BalvirKReehal7ਪ੍ਰਕਾਸ਼ਕ ਵਿਦੇਸ਼ ਜਾ ਕੇ ਕੁਝ ਮਹੀਨੇ ਕਿਸੇ ਪ੍ਰਵਾਸੀ ਸਾਹਿਤਕਾਰ ਦੇ ਘਰ ਰਹਿੰਦੇ ਹਨ ਤੇ ਕੁਝ ਮਹੀਨੇ ...
(30 ਅਪਰੈਲ 2022)

 

ਫੋਨ ਦੀ ਘੰਟੀ ਵੱਜੀ। ਬਾਜਵੇ ਨੇ ਫੋਨ ਚੁੱਕਿਆ। ਦੂਜੇ ਪਾਸਿਓਂ ਅਵਾਜ਼ ਆਈ, “ਹੈਲੋ, ਹੈਲੋ, ਮੈਂ ਸੰਧੂ ਬੋਲ ਰਿਹਾ ਹਾਂ

ਹਾਂ ...”

“ਇੱਕ ਜ਼ਰੂਰੀ ਗੱਲ ਕਰਨੀ ਸੀ, ਫੋਨ ’ਤੇ ਕਰੀਏ ਜਾ ਬੈਠ ਕੇ ਕਰ ਲਈਏ?” ਸੰਧੂ ਬੋਲਿਆ।

ਚੱਲ ਤੂੰ ਹੁਣੇ ਕਰ ਲਾ ਜਿਹੜੀ ਗੱਲ ਕਰਨੀ ਆ” ਬਾਜਵੇ ਨੇ ਕਿਹਾ

ਬੈਠਦੇ ਤਾਂ ਇੱਕ ਅੱਧ ਪੈੱਗ ਵੀ ਲਾਅ ਲੈਂਦੇ ...

ਚੱਲ ਕੋਈ ਗੱਲ ਨਹੀਂ, ਪੈੱਗ ਵੀ ਲਾ ਲਵਾਂਗੇ, ਫੰਕਸ਼ਨ ਤੋਂ ਬਾਅਦ” ਬਾਜਵੇ ਨੇ ਸੰਧੂ ਦੀ ਗੱਲ ਹਾਸੇ ਵਿਚ ਲੈ ਲਈ।

“ਇਕੱਲਾ ਪੈੱਗ ਹੀ ਨਹੀਂ … ...” ਸੰਧੂ ਬੋਲਿਆ, “ਗੱਲ ਆਹ ਐ, ਤੁਸੀਂ ਆਪਣੀ ਸਭਾ ਵਲੋਂ ਇਸ ਵਾਰ ਮੈਨੂੰ ਸਨਮਾਨਿਤ ਕਰ ਦੇਵੋ, ਮੇਰੀਆਂ ਕਿਤਾਬਾਂ ਵੀ ਰਿਲੀਜ਼ ਕਰ ਦਿਓ, ਕਿਤਾਬਾਂ ਪ੍ਰੈੱਸ ਵਿਚ ਹਨ …

ਬਾਜਵਾ ਬੋਲਿਆ, ਠੀਕ ਹੈ ਤੈਨੂੰ ਸਨਮਾਨਿਤ ਵੀ ਕਰ ਦਿੰਦੇ ਆ, ਕਿਤਾਬ ਵੀ ਰਿਲੀਜ਼ ਕਰ ਦਿੰਦੇ ਆ, ਤੂੰ ਇਹ ਗੱਲ ਦੱਸ, ਸਾਨੂੰ ਮਾਇਆ …?”

