BalvirKReehal7ਬਾਪੂ ਜੀ, ਤੁਸੀਂ ਪਿੰਡ ਦੇ ਚੌਧਰੀ ਨੂੰ ਜਾਣਦੇ ਹੋ, ਜਿਹੜਾ 47 ਵੇਲੇ ਪਾਕਿਸਤਾਨ ਚਲਿਆ ਗਿਆ ਸੀ? ...
(24 ਅਪਰੈਲ 2022)

 

ਫੇਸਬੁੱਕ ਦੇ ਵੀ ਹਜ਼ਾਰਾਂ ਚਿਹਰੇ ਹਨ, ਇੱਕ ਇੱਕ ਚਿਹਰੇ ਪਿੱਛੇ ਪਤਾ ਨਹੀਂ ਕਿੰਨੇ ਚਿਹਰੇ ਛੁਪੇ ਹੋਏ ਹਨਮੈਂ ਫੇਸਬੁੱਕ ਅਕਾਊਂਟ ਖੋਲ੍ਹ ਕੇ ਕਦੇ ਅਮਰੀਕਾ ਪਹੁੰਚ ਜਾਂਦੀ ਹਾਂ, ਕਦੇ ਕਨੇਡਾਕਦੇ ਆਸਟਰੇਲੀਆ, ਕਦੇ ਜਪਾਨ ਤੇ ਕਦੇ ਹਮਸਾਇਆ ਦੇ ਦੇਸ਼ ਪਾਕਿਸਤਾਨਮੁੱਦਤਾਂ ਦੇ ਵਿੱਛੜੇ ਸਾਥੀ ਫੇਸਬੁੱਕ ’ਤੇ ਪ੍ਰਗਟ ਹੋ ਗਏ ਹਨ ਕੁਝ ਨਵੀਆਂ ਦੋਸਤੀਆਂ ਬਣ ਗਈਆਂ ਹਨ ਤੇ ਕੁਝ ਪੁਰਾਣੀਆਂ ਬੇਹੀਆਂ ਜਿਹੀਆਂ ਲੱਗਣ ਲੱਗ ਪਈਆਂ ਹਨ

ਜਦੋਂ ਕਦੇ ਕੋਈ ਪਾਕਿਸਤਾਨੀ ਸਾਥੀ ਫੇਸਬੁੱਕ ’ਤੇ ਮਿਲਦਾ ਹੈ ਤਾਂ ਰੂਹ ਨੂੰ ਸਕੂਨ ਜਿਹਾ ਆ ਜਾਂਦਾ ਹੈਫਿਰ ਮਨ ਵਿੱਚ ਹਉਕਾ ਜਿਹਾ ਉੱਠਦਾ ਹੈ, ਮੇਰੇ ਬਜ਼ੁਰਗਾਂ ਦੇ ਹਮਸਾਏ ਮਿੱਤਰ ਦੋਸਤ ਵੰਡ ਦੀ ਹਨੇਰੇ ਸਮੇਂ ਪਤਾ ਨਹੀਂ ਕਿੱਧਰ ਤੁਰ ਗਏਕਈ ਵਾਰ ਖਿਆਲਾਂ ਵਿੱਚ ਮੈਂ ਆਪਣੇ ਪੁਰਖਿਆਂ ਦੀ ਜੰਮਣ ਭੋਏਂ ਲਾਹੌਰ, ਸੁਪਨਿਆਂ ਵਿੱਚ ਹੀ ਬਾਬੇ ਨਾਨਕ ਨੂੰ ਨਮਸਤਕ ਹੋ ਸਿਜਦਾ ਕਰ ਆਈ ਹਾਂਇਹ ਧਰਤੀ ਤਾਂ ਸਭ ਦੀ ਸਾਂਝੀ ਹੈਪਤਾ ਨਹੀਂ ਕਿੰਨੀਆਂ ਸਦੀਆਂ ਤੋਂ ਇਹ ਧਰਤੀ ਲੀਕ ਤੋਂ ਬਿਨਾਂ ਸੀ - ਮੈਂ ਆਪਣੇ ਆਪ ਨੂੰ ਖਿਆਲਾਂ ਤੋਂ ਬਾਹਰ ਕੱਢਦੀ ਹਾਂ

ਜਦੋਂ ਮੇਰਾ ਮਨ ਕਰਦਾ ਹੈ, ਮੈਂ ਆਪਣੀ ਡੀਪੀ ਬਦਲ ਦਿੰਦੀ ਹਾਂਇਹ ਮੇਰੇ ਮਨ ਦੀ ਮੌਜ ਹੈ, ਮੇਰੀ ਆਪਣੀ ਆਜ਼ਾਦੀ ਹੈਕਦੇ ਮੇਰਾ ਮਨ ਉਦਾਸੀ ਵਿੱਚ ਹੋਵੇ ਤਾਂ ਮੈਂ ਫੇਸਬੁੱਕ ਅਕਾਊਂਟ ਖੋਲ੍ਹਦੀ ਨਹੀਂਮਸੈਂਜਰ ’ਤੇ ਆਏ ਸੁਨੇਹੇ ਤਾਂ ਕਦੇ ਵੇਖੇ ਹੀ ਨਹੀਂ ਹਨ

ਇੱਕ ਦਿਨ ਬੈਠਿਆਂ ਬੈਠਿਆਂ ਮੇਰਾ ਧਿਆਨ ਮਸੈਂਜਰ ’ਤੇ ਆਏ ਬਹੁਤ ਸਾਰੇ ਸੁਨੇਹਿਆਂ ਵੱਲ ਗਿਆਕਿਸੇ ਅਣਜਾਣ ਦੇ ਸੁਨੇਹੇ ਤਾਂ ਮੈਂ ਪੜ੍ਹਦੀ ਹੀ ਨਹੀਂ, ਨਾ ਹੀ ਕਿਸੇ ਦੀ ਦੋਸਤੀ ਲਈ ਭੇਜੀ ਬੇਨਤੀ ਵੱਲ ਹੀ ਗੌਰ ਕਰਦੀ ਹਾਂ ਪਰ ਇਹ ਤਾਂ ਕਿੰਨੇ ਸਾਰੇ ਸੁਨੇਹੇ ਹਨਮੈਂ ਇੱਕ ਤੋਂ ਬਾਅਦ ਇੱਕ ਸੁਨੇਹਾ ਪੜ੍ਹਦੀ ਜਾਂ ਰਹੀ ਹਾਂਇਹ ਸਾਰੇ ਸੁਨੇਹੇ ਮੁਹੰਮਦ ਸਦੀਕ ਖਾਨ ਅਲਵੀ ਨੇ ਭੇਜੇ ਹਨਅਸਲ ਵਿੱਚ ਇਹ ਸੁਨੇਹੇ ਮੈਨੂੰ ਲੱਗਦਾ ਨਵਾਂਸ਼ਹਿਰ ਨੂੰ ਆਏ ਸਨਅਲਵੀ ਦਾ ਰਿਸ਼ਤਾ ਨਵਾਂ ਸ਼ਹਿਰ ਨਾਲ ਸਦੀਆਂ ਪੁਰਾਣਾ ਸੀਅਲਵੀ ਦੇ ਦਾਦਿਆਂ ਪੜਦਾਦਿਆਂ ਤੇ ਮਾਪਿਆਂ ਦਾ ਪਿੰਡ ਮੇਰੇ ਘਰ ਤੋਂ ਸਿਰਫ ਵੀਹ ਕਿਲੋਮੀਟਰ ਦੀ ਦੂਰੀ ’ਤੇ ਸੀਭਾਵੇਂ ਉਹ ਜੰਮਿਆਂ ਹਿੰਦ-ਪਾਕਿ ਵੰਡ ਤੋਂ ਤਿੰਨ ਸਾਲ ਬਾਅਦ ਸੀ ਪਰ ਉਹਦੇ ਮਾਪਿਆਂ ਨੇ ਉਸ ਨਾਲ ਇੰਨੀਆਂ ਗੱਲਾਂ ਕੀਤੀਆਂ ਸਨ ਕਿ ਉਸ ਦੀ ਰੂਹ ਸਦਾ ਆਪਣੇ ਦਾਦਿਆਂ ਨਾਨਕਿਆਂ ਦੇ ਪਿੰਡ ਵਿੱਚ ਹੀ ਭਟਕਦੀ ਰਹਿੰਦੀਅਲਵੀ ਨੂੰ ਮੇਰੇ ਬਾਰੇ ਫੇਸਬੁੱਕ ਤੋਂ ਪੜ੍ਹ ਕੇ ਲੱਗਾ ਜਿਵੇਂ ਉਸ ਦੀ ਫੌਤ ਹੋ ਚੁੱਕੀ ਦਾਦੀ ਨਾਲ ਮੇਰੀ ਕੋਈ ਸਾਂਝ ਹੋਵੇ

ਉਹਨਾਂ ਸੁਨੇਹਿਆਂ ਵਿੱਚ ਲਿਖਿਆ ਸੀ, ਮੇਰੇ ਦਾਦਿਆ ਪੜਦਾਦਿਆਂ ਦਾ ਪਿੰਡ ਤੇਰੇ ਪਿੰਡ ਦੇ ਨੇੜੇ ਹੀ ਨਿਆਣਾ ਬੇਟ ਹੈਮੈਂ ਲਾਹੌਰ ਹਾਈ ਕੋਰਟ ਵਿੱਚ ਸੀਨੀਅਰ ਵਕੀਲ ਹਾਂ ਅਲਵੀ ਨੇ ਆਪਣੇ ਸਾਰੇ ਪਰਿਵਾਰ ਦੀ ਵਿੱਦਿਅਕ ਯੋਗਤਾ, ਆਪਣਾ ਅਤਾ-ਪਤਾ ਵੀ ਲਿਖ ਭੇਜਿਆ ਸੀ

ਉਹ ਹੋ! ਮੈਂ ਮਨ ਹੀ ਮਨ ਸੋਚਿਆ, ਕਿੰਨੇ ਸੁਨੇਹੇ ਆਏ ਹੋਏ ਹਨਦੂਜੇ ਪਾਸੇ ਮਨ ਵਿੱਚ ਡਰ ਵੀ ਪੈਦਾ ਹੋ ਰਿਹਾ ਸੀ ਕਿਤੇ ਕੋਈ ਗਲਤ ਬੰਦਾ ਹੀ ਨਾ ਹੋਵੇਪਰ ਮੈਨੂੰ ਪਤਾ ਨਹੀਂ ਕਿਉਂ ਇਹਨਾਂ ਅੱਖਰਾਂ ਨੇ ਪਿਘਲਾ ਦਿੱਤਾ ਸੀ। “ਮੇਰੇ ਦਾਦਾ ਦਾਦੀ ਇੱਥੇ ਹੀ ਕਬਰਾਂ ਵਿੱਚ ਦਫ਼ਨ ਹਨ

