“ਅਸੀਂ ਤਿੰਨ ਭੈਣ-ਭਰਾ ਹਾਂ। ਮੇਰਾ ਪਾਪਾ ਰੇਹੜੀ/ਫੜ੍ਹੀ ਦੀਆਂ ਵਸਤਾਂ ਦਾ ਵਿਕ੍ਰੇਤਾ ਹੈ। ਮਾਂ ਵੀ ...”
(24 ਫਰਵਰੀ 2023)
ਇਸ ਸਮੇਂ ਪਾਠਕ: 188.
ਉਸ ਦਿਨ ਮੈਂ ਮੈਰਿਜ ਪੈਲੇਸ ਵਿੱਚ ਸਹੀ ਸਮੇਂ ਤੋਂ ਬਹੁਤ ਦੇਰ ਨਾਲ, ਸ਼ਾਮ 4 ਵਜੇ ਦਾਖਲ ਹੋਇਆ। ਸਟੇਜ ’ਤੇ ਚਾਰ ਕਲਾਕਾਰ ਸਹਿਜ ਨਾਲ ਨੱਚ ਰਹੇ ਸਨ, ਸਿਰਫ ਦਰਜਨ ਕੁ ਪਰਿਵਾਰਕ ਲੋਕ ਹੀ ਮੂਹਰਲੀਆਂ ਕੁਰਸੀਆਂ ’ਤੇ ਬੈਠੇ ਸਨ। ਫੋਟੋ ਗਰਾਫਰ ਸਟੇਜ ਵੱਲ ਮੂੰਹ ਕਰਕੇ ਖੜ੍ਹੀ ਵਿਆਹੁਤਾ-ਜੋੜੀ ਦੀਆਂ ਫੋਟੋਆਂ ਲਾਹ ਰਿਹਾ ਸੀ। ਜਦੋਂ ਮੈਂ ਪਿੱਛੋਂ ਜਾ ਕੇ ਲਾੜੇ ਦੇ ਮੋਢੇ ’ਤੇ ਹੱਥ ਧਰਿਆ ਤਾਂ ਉਹ ਮੈਨੂੰ ਵੇਖਦੇ ਸਾਰ ਮੇਰੇ ਨਾਲ ਚਿਪਕ ਗਿਆ ਅਤੇ ਹਟਕੋਰੇ ਭਰਦਿਆਂ ਰੋਣ ਲੱਗ ਪਿਆ। ਮੈਂ ਅਜੇ ਉਸ ਨੂੰ ਸਹਿਲਾ ਹੀ ਰਿਹਾ ਸਾਂ ਕਿ ਸਾਹਮਣੇ ਖੜ੍ਹੀ ਉਸਦੀ ਮਾਂ ਦੀਆਂ ਅੱਖਾਂ ਵੀ ਛਲਕ ਪਈਆਂ ਅਤੇ ਇਸ ਮੌਕਾ-ਮੇਲ ’ਤੇ ਸਿੱਲ ਮੇਰੀਆਂ ਅੱਖਾਂ ਵਿੱਚ ਵੀ ਉੱਭਰ ਆਈ। ਮੇਰੇ ਜ਼ਿਹਨ ਵਿੱਚ ਆਇਆ, ਜਿਵੇਂ ਮੈਂ ਕੋਈ ਗਲਤੀ ਕਰ ਬੈਠਾ ਹੋਵਾਂ, ਪਰ ਨਹੀਂ, ਇਹ ਤਾਂ ਬਿਤੇ ਦੀਆਂ ਯਾਦਾਂ ਅਤੇ ਵਰਤਮਾਨ ਦੇ ਭਾਵੁਕ ਪਲ ਸਮੇਂ ਨੂੰ ਯਾਦਗਾਰੀ ਬਣਾ ਰਹੇ ਸਨ। ਮੈਂ ਲਾੜੇ ਨੂੰ ਆਪਣੇ-ਆਪ ਨਾਲੋਂ ਮਸੀਂ ਤੋੜਿਆ, ਸਹਿਜ ਕੀਤਾ, ਤਾਂ ਕਿ ਉਹ ਅਗਲੀਆਂ ਰਸਮਾਂ ਨਿਭਾਉਂਦਾ ਰਹੇ।
