JasveerSDadahoor7ਪਾਠਕਾਂ ਨੂੰ ਇਸ ਕਲਮ ਤੋਂ ਹੋਰ ਵੀ ਬਹੁਤ ਸਾਰੀਆਂ ਆਸਾਂ ਉਮੀਦਾਂ ਹਨ ...HiraSToot7
(4 ਦਸੰਬਰ 2021)

 

HiraSTootBook1ਕਾਵਿ ਸੰਗ੍ਰਹਿ ‘ਖਿਸਕਦੇ ਪਲ’ ਹੀਰਾ ਸਿੰਘ ਤੂਤ ਜੀ ਦੀ ਦਸਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਨੌਂ ਪੁਸਤਕਾਂ ਜਿਨ੍ਹਾਂ ਵਿੱਚ ਕਵਿਤਾਵਾਂ, ਕਹਾਣੀਆਂ, ਨਾਵਲ ਅਤੇ ਬਾਲ ਸਾਹਿਤ ਸ਼ਾਮਲ ਹੈ, ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਇਨ੍ਹਾਂ ਪੁਸਤਾਂ ਨੂੰ ਸਾਹਿਤਕ ਹਲਕਿਆਂ ਵਿੱਚ ਬਹੁਤ ਸਤਿਕਾਰਿਆ ਗਿਆ ਹੈ। ਇਸ ਦਸਵੀਂ ਪੁਸਤਕ (ਕਾਵਿ ਸੰਗ੍ਰਹਿ) ਵਿੱਚ ਪਚੰਨਵੇਂ ਕਵਿਤਾਵਾਂ ਦਾ ਗੁਲਦਸਤਾ ਪੇਸ਼ ਕਰਦਿਆਂ ਤੂਤ ਸਾਹਿਬ ਨੇ ਬਾਕਮਾਲ ਸ਼ਬਦਾਵਲੀ ਪੇਸ਼ ਕਰਦਿਆਂ ਛੋਟੀ ਰਚਨਾ ਵਿੱਚ ਵੱਡਾ ਸੰਦੇਸ਼ ਦੇਣ ਦੀ ਪਿਰਤ ਨੂੰ ਬਰਕਰਾਰ ਰੱਖਦਿਆਂ ਆਪਣੀ ਕਲਮ ਦਾ ਲੋਹਾ ਮਨਵਾਇਆ ਹੈ। ਜਿਵੇਂ ਪੰਨਾ ਚੁਰੰਨਵੇਂ ’ਤੇ ‘ਸਫ਼ਰ’ ਨਾਮ ਦੀ ਕਵਿਤਾ ਵਿੱਚ:

ਕੁਝ ਰਾਹ ਮੈਂ ਚੁਣ ਲਏ ਨੇ
ਤੇ ਕੁਝ ਰਾਹਾਂ ਨੇ ਮੈਨੂੰ ਚੁਣ ਲਿਆ ਹੈ।
ਕੁੱਝ ਕੁ ਰਾਹਾਂ ’ਤੇ ਮੈਂ ਚੱਲਦਾ ਹਾਂ
,
ਕਦੇ ਕੁਝ ਕੁ ਰਾਹ
ਮੇਰੇ ਨਾਲ਼ ਚੱਲਦੇ ਨੇ।
ਬੱਸ! ਸਫ਼ਰ ਜਾਰੀ ਹੈ।

ਇਸ ਉਪਰੋਕਤ ਛੋਟੀ ਜਿਹੀ ਕਵਿਤਾ ਵਿੱਚ ਬੜਾ ਕੁਝ ਛੁਪਿਆ ਹੋਇਆ ਹੈ। ਲੇਖਕ ਨੇ ਆਪਣੇ ਵਲਵਲੇ ਪੇਸ਼ ਕਰਦਿਆਂ ਪਾਠਕਾਂ ਨੂੰ ਸੁਨੇਹਾ ਦਿੱਤਾ ਹੈ ਕਿ, ਹਾਲੇ ਆਉਣ ਵਾਲੇ ਸਮੇਂ ਵਿੱਚ ਮੇਰੇ ਵੱਲੋਂ ਇਸ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟਦਿਆਂ ਸਾਹਿਤ ਵਿੱਚ ਹੋਰ ਵੀ ਤਿਲ ਫੁੱਲ ਹਿੱਸਾ ਪਾਉਣ ਦੀ ਕੋਸ਼ਿਸ਼ ਜਾਰੀ ਰਹੇਗੀ। ਬਿਲਕੁਲ ਦੋਸਤੋ ਇਸ ਅੱਗੇ ਵੱਲ ਵਧਦੇ ਕਦਮਾਂ ਤੋਂ ਭਲੀ-ਭਾਂਤ ਪਤਾ ਲੱਗਦਾ ਹੈ ਕਿ ਲੇਖਕ ਦੀਆਂ ਰਚਨਾਵਾਂ ਨੂੰ ਪਿਆਰਿਆ ਸਤਿਕਾਰਿਆ ਜਾ ਰਿਹਾ ਹੈ।