ਮੈਂ ਵਿਚਾਰ ਕਰਕੇ ਫੋਨ ਕੀਤਾਅਲਵੀ ਨੂੰ ਮੇਰੀ ਆਵਾਜ਼ ਸੁਣ ਕੇ ਖੁਸ਼ੀ ਚੜ੍ਹ ਗਈਮੇਰੀ ਬੋਲੀ, ਉਹ ਬੋਲੀ ਸੀ ਜੋ ਉਹ ਜੰਮਦੇ ਸਮੇਂ ਤੋਂ ਹੀ ਸੁਣਦਾ ਆ ਰਿਹਾ ਸੀਉਹਦੇ ਮਾਪਿਆਂ ਦੇ ਪਿੰਡੋਂ ਤੇ ਇਲਾਕੇ ਵਿੱਚੋਂ ਕੋਈ ਗੱਲ ਕਰ ਰਿਹਾ ਸੀਮੇਰੀ ਅਵਾਜ਼ ਉਹਨੂੰ ਆਪਣੇ ਮਾਮਿਆ, ਚਾਚਿਆਂ, ਤਾਇਆਂ ਨਾਲ ਰਲਦੀ ਮਿਲਦੀ ਲੱਗ ਰਹੀ ਸੀ ਕਿਉਂਕਿ 75 ਸਾਲਾਂ ਵਿੱਚ ਬੋਲੀ ਵਿੱਚ ਬਹੁਤ ਫ਼ਰਕ ਪੈ ਗਿਆ ਹੈ। “ਮੇਰੇ ਅੱਬਾ ਦਾ ਪਿੰਡ ਨਿਆਣਾ ਬੇਟ ਹੈ, ਤੂੰ ਜਾਣਦੀ ਹੈ?”

ਮੈਨੂੰ ਸਿਆਣੇ ਪਿੰਡ ਬਾਰੇ ਤਾਂ ਪਤਾ ਸੀ ਇਹ ਅੱਜ ਕੱਲ੍ਹ ਬਲਾਚੌਰ ਵਿੱਚ ਹੀ ਰਲ ਗਿਆ ਹੈ ਪਰ ਨਿਆਣੇ ਬਾਰੇ ਨਹੀਂ ਪਤਾ ਸੀ

“ਨਹੀਂ ਜੀ, ਮੈਨੂੰ ਨਹੀਂ ਪਤਾ

“ਇਹ ਬਲਾਚੌਰ ਲਾਗੇ ਹੈ

“ਹਾਂ ਜੀ, ਬਲਾਚੌਰ ਤਾਂ ਮੇਰੇ ਘਰੋਂ ਬਹੁਤ ਨੇੜੇ ਹੈ

“ਬਸ ਉਹਦੇ ਨੇੜੇ ਹੀ ਹੈ, ਨਿਆਣਾ, ਨਾਨੋਵਾਲ, ਸੁੱਜੋਵਾਲ, ਜਾਡਲਾ, ਜਾਡਲੇ ਮੇਰਾ ਮਾਮਾ ਪੜ੍ਹਦਾ ਸੀ ਤੇ ਅੱਬਾ ਬਲਾਚੌਰ ਪੜ੍ਹੇ ਸਨ ਉਹ ਸਾਰੇ ਤੇਰੀ ਬੋਲੀ ਬੋਲਦੇ ਹਨ

ਮੁਹੰਮਦ ਸਦੀਕ ਖਾਨ ਅਲਵੀ ਦੀ ਖੁਸ਼ੀ ਦੂਣੀ ਹੁੰਦੀ ਜਾ ਰਹੀ ਸੀ, “ਤੂੰ ਇੱਕ ਕੰਮ ਕਰੀਂ ... ਮੇਰੇ ਪਿੰਡ ਜਾ ਕੇ ਆਈਂ। ਉੱਥੇ ਮੇਰੇ ਦਾਦਾ ਦਾਦੀ ਦਫ਼ਨ ਹਨ

ਦਾਦਾ ਦਾਦੀ ਰਹਿ ਗਏ ਇੱਥੇ ਹੀ ਤੇ ਬਾਕੀ ਪਰਿਵਾਰ ਚਲਿਆ ਗਿਆ ਉੱਜੜ ਕੇ

“ਉਹ ਦਿਨ ਮੇਰੇ ਲਈ ਈਦ ਵਾਂਗ ਹੋਵੇਗਾ ਜਿਸ ਦਿਨ ਤੂੰ ਮੇਰੇ ਪਿੰਡ ਜਾਵੇਂਗੀਉੱਥੇ ਦਾ ਇੱਕ ਬਜ਼ੁਰਗ ਹੈ ਕਰਤਾਰਾ ਰਾਮ, ... ਅਜੇ ਉਹ ਜਿਊਂਦਾ ਹੈ ਤੂੰ ਉਹਨੂੰ ਮਿਲ ਕੇ ਆਵੀਂ, ਉਹ ਤੈਨੂੰ ਸਾਰੀ ਗੱਲ ਜ਼ਰੂਰ ਦੱਸ ਦੇਊ

