“ਕਦੋਂ ਤਕ ਉੱਜੜ ਕੇ ਵਸਦੇ ਰਹੋਗੇ? ਹੁਣ ਵੀ ਜੇ ਤੁਹਾਨੂੰ ਆਪਣੇ-ਬੇਗਾਨੇ ਦੀ ਸਮਝ ਨਾ ਲੱਗੀ ਤਾਂ ਤੁਹਾਨੂੰ ...”
(28 ਮਾਰਚ 2024)
ਇਸ ਸਮੇਂ ਪਾਠਕ: 280.
ਪੰਜਾਬ ਹੁਣ ਤਕ ਕਿੰਨੀਂ ਕੁ ਬਾਰ ਉੱਜੜ ਕੇ ਵਸਿਆ ਹੈ? ਇਸਦਾ ਇਤਿਹਾਸ ਬਹੁਤ ਪੁਰਾਣਾ ਤੇ ਸੂਚੀ ਲੰਮੀ ਹੈ। ਜਦੋਂ ਇਤਿਹਾਸ ਦੇ ਵਰਕੇ ਫਰੋਲਦੇ ਹਾਂ ਤਾਂ ਮਾਣ ਵੀ ਹੁੰਦਾ ਹੈ ਤੇ ਚਿੰਤਾ ਵੀ ਹੁੰਦੀ ਹੈ। ਪੰਜਾਬ ਨੇ ਹੁਣ ਤਕ ਜੋ ਵੀ ਇਤਿਹਾਸ ਬਣਾਇਆ ਹੈ ਉਸ ਨੂੰ ਲਿਖਤਾਂ ਦੇ ਰੂਪ ਵਿੱਚ ਸੰਭਾਲਿਆ ਨਹੀਂ ਗਿਆ। ਜਿਹੜਾ ਇਤਿਹਾਸ ਸਾਨੂੰ ਮਿਲਦਾ ਹੈ, ਉਸਦੇ ਵਿੱਚ ਬਹੁਤ ਸਾਰੇ ਖੱਪੇ ਹਨ। ਖੈਰ, ਇਤਿਹਾਸ ਨੂੰ ਸਹੀ ਕਰਨਾ ਇਤਿਹਾਸਕਾਰਾਂ ਦਾ ਕੰਮ ਹੈ। ਸੰਤਾਲੀ ਦੀ ਵੰਡ, 1966 ਦੀ ਵੰਡ ਤੇ ਫਿਰ 1984 ਦਾ ਕਤਲੇਆਮ ਵੀ ਹੋਇਆ। ਜਿਹੜਾ ਉਜਾੜਾ ਹੁਣ ਹੋ ਰਿਹਾ ਇਹ ਨਜ਼ਰ ਨਹੀਂ ਆਉਂਦਾ। ਹੁਣ ਪੰਜਾਬ ਪੰਜਾਬੀਆਂ ਤੋਂ ਖਾਲੀ ਕਰਵਾਇਆ ਜਾ ਰਿਹਾ ਹੈ। ਪੰਜਾਬੀ ਆਪਣੇ ਆਪ ਪੰਜਾਬ ਨੂੰ ਛੱਡ ਕੇ ਜਾ ਰਹੇ ਹਨ। ਇਸਦੇ ਨਾਲ ਨੌਜਵਾਨ ਅਤੇ ਸਰਮਾਇਆ ਜਾ ਰਿਹਾ ਹੈ। ਅਗਲੇ ਸਮਿਆਂ ਵਿੱਚ ਪੰਜਾਬ ਬਜ਼ੁਰਗਾਂ ਦਾ ਬਣ ਜਾਣਾ ਹੈ।
ਪ੍ਰੋਫੈਸਰ ਪੂਰਨ ਸਿੰਘ ਆਖਦਾ ਹੈ, “ਪੰਜਾਬ ਵਸਦਾ ਗੁਰਾਂ ਦੇ ਨਾਮ ’ਤੇ!” ਗੁਰਾਂ ਦੇ ਨਾਮ ਉੱਤੇ ਵਸਦੇ ਪੰਜਾਬ ਉੱਤੇ ਹੁਣ ਝੱਖੜ ਝੁੱਲ ਰਿਹਾ ਹੈ, ਹੁਣ ਪੰਜਾਬ ਡੁੱਬ ਰਿਹਾ। ਹੁਣ ਕਈ ਦਹਾਕਿਆਂ ਤੋਂ ਪੰਜਾਬ ਦੀ ਨਸਲਕੁਸ਼ੀ ਕੀਤੀ ਜਾ ਰਹੀ ਐ। ਪੰਜਾਬ ਨੇ ਕਦੇ ਵੀ ਦੇਸ਼ ਨੂੰ ਪਿੱਠ ਨਹੀਂ ਸੀ ਦਿਖਾਈ, ਲੋਕ ਉੱਜੜ ਉੱਜੜ ਕੇ ਵਸਦੇ ਰਹੇ। ਪੰਜਾਬ ਦੇ ਮਨੁੱਖ ਪਤਾ ਨਹੀਂ ਕਿਸ ਮਿੱਟੀ ਦਾ ਬਣੇ ਹੋਏ ਹਨ, ਜਿਹੜਾ ਡਿਗਦਾ ਹੈ, ਸੰਭਲਦਾ ਹੈ ... ਉੱਠਦਾ ਹੈ ... ਤੁਰਦਾ ਹੈ ... ਉਡਦਾ ਹੈ ... ਫਿਰ ਮਸਤ ਹੋ ਕਿ ਫਿਰ ਜਿਊਣ ਲੱਗ ਜਾਂਦਾ ਹੈ।
ਹਰ ਵਾਰ ਪਿਛਲੀਆਂ ਦੁੱਖ ਤਕਲੀਫ਼ਾਂ ਨੂੰ ਭੁੱਲ ਜਾਂਦਾ ਹੈ ... ਫੇਰ ਬੇਗਾਨਿਆਂ ’ਤੇ ਡੁੱਲ ਜਾਂਦਾ ਹੈ ਪੰਜਾਬ ... ਜਿੱਧਰ ਨੂੰ ਵੀ ਤੁਰਦਾ ਹੈ, ਹੜ੍ਹ ਬਣ ਜਾਂਦਾ ਹੈ। ਫੇਰ ਪਿੱਛੇ ਪਰਤ ਕੇ ਨਾ ਦੇਖਦਾ ਹੈ, ਸਗੋਂ ਆਪਣੇ ਹੀ ਹੱਡ ਸੇਕਦਾ ਹੈ। ਪਰ ਕਦੇ ਗਿਲਾ ਨਹੀਂ ਕਰਦਾ ... ‘ਚੱਲ ਛੱਡ ਯਾਰ, ਪਾ ਮਿੱਟੀ’, ਕਹਿ ਕੇ, ... ਆਪਣੇ ਆਪ ’ਤੇ ਮਿੱਟੀ ਪਾਉਣੀ ਔਖੀ ਹੈ ... ਆਪਣਾ ਆਪਾ ਖਤਮ ਕਰਨਾ ਸੌਖਾ ਨਹੀਂ ਹੁੰਦਾ ਪਰ ਧੰਨ ਪੰਜਾਬੀ ... ਇਹ ਗੁਣ ਸਾਰਿਆਂ ਦੇ ਵਿੱਚ ਨਹੀਂ ... ਜਿਨ੍ਹਾਂ ਦੇ ਵਿੱਚ ਹੈ, ਉਹ ਜਾਣਦੇ ਹਨ ... ਬਾਕੀ ਤਾਂ ਸਭ ਖਾਕ ਛਾਣਦੇ ਹਨ ... ਭਲਾ ਖਾਕ ਛਾਣਨ ਵਾਲੇ ਕੌਣ ਹਨ? ਪਤਾ ਤੇ ਤੁਹਾਨੂੰ ਵੀ ਹੈ ਪਰ ਤੁਸੀਂ ਮੂੰਹੋਂ ਨਹੀਂ, ਮਨ ਵਿੱਚ ਜ਼ਰੂਰ ਉਹਨਾਂ ਨੂੰ ਧੜੀ ਤੇ ਪਨਸੇਰੀ ਦੀਆਂ ਗਾਲ੍ਹਾਂ ਕੱਢਦੇ ਹੋ ... ਮਾਰ ਸਾਲੇ ਦੇ ਗੋਲੀ ... ਉਹ ਕੋਈ ਬੰਦਾ ਆ?
ਸਾਲਾ ਸਭ ਕੁਝ ਲੁੱਟਪੁਟ ਕੇ ਵੀ ਨਹੀਂ ਰੱਜਿਆ ... ਰੱਬ ਪਤਾ ਨਹੀਂ ਇਸ ਨੂੰ ਕਿਉਂ ਨਹੀਂ ਚੱਕਦਾ? ਜਿਨ੍ਹਾਂ ਦੀ ਸਮਾਜ ਨੂੰ ਲੋੜ ਹੈ ਉਹ ਭੰਗ ਦੇ ਭਾਣੇ ਜਾਂਦੇ ਹਨ ... ਇਹਨੇ ਪਤਾ ਨਹੀਂ ਕਿਹੜੇ ਕਾਂ ਖਾਧੇ ਆ ... ਸਾਲਿਆਂ ਨੂੰ ਮੌਤ ਵੀ ਨਹੀਂ ਆਉਂਦੀ … … …।
ਪੰਜਾਬੀ ਕਿੰਨੀਂ ਵਾਰ ਉੱਜੜੇ ਤੇ ਵਸੇ ਹਨ? ਕੋਈ ਗਿਣਤੀ ਤੇ ਹਿਸਾਬ ਨਹੀਂ ... ਹੁਣ ਹਾਲਤ ਬੱਦੂਆਂ, ਟੱਪਰੀਵਾਸਾਂ ਵਾਲੀ ਹੈ ... ਜਿਹੜੇ ਸਦਾ ਸਫਰ ’ਤੇ ਹਨ ... ਹੁਣ ਪੰਜਾਬੀ ਬਦੇਸ਼ਾਂ ਨੂੰ ਜਾ ਰਹੇ ਹਨ।
ਪੰਜਾਬ ਦਾ ਸਦਾ ਹੀ ਡਾਂਗ ’ਤੇ ਡੇਰਾ ਰਿਹਾ ਪਰ ਪੰਜਾਬ ਨੇ ਕਦੇ ਸਿਰਹਾਣੇ ਬਾਂਹ ਰੱਖ ਕੇ ਆਰਾਮ ਨਹੀਂ ਕੀਤਾ। ਸਦਾ ਜੰਗ ਦੇ ਮੈਦਾਨ ਵਿੱਚ ਰਿਹਾ, ਕਦੇ ਬਾਹਰੀ ਹਮਲਾਵਰਾਂ ਦੇ ਨਾਲ ਤੇ ਕਦੇ ਆਪਣਿਆਂ ਦੇ ਨਾਲ ਡਾਂਗੋ ਡਾਂਗੀ ਹੁੰਦਾ ਰਿਹਾ ... ਜਿਸ ਪਾਸੇ ਤੁਰਿਆ ਹੜ੍ਹ ਲਿਆ ਦਿੱਤਾ ... ਫਸਲਾਂ ਬੀਜੀਆਂ ਦੇਸ਼ ਦੀ ਭੁੱਖ ਚੱਕ ਦਿੱਤੀ ... ਤਲਵਾਰਾਂ ਚੁੱਕੀਆਂ ... ਹਨੇਰੀ ਲਿਆ ਦਿੱਤੀ। ਕਾਬਲ ਕੰਧਾਰ ਤੇ ਫਰਾਂਸ ਤਕ ... ਦੁਸ਼ਮਣਾਂ ਦੇ ਆਹੂ ਲਾਹੇ, ਫੇਰ ਪੰਜਾਬ ਨਸ਼ੇੜੀ ਬਣਾਇਆ ਤੇ ਸਾਰਾ ਪੰਜਾਬ ਨਸ਼ੇੜੀ ਬਣ ਗਿਆ ... ਮੜ੍ਹੀਆਂ ਵਿੱਚ ਮੇਲੇ ਲੱਗਣ ਲੱਗੇ ... ਘਰਾਂ ਦੇ ਘਰ ਖਾਲੀ ਹੋ ਗਏ ... ਘਰਾਂ ਵਿੱਚ ਲਾਲ ਤੇ ਗੁਲਾਬੀ ਚੁੰਨੀਆਂ ਦੀ ਥਾਂ ਚਿੱਟੀਆਂ ਨੇ ਵਾਸਾ ਕਰ ਲਿਆ ... ਚੁੱਲਿਆਂ ਵਿੱਚ ਘਾਹ ਉੱਗ ਆਏ ... ਪਰ ਲੋਕ ਫਿਰ ਵੀ ਜਿਉਂਦੇ ਹਨ।
