“ਇਹ ਸਥਿਤੀ ਇਕੱਲੇ ਤਰਨ ਤਾਰਨ, ਬਟਾਲਾ ਜਾਂ ਅੰਮ੍ਰਿਤਸਰ ਦੀ ਹੀ ਨਹੀਂ ਸਗੋਂ ...”
(2 ਅਗਸਤ 2020)
ਇੱਕ ਖਬਰ: ਤਰਨ ਤਾਰਨ ਵਿੱਚ 63 ਹੋਰ ਮੌਤਾਂ ਹੋਣ ਨਾਲ ਹੁਣ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 86 ਹੋ ਗਈ ਹੈ।
ਪੁਲਿਸ ਕੋਲ ਇੱਕ ਬਹੁਤ ਵੱਡਾ ਬਹਾਨਾ ਹੁੰਦਾ ਹੈ ਕਿ ਸਾਨੂੰ ਕਿਸੇ ਨੇ ਖ਼ਬਰ ਨਹੀਂ ਦਿੱਤੀ ਤੇ ਸਾਨੂੰ ਕਿਹੜਾ ਸੁਪਨਾ ਆਉਣਾ ਸੀ। ਇਹ ਦਲੀਲ ਕਿੱਥੋਂ ਤਕ ਸਹੀ ਹੈ ਇਸ ਬਾਰੇ ਤੁਸੀਂ ਆਪ ਜਾਣਦੇ ਹੋ। ਸ਼ਰਾਬ ਦਾ ਕਾਰੋਬਾਰ ਕੋਈ ਇਕੱਲਾ ਜਣਾ ਤੇ ਇੱਕ ਦਿਨ ਵਿੱਚ ਨਹੀਂ ਕਰ ਸਕਦਾ। ਫਿਰ ਜੇ ਗੱਲ ਇੱਕ ਅੱਧੀ ਬੋਤਲ ਦੀ ਹੋਵੇ ਤਾਂ ਮੰਨੀ ਵੀ ਜਾ ਸਕਦੀ ਹੈ। ਜਿੱਥੇ ਹਜ਼ਾਰਾਂ ਲੀਟਰ ਸ਼ਰਾਬ ਦੀ ਸਮਗਲਿੰਗ ਹੋ ਰਹੀ ਹੋਵੇ ਤੇ ਕੰਨੋਂ ਕੰਨ ਕਿਸੇ ਨੂੰ ਪਤਾ ਨਾ ਲੱਗੇ, ਇਹ ਕਿਵੇਂ ਹੋ ਸਕਦਾ ਹੈ? ਪ੍ਰਸ਼ਾਸਨ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਥੱਕਦਾ ਨਹੀਂ ਕਿ ਹੈਰੋਇਨ, ਸਮੈਕ ਤੇ ਚਿੱਟਾ ਬਦੇਸ਼ਾ ਤੋਂ ਆਉਂਦਾ ਹੈ, ਜਿਸ ਦੀ ਰੋਕ ਥਾਮ ਕਰਨ ਵਿੱਚ ਮਹਿਕਮਾ ਅਸਫਲ ਹੋ ਰਿਹਾ ਹੈ। ਪਰ ਸ਼ਰਾਬ ਦਾ ਤਾਂ ਕਾਰੋਬਾਰ ਅੱਖਾਂ ਦੇ ਥੱਲੇ ਹੋ ਰਿਹਾ ਹੈ, ਇਸ ’ਤੇ ਸ਼ਿਕੰਜਾ ਕੱਸਣ ਤੋਂ ਕਿਉਂ ਅਸਫਲ ਹੋ ਰਹੇ ਹਨ।
ਅੱਸੀ ਤੋਂ ਵੱਧ ਲੋਕ ਜ਼ਹਿਰੀਲੀ ਸ਼ਰਾਬ ਪੀ ਕੇ ਸਦਾ ਦੀ ਨੀਂਦ ਸੌਂ ਗਏ ਹਨ। ਉਹਨਾਂ ਦੇ ਪਰਿਵਾਰਾਂ ਨੂੰ ਕੌਣ ਜਬਾਬ ਦੇਵੇਗਾ ਕਿ ਇਹ ਲਾਪਰਵਾਹੀ ਕਿਸ ਦੀ ਹੈ? ਕੁਝ ਪੈਸਿਆਂ ਦੇ ਲਾਲਚ ਪਿੱਛੇ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਿੰਨਾ ਕੁ ਸਹੀ ਹੈ। ਇਸ ਘੋਰ ਅਪਰਾਧ ਪਿੱਛੇ ਜ਼ਰੂਰ ਕੋਈ ਮਿਲੀ ਭੁਗਤ ਹੋਵੇਗੀ। ਹੁਣ ਇਨਕੁਆਰੀ ਹੋਵੇਗੀ। ਇੱਕ ਦੋ ਜਣਿਆਂ ਨੂੰ ਸਾਲਾਂ ਬਾਅਦ ਦੋਸ਼ੀ ਕਰਾਰ ਦਿੱਤਾ ਜਾਵੇਗਾ। ਫਿਰ ਅਦਾਲਤ ਉਹਨਾਂ ਨੂੰ ਕੋਈ ਸਜ਼ਾ ਸੁਣਾਏਗੀ। ਉਸ ਸਮੇਂ ਤਕ ਲੋਕਾਂ ਨੂੰ ਇਹ ਕਾਂਡ ਭੁੱਲ ਚੁੱਕਾ ਹੋਵੇਗਾ। ਇਸ ਵਿਚਾਲੇ ਨਸ਼ਾ ਸਮਗਲਰ ਜੇਲ ਦੀਆਂ ਚਾਰ ਦੀਵਾਰੀਆਂ ਵਿੱਚ ਬੈਠੇ ਦੋਸ਼ੀਆਂ ਦਾ ਨਸ਼ੇ ਦਾ ਧੰਦਾ ਆਪ ਚਲਾਉਂਦੇ ਰਹਿਣਗੇ। ਸਭ ਨੂੰ ਪਤਾ ਹੈ ਕਿ ਕਾਨੂੰਨ ਉਹਨਾਂ ਪ੍ਰਤੀ ਕਿੰਨਾ ਕੁ ਸਖਤ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਨਸ਼ੇ ਦਾ ਜੋ ਵੀ ਪਰਚਾ ਹੁੰਦਾ ਹੈ, ਉਸ ਦੇ ਗਵਾਹ ਵੀ ਪੁਲਸੀਏ ਹੀ ਹੁੰਦੇ ਹਨ। ਸਾਲਾਂ ਬਾਦ ਜਦੋਂ ਚਲਾਨ ਪੇਸ਼ ਹੁੰਦੇ ਹਨ ਉਸ ਸਮੇਂ ਕੋਈ ਵੀ ਪੁਲਸੀਆ ਠੋਕ ਕੇ ਗਵਾਹੀ ਨਹੀਂ ਦਿੰਦਾ। ਕਿਉਂਕਿ ਜਾਂ ਤਾਂ ਗਵਾਹ ਵਿਕ ਚੁੱਕੇ ਹੁੰਦੇ ਹਨ ਜਾਂ ਫਿਰ ਇਹਨਾਂ ਸਮਗਲਰਾਂ ਤੋਂ ਡਰ ਜਾਂਦੇ ਹਨ। ਬਹੁਤੇ ਤਾਂ ਇਹ ਹੀ ਕਹਿੰਦੇ ਸੁਣੇ ਹਨ ਕਿ ਅਸੀਂ ਇਹਨਾਂ ਨਾਲ ਕਿਉਂ ਵੈਰ ਪਾਉਣਾ ਹੈ। ਇਸ ਕਰਕੇ ਅਪਰਾਧੀ ਅਰਾਮ ਨਾਲ ਰਿਹਾ ਹੋ ਜਾਂਦਾ ਹੈ। ਫਿਰ ਜੇਲ ਤੋਂ ਬਾਹਰ ਆ ਕੇ ਉਹ ਪੱਕੇ ਤੌਰ ’ਤੇ ਨਸ਼ੇ ਦਾ ਕਾਰੋਬਾਰ ਕਰਨ ਲੱਗ ਜਾਂਦਾ ਹੈ। ਜਿਸਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ।
ਇਹ ਸਥਿਤੀ ਇਕੱਲੇ ਤਰਨ ਤਾਰਨ, ਬਟਾਲਾ ਜਾਂ ਅੰਮ੍ਰਿਤਸਰ ਦੀ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦੀ ਹੈ। ਨਸ਼ੇ ਦੀ ਗ੍ਰਿਫਤ ਵਿੱਚ ਸਮੁੱਚਾ ਪੰਜਾਬ ਹੀ ਆਇਆ ਹੋਇਆ ਹੈ। ਪੰਜਾਬ ਸਰਕਾਰ ਜੇ ਹਕੀਕਤ ਵਿੱਚ ਨਸ਼ੇ ਨੂੰ ਨੱਥ ਪਾਉਣਾ ਚਾਹੁੰਦੀ ਹੈ ਤਾਂ ਕਿਸੇ ਨੂੰ ਜ਼ਿੰਮੇਵਾਰ ਬਣਾਉਣਾ ਪਵੇਗਾ। ਹਰ ਇੱਕ ਪੁਲਿਸ ਥਾਣੇ ਵਿੱਚ ਵਾਰਡਾਂ ਦੇ ਹਿਸਾਬ ਨਾਲ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਵੰਡੀ ਜਾਵੇ ਕਿ ਫਲਾਣਾ ਮੁਲਾਜ਼ਮ ਫਲਾਣੇ ਵਾਰਡ ਦਾ ਜ਼ਿੰਮੇਵਾਰ ਹੈ, ਇਸ ਵਿੱਚ ਕੋਈ ਵੀ ਗੈਰ ਕਾਨੂੰਨੀ ਧੰਦਾ ਹੁੰਦਾ ਹੈ ਤਾਂ ਇਹ ਮੁਲਾਜ਼ਮ ਜ਼ਿੰਮੇਵਾਰ ਹੋਵੇਗਾ। ਫਿਰ ਵੇਖੋ ਜੇ ਪੱਤਾ ਵੀ ਹਿਲ ਕੇ ਵਿਖਾਵੇ। ਪਰ ਇੰਝ ਕਰਨ ਦੀ ਸਰਕਾਰ ਕੋਲ ਕੋਈ ਸਮਰੱਥਾ ਨਹੀਂ ਹੈ। ਬੱਸ ਜਿਵੇਂ ਚਲਦਾ ਹੈ, ਉਵੇਂ ਹੀ ਚਲੀ ਜਾਣ ਦਿੱਤਾ ਜਾਵੇਗਾ। ਕੌਣ ਪੰਗਾ ਲਵੇ, ਅਸੀਂ ਵੀ ਤਾਂ ਬੱਚੇ ਪਾਲਣੇ ਨੇ - ਇਹ ਸੋਚ ਲੈ ਕੇ ਚੱਲਣ ਨਾਲ ਤਾਂ ਫਿਰ ਇੰਝ ਹੀ ਹੋਵੇਗਾ, ਜਿਵੇਂ ਬੀਤੇ ਦਿਨ ਮੌਤ ਨੇ ਕਈਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ।
ਹਰ ਰੋਜ਼ ਕੋਈ ਸਮੈਕ ਤੇ ਚਿੱਟੇ ਨਾਲ ਮਰ ਰਿਹਾ ਹੈ ਤੇ ਰਹਿੰਦੀ ਕਸਰ ਸ਼ਰਾਬ ਨੇ ਇੱਕ ਦੋਂਹ ਦਿਨਾਂ ਵਿੱਚ ਕੱਢ ਦਿੱਤੀ ਹੈ। ਸਰਕਾਰ ਨੂੰ ਸਖਤੀ ਨਾਲ ਨਸ਼ੇ ਦੇ ਸਮਗਲਰਾਂ ਨਾਲ ਨਜਿੱਠਣਾ ਚਾਹੀਦਾ ਹੈ। ਫਾਸਟ ਟਰੈਕ ਅਦਾਲਤਾਂ ਰਾਹੀਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਹੋਰ ਲੋਕ ਇਹੋ ਜਿਹੀਆਂ ਗਲਤੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2277)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com







































































