ਮੇਰੇ ਅੱਗੇ ਅਤੀਤ ਦੇ ਪੰਨੇ ਖੁੱਲ੍ਹਣ ਲੱਗੇ। ਮਈ 2005 ਦੀ ਸਖਤ ਗਰਮੀ ਵਿੱਚ ਜਦੋਂ ਮੈਂ ਆਪਣੇ ਬਣ ਰਹੇ ਮਕਾਨ ਦੀ ਛੱਤ ਹੇਠਲੀਆਂ ਥੰਮ੍ਹੀਆਂ ਨਿਹਾਰ ਰਿਹਾ ਸਾਂ ਤਾਂ ਪਸੀਨੋ-ਪਸੀਨੀ ਹੋਇਆ ਇੱਕ ਇਕਹਿਰੇ ਕੱਦ ਦਾ ਲੜਕਾ ਨੇੜੇ ਆ ਪੁੱਛਣ ਲੱਗਾ, “ਤੁਸੀਂ ਭੰਗੂ ਸਰ ਹੋ?” ਮੇਰੇ ਹਾਂ ਕਹਿਣ ’ਤੇ ਉਹ ਬੜੀ ਘਬਰਾਹਟ ਵਿੱਚ ਇੱਕੋ ਸਾਹ ਬੋਲਿਆ, “ਮੈਂ ਸੰਧੂਆਂ ਪਿੰਡ ਦੇ ਨਵੋਦਿਆ ਵਿਦਿਆਲੇ ਹੋ ਕੇ ਆਇਆ ਹਾਂ, ਉਹ ਕਹਿੰਦੇ ਅਸੀਂ ਤੈਨੂੰ ਪੜ੍ਹਾ ਨੀ ਸਕਦੇ, ਤੂੰ ਜਾ ਕੇ ਭੰਗੂ ਸਰ ਨੂੰ ਮਿਲ ਲੈ, ਉਹ ਤੈਨੂੰ ਪੜ੍ਹਾ ਸਕਦੇ ਹਨ। ਕੀ ਤੁਸੀਂ ਮੈਨੂੰ ਮੁਫਤ ਪੜ੍ਹਾ ਸਕਦੇ ਹੋ? ਮੈਂ ਮੈਟ੍ਰਿਕ ਵਿੱਚੋਂ 84 ਫੀਸਦ ਅੰਕ ਲਏ ਹਨ।”
“ਕਾਕਾ, ਆਹ ਲੈ, ਪਹਿਲਾਂ ਪਾਣੀ ਪੀ।” ਮੈਂ ਪਾਣੀ ਦਾ ਗਲਾਸ ਫੜਾਉਂਦਿਆਂ ਕਿਹਾ। ਉਸਨੇ ਜਿਸ ਕਾਹਲ ਨਾਲ ਪਾਣੀ ਸੁੱਕੇ ਸੰਘੋਂ ਲੰਘਾਇਆ, ਮੈਂ ਪਿਆਸ ਦੀ ਤੀਬਰਤਾ ਨੋਟ ਕੀਤੀ ਅਤੇ ਉਸ ਨੂੰ ਆਪਣੇ ਕੋਲ ਮੰਜੇ ’ਤੇ ਬਿਠਾ ਲਿਆ। ਉਹ ਫਿਰ ਬੋਲਣ ਲੱਗਾ, “ਅਸੀਂ ਤਿੰਨ ਭੈਣ-ਭਰਾ ਹਾਂ। ਮੇਰਾ ਪਾਪਾ ਰੇਹੜੀ/ਫੜ੍ਹੀ ਦੀਆਂ ਵਸਤਾਂ ਦਾ ਵਿਕ੍ਰੇਤਾ ਹੈ।