਣੇ ਹੀ ਮੇਰੇ ਨਾਲ ਛਿੱਤਰ ਪਤਾਣ ਹੋ ਗਈ, “ਨਾ ਤੂੰ ਕੀਹਤੋਂ ਪੁੱਛ ਕੇ ਗਿਆ ਸੀ ਉਨ੍ਹਾਂ ਦੇ ਘਰੇ? ਸ਼ਰਮ ਨਾ ਆਈ ਤੈਨੂੰ ਇਹੋ ਜਿਹੀ ਕਰਤੂਤ ਖਿਲਾਰਦੇ ਨੂੰ? ਕੀ ਹੋ ਗਿਆ ਹੈ ਜੇ ਅੱਜ ਆਪਾਂ ਮਾੜੀ ਮੋਟੀ ਰੋਟੀ ਖਾਣ ਲੱਗ ਪਏ ਆਂ ਤਾਂ, ਤੂੰ ਅੱਠਾਂ ਕੁ ਦਿਨਾਂ ਦਾ ਰੱਜਿਆ ਐਡੀ ਛੇਤੀ ਪੈਰ ਛੱਡ ਗਿਆ?” ਫਿਰ ਉਹ ਆਪਣੇ ਘਰ ਵਾਲੇ ਵੱਲ ਹੱਥ ਕਰਕੇ ਕਹਿਣ ਲੱਗੀ, “ਇਹਨੂੰ ਵਿਚਾਰੇ ਨੂੰ ਤਾਂ ਆਪਣੇ ਘਰੋਂ ਅੱਧ ਮੁੱਲ ਵਾਲਾ ਪੁਰਾਣਾ ਸਾਈਕਲ ਵੀ ਨਹੀਂ ਸੀ ਜੁੜਿਆ, ਜੇ ਉਦੋਂ ਇਹ ਵੀ ਮੋਟਰਸਾਈਕਲ ਮੰਗ ਲੈਂਦਾ ਫੇਰ … …?”
ਸਾਰਾ ਟੱਬਰ ਗੁੱਸੇ ਵਿੱਚ ਮੇਰੇ ’ਤੇ ਕਚੀਚੀਆਂ ਵੱਟਣ ਲੱਗਾ ਤੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋਇਆ ਨੀਵੀਂ ਨਹੀਂ ਸੀ ਚੁੱਕ ਰਿਹਾ। ਪਿੱਛੋਂ ਜਵਾਬ ਹੋ ਚੁੱਕਾ ਰਿਸ਼ਤਾ ਦੁਬਾਰਾ ਜੋੜਨ ਵਾਸਤੇ ਸਾਡੇ ਘਰ ਦੇ ਇਕੱਲੇ ਇਕੱਲੇ ਜੀਅ ਨੇ ਉਨ੍ਹਾਂ ਦੇ ਮਿੰਨਤਾਂ ਤਰਲੇ ਕੀਤੇ ਪਰ ਮੇਰੇ ਵੱਲੋਂ ਕੀਤੀ ਗਈ ਨਾ ਮੁਆਫ਼ ਕਰਨ ਯੋਗ ਗਲਤੀ ਕਾਰਨ ਉਹ ਸਾਕ ਸਿਰੇ ਨਾ ਚੜ੍ਹ ਸਕਿਆ।
ਇੱਕ ਦਿਨ ਇੱਕ ਦੋਸਤ ਨੇ ਮੈਨੂੰ ਰਾਹ ਵਿੱਚ ਰੋਕ ਕੇ ਪੁੱਛਿਆ, “ਨਾ ਯਾਰ! ਹੁਣ ਤੂੰ ਸਾਨੂੰ ਵਿਆਹ ਕਦੋਂ ਕੁ ਦਿਖਾਉਣੈਂ? ਵਾਹਵਾ ਚਿਰ ਹੋ ਗਿਆ ਮੰਗਣੀ ਹੋਈ ਨੂੰ ਤਾਂ, ਅਸੀਂ ਵੀ ਫੇਰ ਖਿੱਚੀਏ ਤਿਆਰੀ ਬਰਾਤੀ ਬਣਨ ਵਾਸਤੇ।”
ਮੇਰੇ ਵੱਲੋਂ ਨਾ ਹਾਂ ਨਾ ਹੂੰ। ਹੁਣ ਉਹ ਕਿਹੜਾ ਨਿਆਣਾ ਸੀ, ਸਮਝ ਗਿਆ ਕਿ ਜ਼ਰੂਰ ਦਾਲ ‘ਵਿੱਚ ਕੁਝ ਕਾਲਾ ਏ। ਉਸ ਦੇ ਵਾਰ ਵਾਰ ਪੁੱਛਣ ’ਤੇ ਮੈਨੂੰ ਸੱਚੀ ਗੱਲ ਦੱਸਣੀ ਪਈ। ਸਾਰੀ ਗੱਲ ਸੁਣਨ ਤੋਂ ਬਾਅਦ ਉਹ ਬੋਲਿਆ, “ਉਏ! ਅਨਮੋਲ! ਫਿੱਟੇ ਮੂੰਹ ਤੇਰੇ! ਮੈਂ ਕਹਿੰਨਾ ਲੱਖ ਲਾਹਨਤ! ਤੇਰੀ ਘਟੀਆ ਸੋਚ ਦੇ! ਸਿਰਫ਼ ਇੰਨੀ ਕੁ ਗੱਲ ਪਿੱਛੇ ਗੁਆ ਲਿਐ ਹੱਥੋਂ ਐਡਾ ਵਧੀਆ ਰਿਸ਼ਤਾ? ਉਏ ਕਮਲਿਆ! ਹੋਰ ਚਹੁੰ ਦਿਨਾਂ ਨੂੰ ਉਹਨੇ ਨੌਕਰੀ ’ਤੇ ਲੱਗ ਜਾਣਾ ਸੀ ਫੇਰ ਭਾਵੇਂ ਤੂੰ ਆਏ ਸਾਲ ਨਵਾਂ ਮੋਟਰਸਾਈਕਲ ਖਰੀਦਦਾ। ਨਾਲੇ ਸ਼ੁਦਾਈਆ! ਜੀਹਨੇ ਪੜ੍ਹਾ ਲਿਖਾ ਕੇ ਸੋਨੇ ਵਰਗੀ ਧੀ ਤੇਰੇ ਮਗਰ ਲਾ ਦੇਣੀ ਸੀ, ਉਹਨੇ ਹੋਰ ਪਿੱਛੇ ਕੀ ਰੱਖ ਲੈਣਾ ਸੀ! ਕੀ ਦੱਸ ਸਕਦਾ ਹੈਂ ਕਿ ਜਿਗਰ ਦੇ ਟੁਕੜੇ ਤੋਂ ਮਹਿੰਗੀ ਚੀਜ਼ ਹੋਰ ਕਿਹੜੀ ਹੁੰਦੀ ਐ? ਤੂੰ ਕੁਛ ਤਾਂ ਸੋਚਦਾ, ਕਦੇ ਬੱਸਾਂ ਦੇ ਪਿੱਛੇ ਲਿਖਿਆ ਨ੍ਹੀਂ ਤੂੰ ਪੜ੍ਹਿਆ- “ਦੁਲਹਨ ਹੀ ਦਹੇਜ ਹੈ।”
ਸੁਰਤ ਤਾਂ ਮੇਰੀ ਦੋਸਤ ਦੀਆਂ ਗੱਲਾਂ ਨੇ ਉਸ ਦਿਨ ਹੀ ਟਿਕਾਣੇ ਲਿਆ ਦਿੱਤੀ ਸੀ ਪਰ ਅੱਜ ਕਈ ਸਾਲਾਂ ਬਾਅਦ ਬੱਸ ਦੇ ਪਿਛਲੇ ਪਾਸੇ ਉਹੀ ਇਬਾਰਤ ਲਿਖੀ ਦੇਖ ਕੇ ਭੁੱਲੀ ਵਿਸਰੀ ਯਾਦ ਮੁੜ ਤੋਂ ਤਾਜ਼ਾ ਹੋ ਗਈ ਸੀ। ਨਾਲ ਹੀ ਖਿਆਲ ਆਇਆ, “ਜਦੋਂ ਹੋਕਾ ਦੇ ਕੇ ਚਿੜੀਆਂ ਨੂੰ ਖੇਤ ਚੁਗਣ ਦਾ ਆਪ ਸੱਦਾ ਦੇ ਦਿੱਤਾ ਹੋਵੇ ਫਿਰ ਬਾਅਦ ਵਿੱਚ ਪਛਤਾਵੇ ਤੋਂ ਬਿਨਾਂ ਹੱਥ ਪੱਲੇ ਆਉਣ ਨੂੰ ਬਚਦਾ ਵੀ ਕੀ ਹੈ!”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3887)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)