BudhSNeelon7ਇਨ੍ਹਾਂ ਡੇਰਿਆਂ ਵਾਲਿਆਂ ਦੀ ਉੱਪਰ ਤਕ ਪਹੁੰਚ ਹੈ ਇਨ੍ਹਾਂ ਕੋਲ ਅਸਲਾ ਹੈ ਅਫਸਰਾਂ ਅਤੇ ਪੁਲਿਸ ...
(3 ਅਕਤੂਬਰ 2021)

 

ਪੰਜਾਬ ਵਿੱਚ ਦਿਨੋਂ-ਦਿਨ ਵਧ ਰਹੇ ਡੇਰਾਵਾਦ ਨੇ ਜਿਹੜੀ ਤਸਵੀਰ ਸਮਾਜ ਦੀ ਬਣਾਈ ਹੈ, ਉਸ ਤੋਂ ਇੰਝ ਲੱਗਦਾ ਹੈ ਜਿਵੇਂ ਸਮਾਜ 21ਵੀਂ ਸਦੀ ਵਿੱਚ ਮਾਨਸਿਕ ਤੌਰ ’ਤੇ ਇੰਨਾ ਬਿਮਾਰ ਹੋ ਗਿਆ ਹੈ ਕਿ ਉਸ ਦਾ ਆਪਣੇ ਆਪ ਤੋਂ ਭਰੋਸਾ ਚੱਕਿਆ ਗਿਆ ਹੈਇਸੇ ਕਰਕੇ ਉਹ ਇਨ੍ਹਾਂ ਡੇਰਿਆਂ ਦੀ ਸ਼ਰਨ ਵਿੱਚ ਪੁੱਜ ਗਿਆ ਹੈਪੰਜਾਬ ਵਿੱਚ ਇਸ ਸਮੇਂ 12368 ਪਿੰਡ ਹਨ ਤੇ ਅਬਾਦੀ 3 ਕਰੋੜ। 117 ਵਿਧਾਨ ਸਭਾ ਤੇ 13 ਲੋਕ ਸਭਾ ਦੀਆਂ ਸੀਟਾਂ ਲਈ 1 ਕਰੋੜ 76 ਲੱਖ, 83 ਹਜ਼ਾਰ 22 ਵੋਟਰ ਹਨ। ਸਾਖ਼ਰਤਾ ਦਰ 15ਵੇਂ ਤੋਂ 22ਵੇਂ ਥਾਂ ਤਕ ਪੁੱਜ ਗਈ ਹੈ। ਅਨਪੜ੍ਹਤਾ ਦੇ ਕਾਰਨ ਇਸ ਸਮੇਂ ਪੰਜਾਬ 20ਵੇਂ ਸਥਾਨ ’ਤੇ ਹੈ ਤੇ ਪੰਜਾਬ ਵਿੱਚ 2200 ਦੇ ਕਰੀਬ ਡੇਰੇ ਮੌਜੂਦ ਹਨ ਇਨ੍ਹਾਂ ਵਿੱਚੋਂ ਦਰਜਨ ਦੇ ਕਰੀਬ ਅਜਿਹੇ ਡੇਰੇ ਹਨ, ਜਿਨ੍ਹਾਂ ਦੇ ਲੱਖਾਂ ਸ਼ਰਧਾਲੂ ਹਨਡੇਰਿਆਂ ਦੇ ਸੰਚਾਲਕ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਉਹ ਕਿਸੇ ਨਾ ਕਿਸੇ ਰਾਜਸੀ ਪਾਰਟੀ ਦੀ ਹਿਮਾਇਤ ਕਰਦੇ ਹਨ ਤੇ ਉਨ੍ਹਾਂ ਦੇ ਸ਼ਰਧਾਲੂ ਅੱਖਾਂ ਮੀਚ ਕੇ ਆਪਣੇ ਸੰਚਾਲਕ ਦਾ ਹੁਕਮ ਵਜਾਉਂਦੇ ਹਨ

ਪਿਛਲੇ ਸਮਿਆਂ ਵਿੱਚ ਪੰਜਾਬ ਵਿੱਚ ਸੌਦਾ ਸਾਧ ਦਾ ਡੇਰਾ ਚਰਚਾ ਵਿੱਚ ਰਿਹਾ ਹੈਉਸ ਨੇ ਜਿਸ ਤਰ੍ਹਾਂ ਸਿੱਖ ਧਰਮ ਦੀਆਂ ਮਾਣਮੱਤੀਆਂ ਰਿਵਾਇਤਾਂ ਦੀਆਂ ਧੱਜੀਆਂ ਉਡਾਈਆਂ ਹਨ, ਇਹ ਤਾਂ ਜੱਗ ਦੇ ਸਾਹਮਣੇ ਹਨ ਪਰ ਜਿਸ ਤਰ੍ਹਾਂ ਸਿੱਖਾਂ ਦੇ ਸਰਵ ਉੱਚ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਜਿਸ ਤਰ੍ਹਾਂ ਦੀ ‘ਸਿਆਸੀ’ ਨੀਤੀ ਅਪਣਾਈ ਹੈ, ਇਸ ਨੇ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈਤਖ਼ਤ ਦੀ ‘ਮਰ ਜਾਓ ਚਿੜੀਓ, ਜਿਓਂ ਪਓ ਚਿੜੀਓ’ ਵਾਲੀ ਵਿਚਾਰਧਾਰਾ ਨੇ ਸਿੱਖਾਂ ਨੂੰ ਖੇਮਿਆਂ ਵਿੱਚ ਵੰਡ ਦਿੱਤਾ ਹੈ, ਕਿਉਂਕਿ ਪੰਜਾਬ ਦੇ ਸਿੱਖ ਤਖ਼ਤਾਂ ਉੱਤੇ ਬਾਦਲਕਿਆਂ ਦਾ ਕਬਜ਼ਾ ਹੈਉਹ ਤਖ਼ਤਾਂ ਨੂੰ ਆਪਣੇ ਸਿਆਸੀ ਮਨਸੂਬਿਆਂ ਅਨੁਸਾਰ ਵਰਤਦੇ ਰਹਿੰਦੇ ਹਨ ਪਿਛਲੀ ਵਾਰ ਚੋਣਾਂ ਵਿੱਚ ਸਰਸੇ ਵਾਲੇ ਸੌਦਾ ਸਾਧ ਅਤੇ ਪੰਜਾਬ ਦੇ ਸੰਤ ਸਮਾਜ ਨੇ ਬਾਦਲਕਿਆਂ ਦਾ ਪੱਖ ਪੂਰਿਆਉਸ ਤੋਂ ਵੀ ਇਹ ਪਤਾ ਲੱਗ ਗਿਆ ਹੈ ਕਿ ਜਿਹੜੇ ਸੰਤ ਸੰਗਤਾਂ ਨੂੰ ਧੁਰ ਦਰਗਾਹ ਦਾ ਰਸਤਾ ਦੱਸਦੇ ਹਨ, ਉਹ ਬਾਦਲਾਂ ਦੇ ਖੁਦ ਪਿਛਲੱਗ ਹਨ

ਆ ਰਹੀਆਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮਾਂ ਦੀ ਬੇਅਦਬੀ ਨੂੰ ਲੈ ਕੇ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਮਾਹੌਲ ਸਿਰਜਿਆ ਹੈ ਉਸ ਤੋਂ ਇੰਞ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਡੇਰਿਆਂ ਦੇ ਮੁਖੀਆਂ ਅਤੇ ਸਿਆਸੀ ਆਗੂਆਂ ਦੇ ‘ਗੋਲੇ’ ਨਹੀਂ ਪਰ ਪੰਜਾਬ ਦੇ ਚਿੰਤਨਸ਼ੀਨ ਲੋਕਾਂ ਲਈ ਇਹ ਜ਼ਰੂਰ ਖੋਜ ਦਾ ਵਿਸ਼ਾ ਹੈ ਕਿ ਡੇਰਾਵਾਦ ਦਿਨੋਂ ਦਿਨ ਕਿਉਂ ਪ੍ਰਫੁਲਿਤ ਹੋ ਰਿਹਾ ਹੈਦੂਜੇ ਪਾਸੇ ਇਨ੍ਹਾਂ ਸਾਧਾਂ ਦੇ ਡੇਰਿਆਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖ਼ਾਮੋਸ਼ੀ ਨੇ ਚਿੰਤਨਸ਼ੀਲ ਵਿਅਕਤੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਪ੍ਰੰਤੂ ਅਜਿਹੇ ‘ਸੱਜਣ ਪੁਰਸ਼ਾਂ’ ਨੂੰ ਦੁਖੀ ਹੋਣਾ ਚਾਹੀਦਾ ਹੈ, ਉਹ ਹਰ ਮੁਸੀਬਤ ਵੇਲੇ ‘ਪੰਥ’ ਖ਼ਤਰੇ ਵਿੱਚ ਹੈ’ ਦਾ ਨਾਅਰਾ ਲਾ ਕੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਮੌਤ ਦੇ ਮੂੰਹ ਵੱਲ ਧੱਕਦੇ ਹਨ

