“ਉਸ ਸਮੇਂ ਪੰਜਾਬ ਵਿੱਚ ਸ਼ਾਂਤੀ ਬਣਾਉਣ ਲਈ ਸਰਕਾਰ ਵੀ ਸਰਗਰਮ ਸੀ। ਅਸੀਂ ਲੋਕਾਂ ਨੂੰ ਕਿਤਾਬਾਂ ਨਾਲ ਜੋੜ ...”
(21 ਫਰਵਰੀ 2023)
ਇਸ ਸਮੇਂ ਪਾਠਕ: 185.
ਹੁਣ ਜਦੋਂ ਮੈਂ ਬਾਲ ਪ੍ਰੀਤ ਮਿਲਣੀ ਕਾਫਲਾ ਦੇ ਨਾਲ ਜੁੜੀਆਂ ਸਿਮਰਤੀਆਂ ਕਲਮਬੱਧ ਕਰਨ ਲੱਗਿਆ ਤਾਂ ਕਪੂਰਥਲੇ ਜ਼ਿਲ੍ਹੇ ਦੀਆਂ ਯਾਦਾਂ ਨੇ ਘੇਰਾ ਪਾ ਲਿਆ। ਕਾਫਲਾ ਵਧੀਆ ਕੰਮ ਕਰ ਰਿਹਾ ਸੀ। ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜ ਰਿਹਾ ਸੀ। ਕਪੂਰਥਲੇ ਜ਼ਿਲ੍ਹੇ ਦਾ ਡੀਸੀ ਪੰਜਾਬੀ ਕਵੀ ਗਿਆਨ ਸਿੰਘ ਸੰਧੂ ਸੀ। ਉਹਨਾਂ ਦਾ ਜੀ. ਏ. ਟੂ. ਡੀ. ਸੀ. ਗਿਆਨ ਸਿੰਘ ਬੱਲ ਸੀ। ਅਸੀਂ ਦਸ ਦਿਨ ਦੀ ਵਰਕਸ਼ਾਪ ਉੱਥੇ ਸਰਕਾਰੀ ਸਕੂਲ ਵਿੱਚ ਲਾਈ। ਪੰਜਾਬੀ ਦੇ ਕਹਾਣੀਕਾਰ ਮਨਮੋਹਨ ਬਾਵਾ, ਲਲਿਤ ਸਕਲਾਨੀ ਉਸ ਵਰਕਸ਼ਾਪ ਨੂੰ ਚਲਾ ਰਹੇ ਸੀ। ਮੈਂ ਹਰ ਦਿਨ ਜਲੰਧਰ ਤੋਂ ਜਾਂਦਾ। ਅਸੀਂ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੂੰ ਸੱਭਿਆਚਾਰਕ ਵੰਨਗੀਆਂ ਦੀ ਸਿਖਲਾਈ ਦੇ ਰਹੇ ਸੀ। ਸਕੂਲ ਵਾਲਿਆਂ ਨੇ ਸਾਨੂੰ ਪੜ੍ਹਾਈ ਵਿੱਚੋਂ ਕਮਜ਼ੋਰ ਵਿਦਿਆਰਥੀ ਦੇ ਕੇ ਗਲੋਂ ਗਲਾਵਾਂ ਲਾਇਆ ਸੀ। ਸਾਡੇ ਲਈ ਇਹ ਚੁਣੌਤੀ ਸੀ। ਰਮਾ ਰਤਨ, ਜਿਹੜੇ ਕਾਫਲੇ ਦੇ ਸੰਚਾਲਕ ਸਨ, ਉਹ ਵੀ ਆ ਗਏ ਸੀ। ਅਸੀਂ ਵਿਦਿਆਰਥੀਆਂ ਦੇ ਅੰਦਰ ਛੁਪੀ ਕਲਾ ਨੂੰ ਜਗਾਉਣ ਲਈ ਹਰ ਢੰਗ ਵਰਤਿਆ। ਅਸੀਂ ਕਾਮਯਾਬ ਵੀ ਹੋਏ।
