“ਜਿਹੜੀ ਪਾਕਿਸਤਾਨ ਨੇ ਨਾ-ਪਾਕ ਹਰਕਤ ਕੀਤੀ ਹੈ, ਸੈਲਾਨੀਆਂ ਨੂੰ ਮਰਵਾ ਕੇ, ਅੱਜ ਉਸ ਦਾ ਫਲ ...”
(9 ਮਈ 2025)
ਜਦੋਂ ਵੀ ਮੈਂ ਪਾਕਿਸਤਾਨ ਨਾਲ ਲੜਾਈ ਦੀ ਕੋਈ ਖ਼ਬਰ ਸੁਣਦਾ ਹਾਂ, ਉਸੇ ਸਮੇਂ ਮੇਰੇ ਸਰੀਰ ਦੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਨੇ। ਸਿਰ ਚਕਰਾਉਣ ਲੱਗ ਜਾਂਦਾ ਹੈ ਕਿਉਂਕਿ 1971 ਦੀ ਲੜਾਈ ਵਾਲਾ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗ ਜਾਂਦਾ ਹੈ। ਬਾਪੂ ਦਾ ਗੱਡਾ ਤੇ ਬੇਬੇ ਦੀ ਲੀੜਿਆਂ ਵਾਲੀ ਪੰਡ ਤੇ ਭਰਾਵਾਂ ਕੋਲ ਪੋਣੇ ਵਿੱਚ ਵਲੇਟੀਆਂ ਰੋਟੀਆਂ। ਮੱਝਾਂ ਦੀਆਂ ਨਿੱਕੀਆਂ ਕੱਟੀਆਂ ਅਤੇ ਗਾਵਾਂ ਦੀਆਂ ਵੱਛੀਆਂ, ਜਿਹਨਾਂ ਨੂੰ ਖਿੱਚ ਖਿੱਚ ਕੇ ਅੱਗੇ ਤੋਰਨਾ। ਇਹ ਸਾਰਾ ਕੁਝ ਲੜਾਈ ਦਾ ਮੰਜ਼ਰ ਅਸੀਂ ਆਪਣੇ ਪਿੰਡੇ ’ਤੇ ਹੰਢਾਇਆ ਹੋਇਆ ਹੈ। ਅਸਲ ਗੱਲ ਤਾਂ ਇਹ ਹੈ ਕਿ ਜੰਗ ਦਾ ਨਾਂਅ ਹੀ ਮਾੜਾ ਹੈ। ਕਦੇ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਜਿਹਨਾਂ ਨੇ1947 ਦੀ ਵੰਡ ਦੀ ਜੰਗ, 1962, 1965, 1971 ਅਤੇ1999 ਦੀ ਕਾਰਗਿਲ ਦੀ ਜੰਗਾਂ ਵੇਖੀਆਂ ਹਨ। ਉਹ ਮੇਰੇ ਵਾਂਗੂੰ ਜੰਗ ਤੋਂ ਤੋਬਾ-ਤੋਬਾ ਕਰਦੇ ਨੇ ਕਿਉਂਕਿ ਜੰਗ ਤੱਰਕੀ ਦਾ ਰਾਹ ਨਹੀਂ, ਸਗੋਂ ਬਰਬਾਦੀ ਦਾ ਰਾਹ ਹੈ। ਮੈਂ ਇਹ ਵਿਸ਼ਾ ਤੁਹਾਡੇ ਨਾਲ ਇਸ ਕਰਕੇ ਸਾਂਝਾ ਕਰ ਰਿਹਾ ਹਾਂ ਕਿ ਮੈਂ ਇੱਕ ਸਾਬਕਾ ਸੂਬੇਦਾਰ, ਫੌਜ ਦੀ ਨੌਕਰੀ ਕਰਕੇ ਆਇਆ ਹਾਂ। ਅਸੀਂ ਆਪਣੀ ਨੌਕਰੀ ਦੌਰਾਨ ਬਹੁਤ ਉਤਰਾਅ ਚੜ੍ਹਾਅ ਵੇਖੇ ਹਨ। ਸਾਨੂੰ ਇਸ ਗੱਲ ਦਾ ਇਲਮ ਹੈ ਕਿ ਕਦੋਂ ਸਰਕਾਰ ਹਲਕੇ ਵਿੱਚ ਲੈਂਦੀ ਹੈ ਤੇ ਕਦੋਂ ਠੋਸ ਕਦਮ ਚੁੱਕਦੀ ਹੈ। ਪਰ ਲੋਕ ਪੁੱਛਣ ਵਾਲੇ ਹੀ ਨਹੀਂ ਛੱਡਦੇ। ਸੂਬੇਦਾਰ ਜੀ, ਜੰਗ ਲੱਗੇਗੀ ਜਾਂ ਨਹੀਂ? ਜੰਗ ਕਦੋਂ ਲੱਗ ਰਹੀ ਹੈ। ਅੱਜਕਲ ਲੋਕ ਜ਼ਿਆਦਾ ਪੜ੍ਹੇ ਲਿਖੇ ਨੇ, ਸੋਸ਼ਲ ਮੀਡੀਏ ਦਾ ਜ਼ਮਾਨਾ ਹੈ। ਇੱਕ ਇੱਕ ਮਿੰਟ ਦੀ ਖ਼ਬਰ ਲੋਕਾਂ ਕੋਲ ਹੁੰਦੀ ਹੈ। ਸਾਡੇ ਵੇਲੇ ਚਿੱਠੀਆਂ ਪੱਤਰਾਂ ਨਾਲ ਅਸੀਂ ਇੱਕ ਦੂਜੇ ਨਾਲ ਸੰਪਰਕ ਕਰਦੇ ਹੁੰਦੇ ਸੀ। ਜ਼ਿਆਦਾ ਤੋਂ ਜ਼ਿਆਦਾ ਦੋ ਚਾਰ ਬੇਲੀ ਸੱਜਣ ਹੁੰਦੇ ਸੀ। ਹੁਣ ਕੋਈ ਕਹਿੰਦਾ ਹੈ ਕਿ ਮੇਰੇ ਫੇਸਬੁੱਕ ’ਤੇ ਪੰਜ ਹਜ਼ਾਰ ਫਰੈਂਡ ਹਨ, ਕੋਈ ਕਹਿੰਦਾ ਹੈ ਮੇਰੇ ਇੰਸਟਾਗ੍ਰਾਮ ਉੱਤੇ ਹਜ਼ਾਰ ਫਰੈਂਡ ਹੈ। ਜੇਕਰ ਟੈਲੀਵਿਜ਼ਨ ਵੇਖਣ ਲੱਗ ਜਾਈਏ ਤਾਂ ਲੱਗਦਾ ਹੈ ਕਿ ਹੁਣੇ ਹੀ ਚੁੱਕੀਏ ਸਮਾਨ ਤੇ ਘਰ ਖਾਲੀ ਕਰਕੇ ਭੱਜ ਜਾਈਏ। ਪਤਾ ਨਹੀਂ ਕਦੋਂ ਗੋਲ਼ਾ ਸਾਡੇ ਸਿਰ ਉੱਤੇੱ ਆ ਡਿਗੇ। ਸਾਰੇ ਚੈਨਲ ਗਰਮਾ ਗਰਮ ਖਬਰਾਂ ਪ੍ਰਸਾਰਿਤ ਕਰਨ ਵਿੱਚ ਇੱਕ ਦੂਜੇ ਤੋਂ ਅੱਗੇ ਲੰਘ ਰਹੇ ਹਨ, ਆਪਣੇ ਮੁਲਾਜ਼ਮਾਂ ਨੂੰ ਬਾਰਡਰ ਦੇ ਅੰਦਰ ਜਾਣ ਤਕ ਮਜ਼ਬੂਰ ਕਰ ਰਹੇ ਹਨ। ਜੇ ਲੜਾਈ ਨਹੀਂ ਵੀ ਲੱਗਣੀ, ਇਹਨਾਂ ਨੇ ਤਾਂ ਵੀ ਲਾ ਕੇ ਹਟਣਾ ਹੈ ਕਿਉਂਕਿ ਇਹਨਾਂ ਨੇ ਸਵਾਦ ਲੈਣਾ ਹੈ। ਇਹਨਾਂ ਦਾ ਕਿਹੜਾ ਕੋਈ ਨੁਕਸਾਨ ਹੋਣਾ ਹੈ। ਇਹ ਤਾਂ ਇੱਕ ਕੈਮਰਾ,ਮੋਬਾਈਲ ਤੇ ਮਾਇਕ ਲੈਕੇ ਜੰਗ ਲੜਦੇ ਫਿਰਦੇ ਹਨ। ਲੜਾਈ ਤਾਂ ਸਾਡਾ ਸਾਹ ਸੁਕਾ ਰਹੀ ਹੈ, ਜਿਹੜੇ ਅਸੀਂ ਆਪਣੇ ਪਰਿਵਾਰ ਨਾਲ ਬਾਰਡਰ ਉੱਤੇ ਰਹਿ ਰਹੇ ਹਾਂ। 1971 ਵੇਲੇ ਤਾਂ ਅਸੀਂ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਸੀ, ਹੁਣ ਤਾਂ ਰਿਸ਼ਤੇਦਾਰਾਂ ਨੇ ਵੀ ਸਾਡੀ ਝਾਲ ਨਹੀਂ ਝੱਲਣੀ। ਸਾਡੇ ਮਾਲ ਡੰਗਰ ਕਿੱਥੇ ਜਾਣਗੇ? ਜਿਹੜੇ ਬੱਚੇ ਸਕੂਲਾਂ ਵਿੱਚ ਪੜ੍ਹਦੇ ਨੇ, ਉਹਨਾਂ ਦੀ ਕਿੰਨੀ ਪੜ੍ਹਾਈ ਖਰਾਬ ਹੋਵੇਗੀ? ਘਰ ਦੀ ਰਾਖੀ ਕੌਣ ਕਰੇਗਾ? ਘਰ ਬਣਾਉਣ ਲੱਗਿਆ ਇਨਸਾਨ ਦੀ ਸਾਰੀ ਜਿੰਦਗੀ ਦੀ ਕਮਾਈ ਲੱਗ ਜਾਂਦੀ ਹੈ। ਉਸ ਘਰ ਨੂੰ ਅੱਜ ਕਿਵੇਂ ਸੁੰਨਾ ਛੱਡ ਦੇਈਏ? ਫਿਰ ਕਦੋਂ ਵਾਪਸ ਆਵਾਂਗੇ, ਇਸ ਦੀ ਕੀ ਗਰੰਟੀ ਹੈ।