ਜੇਕਰ ਦੇਖਿਆ ਜਾਵੇ ਤਾਂ ਅੱਤਵਾਦ ਦੇ ਪਤਨ ਤੋਂ ਬਾਅਦ ਡੇਰਿਆਂ ਵਿੱਚ ਵਿਆਪਕ ਪੱਧਰ ਉੱਪਰ ਵਾਧਾ ਹੋਇਆ ਹੈਇਹ ਵਾਧਾ ਕਿਉਂ ਹੋਇਆ? ਇਸਦੇ ਦੋ ਹੀ ਕਾਰਨ ਉੱਭਰਵੇਂ ਰੂਪ ਵਿੱਚ ਸਾਹਮਣੇ ਆਏ ਹਨਪਹਿਲਾ ਇਸ ਭੋਗਵਾਦੀ ਤੇ ਖਪਤਵਾਦੀ ਦੌਰ ਵਿੱਚ ਵੱਧ ਤੋਂ ਵੱਧ ਪੂੰਜੀ ਪ੍ਰਾਪਤ ਕਰਨ ਦੀ ਹਵਸ ਅਤੇ ਦੂਜਾ ਕਾਰਨ ਧਰਮ ਵਿੱਚ ਆਈ ਖੜੋਤ, ਜਿਸ ਨੇ ਨਾਨਕ ਨਾਮ ਲੇਵਾ ਲੋਕਾਂ ਨੂੰ ਸਿੱਖ ਧਰਮ ਤੋਂ ਦੂਰ ਕੀਤਾ ਹੈਵਿਸ਼ਵੀਕਰਨ ਨੇ ਜਿੱਥੇ ਤੀਜੀ ਦੁਨੀਆਂ ਦੇ ਦੇਸ਼ਾਂ ਨੂੰ ਸੂਚਨਾ ਕ੍ਰਾਂਤੀ ਦੇ ਕਾਰਨ ਇੱਕ-ਦੂਜੇ ਦੇ ਨੇੜੇ ਕੀਤਾ ਹੈ, ਉੱਥੇ ਵੱਡੇ ਦੇਸ਼ਾਂ ਲਈ ਭਾਰਤ ਵਰਗਾ ਦੇਸ਼ ਵਧੀਆ ਮੰਡੀ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ ਕਿ ਇੱਥੋਂ ਦਾ ਵਾਸੀ ਉਸ ਤੰਦੂਏ ਜਾਲ ਵਿੱਚ ਮੱਛੀ ਵਾਂਗ ਫਸ ਕੇ ਰਹਿ ਗਿਆ ਹੈਮਨੁੱਖ ਨੇ ਆਪਣੀਆਂ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਇੱਕ ਅਜਿਹੀ ਦੁਨੀਆਂ ਵਿੱਚ ਪ੍ਰਵੇਸ਼ ਕਰ ਲਿਆ ਹੈ, ਜਿੱਥੇ ਰਿਸ਼ਤੇ ਵੀ ਉਸ ਦੇ ਅਸਲ ਮਕਸਦ ਤੋਂ ਪਿੱਛੇ ਰਹਿ ਗਏ ਹਨਵੱਧ ਤੋਂ ਵੱਧ ਪੂੰਜੀ ਇਕੱਠੀ ਕਰਨ ਲਈ ਮਨੁੱਖ ਨੇ ਇਸ ਤਰ੍ਹਾਂ ਦੇ ਹੱਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਹਨ ਜਿਸ ਨਾਲ ਉਸ ਨੂੰ ਨਾ ਤਾਂ ਧਨ ਪ੍ਰਾਪਤ ਹੋਇਆ ਤੇ ਨਾ ਹੀ ਰਿਸ਼ਤੇ ਬਚੇ ਹਨਉਹ ਮਨੁੱਖ ਮਾਨਸਿਕ ਤੌਰ ’ਤੇ ਬਿਮਾਰ ਰਹਿਣ ਲੱਗਾ ਰੋਜ਼ਾਨਾ ਦੀਆਂ ਨਵੀਆਂ ਮੁਸੀਬਤਾਂ ਅਤੇ ਆਰਥਿਕ ਟੁੱਟ-ਭੱਜ ਨੇ ਮਨੁੱਖ ਦਾ ਤਵਾਜ਼ਨ ਹਿਲਾ ਕੇ ਰੱਖ ਦਿੱਤਾਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਸਾਧਾਂ ਦੇ ਡੇਰਿਆਂ ਵਿੱਚ ਜਾ ਕੇ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ ਇਨ੍ਹਾਂ ਡੇਰਿਆਂ ਵਿੱਚ ਪੁੱਜੇ ਮਾਨਸਿਕ ਰੋਗੀਆਂ ਦਾ ਡੇਰਿਆਂ ਨੇ ਆਰਥਿਕ ਅਤੇ ਜਿਸਮਾਨੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ

ਅੱਜ ਪੰਜਾਬ ਦੇ ਹਰ ਪਿੰਡ, ਹਰ ਸ਼ਹਿਰ ਵਿੱਚ ਅਜਿਹੇ ਅਖੌਤੀ ਬਾਬਿਆਂ ਦੇ ਡੇਰੇ ਖੁੰਬਾਂ ਵਾਂਗ ਉੱਗੇ ਹੋਏ ਹਨ ਇਨ੍ਹਾਂ ਦੇ ਨਾਂ ਵੀ ਅਜੀਬ ਕਿਸਮ ਦੇ ਹਨ, ਸੋਟੀ ਵਾਲਾ ਬਾਬਾ, ਪਤਾਸਿਆਂ ਵਾਲਾ, ਧੂਣੀ ਵਾਲਾ, ਭਨਿਆਰੇ ਵਾਲਾ, ਟੂਸਿਆਂ ਵਾਲੇ, ਪਹੋਏ ਵਾਲੇ, ਸੰਗਲਾਂ ਵਾਲੇ, ਤੀਰ ਵਾਲੇ, ਕੁੱਤਿਆਂ ਵਾਲੇ ਆਦਿ ਪਤਾ ਨਹੀਂ ਇਨ੍ਹਾਂ ਦੇ ਕਿੰਨੇ ਨਾਂ ਹਨ ਇਨ੍ਹਾਂ ਡੇਰਿਆਂ ਵਿਚਲੇ ਸਾਧਾਂ ਦੀ ਪ੍ਰਸ਼ਾਸਨ ਵਿੱਚ ਪਹੁੰਚ ਹੋਣ ਕਰਕੇ ਆਪਣੇ ਸੇਵਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲੱਕੜ ਦੇ ਮੁੰਡੇ ਬਖਸ਼ਦੇ ਹਨ ਇਨ੍ਹਾਂ ਦੇ ਚੁੰਗਲ ਵਿੱਚ ਫਸਿਆ ਕੋਈ ਵੀ ਵਿਅਕਤੀ ਨਾ ਘਰ ਦਾ ਰਹਿੰਦਾ ਹੈ,ਨਾ ਘਾਟ ਦਾ। ਕੋਈ ਬਾਬਾ ਇਲੈਚੀਆਂ ਦਾ ਪ੍ਰਸ਼ਾਦ ਵੰਡਦਾ ਹੈ, ਕੋਈ ਸਿਗਰਟਾਂ ਦਾ, ਕੋਈ ਪਤਾਸਿਆਂ ਦਾ ਤੇ ਭਨਿਆਰੇ ਵਾਲਾ ਤਾਂ ਲੋਕਾਂ ਨੂੰ ਮਿੱਟੀ ਹੀ ਵੰਡੀ ਗਿਆਸਾਡੇ ਅੰਧ-ਵਿਸ਼ਵਾਸੀ ਲੋਕਾਂ ਨੇ ਵਿਗਿਆਨਕ ਨਜ਼ਰੀਏ ਤੋਂ ਕਦੀ ਵੀ ਇਨ੍ਹਾਂ ਸਾਧਾਂ ਦੀ ਪੁਣਛਾਣ ਨਹੀਂ ਕੀਤੀਉਹ ਸ਼ਰਧਾ ਵੱਸ ਇਨ੍ਹਾਂ ਸਾਧਾਂ ਦੇ ਚੁੰਗਲ ਵਿੱਚ ਫਸੀ ਜਾ ਰਹੇ ਹਨ ਇਨ੍ਹਾਂ ਸਾਧਾਂ ਕੋਲ ਗਿਆ ਕੋਈ ਵੀ ਵਿਅਕਤੀ ਸੁੱਕਾ ਵਾਪਸ ਨਹੀਂ ਪਰਤਦਾ