ਸੰਧੂ ਹੱਸਿਆ, “ਤੈਨੂੰ ਪਤਾ ਈ ਆ, ਫੰਕਸ਼ਨ ਵੱਡਾ ਕਰਨਾ, ਵਧੀਆ ਹੋਟਲ ਵਿਚ ਕਰਨਾ, ਬੰਦੇ ਵੀ ਟੌਪ ਦੇ ਬੁਲਾਵਾਂਗੇ …”

ਬਾਜਵੇ ਨੇ ਸੰਧੂ ਨੂੰ ਸਨਮਾਨਿਤ ਕਰਨ ਦਾ ਵਾਅਦਾ ਕਰ ਦਿੱਤਾਸੰਧੂ ਵਿਦੇਸ਼ੋ ਪਰਤਿਆ ਸੀ, ਕੁਝ ਕਾਲਜਾਂ ਤੇ ਯੂਨੀਵਰਸਿਟੀਆਂ ਵਾਲੇ ਵੀ ਉਹਨੂੰ ਬੁਲਾ ਕੇ ਚਿੱਟੀ ਲੋਈ ਦੇਣੀ ਚਾਹੁੰਦੀ ਸਨ।

ਨਵੀਆਂ ਖੁੱਲ੍ਹੀਆਂ ਇੱਕ ਦੋ ਯੂਨੀਵਰਸਿਟੀਆਂ ਵੀ ਪੱਬਾਂ ਭਾਰ ਹੋਈਆਂ ਪਈਆਂ ਸਨ ਕਿ ਸੰਧੂ ਉਹਨਾਂ ਦੁਆਰਾ ਕਰਵਾਈ ਜਾ ਰਹੀ ਵਿਸ਼ਵ (ਪ੍ਰਵਾਸੀ) ਪੰਜਾਬੀ ਕਾਨਫਰੰਸ ਵਿਚ ਹਿੱਸਾ ਜ਼ਰੂਰ ਲਵੇ

ਸੰਧੂ ਵੀ ਜਾਣਦਾ ਸੀ ਕਿ ਮੇਰੀ ਹਰ ਪਾਸੇ ਬੱਲੇ-ਬੱਲੇ ਹੈਪਰ ਉਹ ਤਾਂ ਨਾਮੀ ਸਾਹਿਤਕ ਸੰਸਥਾ ਤੋਂ ਇਨਾਮ ਪ੍ਰਾਪਤ ਕਰਨ ਲਈ ਪਾਪੜ ਵੇਲ ਰਿਹਾ ਸੀ, ਇੱਟਾਂ ਉੱਤੇ ਪੈਦਾ ਹੋਈਆਂ ਸਾਹਿਤਕ ਸੰਸਥਾਵਾਂ ਤਾਂ ਬਥੇਰੀਆਂ ਸਨ

ਸੰਧੂ ਨੇ ਬਾਜਵੇ ਨਾਲ ਅਜੇ ਗੱਲ ਮੁਕਾਈ ਹੀ ਸੀ ਕਿ ਉਸ ਨੂੰ ਇੱਕ ਪ੍ਰਕਾਸ਼ਕ ਦਾ ਫੋਨ ਆ ਗਿਆ, ਸੰਧੂ ਸਾਹਿਬ ਕਦੋਂ ਪਹੁੰਚੇ ਇੰਡੀਆ? ਤੁਸੀਂ ਫੋਨ ਹੀ ਨਹੀਂ ਕੀਤਾ, ਮੈਂ ਤੁਹਾਨੂੰ ਮਿਲਣ ਆਉਣਾ ਹੈ

ਬੱਸ ਪਰਸੋਂ ਹੀ ਪਹੁੰਚਿਆ ਹਾਂ

ਹਾਲ-ਚਾਲ ਪੁੱਛਣ ਤੋਂ ਬਾਅਦ ਪ੍ਰਕਾਸ਼ਕ ਫੋਨ ਬੰਦ ਕਰ ਦਿੱਤਾ ਤੇ ਆਪਣੀ ਪਤਨੀ ਨਾਲ ਸਲਾਹ ਕਰਨ ਲੱਗ ਪਿਆ।

ਸੰਧੂ ਸਾਹਿਬ ਇੰਡੀਆ ਆਏ ਹੋਏ ਆ, ਉਹਨਾਂ ਲਈ ਕਿਸੇ ਦਿਨ ਡਿਨਰ ਦਾ ਪ੍ਰਬੰਧ ਕਰਨਾ ਹੈ

ਹਾਂ, ਕਿਉਂ ਨਹੀਂ ਇੰਨਾ ਤਾਂ ਕਰਨਾ ਹੀ ਪਊਗਾ, ਕੁਝ ਗਿਫ਼ਟਾਂ ਵੀ ਮੰਗਵਾਉਣੀਆਂ ਪੈਣੀਆਂ

ਕਈ ਪ੍ਰਕਾਸ਼ਕ ਅੱਧਾ ਸਾਲ ਇੰਡੀਆ ਰਹਿੰਦੇ ਹਨ ਤੇ ਅੱਧਾ ਸਾਲ ਪ੍ਰਦੇਸਾਂ ਵਿਚਉਹਨਾਂ ਦਾ ਦਾਲ ਫੁਲਕਾ ਤਾਂ ਇਹਨਾਂ ਪ੍ਰਵਾਸੀ ਸਾਹਿਤਕਾਰਾਂ ਦੇ ਸਿਰ ’ਤੇ ਹੀ ਚੱਲਦਾ ਹੈਪ੍ਰਕਾਸ਼ਕ ਵਿਦੇਸ਼ ਜਾ ਕੇ ਕੁਝ ਮਹੀਨੇ ਕਿਸੇ ਪ੍ਰਵਾਸੀ ਸਾਹਿਤਕਾਰ ਦੇ ਘਰ ਰਹਿੰਦੇ ਹਨ ਤੇ ਕੁਝ ਮਹੀਨੇ ਕਿਸੇ ਹੋਰ ਦੇਉਨ੍ਹਾਂ ਨੂੰ ਲੇਖਕ ਪਤਿਆਉਣੇ ਆਉਂਦੇ ਹਨ ਬੱਸ ਖਰੜੇ ਉੱਥੋਂ ਬੈਠੇ ਹੀ ਮੇਲ ਕਰ ਦਿੰਦੇ ਹਨ ਫਿਰ ਪ੍ਰਕਾਸ਼ਕਾਂ ਦੀ ਵਾਰੀ ਹੁੰਦੀ ਹੈ ਆਏ ਹੋਏ ਮਾਲ ਨੂੰ ਸਾਂਭਣ ਦੀ

ਪ੍ਰਕਾਸ਼ਕ ਬੋਲਿਆ, ਇਕ ਮੇਰੀ ਗੱਲ ਸੁਣ, ਮੈਂ ਸੋਚਦਾ ਹਾਥੀ ਦੰਦ ਦਾ ਹੁਸ਼ਿਆਰਪੁਰੋਂ ਇਨਟੀਕ ਪੀਸ ਮੰਗਵਾ ਲਈਏ, ਘਰ ਆਏ ਸੰਧੂ ਸਾਹਿਬ ਨੂੰ ਸੁਗਾਤ ਵਜੋਂ ਦੇਣ ਲਈ

ਤੁਸੀਂ ਠੀਕ ਕਹਿੰਦੇ ਹੋ, ਮੈਂ ਇੱਕ ਦੋ ਬੂਟੀਕ ਸੂਟ ਤੇ ਸ਼ਰਾਰੇ ਵੀ ਸੰਧੂ ਸਾਹਿਬ ਦੀ ਪਤਨੀ ਲਈ ਆਰਡਰ ’ਤੇ ਬਣਵਾ ਲੈਂਦੀ ਹਾਂ” ਪ੍ਰਕਾਸ਼ਕ ਤੇ ਉਸ ਦੀ ਪਤਨੀ ਸੰਧੂ ਸਾਹਿਬ ਦੇ ਡਿਨਰ ਦੀ ਤਿਆਰੀ ’ਤੇ ਜ਼ੋਰਾਂ ਸ਼ੋਰਾਂ ਨਾਲ ਲੱਗ ਗਏ