ਕਮਲਜੀਤ ਨੀਲੋਂ ਨੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਕਈ ਕੋਰੀਓਗ੍ਰਾਫੀਆਂ ਤਿਆਰ ਕੀਤੀਆਂ। ਢਾਡੀ ਅਮਰ ਸਿੰਘ ਸ਼ੌਂਕੀ ਟ੍ਰਸਟ ਮਾਹਿਲਪੁਰ ਦੇ ਸੰਚਾਲਕ ਬਲਜਿੰਦਰ ਮਾਨ, ਮਾਸਟਰ ਧਰਮ ਸਿੰਘ, ਐੱਸ ਅਸ਼ੋਕ ਭੌਰਾ ਨੇ ਵੀ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਇਸ ਕਾਫਲੇ ਦਾ ਹਿੱਸਾ ਬਣਾਇਆ। ਜਿਸ ਦਿਨ ਕਾਫਲਾ ਕਪੂਰਥਲਾ ਦੇ ਵਿੱਚੋਂ ਸ਼ੁਰੂ ਹੋਇਆ ਤਾਂ ਵਿਦਿਆਰਥੀਆਂ ਨੇ ਸਰੋਤਿਆਂ ਨੂੰ ਕੀਲ ਲਿਆ। ਰਮਾ ਰਤਨ ਨੇ ਕਿਹਾ ਕਿ ਇਹ ਸਕੂਲ ਦੇ ਡੱਲ ਵਿਦਿਆਰਥੀ ਹਨ, ਜਿਹਨਾਂ ਨੇ ਇਹ ਵੰਨਗੀਆਂ ਨੂੰ ਪੇਸ਼ ਕੀਤਾ। ਸਾਨੂੰ ਇਹ ਕਿਹਾ ਸੀ ਕਿ ਪੜ੍ਹਾਈ ਤਾਂ ਇਹ ਕਰਦੇ ਨਹੀਂ, ਤੁਹਾਡੇ ਜੇ ਕੰਮ ਦੇ ਹਨ, ਲੈ ਜਾਓ। ਰਮਾ ਰਤਨ ਨੇ ਕਿਹਾ ਕਿ ਹੁਣ ਦਰਸ਼ਕ ਦੱਸਣ ਕਿ ਡੱਲ ਕੌਣ ਐ? ਦਰਸ਼ਕ ਤਾੜੀਆਂ ਮਾਰਦੇ ਸਨ ਤੇ ਅਧਿਆਪਕ ਮੂੰਹ ਲਕੋ ਰਹੇ ਸਨ।
ਕਪੂਰਥਲਾ, ਬੇਗੋਵਾਲ, ਟਿੱਬਾ, ਮਸੀਤਾ, ਭੁਲੱਥ, ਤੇ ਫਗਵਾੜੇ ਵਿੱਚ ਕਾਫਲੇ ਨੇ ਜਾਣਾ ਸੀ। ਕਾਫਲੇ ਦੇ ਨਾਲ ਸਾਹਿਤਕ ਕਿਤਾਬਾਂ ਦੀਆਂ ਗੱਡੀਆਂ ਵੀ ਸਨ। ਨੈਸ਼ਨਲ ਬੁੱਕ ਟਰਸਟ ਇੰਡੀਆ ਦਿੱਲੀ, ਪੰਜਾਬ ਯੂਨੀਵਰਸਿਟੀ ਟੈਕਸਟ ਬੋਰਡ ਅਤੇ ਪੰਜਾਬ ਦੇ ਹੋਰ ਕਈ ਪ੍ਰਕਾਸ਼ਕ ਵੀ ਸਨ। ਬੇਗੋਵਾਲ ਵਿੱਚ ਸਥਾਨਕ ਪ੍ਰਬੰਧਕਾਂ ਨੇ ਮੰਤਰੀ ਬਾਲ ਮੁਕੰਦ ਸ਼ਰਮਾ ਨੂੰ ਮੁੱਖ ਮਹਿਮਾਨ ਬਣਾਇਆ ਸੀ। ਕਾਫਲੇ ਦੇ ਪ੍ਰਬੰਧਕਾਂ ਨੂੰ ਇਹ ਪਤਾ ਨਹੀਂ ਸੀ। ਅਸੀਂ ਇਸ ਸਮੇਂ ਰੋਸ ਕੀਤਾ ਕਿ ਤੁਸੀਂ ਮੰਤਰੀ ਕਿਉਂ ਬੁਲਾਇਆ ਹੈ? ਉਹਨਾਂ ਦੱਸਿਆ ਕਿ ਇਹ ਡੀਸੀ ਗਿਆਨ ਸਿੰਘ ਸੰਧੂ ਦੀ ਇੱਛਾ ਸੀ। ਗਿਆਨ ਸਿੰਘ ਸੰਧੂ ਸਰਕਾਰ ਤੋਂ ਵਾਧੂ ਸੇਵਾ ਭਾਲਦਾ ਸੀ। ਉਸ ਦੇ ਸੇਵਾ ਮੁਕਤ ਹੋਣ ਵਿੱਚ ਅਜੇ ਕੁਝ ਸਮਾਂ ਸੀ, ਉਹ ਕਾਫਲੇ ਦੇ ਸਿਰ ਉੱਤੇ ਐਕਸਟੈਂਸ਼ਨ ਭਾਲਦਾ ਸੀ। ਸਾਡੇ ਬਾਈਕਾਟ ਨੇ ਉਸ ਦੀ ਖੇਡ ਵਿਗਾੜ ਦਿੱਤੀ। ਗਿਆਨ ਸਿੰਘ ਸੰਧੂ ਬਹੁਤ ਦੁਖੀ ਸੀ।
ਦੂਜੇ ਦਿਨ ਭੁਲੱਥ ਸਮਾਗਮ ਸੀ। ਉਸ ਦਿਨ ਫੇਰ ਮੰਤਰੀ ਹਾਜ਼ਰ ਸੀ ਤੇ ਆਖਰੀ ਦਿਨ ਫਗਵਾੜਾ ਜਾਣਾ ਸੀ। ਭੁਲੱਥ ਵੀ ਅਸੀਂ ਰੋਸ ਪ੍ਰਗਟ ਕੀਤਾ ਤੇ ਸਮਾਗਮ ਦੇ ਵਿਚਕਾਰ ਹੀ ਉੱਥੋਂ ਫਗਵਾੜੇ ਨੂੰ ਤੁਰ ਪਏ। ਜਦੋਂ ਫਗਵਾੜੇ ਪੁੱਜੇ ਤਾਂ ਸਥਾਨਕ ਕਨਵੀਨਰ ਨੇ ਦੱਸਿਆ ਕਿ ਐੱਸ ਡੀ ਐੱਮ ਨੇ ਸਕੂਲ ਬੰਦ ਕਰਵਾ ਦਿੱਤਾ ਐ। ਸਮਾਗਮ ਨਹੀਂ ਹੋਣਾ।
ਸਾਡੇ ਕਈ ਦਰਜਣ ਵਿਦਿਆਰਥਣਾਂ ਤੇ ਵਿਦਿਆਰਥੀ ਸਨ। ਲਗਭਗ ਸੌ ਕੁ ਲੋਕ ਸਨ। ਰਾਤ ਸਿਰ ਉੱਤੇ ਸੀ। ਅਸੀਂ ਘਰ-ਘਰ ਵੀ ਜਾ ਨਹੀਂ ਸੀ ਸਕਦੇ। ਕਨਵੀਨਰ ਸੁਮਨ ਲਤਾ ਨੇ ਗੁਰਦੁਆਰਾ ਸੁਖਚੈਨ ਸਾਹਿਬ ਦੀ ਕਮੇਟੀ ਨਾਲ ਗੱਲਬਾਤ ਕੀਤੀ। ਉਹਨਾਂ ਨੇ ਆਖਿਆ ਕਿ ਤੁਸੀਂ ਇੱਥੇ ਰਹੋ, ਲੰਗਰ ਬਣਾਓ ਤੇ ਛਕੋ। ਰਾਤ ਨੂੰ ਸਭ ਨੇ ਰਲਮਿਲ ਕੇ ਲੰਗਰ ਬਣਾਇਆ ਤੇ ਛਕਿਆ।