ਪੰਜਾਬ ਵਿੱਚ ਇਨ੍ਹਾਂ ਸਾਧਾਂ ਨੇ ਸਿੱਖ ਧਰਮ ਦਾ ਜਿਹੜਾ ਨਾਸ਼ ਕੀਤਾ ਹੈ, ਉਸ ਪਾਸੇ ਵੱਲ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਿਆਨ ਦਿੱਤਾ ਅਤੇ ਨਾ ਹੀ ਹੋਰ ਸਿੱਖ ਜਥੇਬੰਦੀਆਂ ਨੇ ਇਨ੍ਹਾਂ ਸਾਧਾਂ ਨੇ ਸਿੱਖ ਧਰਮ ਪ੍ਰਚਾਰ ਦੇ ਨਾਂ ਹੇਠ ਆਪਣੇ ਮਹਿਲ ਨੁਮਾ ਆਲੀਸ਼ਾਨ ਮਹਿਲ ਹੀ ਉਸਾਰੇ ਹਨ ਇਨ੍ਹਾਂ ਕੋਲ ਏ ਸੀ ਗੱਡੀਆਂ ਤੇ ਕੋਠੀਆਂ ਹਨਲੋਕਾਂ ਉੱਪਰ ਰੋਅਬ ਪਾਉਣ ਲਈ ਬੰਦੂਕਾਂ, ਰਾਈਫਲਾਂ, ਜਿਪਸੀਆਂ ਆਦਿ ਹਨਕਈ ਬਾਬਿਆਂ ਨੇ ਤਾਂ ਆਪਣੀਆਂ ਮੋਟਰ ਗੱਡੀਆਂ ਉੱਪਰ ਲਾਲ ਬੱਤੀ ਤਕ ਵੀ ਲਗਾਈ ਹੋਈ ਹੈ ਇਨ੍ਹਾਂ ਦੇ ਜਾਂਦੇ ਕਾਫ਼ਲੇ ਕਈ ਵਾਰ ਸੜਕਾਂ ਉੱਪਰ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਇਨ੍ਹਾਂ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਕਿ ਇਨ੍ਹਾਂ ਨੇ ਆਪਣੀ ਗੱਡੀ ਉੱਪਰ ਲਾਲ ਬੱਤੀ ਕਿਉਂ ਲਗਾਈ ਹੈ? ਕਿਉਂਕਿ ਇਨ੍ਹਾਂ ਬਾਬਿਆਂ ਦੀ ਸੱਤਾਧਾਰੀ ਆਗੂਆਂ ਤਕ ਪਹੁੰਚ ਹੁੰਦੀ ਹੈਸੱਤਾਧਾਰੀ ਆਗੂ ਇਨ੍ਹਾਂ ਡੇਰਿਆਂ ਉੱਤੇ ਅਕਸਰ ਹੀ ਗੇੜੇ ਮਾਰਦੇ ਰਹਿੰਦੇ ਹਨਜਿਹੜੇ ਆਮ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ ਇਨ੍ਹਾਂ ਅਖੌਤੀ ਬਾਬਿਆਂ ਕੋਲ ਬਹੁਤੀ ਭੀੜ ਔਰਤਾਂ ਦੀ ਹੁੰਦੀ ਹੈਇਹ ਔਰਤਾਂ ਬਾਬਿਆਂ ਨੂੰ ਮਾਨਤਾ ਬਖ਼ਸ਼ਦੀਆਂ ਹਨ ਤੇ ਉਨ੍ਹਾਂ ਦੀ ਇਸ਼ਤਿਹਾਰਬਾਜ਼ੀ ਦਾ ਕੰਮ ਵੀ ਇਹੋ ਔਰਤਾਂ ਕਰਦੀਆਂ ਹਨਘਰ ਭਾਵੇਂ ਇਹ ਘਰਵਾਲੇ ਨੂੰ ਚਾਹ ਦਾ ਕੱਪ ਨਾ ਦਿੰਦੀਆਂ ਹੋਣ, ਪਰ ਬਾਬਿਆਂ ਕੋਲ ਦੁੱਧ ਦੇ ਡੋਲੂ ਭਰੀ ਹੱਥਾਂ ਵਿੱਚ ਫੜੀ ਜਾਂਦੀਆਂ ਇਨ੍ਹਾਂ ਔਰਤਾਂ ਦੀ ਤਸਵੀਰ ਤੁਸੀਂ ਹਰੇਕ ਡੇਰੇ ਬਾਹਰ ਵੇਖ ਸਕਦੇ ਹੋ

