“ਇਸੇ ਕਾਰਨ ਹੀ ਇਸ ਤਾਨਾਸ਼ਾਹੀ ਤੋਂ ਨਿਜਾਤ ਪਾਉਣ ਲਈ ਲੋਕ ਲਹਿਰ ਮਜ਼ਬੂਤ ...”
(8 ਸਤੰਬਰ 2023)
ਮਹਾਨ ਦੇਸ਼ ਭਗਤ, ਗਦਰੀ ਬਾਬੇ ਅਤੇ ਸੂਰਵੀਰ ਸ਼ਹੀਦਾਂ ਦੀਆਂ ਅਥਾਹ ਕੁਰਬਾਨੀਆਂ ਸਦਕਾ ਅੰਗਰੇਜ਼ ਸਾਮਰਾਜ ਦਾ ਗੁਲਾਮੀ ਵਾਲਾ ਜੂਲਾ ਲਾਹ ਕੇ ਅਜ਼ਾਦ ਹੋਏ ਇੰਡੀਆ (ਭਾਰਤ) ਦੇ ਮਹਾਂਪੁਰਸ਼, ਸਰਵਉੱਚ ਬੁੱਧੀਜੀਵੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਯੋਗ ਰਹਿਨੁਮਾਈ ਬਦੌਲਤ ਦੇਸ਼ ਲਈ ਬਹੁਤ ਹੀ ਪਵਿੱਤਰ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ ਅਤੇ ਇਸ ਸੰਵਿਧਾਨ ਨੂੰ ਅਜ਼ਾਦ ਭਾਰਤ ਦੀ ਪਲੇਠੀ ਸਰਕਾਰ ਵੱਲੋਂ ਸਰਬ ਸੰਮਤੀ ਨਾਲ ਸਵੀਕਾਰ ਕਰਦੇ ਹੋਏ 26 ਜਨਵਰੀ 1950 ਨੂੰ ਬਹੁਤ ਮਾਣ-ਸਤਿਕਾਰ ਨਾਲ ਲਾਗੂ ਕੀਤਾ ਗਿਆ ਹਾਲਾਂਕਿ ਜਿਸ ਦੇਸ਼ ਅੰਦਰ ਅਨੇਕਾਂ ਭਾਸ਼ਾਵਾਂ, ਅਨੇਕਾਂ ਬੋਲੀਆਂ, ਕਈ ਕਿਸਮ ਦੇ ਰੀਤੀ-ਰਿਵਾਜ, ਜਾਤਾਂ-ਧਰਮਾਂ ਦਾ ਵਖਰੇਵਾਂ, ਅਲੱਗ ਅਲੱਗ ਸੱਭਿਆਚਾਰ, ਪਹਿਰਾਵੇ ਅਤੇ ਵੱਖ ਵੱਖ ਵਿਚਾਰਾਂ ਦਾ ਵਰਤਾਰਾ ਹੋਵੇ ,ਉੱਥੇ ਸਮੁੱਚੀ ਲੋਕਾਈ ਨੂੰ ਇੱਕੋ ਛਤਰੀ ਹੇਠ ਇਕੱਤਰ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਸਿਆਣਪ ਨੇ ਇਹ ਚਮਤਕਾਰ ਕਰ ਵਿਖਾਇਆ ਕਿ ਸਾਰੇ ਹੀ ਦੇਸ਼ ਵਾਸੀਆਂ ਨੂੰ ਉਨ੍ਹਾਂ ਦੇ ਬਣਦੇ ਕਾਨੂੰਨੀ ਅਧਿਕਾਰ ਪ੍ਰਦਾਨ ਕਰਦਿਆਂ ਸਰਬੱਤ ਦੇ ਭਲੇ ਲਈ ਸੰਵਿਧਾਨ ਸਿਰਜ ਕੇ ਦੁਨੀਆਂ ਦੇ ਵੱਡੇ-ਵੱਡੇ ਮੁਲਕਾਂ ਨੂੰ ਹੈਰਾਨ ਕਰ ਦਿੱਤਾ। ਪਰ ਕੁਝ ਕੁ ਕੱਟੜਪੰਥੀ ਸੰਗਠਨ, ਜਿਨ੍ਹਾਂ ਵਿੱਚ ਖਾਸ ਤੌਰ ’ਤੇ ਆਰ ਐੱਸ ਐੱਸ ਨਾਲ ਜੁੜੇ ਹੋਏ ਲੋਕ ਜੋ ਆਪਣੀ “ਮੰਨੂ ਸਮਰਿਤੀ” ਦੀ ਫਿਰਕੂ, ਭੇਦਭਾਵ ਤੇ ਛੂਆ-ਛੂਤ ਭਰਪੂਰ ਗੁਲਾਮੀ ਮਾਨਸਿਕਤਾ ਵਾਲੀ ਘਾਤਕ ਵਿਚਾਰਧਾਰਾ ਨੂੰ ਥੋਪਣਾ ਚਾਹੁੰਦੇ ਸਨ, ਉਹ ਅੱਜ-ਕੱਲ੍ਹ ਆਪਣੇ ਰਾਜਨੀਤਿਕ ਅੰਗ ਭਾਜਪਾ ਦੇ ਚੱਲ ਰਹੇ ਰਾਜ ਨੂੰ ਇੱਕ ਚੰਗੇ ਮੌਕੇ ਵਜੋਂ ਲੈਂਦੇ ਹੋਏ ਇਸਦੀ ਵਰਤੋਂ ਕਰਦਿਆਂ ਭਾਰਤੀ ਸੰਵਿਧਾਨ ਨੂੰ ਪਲਟੀ ਮਾਰਨ ਲਈ ਬਹੁਤ ਕਾਹਲੀ ਵਿੱਚ ਦਿਖਾਈ ਦੇ ਰਹੇ ਹਨ।
ਇਹੀ ਭਾਜਪਾ ਸਰਕਾਰ 2015 ਤੋਂ 2020 ਤਕ ਸੁਪਰੀਮ ਕੋਰਟ ਵਿੱਚ ਵਾਰ-ਵਾਰ ਇਹ ਕਹਿ ਚੁੱਕੀ ਹੈ ਕਿ ਭਾਰਤ, ਇੰਡੀਆ ਇੱਕ ਹੀ ਹੈ, ਇਸ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ। ਪਰ ਹੁਣ ਜਿਸ ਦਿਨ ਤੋਂ ਵਿਰੋਧੀ ਪਾਰਟੀਆਂ ਨੇ ਆਪਣੇ ਗੱਠਜੋੜ ਦਾ ਨਾਮ ਇੰਡੀਆ (ਇੰਡੀਅਨ ਨੈਸ਼ਨਲ ਡੈਵਲਪਮੈਂਟ ਇਨਕਲੂਸਿਵ ਅਲਾਇੰਸ) ਰੱਖਿਆ ਹੈ, ਉਸ ਦਿਨ ਤੋਂ ਹੀ ਮੋਦੀ ਸਰਕਾਰ ਨੇ ਹਰ ਜਗ੍ਹਾ ਤੋਂ ਇੰਡੀਆ ਨਾਮ ਹਟਾ ਕੇ ਭਾਰਤ ਲਿਖਣਾ ਸ਼ੁਰੂ ਕਰ ਦਿੱਤਾ ਹੈ। ਇੱਥੋਂ ਤਕ ਕਿ ਦਿੱਲੀ ਵਿੱਚ ਹੋ ਰਹੇ ਜੀ-20 ਅੰਤਰਰਾਸ਼ਟਰੀ ਸੰਮੇਲਨ ਵਿੱਚ ਹਿੱਸਾ ਲੈ ਰਹੇ ਵਿਦੇਸ਼ੀ ਮਹਿਮਾਨਾਂ ਨੂੰ ਭੇਜੇ ਸੱਦਾ ਪੱਤਰ ਵਿੱਚ ਵੀ ਰਾਸ਼ਟਰਪਤੀ ਵੱਲੋਂ ਖੁਦ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਥਾਂ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ ਜਾ ਰਿਹਾ ਹੈ। ਜਿਹੜੇ ਕੁਝ ਸਮਾਂ ਪਹਿਲਾਂ ਰਾਹੁਲ ਗਾਂਧੀ ਨੂੰ ਦਿਨ ਰਾਤ ਕੋਸ ਰਹੇ ਸਨ ਕਿ ਉਹ ਵਿਦੇਸ਼ਾਂ ਵਿੱਚ ਇੰਡੀਆ ਸਰਕਾਰ ਦੀਆਂ ਨਾਕਾਮੀਆਂ ਦੱਸ ਕੇ ਮੁਲਕ ਦੀ ਤੌਹੀਨ ਕਰ ਰਿਹਾ ਹੈ, ਉਹੀ ਭਾਜਪਾ ਸਰਕਾਰ ਵਾਲੇ ਹੁਣ ਖੁਦ ਵਿਦੇਸ਼ੀਆ ਨੂੰ ਘਰ ਬੁਲਾ ਕੇ ਉਨ੍ਹਾਂ ਸਾਹਮਣੇ ਦੇਸ਼ ਦਾ ਬੁਰੀ ਤਰ੍ਹਾਂ ਜਲੂਸ ਕੱਢ ਰਹੇ ਹਨ।
ਜਿਹੜੇ ਭਾਜਪਾਈ ਪਹਿਲਾਂ ਦੇਸ਼ ਅੰਦਰ ਫਿਰਕੂ ਰਾਜਨੀਤੀ ਦੀ ਖੇਤੀ ਕਰਦੇ ਹੋਏ ਹਿੰਦੂ-ਮੁਸਲਿਮ ਵਿਚਕਾਰ ਵੰਡੀਆਂ ਪਾ ਰਹੇ ਸਨ, ਹੁਣ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਭਾਰਤ-ਇੰਡੀਆ ਵਿਚਾਲੇ ਵੀ ਇੱਕ ਨਫਰਤੀ ਲਕੀਰ ਖਿੱਚ ਰਹੇ ਹਨ। ਇਨ੍ਹਾਂ ਵਿਵਾਦਾਂ ਦੇ ਚੱਲਦਿਆਂ ਮੋਦੀ ਸਰਕਾਰ ਵੱਲੋਂ ਅਚਾਨਕ ਹੀ 18 ਸਤੰਬਰ ਤੋਂ 22 ਸਤੰਬਰ ਤਕ ਸੰਸਦ ਦਾ ਇੱਕ ਵਿਸ਼ੇਸ਼ ਸਮਾਗਮ ਬੁਲਾਇਆ ਗਿਆ ਹੈ। “ਮੋਦੀ ਹੈ ਤਾਂ ਮੁਮਕਿਨ ਹੈ” ਦੇ ਨਾਅਰੇ ਤਹਿਤ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਬਿਨਾਂ ਵਿਰੋਧੀ ਪਾਰਟੀਆਂ ਨਾਲ ਸਲਾਹ ਮਸ਼ਵਰਾ ਕੀਤੇ ਅਤੇ ਬਿਨਾਂ ਕੋਈ ਮੁੱਦੇ ਦੱਸਿਆਂ ਇਹ ਵਿਸ਼ੇਸ਼ ਅਜਲਾਸ ਬੁਲਾਇਆ ਗਿਆ ਹੈ। ਪਹਿਲੀ ਵਾਰ ਹੈ ਕਿ ਵਿਰੋਧੀ ਧਿਰ ਦੀ ਰਜ਼ਾਮੰਦੀ ਨਾਲ ਸੋਨੀਆ ਗਾਂਧੀ ਵੱਲੋਂ ਇੱਕ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਜਾ ਰਿਹਾ ਹੈ ਕਿ ਜਨਾਬ ਕਿਹੜੇ ਮਸਲੇ ’ਤੇ ਪੰਚਾਇਤ ਬੁਲਾਈ ਗਈ ਹੈ। ਚਿੱਠੀ ਵਿੱਚ ਜ਼ਿਕਰ ਕੀਤਾ ਹੈ ਕਿ ਦੇਸ਼ ਸਾਹਮਣੇ ਇਹ ਨੌਂ ਮੁੱਖ ਮੁੱਦੇ ਹਨ, ਜਿਨ੍ਹਾਂ ’ਤੇ ਚਰਚਾ ਹੋਣੀ ਚਾਹੀਦੀ ਹੈ, ਜਿਨ੍ਹਾਂ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਕਿਸਾਨਾਂ ਦੀ ਐੱਮ ਐੱਸ ਪੀ ਗਰੰਟੀ, ਮਨੀਪੁਰ ਤੇ ਹਰਿਆਣਾ ਫਿਰਕੂ ਹਿੰਸਾ, ਚੀਨ-ਭਾਰਤ ਸਰਹੱਦ ਵਿਵਾਦ, ਜਾਤੀ ਅਧਾਰ ਜਨਗਨਣਾ, ਅਡਾਨੀ ’ਤੇ ਜਾਂਚ ਲਈ ਸਾਂਝੀ ਸੰਸਦੀ ਕਮੇਟੀ, ਸੂਬਿਆਂ ਅਤੇ ਕੇਂਦਰ ਵਿਚਕਾਰ ਟਕਰਾਅ, ਪ੍ਰਕਿਰਤੀ ਆਫਤਾਂ ਦੀ ਸਥਿਤੀ ਆਦਿ ਅਹਿਮ ਸਵਾਲ ਹਨ। ਕੀ ਤੁਸੀਂ ਇਨ੍ਹਾਂ ਅਤਿ ਜ਼ਰੂਰੀ ਮੁੱਦਿਆਂ ’ਤੇ ਚਰਚਾ ਕਰਨ ਲਈ ਇਹ ਵਿਸ਼ੇਸ਼ ਸੰਸਦ ਸਮਾਗਮ ਬੁਲਾਇਆ ਹੈ? ਇਸ ਬਾਰੇ ਸਾਰੇ ਪਾਰਲੀਮੈਂਟ ਮੈਂਬਰਾਂ ਅਤੇ 144 ਕਰੋੜ ਦੇਸ਼ ਵਾਸੀਆਂ ਨੂੰ ਜਾਣਕਾਰੀ ਦਿੱਤੀ ਜਾਵੇ। ਪਰ ਦੇਸ਼ ਅੰਦਰ ਇਨ੍ਹਾਂ ਜ਼ਰੂਰੀ ਸਵਾਲਾਂ ਦੇ ਉਲਟ ਫਜ਼ੂਲ ਤਰ੍ਹਾਂ ਦੀ ਚਰਚਾ ਛੇੜੀ ਜਾ ਰਹੀ ਹੈ ਕਿ ਇੰਡੀਆ ਨੂੰ ਖਤਮ ਕਰਕੇ ਭਾਰਤ ਨਾਮ ਹੀ ਰੱਖਿਆ ਜਾਵੇ ਜਿਸ ’ਤੇ ਕੋਈ 14 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਖਰਚੇ ਦਾ ਬੋਝ ਜਨਤਾ ’ਤੇ ਪਾਇਆ ਜਾਵੇ ਅਤੇ ਸੰਵਿਧਾਨ ਨੂੰ ਗਲਤ ਸਾਬਤ ਕੀਤਾ ਜਾਵੇ। ‘ਇੱਕ ਦੇਸ਼, ਇੱਕ ਚੋਣ’ ਦਾ ਗੈਰ ਜ਼ਰੂਰੀ ਬਿੱਲ ਲਿਆ ਕੇ ਪੈਸੇ ਦੇ ਜ਼ੋਰ ਸ਼ੋਰ ਨਾਲ ਮੁੜ ਸੱਤਾ ’ਤੇ ਕਬਜ਼ਾ ਕੀਤਾ ਜਾਵੇ ਅਤੇ ਚੋਣ ਕਮਿਸ਼ਨ ਅਧਿਕਾਰੀਆਂ ਦੀ ਚੋਣ ਪ੍ਰਕਿਰਿਆ, ਸੀਬੀਆਈ, ਈਡੀ ਵਰਗੀਆਂ ਏਜੰਸੀਆਂ ਉੱਤੇ ਸਰਕਾਰੀ ਕਬਜ਼ਾ ਕਰਨ ਦੇ ਘਿਨਾਉਣੇ ਮਨਸੂਬੇ ਘੜੇ ਜਾ ਰਹੇ ਹਨ। ਇਸ ਸਾਰੀ ਪ੍ਰਕਿਰਿਆ ਰਾਹੀਂ ਲੋਕਤੰਤਰ ਦੇ ਪਰਦੇ ਪਿੱਛੇ ਰਾਜਤੰਤਰ (ਡਿਕਟੇਟਰਸ਼ਿੱਪ) ਚਲਾਉਣ ਦੀ ਵਿਉਂਤਬੰਦੀ ਤਿਆਰ ਕੀਤੀ ਜਾ ਰਹੀ ਹੈ। ਦੇਸ਼ ਦੇ ਲੋਕਾਂ ਨੂੰ ਮੂਰਖ ਸਮਝਣ ਵਾਲੇ ਜ਼ਰਾ ਦੁਨੀਆ ਦਾ ਇਤਿਹਾਸ ਪੜ੍ਹਨ ਦਾ ਯਤਨ ਕਰਨ ਕਿ ਲੋਕਾਂ ਉੱਤੇ ਜਬਰ-ਜ਼ੁਲਮ ਕਰਨ ਵਾਲੇ ਤਾਨਾਸ਼ਾਹ ਹਿਟਲਰ ਅਤੇ ਮੁਸੋਲੀਨੀ ਵਰਗਿਆਂ ਦਾ ਅੰਤ ਕਿੰਨਾ ਭਿਆਨਕ ਹੋਇਆ ਸੀ।
ਭਾਰਤ ਦੇ ਲੋਕ ਵੀ ਹੁਣ ਭਾਜਪਾ ਦੇ ਘਿਨਾਉਣੇ ਮਨਸੂਬਿਆਂ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਏ ਹਨ, ਇਸੇ ਕਾਰਨ ਹੀ ਇਸ ਤਾਨਾਸ਼ਾਹੀ ਤੋਂ ਨਿਜਾਤ ਪਾਉਣ ਲਈ ਲੋਕ ਲਹਿਰ ਮਜ਼ਬੂਤ ਹੋ ਰਹੀ ਹੈ, ਜਿਸ ਕਾਰਨ ਭਾਜਪਾ ਵਿਰੋਧੀ ਇੰਡੀਆ ਗੱਠਜੋੜ ਦਿਨੋ-ਦਿਨ ਮਜ਼ਬੂਤ ਹੋ ਰਿਹਾ ਹੈ ਅਤੇ ਹਾਕਮ ਧਿਰ ਦੀ ਬੇਚੈਨੀ ਵਧਦੀ ਜਾ ਰਹੀ ਹੈ। ਸੋ ਹੁਣ ਸਮਾਂ ਆ ਗਿਆ ਹੈ ਕਿ ਇੰਡੀਆ ਸੰਗਠਨ ਨੂੰ ਹੋਰ ਵੀ ਵਧੇਰੇ ਹੌਸਲੇ ਨਾਲ “ਜੁੜੇਗਾ ਭਾਰਤ, ਜਿੱਤੇਗਾ ਇੰਡੀਆ” ਨਾਅਰੇ ਨੂੰ ਬੁਲੰਦ ਕਰਕੇ ਲੋਕਾਂ ਨੂੰ ਲਾਮਬੰਦ ਕਰਦੇ ਹੋਏ ਬੇਖੌਫ ਅੱਗੇ ਵਧਣਾ ਚਾਹੀਦਾ ਹੈ ਤਾਂ ਜੋ ਦੇਸ਼ ਦੇ ਬੁਨਿਆਦੀ ਢਾਂਚੇ, ਆਜ਼ਾਦੀ, ਲੋਕਤੰਤਰ, ਗਣਤੰਤਰ ਅਤੇ ਪਵਿੱਤਰ ਸੰਵਿਧਾਨ ਦੀ ਰਾਖੀ ਕਰਦਿਆਂ ਇਸ ਮਹਾਨ ਭਾਰਤ ਨੂੰ ਫਿਰਕਾ ਪ੍ਰਸਤਾਂ ਤੋਂ ਬਚਾਇਆ ਜਾ ਸਕੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4207)
(ਸਰੋਕਾਰ ਨਾਲ ਸੰਪਰਕ ਲਈ: (