ਪੰਜਾਬ ਨੂੰ ਕਿਸ ਨੇ ਤੇ ਕਿਉਂ ਉਜਾੜਿਆ? ਅਜੇ ਤਕ ਪੰਜਾਬੀਆਂ ਨੇ ਨਾ ਸੋਚਿਆ ਤੇ ਨਾ ਵਿਚਾਰਿਆ। ਇਸਦੇ ਦੁਸ਼ਮਣ ਬੇਗਾਨੇ ਨਹੀਂ, ਆਪਣੇ ਹੀ ਹਨ, ਜਿਹਨਾਂ ਨੇ ਕਦੇ ਦਿਮਾਗ ਤੋਂ ਕੰਮ ਨਹੀਂ ਲਿਆ, ਸਗੋਂ ਕਠਪੁਤਲੀਆਂ ਵਾਂਗ ਨੱਚਦੇ ਰਹੇ।
ਮਨਘੜਤ ਸਾਖੀਆਂ ਨੇ ਪੰਜਾਬ ਨੂੰ ਹਮੇਸ਼ਾ ਵਰਤਿਆ, ਵਰਤਿਆ ਵੀ ਉਹਨਾਂ ਨੇ ਜਿਨ੍ਹਾਂ ਪੰਜਾਬ ਨੂੰ ਬਾਰ ਬਾਰ ਉਜਾੜਿਆ ਪਰ ਫਿਰ ਵੀ ਨਾ ਸੋਚਿਆ ਤੇ ਵਿਚਾਰਿਆ?
ਹੁਣ ਪੰਜਾਬ ਬਦੇਸ਼ਾਂ ਵੱਲ ਉਡਾਰੀ ਮਾਰ ਰਿਹਾ ਹੈ ... ਇੰਝ ਲਗਦਾ ਹੈ, ਛੇਤੀ ਹੀ ਪੰਜਾਬ ਖਾਲੀ ਹੋ ਜਾਵੇਗਾ ... ਇੱਥੇ ਹੋਰਨਾਂ ਦਾ ਰਾਜ ਹੋਵੇਗਾ, ਪੰਜਾਬੀ ਵੀਜ਼ਾ ਲੈ ਕੇ ਆਪਣੇ ਉੱਜੜੇ ਘਰਾਂ ਨੂੰ ਦੇਖਣ ਆਇਆ ਕਰਨਗੇ ... ਜਿਵੇਂ ਸਾਡੇ ਪੁਰਖੇ ਪਾਕਿਸਤਾਨ ਜਾਂਦੇ ਹਨ … ਬੱਸ ਅਗਲੀਆਂ ਪੀੜ੍ਹੀਆਂ ਦਾ ਹਾਲ ਵੀ ਸਾਡੇ ਬਾਬਿਆਂ ਵਰਗਾ ਹੀ ਹੋਣਾ ਹੈ ... ਪਰ ਹੁਣ ਕਾਹਦਾ ਰੋਣਾ ਹੈ ... ਅਖੇ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਇਕੱਲੀ! ...
ਪੰਜਾਬ ਦੇ ਬਹੁਤ ਘਰ ਹਨ ਜਿੱਥੇ ਮਾਵਾਂ ਤੇ ਨੂੰਹਾਂ ਇਕੱਲੀਆਂ ਜਿਉਂਦੇ ਜੀ ਰੰਡੇਪਾ ਕੱਟਦੀਆਂ ਨੇ ... ਪਰ ਉਹ ਮਰ ਗਿਆਂ ਦੇ ਜਾਂ ਬਦੇਸ਼ ਗਿਆਂ ਦੇ ਨਾਲ ਨਹੀਂ ਗਈਆਂ, ਉਹ ਜਿਉਂਦੀਆਂ ਹਨ … ਪਰ ਜਿਨ੍ਹਾਂ ਨੇ ਘਰ-ਦਰ ਸਾਂਭਣੇ ਸਨ ... ਜਾਂ ਪਰਦੇਸੀ ਹੋ ਗਏ ਜਾਂ ਜਹਾਨੋ ਤੁਰ ਗਏ ... ਕੀ ਹੋਣੀ ਹੈ ਪੰਜਾਬਣਾਂ ਦੀ?