ਇਹ ਬਾਬੇ ਜਦੋਂ ਕੀਰਤਨ ਕਰਦੇ ਹਨ ਉਦੋਂ ਸਭ ਨੂੰ ਮਾਇਆ ਤੋਂ ਬਚਣ ਦੀ ਸਿੱਖਿਆ ਦਿੰਦੇ ਹਨ। ਉਸ ਸਮੇਂ ਸਿੱਖ ਧਰਮ, ਸਿੱਖ ਇਤਿਹਾਸ ਵਿੱਚੋਂ ਹੀ ਨਹੀਂ ਸਗੋਂ ਅਜਿਹੀਆਂ ਮਨਘੜਤ ਕਹਾਣੀਆਂ ਸੁਣਾਉਂਦੇ ਹਨ ਅਤੇ ਗੁਰਬਾਣੀ ਦੀ ਅਜਿਹੀ ਵਿਆਖਿਆ ਕਰਦੇ ਹਨ ਕਿ ਸੁਣਨ ਵਾਲਾ ਵਿਅਕਤੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਪਰ ਜਿਹੜੀ ਸਾਧ ਸੰਗਤ ਅੱਗੇ ਬੈਠੀ ਸਿਰ ਸੁੱਟੀ ਇਨ੍ਹਾਂ ਬਾਬਿਆਂ ਦੇ ਪ੍ਰਵਚਨ ਸੁਣਦੀ ਹੈ, ਉਹ ਧੰਨ-ਧੰਨ ਕਰਦੀ ਹੈ ਕਿਉਂਕਿ ਉਹ ਲੋਕ ਪਹਿਲਾਂ ਹੀ ਅੰਧ ਵਿਸ਼ਵਾਸੀ ਹੁੰਦੇ ਹਨ ਉਨ੍ਹਾਂ ਨੂੰ ਬਾਬੇ ਵਿੱਚ ਕੋਈ ਖੋਟ ਹੀ ਨਜ਼ਰ ਨਹੀਂ ਆਉਂਦਾ, ਇਸ ਕਰਕੇ ਉਹ ਮੰਤਰ-ਮੁਗਧ ਹੋ ਕੇ ਬਾਬਾ ਜੀ ਦੀ ਕੱਚੀ ਬਾਣੀ ਦਾ ਆਨੰਦ ਮਾਣਦੇ ਹਨ

ਕਈ ਬਾਬੇ ਤਾਂ ਛੋਟੀਆਂ ਜਾਤਾਂ ਦਾ ਪ੍ਰਸ਼ਾਦ ਜਾਂ ਕੋਈ ਹੋਰ ਵਸਤੂ ਵੀ ਨਹੀਂ ਲੈਂਦੇ ਜਦ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਜਾਤ-ਪਾਤ ਦਾ ਕੋਈ ਭੇਦਭਾਵ ਨਹੀਂ ਦੱਸਿਆ ਹੈ ਇਨ੍ਹਾਂ ਬਾਬਿਆਂ ਨੇ ਆਪਣਾ ਹੀ ਇੱਕ ਵੱਖਰੀ ਤਰ੍ਹਾਂ ਦਾ ਨੈੱਟਵਰਕ ਤਿਆਰ ਕੀਤਾ ਹੋਇਆ ਹੈ ਇਨ੍ਹਾਂ ਬਾਬਿਆਂ ਦੇ ਮੁੱਖ ਸੇਵਾਦਾਰ ਆਈ ਸੰਗਤ ਵਿੱਚੋਂ ਅਜਿਹੇ ਵਿਅਕਤੀ ਦੀ ਤਲਾਸ਼ ਵਿੱਚ ਰਹਿੰਦੇ ਹਨ, ਜਿਸਦੀ ਔਲਾਦ ਕਹਿਣੇ ਵਿੱਚ ਨਾ ਹੋਵੇਉਹ ਉਸ ਬੀਬੀ ਜਾਂ ਬੀਬੇ ਨੂੰ ਸੰਤਾਂ ਦੀਆਂ ਅਜਿਹੀਆਂ ਚੋਪੜੀਆਂ ਗੱਲਾਂ ਸੁਣਾਉਂਦੇ ਹਨ ਕਿ ਸੁਣਨ ਵਾਲਾ ਬੰਦਾ ਕੀਲਿਆ ਜਾਂਦਾ ਹੈਅਸਲ ਵਿੱਚ ਉਨ੍ਹਾਂ ਦੀ ਅੱਖ ਉਸ ਵਿਅਕਤੀ ਦੀ ‘ਜ਼ਮੀਨ ਜਾਇਦਾਦ’ ਉੱਪਰ ਹੁੰਦੀ ਹੈਉਹ ਫਿਰ ਉਸ ਵਿਅਕਤੀ ਦੀ ਅਜਿਹੀ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹਨ ਕਿ ਬੰਦਾ ਉਨ੍ਹਾਂ ਦੇ ਚੁੰਗਲ ਵਿੱਚ ਫਸਦਾ ਹੀ ਚਲਿਆ ਜਾਂਦਾ ਹੈਜਦੋਂ ਉਸ ਵਿਅਕਤੀ ਦੀ ਜ਼ਮੀਨ-ਜਾਇਦਾਦ ਇਨ੍ਹਾਂ ਬਾਬਿਆਂ ਦੇ ਹੱਥ ਲੱਗ ਜਾਂਦੀ ਹੈ, ਫਿਰ ਉਸ ਵਿਅਕਤੀ ਨੂੰ ਕੋਈ ਪਾਣੀ ਪੁੱਛਣ ਵਾਲਾ ਨਹੀਂ ਹੁੰਦਾਇਸ ਜ਼ਮੀਨ ਹਥਿਆਉਣ ਦੇ ਧੰਦੇ ਵਿੱਚ ਸਭ ਡੇਰਿਆਂ ਦੀ ਪੂਰੀ ਚੜ੍ਹਾਈ ਹੈ

