HamirSingh7ਪਰ ਹੁਣ ਲਗਦਾ ਹੈ ਜਿਵੇਂ ਪੰਜਾਬੀਆਂ ਦੇ ਸੁਪਨੇ ਮਰਦੇ ਜਾ ਰਹੇ ਹੋਣ ...
(6 ਅਗਸਤ 2016)

 

ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸੰਤ ਸਿੰਘ ਸੇਖੋਂ 1995 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਵਿੱਚ ਆਏ। ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰੇ ਦੌਰਾਨ ਉਨ੍ਹਾਂ ਤੋਂ ਪੰਜਾਬੀ ਦੇ ਤਿੰਨ ਸਿਰਮੌਰ ਸਾਹਿਤਕਾਰਾਂ ਦੇ ਨਾਮ ਪੁੱਛੇ ਜਾਣ ਉੱਤੇ ਉਨ੍ਹਾਂ ਦਾ ਜਵਾਬ ਸੀ ਭਾਈ ਵੀਰ ਸਿੰਘ, ਸੰਤ ਸਿੰਘ ਸੇਖੋਂ ਅਤੇ ਗੁਰਬਖ਼ਸ਼ ਸਿੰਘ। ਵੈਸੇ ਸਾਡੇ ਸਭ ’ਚੋਂ ਵੱਡਾ ਸੀ ਗੁਰਬਖ਼ਸ ਸਿੰਘ ਕਿਉਂਕਿ ਭਾਈ ਵੀਰ ਸਿੰਘ ਕੋਲ ਗੁਰਬਾਣੀ ਦਾ ਅਤੇ ਮੇਰੇ ਕੋਲ ਮਾਰਕਸਵਾਦ ਦਾ ਚੌਖਟਾ ਸੀ ਪਰ ਗੁਰਬਖ਼ਸ਼ ਸਿੰਘ ਨੇ ਆਪਣਾ ਚੌਖਟਾ ਵੀ ਖੁਦ ਬਣਾਇਆ ਅਤੇ ਉਸ ਉੱਤੇ ਉਸਾਰੀ ਵੀ ਕੀਤੀ। ਸੇਖੋਂ ਵਰਗੇ ਵੱਡੇ ਸਾਹਿਤਕਾਰ ਦਾ ਇਹ ਕਹਿਣਾ ਆਪਣੇ ਆਪ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦੀ ਪੰਜਾਬੀ ਸਾਹਿਤ ਵਿੱਚ ਦੇਣ ਦੀ ਤਸਦੀਕ ਹੈ।

ਗੁਰਬਖ਼ਸ਼ ਸਿੰਘ ਦਾ ਮੰਨਣਾ ਸੀ ਕਿ ਪਿਆਰ ਕਬਜ਼ਾ ਨਹੀਂ ਪਛਾਣ ਹੈ। ਉਨ੍ਹਾਂ ਨੇ ਇਸ ਧਾਰਨਾ ਨੂੰ ਕੁਦਰਤ ਅਤੇ ਮਨੁੱਖਤਾ ਦੀ ਇੱਕਸੁਰਤਾ, ਸਮਾਜਿਕ ਬਰਾਬਰੀ ਅਤੇ ਸਾਂਝੀਵਾਲਤਾ ਉੱਤੇ ਅਧਾਰਿਤ ਸਮਾਜਿਕ ਪ੍ਰਬੰਧ ਸਿਰਜਣ ਦੇ ਵਿਆਪਕ ਅਰਥਾਂ ਵਾਲਾ ਸੁਪਨਾ ਹੀ ਨਹੀਂ ਦੇਖਿਆ ਬਲਕਿ ਇਸ ਨੂੰ ਸਾਕਾਰ ਕਰਨ ਲਈ ਸਭ ਕੁੱਝ ਦਾਅ ਉੱਤੇ ਲਗਾ ਦਿੱਤਾ। ਆਪਣੇ ਵਿਚਾਰਾਂ ਦੇ ਪਾਸਾਰ ਲਈ ਸ਼ੁਰੂ ਕੀਤਾ ਰਸਾਲਾ ਪ੍ਰੀਤ ਲੜੀ ਉਨ੍ਹਾਂ ਦੇ ਨਾਮ ਦਾ ਅਟੁੱਟ ਅੰਗ ਬਣ ਗਿਆ ਅਤੇ ਗੁਰਬਖ਼ਸ਼ ਸਿੰਘ ਹੁਣ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਹੋ ਗਿਆ। ਪ੍ਰੀਤ ਲੜੀ ਨੇ ਉਸ ਵਕਤ ਦੀ ਪੀੜ੍ਹੀ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਕਿ ਇਸ ਨੂੰ ਪੜ੍ਹਨਾ ਅਤੇ ਇਸ ਵਿੱਚ ਛਪਣਾ ਵੱਡੇ ਮਾਣ ਵਾਲੀ ਗੱਲ ਬਣ ਗਈ। ਕੇਵਲ ਰਸਾਲਾ ਹੀ ਨਹੀਂ ਪੰਜਾਬ ਦਾ ਪਹਿਲਾ ਯੋਜਨਾਬੱਧ ਪਿੰਡ ਪ੍ਰੀਤ ਨਗਰ ਵਸਾ ਕੇ ਸੁਪਨੇ ਨੂੰ ਅਮਲੀ ਰੂਪ ਵਿੱਚ ਸਾਕਾਰ ਕਰਨ ਦੀ ਮੁਹਿੰਮ ਵਿੱਢ ਦਿੱਤੀ।

ਦੇਸ਼-ਵਿਦੇਸ਼ ਵਿੱਚ ਘੁੰਮਦਿਆਂ ਅਤੇ ਪੜ੍ਹਦਿਆਂ ਸੰਸਾਰ ਪੱਧਰੀ ਜਾਣਕਾਰੀਆਂ ਨਾਲ ਲੈਸ ਹੋ ਕੇ ਆਇਆ ਪੇਸ਼ੇਵਰ ਇੰਜਨੀਅਰ ਕਿਸਾਨ ਅਤੇ ਲੇਖਕ ਬਣ ਗਿਆ। 1933 ਵਿੱਚ ਪ੍ਰਤੀ ਲੜੀ ਸ਼ੁਰੂ ਕਰਨ ਤੋਂ ਬਾਅਦ ਅੰਮ੍ਰਿਤਸਰ ਅਤੇ ਲਾਹੌਰ ਤੋਂ ਤਕਰੀਬਨ ਇੱਕੋ ਜਿੰਨੀ ਦੂਰੀ ਉੱਤੇ ਲਗਪਗ 200 ਏਕੜ ਜ਼ਮੀਨ ਵਿੱਚ ਇੱਕ ਅਸਲੋਂ ਅਲੱਗ ਤਰ੍ਹਾਂ ਦਾ ਪਿੰਡ ਵਸਾਉਣ ਦਾ ਫੈਸਲਾ ਲੈ ਲਿਆ। ਮੀਡੀਆ ਦੀ ਗੈਰ ਹਾਜ਼ਰੀ ਵਾਲੇ ਦੌਰ ਵਿੱਚ ਵੀ ਇਸ ਪਿੰਡ ਦੀ ਗੂੰਜ ਰਬਿੰਦਰ ਨਾਥ ਟੈਗੋਰ ਦੇ ਸ਼ਾਂਤੀ ਨਿਕੇਤਨ ਤੱਕ ਚਲੀ ਗਈ। ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਵੀ ਇਸ ਸੁਪਨੇ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਪਾਏ। ਇਸ ਪਿੰਡ ਵਿੱਚ ਅਜਿਹਾ ਕੀ ਸੀ? ਕੀ ਅੱਜ ਵੀ ਇਹ ਸੁਪਨਾ ਪ੍ਰਸੰਗਿਕ ਹੋ ਸਕਦਾ ਹੈ? ਇਨ੍ਹਾਂ ਸਵਾਲਾਂ ਬਾਰੇ ਪੰਜਾਬੀਆਂ ਨੂੰ ਅੱਜ ਵੀ ਚਰਚਾ ਕਰਨੀ ਬਣਦੀ ਹੈ।

