ਜਿੰਨਾ ਵੱਡਾ ਸੁਪਨਾ ਮਨ ਵਿੱਚ ਹੋਵੇਗਾ, ਉੰਨੀ ਜ਼ਿਆਦਾ ਮਿਹਨਤ ਇਨਸਾਨ  ... BaljeetSGill7
(14 ਨਵੰਬਰ 2017)

 

ਹਰ ਮਾਂ-ਬਾਪ ਨੂੰ ਆਪਣੇ ਬੱਚੇ ਰੱਬ ਤੋਂ ਵੀ ਪਿਆਰੇ ਲੱਗਦੇ ਹਨ ਤੇ ਉਹ ਉਨ੍ਹਾਂ ਦੀ ਖਾਤਰਦਾਰੀ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਕਰਦੇ ਤੇ ਆਪ ਤੰਗ ਪ੍ਰੇਸ਼ਾਨ ਰਹਿ ਕੇ ਵੀ ਲਾਡ-ਪਿਆਰ ਤੇ ਪੈਸੇ ਨੂੰ ਉਨ੍ਹਾਂ ਉੱਪਰ ਨਿਛਾਵਰ ਕਰ ਦਿੰਦੇ ਹਨ। ਲੋਕ-ਗਾਇਕ ਕੁਲਦੀਪ ਮਾਣਕ ਦੇ ਗਾਣਿਆਂ ਵਿੱਚ ਮਾਂ ਨੂੰ ਬੱਚਿਆਂ ਖਾਤਰ ਦੁੱਖ ਝੱਲਦੇ ਦਿਖਾਇਆ ਗਿਆ ਹੈ ਕਿ ਮਾਂ ਆਪ ਗਿੱਲੇ ਥਾਂ ਉੱਪਰ ਪੈ ਕੇ ਬੱਚੇ ਨੂੰ ਸੁੱਕੇ ਥਾਂ ਤੇ ਪਾਉਂਦੀ ਹੈ। ਬੱਚੇ ਜਿਵੇਂ-ਜਿਵੇਂ ਵੱਡੇ ਹੁੰਦੇ ਜਾਂਦੇ ਹਨ, ਉਸੇ ਤਰ੍ਹਾਂ ਮਨੁੱਖੀ ਜਾਮੇ ਵਿੱਚ ਇਨਸਾਨ ਦਾ ਆਪਣੇ ਮਾਂ-ਬਾਪ ਤੋਂ ਦੂਰੀ ਬਣਾਉਣਾ ਆਪਣੇ ਆਪ ਵਿੱਚ ਅੱਜ ਦੀ ਗੰਭੀਰ ਸਮੱਸਿਆ ਹੈ। ਇਸ ਵਿਸ਼ੇ ’ਤੇ ਕੁਝ ਗੱਲਾਂ ਮੈਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ।

ਸਭ ਤੋਂ ਪਹਿਲੀ ਗੱਲ ਤਾਂ ਬੱਚੇ ਦੇ ਪੈਦਾ ਹੋਣ ਤੋਂ ਲੈ ਕੇ ਪੰਜ-ਛੇ ਸਾਲ ਤੱਕ ਲਾਡ-ਪਿਆਰ ਦੀ ਗੱਲ ਜਾਇਜ਼ ਲਗਦੀ ਹੈ। ਇਸ ਤੋਂ ਬਾਅਦ ਬੱਚੇ ਨੂੰ ਖਾਣ-ਪੀਣ ਜਿੰਨਾ ਮਰਜ਼ੀ ਦਿਉ ਪਰ ਲਾਡ-ਪਿਆਰ ਘਟਾ ਕੇ ਥੋੜ੍ਹੀ-ਥੋੜ੍ਹੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿਓ। ਉਮਰ ਦੇ ਮੁਤਾਬਿਕ ਹਲਕੀ ਤੋਂ ਭਾਰੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਅੱਜ ਦਾ ਮਨੁੱਖ ਆਪਣੇ ਸਮੇਂ ਦੇ ਦੁੱਖ ਨੂੰ ਵੇਖਦਾ ਹੋਇਆ ਬੱਚਿਆਂ ਨੂੰ ਕਿਸੇ ਵੀ ਕਸ਼ਟਮਈ ਜਿੰਦਗੀ ਦੇ ਸਨਮੁੱਖ ਨਹੀਂ ਕਰਨਾ ਚਾਹੁੰਦਾ ਪਰ ਇਸ ਦੇ ਨਤੀਜੇ ਬਹੁਤੇ ਸਾਰਥਿਕ ਨਹੀਂ ਹੁੰਦੇ। ਘੱਟ ਔਲਾਦ ਦਾ ਹੋਣਾ ਵੀ ਮਾਂ-ਬਾਪ ਲਈ ਬੱਚਾ ਤਰਸ ਦਾ ਪਾਤਰ ਹੁੰਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਜ਼ਿੰਮੇਵਾਰੀ ਜਾਂ ਕਠਿਨਾਈ ਬੱਚੇ ਲਈ ਸਿਰਦਰਦੀ ਨਾ ਬਣੇ। ਵਿਸ਼ਵ ਵਿੱਚ ਅੱਜ ਤੱਕ ਕਠਿਨਾਈ ਤੋਂ ਬਗੈਰ ਕਿਸੇ ਨੇ ਮੱਲਾਂ ਨਹੀਂ ਮਾਰੀਆਂ। ਇਹ ਸੱਚ ਹੈ ਕਿ ਸੋਨਾ ਖਾਨਾਂ ਵਿੱਚੋਂ ਨਿਕਲਦਾ ਕਾਲੇ ਰੰਗ ਦੇ ਰੂਪ ਵਿੱਚ ਹੈ ਪਰ ਭੱਠੀ ’ਤੇ ਤੱਪ ਕੇ ਬਾਅਦ ਵਿੱਚ ਸੁਨਿਹਰੀ ਰੰਗ ਦਾ ਹੋ ਜਾਂਦਾ ਹੈ ਤੇ ਮਨੁੱਖੀ ਜਿੰਦਗੀ ਦਾ ਹਰਮਨ ਪਿਆਰਾ ਤੇ ਕੀਮਤੀ ਧਾਤੂ ਹੋ ਨਿੱਬੜਦਾ ਹੈ। ਜਦੋਂ ਆਪਾ ਬੱਚੇ ਨੂੰ ਕੋਈ ਜ਼ਿੰਮੇਵਾਰੀ ਦਿੱਤੇ ਬਗੈਰ ਵੱਡਾ ਕਰ ਲੈਂਦੇ ਹਾਂ ਤਾਂ ਛੋਟੀ ਉਮਰ ਜੋ ਕਿ ਸਿੱਖਣ ਦੀ ਉਮਰ ਹੁੰਦੀ ਹੈ, ਉਹ ਤਾਂ ਬੀਤ ਗਈ ਹੁੰਦੀ ਹੈ ਤੇ ਹਮੇਸ਼ਾ ਵੱਡੀ ਉਮਰ ਦੇ ਇਨਸਾਨ ਦਾ ਦਿਮਾਗ ਸੁੰਗੜਨਾ ਨਿਸ਼ਚਿਤ ਹੁੰਦਾ ਹੈ। ਛੋਟੀ ਉਮਰ ਵਿਚ ਪੜ੍ਹਾਈ ਦੇ ਨਾਲ ਨਾਲ ਕੰਮ ਕਰਨ ਦੀ ਪ੍ਰਿਕ੍ਰਿਆ ਬੱਚੇ ਦੇ ਦਿਮਾਗ ਨੂੰ ਵਿਕਸਤ ਕਰਦੀ ਹੈ ਤੇ ਉਹ ਆਪਣੇ ਰਸਤੇ ਆਪ ਚੁਨਣ ਦੇ ਸਮਰੱਥ ਹੋ ਜਾਂਦਾ ਹੈ।

ਕੈਨੇਡਾ ਗਿਆ ਇਕ ਵਾਰ ਮੈਂ ਆਪਣੇ ਇਕ ਦੋਸਤ ਦੇ ਘਰ ਗਿਆ ਤਾਂ ਪੰਜਵੀਂ ਜਮਾਤ ਦੇ ਬੱਚੇ ਨੇ ਸਕੂਲੋਂ ਆਉਂਦਿਆਂ ਹੀ ਸਿੰਕ ਵਿੱਚ ਪਏ ਜੂਠੇ ਭਾਂਡਿਆਂ ਨੂੰ ਧੋਤਾ ਤਾਂ ਮੇਰੇ ਜ਼ਹਿਨ ਤੇ ਇੰਨਾ ਅਸਰ ਹੋਇਆ ਕਿ ਭਾਰਤ ਅਤੇ ਕੈਨੇਡਾ ਦੇ ਕੰਮਾਂ ਬਾਰੇ ਤੇ ਲੋਕਾਂ ਬਾਰੇ ਸੋਚਾਂ ਵਿੱਚ ਪੈ ਗਿਆ। ਭਾਰਤ ਵਿੱਚ ਸ਼ਾਇਦ ਇੰਨੇ ਛੋਟੇ ਬੱਚੇ ਨੂੰ ਮਾਪੇ ਆਪ ਨਵਾਉਂਦੇ ਹੋਣ, ਫਿਰ ਵਾਲਾਂ ਨੂੰ ਤੇਲ ਲਾ ਕੇ ਤੇ ਆਪ ਵਰਦੀ ਪਾ ਕੇ ਤੋਰਦੇ ਹੋਣ ਤੇ ਵਾਪਸੀ ਤੇ ਉਸਦੀਆਂ ਟਾਈਆਂ, ਬੈਲਟਾਂ ਆਪਣੇ ਹੱਥੀਂ ਆਪ ਲਾਉਂਦੇ ਹੋਣ। ਇਸ ਤਰ੍ਹਾਂ ਭਾਰਤ ਵਿੱਚ ਮਾਪੇ ਆਪਣੇ ਬੱਚੇ ਨੂੰ ਆਪਣੇ ਉੱਪਰ ਨਿਰਭਰ ਕਰ ਲੈਂਦੇ ਹਨ ਤੇ ਜਦੋਂ ਬੱਚਾ ਵਿਦਿਆਰਥੀ ਬਣ ਕੇ ਵੀਹ ਪੱਚੀ ਸਾਲ ਦਾ ਹੁੰਦਾ ਹੈ ਤੇ ਫਿਰ ਉਹ ਜ਼ਿੰਦਗੀ ਵਿੱਚ ਸੰਘਰਸ਼ ਕਰਨ ਦੇ ਸਮਰੱਥ ਨਹੀਂ ਹੁੰਦਾ ਕਿਉਂਕਿ ਸੰਘਰਸ਼ ਕਰਨ ਵਾਲੀ ਉਮਰ ਵਿੱਚ ਮਾਪੇ ਉਸਦੀ ਹੱਦੋਂ ਵੱਧ ਮਦਦ ਕਰਦੇ ਰਹੇ ਹੁੰਦੇ ਹਨ। ਸਾਡੇ ਸਾਬਕਾ ਰਾਸ਼ਟਰਪਤੀ ਡਾ. ਅਬਦੁੱਲ ਜੇ. ਪੀ. ਕਲਾਮ ਕਿਹਾ ਕਰਦੇ ਸਨ ਕਿ ਹਰ ਮਨੁੱਖ ਦੇ ਸਾਹਮਣੇ ਸਮੱਸਿਆਵਾਂ ਹਨ ਪਰ ਉਨ੍ਹਾਂ ਨਾਲ ਲੜਨ ਦੇ ਤਰੀਕੇ ਮਨੁੱਖ ਨੇ ਆਪ ਦੇਖਣੇ ਹਨ। ਅਜਿਹੀ ਉਦਾਹਰਨ ਦੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਜਦੋਂ ਜ਼ੋਰਦਾਰ ਬਾਰਿਸ਼ ਆਉਂਦੀ ਹੈ ਤਾਂ ਸਾਰੇ ਪੰਛੀ ਇਸ ਤੋਂ ਬਚਣ ਲਈ ਸੁਰੱਖਿਅਤ ਥਾਂ ਲੱਭਦੇ ਹਨ ਪਰ ਬਾਜ਼ ਹੀ ਅਜਿਹਾ ਪੰਛੀ ਹੈ, ਜਿਹੜਾ ਬਾਰਸ਼ ਦੇ ਬੱਦਲਾਂ ਤੋਂ ਉੱਚਾ ਉੱਡਣ ਲੱਗਦਾ ਹੈ। ਹਰ ਸਮੱਸਿਆ ਨਾਲ ਲੜਨ ਕਰਕੇ ਹੀ ਨਵੀਂ ਸੋਚ ਪੈਦਾ ਹੁੰਦੀ ਹੈ। ਜੇ ਬੱਚੇ ਦੀ ਲੋੜ ਦੇ ਅਨੁਸਾਰ ਹੀ ਉਸ ਨੂੰ ਉੰਨਾ ਕਸ਼ਟ ਨਾ ਦਿੱਤਾ ਗਿਆ ਤਾਂ ਮੰਜ਼ਿਲ ਪਾਉਣਾ ਬੱਚੇ ਦੇ ਵੱਸ ਦੀ ਗੱਲ ਨਹੀਂ।