ਭਾਗਾਂ ਵਾਲਾ ਦਿਨ ਆ ਗਿਆ ਸੰਧੂ ਆਪਣੀ ਪਤਨੀ ਸਮੇਤ ਪਹੁੰਚ ਗਿਆਪ੍ਰਕਾਸ਼ਕ ਦੀ ਪਤਨੀ ਨੇ ਚਿਹਰੇ ’ਤੇ ਖੂਬਸੂਰਤ ਮੁਸਕਾਨ ਲਿਆ ਕੇ ਜੂਸ ਦੇ ਗਿਲਾਸ ਦੋਹਾਂ ਮੀਆ ਬੀਬੀ ਨੂੰ ਬਹੁਤ ਹੀ ਅਦਬ ਨਾਲ ਪੇਸ਼ ਕੀਤਾ। ਸੰਧੂ ਦੇ ਹੱਥ ਵਿਚ ਇੱਕ ਲਿਫਾਫ਼ਾ ਸੀਉਹ ਉਸਨੇ ਆਉਂਦਿਆਂ ਹੀ ਮੇਜ਼ ਤੇ ਰੱਖ ਦਿੱਤਾਜੂਸ ਪੀਂਦੇ ਸਮੇਂ ਰਸਮੀ ਜਿਹੀਆਂ ਗੱਲਾਂ ਹੋਣ ਤੋਂ ਬਾਅਦ ਗੱਲ ਮੁੱਖ ਮੁੱਦੇ ’ਤੇ ਆ ਗਈ, “ਸੰਧੂ ਸਾਹਿਬ, ਤੁਹਾਡਾ ਤਾਂ ਖਰੜਾ ਹੀ ਬਹੁਤ ਕਮਾਲ ਦਾ ਹੈ, ਬਹੁਤ ਵਿਕੂਗੀ ਕਿਤਾਬ, ਬਹੁਤ ਵਜ਼ਨ ਹੈ ਤੁਹਾਡੀ ਲਿਖਤ ਵਿਚ

ਸੁਣਦਿਆਂ ਸਾਰ ਹੀ ਸੰਧੂ ਹੋਰ ਚੌੜਾ ਹੋ ਕੇ ਬੈਠ ਗਿਆ। ਡਿਨਰ ਕਰਦਿਆਂ-ਕਰਦਿਆਂ ਕਿਤਾਬ ਦੀ ਡਿਸਕਸ਼ਨ ਚੱਲਦੀ ਰਹੀ।

ਸੰਧੂ ਸਾਹਿਬ ਤੁਸੀਂ ਕਿਤਾਬ ਦੇ ਪਹੁੰਚਣ ਦੀ ਫਿਕਰ ਨਾ ਕਰੋ, ਕਿਤਾਬ ਛਪਦਿਆਂ ਸਾਰ ਹੀ ਮੈਂ ਕਿਤਾਬਾਂ ਕੋਰੀਅਰ ਕਰ ਦਿਆਂਗਾ

ਰੋਟੀ ਅਜੇ ਖਤਮ ਨਹੀਂ ਹੋਈ ਸੀ, ਨਾਲ ਹੀ ਇੱਕ ਨਵੀਂ ਕਿਤਾਬ ਦੀ ਵੀ ਡੀਲ ਹੋ ਗਈਪ੍ਰਕਾਸ਼ਕ ਅੰਦਰੋਂ ਅੰਦਰੀ ਮੁਸਕਰਾ ਰਿਹਾ ਸੀ। ਮਨ ਹੀ ਮਨ ਸੋਚ ਰਿਹਾ ਸੀ, “ਮੈਂ ਕਿਹੜੀ ਪੰਜ ਸੌ ਛਾਪਣੀ ਹੈ, ਦੋ ਸੌ ਛਾਪ ਕੇ ਕੰਮ ਨਿਬੇੜਨਾ ਹੈ

ਆਹ ਫੜੋ ...” ਸੰਧੂ ਪ੍ਰਕਾਸ਼ਕ ਵੱਲ ਡਾਲਰ ਕਰਦਾ ਕਿਹਾ। ਸੰਧੂ ਨੇ ਮੂੰਹ ਮੰਗੇ ਡਾਲਰ ਦੇ ਕੇ ਜਾਣ ਦੀ ਆਗਿਆ ਮੰਗੀ