ਪਰ ਪੰਜਾਬੀਓ, ਕਦੋਂ ਤਕ ਉੱਜੜ ਕੇ ਵਸਦੇ ਰਹੋਗੇ ... ਅਕਲ ਨੂੰ ਹੱਥ ਮਾਰੋ, ਨਾ ਬੇਗਾਨੀਆਂ ਮੱਝਾਂ ਚਾਰੋ ਤੇ ਦੁਸ਼ਮਣ ਨੂੰ ਪਛਾਣੋ ... ਜੋ ਬਾਹਰਲੇ ਘੱਟ ਤੇ ਘਰ ਦੇ ਵੱਧ ਹਨ ... ਕੌਣ ਹਨ, ਦੇਖੋ ਤੇ ਪਛਾਣੋ ਤੇ ਜਾਣੋ ਕਿ ਉਨ੍ਹਾਂ ਦਾ ਕੀ ਕਰਨਾ ਹੈ?
“ਅਖੇ! ਡੁੱਬੀ ਤਾਂ ਜੇ ਸਾਹ ਨਾ ਆਇਆ!”
ਪਰ ਪੰਜਾਬੀਓ! ਹੁਣ ਕੌਣ ਆਇਆ ਤੁਹਾਡੀ ਮਦਦ ਲਈ? ਆਪਣੇ ਹੀ ਆਏ ਹਨ, ਨਾ ਕੋਈ ਸਿਆਸਤਦਾਨ ਆਇਆ ਤੇ ਨਾ ਪੁਜਾਰੀ ਤੇ ਨਾ ਅਧਿਕਾਰੀ, ਬਾਹਰਲਿਆਂ ਨੇ ਤਾਂ ਕੀ ਆਉਣਾ ਸੀ?
ਪੰਜਾਬੀਓ! ਸੋਟਾ ਪੀੜ੍ਹੀ ਹੇਠਾਂ ਤੇ ਉਹਨਾਂ ’ਤੇ ਫੇਰਨ ਦੀ ਲੋੜ ਹੈ, ਜਿਨ੍ਹਾਂ ਦੇ ਮਗਰ ਹਰ ਵੇਲੇ ਤੁਰੇ ਫਿਰਦੇ ... ਸਾਡੀ ਪਾਰਟੀ ਆ ... ਦੇਖ ਲਵੋ ਸਵਾਦ ਪਾਰਟੀਆਂ ਦੇ ਆਗੂਆਂ ਦਾ ... ਕਿਸੇ ਨੇ ਬੇਰਾਂ ਵੱਟੇ ਨਹੀਂ ਪੁੱਛਿਆ। ਜੇ ਕਿਸੇ ਪੁੱਛਿਆ ਤਾਂ ਦੱਸ ਦਿਓ?
ਹਰ ਵਾਰ ਉੱਜੜ ਕੇ ਵਸਣ ਦੀ ਆਦਤ ਨੂੰ ਬਦਲੋ ... ਆਪਣੇ ਅੰਦਰਲੀ ਸ਼ਕਤੀ ਨੂੰ ਜਗਾਓ। ਯਾਦ ਕਰੋ 1699 ਦੀ ਵਿਸਾਖੀ ਤੇ ਚਮਕੌਰ ਗੜ੍ਹੀ ਦੀ ਜੰਗ … ਚਿੱਟੀ ਸਿਉਂਕ ਪੁਜਾਰੀ ਤੇ ਡੇਰੇਦਾਰਾਂ ਨੇ ਤੁਹਾਨੂੰ ਮਨਘੜਤ ਸਾਖੀਆਂ ਸੁਣਾ ਕੇ ਮਰਨ ਦਾ ਡਰ ਪਾ ਦਿੱਤਾ ਹੈ। ਅਖੇ ਮਰਨਾ ਸੱਚ ਜਿਊਣਾ ਝੂਠ ਹੈ ... ਪਰ ਗੱਲਾਂ ਦੋਵੇਂ ਸੱਚ ਹਨ। ਜਿਉਂਦੇ ਹੋਣ ਦਾ ਸਬੂਤ ਦਿਓ, ਹੁਣ ਕਿਸੇ ਭਗਤ ਸਿੰਘ ਨੇ ਨਹੀਂ ਆਉਣਾ, ਨਾ ਹੀ ਹੁਣ ਫਾਂਸੀ ਦੇ ਰੱਸੇ ਚੁੰਮ ਕੇ ਸ਼ਹੀਦ ਹੋਣ ਦੀ ਲੋੜ ਹੈ। ਪੰਜਾਬੀਓ ਜ਼ਿੰਦਗੀ ਜਿਊਣ ਲਈ ਹੈ, ਕੁਰਬਾਨ ਹੋਣ ਲਈ ਨਹੀਂ।