ਅੱਜ ਦਾ ਵਿਦਿਆਰਥੀ ਪੜ੍ਹਾਈ ਵੀ ਔਖੇ ਅਤੇ ਸੌਖੇ ਵਿਸ਼ਿਆਂ ਨਾਲ ਕਰਦਾ ਹੈ ਪਰ ਸਫਲਤਾ ਔਖੇ ਵਿਸ਼ਿਆਂ ਵਾਲਿਆਂ ਦੇ ਹੱਥ ਵਿੱਚ ਜਲਦੀ ਲੱਗਦੀ ਹੈ। ਜਿੰਨਾ ਵੱਡਾ ਸੁਪਨਾ ਮਨ ਵਿੱਚ ਹੋਵੇਗਾ, ਉੰਨੀ ਜ਼ਿਆਦਾ ਮਿਹਨਤ ਇਨਸਾਨ ਨੂੰ ਕਰਨੀ ਪਵੇਗੀ। ਜ਼ਿਆਦਾ ਮਿਹਨਤ ਨਾਲ ਦਿਮਾਗ ਦੀਆਂ ਦੀਵਾਰਾਂ ਵੀ ਵੱਡੀਆਂ ਹੋ ਜਾਂਦੀਆਂ ਹਨ। ਡਾ. ਮਨਮੋਹਨ ਸਿੰਘ (ਸਾਬਕਾ ਪ੍ਰਧਾਨ ਮੰਤਰੀ) ਆਪਣੇ ਭਰਾਵਾਂ ਨਾਲ ਦਿਨ ਵੇਲੇ ਕੰਮ ਕਰਨ ਤੋਂ ਬਾਅਦ ਰਾਤ ਨੂੰ ਵੱਖਰਾ ਸਮਾਂ ਪੜ੍ਹਨ ਲਈ ਬੈਠਦੇ ਸਨ ਤੇ ਨਤੀਜੇ ਤੁਹਾਡੇ ਸਾਹਮਣੇ ਹਨ।