ਕਿਤਾਬ ਝੱਟ ਛਪ ਗਈ ਕਿਤਾਬ ਨੂੰ ਰਿਲੀਜ਼ ਕਰਨ, ਚੋਟੀ ਦੇ ਸਾਹਿਤਕਾਰ ਬੁਲਾਉਣ, ਹੋਟਲ ਦੀ ਬੂਕਿੰਗ ਤੇ ਫੰਕਸ਼ਨ ਦੀ ਸਾਰੀ ਤਿਆਰੀ ਦੀ ਜ਼ਿੰਮੇਵਾਰੀ ਪ੍ਰਕਾਸ਼ਕ ਨੇ ਆਪਣੇ ਸਿਰ ਲੈ ਲਈ

ਸੰਧੂ ਦੇ ਜਾਣ ਤੋਂ ਬਾਅਦ ਦੋਵੇਂ ਪਤੀ-ਪਤਨੀ ਦੇ ਚਿਹਰੇ ਖਿੜੇ ਹੋਏ ਸਨ

ਦੇਖੋ, ਇੱਕ ਗੱਲ ਮੇਰੀ ਸੁਣ ਲਵੋ, ਇਸ ਵਾਰ ਮੈਨੂੰ ਡਾਇਮੰਡ ਰਿੰਗ ਜ਼ਰੂਰ ਬਣਾ ਦਿਓ, ਅੱਜ ਤੁਹਾਡੀ ਵਧੀਆ ਡੀਲ ਹੋ ਗਈ ਹੈ” ਪਤਨੀ ਨੇ ਪਤੀ ਨੂੰ ਪਿੱਛਿਓਂ ਆ ਕੇ ਘੁੱਟ ਕੇ ਜੱਫੀ ਪਾ ਲਈ। ਅੱਜ ਉਸ ਦਾ ਡਾਇਮੰਡ ਰਿੰਗ ਦਾ ਸੁਪਨਾ ਪੂਰਾ ਹੋਣ ਕਿਨਾਰੇ ਸੀ

ਸੰਧੂ ਦੇ ਵਿਦੇਸ਼ ਜਾਣ ਵਿੱਚ ਕੁਝ ਹੀ ਦਿਨ ਬਾਕੀ ਬਚੇ ਸਨਉਹ ਆਪਣੇ ਰਿਸ਼ਤੇਦਾਰਾਂ ਦੇ ਘੱਟ ਗਿਆ, ਬਹੁਤਾ ਸਮਾਂ ਮਾਣ-ਸਨਮਾਨ ਦੇ ਫੰਕਸ਼ਨਾਂ ਵਿੱਚ ਲੰਘਿਆ।

ਅੱਜ ਇੱਕ ਯੂਨੀਵਰਸਿਟੀ ਦਾ ਉੱਚੇ ਅਹੁਦੇ ’ਤੇ ਬੈਠਾ ਨੁਮਾਇੰਦਾ ਵਾਰ-ਵਾਰ ਫੋਨ ਕਰੀ ਜਾ ਰਿਹਾ ਸੀ, ਸੰਧੂ ਸਾਹਿਬ, ਫੰਕਸ਼ਨ ਵਿਚ ਜ਼ਰੂਰ ਆਉਣਾ, ਵਿਦਿਆਰਥੀਆਂ ਨਾਲ ਤੁਹਾਡਾ ਰੂ-ਬ-ਰੂ ਕਰਵਾਉਣਾ ਹੈਪ੍ਰਵਾਸੀ ਸਾਹਿਤ ਨੂੰ ਪ੍ਰਮੁੱਖ ਰੱਖ ਕੇ ਪ੍ਰੋਗਰਾਮ ਉਲੀਕਿਆ ਹੈ

