JasveerSDadahoor7ਪਿੱਛੇ ਜਿਹੇ ਚੰਡੀਗੜ੍ਹ ਬਠਿੰਡਾ ਰੋਡ ’ਤੇ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਉੱਪਰ ਲਿਖੇ ਵਾਲੇ ਬੋਰਡਾਂ ਉੱਤੇ ਪੰਜਾਬੀ ...
(10 ਨਵੰਬਰ 2017)

 

DadahoorAB1

 

ਪਿਛਲੇ ਦਿਨੀਂ ਬਾਬਾ ਫ਼ਰੀਦ ਜੀ ਦੀ ਵਰੋਸਾਈ ਧਰਤੀ ਫ਼ਰੀਦਕੋਟ ਵਿਖੇ ਪੰਜਾਬੀ ਮਾਂ ਬੋਲੀ ’ਤੇ ਛਾਏ ਕਾਲੇ ਬੱਦਲਾਂ ਪ੍ਰਤੀ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਰਜਿ. ਫ਼ਰੀਦਕੋਟ ਵੱਲੋਂ ਬਹੁਤ ਹੀ ਸਫ਼ਲ ਸਮਾਗਮ ਵਿਖੇ ਸ਼ਿਰਕਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਬੇਸ਼ੱਕ ਇਹ ਸਮਾਗਮ ਕਿਸੇ ਸਾਹਿਤਕ ਸਭਾ ਵੱਲੋਂ ਜਾਂ ਬਹੁਤ ਸਾਰੀਆਂ ਸਾਹਿਤਕ ਸਭਾਵਾਂ ਵੱਲੋਂ ਰਲ ਕੇ ਕਰਵਾਇਆ ਜਾਣਾ ਚਾਹੀਦਾ ਸੀ ਪਰ ਇਸ ਦੀ ਪਹਿਲ ਉਪਰੋਕਤ ਸੁਸਾਇਟੀ ਦੇ ਮਿਹਨਤੀ ਕਾਰਕੁਨਾਂ ਨੇ ਬਹੁਤ ਵੱਡਾ ਉੱਦਮ ਕਰਕੇ ਕਰਵਾਈ। ਜਸ ਵਿੱਚ ਗੁਰਪ੍ਰੀਤ ਸਿੰਘ ਚੰਦਬਾਜਾ, ਅਵਤਾਰ ਸਿੰਘ ਸੰਧਵਾਂ, ਮੱਘਰ ਸਿੰਘ ਤੇ ਇਹਨਾਂ ਦੇ ਸਾਥੀ ਵਧਾਈ ਦੇ ਪਾਤਰ ਹਨ। ਇਸ ਸਮਾਗਮ ਵਿੱਚ ਬਹੁਤ ਭਾਰੀ ਤਦਾਦ ਵਿੱਚ ਪਤਵੰਤੇ ਸੱਜਣ ਸ਼ਾਮਿਲ ਹੋਏ ਜਿਨ੍ਹਾਂ ਵਿੱਚ ਸਾਹਿਤਕ ਸਭਾਵਾਂ, ਧਾਰਮਿਕ ਜਥੇਬੰਦੀਆਂ, ਰਾਜਨੀਤਿਕ ਨੇਤਾਵਾਂ, ਸਮਾਜਿਕ ਜਥੇਬੰਦੀਆਂ ਅਤੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਆਪਣੀ ਮਾਂ ਨੂੰ ਪਿਆਰ ਕਰਨ ਵਾਲਿਆਂ ਦਾ ਉਮੀਦ ਤੋਂ ਵੱਧ ਇਕੱਠ ਹੋਇਆ।

