“ਜੱਜ ਸਾਹਿਬ ਕਹਿੰਦੇ ਕਿ ਪਹਿਲਾਂ ਤਾਂ ਜ਼ਮਾਨਤੀਏ ਦਾ ਇੰਤਜ਼ਾਮ ਕਰੋ, ਤੇ ਆਪਣੀ ਜ਼ਮਾਨਤ ਕਰਵਾਓ ...”
(16 ਫਰਵਰੀ 2017)
ਦੋਸਤੋ ਅੱਜ ਜ਼ਮਾਨਾ ਬਹੁਤ ਅਡਵਾਂਸ ਹੈ। ਪੁਰਾਣਾ ਜ਼ਮਾਨਾ ਬਹੁਤ ਪਿੱਛੇ ਰਹਿ ਗਿਆ ਹੈ। ਅੱਜਕਲ ਹਰ ਇਨਸਾਨ ਇੰਟਰਨੈੱਟ ਨਾਲ ਜੁੜ ਚੁੱਕਾ ਹੈ, ਲੜਕਾ ਹੋਵੇ ਭਾਵੇਂ ਲੜਕੀ, ਬਿਜਨੈਸਮੈਨ ਜਾਂ ਉਮਰੋਂ ਲੰਘਿਆ ਇਨਸਾਨ ਭਾਵ ਬੁੱਢਾ ਇਨਸਾਨ। ਅਜੋਕੀ ਚਕਾਚੌਂਧ ਵਾਲੀ ਜ਼ਿੰਦਗੀ ਵਿਚ ਹਰ ਇਨਸਾਨ ਹੀ ਦੁਨੀਆ ਆਪਣੀ ਮੁੱਠੀ ਵਿਚ ਸਮਝਦਾ ਹੈ ਤੇ ਹੈ ਵੀ ਹਕੀਕਤ। ਕਿਉਂਕਿ ਇਸ ਦੇ ਐਸੇ ਜ਼ਰੀਏ ਆ ਗਏ ਹਨ ਕਿ ਸੱਤ ਸਮੁੰਦਰੋਂ ਪਾਰ ਦੀ ਗੱਲ ਮਿੰਟਾਂ ਸਕਿੰਟਾਂ ਵਿਚ ਸਾਡੇ ਕੋਲ ਪਹੁੰਚ ਜਾਂਦੀ ਹੈ।
ਮੈਂ ਇਕ ਲੇਖ ਕੁਝ ਸਮਾਂ ਪਹਿਲਾਂ ਲਿਖਿਆ ਸੀ। ਉਸ ਵਿਚ ਵੀ ਇਹੀ ਜ਼ਿਕਰ ਕੀਤਾ ਸੀ ਕਿ ਦੁਨੀਆ ਵਿਚ ਪੈਦਾ ਹੋਇਆ ਹਰ ਇਨਸਾਨ ਲਿਖਾਰੀ ਹੈ। ਉਸ ਦੀ ਆਪਣੀ ਨਿੱਜੀ ਜ਼ਿੰਦਗੀ ਤੇ ਉਹ ਇਕ ਕਿਤਾਬ ਖੁਦ ਲਿਖ ਸਕਦਾ ਹੈ, ਪਰ ਜੇ ਅੰਦਰੋਂ ਗੱਲ ਕੱਢਣ ਦੀ ਜਾਚ ਹੋਵੇ, ਤੇ ਝਿਜਕਦਾ ਨਾ ਹੋਵੇ। ਮੈਂ ਆਪ ਵੀ ਖੁਦ ਇੰਟਰਨੈੱਟ ਰਾਹੀਂ ਲੁਕਾਈ ਨਾਲ ਜੁੜਿਆ ਹੋਇਆ ਹਾਂ। ਮੈਂ ਕੁਝ ਲਿਖਕੇ ਫੇਸਬੁੱਕ ਤੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕੀਤਾ ਤੇ ਉਸ ’ਤੇ ਕੁਮੈਂਟ ਆਉਣੇ ਵੀ ਸੁਭਾਵਿਕ ਸਨ। ਸੋ ਕੁਮੈਂਟ ਆਏ। ਮੈਂ ਉਸ ਵਿਚ ਵੀ ਇਹੀ ਲਿਖਿਆ ਸੀ ਕਿ ਹਿੰਦੁਸਤਾਨ ਨੂੰ ਆਜ਼ਾਦ ਹੋਏ 68 ਸਾਲ ਹੋ ਗਏ ਹਨ, ਪਰ ਆਪਾਂ ਅੱਜ ਵੀ ਗੁਲਾਮ ਹਾਂ। ਗੁਲਾਮ ਕਿਸ ਦੇ? ਸਰਮਾਏਦਾਰੀ ਦੇ। ਤੇ ਕਾਨੂੰਨ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ਦਰਮਿਆਨੇ ਤੇ ਗਰੀਬ ਲੋਕਾਂ ਲਈ। ਇਹੀ ਅੱਜ ਦਾ ਵਿਸ਼ਾ ਹੈ।
ਮੇਰੇ ਤਿੰਨ ਬੱਚੇ ਹਨ, ਦੋ ਲੜਕੇ ਤੇ ਇਕ ਲੜਕੀ। ਤੇ ਸਾਰੇ ਵਿਆਹੇ ਵਰੇ ਤੇ ਬਾਲ ਬੱਚੇਦਾਰ ਹਨ। ਮੈਂ ਆਪਣੇ ਪਿੰਡ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਆ ਕੇ ਰਹਿ ਰਿਹਾ ਹਾਂ। ਕੋਈ 26 ਸਾਲ ਹੋ ਗਏ ਹਨ ਇੱਥੇ ਰਹਿੰਦਿਆਂ। ਜ਼ਿੰਦਗੀ ਵਿਚ ਬਹੁਤ ਉਤਰਾਅ ਚੜ੍ਹਾ ਦੇਖੇ। ਪਰ ਅਜ ਤੋਂ 2 ਕੁ ਮਹੀਨੇ ਪਹਿਲਾਂ ਤਕ, ਭਾਵ ਲਗਭਗ 25 ਸਾਲ ਕਿਰਾਏੇ ’ਤੇ ਰਹੇ। ਇੱਕ ਨਹੀਂ, ਦੋ ਨਹੀਂ, ਸੱਤ ਮਕਾਨ ਪਾਏ ਪਰ ਜ਼ਿਆਦਾ ਸਮਾਂ ਕਿਰਾਏ ਤੇ ਰਹਿਣਾ ਪਿਆ। ਇਹ ਦੱਸਦਿਆਂ ਮੈਨੂੰ ਸ਼ਰਮ ਵੀ ਮਹਿਸੂਸ ਹੋ ਰਹੀ ਹੈ। ਤੁਸੀਂ ਸੋਚਦੇ ਹੋਵੋਗੇ ਕਿ ਕਿਹੋ ਜਿਹਾਇਨਸਾਨ ਹੈ, 25 ਸਾਲ ਆਪਣਾ ਘਰ ਨਾ ਬਣਾ ਸਕਿਆ। ਮੈਨੂੰ ਖੁਸ਼ੀ ਵੀ ਹੋ ਰਹੀ ਇਸ ਗੱਲ ਦੀ ਕਿ ਤਿੰਨੋਂ ਬੱਚੇ ਵਿਆਹੇ ਗਏ ਹਨ। ਅਜੋਕਾ ਸਮਾਂ ਐਸਾ ਵੀ ਹੈ ਜਿਨ੍ਹਾਂ ਕੋਲ ਜ਼ਮੀਨ ਜਾਇਦਾਦ ਜਾਂ ਆਪਣੇ ਮਕਾਨ ਵੀ ਹਨ, ਉਨਾਂ ਦੇ ਵੀ ਬੱਚੇ ਕੁਆਰੇ ਹਨ। ਪਰ ਮੈਂ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਤਿੰਨੋਂ ਬੱਚੇ ਵਿਆਹ ਲਏ ਹਨ। ਦੋਵੇਂ ਲੜਕੇ ਭਾਵੇਂ ਪ੍ਰਾਈਵੇਟ ਕੰਮ ਹੀ ਕਰਦੇ ਹਨ ਪਰ ਨਸ਼ਿਆਂ ਦੀ ਭੈੜੀ ਆਦਤ ਤੋਂ ਲੱਖਾਂ ਕੋਹਾਂ ਦੂਰ ਹਨ, ਮੈਂ ਵੀ ਇਸ ਤੋਂ ਹਮੇਸ਼ਾ ਦੂਰ ਰਿਹਾ ਹਾਂ।