ਪੰਜਾਬ ਨੇ ਕਦੇ ਆਪਣੀ ਮਰ ਗਈ ਜ਼ਮੀਰ ਨੂੰ ਜਗਾਇਆ ਹੀ ਨਹੀਂ, ਬਹੁਤੀ ਗਿਣਤੀ ਤਾਂ ‘ਆਪਾਂ ਕੀ ਲੈਣਾ?’ ਦੀ ਸੋਚ ਵਾਲੀ ਹੈ, ਜਿਹੜੇ ਆਪਣਾ ਉੱਲੂ ਸਿੱਧਾ ਕਰਨ ਲਈ ਖੁਦ ਉੱਲੂ ਬਣੇ ਹੋਏ ਹਨ। ਉਹਨਾਂ ਦੇ ਅੰਦਰਲਾ ਮਨੁੱਖ ਮਰ ਗਿਆ ਹੈ। ਉਸ ਮਰ ਗਏ ਇਨਸਾਨ ਨੂੰ ਜਗਾਉਣ ਲਈ ਹਲੂਣੇ ਦੇਣ ਦੀ ਜ਼ਰੂਰਤ ਹੈ। ਆਪਣੇ ਆਪ ਦੀ ਪਛਾਣ ਕਰਨ ਦੀ ਤੇ ਅੰਦਰਲੀ ਸ਼ਕਤੀ ਨੂੰ ਜਗਾਉਣ ਦੀ ਲੋੜ ਹੈ।
ਕਦੋਂ ਤਕ ਉੱਜੜ ਕੇ ਵਸਦੇ ਰਹੋਗੇ? ਹੁਣ ਵੀ ਜੇ ਤੁਹਾਨੂੰ ਆਪਣੇ-ਬੇਗਾਨੇ ਦੀ ਸਮਝ ਨਾ ਲੱਗੀ ਤਾਂ ਤੁਹਾਨੂੰ ਕੋਈ ਨਹੀਂ ਵਸਾ ਸਕਦਾ।ਬਹੁਤ ਦੇਰ ਪਹਿਲਾਂ ਜਸਵੰਤ ਸਿੰਘ ਕੰਵਲ ਹਲੂਣਦਾ ਮਰ ਗਿਆ, ਅਸੀਂ ਨਹੀਂ ਜਾਗੇ। ਗੁਰਪ੍ਰੀਤ ਸਿੰਘ ਤੂਰ ਦੀ ਲਿਖੀ ਪੁਸਤਕ “ਸੰਭਲੋ ਪੰਜਾਬ” ਚੇਤੇ ਆਉਂਦੀ ਹੈ ਜਿਸ ਵਿੱਚ ਉਹਨਾਂ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਕਲਮਬੰਦ ਕੀਤਾ ਸੀ।
ਕਿਤਾਬਾਂ ਦੇ ਨਾਲ ਜੁੜੋ, ਪੜ੍ਹੋ, ਸੰਗਠਿਤ ਹੋਵੋ ਤੇ ਆਪਣੇ ਹਿੱਸੇ ਦੇ ਅਸਮਾਨ ਉੱਤੇ ਕਬਜ਼ਾ ਕਰੋ! ਨਾ ਮਰੋ, ਨਾ ਮਾਰੋ, ਸਗੋਂ ਆਪਣਾ ਆਪ ਬਚਾਓ ... ਮਨੁੱਖਤਾ ਦੇ ਗੁਣ ਗਾਓ ... ਬਹੁਤ ਹੋ ਗਈ ਹੁਣ ਤਾਂ ਕੁੱਤੇ ਖਾਣੀ ... ਕਿ ਅਜੇ ਵੀ ਕੋਈ ਕਸਰ ਹੈ?