ਹਾਂ, ਵੇਖ ਲਵਾਂਗਾ ਜੇ ਸਮਾਂ ਮਿਲ ਗਿਆ ਤਾਂ” ਸੰਧੂ ਨੂੰ ਅਖੀਰ ਜਾਣ ਲਈ ਹਾਂ ਕਰਨੀ ਹੀ ਪਈ

ਸੰਧੂ ਦੇ ਸਵਾਗਤ ਲਈ ਸੋਹਣੀਆਂ ਕੁੜੀਆਂ ਦੀ ਤਲਾਸ਼ ਕੀਤੀ ਗਈਸੰਧੂ ਜਦੋਂ ਹੀ ਹਾਲ ਵਿੱਚ ਦਾਖਲ ਹੋਇਆ, ਕੁੜੀਆਂ ਨੇ ਉਸ ਦਾ ਹੱਸ ਕੇ ਸਵਾਗਤ ਕੀਤਾ। ਰੀਬਨ ਕੱਟਣ ਤੋਂ ਬਾਅਦ ਬੈਜ ਲਾਇਆ ਗਿਆ। ਸੰਧੂ ਦੇ ਦਾਖਲ ਹੁੰਦਿਆਂ ਹੀ ਹਾਲ ਤਾੜੀਆਂ ਨਾਲ ਗੂੰਜ ਉੱਠਿਆ

ਸਟੇਜ ਸੈਕਟਰੀ ਸੰਧੂ ਦੀਆਂ ਰਚਨਾਵਾਂ ਦੇ ਪੁਲ ਬੰਨ੍ਹਣ ਲੱਗਾਹਾਲ ਵਿਚ ਕੁਝ ਸਰੋਤੇ ਤਾਂ ਮਜਬੂਰੀ ਵੱਸ ਹੀ ਬੈਠੇ ਸਨ ਡਿਊਟੀ ਦੇਣ ਵਾਸਤੇਫਿਰ ਸੰਧੂ ਦਾ ਭਾਸ਼ਣ ਲੰਬਾ ਹੋਣ ਲੱਗ ਪਿਆ। ਸੰਧੂ ਆਪਣੀ ਆਓ ਭਗਤ ਵੇਖ ਕੇ ਅੰਦਰੋਂ ਬਹੁਤ ਖੁਸ਼ ਨਜ਼ਰ ਆ ਰਿਹਾ ਸੀ।

ਸੰਧੂ ਸਾਹਿਬ ਦਾ ਨਾਂ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ” ਸਟੇਜ ਸੈਕਟਰੀ ਆਪਣਾ ਫਰਜ਼ ਨਿਭਾਇਆ।

ਸੰਧੂ ਦੇ ਮਨ ਵਿੱਚ ਖੁਸ਼ੀ ਦੇ ਲੱਡੂ ਫੁੱਟਣ ਲੱਗੇ। ਫਿਰ ਹਾਲ ਵਿੱਚ ਆਵਾਜ਼ ਗੂੰਜੀ, “ਸੰਧੂ ਸਾਹਿਬ ਅੱਜ ਆਪਣੀ ਜਨਮ ਭੂਮੀ ਲਈ ਜ਼ਰੂਰ ਕੁਝ ਨਾ ਕੁਝ ਤਿਲ-ਫੁੱਲ ਭੇਂਟਾ ਕਰਕੇ ਜਾਣਗੇ ...

ਸੰਧੂ ਨੇ ਅਨਾਊਂਸਮੈਂਟ ਸੁਣ ਕੇ ਕੁਝ ਸੋਚਿਆ ਤੇ ਉੱਠ ਕੇ ਅਦਾਰੇ ਦੇ ਮੁਖੀ ਦੇ ਕੰਨਾਂ ਵਿਚ ਘੁਸਰ-ਮੁਸਰ ਕਰੇ ਇੱਕ ਸਲਿੱਪ ਸਟੇਜ ਸੈਕਟਰੀ ਨੂੰ ਫੜਾ ਦਿੱਤੀ।