ਆਪਾਂ ਅਸਲੀ ਮਕਸਦ ਵੱਲ ਆਈਏ। 2004 ਸੰਨ ਵਿਚ ਮੈਂ ਇਕ ਬੈਂਕ ਤੋਂ 25 ਹਜ਼ਾਰ ਰੁਪਏ ਕਰਜ਼ਾ ਲਿਆ, ਇਕ ਕਾਰੋਬਾਰ ਸ਼ੁਰੂ ਕਰਨ ਲਈ, ਪਰ ਉਹ ਕਾਰੋਬਾਰ ਸ਼ੁਰੂ ਨਾ ਕਰ ਸਕਿਆ। ਜੀਵਨ ਸਾਥਣ ਐਸੀ ਨਾਮੁਰਾਦ ਬੀਮਾਰੀ ਨਾਲ ਪੀੜਤ ਹੋ ਗਈ ਕਿ ਬਹੁਤ ਇਲਾਜ ਕਰਾਉਣ ਦੇ ਬਾਵਜੂਦ ਵੀ ਉਸ ਨੂੰ ਬਚਾਇਆ ਨਾ ਜਾ ਸਕਿਆ। ਤੁਸੀਂ ਸਮਝ ਹੀ ਗਏ ਹੋਵੋਗੇ ਕਿ ਐਸੀ ਕਿਹੜੀ ਬਿਮਾਰੀ ਸੀ, ਜੀ ਹਾਂ ਕੈਂਸਰ। ਜਿਸ ਬੈਂਕ ਤੋਂ ਮੈਂ ਪੈਸੇ ਲਏ ਸਨ, ਉਨਾਂ ਦੀ ਕਿਸ਼ਤ ਵੀ ਨਾ ਮੋੜੀ ਜਾ ਸਕੀ, ਤੇ ਅਖੀਰ ਇਕ ਦਿਨ ਅਜਿਹਾ ਆਇਆ ਕਿ ਅਦਾਲਤੀ ਵਾਰੰਟ ਘਰੇ ਆ ਗਏ। ਮੈਂ ਵਾਰੰਟ ਰਸੀਵ ਕਰਕੇ ਦਿੱਤੀ ਤਾਰੀਖ ਮੁਤਾਬਿਕ ਜੱਜ ਸਾਹਿਬ ਦੀ ਅਦਾਲਤ ਵਿਚ ਪੇਸ਼ ਹੋਇਆ, ਤੇ ਬੇਨਤੀ ਕੀਤੀ ਕਿ ਮੈਂ ਤਾਂ ਕਿਸੇ ਕਾਰੋਬਾਰ ਲਈ ਪੈਸੇ ਲਏ ਸਨ ਪਰ ਰੱਬ ਦੀ ਕਰੋਪੀ ਨਾਲ ਘਰ-ਬਾਰ ਵੀ ਵਿਕ ਗਿਆ, ਅੱਜ ਕਿਰਾਏ ਤੇ ਰਹਿ ਰਹੇ ਹਾਂ। ਮੈਂ ਮੂਲ ਇਕੱਲਾ ਹੀ ਮੋੜ ਸਕਦਾ ਹਾਂ, ਵਿਆਜ ਨਹੀਂ ਭਰ ਸਕਦਾ।
ਇੱਥੇ ਇਹ ਵੀ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ 11 ਸਾਲ ਵਿਚ ਮੂਲ ਜਮ੍ਹਾਂ ਵਿਆਜ ਕੁੱਲ 80 ਹਜ਼ਾਰ ਰੁਪਏ ਹੋ ਚੁੱਕੇ ਸਨ। ਜੱਜ ਸਾਹਿਬ ਕਹਿੰਦੇ ਕਿ ਪਹਿਲਾਂ ਤਾਂ ਜ਼ਮਾਨਤੀਏ ਦਾ ਇੰਤਜ਼ਾਮ ਕਰੋ, ਤੇ ਆਪਣੀ ਜ਼ਮਾਨਤ ਕਰਵਾਓ।
ਪਰ ਬੈਂਕ ਦਾ ਵਕੀਲ ਸਾਹਿਬ ਕਹਿਣ ਲੱਗਾ ਕਿ ਮੈਂ ਸਭ ਕੁਝ ਸਮਝਾ ਦਿੰਦਾ ਹਾਂ ਜੀ। ਉਨ੍ਹਾਂ ਮੈਨੂੰ ਆਪਣੇ ਕੈਬਿਨ ਵਿਚ ਲਿਜਾ ਕੇ ਬੜੇ ਮਿੱਠਤ ਭਰੇ ਲਹਿਜੇ ਵਿਚ ਸਮਝਾਇਆ ਕਿ ਤੁਸੀਂ ਹੁਣੇ ਹੀ ਬੈਂਕ ਵਿਚ ਜਾਉ ਤੇ ਮੈਨੇਜਰ ਸਾਹਿਬ ਨਾਲ ਗੱਲ ਕਰੋ। ਪਰ ਮੈਨੂੰ ਦੱਸ ਦੇਣਾ ਕਿ ਕੀ ਗੱਲ ਹੋਈ ਹੈ। ਕਿਸੇ ਸਕੀਮ ਅਧੀਨ ਆਪ ਨੂੰ ਘੱਟ ਹੀ ਪੈਸੇ ਭਰਨੇ ਪੈਣਗੇ। ਸੋ ਉਹੀ ਹੋਇਆ। ਬੈਂਕ ਵਿਚ ਜਾ ਕੇ ਪਤਾ ਕਰਨ ਤੇ ਸਾਨੂੰ 55 ਹਜ਼ਾਰ ਰੁਪਏ ਇਕ ਸਾਲ ਵਿਚ ਭਰਨ ਦਾ ਹੁਕਮ ਹੋਇਆ। 20 ਹਜ਼ਾਰ ਰੁਪਏ ਮੈਂ ਮੌਕੇ ’ਤੇ ਜਮ੍ਹਾਂ ਕਰਵਾ ਦਿੱਤੇ ਤੇ ਵਿਆਜ ਵੀ ਉਸੇ ਦਿਨ ਤੋਂ ਬੰਦ ਹੋ ਗਿਆ। ਇਸ ਤੋਂ ਬਾਦ ਵੀ ਅਦਾਲਤੀ ਸੰਮਨ ਘਰ ਆਉਂਦੇ ਰਹੇ।
ਇਹ ਤਾਂ ਸੀ ਜੋ ਮੇਰੇ ਨਾਲ ਬੀਤੀ। ਹੁਣ ਮੈਂ ਤੁਹਾਨੂੰ ਅਮੀਰੀ ਦੀ ਇਕ ਨਿੱਕੀ ਜਿਹੀ ਝਲਕ ਬਿਆਨਦਾ ਹਾਂ। ਇਕ ਬੈਂਕ ਮੈਨੇਜਰ ਮੇਰੇ ਘਰ ਆਇਆ ਕਿ ਸਾਨੂੰ ਕੋਈ ਪਹਿਲਾਂ ਦਾ ਪੁਰਾਣਾ ਪੰਜਾਬੀ ਟ੍ਰਿਬਿਊਨ ਅਖਬਾਰ ਚਾਹੀਦਾ ਹੈ, ਜਿਸ ਵਿਚ ਇਕ ਜ਼ਰੂਰੀ ਨੋਟ ਛਪਿਆ ਹੈ, ਪਰ ਉਹ ਅਖਬਾਰ ਸਾਨੂੰ ਕਿਤੋਂ ਮਿਲ ਨਹੀਂ ਰਿਹਾ। ਮੈਂ ਉਨ੍ਹਾਂ ਨੂੰ ਪੁਰਾਣੇ ਅਖਬਾਰ ਦਿਖਾਏ ਜਿਨ੍ਹਾਂ ਵਿਚ ਇਕ ਅਖਬਾਰ ਉਨ੍ਹਾਂ ਦੇ ਮਤਲਬ ਦਾ ਨਿਕਲ ਆਇਆ, ਜਿਸ ਵਿਚ ਉਹ ਇਸ਼ਤਿਹਾਰ ਛਪਿਆ ਸੀ। ਮੈਂ ਉਨ੍ਹਾਂ ਨੂੰ ਪੁੱਛਿਆ ਇਸ ਵਿਚ ਐਸੀ ਕੀ ਚੀਜ਼ ਹੈ ਜੋ ਤੁਸੀਂ ਇਸ ਨੂੰ ਏਨੀ ਬੇਸਬਰੀ ਨਾਲ ਭਾਲ ਰਹੇ ਸੀ। ਉਨ੍ਹਾਂ ਮੈਨੂੰ ਇੱਕ ਇਸ਼ਤਿਹਾਰ ਦਿਖਾਇਆ ਤੇ ਮੈਂ ਉਹ ਇਸ਼ਤਿਹਾਰ ਪੜ੍ਹ ਕੇ ਹੈਰਾਨ ਰਹਿ ਗਿਆ। ਇੱਕ ਬੈਂਕ ਦੇ ਕਿਸੇ ਵੱਲ 3 ਕਰੋੜ 90 ਲੱਖ ਰੁਪਏ ਬਕਾਇਆ ਸਨ। ਉਸ ਬੈਂਕ ਨੇ ਉਸਦਾ ਇਸ਼ਤਿਹਾਰ ਅਖਬਾਰ ਵਿਚ ਛਪਵਾਇਆ ਸੀ। ਉਹ ਇਨਸਾਨ ਹੈ ਸੈਂਕੜੇ ਮੁਰੱਬਿਆਂ ਦਾ ਮਾਲਕ। ਮੈਂ ਮੈਨੇਜਰ ਸਾਹਿਬ ਨੂੰ ਕਿਹਾ ਮੈਂ ਤਾਂ ਬੈਂਕ ਦਾ ਸਿਰਫ 55 ਹਜ਼ਾਰ ਦੇਣਾ ਹੈ ਤੇ ਮੈਨੂੰ ਅਦਾਲਤੀ ਵਾਰੰਟ ਆ ਗਏ ਪਰ ਇਸ ਨੂੰ? ਹੁਣ ਇਸ ਤੋਂ ਪੈਸੇ ਕਿਵੇਂ ਲਵੇਗੀ ਸਰਕਾਰ? ਮੇਰੇ ਇਸ ਪ੍ਰਸ਼ਨ ਦਾ ਮੈਨੇਜਰ ਸਾਹਿਬ ਨੇ ਕੋਈ ਉੱਤਰ ਨਾ ਦਿੱਤਾ।
ਮੇਰੀ ਲਿਖਤ ’ਤੇ ਕੁਮੈਂਟ ਕਰਨ ਵਾਲੇ ਕਹਿੰਦੇ ਸਨ ਕਿ ਕਾਨੂੰਨ ਸਭਨਾਂ ਵਾਸਤੇ ਇੱਕ ਹੈ। ਹੁਣ ਉਹ ਆਪ ਹੀ ਸੋਚਣਗੇ ਕਿ ਕੀ ਕਾਨੂੰਨ ਅਮੀਰ ਤੇ ਗਰੀਬ ਲਈ ਇੱਕ ਹੈ?ਇੱਥੇ ਮੈਂ ਇਹ ਲਿਖਣ ਤੋਂ ਝਿਜਕਾਂਗਾ ਨਹੀਂ ਕਿ ਜੇਕਰ ਅੱਜ ਵੀ ਉਸ ਇਨਸਾਨ, ਜਿਸਨੇ 3 ਕਰੋੜ 90 ਲੱਖ ਰੁਪਏ ਬੈਂਕ ਦੇ ਦੇਣੇ ਹਨ ਨੇ ਕੋਈ ਹੋਰ ਕਰਜ਼ ਜਾਂ ਕਿਸੇ ਢੰਗ ਨਾਲ ਬੈਂਕ ਤੋਂ ਪੈਸੇ ਲੈਣੇ ਹੋਣ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਬੈਂਕ ਵਾਲੇ ਉਸਦੇ ਘਰ ਜਾ ਕੇ ਲੋੜੀਂਦੇ ਦਸਤਾਵੇਜ਼ ਸਾਈਨ ਕਰਾ ਕੇਲਿਆਉਣਗੇ ਤੇ ਘਰ ਜਾ ਕੇ ਉਸ ਨੂੰ ਪੈਸੇ ਦੇ ਕੇ ਆਉਣਗੇ।
ਸੋ ਦੋਸਤੋ, ਇਹ ਮੇਰੇ ਇਕੱਲੇ ਦੀ ਕਹਾਣੀ ਨਹੀਂ, ਇਹ ਸਭਨਾਂ ਨਾਲ ਇਹੋ ਕੁਝ ਹੋ ਰਿਹਾ ਹੈ। ਕੋਈ ਦੱਸ ਦਿੰਦਾ ਤੇ ਕੋਈ ਗੁੱਝੀ ਰੱਖ ਲੈਂਦਾ ਹੈ। ਇਹ ਹੈ ਮੇਰੇ ਭਾਰਤ ਦੇਸ਼ ਦਾ ਕਾਨੂੰਨ, ਇੱਥੇ ਸਰਮਾਏਦਾਰਾਂ ਦਾ ਰਾਜ ਹੈ ਤੇ ਕਾਨੂੰਨ ਉਨ੍ਹਾਂ ਦੇ ਅਧੀਨ ਹੈ। ਤੂੰ, ਮੈਂ ਕਿਸ ਦੇ ਪਾਣੀਹਾਰ ਹਾਂ। ਸੋ ਆਉ ਮੇਰੇ ਦੋਸਤੋ, ਅਜਿਹੇ ਸਿਸਟਮ ਨੂੰ ਬਦਲਣ ਦਾ ਤਹੱਈਆ ਕਰੀਏ, ਨਹੀਂ ਤਾਂ ਗਰੀਬੀ ਨਹੀਂ, ਗਰੀਬ ਜ਼ਰੂਰ ਖਤਮ ਹੋ ਜਾਣਗੇ ਇਕ ਦਿਨ।
*****
(601)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)