“ਜਦੋਂ ਮੁਲਕ ਅੰਦਰ ਭਾਜਪਾ ਸ਼ਾਸਨ ਵਾਲੇ ਸੂਬੇ ਹਿੰਦੂ-ਮੁਸਲਿਮ, ਮੰਦਰ-ਮਸਜਿਦ ਰਾਹੀਂ ਫਿਰਕੂ ...”
(3 ਨਵੰਬਰ 2025)
ਭਾਰਤ ਦੀ ਭਾਜਪਾ ਸਰਕਾਰ, ਜਿਸਨੂੰ ਅੱਜ-ਕੱਲ੍ਹ ਭਾਵੇਂ ਐੱਨ ਡੀ ਏ ਸਰਕਾਰ ਵੀ ਕਿਹਾ ਜਾਂਦਾ ਹੈ ਪਰ ਅਸਲ ਵਿੱਚ ਤਾਂ ਇਹ ਦੋ ਗੁਜਰਾਤੀ ਬਾਬੂਆਂ ਦੀ ਹੀ ਸਰਕਾਰ ਹੈ ਅਤੇ ਇਹ ਚਲਦੀ ਵੀ ਦੋ ਗੁਜਰਾਤੀ ਧਨਾਡਾਂ ਦੇ ਰੀਮੋਟ ਕੰਟਰੋਲ ਨਾਲ ਹੈ। ਇਹ ਸਰਕਾਰ 2014 ਦੀਆਂ ਚੋਣਾਂ ਦੌਰਾਨ ਝੂਠੇ “ਗੁਜਰਾਤ ਮਾਡਲ” ਦੀ ਡੁਗਡੁਗੀ ਵਜਾ ਕੇ ਹੋਂਦ ਵਿੱਚ ਆਈ ਸੀ ਅਤੇ ਜਲਦੀ ਹੀ ਉਨ੍ਹਾਂ ਦੇ ਝੂਠੇ “ਗੁਜਰਾਤ ਮਾਡਲ” ਦੀ ਹਵਾ ਨਿਕਲ ਗਈ। ਅੱਜਕਲ ਇਹ ਦੋਵੇਂ ਬਾਬੂ ਭਾਰਤ ਨੂੰ “ਵਿਸ਼ਵ ਗੁਰੂ” ਬਣਾਏ ਜਾਣ ਦੇ ਮਹਾਂ ਝੂਠ ਭਰਮਜਾਲ਼ ਫੈਲਾ ਕੇ ਦੇਸ਼ ਦੀ ਰਾਜ ਸੱਤਾ ’ਤੇ ਆਪਣਾ ਕਬਜ਼ਾ ਪੱਕਾ ਕਰਨ ਲਈ ਜੱਦੋਜਹਿਦ ਵਿੱਚ ਮਗਨ ਹਨ। ਪਰ ਹਾਲਾਤ ਬਿਲਕੁਲ ਇਸਦੇ ਉਲਟ ਹਨ। ਦੁਨੀਆਂ ਦੇ ਸਭ ਤੋਂ ਗਰੀਬ ਅਤੇ ਭੁੱਖਮਰੀ ਵਾਲੇ ਦੇਸ਼ ਵਜੋਂ ਭਾਰਤ ਦਾ ਡੰਕਾ ਵੱਜ ਰਿਹਾ ਹੈ। ਇਸ ਅਖੌਤੀ “ਵਿਸ਼ਵ ਗੁਰੂ” ਮੁਲਕ ਦੇ 80 ਕਰੋੜ ਤੋਂ ਵੱਧ ਲੋਕ ਪੰਜ ਕਿਲੋ ਸਰਕਾਰੀ ਅਨਾਜ ਨਾਲ ਗੁਜ਼ਾਰਾ ਕਰਨ ਲਈ ਮਜਬੂਰ ਹਨ।
ਇਸ “ਗੁਜਰਾਤ ਮਾਡਲ” ਦੇ ਚਲਦਿਆਂ ਜਿੱਥੇ ਦੇਸ਼ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਲੁੱਟ-ਖਸੁੱਟ, ਜਬਰ-ਜ਼ੁਲਮ ਅਤੇ ਬੇਇਨਸਾਫੀ ਵਰਗੀਆਂ ਅਲਾਮਤਾਂ ਨਾਲ ਜੂਝ ਰਿਹਾ ਹੈ, ਉੱਥੇ ਹੀ ਲੋਕਾਂ ਲਈ ਜੰਨਤ ਦਾ ਦਰਵਾਜ਼ਾ ਖੋਲ੍ਹਣ ਵਾਲਾ ਅਸਲੀ ਕਲਿਆਣਕਾਰੀ ਲਾਲ ਝੰਡੇ ਦਾ ਰੌਸ਼ਨ ਚਿਰਾਗ “ਕੇਰਲਾ ਮਾਡਲ” ਭਵਿੱਖ ਨੂੰ ਰੁਸ਼ਨਾਉਣ ਵਾਸਤੇ ਨਿੱਤ ਨਵੀਂਆਂ ਕਿਰਨਾਂ ਸਹਿਤ ਅਪਾਰ ਸਫਲਤਾ ਦੇ ਝੰਡੇ ਬੁਲੰਦ ਕਰਦਾ ਹੋਇਆ ਆਪਣੀਆਂ ਚਮਤਕਾਰੀ ਯੋਜਨਾਵਾਂ ਨਾਲ ਨਿਰੰਤਰ ਅੱਗੇ ਵਧ ਰਿਹਾ ਹੈ।
ਅਰਬ ਸਾਗਰ ਦੇ ਤੱਟ ’ਤੇ ਵਸਦਾ ਭਾਰਤ ਦਾ ਇੱਕ ਸੂਬਾ ਕੇਰਲਾ, ਜਿਸ ਨਾਲ ਕੇਂਦਰ ਸਰਕਾਰ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ, ਜਿਸਨੇ ਪਿਛਲੇ ਸਮੇਂ ਪੰਜਾਬ ਵਾਂਗ ਹੀ ਹੜ੍ਹਾਂ ਦੀ ਕੁਦਰਤੀ ਮਾਰ ਦਾ ਆਪਣੇ ਦਮ ’ਤੇ ਮੁਕਾਬਲਾ ਕੀਤਾ ਸੀ ਸਗੋਂ ਪੰਜਾਬ ਤੋਂ ਵੀ ਵੱਧ ਨੁਕਸਾਨ ਝੱਲਿਆ ਸੀ। ਕੇਰਲਾ ਦੀ ਸੀ ਪੀ ਆਈ (ਐੱਮ) ਦੀ ਅਗਵਾਈ ਹੇਠ ਚੱਲ ਰਹੀ “ਐੱਲ ਡੀ ਐੱਫ (ਖੱਬੇ ਪੱਖੀ) ਸਰਕਾਰ ਨੇ ਮੁੱਖ ਮੰਤਰੀ ਕਾਮਰੇਡ ਪਿੰਨੈਰਾਈ ਵਿਜਿਯਨ ਦੀ ਯੋਗ ਰਹਿਨੁਮਾਈ ਹੇਠ ਸਖ਼ਤ ਮਿਹਨਤ ਕਰਦਿਆਂ ਹੋਇਆਂ ਅੱਜ ਕੇਰਲਾ ਨੂੰ “ਗਰੀਬੀ ਮੁਕਤ” ਸੂਬਾ ਬਣਾ ਕੇ ਦੁਨੀਆ ਭਰ ਵਿੱਚ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ। ਇਹ ਇੱਕਦਮ ਹੋਇਆ ਚਮਤਕਾਰ ਨਹੀਂ ਹੈ। ਇਹ ਅਜ਼ਾਦੀ ਤੋਂ ਬਾਅਦ 1957 ਵਿੱਚ ਬਣੀ ਪਹਿਲੀ ਵਾਰ ਮੁੱਖ ਮੰਤਰੀ ਕਾਮਰੇਡ ਈ ਐੱਮ ਐੱਸ ਨਬੂੰਦਰੀਪਾਦ ਦੀ ਖੱਬੇ ਪੱਖੀ ਸਰਕਾਰ ਤੋਂ ਲੈ ਕੇ ਕਾਮਰੇਡ ਈ ਕੇ ਨਾਇਨਾਰ, ਕਾਮਰੇਡ ਵੀ ਐੱਸ ਅਸ਼ੂਤਾਨੰਦਨ ਦੀਆਂ ਮਹਾਨ ਉਪਲਬਧੀਆਂ ਉਪਰੰਤ ਮੌਜੂਦਾ ਸਰਕਾਰ ਤਕ ਕਮਿਊਨਿਸਟ ਵਰਕਰਾਂ ਦੀ ਇਮਾਨਦਾਰੀ ਨਾਲ ਕੀਤੀ ਮਿਹਨਤ ਅਤੇ ਲਗਨ ਸਦਕਾ ਅੱਜ ਇਸ ਮੁਕਾਮ ’ਤੇ ਪਹੁੰਚਿਆ ਹੈ।