ਇਨ੍ਹਾਂ ਡੇਰਿਆਂ ਵਾਲਿਆਂ ਦੀ ਉੱਪਰ ਤਕ ਪਹੁੰਚ ਹੈ ਇਨ੍ਹਾਂ ਕੋਲ ਅਸਲਾ ਹੈ ਅਫਸਰਾਂ ਅਤੇ ਪੁਲਿਸ ਨੂੰ ਕਾਣਾ ਕਰਨ ਲਈ ਮਾਇਆ ਬਹੁਤ ਹੈ ਇਨ੍ਹਾਂ ਦਾ ਮੁੱਖ ਧੰਦਾ ਬੇਸਹਾਰਾ ਵਿਅਕਤੀਆਂ ਦੀਆਂ ਜ਼ਮੀਨਾਂ ਉੱਪਰ ਕਬਜ਼ੇ ਕਰਨਾ ਹੈ ਇਨ੍ਹਾਂ ਵੱਲੋਂ ਪੰਚਾਇਤੀ ਜ਼ਮੀਨਾਂ ਉੱਪਰ ਕਬਜ਼ੇ ਕਰਨ ਦੀਆਂ ਖ਼ਬਰਾਂ ਪਿਛਲੇ ਵਰ੍ਹੇ ਅਖ਼ਬਾਰਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ ਇਨ੍ਹਾਂ ਡੇਰਿਆਂ ਦੇ ਬਹੁਤ ਸਾਰੇ ਪ੍ਰਬੰਧਕਾਂ ਕੋਲ ਇਸ ਤਰ੍ਹਾਂ ਕਬਜ਼ੇ ਵਿੱਚ ਲਈਆਂ ਜ਼ਮੀਨਾਂ ਹੀ ਨਹੀਂ, ਕੋਠੀਆਂ ਅਤੇ ਔਰਤਾਂ ਵੀ ਹਨ। ਪਰ ਇਨ੍ਹਾਂ ਡੇਰਿਆਂ ਵਾਲਿਆਂ ਨੂੰ ਕੋਈ ਚੈਲਿੰਜ ਕਰਨ ਵਾਲਾ ਨਹੀਂ ਕਿਉਂਕਿ ਬਹੁਤੀ ਦੁਨੀਆਂ ਆਪਣੀ ਔਲਾਦ ਹੱਥੋਂ ਦੁਖੀ ਹੈ ਤੇ ਇਹ ਡੇਰੇ ਵਾਲੇ ਉਸ ਦਾ ਨਾਜਾਇਜ਼ ਤੌਰ ’ਤੇ ਫਾਇਦਾ ਉਠਾਉਂਦੇ ਹਨ

ਇਨ੍ਹਾਂ ਡੇਰਿਆਂ ਦੇ ਅਸਲ ਕਿਰਦਾਰ ਦੀ ਗਾਥਾ ਪਾਉਂਦੀ ਕਹਾਣੀਕਾਰ ਸੁਖਜੀਤ ਦੀ ਕਹਾਣੀ ‘ਪਾਤਸ਼ਾਹ’, ‘ਮੈਂ ਇੰਜੁਆਈ ਕਰਦੀ ਹਾਂ’ ਤੇ ‘ਆਦਮਖੋਰ’ ਪੜ੍ਹਨ ਵਾਲੀ ਹੈ ਇਨ੍ਹਾਂ ਕਹਾਣੀਆਂ ਵਿੱਚ ਡੇਰਿਆਂ ਦੇ ਕਿਰਦਾਰ ਨੂੰ ਬੜੇ ਸਪਸ਼ਟ ਰੂਪ ਵਿੱਚ ਪੇਸ਼ ਕੀਤਾ ਗਿਆ ਹੈਜੇ ਕਦੇ ਮੌਕਾ ਮਿਲੇ ਤਾਂ ਇਹ ਕਹਾਣੀਆਂ ਪੜ੍ਹ ਲਿਓਸੁਖਜੀਤ ਦੀ ਸਵੈ ਜੀਵਨੀ ਵੀ ਇੱਕ ਡੇਰੇ ਦੇ ਪਰਦੇ ਚਾਕ ਕਰਦੀ ਹੈਤੁਹਾਨੂੰ ਇਨ੍ਹਾਂ ਡੇਰਿਆਂ ਦੀ ਅੰਦਰਲੀ ਉਹ ਤਸਵੀਰ ਨਜ਼ਰ ਪੈ ਜਾਵੇਗੀ, ਜਿਹੜੀ ਸਾਨੂੰ ਬਾਹਰੀ ਰੂਪ ਵਿੱਚ ਦਿਖਾਈ ਨਹੀਂ ਦਿੰਦੀ ਇਨ੍ਹਾਂ ਡੇਰਿਆਂ ਵਿੱਚ ਜਿੱਥੇ ਜ਼ਮੀਨ ਜਾਇਦਾਦ ਦਾ ਸ਼ੋਸ਼ਣ ਹੁੰਦਾ ਹੈ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਨਾਂ ਹੇਠ ਹਰ ਵਰ੍ਹੇ ਕਰੋੜਾਂ ਰੁਪਏ ਇਕੱਠੇ ਕਰਦੀ ਹੈ। ਉਨ੍ਹਾਂ ਦੀ ਖਾਮੋਸ਼ੀ ਇਸ ਗੱਲ ਦੀ ਝਲਕ ਦਿੰਦੀ ਹੈ ਜਿਵੇਂ ਉਹ ਵੀ ਇਨ੍ਹਾਂ ਸਾਧਾਂ ਦੇ ਨਾਲ ਰਲੀ ਹੋਵੇ, ਜਿਹੜੇ ਸਿੱਖ ਧਰਮ ਦੇ ਨਾਂ ਹੇਠ ਜਿੱਥੇ ਧਰਮ ਦਾ ਨੁਕਸਾਨ ਕਰ ਰਹੇ ਹਨ ਅਤੇ ਨਾਲ ਹੀ ਲੋਕਾਂ ਦਾ ਆਰਥਿਕ, ਸਰੀਰਕ ਸ਼ੋਸ਼ਣ ਕਰ ਰਹੇ ਹਨ।

ਜੇਕਰ ਦੇਖਿਆ ਜਾਵੇ ਤਾਂ ਸਾਡਾ ਪੰਜਾਬ ਅੱਜ ਇਨ੍ਹਾਂ ਅਖੌਤੀ ਬਾਬਿਆਂ ਦੇ ਵੱਸ ਪਿਆ ਹੋਇਆ ਹੈਜਿਹੜਾ ਪੰਜਾਬ ਕਦੇ ਅਣਖ ਦਾ ਪ੍ਰਤੀਕ ਹੁੰਦਾ ਸੀ, ਅੱਜ ਆਪਣੀਆਂ ਬਹੂ-ਬੇਟੀਆਂ ਨੂੰ ਇਨ੍ਹਾਂ ਸਾਧਾਂ ਦੇ ਡੇਰਿਆਂ ਵਿੱਚ ਕਿਉਂ ਭੇਜਣ ਲਈ ਮਜਬੂਰ ਹੋ ਰਿਹਾ ਹੈ? ਇਹ ਭਾਵੇਂ ਸਮਾਜਿਕ, ਮਨੋਵਿਗਿਆਨਕ ਅਤੇ ਆਰਥਿਕਤਾ ਦੇ ਨਾਲ ਜੁੜਿਆ ਵਿਸ਼ਾ ਹੈ ਪ੍ਰੰਤੂ ਇਸ ਸਮੇਂ ਸਾਨੂੰ ਇਸ ਵਰਤਾਰੇ ਨੂੰ ਦੇਖ ਕੇ ਜ਼ਰੂਰ ਸੋਚਣਾ ਪਵੇਗਾ ਕਿ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਸਾਧਾਂ ਦੇ ਕਬਜ਼ੇ ਵਿੱਚੋਂ ਕਿਵੇਂ ਛੁਡਵਾਇਆ ਜਾਵੇ? ਤਰਕਸ਼ੀਲ ਸੁਸਾਇਟੀ ਵਾਲਿਆਂ ਨੇ ਇਨ੍ਹਾਂ ਅਖੌਤੀ ਸਾਧਾਂ ਦੇ ਖ਼ਿਲਾਫ਼ ਬੀੜਾ ਚੁੱਕਿਆ ਹੈ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਇਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਨੂੰ ਸਾਧਾਂ ਦੇ ਚੁੰਗਲ ਤੋਂ ਬਚਾਉਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3053)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋਂ

Phone: (91 - 94643 - 70823)
Email: (budhsinghneelon@gmail.com)