“ਲਗਦਾ ਹੈ ਕਿ ਦੇਸ਼ ਅੰਦਰ ਇਸ ਵਾਰ ਸਿਆਸੀ ਹਵਾ ਦਾ ਰੁਖ ਬਦਲ ਰਿਹਾ ਹੈ ਜੋ ਝੂਠ ਅਤੇ ਸੱਚ ਦਾ ਨਿਤਾਰਾ ਕਰਕੇ ...”
(13 ਅਪਰੈਲ 2024)
ਇਸ ਸਮੇਂ ਪਾਠਕ: 570.
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਕਹਾਉਣ ਵਾਲੇ ਭਾਰਤ (ਇੰਡੀਆ) ਅੰਦਰ ਇਸ ਵਕਤ ਇੱਕ ਚੋਣ ਉਤਸਵ ਚੱਲ ਰਿਹਾ ਹੈ। ਇਸ ਉਤਸਵ ਦੌਰਾਨ ਦੇਸ਼ ਦੇ ਸਮੂਹ ਵੋਟਰਾਂ ਵੱਲੋਂ ਆਪਣਾ ਮੱਤਦਾਨ ਕਰਕੇ ਅਗਲੇ ਪੰਜ ਸਾਲ ਵਾਸਤੇ ਸਰਕਾਰ ਚੁਣਨੀ ਹੁੰਦੀ ਹੈ। ਇਸ ‘ਚੋਣ ਅਖਾੜੇ’ ਵਿੱਚ ਦੇਸ਼ ਦੀਆਂ ਅਨੇਕਾਂ ਰਾਜਨੀਤਕ ਪਾਰਟੀਆਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ’ਤੇ ਭਾਜਪਾ, ਕਾਂਗਰਸ, ਕਮਿਊਨਿਸਟ, ਆਪ, ਬਸਪਾ, ਸਪਾ, ਰਾਜਦ, ਟੀ ਐੱਮ ਸੀ, ਸ਼ਿਵ ਸੈਨਾ, ਡੀ ਐੱਮ ਕੇ, ਅਕਾਲੀ ਦਲ ਅਤੇ ਹੋਰ ਵੀ ਬਹੁਤ ਸਾਰੇ ਛੋਟੇ-ਛੋਟੇ ਦਲ ਸ਼ਾਮਲ ਹਨ। ਇਨ੍ਹਾਂ ਵਿੱਚੋਂ ਬਹੁਤੇ ਦਲਾਂ ਨੇ ਸਿੱਧੀ ਟੱਕਰ ਬਣਾਉਣ ਵਾਸਤੇ ਬਣੇ ਦੋ ਗਠਜੋੜਾਂ ‘ਇੰਡੀਆ’ ਅਤੇ ‘ਐੱਨ ਡੀ ਏ’ ਦਾ ਹਿੱਸਾ ਬਣ ਕੇ ਇੱਕ ਦੂਜੇ ਨੂੰ ਹਰਾਉਣ ਲਈ ਜੱਦੋਜਹਿਦ ਕਰ ਰਹੇ ਹਨ।
ਇੱਕ ਪਾਸੇ ਤਾਂ ‘ਇੰਡੀਆ ਗੱਠਜੋੜ’ ਮਹਿੰਗਾਈ, ਬੇਰੁਜਗਾਰੀ, ਗਰੀਬੀ, ਪੜ੍ਹਾਈ, ਇਲਾਜ, ਬਿਜਲੀ, ਪਾਣੀ, ਚੰਗੀ ਖੁਰਾਕ, ਭ੍ਰਿਸ਼ਟਾਚਾਰ, ਫਿਰਕਾਪ੍ਰਸਤੀ, ਗੁੰਡਾਗਰਦੀ, ਇਨਸਾਫ, ਮਹਿਲਾ ਸੁਰੱਖਿਆ, ਲੋਕਤੰਤਰ-ਸੰਵਿਧਾਨ ਬਚਾਓ, ਆਦਿ ਲੋਕ ਹਿਤ ਮੁੱਦਿਆਂ ਨੂੰ ਲੈ ਕੇ ਆਮ ਲੋਕਾਂ ਤਕ ਪਹੁੰਚ ਕਰ ਰਿਹਾ ਹੈ, ਦੂਜੇ ਪਾਸੇ ਪਿਛਲੇ ਦਸ ਸਾਲਾਂ ਤੋਂ ਸੱਤਾ ’ਤੇ ਕਾਬਜ਼ ਰਿਹਾ ਐੱਨ ਡੀ ਏ ਗਠਜੋੜ, ਜਿਸਦੀ ਅਗਵਾਈ ਭਾਜਪਾ ਕਰ ਰਹੀ ਹੈ, ਜੋ 2014 ਵਿੱਚ ਬੜੇ ਲੋਕ ਲੁਭਾਊ ਨਾਅਰੇ ਜਿਵੇਂ ਕਿ ਵਿਦੇਸ਼ਾਂ ਵਿੱਚ ਜਮ੍ਹਾਂ ਕਾਲੇ ਧਨ ਨੂੰ ਵਾਪਸ ਲਿਆ ਕੇ ਸਭ ਦੇ ਖਾਤੇ ਵਿੱਚ 15-15 ਲੱਖ ਰੁਪਏ ਦੇਣਾ, ਹਰ ਸਾਲ ਦੋ ਕਰੋੜ ਨੌਕਰੀ, ਬੁਲਿਟ ਟਰੇਨ, ਸਭ ਦਾ ਸਾਥ ਸਭ ਦਾ ਵਿਕਾਸ, ਰਾਮਰਾਜ, ਅੱਛੇ ਦਿਨਾਂ ਦਾ ਵਾਅਦਾ ਕਰਕੇ ਸੱਤਾ ’ਤੇ ਬਿਰਾਜਮਾਨ ਹੋਏ ਸਨ ਪਰ ਇਹ ਸਾਰੇ ਵਾਅਦੇ ‘ਝੂਠੇ ਲਾਰੇ’ (ਜੁਮਲੇ) ਸਾਬਤ ਹੋਏ। ਉਲਟਾ ਇਸ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਦੇ ਸਿਰ ’ਤੇ ਕਰਜ਼ਾ ਚੌਗੁਣਾ ਵੱਧ ਗਿਆ, ਗਰੀਬ ਤੇ ਅਮੀਰ ਵਿਚਕਾਰ ਪਾੜਾ ਕਾਫੀ ਵਧ ਗਿਆ, ਬਹੁਤ ਸਾਰੇ ਸਰਕਾਰੀ ਅਦਾਰੇ ਅਤੇ ਜਾਇਦਾਦ ਕੁਝ ਪੂੰਜੀਪਤੀਆਂ ਦੇ ਹਵਾਲੇ ਕਰ ਦਿੱਤੇ, ਆਮ ਲੋਕਾਂ ਲਈ ਮਹਿੰਗਾਈ, ਬੇਰੁਜਗਾਰੀ ਵਧੀ ਅਤੇ ਸਰਮਾਏਦਾਰਾਂ ਦੇ ਅਰਬਾਂ-ਖਰਬਾਂ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ। ਫਿਰਕੂ ਦੰਗੇ, ਲੁੱਟਮਾਰ ਤੇ ਬਲਾਤਕਾਰ ਜਿਹੇ ਘਿਨਾਉਣੇ ਅਪਰਾਧ ਵਧੇ, ਕਰੋਨਾ ਮਹਾਂਮਾਰੀ, ਨੋਟਬੰਦੀ ਤੇ ਕਿਸਾਨ-ਮਜ਼ਦੂਰ ਅੰਦੋਲਨ ਦੌਰਾਨ ਲੋਕਾਂ ਦੀਆਂ ਮੌਤਾਂ ਅਤੇ ਖੱਜਲਖੁਆਰੀ ਵੱਡੀ ਪੱਧਰ ’ਤੇ ਹੋਈ ਹੈ। ਗੁਪਤ ‘ਪ੍ਰਧਾਨ ਮੰਤਰੀ ਰਾਹਤ ਫੰਡ’ ਅਤੇ ਗੁਪਤ ਚੋਣ ਚੰਦਾ (ਇਲੈਕਟੋਰਲ ਬਾਂਡ) ਵਰਗੇ ਵੱਡੇ ਘਪਲੇ ਪੂਰੀ ਤਰ੍ਹਾਂ ਸ਼ੱਕ ਦੇ ਘੇਰੇ ਵਿੱਚ ਸਨ, ਜੋ ਹੁਣ ਸਾਫ ਤੌਰ ਨੰਗੇ ਹੋਣੇ ਸ਼ੁਰੂ ਹੋ ਚੁੱਕੇ ਹਨ।
ਬੀਤੇ ਦਸ ਸਾਲ ਦੇ ਕਾਰਜਕਾਲ ਦੌਰਾਨ ਹਰੇਕ ਮੁੱਦੇ ਤੇ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਭਾਜਪਾ ਦੀ ਮੋਦੀ ਸਰਕਾਰ ਨੂੰ ਇਸ ਚੋਣਾਂ ਦੌਰਾਨ ਲੋਕਾਂ ਵਿੱਚ ਲੈ ਕੇ ਜਾਣ ਲਈ ਪ੍ਰਾਪਤੀ ਨਾਂ ਦੀ ਕੋਈ ਵੀ ਚੀਜ਼ ਨਹੀਂ ਹੈ ਸਿਰਫ ਝੂਠੇ ਭਾਸ਼ਣ ਹੀ ਬਚੇ ਹਨ ਜਾਂ ਫਿਰ ਲੋਕਾਂ ਨੂੰ ਮੂਰਖ ਬਣਾਉਣ ਲਈ “ਅਬ ਕੀ ਬਾਰ 400 ਪਾਰ” ਦਾ ਫੋਕਾ ਜੁਮਲਾ ਛੱਡਿਆ ਜਾ ਰਿਹਾ ਹੈ ਜਿਸਦਾ ਲੋਕ-ਭਲਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਨ੍ਹਾਂ ਨੂੰ ਘੇਰ ਕੇ ਅਗਰ ਸਵਾਲ ਕੀਤਾ ਜਾਵੇ ਕਿ 400 ਪਾਰ ਤਾਂ ਤੁਹਾਡੀ ਗੱਦੀ ਮਜ਼ਬੂਤ ਕਰਨ ਲਈ ਹੈ ਜਿੱਥੇ ਬੈਠ ਕੇ ਤੁਸੀਂ ਐਸ਼-ਪ੍ਰਸਤੀ ਕਰਨੀ ਹੈ ਇਸ ਵਿੱਚ ਜਨਤਾ ਨੂੰ ਕੀ ਮਿਲਣਾ ਹੈ ਇਸ ਕਰਕੇ ਜੇਕਰ ਵੋਟਾਂ ਲੈਣੀਆਂ ਹਨ ਤਾਂ ਇਹ ਦੱਸੋ ਕਿ ਲੋਕਾਂ ਦੇ ਭਲੇ ਵਾਸਤੇ ਹੁਣ ਤਕ ਕੀ ਕੀਤਾ ਹੈ ਅਤੇ ਅੱਗੇ ਕੀ ਕਰਨਾ ਹੈ। ਅਜਿਹੇ ਸਵਾਲਾਂ ਦਾ ਜਵਾਬ ਇਨ੍ਹਾਂ ਕੋਲ ਨਹੀਂ ਇਸੇ ਕਰਕੇ ਅਜ਼ਾਦੀ ਤੋਂ ਬਾਅਦ ਇਹ ਪਹਿਲੀ ਸਰਕਾਰ ਹੈ ਜਿਸ ਨੇ ਦਸ ਸਾਲ ਦੇ ਰਾਜ ਦੌਰਾਨ ਇੱਕ ਵੀ ‘ਪ੍ਰੈੱਸ ਵਾਰਤਾ’ ਕਰਨ ਦੀ ਹਿੰਮਤ ਨਹੀਂ ਕੀਤੀ ਸਿਰਫ਼ ਆਪਣੇ ‘ਗੋਦੀ ਮੀਡੀਆ’ ਰਾਹੀਂ ਹਮੇਸ਼ਾ ਝੂਠ ਪਰੋਸ ਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਹੀ ਕੰਮ ਕੀਤਾ ਹੈ। ਸੱਚ ਲਿਖਣ, ਬੋਲਣ ਅਤੇ ਛਾਪਣ ਵਾਲਿਆਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਝੂਠੇ ਕੇਸ ਬਣਾ ਕੇ ਜੇਲ੍ਹਾਂ ਵਿੱਚ ਤੁੰਨਿਆ ਜਾ ਰਿਹਾ ਹੈ।
ਲਗਦਾ ਹੈ ਕਿ ਦੇਸ਼ ਅੰਦਰ ਇਸ ਵਾਰ ਸਿਆਸੀ ਹਵਾ ਦਾ ਰੁਖ ਬਦਲ ਰਿਹਾ ਹੈ ਜੋ ਝੂਠ ਅਤੇ ਸੱਚ ਦਾ ਨਿਤਾਰਾ ਕਰਕੇ, ਕੂੜਾ-ਕਰਕਟ ਨੂੰ ਹੂੰਝਦੇ ਹੋਏ ਇੱਕ ਸਾਫ-ਸੁਥਰੇ (ਸ਼ੁੱਧ) ਵਾਤਾਵਰਣ ਦਾ ਨਿਰਮਾਣ ਕਰਦੇ ਹੋਏ ਉਜਵਲ ਭਵਿੱਖ ਦੀ ਸਥਾਪਨਾ ਵੱਲ ਵਧੇਗਾ। ਇਸਦੀ ਸ਼ੁਰੂਆਤ ਕਰਨੀ ਹੁਣ ਦੇਸ਼ ਦੀ ਆਮ ਜਨਤਾ ਦੇ ਹੱਥ ਵਿੱਚ ਹੈ, ਜਿਸ ਦੌਰਾਨ ਉਨ੍ਹਾਂ ਨੇ ਬਹੁਤ ਸੋਚ-ਵਿਚਾਰ ਅਤੇ ਪੂਰੀ ਤਰ੍ਹਾਂ ਨਾਪ-ਤੋਲ ਕੇ ਇਹ ਅਹਿਮ ਫੈਸਲਾ ਲੈਣਾ ਹੈ। ਲੋਕ ਕੀ ਨਿਰਣਾ ਕਰਦੇ ਹਨ, ਇਸਦਾ ਨਤੀਜਾ 4 ਜੂਨ 2024 ਨੂੰ ਸਭ ਦੇ ਸਾਹਮਣੇ ਆ ਜਾਵੇਗਾ। ਆਸ ਹੈ ਕਿ ਇਸ ਵਾਰ ਭਾਰਤ ਦੇ ਲੋਕ ਅਜਿਹੀ ਸੁੰਦਰ ਤਸਵੀਰ ਬਣਾਉਣਗੇ ਜਿਸ ਨੂੰ ਵੇਖ ਕੇ ਮੁੜ ਡਰਨਾ ਜਾਂ ਪਛਤਾਉਣਾ ਨਾ ਪਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4886)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)







































































