ਭਾਰਤੀ ਲੋਕਾਂ ਨੂੰ ਅੱਜ ਕੇਰਲਾ ਮਾਡਲ ਦੀਆਂ ਬਹੁਤ ਸਾਰੀਆਂ ਵੱਡੀਆਂ ਅਤੇ ਸਲਾਹੁਣਯੋਗ ਪ੍ਰਾਪਤੀਆਂ ’ਤੇ ਮਾਣ ਕਰਦਿਆਂ ਇਸ ਨੂੰ ਸਮੁੱਚੇ ਭਾਰਤ ਵਿੱਚ ਲਾਗੂ ਕਰਵਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਪਰ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ “ਕੇਰਲਾ ਮਾਡਲ” ਹੈ ਕੀ? ਅਤੇ ਇਸ ਵਿੱਚ ਬਾਕੀ ਸੂਬਿਆਂ ਜਾਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨਾਲੋਂ ਕੀ ਵੱਖਰਾ ਹੈ?
ਦੁਨੀਆ ਭਰ ਵਿੱਚ ਦੇਖਿਆ ਜਾਵੇ ਤਾਂ ਚੀਨ ਦੇਸ਼ ਤੋਂ ਬਾਅਦ ਕੇਰਲਾ ਹੀ ਅਜਿਹਾ ਸੂਬਾ ਹੈ, ਜਿਸਨੇ ਆਪਣੀ ਚਰਮ ਗਰੀਬੀ ਤੋਂ ਮੁਕਤੀ ਪ੍ਰਾਪਤ ਕੀਤੀ ਹੈ। ਨੀਤੀ ਆਯੋਗ 2021 ਦੇ ਵੇਰਵਿਆਂ ਅਨੁਸਾਰ ਭਾਰਤ ਅੰਦਰ 14.96 ਫੀਸਦੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਵਸਦੇ ਹਨ ਅਤੇ ਬਿਹਾਰ ਸਭ ਤੋਂ ਗਰੀਬ ਸੂਬਾ ਹੈ, ਜਿੱਥੇ 33.76 ਫੀਸਦੀ, ਰਾਮ ਰਾਜ ਵਾਲੇ ਉੱਤਰ ਪ੍ਰਦੇਸ਼ ਵਿੱਚ 22.93 ਫੀਸਦੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਜਰਾਤ ਮਾਡਲ, ਜਿੱਥੇ 11.66 ਫੀਸਦੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ। ਨੀਤੀ ਅਯੋਗ 2023-24 ਅਨੁਸਾਰ ਮਨੁੱਖੀ ਵਿਕਾਸ ਕਾਰਜਾਂ ਵਿੱਚ ਕੇਰਲਾ ਸਭ ਤੋਂ ਉੱਪਰ ਹੈ, ਜਿਸਨੂੰ 79 ਨੰਬਰ, ਦੂਸਰੇ ਨੰਬਰ ਤੇ ਤਾਮਿਲਨਾਡੂ 78 ਨੰਬਰ ਅਤੇ ਬਿਹਾਰ ਨੂੰ ਸਿਰਫ 57 ਨੰਬਰ ਮਿਲੇ ਹਨ।
ਪੜ੍ਹਾਈ ਦੇ ਖੇਤਰ ਵਿੱਚ ਵੀ ਸਭ ਉੱਪਰ ਕੇਰਲਾ ਹੈ, ਜਿਸਦੀ ਸਾਖਰਤਾ ਦਰ 96.2 ਫੀਸਦੀ ਹੈ। ਸਮੁੱਚੇ ਭਾਰਤ ਦੀ ਸਾਖਰਤਾ ਦਰ ਕੇਵਲ 77.7 ਫੀਸਦੀ ਅਤੇ ਦੁਨੀਆ ਭਰ ਦੀ ਸਾਖਰਤਾ ਦਰ ਵੀ ਕੇਰਲਾ ਤੋਂ ਕਾਫੀ ਪਿੱਛੇ 86.5 ਫੀਸਦੀ ਹੈ। ਮਨੁੱਖੀ ਜੀਵਨ ਦੇ ਵੇਰਵੇ ਵਿੱਚ ਸਮੁੱਚੇ ਭਾਰਤ ਵਿੱਚ ਮਨੁੱਖ ਦੀ ਔਸਤਨ ਉਮਰ 72 ਸਾਲ ਹੈ। ਕੇਰਲਾ” ਵਿੱਚ ਉਮਰ 79 ਸਾਲ ਦੇ ਲਗਭਗ ਹੈ ਅਤੇ ਵਿਸ਼ਵ ਭਰ ਵਿੱਚ ਔਸਤਨ ਉਮਰ 73 ਸਾਲ ਦੇ ਕਰੀਬ ਹੈ। ਕੇਰਲਾ ਸਿਹਤ ਸੇਵਾਵਾਂ ਉੱਤੇ ਪ੍ਰਤੀ ਵਿਅਕਤੀ ਇੱਕ ਹਜ਼ਾਰ ਰੁਪਏ ਖਰਚਦਾ ਹੈ ਜਦਕਿ ਸਮੁੱਚੇ ਭਾਰਤ ਵਿੱਚ ਸਿਰਫ 250 ਰੁਪਏ ਹਨ। ਕੇਰਲਾ ਵਿੱਚ ਇੱਕ ਹਜ਼ਾਰ ਵਿਅਕਤੀਆਂ ਲਈ ਇੱਕ ਡਾਕਟਰ ਉਪਲਬਧ ਹੈ ਜਦਕਿ ਪੂਰੈ ਵਿਸ਼ਵ ਵਿੱਚ ਪੰਦਰਾਂ ਸੌ ਲੋਕਾਂ ਲਈ ਇੱਕ ਡਾਕਟਰ ਹੈ।
ਕੇਰਲਾ ਵਿੱਚ ਇੱਕ ਹਜ਼ਾਰ ਬੱਚਿਆਂ ਦੇ ਜਨਮ ਸਮੇਂ ਸਿਰਫ ਪੰਜ ਬੱਚਿਆਂ ਦੀ ਮੌਤ ਹੁੰਦੀ ਹੈ ਜਦੋਂ ਕਿ ਸਮੁੱਚੇ ਭਾਰਤ ਵਿੱਚ ਹਜ਼ਾਰ ਵਿੱਚੋਂ ਪੱਚੀ ਬੱਚੇ ਮਰ ਜਾਂਦੇ ਹਨ। ਅਮਰੀਕਾ ਵਿੱਚ ਵੀ ਹਜ਼ਾਰ ਵਿੱਚੋਂ 6 ਦੇ ਕਰੀਬ ਬੱਚੇ ਮਰ ਜਾਂਦੇ ਹਨ ਜਾਣੀ ਕਿ ਅਮਰੀਕਾ ਨਾਲੋਂ ਵੀ ਵਧੀਆ ਸਥਿਤੀ ਕੇਰਲਾ ਦੀ ਹੈ। ਕੇਰਲਾ ਵਿੱਚ ਮਜ਼ਦੂਰ ਦੀ ਆਮਦਨ (ਦਿਹਾੜੀ) ਪ੍ਰਤੀ ਦਿਨ 700 ਰੁਪਏ ਤੋਂ ਵੱਧ ਹੈ, ਜੋ ਪੂਰੇ ਭਾਰਤ ਨਾਲੋਂ ਚਾਰ ਗੁਣਾ ਵੱਧ ਹੈ। ਸਭ ਤੋਂ ਘੱਟ ਭਾਜਪਾ ਸ਼ਾਸਨ ਵਾਲੇ ਮੱਧ ਪ੍ਰਦੇਸ਼ ਵਿੱਚ ਸਿਰਫ 292 ਰੁਪਏ ਮਿਲਦੇ ਹਨ।