ਦੂਜੇ ਦਿਨ ਅਸੀਂ ਜਲੰਧਰ ਅਖਬਾਰਾਂ ਦੇ ਦਫਤਰ ਗਏ। ਉਸ ਵੇਲੇ ਹਿਰਦੇਪਾਲ ਸਿੰਘ, ਮੀਨੂ ਕੋਹਲੀ, ਰਮਾ ਰਤਨ, ਸੁਮਨ ਲਤਾ, ਮੈਂ ਜਲੰਧਰ ਗਏ ਸੀ। ਤੀਜੇ ਦਿਨ ਅਖਬਾਰਾਂ ਵਿੱਚ ਖਬਰਾਂ ਛਪੀਆਂ: ਡੀਸੀ ਸੰਧੂ ਨੇ ਬਾਲ ਪ੍ਰੀਤ ਮਿਲਣੀ ਕਾਫਲਾ ਰੋਕਿਆ। ਇੱਕ ਅਖਬਾਰ ਨੇ ਲਿਖਿਆ: ਡੀਸੀ ਸੰਧੂ ਨੇ ਕਾਫਲਾ ਅਗਵਾਹ ਕੀਤਾ। ਇਸ ਤਰ੍ਹਾਂ ਇਹ ਕਾਫਲਾ ਸਦਾ ਲਈ ਬੰਦ ਹੋਇਆ ਸੀ।
ਭਾਵੇਂ ਕਾਫਲੇ ਕਦੇ ਰੁਕਦੇ ਨਹੀਂ, ਸਦਾ ਚੱਲਦੇ ਰਹਿੰਦੇ ਹਨ, ਪਰ ਗਿਆਨ ਸਿੰਘ ਸੰਧੂ ਦੀ ਭੁੱਖ ਵੀ ਦਿਸੀ ਅਤੇ ਕਾਫਲੇ ਵਾਲਿਆਂ ਦੀ ਪ੍ਰਤੀਬੱਧਤਾ ਵੀ। ਪਰ ਬਾਅਦ ਵਿੱਚ ਕਾਫਲੇ ਦੇ ਸੰਚਾਲਕ ਨੇ ਇਸ ਕਾਫਲੇ ਦੇ ਨਾਮ ਉੱਤੇ ਕੀ ਹਾਸਲ ਕੀਤਾ, ਉਹ ਕਦੇ ਫੇਰ ਦੱਸਾਂਗਾ।
ਇਹ ਘਟਨਾਕ੍ਰਮ 1995 ਦਾ ਹੈ, ਜਦੋਂ ਪੰਜਾਬ ਦੇ ਬੇਅੰਤ ਸਿੰਘ ਮੁੱਖ ਮੰਤਰੀ ਸਨ। ਉਸ ਸਮੇਂ ਪੰਜਾਬ ਵਿੱਚ ਸ਼ਾਂਤੀ ਬਣਾਉਣ ਲਈ ਸਰਕਾਰ ਵੀ ਸਰਗਰਮ ਸੀ। ਅਸੀਂ ਲੋਕਾਂ ਨੂੰ ਕਿਤਾਬਾਂ ਨਾਲ ਜੋੜ ਰਹੇ ਸੀ ਤੇ ਵਿਦਿਆਰਥੀਆਂ ਦੇ ਅੰਦਰ ਛੁਪੀ ਕਲਾਤਮਿਕਤਾ ਨੂੰ ਉਭਾਰ ਰਹੇ ਸੀ। ਥਾਂ-ਥਾਂ ਗੋਲੀਕਾਂਡ ਹੋ ਰਹੇ ਸੀ। ਕਦੇ ਮੌਤ ਦਾ ਡਰ ਖੌਫ ਨਹੀਂ ਹੋਇਆ ਸੀ। ਉਹ ਦਿਨ ਯਾਦ ਕਰਦਿਆਂ ਸਿਰ ਉੱਚਾ ਹੋ ਜਾਂਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3807)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)