ਰੂਸ ਕਹਿੰਦਾ ਸੀ ਕਿ ਮੈਂ ਯੂਕਰੇਨ ਨੂੰ ਦੋ ਚਾਰ ਦਿਨਾਂ ਵਿੱਚ ਖਤਮ ਕਰਕੇ ਉਸ ਉੱਤੇ ਆਪਣਾ ਰਾਜ ਕਾਇਮ ਕਰ ਲਵਾਂਗਾ। ਕੀ ਉਸਦਾ ਰਾਜ ਕਾਇਮ ਹੋ ਗਿਆ ਹੈ, ਕਿੰਨੇ ਸਾਲ ਹੋ ਗਏ ਹਨ। ਅਗਰ ਸਾਡੀ ਲੜਾਈ ਹਕੀਕਤ ਵਿੱਚ ਪਾਕਿਸਤਾਨ ਨਾਲ ਲੱਗ ਜਾਂਦੀ ਹੈ ਤਾਂ ਉਸ ਦਾ ਸਾਨੂੰ ਵੀ ਬਹੁਤ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ। ਇਹ ਗੱਲ ਜ਼ਰੂਰ ਹੈ ਕਿ ਜਿਹੜੀ ਪਾਕਿਸਤਾਨ ਨੇ ਨਾ-ਪਾਕ ਹਰਕਤ ਕੀਤੀ ਹੈ, ਸੈਲਾਨੀਆਂ ਨੂੰ ਮਰਵਾ ਕੇ, ਅੱਜ ਉਸ ਦਾ ਫਲ ਉਸ ਨੂੰ ਮਿਲ ਗਿਆ ਹੈ। ਸਾਡੇ ਦੇਸ਼ ਦੀਆਂ ਨਵੀਆਂ ਵਿਆਹੀਆਂ ਸੁਹਾਗਣਾਂ ਦੇ ਸਿਰ ਦੇ ਸੰਧੂਰ ਨੂੰ ਖਤਮ ਕੀਤਾ ਹੈ। ਅੱਜ ਸਾਡੀ ਸਰਕਾਰ ਨੇ ਉਹਨਾਂ ਦੋਸ਼ੀਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ। ਹੁਣ ਉਹ ਲੋਕ ਕਿਸੇ ਸੁਹਾਗਣ ਦੇ ਸਿਰ ਦੇ ਸੰਧੂਰ ਵੱਲ ਅੱਖ ਚੁੱਕ ਕੇ ਵੀ ਨਹੀਂ ਵੇਖ ਸਕਣਗੇ। ਇਸ ਕਰਕੇ ਜਿਹਨਾਂ ਨੇ ਗੁਨਾਹ ਕੀਤਾ, ਉਹਨਾਂ ਨੂੰ ਸਜ਼ਾ ਮਿਲ ਗਈ ਹੈ। ਹੁਣ ਸਾਨੂੰ ਬੇਕਸੂਰ ਲੋਕਾਂ ਨੂੰ ਜੰਗ ਤੋਂ ਡਰ ਲਗਦਾ ਹੈ। ਅਸੀਂ ਹੁਣ ਉਹੀ ਪੁਰਾਣਾ ਮੰਜ਼ਰ ਦੁਬਾਰਾ ਆਪ, ਆਪਣੇ ਪਰਿਵਾਰਾਂ ਅਤੇ ਹੋਰ ਕਿਸੇ ਵੀ ਬੇਕਸੂਰ ਉੱਤੇ ਆਇਆ ਨਹੀਂ ਵੇਖਣਾ ਚਾਹੁੰਦੇ। ਜਿਹਨਾਂ ਨੂੰ ਜੰਗ ਦਾ ਜ਼ਿਆਦਾ ਚਾਅ ਹੈ, ਉਹ ਰੂਸ ਜਾਂ ਫਿਰ ਯੂਕਰੇਨ ਚਲੇ ਜਾਣ, ਉੱਥੇ ਜੰਗ ਲੜ ਲੈਣ, ਪਰ ਇੱਥੇ ਨਹੀਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)







































































