ਅਲਵੀ ਫਿਰ ਕਹਿ ਰਿਹਾ ਸੀ, “ਉੱਥੇ ਮੇਰੇ ਦਾਦਾ ਦਾਦੀ ਦਫ਼ਨ ਹਨ, ਮੇਰਾ ਅੱਧਾ ਪਰਿਵਾਰ ਪਿੱਛੇ ਰਹਿ ਗਿਆ,ਮੈਂ ਉੱਥੇ ਜੰਮਿਆ ਨਹੀਂ ਪਰ ਉਹ ਮਿੱਟੀ ਮੈਨੂੰ ਅੰਦਰੋਂ ਪੁਕਾਰ ਰਹੀ ਹੈ, ਵੀਜ਼ਾ ਮਿਲਦਾ ਨਹੀਂ

ਫੋਨ ਬੰਦ ਹੋ ਚੁੱਕਾ ਸੀ, ਮੇਰਾ ਦਿਮਾਗ ਨਿਆਣਾ ਬੇਟ ਦੀ ਭਾਲ ਕਰਨ ਲੱਗ ਪਿਆ ਸਭ ਤੋਂ ਵੱਧ ਜਿਸ ਗੱਲ ਨੇ ਪ੍ਰਭਾਵਿਤ ਕੀਤਾ, ਉਹ ਸੀ, ਦਾਦਾ-ਦਾਦੀ ਦੀਆਂ ਕਬਰਾਂ ਦਾ ਪਿੱਛੇ ਰਹਿ ਜਾਣਾਅਲਵੀ ਦੇ ਬਜ਼ੁਰਗਾਂ ਦਾ ਘਰ, ਹਵੇਲੀ, ਉਸ ਦਾ ਅੱਬਾ ਚੌਧਰੀ ਜਿਹੜਾ ਛੇ ਫੁੱਟ ਤੋਂ ਵੀ ਉੱਚਾ ਫੌਜਦਾਰ ਸੀ, ਉਹਨੂੰ ਦਿਮਾਗ ਵਾਰ-ਵਾਰ ਚਿਤਵ ਰਿਹਾ ਸੀਬੇਟ ਦੇ ਲਾਗੇ ਦਰਿਆ ਦੇ ਕੋਲ ਇਹ ਪਿੰਡ ਕਿੱਥੇ ਕੁ ਹੋਵੇਗਾਮੈਂ ਗੂਗਲ ਮੈਪ ’ਤੇ ਸਰਚ ਕਰਦੀ, ਸਰਚ ਮੇਰੀ ਬਲਾਚੌਰ ਜਾ ਕੇ ਰੁਕ ਜਾਂਦੀਮੈਂ ਲਾਗੇ-ਛਾਗੇ ਦੇ ਵਿਦਿਆਰਥੀਆਂ ਨੂੰ ਫੋਨ ਕਰ ਰਹੀ ਸੀਮੇਰੀ ਵਿਦਿਆਰਥਣ ਕੰਗਣਾ ਬੇਟ ਪਿੰਡ ਦੀ ਹੈ, ਉਸ ਨੇ ਆਪਣੀ ਮੰਮੀ ਨਾਲ ਫੋਨ ’ਤੇ ਮੇਰੀ ਗੱਲ ਕਰਵਾਈਪਿੰਡ ਮਿਲ ਗਿਆ ਸੀ, ਭਵਨੀਤ ਦੀ ਮੰਮੀ ਕਹਿਣ ਲੱਗੀ, “ਅਸੀਂ ਤਾਂ ਖੁਦ ਅਜਿਹੀਆਂ ਗੱਲਾਂ ਸੁਣਦੇ ਰਹਿੰਦੇ ਸੀ ਆਪਣੇ ਡੈਡੀ ਤੋਂ ਮੇਰਾ ਡੈਡੀ ਵੀ ਚੱਕ ਚਾਲੀ ਤੋਂ ਆਇਆ ਸੀ