ਇਸ ਹਥਲੀ ਪੁਸਤਕ ‘ਖਿਸਕਦੇ ਪਲ’ ਕਾਵਿ ਸੰਗ੍ਰਹਿ ਵਿਚ ਹਰ ਇੱਕ ਰਚਨਾ ਲੋਕਾਂ ਦੇ ਦਿਲਾਂ ਦੀ ਗੱਲ/ਤਰਜਮਾਨੀ ਕਰਦੀ ਆਪਣੇ ਆਪ ਵਿੱਚ ਵਿਲੱਖਣ ਹੈ। ਮੇਲੇ ਗੇਲੇ, ਅਣਖ, ਮੌਤ, ਹੌਸਲਾ, ਸਫ਼ਰ, ਕੁਦਰਤ, ਆਤਮ ਚਿੰਤਨ, ਈਦ, ਮਾੜੀ ਗੱਲ, ਪੁਨਰ ਜਨਮ, ਫ਼ਰਕ, ਅਲਵਿਦਾ, ਗੁੰਝਲਾਂ, ਸੱਜਣ ਤੁਰ ਗਏ, ਅਤੇ ਦਸਤਕ ਵਰਗੀਆਂ ਛੋਟੀਆਂ ਛੋਟੀਆਂ ਕਵਿਤਾਵਾਂ ਵਿੱਚ ਵੱਡੀਆਂ ਗੱਲਾਂ ਕਹਿਣ ਦੀ ਲੇਖਕ ਵੱਲੋਂ ਵਧੀਆ ਤੇ ਸਾਰਥਕ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਉਪਰੋਕਤ ਰਚਨਾਵਾਂ ਤੋਂ ਬਿਨਾਂ ਵੀ ਸਾਰੀਆਂ ਹੀ ਪੁਸਤਕ ਵਿਚਲੀਆਂ ਕਵਿਤਾਵਾਂ ਬਹੁਤ ਵਧੀਆ ਹਨ, ਜੋ ਆਪਾਂ ਸਭਨਾਂ ਨੂੰ ਪੜ੍ਹਨੀਆਂ ਚਾਹੀਦੀਆਂ ਹਨ।