ਗੁਰਬਖ਼ਸ਼ ਸਿੰਘ ਦੇ ਬੇਟੇ ਹਿਰਦੇਪਾਲ ਸਿੰਘ ਅੱਜ ਵੀ ਉਨ੍ਹਾਂ ਦੇ ਲਗਪਗ 82 ਸਾਲ ਪਹਿਲਾਂ ਬਣੇ ਉਸੇ ਘਰ ਵਿੱਚ ਰਹਿ ਰਹੇ ਹਨ। ਸ਼ੁਰੂਆਤੀ ਦੌਰ ਵਿੱਚ ਪ੍ਰੀਤ ਨਗਰ ਵਿੱਚ ਘਰ ਬਣਾਏ ਗਏ ਸਨ ਜੋ ਇੱਕ ਦੂਸਰੇ ਤੋਂ ਵਿੱਥ ਉੱਤੇ ਸਨ। ਕਿਸੇ ਘਰ ਦੀ ਚਾਰ ਦੀਵਾਰੀ ਨਾ ਕਰਨ ਪਿੱਛੇ ਵਿਚਾਰ ਸੀ ਕਿ ਦੀਵਾਰਾਂ ਖੜ੍ਹੀਆਂ ਕਰਨ ਨਾਲ ਲੋਕ ਅੰਦਰ ਝਾਕਣਾ ਸ਼ੁਰੂ ਕਰ ਦਿੰਦੇ ਹਨ। ਖੁੱਲ੍ਹਾਪਣ ਝਾਤੀਆਂ ਮਾਰਨ ਦੀ ਆਦਤ ਨੂੰ ਘਟਾਉਂਦਾ ਹੈ। ਪਾਣੀ ਅਤੇ ਬਿਜਲੀ ਨਾ ਹੋਣ ਦੇ ਬਾਵਜੂਦ ਘਰਾਂ ਦੀਆਂ ਛੱਤਾਂ, ਇਸ ਦੇ ਅੰਦਰ ਰੋਸ਼ਨੀ ਅਤੇ ਹਵਾ ਜਾਣ ਦਾ ਪ੍ਰਬੰਧ ਪੇਸ਼ੇਵਾਰਾਨਾ ਪਹੁੰਚ ਦਾ ਪ੍ਰਤੀਕ ਹੈ। ਸਭ ਲਈ ਸੌਚਾਲਿਆ ਦੀ 82 ਸਾਲ ਬਾਅਦ ਜੋ ਮੁਹਿੰਮ ਚਲਾਈ ਜਾ ਰਹੀ ਹੈ, ਜੇਕਰ ਗੁਰਬਖ਼ਸ਼ ਸਿੰਘ ਦਾ ਮਾਡਲ ਅਪਣਾਇਆ ਹੁੰਦਾ ਤਾਂ ਸ਼ਾਇਦ ਬਹੁਤ ਪਹਿਲਾਂ ਇਸ ਵਿਚਾਰ ਅਤੇ ਡਿਜ਼ਾਇਨ ਨੇ ਸਮੱਸਿਆ ਹੱਲ ਕਰ ਦੇਣੀ ਸੀ। ਇੰਨਾ ਪੁਰਾਣਾ, ਪਾਣੀ ਤੋਂ ਬਿਨਾਂ ਵਾਲਾ ਸੌਚਾਲਿਆ ਅੱਜ ਵੀ ਕੰਮਕਾਜੀ ਸਥਿਤੀ ਵਿੱਚ ਹੈ। ਹਰ ਘਰ ਵਿੱਚ 25 ਤੋਂ 30 ਫੀਸਦ ਖੇਤਰ ਵਿੱਚ ਹਰਿਆਲੀ ਦਾ ਬੰਦੋਬਸਤ ਹੈ। ਹਿਰਦੇਪਾਲ ਦੇ ਦੱਸਣ ਮੁਤਾਬਿਕ ਸ਼ੁਰੂਆਤੀ ਤੌਰ ਉੱਤੇ 1938 ਵਿੱਚ ਵਸੇ ਇਸ ਨਗਰ ਵਿੱਚ 8 ਮਕਾਨਾਂ ਵਿੱਚ 16 ਪਰਿਵਾਰਾਂ ਨੇ ਰਿਹਾਇਸ਼ ਕੀਤੀ। ਉਨ੍ਹਾਂ ਦਾ ਦਾਅਵਾ ਹੈ ਕਿ ਮਕਾਨ ਬਣਾਉਣ ਤੋਂ ਲੈ ਕੇ ਹਰ ਕੰਮ ਲਈ ਸਾਰੇ ਮਿਸਤਰੀ, ਰਾਜ ਮਿਸਤਰੀ ਅਤੇ ਲੇਬਰ ਪ੍ਰੀਤ ਨਗਰ ਦੇ ਇਲਾਕੇ ਵਿੱਚੋਂ ਹੀ ਸੀ। ਆਪਣੇ ਆਲੇ ਦੁਆਲੇ ਵਿੱਚੋਂ ਹੀ ਸਭ ਜ਼ਰੂਰਤਾਂ ਪੂਰੀਆਂ ਕਰਨ ਅਤੇ ਉਨ੍ਹਾਂ ਲਈ ਹੀ ਰੁਜ਼ਗਾਰ ਦੇ ਮੌਕੇ ਦੇਣ ਦਾ ਇਹ ਨਾਯਾਬ ਨਮੂਨਾ ਸੀ। ਸਾਹਿਤਕਾਰਾਂ ਦੇ ਮੱਕੇ ਵਜੋਂ ਉੱਭਰੇ ਇਸ ਨਗਰ ਵਿੱਚ ਨਾਨਕ ਸਿੰਘ, ਬਲਾਰਜ ਸਾਹਨੀ ਸਮੇਤ ਵੱਡੇ ਲੇਖਕ ਅਤੇ ਕਲਾਕਾਰ ਜੁੜੇ ਰਹੇ। ਪੰਜਾਬੀ ਨਾਟਕ ਦੀ ਨਕੜਦਾਦੀ ਨੋਰਾ ਰਿਚਰਡ, ਸੋਭਾ ਸਿੰਘ ਸਮੇਤ ਅਨੇਕ ਲੋਕ ਜੁੜੇ ਰਹੇ।

ਪੰਜਾਬੀ ਦੀ ਧਰਤੀ ਉੱਤੇ ਬਾਬਾ ਫਰੀਦ ਅਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਉੱਤੇ ਅਧਾਰਿਤ ਲੰਗਰ, ਸੰਗਤ ਅਤੇ ਪੰਗਤ ਦੀ ਲੜੀ ਨੂੰ ਕੇਵਲ ਗੁਰੂ ਘਰਾਂ ਤੋਂ ਪਿੰਡ ਤੱਕ ਅੱਗੇ ਤੋਰਦਿਆਂ ਪ੍ਰੀਤ ਨਗਰ ਵਿੱਚ ਆਧੁਨਿਕਤਾ ਅਧਾਰਿਤ ਸਾਂਝੀ ਰਸੋਈ ਦੀ ਪ੍ਰਣਾਲੀ ਵਿਕਸਤ ਹੋਈ। ਬਲਬੰਤ ਗਾਰਗੀ ਇਸ ਨੂੰ ਸਾਂਝੇ ਚੁੱਲੇ ਰਾਹੀਂ ਦਰਸਾਉਂਦੇ ਹਨ। ਸਾਂਝੀ ਖੇਤੀ ਵਿੱਚੋਂ ਖਾਣ-ਪੀਣ ਦੇ ਸਮਾਨ ਦਾ ਬੰਦੋਬਸਤ ਯੋਜਨਾ ਦਾ ਹਿੱਸਾ ਸੀ। ਗੁਰਬਖ਼ਸ਼ ਸਿੰਘ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਮਸ਼ੀਨੀ ਖੇਤੀ ਵਿੱਚ ਪਹਿਲ ਕਰਨ ਵਾਲੇ ਕਿਸਾਨ ਦੇ ਰੂਪ ਵਿੱਚ ਸਨਮਾਨਿਤ ਕੀਤਾ। ਪਿੰਡ ਵਿੱਚ ਕਿਸੇ ਨੂੰ ਪਸ਼ੂ ਰੱਖਣ ਦੀ ਇਜਾਜ਼ਤ ਨਹੀਂ ਸੀ ਅਤੇ ਸਾਂਝੀ ਡੇਅਰੀ ਵਿੱਚੋਂ ਹਰ ਇੱਕ ਦੇ ਘਰ ਲੋੜ ਅਨੁਸਾਰ ਦੁੱਧ ਦੀ ਪਹੁੰਚ ਦੀ ਗਰੰਟੀ ਪਿੱਛੇ ਮਕਸਦ ਔਰਤ ਨੂੰ ਘਰੇਲੂ ਕੰਮਾਂ ਦੇ ਬਜਾਇ ਸਮਾਜਿਕ, ਸਾਹਿਤਕ ਅਤੇ ਹੋਰ ਕੰਮਾਂ ਲਈ ਸਮਾਂ ਦੇਣ ਦਾ ਰਿਹਾ। ਇਸੇ ਨਜ਼ਰੀਏ ਦੀ ਪ੍ਰੇਰਨਾ ਸੀ ਕਿ 1940 ਵਿੱਚ ਪੰਜਾਬ ਅੰਦਰ ਅੱਠ ਏਕੜ ਜ਼ਮੀਨ ਵਿੱਚ ਪਹਿਲਾ ਮੁੰਡਿਆਂ ਅਤੇ ਕੁੜੀਆਂ ਦਾ (ਕੋ-ਐਜੂਕੇਸ਼ਨਲ) ਇਕੱਠਾ ਸਕੂਲ ਸਥਾਪਿਤ ਹੋਇਆ। ਪੜ੍ਹਾਈ ਦਾ ਵੀ ਆਪਣਾ ਹੀ ਅਲੱਗ ਤਰੀਕਾ ਸੀ। ਪਹਿਲੀ ਔਰਤ ਥੀਏਟਰ ਕਲਾਕਾਰ ਦੇ ਰੂਪ ਵਿੱਚ ਗੁਰਬਖ਼ਸ਼ ਸਿੰਘ ਹੋਰਾਂ ਆਪਣੀ ਬੇਟੀ ਊਮਾ ਨੂੰ ਅੱਗੇ ਲਿਆਂਦਾ। ਪਿੰਡ ਵਿੱਚ ਸਾਰੀਆਂ ਜ਼ਰੂਰੀ ਚੀਜ਼ਾਂ ਲਈ ਇੱਕ ਵੱਡਾ ਸਟੋਰ ਅਤੇ ਰੈਸਟੋਰੈਂਟ ਦਾ ਪ੍ਰਬੰਧ ਅਤੇ ਪ੍ਰਿੰਟਿੰਗ ਪ੍ਰੈੱਸ ਦਾ ਕਾਗਜ਼ ਵੀ ਪ੍ਰੀਤ ਨਗਰ ਨੇ ਆਪਣਾ ਬਣਾਇਆ।

ਇਸ ਖ਼ੂਬਸੂਰਤ ਸੁਪਨੇ ਦੀ ਹਕੀਕੀ ਸਿਰਜਣਾ ਸ਼ੁਰੂ ਹੀ ਹੋਈ ਸੀ ਕਿ ਤੰਗ ਨਜ਼ਰ ਸਿਆਸੀ ਸੋਚ ਨਾਲ ਦੇਸ਼ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਮੈਕਮੋਹਨ ਲਾਈਨ ਮੁਤਾਬਿਕ ਪ੍ਰੀਤ ਨਗਰ ਵੀ 15 ਅਗਸਤ ਨੂੰ ਪਾਕਿਸਤਾਨ ਅਤੇ 18 ਨੂੰ ਭਾਰਤ ਵਾਲੇ ਪਾਸੇ ਰੱਖਣ ਦਾ ਐਲਾਨ ਹੋਇਆ। ਹੱਲਿਆਂ ਵਾਲੇ ਸਾਲ ਦੇ ਤੌਰ ਉੱਤੇ ਜਾਣੇ ਜਾਂਦੀ ਇਸ ਕਤਲੋਗਾਰਤ ਨੇ ਲਗਪਗ 10 ਲੱਖ ਲੋਕਾਂ ਦੀ ਬਲੀ ਲੈ ਲਈ ਇਨ੍ਹਾਂ ਵਿੱਚੋਂ 8 ਲੱਖ ਪੰਜਾਬੀ ਸਨ। ਇਸ ਵੱਡੀ ਮਾਰ ਨੇ ਇੱਕ ਖੂਬਸੂਰਤ ਸੁਪਨਾ ਚਕਨਾਚੂਰ ਕਰ ਦਿੱਤਾ। ਹੁਣ ਇਹ ਸਰਹੱਦੀ ਖੇਤਰ ਬਣ ਚੁੱਕਾ ਸੀ, ਜਿੱਥੇ ਹਰ ਲੜਾਈ ਵੇਲੇ ਗੋਲੀਆਂ ਦੀ ਬੁਛਾੜ ਘਰਾਂ ਦੀਆਂ ਚੂਲਾਂ ਹਿਲਾਉਂਦੀ ਰਹੀ। 1947 ਤੋਂ ਤਿੰਨ ਸਾਲ ਬਾਅਦ ਜਦੋਂ ਗੁਰਬਖ਼ਸ਼ ਸਿੰਘ ਖੁਦ ਪ੍ਰੀਤ ਨਗਰ ਵਾਪਸ ਆਏ ਤਾਂ ਉਨ੍ਹਾਂ ਦਾ ਪਹਿਲਾ ਪ੍ਰਤੀਕਰਮ ਸੀ, ਪ੍ਰੀਤ ਨਗਰ ਮੇਰੇ ਸੁਪਨਿਆਂ ਦਾ ਖੰਡਰ ਹੈ। ਦੇਸ਼ ਦੀ ਵੰਡ ਦੇ ਨਾਲ ਨਾਲ ਪੰਜਾਬੀਆਂ ਦੀ ਇਸ ਸੁਪਨੇ ਪ੍ਰਤੀ ਬੇਰੁਖੀ ਵੀ ਇਸਦੀ ਮੁੜ ਉਸਾਰੀ ਦੇ ਰਾਹ ਦਾ ਰੋੜਾ ਬਣੀ ਰਹੀ। ਸੰਤ ਸਿੰਘ ਸੇਖੋਂ ਵਾਂਗ ਦੇਖਿਆ ਜਾਵੇ ਤਾਂ ਗੁਰਬਖ਼ਸ਼ ਸਿੰਘ ਪੁਰਾਣੀਆਂ ਸਥਾਪਿਤ ਧਾਰਾਵਾਂ ਵਿੱਚੋਂ ਲੀਹ ਪਾੜ ਕੇ ਇੱਕ ਧਾਰਾ ਬਣਾਉਣ ਦੀ ਕੋਸ਼ਿਸ਼ ਵਿੱਚ ਸਨ। ਵਿਚਾਰਕ ਵਖਰੇਵਿਆਂ ਅਤੇ ਅਲੱਗ ਜੀਵਨ ਜਾਂਚ ਦੇ ਨਜ਼ਰੀਏ ਨੂੰ ਸਮੂਹਿਕਤਾ ਵਿੱਚ ਥਾਂ ਦੇਣ ਦਾ ਵੱਲ ਨਾ ਸਿੱਖਣ ਦੀ ਵਿਕਸਤ ਹੋ ਰਹੀ ਆਦਤ ਕਾਰਨ ਪੰਜਾਬੀ ਇਸ ਸੁਪਨੇ ਬਾਰੇ ਪਿੱਠ ਕਰ ਕੇ ਖੜ੍ਹੇ ਹੋ ਗਏ। ਕਈਆਂ ਨੇ ਇਸ ਨੂੰ ਆਦਰਸ਼ਵਾਦੀ ਕਹਿ ਕੇ ਛੱਡ ਦਿੱਤਾ। ਖਾੜਕੂਵਾਦ ਦੇ ਦੌਰ ਦੌਰਾਨ ਵਿਚਾਰਧਾਰਕ ਵਖਰੇਵਿਆਂ ਨੇ ਗੁਰਬਖ਼ਸ਼ ਸਿੰਘ ਦੇ ਪਰਿਵਾਰ ਨੂੰ ਵੀ ਨਹੀਂ ਬਖ਼ਸਿਆ। ਹਾਲਾਂਕਿ ਇਹ ਉਹ ਧਰਤੀ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਵਿਚਾਰਧਾਰਕ ਵਿਰੋਧੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜੀਵਨ ਦਾਅ ਉੱਤੇ ਲਗਾ ਚੁੱਕੇ ਹਨ। ਹੁਣ ਦੇ ਪੰਜਾਬੀ ਤਾਂ ਕਸ਼ਮੀਰੀ ਹੋਣ ਜਾਂ ਦੇਸ਼ ਦੇ ਹੋਰ ਕਿਸੇ ਹਿੱਸੇ ਦੇ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਦੀ ਹਿੰਮਤ ਅਤੇ ਸੋਝੀ ਵੀ ਨਹੀਂ ਦਿਖਾ ਪਾਉਂਦੇ।