ਜੇ ਇਨਸਾਨ ਵਿੱਚ ਕੋਈ ਗੁਣ ਨਹੀਂ ਤਾਂ ਉਸਦੀ ਕੋਈ ਕਦਰ ਨਹੀਂ, ਉਹ ਤਾਂ ਸਿਰਫ ਮਿੱਟੀ ਦਾ ਭਾਂਡਾ ਹੈ। ਲੋਕ ਗੁਣ ਦੀ ਕਦਰ ਕਰਦੇ ਹਨ। ਕਾਂ ਅਤੇ ਕੋਇਲ ਦੇ ਰੰਗ ਕਾਲੇ ਹਨ ਪਰ ਕੋਇਲ ਦੀ ਮਿੱਠੀ ਆਵਾਜ਼ ਕਰਕੇ ਹੀ ਲੋਕ ਉਸ ਨੂੰ ਪਸੰਦ ਕਰਦੇ ਹਨ। ਛੋਟੀ ਉਮਰੇ ਸ਼ਰੀਰਕ ਕਸ਼ਟ ਹਮੇਸ਼ਾ ਹੀ ਵਿਅਕਤੀ ਲਈ ਲਾਹੇਵੰਦ ਹੁੰਦਾ ਹੈ। ਮੈਂ ਅਜਿਹੇ ਮਨੁੱਖ ਅਤੇ ਪੰਛੀ ਵੇਖੇ ਹਨ ਜਿਹੜੇ ਆਪਣੀ ਮਿਹਨਤ, ਕਸ਼ਟ ਅਤੇ ਸਿਰੜ ਨਾਲ ਅੱਗੇ ਗਏ ਹਨ। ਜਿਨ੍ਹਾਂ ਨੂੰ ਛੋਟੀ ਉਮਰੇ ਸੁਖ-ਵਿਲਾਸ ਮਿਲਿਆ, ਉਨ੍ਹਾਂ ਵਿੱਚੋਂ ਬਹੁਤੇ ਸਫਲ ਨਹੀਂ ਹੋ ਸਕੇ। ਇੱਕ ਵਾਰ ਇੱਕ ਤਿਤਲੀ ਦੇ ਕੋਏ (ਆਂਡੇ) ਵਿੱਚੋਂ ਤਿੱਤਲੀ ਦਾ ਬੱਚਾ ਤੰਗ ਪਰੇਸ਼ਾਨ ਹੋ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਕੋਲ ਬੈਠੇ ਇੱਕ ਵਿਅਕਤੀ ਤੋਂ ਇਹ ਵੇਖਿਆ ਨਾ ਗਿਆ। ਉਸ ਨੇ ਕੋਏ ਨੂੰ ਭੰਨ ਦਿੱਤਾ ਪਰ ਉਹ ਤਿਤਲੀ ਦਾ ਬੱਚਾ ਕਦੇ ਵੀ ਆਪਣੇ ਖੰਭਾਂ ਨਾਲ ਉੱਡ ਨਾ ਸਕਿਆ ਕਿਉਂਕਿ ਜਦੋਂ ਉਹ ਆਂਡੇ ਵਿੱਚੋਂ ਨਿਕਲਣ ਲਈ ਹੰਭਲੇ ਮਾਰ ਰਿਹਾ ਸੀ, ਉਸ ਵਕਤ ਉਸ ਦੇ ਉੱਡਣ ਵਾਲੇ ਖੰਭ ਉਡਾਰੀਆਂ ਮਾਰਨ ਲਈ ਸਖਤ ਹੋ ਰਹੇ ਸਨ। ਜਿਹੜੇ ਬੱਚੇ ਆਪਣੇ ਆਪ ਕੋਏ ਵਿੱਚੋਂ ਬਾਹਰ ਆਏ, ਉਹ ਤਾਂ ਅਸਮਾਨੀ ਉਡਾਰੀਆਂ ਮਾਰ ਰਹੇ ਸਨ।

ਹਮੇਸ਼ਾ ਤੰਗੀ ਹੀ ਜੀਵਨ ਵਿੱਚ ਨਵੇਂ-ਨਵੇਂ ਦਾਅ-ਪੇਚ ਸਿਖਾਉਂਦੀ ਹੈ। ਕਹਿੰਦੇ ਹਨ ਕਿ ਜਿਹੜਾ ਕੁੱਝ ਭੁੱਖਾ ਢਿੱਡ ਸਿਖਾਉਂਦਾ ਹੈ ਉਹ ਕੋਈ ਯੂਨੀਵਰਸਿਟੀ ਜਾਂ ਯੂਨੀਵਰਸਿਟੀ ਦਾ ਅਧਿਆਪਕ ਨਹੀਂ ਸਿਖਾ ਸਕਦਾ। ਜੇ ਗੁਰੂ ਗੋੁਬਿੰਦ ਸਿੰਘ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਛੋਟੀ ਉਮਰੇ ਚੰਗੀ ਤਾਲੀਮ ਨਾ ਦਿੱਤੀ ਹੁੰਦੀ ਤਾਂ ਉਹ ਕਦੇ ਵੀ ਮੁਗਲ ਹਾਕਮਾਂ ਅੱਗੇ ਨਾ ਠਹਿਰਦੇ। ਜਦੋਂ ਬੱਚੇ ਮੋਹ ਦੀਆਂ ਤੰਦਾਂ ਟੱਪਦੇ ਹਨ ਤਾਂ ਮਾਪਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗੁਰੂਆਂ ਦੇ ਦਿੱਤੇ ਸੰਦੇਸ਼ ਬੱਚਿਆਂ ਨੂੰ ਪੜ੍ਹਾਉਣ।

ਮਹਾਂਨਗਰਾਂ ਵਿੱਚ ਵੱਸਦੇ ਬੱਚੇ ਅਤੇ ਕੁੱਤੇ ਹਮੇਸ਼ਾ ਹੀ ਚੁਸਤ ਹੁੰਦੇ ਹਨ ਕਿਉਂਕਿ ਪਿੰਡਾਂ ਵਾਲਿਆਂ ਦੇ ਮੁਕਾਬਲੇ ਉਹ ਕਦੇ ਵੀ ਐਕਸੀਡੈਂਟ ਦਾ ਕਾਰਨ ਨਹੀਂ ਬਣਦੇ ਕਿਉਂਕਿ ਸ਼ਹਿਰੀ ਟਰੈਫਿਕ ਸਮੱਸਿਆਵਾਂ ਨਾਲ ਉਹ ਸ਼ੁਰੂ ਤੋਂ ਹੀ ਜੂਝ ਰਹੇ ਹੁੰਦੇ ਹਨ। ਅੰਤ ’ਤੇ ਮੈਂ ਇਹੀ ਕਹਾਂਗਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਦੂਸਰੇ ਦੇਸ਼ਾਂ ਵਾਂਗ ਘਰੇਲੂ ਕੰਮ ਕਰਨ ਦੀ ਪਰਵਿਰਤੀ ਪਾਉਣੀ ਚਾਹੀਦੀ ਹੈ ਕਿਉਂਕਿ ਸਰੀਰਕ ਕਸ਼ਟ ਨਾਲ ਸਰੀਰ ਤੇ ਮਨ ਥਾਂ ਸਿਰ ਰਹਿੰਦੇ ਹਨ, ਕਦੇ ਭਟਕਦੇ ਨਹੀਂ ਤੇ ਬੱਚੇ ਸਹੀ ਦਿਸ਼ਾ ਵੱਲ ਅੱਗੇ ਵਧਦੇ ਹਨ, ਨਹੀਂ ਤਾਂ ਵੱਡੀ ਉਮਰ ਵਿੱਚ ਦੁੱਖ ਝੱਲਣ ਲਈ ਤਿਆਰ ਰਹਿਣਾ ਚਾਹੀਦਾ ਹੈ।

*****

(896)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਬਲਜੀਤ ਸਿੰਘ ਗਿੱਲ

ਡਾ. ਬਲਜੀਤ ਸਿੰਘ ਗਿੱਲ

C.G.M College Mohlan, Sri Mukatsar Sahib, Punjab, India.
Phone: (91 - 94630 - 17742)
Email: (drbaljeetgill@gmail.com)