ਮਾਂ ਵੀ ਮਿਹਨਤ ਕਰਦੀ ਹੈ, ਪਰ ਘਰ ਦੀ ਰੋਟੀ ਮਸੀਂ ਚੱਲਦੀ ਹੈ। ਦੱਸੋ ਅੰਕਲ, ਤੁਸੀਂ ਮੈਨੂੰ ਮੁਫਤ ਪੜ੍ਹਾ ਸਕਦੇ ਹੋ? ਮੈਂ ਨਾਨ-ਮੈਡੀਕਲ ਪੜ੍ਹਨਾ ਹੈ। ਮੈਂ ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਕਰਾਂਗਾ। ਮੈਂ ਮਿਹਨਤ ਕਰਾਂਗਾ, ਤੁਸੀਂ ਮੇਰੇ ’ਤੇ ਮਾਣ ਕਰਿਆ ਕਰੋਗੇ।”
ਮੈਂ ਕਿਹਾ, “ਤੇਰੇ ਜਿਹੇ ਬੱਚੇ ਦੀ ਤਾਂ ਅਸੀਂ ਦਿਲੋਂ ਕਦਰ ਕਰਦੇ ਹਾਂ। ਤੂੰ ਪੜ੍ਹਨ ਵਾਲਾ ਬਣ, ਅਸੀਂ ਤੇਰੇ ਨਾਲ ਨਾਲ ਰਹਾਂਗੇ।”
ਅਗਲੇ ਦਿਨ ਇੱਕ ਸਹਿਜ ਅਤੇ ਨਿਮਰ ਜਿਹੀ ਔਰਤ ਮਾਧੁਰੀ ਗੁਪਤਾ, ਆਪਣੇ ਇਸ ਬੇਟੇ ਨੂੰ +1 ਵਿੱਚ ਬਿਠਾ ਗਈ। ਛੇਤੀ ਹੀ ਇਸ ਬੱਚੇ ਨੇ ਆਪਣੀ ਪ੍ਰਤਿਭਾ ਦੀ ਪਹਿਚਾਣ ਕਰਵਾ ਦਿੱਤੀ। ਨਿਮਰ, ਆਗਿਆਕਾਰ ਅਤੇ ਹੁਸ਼ਿਆਰ ਹੋਣ ਕਾਰਨ ਉਹ ਸਟਾਫ ਵੱਲੋਂ ਵੀ ਪਿਆਰਿਆ/ਦੁਲਾਰਿਆ ਜਾਣ ਲੱਗਾ। ਇੱਕ ਦਿਨ ਸਕੂਲ ਵਿੱਚ, ਜਦੋਂ ਸਾਈਕਲ ’ਤੇ ਕਰਤਵ ਵਿਖਾਉਣ ਵਾਲਾ ਵਿਅਕਤੀ ਆਇਆ ਤਾਂ ਉਸਨੇ ਛੀਂਟਕੇ ਜਿਹੇ ਇਸ ਮੁੰਡੇ ਨੂੰ ਗੋਦ ਚੁੱਕ ਕੇ ਗੋਲ-ਦਾਇਰੇ ਵਿੱਚ ਸਾਈਕਲ ਨੂੰ ਹਵਾ ਬਣਾ ਦਿੱਤਾ। ਮੁੰਡਾ ਬਚਾਓ ਬਚਾਓ ਦੇ ਹੋਕਰੇ ਮਾਰਦਾ ਰਿਹਾ ਅਤੇ ਸਾਰੇ ਵਿਦਿਆਰਥੀ ਹੱਸਦੇ, ਲੋਟ ਪੋਟ ਹੁੰਦੇ, ਤਾੜੀ ਮਾਰਦੇ ਰਹੇ। ਉਹ +1 ਵਿੱਚੋਂ 88 ਫੀਸਦ ਅੰਕ ਲੈ ਕੇ ਪਾਸ ਹੋ ਗਿਆ। ਮਾਪੇ-ਮਿਲਣੀ ਦੀ ਕੋਈ ਵੀ ਮੀਟਿੰਗ ਨਾ ਛੱਡਣ ਵਾਲੀ ਉਸਦੀ ਮਾਂ ਨਵੰਬਰ 2006 ਵਿੱਚ ਮੇਰੇ ਦਫਤਰ ਆ ਗਈ। ਅੱਥਰੂਆਂ ਪਿੱਛੇ ਉਸਦੀ ਬੇਵਸੀ ਬੋਲੀ, “ਸਰ ਜੀ, ਮੇਰਾ ਬੇਟਾ ਪੜ੍ਹਨ ਵਾਲਾ ਹੈ, ਪਰ ਉਹ ਬਹੁਤ ਪ੍ਰੇਸ਼ਾਨ ਹੈ। ਸਾਡੇ ਘਰ ਦਾ ਮਾਹੌਲ ਠੀਕ ਨਹੀਂ ਹੈ। ਉਹ ਘਰ ਵਿੱਚ ਪੜ੍ਹ ਨਹੀਂ ਸਕਦਾ। ਇਸਦੇ ਹੱਲ ਲਈ ਮੈਂ ਤੁਹਾਡੇ ਕੋਲ ਆਈ ਹਾਂ।” ਉਸਦੀ ਇਸ ਵੇਦਨਾ ਉਪਰੰਤ ਇਸ ਵਿਦਿਆਰਥੀ ਨੂੰ ਮੁਫਤ ਰਿਹਾਇਸ਼ ਅਤੇ ਭੋਜਨ ਦੀ ਸਹੂਲਤ ਦਿੱਤੀ ਗਈ। ਅਗਲੇ ਹੀ ਦਿਨ ਇਹ ਵਿਦਿਆਰਥੀ ਆਪਣਾ ਬਿਸਤਰਾ ਲੈ ਕੇ ਹੋਸਟਲ ਵਿੱਚ ਆ ਗਿਆ।
ਉਸ ਸਮੇਂ ਸਾਡਾ ਖੇਡ-ਅਧਿਆਪਕ ਹੀ ਹੋਸਟਲ ਦਾ ਵਾਰਡਨ ਹੁੰਦਾ ਸੀ। ਸਖਤ ਸਰਦੀ ਵਾਲੇ ਜਨਵਰੀ 2007 ਦੇ ਇੱਕ ਦਿਨ ਜਦੋਂ ਮੈਂ ਵਾਰਡਨ ਤੋਂ ਹੋਸਟਲ ਦੀ ਰਿਪੋਰਟ ਲਈ ਤਾਂ ਉਸਨੇ ਦੱਸਿਆ, “ਰਾਤ ਨੂੰ 10 ਵਜੇ ਜਦੋਂ ਸਭ ਦੇ ਸੌਣ ਦਾ ਅਲਾਰਮ ਕਰਦਾ ਹਾਂ ਤਾਂ ਸੰਦੀਪ ਪੜ੍ਹਦਾ ਰਹਿੰਦਾ ਹੈ। ਇਸਨੇ ਛੋਟੇ ਜਿਹੇ ਟੇਬਲ ਲੈਂਪ ਦਾ ਪ੍ਰਬੰਧ ਕਰ ਲਿਆ ਹੈ। ਜਦੋਂ ਇਹ ਨੀਂਦ ਦਾ ਜ਼ੋਰ ਪੈਣ ’ਤੇ ਕਿਤਾਬ ਉੱਤੇ ਸਿਰ ਰੱਖ ਕੇ ਜਦੋਂ ਸੌਂ ਜਾਂਦਾ ਹੈ, ਮੈਂ ਇਸ ਨੂੰ ਚੁੱਕ ਕੇ ਬਿਸਤਰ ਵਿੱਚ ਲਿਟਾ ਦਿੰਦਾ ਹਾਂ। ਸਰ, ਇਹ ਆਪਣੇ-ਆਪ ਪ੍ਰਤੀ ਬਹੁਤ ਕਠੋਰ ਹੈ। ਜਦੋਂ ਇਸਦੀ ਅੱਖ ਖੁੱਲ੍ਹਦੀ ਹੈ, ਮੁੜ ਮੇਜ਼ ’ਤੇ ਜਾ ਕੇ ਪੜ੍ਹਨ ਲੱਗ ਜਾਂਦਾ ਹੈ।”
ਇਹ ਸੁਣ ਕੇ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿ ਕੋਈ ਵਿਦਿਆਰਥੀ ਸਮਾਧੀ ਲਾਉਣ ਦੀ ਹੱਦ ਤਕ ਵੀ ਪੜ੍ਹ ਸਕਦਾ ਹੈ। ਜਦੋਂ +2 ਦਾ ਨਤੀਜਾ ਆਇਆ ਤਾਂ ਸੰਦੀਪ 84.4 ਫੀਸਦ ਅੰਕ ਲੈ ਕੇ ਆਪਣੀ ਕਲਾਸ ਵਿੱਚੋਂ ਦੂਜੇ ਨੰਬਰ ’ਤੇ ਆਇਆ ਅਤੇ ਉਸਨੇ ਗਣਿਤ ਵਿੱਚੋਂ 100/100 ਅੰਕ ਲਏ ਸਨ। ਨਤੀਜੇ ਉਪਰੰਤ ਜਦੋਂ ਉਹ ਮੇਰੇ ਦਫਤਰ ਆਇਆ ਤਾਂ ਸਵੈਮਾਣ ਨਾਲ ਭਰਿਆ ਪਿਆ ਸੀ। ਛੀਂਟਕੇ ਜਿਹੇ ਕੱਦ ਦਾ ਇਹ ਵਿਦਿਆਰਥੀ ਮੈਨੂੰ ਕੱਦਾਵਰ ਲੱਗਾ, ਜਿਸ ਵਿੱਚ ਫੈਲਣ ਦੀਆਂ ਸੰਭਾਵਨਾਵਾਂ ਸਨ। ਹੁਣ ਸ਼ਗਿਰਦ ਤੋਂ ਵਧ ਕੇ ਮੈਨੂੰ ਉਹ ਆਪਣਾ ਦੋਸਤ ਲੱਗਣ ਲੱਗਾ। ਜਦੋਂ ਮੈਂ ਆਪਣੇ-ਪਣ ਵਿੱਚੋਂ ਇਹ ਪੁੱਛਿਆ ਕਿ ਹੁਣ ਕੀ ਕਰਨਾ ਹੈ ਗੁਪਤਾ ਜੀ, ਤਾਂ ਉਸਨੇ ਕਿਹਾ, “ਗੁਪਤਾ ਜੀ ਪੜ੍ਹਾਈ ਤੋਂ ਸਿਵਾਏ ਕੁਝ ਨਹੀਂ ਕਰ ਸਕਦਾ। ਜੇਕਰ ਕੋਈ ਅੱਗੇ ਪੜ੍ਹਾ ਦੇਵੇਗਾ ਤਾਂ ਮੈਂ ਇੰਜਨੀਅਰਿੰਗ ਕਰ ਸਕਦਾ ਹਾਂ।”
ਉਸਦੇ ਕੋਲ ਖੜ੍ਹਿਆਂ ਹੀ ਮੈਂ ਨੇੜਲੇ ਇੰਜਨੀਅਰਿੰਗ ਕਾਲਜ ਦੀ ਚੇਅਰਪਰਸਨ ਨੂੰ ਫੋਨ ਕਰਕੇ ਵਿਦਿਆਰਥੀ ਦੀ ਇੱਛਾ ਅਤੇ ਉਸਦਾ ਅਕਾਦਮਿਕ ਇਤਿਹਾਸ ਦੱਸਿਆ। ਜਵਾਬ ਆਇਆ, “ਅਜਿਹਾ ਵਿਦਿਆਰਥੀ ਅਤੇ ਤੁਹਾਡੀ ਸਿਫਾਰਸ਼, ਸਾਡਾ ਧੰਨਭਾਗ, ਭੇਜ ਦਿਓ, ਡਿਗਰੀ ਕਰਵਾਵਾਂਗੀ ਅਤੇ ਇਸ ਨੂੰ ਕੋਈ ਪੈਸਾ ਵੀ ਨਹੀਂ ਦੇਣਾ ਪਵੇਗਾ।”