ਅਸੀਂ ਨਾ ਆਪਣੇ-ਆਪ ਨੂੰ ਬਚਾ ਸਕੇ, ਨਾ ਧਰਮ ਬਚਾਇਆ ਹੈ। ਅਸੀਂ ਆਪਣੀ ਮਾਂ ਬੋਲੀ, ਪਹਿਰਾਵਾ, ਖਾਣ ਪੀਣ, ਜੀਣ ਥੀਣ ਸਭ ਗੰਵਾ ਲਿਆ। ਪੰਜਾਬ ਹੁਣ ਬਾਂਝਪਨ ਦਾ ਸ਼ਿਕਾਰ ਹੋ ਗਿਆ ਹੈ। ਨਸਲ ਤੇ ਫਸਲ ਬਦਲ ਰਹੀ ਹੈ।...
ਕਿਤੇ ਕਿਤੇ ਪੰਜਾਬ ਸੁਲਗਦਾ ਹੈ। ਆਪਣੀ ਹੋਂਦ ਵਾਸਤੇ ਲੜ ਰਿਹਾ ਹੈ ਪਰ ਬੁੱਕਲ ਦੇ ਯਾਰ ਗਦਾਰ ਬਣ ਕੇ ਛਲ ਕਰਦੇ ਹਨ। ਪੰਜਾਬ ਜਦੋਂ ਮਰਿਆ, ਆਪਣਿਆਂ ਨੇ ਮਾਰਿਆ ਹੈ। ਹੁਣ ਫਿਰ ਪੰਜਾਬੀਆਂ ਦਾ ਸ਼ਿਕਾਰ ਖੇਡਿਆ ਜਾਣਾ ਹੈ, ਪੰਜਾਬ ਨੇ ਆਪੇ ਹੀ ਮਾਹੌਲ ਤਿਆਰ ਕਰ ਲਿਆ ਹੈ।
ਹੁਣ ਆਪਣੇ-ਆਪ ਨੂੰ ਪਛਾਣਨ ਤੇ ਗਦਾਰਾਂ ਦੀ ਪਛਾਣ ਕਰਨ ਦੀ ਲੋੜ ਐ। ਆਪਣੇ ਵਿਰਸੇ ਦੇ ਯੋਧਿਆਂ ਦੇ ਇਤਿਹਾਸ ਨੂੰ ਪੜ੍ਹਨ ਤੇ ਬਚਾ ਕੇ ਰੱਖਣ ਲਈ ਦਿਮਾਗ ਨੂੰ ਵਰਤਣ ਦੀ ਲੋੜ ਹੈ। ਆਪਣੀ ਬੜ੍ਹਕ ਨੂੰ, ਜੋ ਜਥੇਦਾਰ ਹਰੀ ਸਿੰਘ ਨਲੂਆ ਅਫਗਾਨਿਸਤਾਨ ਦੇ ਮੈਦਾਨ ਵਿੱਚ ਮਾਰਦਾ ਸੀ, ਅਪਣਾਓ! ਬਣੋ ਬਾਬਾ ਬੰਦਾ ਸਿੰਘ ਬਹਾਦਰ, ਜਿਸਨੇ ਕਿਰਤੀਆਂ ਅਤੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਹੁਣ ਇਹ ਸਭ ਭੁੱਲ ਗਏ ਹਨ, ਹੁਣ ਜੱਟ ਬਣ ਗਏ ਹਨ!
ਜਾਗੋ ਪੰਜਾਬੀਓ, ਸੰਭਾਲ ਲਓ ਪੰਜਾਬ ਨੂੰ, ਨਹੀਂ ਤਾਂ ਪੰਜਾਬ ਨੂੰ ਉਜਾੜਨ ਵਾਲਿਆਂ ਦੇ ਭਾਈਵਾਲ ਤੁਸੀਂ ਗਿਣੇ ਜਾਣਾ ਹੈ। ਸਮੇਂ, ਇਤਿਹਾਸਕਾਰਾਂ ਤੇ ਭਵਿੱਖ ਦੀਆਂ ਨਸਲਾਂ ਨੇ ਤੁਹਾਨੂੰ ਮੁਆਫ਼ ਨਹੀਂ ਕਰਨਾ! ਮੈਦਾਨ ਛੱਡ ਕੇ ਦੌੜਨਾ ਆਪਣੇ-ਆਪ ਅਤੇ ਪੰਜਾਬ ਨਾਲ ਗਦਾਰੀ ਹੈ, ਪੰਜਾਬੀਓ ਹੁਣ ਗਦਾਰ ਬਣਨਾ ਹੈ ਜਾਂ ਸੂਰਮੇ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4843)
(ਸਰੋਕਾਰ ਨਾਲ ਸੰਪਰਕ ਲਈ: (