ਹਾਲ ਵਿਚ ਫਿਰ ਤਾੜੀਆਂ ਗੂੰਜ ਉੱਠੀਆਂ। ਸੰਧੂ ਨੇ ਢਾਈ ਲੱਖ ਦੇਣ ਦਾ ਵਾਅਦਾ ਕੀਤਾ ਸੀ। ਸਟੇਜ ਸੈਕਟਰੀ ਇੱਕ ਵਾਰ ਫਿਰ ਸੰਧੂ ਲਈ ਧੰਨਵਾਦੀ ਸ਼ਬਦਾਂ ਦੇ ਪੁਲ ਬੰਨ੍ਹਣ ਲੱਗ ਪਿਆ।

ਅੱਜ ਸੰਧੂ ਦੇ ਚਿਹਰੇ ’ਤੇ ਅੱਜ ਇੱਕ ਨਵਾਂ ਸਰੂਰ ਸੀ। ਉਹ ਅਜੇ ਘਰ ਪਹੁੰਚਿਆ ਹੀ ਸੀ ਕਿ ਇੰਨੇ ਨੂੰ ਉਸਦੇ ਫੋਨ ਦੀ ਘੰਟੀ ਵੱਜਣ ਲੱਗ ਪਈ। “ਸੰਧੂ ਸਾਹਿਬ, ਕਿਤਾਬ ਤਿਆਰ ਹੋ ਗਈ ਹੈ, ਫੰਕਸ਼ਨ ਦੀ ਡੇਟ ਫਾਈਨਲ ਕਰਕੇ ਤਿਆਰੀਆਂ ਆਰੰਭ ਕਰੀਏ” ਦੂਜੇ ਪਾਸਿਓਂ ਪ੍ਰਕਾਸ਼ਕ ਦੀ ਆਵਾਜ਼ ਆਈ।

ਹਾਂਅ ..., ਮੈਂ ਅਜੇ ਦੋ ਵੀਕ ਇੱਥੇ ਹੀ ਹਾਂ, ਤੁਸੀਂ ਤਾਰੀਕ ਫਾਈਨਲ ਕਰ ਲਵੋ” ਸੰਧੂ ਬੋਲਿਆ

ਸੰਧੂ ਦੀ ਇੱਕ ਕਿਤਾਬ ਪ੍ਰਕਾਸ਼ਕ ਨੇ ਆਪਣੀ ਮਰਜ਼ੀ ਦੇ ਸਰੋਤੇ, ਆਲੋਚਕ, ਪਾਠਕ ਤੇ ਸਾਹਿਤ ਪ੍ਰੇਮੀਆਂ ਇਕੱਠੇ ਕਰਕੇ ਰਿਲੀਜ਼ ਕਰਵਾ ਦਿੱਤੀ।

ਸ਼ਾਮ ਦਾ ਫੰਕਸ਼ਨ ਸ਼ੁਰੂ ਹੋ ਗਿਆ। ਸੋਹਲ ਮੁਰਗੇ ਦੀ ਹੱਡੀ ਚਰੂੰਡਦਾ ਬੋਲਿਆ, ਫੰਕਸ਼ਨ ਦਾ ਤਾਂ ਮਜ਼ਾ ਹੀ ਆ ਗਿਆ ...।”

ਸੰਧੂ ਸਾਹਿਬ ਫੰਕਸ਼ਨ ਬਹੁਤ ਵਧੀਆ ਰਿਹਾ। ਅੱਜ ਤਾਂ ਮਜ਼ਾ ਹੀ ਆ ਗਿਆ, ਕਿਤਾਬ ਦੀਆਂ ਬਹੁਤ-ਬਹੁਤ ਮੁਬਾਰਕਾਂ” ਇੱਕ ਆਲੋਚਕ ਝੂੰਮਦਾ ਹੋਇਆ ਹਾਲ ਤੋਂ ਬਾਹਰ ਨੂੰ ਜਾ ਰਿਹਾ ਸੀਸੰਧੂ ਨੂੰ ਸਾਰੇ ਪਾਸਿਓਂ ਨਵੀਂ ਕਿਤਾਬ ਦੀਆਂ ਵਧਾਈਆਂ ਮਿਲ ਰਹੀਆਂ ਸਨਹਾਲ ਵਿਚ ਜਗਮਗ ਕਰਦੇ ਲਾਟੂ ਮੱਧਮ ਰੋਸ਼ਨੀ ਵਿਚ ਦਿਲਕਸ਼ ਨਜ਼ਾਰਾ ਬਣਾ ਰਹੇ ਸਨ

