“ਮੁੱਖ ਮੰਤਰੀ ਚੰਨੀ ਇੱਕ ਗਰੀਬ, ਜਾਗਰੂਕ, ਇਮਾਨਦਾਰ ਤੇ ਪੜ੍ਹਿਆ ਲਿਖਿਆ ਇਨਸਾਨ ਹੈ। ਉਸ ਨੂੰ ...”
(13 ਜਨਵਰੀ 2022)
ਭਾਰਤ ਦੇਸ਼ ਵਿੱਚ ਪੰਜਾਬ ਇੱਕ ਅਮੀਰ ਸੂਬੇ ਦੇ ਰੂਪ ਵਿੱਚ ਵੇਖਿਆ ਜਾਂਦਾ ਰਿਹਾ ਹੈ। ਬੇਸ਼ਕ ਕਿਰਦਾਰ ਭਾਵੇਂ ਲੋਕਾਂ ਦੇ ਕਿਸੇ ਵੀ ਤਰ੍ਹਾਂ ਦੇ ਹੋਣ, ਜੱਟ ਸਿੱਖਾਂ ਦਾ ਦਬ-ਦਬਾ ਹਮੇਸ਼ਾ ਹੀ ਪੰਜਾਬ ਦੀ ਸਿਆਸਤ ਤੇ ਭਾਰੂ ਰਿਹਾ ਹੈ। ਚਾਹੇ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਸਰਕਾਰ ਹੋਵੇ। ਗਰੀਬ ਲੋਕਾਂ ਦੀਆਂ ਵੋਟਾਂ ਹਥਿਆਉਣ ਖਾਤਰ ਰਾਜਨੀਤਿਕ ਪਾਰਟੀਆਂ ਤਰ੍ਹਾਂ-ਤਰ੍ਹਾਂ ਦੇ ਹੱਥ-ਕੰਡੇ ਅਪਣਾਉਣ ਤੋਂ ਗੁਰੇਜ਼ ਨਹੀਂ ਕਰਦੀਆਂ। ਗੱਲ ਗਰੀਬ ਦੀ ਕਰਕੇ, ਅਮੀਰ ਹੋਰ ਅਮੀਰ ਹੋਈ ਜਾਂਦਾ ਰਿਹਾ ਤੇ ਗਰੀਬ ਨੂੰ ਗੱਲਾਂ-ਗੱਲਾਂ ਵਿੱਚ ਲਾਲਚ ਦੇ ਕੇ ਵਰਤ ਲਿਆ ਜਾਂਦਾ ਸੀ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਬਿਆਨਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਅਸੀਂ ਗਰੀਬ ਨੂੰ ਡਿਪਟੀ ਸੀ ਐੱਮ ਬਣਾਵਾਂਗੇ। ਪਰ ਕਦੇ ਜੱਟ ਸਿੱਖ ਲੀਡਰਾਂ ਨੇ ਇਹ ਨਹੀਂ ਕਿਹਾ ਕਿ ਸੀ ਐੱਮ ਹੀ ਦਲਿਤ ਹੋਵੇਗਾ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਬਿਆਨਾਂ ਨੂੰ ਭਾਪਦਿਆਂ ਕਾਂਗਰਸ ਪਾਰਟੀ ਨੇ ਇੱਕ ਗਰੀਬ ਮੁੱਖ ਮੰਤਰੀ ਦੇ ਚਿਹਰੇ ’ਤੇ ਮੋਹਰ ਲਾ ਦਿੱਤੀ ਤੇ ਨਾਲ ਇਹ ਸਾਬਤ ਕਰ ਦਿੱਤਾ ਕਿ ਕਾਂਗਰਸ ਹਮੇਸ਼ਾ ਹੀ ਗਰੀਬ-ਪੱਖੀ ਸੋਚ ਨਾਲ ਖੜ੍ਹੀ ਹੈ। ਜੱਟ ਸਿੱਖਾਂ ਤੇ ਹਿੰਦੂਆਂ ਦੇ ਵੱਡੇ ਦਿੱਗਜ਼ਾਂ ਨੂੰ ਦਰ ਕਿਨਾਰ ਕਰਕੇ ਕਾਂਗਰਸ ਪਾਰਟੀ ਨੇ ਜਦੋਂ ਚੰਨੀ ਮੁੱਖ ਮੰਤਰੀ ਬਣਾਇਆ ਤਾਂ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਚੰਨੀ ਦੀ ਹਰਮਨ ਪਿਆਰਤਾ ਇੰਨੀ ਹੋ ਜਾਵੇਗੀ ਕਿ ਵੱਡੇ ਵੱਡੇ ਚਿਹਰੇ ਛੋਟੇ ਲੱਗਣਗੇ। ਕਿਸੇ ਵਿਅਕਤੀ ਦੇ ਮਾਪਦੰਡ, ਤੌਰ ਤਰੀਕੇ, ਕਾਰਜ ਕੁਸ਼ਲਤਾ ਉਦੋਂ ਹੀ ਮਾਪੀ ਜਾ ਸਕਦੀ ਹੈ ਜਦੋਂ ਉਸ ਨੂੰ ਮੌਕਾ ਮਿਲੇ। ਥੋੜ੍ਹੇ ਸਮੇਂ ਵਿੱਚ ਚੰਨੀ ਸਰਕਾਰ ਨੇ ਵਿਰੋਧੀਆਂ ਨੂੰ ਮੂੰਹ ਵਿੱਚ ਉੰਗਲਾਂ ਪਾ ਕੇ ਸੋਚਣ ਲਈ ਮਜਬੂਰ ਕਰ ਦਿੱਤਾ।
ਕੈਪਟਨ ਸਰਕਾਰ ਦੀ ਵਿਰੋਧੀਆਂ ਨਾਲ ਮਿਲੀਭੁਗਤ ਨੇ ਪੰਜਾਬ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਮਾਫੀਏ ਰਾਜ ਨੂੰ ਅਕਾਲੀ ਦਲ ਦੇ ਪਰਿਵਾਰਾਂ ਦੁਬਾਰਾ ਚਲਾਇਆ ਜਾਣਾ ਪੰਜਾਬੀ ਲੋਕਾਂ ਦੇ ਮਨਾਂ ਨੂੰ ਬਹੁਤਾ ਚਿਰ ਨਾ ਚੰਗਾ ਲੱਗਾ। ਅਖੀਰ ਪੰਜਾਬ ਦੇ ਵਿਧਾਇਕਾਂ ਦੀ ਸੁਣਵਾਈ ਨਾ ਹੋਣ ਕਰਕੇ ਵਿਧਾਇਕਾਂ ਨੇ ਇਸਦੀ ਵਾਰ-ਵਾਰ ਸ਼ਿਕਾਇਤ ਹਾਈਕਮਾਂਡ ਦਿੱਲੀ ਕੀਤੀ। ਹਾਈ ਕਮਾਂਡ ਨੂੰ ਬਹੁਤੀਆਂ ਗੱਲਾਂ ਤਾਂ ਪਤਾ ਹੀ ਸਨ ਪਰ ਕੈਪਟਨ ਅਮਰਿੰਦਰ ਸਿੰਘ ਦੇ ਪੁਰਾਣੇ ਤਲੁਕਾਤ ਹੋਣ ਕਰਕੇ ਕਈ ਵਾਰ ਉਨ੍ਹਾਂ ਨੇ ਗੱਲ ਆਈ ਗਈ ਕਰ ਛੱਡੀ। ਰਾਹੁਲ ਗਾਂਧੀ ਤਾਂ ਬਹੁਤ ਚਿਰ ਪਹਿਲਾ ਹੀ ਕੈਪਟਨ ਨੂੰ ਪਸੰਦ ਨਹੀਂ ਕਰਦਾ ਸੀ ਪਰ ਆਪਣੀ ਮਾਂ ਸੋਨੀਆ ਗਾਂਧੀ ਦੇ ਸਤਿਕਾਰ ਵਜੋਂ ਚੁੱਪ ਹੋ ਜਾਂਦਾ ਸੀ। ਜਦ ਵਿਧਾਇਕਾਂ ਅਤੇ ਨਵਜੋਤ ਸਿੰਘ ਸਿੱਧੂ ਦੁਆਰਾ ਹਾਈ ਕਮਾਂਡ ਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਹਾਈ ਕਮਾਂਡ ਨੇ ਪੰਜਾਬ ਦੇ ਲੋਕਾਂ ਅਤੇ ਵਿਧਾਇਕਾਂ ਦੀਆਂ ਦਲੀਲਾਂ ਮੰਨ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰ ਦਿੱਤਾ। ਹਾਈ ਕਮਾਂਡ ਨੂੰ ਇਸ ਗੱਲ ਦਾ ਭਲੀ ਭਾਂਤ ਗਿਆਨ ਸੀ ਤੇ ਦੁਬਿਧਾ ਵੀ ਸੀ ਕਿ ਪੰਜਾਬ ਦੀ ਦੂਸਰੀ ਕਤਾਰ ਦੇ ਲੀਡਰਸ਼ਿੱਪ ਵਿੱਚੋਂ ਕਿਸਨੂੰ ਮੁੱਖ ਮੰਤਰੀ ਬਣਾਇਆ ਜਾਵੇ। ਕਿਉਂਕਿ ਕੈਪਟਨ ਤੋਂ ਬਾਅਦ ਲੀਡਰਸ਼ਿੱਪ ਦੀ ਕੋਈ ਕਮੀ ਨਹੀਂ ਸੀ। ਪਰ ਇੱਕੋ ਜਿਹੀ ਕਿਤਾਰ ਦੇ ਲੀਡਰ ਹੋਣ ਕਰਕੇ ਸਿਆਸੀ ਲੜਾਈ ਹੋਰ ਗਹਿਰੀ ਹੋ ਗਈ। ਜਾਖੜ, ਸਿੱਧੂ, ਰੰਧਾਵਾ, ਪ੍ਰਤਾਪ ਸਿੰਘ ਬਾਜਵਾ ਇੱਕ ਜਿਹੇ ਕੱਦ ਦੇ ਲੀਡਰ ਹੋਣ ਕਰਕੇ ਇੱਕ ਦੂਜੇ ਉੱਪਰ ਸਹਿਮਤ ਨਾ ਹੋਏ ਤਾਂ ਕਾਂਗਰਸ ਹਾਈ ਕਮਾਂਡ ਨੇ ਚਰਨਜੀਤ ਸਿੰਘ ਚੰਨੀ ਉੱਪਰ ਅਜਿਹਾ ਪੱਤਾ ਖੇਡਿਆ ਕਿ ਪੰਜਾਬ ਦੇ ਲੋਕਾਂ ਨੂੰ ਵੀ ਪਸੰਦ ਆਇਆ ਤੇ ਚੰਨੀ ਨੇ 111 ਦਿਨ ਵਿੱਚ ਅਜਿਹੇ ਕੌਤਕ ਵਿਖਾਏ ਕਿ ਕਾਂਗਰਸ ਪਾਰਟੀ ਦੀ ਰੂਹ ਵਿੱਚ ਜਾਨ ਪਾ ਦਿੱਤੀ। ਜਿੱਥੋਂ ਤਕ ਆਮ ਆਦਮੀ ਪਾਰਟੀ ਦੀ ਗੱਲ ਹੈ, ਉਹ ਆਮ ਬੰਦੇ ਬਾਰੇ ਗੱਲ ਕਰਕੇ ਆਮ ਆਦਮੀ ਦੀ ਰੂਹ ਨਾਲ ਖੇਡਦੀ ਸੀ। ਉਸਦਾ ਹੁਨਰ ਤੇ ਤਕੀਆ-ਕਲਾਮ ਚੰਨੀ ਨੇ ਨਸ਼ਟ ਕਰਕੇ ਉਸ ਤੋਂ ਚਾਰ ਕਦਮ ਅੱਗੇ ਨਿਕਲ ਗਿਆ। ਚੰਨੀ ਦੇ ਕਿਰਦਾਰ ਨੇ ਲੋਕਾਂ ਦੇ ਦਿਲਾਂ ਉੱਪਰ ਅਜਿਹੀ ਛਾਪ ਛੱਡ ਦਿੱਤੀ ਕਿ ਅਕਾਲੀ ਦਲ ਦਾ ਪੰਜਾਬ ਬਸਪਾ ਨਾਲ ਕੀਤਾ ਸਮਝੌਤਾ ਖੋਖਲਾ ਜਾਪਣ ਲੱਗ ਪਿਆ। ਗਰੀਬ ਲੋਕਾਂ ਦਾ ਮਸੀਹਾ ਬਣ ਜਦੋਂ ਚੰਨੀ, ਚੰਨ ਬਣਕੇ ਚੜ੍ਹਿਆ ਤਾਂ ਕਾਂਗਰਸ ਪਾਰਟੀ ਸੱਤਾ ਵਿੱਚ ਹੋਣ ਕਰਕੇ ਇੱਕ ਵਾਰ ਮਜ਼ਬੂਤ ਦਿਖਾਈ ਦੇਣ ਲੱਗ ਪਈ। ਜੱਟ ਸਿੱਖ ਵੋਟਰ ਦਾ ਪਹਿਲਾਂ ਹੀ ਝੁਕਾਅ ਕਾਂਗਰਸ ਪਾਰਟੀ ਨਾਲ ਰਿਹਾ ਤੇ ਗਰੀਬ ਦਾ ਝੁਕਾਅ ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਖਿੱਚ ਲਿਆ। ਸਰਵਿਆਂ ਦੀਆਂ ਰਿਪੋਰਟਾਂ ਵਿੱਚ ਅੱਜ 60 ਪ੍ਰਤੀਸ਼ਤ ਲੋਕ ਚੰਨੀ ਨੂੰ ਪਿਆਰ ਕਰਨ ਵਾਲੇ ਹਨ, ਜੋ ਕਿ ਰਿਕਾਰਡ ਹੈ।
ਜਿੱਥੋਂ ਤਕ ਚੰਨੀ ਦੀ ਕੈਬਨਿਟ ਦਾ ਸਵਾਲ ਹੈ, ਉਹਨਾਂ ਨੇ ਚੰਨੀ ਦੀ ਸਫਲਤਾ ਵਿੱਚ ਵੱਡਾ ਯੋਗਦਾਨ ਦਿੱਤਾ ਹੈ। ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਦੀ ਕਾਰਗੁਜ਼ਾਰੀ ਨੇ ਲੋਕਾਂ ਦੇ ਦਿਲਾਂ ਵਿੱਚ ਜੋ ਜਗ੍ਹਾ ਬਣਾਈ ਹੈ, ਜੱਗ ਜ਼ਾਹਰ ਹੈ। ਥੋੜ੍ਹੇ ਪਰਿਵਾਰਾਂ ਦੀ ਟਰਾਂਸਪੋਰਟ ਵਿੱਚ ਪਕੜ ਨੂੰ ਢਿੱਲਾ ਕਰ ਦੇਣਾ ਮਿਸਾਲੀ ਉਦਾਹਰਣ ਹੈ। ਰੰਧਾਵਾ ਸਾਹਿਬ ਦੇ ਗ੍ਰਹਿ ਮੰਤਰੀ ਵਜੋਂ ਸੂਬੇ ਵਿੱਚ ਅਮਨ ਅਮਾਨ ਦੀ ਸਥਿਤੀ ਤੇ ਬਿਕਰਮ ਮਜੀਠੀਆ ਉੱਤੇ ਐੱਫ.ਆਈ.ਆਰ ਦਰਜ ਕਰਨਾ ਵੱਡੀਆਂ ਪ੍ਰਾਪਤੀਆਂ ਹਨ। ਰੇਤ ਮਾਫੀਆ, ਬਿਜਲੀ ਮਾਫੀਆ, ਪੁਲਿਸ ਮਾਫੀਆ, ਕੇਬਲ ਮਾਫੀਆ, ਟਰਾਸਪੋਰਟ ਮਾਫੀਆ, ਨਸ਼ਾ ਮਾਫੀਆ ਤੇ ਹੋਰ ਅਨੇਕਾਂ ਹੀ ਅਜਿਹੇ ਕੰਮ, ਜਿਨ੍ਹਾਂ ਵਿੱਚ ਲਾਲ ਲਕੀਰ ਦੇ ਅੰਦਰ ਘਰਾਂ ਦੀ ਮਾਲਕੀ, ਆਸ਼ਾ ਵਰਕਰਾਂ ਦਾ ਭੱਤਾ ਵਧਾਉਣਾ, ਨਵੀਆਂ ਨੌਕਰੀਆਂ, ਕਈ ਮਹਿਕਮਿਆਂ ਵਿੱਚ ਠੇਕੇਦਾਰੀ ਪ੍ਰਥਾ ਨੂੰ ਸਰਕਾਰ ਅਧੀਨ ਲਿਆਉਣਾ, ਵਿਦਿਆਰਥੀ ਵਰਗ ਦੇ ਬੱਸ ਪਾਸ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਅਜਿਹੇ ਕੰਮ ਚੰਨੀ ਸਰਕਾਰ ਨੇ ਦਿਨ ਰਾਤ ਇੱਕ ਕਰਕੇ ਕਰ ਵਿਖਾਏ। ਇਹ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ ਮੁੱਖ ਮੰਤਰੀ ਚੰਨੀ ਇੱਕ ਗਰੀਬ, ਜਾਗਰੂਕ, ਇਮਾਨਦਾਰ ਤੇ ਪੜ੍ਹਿਆ ਲਿਖਿਆ ਇਨਸਾਨ ਹੈ। ਉਸ ਨੂੰ ਆਮ ਤੇ ਖਾਸ ਘਰਾਂ ਦੀ ਜ਼ਰੂਰਤਾਂ ਤੇ ਲੋੜਾਂ ਦਾ ਪਤਾ ਹੈ। ਕਿਸਾਨਾਂ ਦੇ ਨਾਲ ਡਟੇ ਰਹਿਣਾ ਤੇ ਕੇਂਦਰ ਸਰਕਾਰ ਦੀ ਪਰਵਾਹ ਨਾ ਕਰਨਾ, ਚੰਨੀ ਨੂੰ ਚੰਨ ਬਣਾਉਂਦੀਆਂ ਹਨ। ਅਮੀਰਾਂ ਲੋਕਾਂ ਦੇ ਹਿਤਾਂ ਨਾਲ ਟਕਰਾ ਕੇ ਵੀ ਚੰਨੀ ਨੇ ਆਪਣੀ ਕੈਬਨਿਟ ਵਿੱਚ ਅਜਿਹਾ ਸੁਮੇਲ ਬਣਾਇਆ ਕਿ ਹਰ ਪੰਜਾਬੀ ਦੇ ਦਿਲ ਨੂੰ ਚੰਨੀ ਭਾਅ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)







































































