ਪਾਸ਼ ਦੀ ਨਜ਼ਮ ‘ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ’ ਪੰਜਾਬ ਦੀਆਂ ਸਟੇਜਾਂ ਉੱਤੇ ਗਾਈ ਜਾਂਦੀ ਹੈ ਪਰ ਹੁਣ ਲਗਦਾ ਹੈ ਜਿਵੇਂ ਪੰਜਾਬੀਆਂ ਦੇ ਸੁਪਨੇ ਮਰਦੇ ਜਾ ਰਹੇ ਹੋਣ। ਪੰਜਾਬ ਦੇ ਪਿੰਡਾਂ ਵਿੱਚ ਸੱਥਰ ਵਿਛ ਰਹੇ ਹਨ। ਆਏ ਦਿਨ ਇੱਕ ਤੋਂ ਵੱਧ ਕਿਸਾਨ ਜਾਂ ਮਜ਼ਦੂਰ ਖੁਦਕੁਸ਼ੀ ਕਰ ਰਹੇ ਹਨ। ਖੇਤੀ ਘਾਟੇਵੰਦਾ ਸੌਦਾ ਬਣ ਗਈ ਹੈ। ਮੰਡੀ ਤੰਤਰ ਦੀ ਜਕੜ ਵਿੱਚ ਆਇਆ ਪਿੰਡ ਦਾ ਬੰਦਾ ਪੂਰੀ ਤਰ੍ਹਾਂ ਲਾਚਾਰ ਮਹਿਸੂਸ ਕਰ ਰਿਹਾ ਹੈ। ਉਸਦੇ ਹੱਥੋਂ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਸਿਆਸੀ ਤਾਕਤ ਪੂਰੀ ਤਰ੍ਹਾਂ ਜਾ ਚੁੱਕੀ ਹੈ। ਉਹ ਦੇਸ਼ ਦੇ ਨਾਗਰਿਕ ਨਹੀਂ ਬਲਕਿ ਇੱਕ ਵੋਟ ਦੀ ਪਹਿਚਾਣ ਤੱਕ ਸੀਮਤ ਹੋ ਗਏ ਹਨ। ਵਿੱਦਿਅਕ ਤਾਣਾਬਾਣਾ ਤਹਿਸ ਨਹਿਸ ਹੋ ਗਿਆ ਹੈ। ਇਸੇ ਕਰਕੇ ਸਮਾਜਿਕ ਅਤੇ ਆਰਥਿਕ ਗਣਨਾ ਦੇ ਤੱਥ ਬੋਲਦੇ ਹਨ ਕਿ ਪੰਜਾਬ ਦੇ 32 ਲੱਖ ਪੇਂਡੂ ਪਰਿਵਾਰਾਂ ਵਿੱਚੋਂ ਕੇਵਲ ਤਿੰਨ ਫੀਸਦ ਪਰਿਵਾਰਾਂ ਵਿੱਚ ਹੀ ਗ੍ਰੈਜੂਏਟ ਜਾਂ ਇਸ ਤੋਂ ਉੱਪਰ ਦੀ ਪੜ੍ਹਾਈ ਵਾਲੇ ਲੋਕ ਰਹਿ ਰਹੇ ਹਨ। ਵਾਤਾਵਰਣਕ ਖਰਾਬੀ ਕਰਕੇ ਲੋਕ ਕਾਲੇ ਪੀਲੀਏ, ਕੈਂਸਰ ਆਦਿ ਵਰਗੀਆਂ ਨਾਮੁਰਾਦ ਬਿਮਾਰੀਆਂ ਦੀ ਜਕੜ ਵਿੱਚ ਹਨ। ਬੇਰੁਜ਼ਗਾਰ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕਾ ਹੈ। ਅਜਿਹੀ ਸਥਿਤੀ ਵਿੱਚ ਭਵਿੱਖ ਦਾ ਸੁਪਨਾ ਇੱਕ ਉਮੀਦ ਦੇ ਸਕਦਾ ਹੈ।

ਕੀ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦਾ ਸੁਪਨਾ ਕੁਦਰਤ ਅਤੇ ਮਨੁੱਖ ਵਿਰੋਧੀ ਇਸ ਵਿਕਾਸ ਮਾਡਲ ਦੇ ਖਿਲਾਫ਼ ਖੜ੍ਹਾ ਹੋਣ ਦਾ ਚਿੰਨ੍ਹ ਨਹੀਂ ਬਣ ਸਕਦਾ? ਜੇਕਰ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਇੱਕ ਪਿੰਡ ਵਿੱਚ ਪੈਸੇ ਅਤੇ ਮੁਨਾਫ਼ੇ ਦੀ ਦੌੜ ਦੇ ਬਜਾਇ ਸਾਵੀਂ-ਪੱਧਰੀ ਅਤੇ ਖੁਸ਼ਹਾਲ ਜਿੰਦਗੀ ਦੇ ਸਿਧਾਂਤ ਨੂੰ ਅਮਲ ਵਿੱਚ ਉਤਾਰ ਸਕਦਾ ਹੈ ਤਾਂ ਇਸ ਦਿਸ਼ਾ ਵਿੱਚ ਸੋਚ ਕੇ ਮੌਜੂਦਾ ਸਮਾਜ ਦੇ ਲੋਕ ਕੁਦਰਤ ਅਤੇ ਮਨੁੱਖ ਪੱਖੀ ਪਹੁੰਚ ਕਿਉਂ ਨਹੀਂ ਅਪਣਾ ਸਕਦੇ? ਜੰਗ ਦੀ ਬਜਾਇ ਅਮਨ ਦੀ ਸਿਆਸਤ ਰਾਹੀਂ ਭਾਰਤ ਅਤੇ ਪਾਕਿਸਤਾਨ ਦੀ ਦੋਸਤੀ, ਕਸ਼ਮੀਰ ਦੀ ਧਰਤੀ ਦੇ ਬਜਾਇ ਲੋਕਾਂ ਨੂੰ ਮੁਹੱਬਤ ਕਰਨ, ਕੁਦਰਤ ਦੀ ਵੰਨ ਸੁਵੰਨਤਾ ਨੂੰ ਮਾਣਤਾ ਦਿੰਦਿਆਂ ਆਪਣੇ ਆਲੇ ਦੁਆਲੇ ਦੇ ਸਾਧਨਾਂ ਮੁਤਾਬਿਕ ਜੀਵਨ ਢਾਲਣ ਦੀ ਸ਼ੁਰੂਆਤ ਅਤੇ ਅਜਿਹਾ ਕਰਨ ਲਈ ਸਮੂਹਿਕ ਸੰਵਾਦ ਰਚਾਉਣ ਦੀ ਪ੍ਰਥਾ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਬੌਧਿਕ ਕੰਗਾਲੀ ਨੂੰ ਦੂਰ ਕਰਨ ਦਾ ਅਧਾਰ ਬਣੇਗੀ। ਕਈ ਵਾਰ ਇਤਿਹਾਸ ਨਾਇਕਾਂ ਨਾਲ ਇਨਸਾਫ ਨਹੀਂ ਕਰਦਾ। ਆਜ਼ਾਦੀ ਦੇ ਪਰਵਾਨੇ ਸ਼ਹੀਦਾਂ ਦੀ ਤਰ੍ਹਾਂ ਹੀ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਵਰਗੇ ਵੱਡੇ ਮਨੁੱਖਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਦੇ ਸੁਪਨੇ ਨੂੰ ਸਮਾਜਿਕ ਹਿਤ ਵਿੱਚ ਨਵਿਆਉਣਾ ਨਿਹਾਇਤ ਜ਼ਰੂਰੀ ਹੈ।

*****

(419)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਮੀਰ ਸਿੰਘ

ਹਮੀਰ ਸਿੰਘ

Lubana, Patiala, Punjab, India.
Email: (singh.hamir@gmail.com)
Phone: 82888 - 35707