ਇਸ ਸਮਾਗਮ ਦੀ ਪ੍ਰਧਾਨਗੀ ਜਸਵੰਤ ਸਿੰਘ ਕੰਵਲ ਪ੍ਰਸਿੱਧ ਨਾਵਲਕਾਰ, ਪ੍ਰੋ. ਹਰਪਾਲ ਸਿੰਘ ਪੰਨੂੰ ਮੁਖੀ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਤਨਾਮ ਸਿੰਘ ਮਾਣਕ ਜਨਰਲ ਸਕੱਤਰ ਪੰਜਾਬ ਜਾਗ੍ਰਿਤੀ ਮੰਚ ਜਲੰਧਰ, ਸੀਨੀਅਰ ਪੱਤਰਕਾਰ, ਡਾ. ਹਰਜਿੰਦਰ ਸਿੰਘ ਵਾਲੀਆ ਮੁਖੀ ਪੱਤਰਕਾਰਤਾ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਭੀਮਇੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ। ਜਿੱਥੇ ਇਸ ਸਮਾਗਮ ਵਿੱਚ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਐਲਾਨ ਨਾਵਾਂ ਜਾਰੀ ਕੀਤਾ, ਉੱਥੇ ਹਰ ਇਕ ਬੁਲਾਰੇ ਨੇ ਮਾਤ ਭਾਸ਼ਾ ਨੂੰ ਬਣਦਾ ਸਤਿਕਾਰ ਨਾ ਮਿਲਣ ਕਰਕੇ ਅਜ਼ਾਦੀ ਤੋਂ ਲੈ ਕੇ ਅੱਜ ਤੱਕ ਭਾਵ 70 ਸਾਲ ਤੋਂ ਹੋ ਰਹੇ ਅਨਿਆਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਕਿਸੇ ਵੀ ਸੂਬੇ ਦੀ ਭਾਸ਼ਾ ਨੂੰ ਉਸੇ ਹੀ ਸੂਬੇ ਵਿੱਚ ਬਣਦਾ ਮਾਣ ਸਤਿਕਾਰ ਨਾ ਦੇਣਾ ਤੇ ਉਸ ਨੂੰ ਪਹਿਲ ਨਾ ਦੇ ਕੇ ਹੋਰ ਭਾਸ਼ਾਵਾਂ ਨੂੰ ਜ਼ਿਆਦਾ ਸਤਿਕਾਰ ਦੇਣਾ ਤੇ ਸਾਇਨ ਬੋਰਡਾਂ, ਪਿੰਡਾਂ ਤੇ ਸ਼ਹਿਰਾਂ ਨੂੰ ਰਾਹ ਦਸੇਰੇ ਬੋਰਡਾਂ ’ਤੇ ਤੀਜੇ ਸਥਾਨ ਤੇ ਲਿਖਣਾ ਇਕ ਸੋਚੀ ਸਮਝੀ ਸਾਜ਼ਿਸ਼ ਅਧੀਨ ਹੀ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿ ਉਸ ਸੂਬੇ ਦੇ ਵਸਨੀਕ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।

ਬੁਲਾਰਿਆਂ ਨੇ ਚੁਕੰਨੇ ਕਰਦਿਆਂ ਕਿਹਾ ਕਿ 28 ਪੰਜਾਬੀ ਭਾਸ਼ਾ ਨਾਲ ਸਬੰਧਿਤ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਸਥਾਪਿਤ ਕੀਤਾ ਗਿਆ ਸੀ, ਤੇ ਅੱਜ ਵੀ 24 ਪੰਜਾਬੀ ਬੋਲਦੇ ਪਿੰਡ ਚੰਡੀਗੜ੍ਹ ਵਿੱਚ ਹਨ ਪਰ ਚੰਡੀਗੜ੍ਹ ਪੰਜਾਬ ਦਾ ਹਿੱਸਾ ਅੱਜ ਤੱਕ ਨਹੀਂ ਬਣ ਸਕਿਆ, ਸਗੋਂ ਕੇਂਦਰੀ ਸ਼ਾਸਿਤ ਪ੍ਰਦੇਸ਼ ਐਲਾਨ ਕਰ ਦੇਣਾ ਸਮਝ ਤੋਂ ਬਾਹਰ ਦੀ ਗੱਲ ਹੈ। ਬੁਲਾਰਿਆਂ ਨੇ ਕਿਹਾ ਕਿ 70 ਪ੍ਰਤੀਸ਼ਤ ਪੰਜਾਬ ਦੀ ਅਬਾਦੀ ਪਿੰਡਾਂ ਵਿੱਚ ਰਹਿੰਦੀ ਹੈ, ਪੰਜਾਬੀ ਬੋਲਦੀ ਹੈ, ਪਰ ਅਜੋਕੇ ਹਲਾਤਾਂ ਵਿੱਚ ਹਿੰਦੀ ਤੇ ਅੰਗਰੇਜ਼ੀ ਲਾਜ਼ਮੀ ਕਰਕੇ ਪੰਜਾਬੀ ਭਾਸ਼ਾ ਤੋਂ ਹੀ ਮੁਨਕਿਰ ਹੋ ਰਹੀਆਂ ਹਨ ਸਮੇਂ ਦੀਆਂ ਸਰਕਾਰਾਂ, ਸਗੋਂ ਸਕੂਲਾਂ ਵਿੱਚ ਪੰਜਾਬੀ ਮਾਂ ਬੋਲੀ ਬੋਲਣ ਵਾਲਿਆਂ ਨੂੰ ਜ਼ਲੀਲ ਕਰਨ ਦੇ ਨਾਲ-ਨਾਲ ਜ਼ੁਰਮਾਨਾ ਵੀ ਕੀਤਾ ਜਾਂਦਾ ਹੈ। ਇਹ ਕਿੱਥੋਂ ਦਾ ਨਿਆਂ ਹੈ? ਕੀ ਅਸੀਂ 70 ਸਾਲਾਂ ਬਾਅਦ ਵੀ ਆਪਣੇ ਆਪ ਨੂੰ ਅਜ਼ਾਦ ਸਮਝੀਏ?