ਕੇਰਲਾ ਦੀ ਕਮਿਊਨਿਸਟ ਸਰਕਾਰ ਨੇ ਪੂਰੇ ਪ੍ਰਾਂਤ ਅੰਦਰ ਆਪਣੇ ਵਰਕਰਾਂ ਦੀ ਮਦਦ ਨਾਲ ਘਰ-ਘਰ ਜਾ ਕੇ ਗਿਣਤੀ ਕੀਤੀ ਤਾਂ ਪਤਾ ਲੱਗਿਆ ਕਿ 64 ਹਜ਼ਾਰ 6 ਪਰਿਵਾਰ ਹਨ ਜੋ ਗਰੀਬੀ ਦਾ ਸਾਹਮਣਾ ਕਰ ਰਹੇ ਹਨ। ਪਹਿਲਾਂ ਤਾਂ ਉਨ੍ਹਾਂ ਦੀਆਂ ਮੁੱਖ ਲੋੜਾਂ ਨੂੰ ਰਾਸ਼ਨ, ਕੱਪੜੇ, ਸਿਹਤ ਸਹੂਲਤਾਂ ਆਦਿ ਨੂੰ ਪੂਰਾ ਕਰਨ ਲਈ ਜ਼ੋਰਦਾਰ ਮੁਹਿੰਮ ਚਲਾਈ ਗਈ, ਫਿਰ 22 ਹਜ਼ਾਰ ਦੇ ਕਰੀਬ ਲੋਕ ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਸਨ, ਉਨ੍ਹਾਂ ਦੇ ਦਸਤਾਵੇਜ਼ ਪੂਰੇ ਕੀਤੇ ਗਏ। ਉਸ ਤੋਂ ਬਾਅਦ ਤਿੰਨ ਹਜ਼ਾਰ ਨੌਂ ਸੌ ਤੇਰ੍ਹਾਂ ਪਰਿਵਾਰਾਂ ਨੂੰ ਨਵੇਂ ਘਰ ਦਿੱਤੇ ਗਏ। 1338 ਪਰਿਵਾਰਾਂ ਨੂੰ ਜ਼ਮੀਨ ਦਿੱਤੀ ਗਈ ਅਤੇ 5651 ਪਰਿਵਾਰਾਂ ਦੇ ਘਰਾਂ ਦੀ ਮੁਰੰਮਤ ਲਈ ਦੋ-ਦੋ ਲੱਖ ਰੁਪਏ ਖਰਚ ਕਰਕੇ ਉਨ੍ਹਾਂ ਦੇ ਰਹਿਣ-ਸਹਿਣ ਵਿੱਚ ਸੁਧਾਰ ਕੀਤਾ ਗਿਆ।
ਲਗਭਗ ਪੌਣੇ ਚਾਰ ਕਰੋੜ ਦੀ ਅਬਾਦੀ ਵਾਲੇ ਕੇਰਲਾ ਅੰਦਰ ਹਿੰਦੂ 54.9 ਫੀਸਦੀ, ਮੁਸਲਮਾਨ 26.7 ਫੀਸਦੀ ਅਤੇ ਈਸਾਈ 18.4 ਫੀਸਦੀ ਦੇ ਕਰੀਬ ਹਨ। ਇੱਥੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਆਪਸ ਵਿੱਚ ਬਹੁਤ ਹੀ ਪ੍ਰੇਮ-ਪਿਆਰ ਅਤੇ ਸ਼ਾਂਤੀ ਨਾਲ ਦੁੱਖ-ਸੁਖ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹੋਏ ਸੂਬੇ ਦੀ ਤਰੱਕੀ ਲਈ ਭਰਪੂਰ ਸਹਿਯੋਗ ਦਿੰਦੇ ਹਨ। ਇੱਥੋਂ ਦੇ ਲੋਕ ਪੜ੍ਹੇ ਲਿਖੇ ਹੋਣ ਕਾਰਨ ਚੰਗੀ ਸੂਝਬੂਝ ਨਾਲ ਵਿਚਾਰ ਵਟਾਂਦਰਾ ਕਰਕੇ ਚੰਗੀ ਰਾਜਨੀਤੀ ਨੂੰ ਪਹਿਲ ਦਿੰਦੇ ਹੋਏ ਫਿਰਕੂ ਦੰਗਾਕਾਰੀਆਂ ਨੂੰ ਮੂੰਹ ਨਹੀਂ ਲਾਉਂਦੇ। ਕੇਰਲਾ ਦੇ ਹਰ ਘਰ ਵਿੱਚ ਲਾਇਬਰੇਰੀ ਹੈ। ਚੰਗੀਆਂ ਕਿਤਾਬਾਂ ਪੜ੍ਹਨਾ ਇਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਹੈ। ਇੱਥੋਂ ਦਾ ਕੁਦਰਤੀ ਵਾਤਾਵਰਣ ਵੀ ਬੇਹੱਦ ਸੁਹਾਵਣਾ ਹੈ, ਜਿਸਦੀ ਸਾਂਭ ਸੰਭਾਲ ਬਣਾਈ ਰੱਖਣ ਲਈ ਉੱਥੋਂ ਦੇ ਉਸਾਰੂ ਸੋਚ ਵਾਲੇ ਇਮਾਨਦਾਰ ਲੋਕਾਂ ਦੀ ਪਹਿਲ ਕਦਮੀ ਦਾ ਅਹਿਮ ਯੋਗਦਾਨ ਹੈ। ਕੇਰਲਾ ਦੀ ਧਰਤੀ ’ਤੇ ਕੀਮਤੀ ਮਸਾਲੇ ਖਾਸ ਕਰਕੇ ਕਾਲੀ ਮਿਰਚ, ਇਲਾਚੀ ਅਤੇ ਨਾਰੀਅਲ ਆਦਿ ਦੁਨੀਆ ਦੇ ਵੱਡੇ ਹਿੱਸੇ ਵਿੱਚ ਭੇਜੇ ਜਾਂਦੇ ਹਨ।
ਜਦੋਂ ਮੁਲਕ ਅੰਦਰ ਭਾਜਪਾ ਸ਼ਾਸਨ ਵਾਲੇ ਸੂਬੇ ਹਿੰਦੂ-ਮੁਸਲਿਮ, ਮੰਦਰ-ਮਸਜਿਦ ਰਾਹੀਂ ਫਿਰਕੂ ਰਾਜਨੀਤੀ ਖੇਡਦਿਆਂ ਸਕੂਲਾਂ ਅਤੇ ਹਸਪਤਾਲਾਂ ਨੂੰ ਤਾਲੇ ਲਾ ਕੇ ਮਨੁੱਖਤਾ ਦਾ ਘਾਣ ਕਰਨ ’ਤੇ ਲੱਗੇ ਹੋਏ ਹਨ, ਉੱਥੇ ਕਮਿਊਨਿਸਟਾਂ ਦੇ ਸੁਰੱਖਿਅਤ ਹੱਥਾਂ ਵਿੱਚ ਕੇਰਲਾ ਮਨੁੱਖੀ ਵਿਕਾਸ ਦੇ ਹਰ ਖੇਤਰ ਵਿੱਚ ਮੱਲਾਂ ਮਾਰਦਾ ਨਿਰੰਤਰ ਅੱਗੇ ਵਧ ਰਿਹਾ ਹੈ। ਦੇਸ਼ ਦੇ ਚੰਗੇ ਭਵਿੱਖ ਲਈ ਸਾਨੂੰ ਸਭ ਨੂੰ ਕੇਰਲਾ ਮਾਡਲ ਤੋਂ ਸੇਧ ਲੈਂਦੇ ਹੋਏ ਸਮੁੱਚੇ ਦੇਸ਼ ਨੂੰ ਮਨੁੱਖੀ ਵਿਕਾਸ ਦੇ ਅਜਿਹੇ ਸਮਾਜਵਾਦੀ ਮਾਡਲ ਨੂੰ ਅਪਣਾਉਂਦੇ ਹੋਏ ਪੂਰੇ ਭਾਰਤ ਨੂੰ ਅਸਲੀ ਵਿਸ਼ਵ ਗੁਰੂ ਬਣਾਉਣ ਲਈ ਸੰਘਰਸ਼ ਦੇ ਮੈਦਾਨ ਵਿੱਚ ਆ ਕੇ ਸਮਾਜ ਵਿੱਚ ਵੰਡੀਆਂ ਪਾਉਣ ਵਾਲੀ ਮਨੁੱਖਤਾ ਦੀ ਕਾਤਲ ਗਲੀ-ਸੜੀ ਅਤੇ ਗੰਦੀ ਸਿਆਸਤ ਦਾ ਜੜ੍ਹੋਂ ਖਾਤਮਾ ਕਰਕੇ ਇੱਕ ਸੁਹਾਵਣੇ ਭਵਿੱਖ ਦੀ ਸਥਾਪਨਾ ਕਰਨੀ ਚਾਹੀਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (