AmarjitSMann7ਮਾਸਟਰ ਦੀ ਦਹਿਸ਼ਤ ਦਾ ਚੜ੍ਹਿਆ ਤਾਪ ਰਛਪਾਲ ਨੂੰ ਹਫਤੇ ਬਾਅਦ ਮਸਾਂ ਉੱਤਰਿਆ। ਨੰਦ ਦਾ ਪੈੱਨ ...
(26 ਮਈ 2022)
ਮਹਿਮਾਨ: 709.


ਸਾਲ 1991 ਵਿੱਚ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ
ਮਜ਼ਦੂਰ ਮਾਪਿਆਂ ਦਾ ਪੁੱਤ ਰਛਪਾਲ ਉਦੋਂ ਮੇਰਾ ਪੱਕਾ ਆੜੀ ਸੀਜਮਾਤ ਵਿੱਚ ਤੱਪੜ ਉੱਤੇ ਅਸੀਂ ਨਾਲ ਨਾਲ ਬੈਠਦੇਰਛਪਾਲ ਪੜ੍ਹਨ ਵਿੱਚ ਪੂਰਾ ਹੁਸ਼ਿਆਰ ਸੀਪੱਕੇ ਪੇਪਰਾਂ ਦੇ ਨਤੀਜੇ ਵੇਲੇ ਸਾਰੀ ਜਮਾਤ ਵਿੱਚੋਂ ਉਹ ਅੱਵਲ ਆਉਂਦਾ ਤੇ ਮੈਂ ਦੋਇਮਪੱਕੀ ਪਹਿਲੀ ਤੋਂ ਚੌਥੀ ਤਕ ਸਾਡੀਆਂ ਪੁਜੀਸ਼ਨਾਂ ਇਹੋ ਰਹੀਆਂ ਸਨਇਸੇ ਕਾਰਨ ਅਸੀਂ ਸਾਡੀ ਇੰਚਾਰਜ ਭੈਣਜੀ ਸ਼੍ਰੀਮਤੀ ਚਮੇਲੀ ਦੇਵੀ ਦੇ ਚਹੇਤੇ ਵਿਦਿਆਰਥੀ ਸਾਂਸਾਨੂੰ ਵੀ ਭੈਣਜੀ ਬੜੇ ਚੰਗੇ ਲਗਦੇਉਹ ਸਾਡੇ ਲਈ ਆਦਰਸ਼ ਅਧਿਆਪਕਾ ਸਨਉਹਨਾਂ ਦੇ ਅਸਰ ਅਧੀਨ ਹੀ ਰਛਪਾਲ ਵੱਡਾ ਹੋ ਕੇ ਅਧਿਆਪਕ ਬਣਨਾ ਚਾਹੁੰਦਾ ਸੀ

ਪੰਜਵੀਂ ਵਿੱਚ ਹੀ ਉਹ ਛੇਵੀਂ ਵਾਲੀ ਅੰਗਰੇਜ਼ੀ ਦੀ ਕਿਤਾਬ ਪੜ੍ਹਨ ਲੱਗ ਗਿਆ ਸੀ“ਜਦੋਂ ਮੈਂ ਮਾਸਟਰ ਲੱਗ ਗਿਆ ਨਾ … … ਇੰਜ ਦਸਤਖਤ ਕਰਿਆ ਕਰਾਂਗਾ!” ਰਛਪਾਲ ਆਪਣੇ ਨਾਮ ਦਾ ਪਹਿਲਾ ਅੱਖਰ, ਅੰਗਰੇਜ਼ੀ ਵਿੱਚ ‘ਆਰਲਿਖ ਕੇ ਉੱਪਰ ਗੋਲ ਚੱਕਰ ਜਿਹਾ ਵਾਹ ਕੇ ਮੈਨੂੰ ਦਿਖਾਉਂਦਾਨਾਲ ਉਹ ਮਿਤੀ ਲਿਖਣੀ ਵੀ ਨਾ ਭੁੱਲਦਾਕੁਝ ਸੌਖੇ ਘਰਾਂ ਦੇ ਵਿਦਿਆਰਥੀ ਉਸ ਨਾਲ ਖਾਰ ਖਾਂਦੇ

ਅਖੀਰ ਪੰਜਵੀਂ ਜਮਾਤ ਦੇ ਪੇਪਰ ਹੋ ਗਏਨਤੀਜਾ ਓਹੀ ਸੀ, ਰਛਪਾਲ ਸਾਰੀ ਜਮਾਤ ਵਿੱਚੋਂ ਪਹਿਲੇ ਸਥਾਨ ’ਤੇ ਆਇਆਉਸਦੀ ਮਾਂ ਨੇ ਆਪਣਾ ਮੁੰਡਾ ਵੱਡੇ ਸਕੂਲ ਵਿੱਚ ਦਾਖਲ ਕਰਵਾ ਕੇ ਸਵਾ ਪੰਜ ਰੁਪਇਆਂ ਦੇ ਪਤਾਸੇ ਵੰਡੇ

ਅਸੀਂ ਨਵੀਂ ਵਰਦੀ ਬਣਵਾਈਨਵੀਂਆਂ ਕਿਤਾਬਾਂ ਨਵੇਂ ਬਸਤੇ ਵਿੱਚ ਪਾ ਕੇ ਚਾਈਂ-ਚਾਈਂ ਸਕੂਲ ਗਏਤੱਪੜਾਂ ਨਾਲੋਂ ਬੈਂਚ ’ਤੇ ਬੈਠਣ ਦਾ ਆਪਣਾ ਹੀ ਆਨੰਦ ਸੀਮੈਂ ਤੇ ਰਛਪਾਲ ਨੇ ਪਹਿਲਾ ਬੈਂਚ ਮੱਲ ਲਿਆ

ਪਿੰਡ ਵੱਡਾ ਹੋਣ ਕਾਰਨ ਸਾਡੇ ਪਿੰਡ ਦੋ ਪ੍ਰਾਇਮਰੀ ਸਕੂਲ ਸਨਤੇ ਅੱਗੇ ਜਾ ਕੇ ਮਿਡਲ ਸਕੂਲ ਇੱਕ ਸੀਦੋਵਾਂ ਪ੍ਰਾਇਮਰੀ ਸਕੂਲਾਂ ਦੇ ਬੱਚੇ ਛੇਵੀਂ ਵਿੱਚ ਇੱਕ ਜਮਾਤ ਵਿੱਚ ਆ ਜਾਂਦੇਉਹਨਾਂ ਨੂੰ ਆਪਸ ਵਿੱਚ ਘੁਲਣ-ਮਿਲਣ ਵਿੱਚ ਕੁਝ ਦਿਨ ਲੱਗ ਹੀ ਜਾਂਦੇ

ਪਹਿਲੇ ਦਿਨ ਹੀ ਦੂਜੇ ਸਕੂਲ ਵਿੱਚੋਂ ਆਏ ਇੱਕ ਮੁੰਡੇ ਨੰਦ ਦਾ ਪੈੱਨ ਗੁਆਚ ਗਿਆਉਸ ਨੂੰ ਰਛਪਾਲ ਉੱਪਰ ਸ਼ੱਕ ਪੈ ਗਿਆ ਤੇ ਉਸਨੇ ਪੀਟੀ ਮਾਸਟਰ ਜੀ ਨੂੰ ਰਛਪਾਲ ਦੀ ਸ਼ਿਕਾਇਤ ਕਰ ਦਿੱਤੀਪੀਟੀ ਮਾਸਟਰ ਦੀ ਸਾਰੇ ਵਿਦਿਆਰਥੀਆਂ ਵਿੱਚ ਕੁਝ ਜ਼ਿਆਦਾ ਹੀ ਦਹਿਸ਼ਤ ਸੀਮਾਸਟਰ ਜੀ ਦੀ ਚਪੇੜ ਬਾਰੇ ਮਸ਼ਹੂਰ ਸੀ ਕਿ ਜਦੋਂ ਗੱਲ੍ਹ ’ਤੇ ਪੈਂਦੀ ਹੈ ਤਾਂ ਝਟਕੇ ਨਾਲ ਉਹਨਾਂ ਦੀ ਗੁੱਟ-ਘੜੀ ਖੁੱਲ੍ਹ ਜਾਂਦੀ ਹੈਇਹ ਗੱਲ ਅਸੀਂ ਪੰਜਵੀਂ ਵਿੱਚ ਹੀ ਸੁਣੀ ਹੋਈ ਸੀ

ਪੀਟੀ ਮਾਸਟਰ ਸਟਾਫ ਰੂਮ ਵਿੱਚ ਬੈਠਾ ਹੋਇਆ ਸੀਨੰਦ ਨੇ ਆ ਕੇ ਮਾਸਟਰ ਜੀ ਦਾ ਸੁਨੇਹਾ ਰਛਪਾਲ ਨੂੰ ਲਾ ਦਿੱਤਾ, “ਪੀਟੀ ਨੇ ਸਟਾਫ ਰੂਮ ਵਿੱਚ ਸੱਦਿਆ ਤੈਨੂੰ

ਰਛਪਾਲ ਨੂੰ ਜਾਪਿਆ ਨੰਦ ਮਜ਼ਾਕ ਕਰਦਾ ਹੈਉਹ ਮਾਸਟਰ ਜੀ ਕੋਲ ਨਾ ਗਿਆਨੰਦ ਨੇ ਮਸਾਲਾ ਲਾ ਕੇ ਮਾਸਟਰ ਜੀ ਨੂੰ ਦੁਬਾਰਾ ਜਾ ਕੇ ਕਹਿ ਦਿੱਤਾ, “ਜੀ ਉਹ ਕਹਿੰਦਾ ਮੈਂ ਨਹੀਂ ਜਾਂਦਾ, ਮਾਸਟਰ ਜੀ ਇੱਥੇ ਆ ਜਾਣ

ਇਹ ਸੁਣਕੇ ਮਾਸਟਰ ਜੀ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਜਾ ਪਹੁੰਚਿਆਗੁੱਟ ’ਤੇ ਘੜੀ ਠੀਕ ਕਰਕੇ ਬੰਨ੍ਹਦੇ ਹੋਏ ਮਾਸਟਰ ਜੀ ਨੇ ਕਮਰੇ ਵਿੱਚ ਆ ਕੇ ਥਾਣੇਦਾਰ ਵਾਂਗ ਦਬਕਾ ਮਾਰਿਆ, “ਕਿਹੜਾ ਓਏ ਰਛਪਾਲ?”

ਜਮਾਤ ਵਿੱਚ ਸੰਨਾਟਾ ਛਾ ਗਿਆਡਰ ਨਾਲ ਰਛਪਾਲ ਨੂੰ ਕੰਬਣੀ ਆ ਗਈਉਹ ਖੜ੍ਹਾ ਹੋ ਗਿਆਮਾਸਟਰ ਜੀ ਨੇ ਪੁੱਛ-ਗਿੱਛ ਕੀਤੇ ਬਗੈਰ ਰਛਪਾਲ ਦੇ ਚਪੇੜ ਮਾਰ ਦਿੱਤੀਘੜੀ ਦੀ ਚੇਨ ਖੁੱਲ੍ਹ ਗਈ ਤੇ ਰਛਪਾਲ ਮੇਰੇ ਉੱਪਰ ਡਿਗਣੋਂ ਮਸਾਂ ਬਚਿਆਬਿਨਾਂ ਕੋਈ ਗੱਲਬਾਤ ਕੀਤੇ ਮਾਸਟਰ ਜਿਵੇਂ ਆਇਆ ਸੀ, ਉਹਨੀਂ ਪੈਰੀਂ ਵਾਪਸ ਮੁੜ ਗਿਆ

ਰਛਪਾਲ ਦੀ ਕੋਮਲ ਗੱਲ੍ਹ ’ਤੇ ਉਂਗਲਾਂ ਦੇ ਨਿਸ਼ਾਨ ਰਹਿ ਗਏਕੁਝ ਸਮੇਂ ਮਗਰੋਂ ਹੀ ਉਸ ਨੂੰ ਤੇਜ਼ ਬੁਖਾਰ ਹੋ ਗਿਆਸਕੂਲੋਂ ਛੁੱਟੀ ਲੈ, ਉਸਦਾ ਬਸਤਾ ਫੜਕੇ ਮੈਂ ਉਹਨਾਂ ਦੇ ਘਰ ਛੱਡ ਆਇਆ

ਮਾਸਟਰ ਦੀ ਦਹਿਸ਼ਤ ਦਾ ਚੜ੍ਹਿਆ ਤਾਪ ਰਛਪਾਲ ਨੂੰ ਹਫਤੇ ਬਾਅਦ ਮਸਾਂ ਉੱਤਰਿਆਨੰਦ ਦਾ ਪੈਨ ਅਗਲੇ ਦਿਨ ਉਸੇ ਦੇ ਬਸਤੇ ਵਿੱਚੋਂ ਮਿਲ ਗਿਆ, ਪਰ ਭਵਿੱਖ ਦੇ ਅਧਿਆਪਕ ਦਾ ਮਿਡਲ ਸਕੂਲ ਵਿੱਚ ਪਹਿਲਾ ਦਿਨ ਹੀ ਆਖਰੀ ਦਿਨ ਸਿੱਧ ਹੋਇਆਉਹ ਦਿਨ ਅਜਿਹੇ ਸਨ ਕਿ ਅਧਿਆਪਕਾਂ ਖਿਲਾਫ ਮਾਪੇ ਕੁਝ ਬੋਲਦੇ ਨਹੀਂ ਸਨ

ਹੁਣ ਜਦੋਂ ‘ਪਾਲਾ’ ਬਣਿਆ ਰਛਪਾਲ ਮਜ਼ਦੂਰੀ ਕਰਦਾ ਕਦੇ ਨਜ਼ਰੀਂ ਪੈਂਦਾ ਹੈ ਤਾਂ ਮੈਂ ਸੋਚਦਾ ਹਾਂ, ਜੇ ਪੀਟੀ ਮਾਸਟਰ ਬਾਲ-ਮਨੋਵਿਗਿਆਨ ਬਾਰੇ ਕਿਣਕਾ ਮਾਤਰ ਵੀ ਜਾਣਦਾ ਹੁੰਦਾ ਤਾਂ ਪਾਲੇ ਨੇ ਅੱਜ ਮਾਸਟਰ ਰਛਪਾਲ ਸਿੰਘ ਹੋਣਾ ਸੀਮੈਂਨੂੰ ਆਪਣੇ-ਆਪ ’ਤੇ ਵੀ ਗਿਲਾ ਮਹਿਸੂਸ ਹੁੰਦਾ ਹੈ ਕਿ ਮੈਂ ਹੀ ਕੋਈ ਨਾ ਕੋਈ ਹੀਲਾ-ਵਸੀਲਾ ਕਰਕੇ, ਕਿਵੇਂ ਨਾ ਕਿਵੇਂ ਰਛਪਾਲ ਨੂੰ ਦੁਬਾਰਾ ਸਕੂਲ ਹਾਜ਼ਰ ਕਿਉਂ ਨਾ ਕਰ ਲਿਆਕਾਸ਼, ਮੈਂ ਅਜਿਹਾ ਕਰ ਸਕਦਾ ਤਾਂ ਅੱਜ ਮੇਰੇ ਦੋਸਤ ਨੇ ਆਪਣੇ ਗਿਆਨ ਨਾਲ ਹੋਰ ਸੈਂਕੜੇ ਵਿਦਿਆਰਥੀਆਂ ਨੂੰ ਦੀਵੇ ਵਾਂਗ ਚਾਨਣ ਵੰਡਦੇ ਹੋਣਾ ਸੀ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3588)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਅਮਰਜੀਤ ਸਿੰਘ ਮਾਨ

ਅਮਰਜੀਤ ਸਿੰਘ ਮਾਨ

Maur Kalan, Bathinda, Punjab, India.
Tel: (91 -94634 - 45092)
Email: (gbhd94@gmail.com)