ਪਿੱਛੇ ਜਿਹੇ ਚੰਡੀਗੜ੍ਹ ਬਠਿੰਡਾ ਰੋਡ ’ਤੇ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਉੱਪਰ ਲਿਖੇ ਵਾਲੇ ਬੋਰਡਾਂ ਉੱਤੇ ਪੰਜਾਬੀ ਮਾਂ ਨੂੰ ਪਿਆਰ ਕਰਨ ਵਾਲਿਆਂ ਵੱਲੋਂ ‘ਕੂਚੀ ਫੇਰ’ ਮੁਹਿੰਮ ਤਹਿਤ ਕੂਚੀ ਮਾਰਕੇ ਮਿਟਾ ਦਿੱਤਾ ਗਿਆ। ਸਮੁੱਚੇ ਇਜਲਾਸ ਨੇ ਉਨ੍ਹਾਂ ਕਾਰਕੁੰਨਾਂ ਦੀ ਸ਼ਲਾਘਾ ਕਰਦਿਆਂ ਇਸੇ ਮੁਹਿੰਮ ਤਹਿਤ ਫੜੇ ਹੋਏ ਨੌਜਵਾਨਾਂ ਨੂੰ ਰਿਹਾਅ ਕਰਨ ਤੇ ਬਣਾਏ ਹੋਏ ਕੇਸ ਵਾਪਸ ਲੈਣ ਲਈ ਸਰਕਾਰ ਨੂੰ ਅਵਾਜ਼ ਪਹੁੰਚਦੀ ਕੀਤੀ, ਇਹ ਨਾ ਕਰਨ ਦੇ ਇਵਜ਼ ਵਜੋਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਵੱਡਾ ਇਕੱਠ ਕਰਕੇ ਰੋਸ ਪ੍ਰਗਟ ਕਰਨ ਦੀ ਚਿਤਾਵਨੀ ਦਿੱਤੀ। ਇਸ ਸਮਾਗਮ ਵਿੱਚ ਸਾਧੂ ਸਿੰਘ ਐੱਮ.ਪੀ ਤੇ ਮਨਜੀਤ ਸਿੰਘ ਬਿਲਾਸਪੁਰੀ ਐੱਮ.ਐੱਲ.ਏ ਨੇ ਵੀ ਸ਼ਿਰਕਤ ਕੀਤੀ ’ਤੇ ਪ੍ਰਭਾਵਿਤ ਹੁੰਦਿਆਂ ਆਪਣੀ ਤਕਰੀਰ ਵਿੱਚ ਆਉਂਦੇ ਵਿਧਾਨ ਸਭਾ ਇਜਲਾਸ ਵਿੱਚ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦੇਣ ਪ੍ਰਤੀ ਮਤਾ ਰੱਖਣ ਦਾ ਭਰੋਸਾ ਵੀ ਦਵਾਇਆ।