ਇੱਕ ਸਰੋਤੇ ਘਰ ਜਾ ਕੇ ਕਿਤਾਬ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੀ।

ਸੰਧੂ ਨੇ ਘਰ ਪਹੁੰਚ ਕੇ ਆਪਣੀ ਪਤਨੀ ਨੂੰ ਕਿਹਾ, “ਦੇਖਿਆ, ਤੂੰ ਐਵੇਂ ਕਹਿੰਦੀ ਰਹਿੰਦੀ ਏਂ, ਸਾਰੀ ਦਿਹਾੜੀ ਵਰਕੇ ਕਾਲੇ ਕਰਦਾ ਰਹਿੰਦਾ ਦੇਖ ਕਿੰਨੇ ਲੋਕ ਆਏ ਹੋਏ ਸਨ?”

ਦੂਜੇ ਦਿਨ ਫਿਰ ਪ੍ਰਕਾਸ਼ਕ ਆ ਗਿਆ ਤੇ ਉਹਨੇ ਇੱਕ ਮੋਟਾ ਜਿਹਾ ਬਿੱਲ ਸੰਧੂ ਦੇ ਹੱਥ ਫੜਾ ਦਿੱਤਾ

ਬਿੱਲ ਦੀ ਕੋਈ ਗੱਲ ਨਹੀਂ, ਕਿਤਾਬ ਜਲਦੀ ਪੁੱਜਦੀ ਕਰ ਦੇਣੀ” ਸੰਧੂ ਨੇ ਪ੍ਰਕਾਸ਼ਕ ਉੱਤੇ ਸਾਰੀ ਗੱਲ ਸੁੱਟ ਦਿੱਤੀ

ਸਮਾਂ ਖੰਭ ਲਾ ਕੇ ਉੱਡਣ ਲੱਗਾ। ਸੰਧੂ ਆਪਣੇ ਬੈਗ, ਅਟੈਚੀ ਤਿਆਰ ਕਰ ਰਿਹਾ ਸੀ ਕਿ ਇੰਨੇ ਨੂੰ ਬਾਜਵੇ ਦਾ ਫੋਨ ਆ ਗਿਆ, “ਸੰਧੂ ਸਾਹਿਬ, ਤੁਹਾਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਤੈਅ ਹੋ ਗਿਆ ਹੈ ਸਨਮਾਨ ਅਸੀਂ ਵਧੀਆ ਕਰਾਂਗੇ, ਦੋਂਹ ਗੱਲਾਂ ਦਾ ਧਿਆਨ ਰੱਖਿਓਇੱਕ, ਸਾਨੂੰ ਚੈੱਕ ਜ਼ਰੂਰ ਕੱਟ ਦਿਓ … ਦੂਜਾ, ਜਦੋਂ ਤੁਸੀਂ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਣੀ ਹੈ, ਮੇਰੀ ਰਾਹਦਾਰੀ ਭੇਜਣੀ ਨਾ ਭੁੱਲਣਾ …

ਸੰਧੂ ਦੇ ਪੱਬ ਧਰਤੀ ’ਤੇ ਨਹੀਂ ਸਨ ਲੱਗ ਰਹੇ, ਉਹਨੇ ਸਨਮਾਨਿਤ ਹੋਣ ਲਈ ਹਾਂ ਕਰ ਦਿੱਤੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3537)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਬਲਵੀਰ ਕੌਰ ਰੀਹਲ

ਬਲਵੀਰ ਕੌਰ ਰੀਹਲ

Assistant Professor Punjabi Dept.,
Sri Guru Gobind Singh Khalsa College,
Mahilpur. Hoshiarpur, Punjab, India.
Tel: (91 - 94643 - 30803)
Email: (balvirkaurrehal@gmail.com)