ਹੀਰਾ ਸਿੰਘ ਤੂਤ ਖੁਦ ਆਪਣੇ ਮੂੰਹੋਂ ਵੀ ਆਪਣੀ ਜ਼ਿੰਦਗੀ ਦੇ ਕੁਝ ਅਨੁਭਵ ਅਕਸਰ ਹੀ ਹਰ ਸਾਹਿਤ ਸਭਾ ਵਿੱਚ ਜਦੋਂ ਸਾਂਝੇ ਕਰਦਾ ਹੈ ਤਾਂ ਇੱਕ ਵਾਰ ਗੱਚ ਭਰ ਆਉਂਦਾ ਹੈ। ਜਿਸ ਇਨਸਾਨ ਨੇ ਖੁਦ ਇਹੋ ਜਿਹੇ ਪਲ ਆਪਣੇ ਮਨ ’ਤੇ ਹੰਢਾਏ ਹੋਣ, ਉਸ ਦੀਆਂ ਰਚਨਾਵਾਂ, ਕਹਾਣੀਆਂ ਨਾਵਲਾਂ ਵਿੱਚ ਉਸ ਦੇ ਅਨੁਭਵ ਝਲਕਣੇ ਸੁਭਾਵਿਕ ਹੁੰਦੇ ਹਨ। ਇਹੋ ਜਿਹੀਆਂ ਪੁਸਤਕਾਂ ਵਾਰ ਵਾਰ ਪੜ੍ਹਨ ਨੂੰ ਦਿਲ ਕਰਦਾ ਹੈ। ਸਟੇਜ ਉੱਤੇ ਲੇਖਕ ਵੱਲੋਂ ਕੀਤੀਆਂ ਗੱਲਾਂ ਸਰੋਤਿਆਂ ਨੂੰ ਝੰਜੋੜਦੀਆਂ ਹਨ। ਆਪਣੇ ਉੱਪਰ ਹੰਢਾਏ ਚੰਗੇ ਮਾੜੇ ਦਿਨਾਂ ਨੂੰ ਆਪਣੀਆਂ ਰਚਨਾਵਾਂ ਦਾ ਹਿੱਸਾ ਬਣਾਉਣਾ ਕਿਸੇ ਵਿਰਲੇ ਇਨਸਾਨ ਦੇ ਹਿੱਸੇ ਹੀ ਆਉਂਦਾ ਹੈ। ਕਵਿਤਾ ਵਗਦੀ ਗੰਗਾ ਹੁੰਦੀ ਹੈ ਤੇ ਆਪਣੇ ਨਾਲ ਵਹਾਉਣ ਅਤੇ ਤੋਰਨ ਦੀ ਸਮਰੱਥਾ ਰੱਖਦੀ ਹੈ, ਜੋ ਲੇਖਕ ਨੇ ਖੁਦ ਇਸ ਪੁਸਤਕ ਦੇ ਬਿਲਕੁਲ ਅਖੀਰਲੇ ਟਾਈਟਲ ਪੰਨੇ ’ਤੇ ਲਿਖਿਆ ਹੈ, ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ। ਅਸਲ ਵਿੱਚ ਓਹੀ ਪੁਸਤਕ ਤੇ ਲੇਖਿਕ ਸੁਹਿਰਦ ਤੇ ਪ੍ਰੌੜ੍ਹ ਹੁੰਦਾ ਹੈ, ਜਿਸ ਦੀ ਪੁਸਤਕ/ਰਚਨਾਵਾਂ ਪਾਠਕਾਂ ਨੂੰ ਬੰਨ੍ਹ ਕੇ ਬਿਠਾਉਣ ਵਿੱਚ ਸਮਰੱਥ ਹੋਣ। ਇਸ ਉਪਰੋਕਤ ਗੱਲ ’ਤੇ ਹੀਰਾ ਸਿੰਘ ਤੂਤ ਪਹਿਰਾ ਦਿੰਦੇ ਹੋਏ ਆਪਣਾ ਸਫ਼ਰ ਜਾਰੀ ਰੱਖੇ ਇਹੀ ਮੇਰੀ ਅਰਦਾਸ ਹੈ।

ਆਪਣੇ ਕਿੱਤੇ, ਸਕੂਲ ਮਾਸਟਰ ਅਤੇ ਹੋਰ ਪਰਿਵਾਰਕ ਰੁਝੇਵਿਆਂ ਵਿੱਚੋਂ ਲਿਖਣ ਲਈ ਸਮਾਂ ਕੱਢਣਾ ਇਸ ਅਜੋਕੇ ਜ਼ਮਾਨੇ ਵਿੱਚ ਬਹੁਤ ਔਖਾ ਹੈ, ਜਿਸ ਨੂੰ ਹੀਰਾ ਸਿੰਘ ਤੂਤ ਨੇ ਬਾਖੂਬੀ ਕਰ ਵਿਖਾਇਆ ਹੈ। ਲਿਖਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸਾਧਨਾ ਹੁੰਦੀ ਹੈ। ਪਾਠਕਾਂ ਨੂੰ ਇਸ ਕਲਮ ਤੋਂ ਹੋਰ ਵੀ ਬਹੁਤ ਸਾਰੀਆਂ ਆਸਾਂ ਉਮੀਦਾਂ ਹਨ। ਆਓ ਦੋਸਤੋ ਇਸ ਪੁਸਤਕ ਨੂੰ ਪੜ੍ਹੀਏ ਅਤੇ ਸਾਹਿਤਕ ਹਲਕਿਆਂ ਵਿੱਚ ਇਸ ਦਾ ਸਵਾਗਤ ਕਰੀਏ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3183)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਜਸਵੀਰ ਸ਼ਰਮਾ ਦਦਾਹੂਰ

ਜਸਵੀਰ ਸ਼ਰਮਾ ਦਦਾਹੂਰ

Dadahoor, Sri Mukatsar Sahib, Punjab, India.
Phone: (91 - 94176 - 22046)
Email: (jasveer.sharma123@gmail.com)