ਇਸ ਸਮਾਗਮ ਵਿੱਚ ਪਹੁੰਚੇ ਹਰਿੰਦਰ ਸਿੰਘ, ਗਿੱਲ ਹਰਦੀਪ ਤੇ ਜਗਸੀਰ ਜੀਦਾ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਗੀਤ ਤੇ ਬੋਲੀਆਂ ਸੁਣਾ ਕੇ ਸਰੋਤਿਆਂ ਨੂੰ ਆਪਣੀ ਮਾਂ ਬੋਲੀ ਨਾਲ ਹੋ ਰਹੇ ਵਿਤਕਰੇ ਪ੍ਰਤੀ ਹੋਰ ਵੀ ਜਾਗਰੂਕ ਕਰ ਦਿੱਤਾ ਤੇ ਆਏ ਹੋਏ ਸਾਰੇ ਹੀ ਸਰੋਤਿਆਂ ਨੇ ਉਹਨਾਂ ਦੀਆਂ ਰਚਨਾਵਾਂ ਦੀ ਭਰਪੂਰ ਦਾਦ ਦਿੱਤੀ। ਸਾਧੂ ਸਿੰਘ ਐੱਮ.ਸੀ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਭਾਵੁਕ ਹੁੰਦਿਆਂ ਆਪਣੀ ਜਾਨ ਕੁਰਬਾਨ ਕਰਨ ਤੱਕ ਦੀ ਗੱਲ ਵੀ ਕਹਿ ਦਿੱਤੀ। ਇਸ ਸਾਰੇ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਪ੍ਰਸਿੱਧ ਲੇਖਕ ਤੇ ਚਿੰਤਕ ਦਵਿੰਦਰ ਸੈਫ਼ੀ ਨੇ ਬਾਖ਼ੂਬੀ ਨਿਭਾਈ। ਹਰ ਇਕ ਬੁਲਾਰੇ ਦੇ ਬੋਲਣ ਤੋਂ ਬਾਅਦ ਉਨ੍ਹਾਂ ਪੰਜਾਬੀ ਮਾਂ ਬੋਲੀ ਲਈ ਕੀਤੀ ਸ਼ਾਇਰੋ ਸ਼ਾਇਰੀ ਨੇ ਸਰੋਤਿਆਂ ਨੂੰ ਕੀਲ ਕੇ ਬਿਠਾਈ ਰੱਖਿਆ। ਸਾਰੇ ਹੀ ਬੁਲਾਰਿਆਂ ਦੀ ਮਾਂ ਬੋਲੀ ਪ੍ਰਤੀ ਵਿਚਾਰ ਚਰਚਾ ਸਰੋਤਿਆਂ ਨੇ ਸਾਹ ਰੋਕ ਕੇ ਸੁਣੀ ਤੇ ਦੋਨੋਂ ਬਾਹਵਾਂ ਖੜ੍ਹੀਆਂ ਕਰਕੇ ਹਰ ਗੱਲ ਦੀ ਭਰਪੂਰ ਸਰਾਹਣਾ ਕਰਦੇ ਰਹੇ। ਇਹ ਸਮਾਗਮ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਚਾਹੁਣ ਵਾਲਿਆਂ ਨੂੰ ਹਲੂਣਾ ਮਾਰ ਗਿਆ, ਉੱਥੇ ਹੀ ਇਕ ਯਾਦਗਾਰੀ ਸਮਾਗਮ ਹੋ ਨਿੱਬੜਿਆ। ਦਾਸ ਨੇ ਇਹ ਸਾਰਾ ਪ੍ਰੋਗਰਾਮ ਆਪਣੇ ਅੱਖੀਂ ਵੇਖਿਆ। ਇਸ ਸਮਾਗਮ ਬਾਅਦ ਆਪਣੀ ਮਾਤ ਭਾਸ਼ਾ ਲਈ ਸਤਿਕਾਰ ਦਾਸ ਦੇ ਦਿਲੋ ਦਿਮਾਗ ਵਿੱਚ ਹੋਰ ਵੀ ਘਰ ਕਰ ਗਿਆ। ਅਜੋਕੇ ਸਮੇਂ ਦੌਰਾਨ ਅਜਿਹੇ ਸਮਾਗਮ ਕਰਨ ਦੀ ਅਤਿਅੰਤ ਲੋੜ ਹੈ ਕਿਉਂਕਿ ਅਜਿਹੇ ਸਮਾਗਮ ਪੰਜਾਬੀ ਮਾਂ ਬੋਲੀ ਨੂੰ ਜਿਉਂਦਾ ਰੱਖਣ ਲਈ ਆਕਸੀਜਨ ਦਾ ਕੰਮ ਕਰਦੇ ਹਨ।

*****

About the Author

ਜਸਵੀਰ ਸ਼ਰਮਾ ਦਦਾਹੂਰ

ਜਸਵੀਰ ਸ਼ਰਮਾ ਦਦਾਹੂਰ

Dadahoor, Sri Mukatsar Sahib, Punjab, India.
Phone: (91 - 94176 - 22046)
Email: (jasveer.sharma123@gmail.com)