ਸੰਦੀਪ ਕਾਲਜ ਤੋਂ 20 ਕਿਲੋਮੀਟਰ ਦੂਰ, ਉਹ ਆਪਣੇ ਘਰ ਤੋਂ ਆਉਣ/ਜਾਣ ਕਰਦਾ ਰਿਹਾ। ਇੰਜਨੀਅਰਿੰਗ ਦੀ ਡਿਗਰੀ ਦੇ ਆਖਰੀ ਸਾਲ ਇੱਕ ਬਹੁ-ਕੌਮੀਂ ਕੰਪਨੀ ਨੇ ਉਸ ਨੂੰ ਅਪਣਾ ਲਿਆ। ਪਹਿਲਾਂ ਉਹ ਦੇਸ਼ ਦੇ ਮਹਾਂਨਗਰਾਂ ਵਿੱਚ ਸੇਵਾ ਨਿਭਾਉਂਦਾ ਰਿਹਾ ਅਤੇ ਫਿਰ ਕੰਪਨੀ ਉਸ ਨੂੰ ਅਮਰੀਕਾ ਲੈ ਗਈ। ਗਰੀਬ ਪਰਵਾਸੀ ਪਰਿਵਾਰ ਵਿੱਚ ਪੈਦਾ ਹੋਈ ਇਹ ਪ੍ਰਤਿਭਾ ਹੁਣ ਉੱਥੇ ਨਿਊਯਾਰਕ ਸ਼ਹਿਰ ਵਿੱਚ ਰਹਿ ਰਹੀ ਹੈ। ਮਿਹਨਤ ਨਾਲ ਉਸਨੇ ਆਪਣੀ ਕਾਇਆ ਕਲਪ ਹੀ ਨਹੀਂ ਕੀਤੀ, ਸਗੋਂ ਉਸਦੀ ਆਮਦਨ ਉਸਦੇ ਪਰਿਵਾਰ ਲਈ ਵੀ ਵਰਦਾਨ ਬਣੀ ਹੋਈ ਹੈ। ਉਸਦੀ ਵਿਚਾਰਗੀ ਵਿੱਚ ਜਿਊਂਦੀ ਆਈ ਮਾਂ ਦੇ ਚਿਹਰੇ ’ਤੇ ਨੂਰ ਨੇ ਦਸਤਕ ਦਿੱਤੀ ਹੋਈ ਹੈ ਅਤੇ ਉਸ ਨੂੰ ਸਮਾਨ-ਸਿੱਖਿਆ ਪ੍ਰਾਪਤ ਅਤੇ ਬਾ-ਰੁਜ਼ਗਾਰ ਪਤਨੀ ਮਿਲੀ ਗਈ ਹੈ।
ਵਾਪਸੀ ਸਮੇਂ ਮੈਂ ਇਸ ਜੋੜੀ ਅਤੇ ਪਰਿਵਾਰ ਨੂੰ ਵੇਖਕੇ ਮਾਣ ਨਾਲ ਭਰ ਗਿਆ। ਜੋੜੀ ਨੂੰ ਕਲਾਵੇ ਵਿੱਚ ਲੈ ਕੇ ਮੈਂ ਫੋਟੋ ਖਿਚਵਾਈ ਅਤੇ ਢੇਰ ਸਾਰੀਆਂ ਅਸੀਸਾਂ ਦੇ ਕੇ ਵਿਦਾਈ ਲਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3813)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)







































































