ਮੈਂ ਭਵਨੀਤ ਨੂੰ ਤਾਕੀਦ ਕੀਤੀ, “ਭਵਨੀਤ, ਪਿੰਡ ਦੇ ਪੁਰਾਣੇ ਘਰਾਂ, ਮਸਜਿਦ, ਕਬਰਾਂ, ਪਿੰਡ ਦੇ ਮੁੱਖ ਸਥਾਨਾਂ ਦੀਆਂ ਤਸਵੀਰਾਂ ਭੇਜ

ਭਵਨੀਤ ਖੁਦ ਇੱਕ ਬਨਵਾਸ ਜਿਹੜਾ ਕਨੇਡਾ ਦੀ ਮਿੱਟੀ ’ਤੇ ਪੰਜਾਬੀਆਂ ਨੂੰ ਮਿਲ ਰਿਹਾ ਹੈ ਉਸ ਦੀ ਤਿਆਰੀ ਕਰ ਰਹੀ ਸੀ ਪਰ ਉਹਦੀ ਮਾਂ ਨੇ ਮੇਰੇ ਨਾਲ ਵੰਡ ਦੀਆਂ ਕਈ ਗੱਲਾਂ ਕੀਤੀਆਂ ਤੇ ਇਹ ਵੀ ਦੱਸਿਆ ਕਿ ਉਹਨਾਂ ਦੇ ਪਿੰਡ ਵੀ ਕੁਝ ਮਹੀਨੇ ਪਹਿਲਾਂ ਪਾਕਿਸਤਾਨੋਂ ਆਏ ਬੰਦੇ ਆਪਣੇ ਪੁਰਖਿਆਂ ਦੇ ਘਰਾਂ ਦੇ ਨਕਸ਼ ਲੱਭਦੇ ਗਏ ਹਨ ਮੈਨੂੰ ਅਜੇ ਤਕ ਕੋਈ ਤਸਵੀਰ ਨਾ ਮਿਲੀਮੁਹੰਮਦ ਸਦੀਕ ਖਾਨ ਅਲਵੀ ਨੂੰ ਜਿੰਨੀ ਸਿੱਕ ਆਪਣਾ ਪਿੰਡ ਦੇਖਣ ਦੀ ਹੈ ਉੰਨੀ ਹੀ ਸਿੱਕ ਮੇਰੇ ਅੰਦਰ ਵੀ ਜਾਗ ਪਈਮੇਰੇ ਖਿਆਲਾਂ ਵਿੱਚ ਉੱਠਦਿਆਂ ਬੈਠਦਿਆਂ ਮੁਹੰਮਦ ਸਦੀਕ ਖਾਨ ਅਲਵੀ ਦੇ ਵਿੱਛੜੇ ਪਰਿਵਾਰ ਦੀਆਂ ਤਸਵੀਰਾਂ ਘੁੰਮ ਰਹੀਆਂ ਸਨ, ਜੋ ਮੈਂ ਕਦੇ ਵੇਖੀਆਂ ਨਹੀਂ ਸਨਵੰਡ ਦਾ ਸੰਤਾਪ ਪੀੜਤ ਕਰ ਰਿਹਾ ਸੀ

ਅਲਵੀ ਦੇ ਅੰਦਰ ਜਿੰਨੀ ਕਾਹਲ ਆਪਣੇ ਦਾਦਾ ਦਾਦੀ ਦੀਆਂ ਕਬਰਾਂ ਨੂੰ ਸਿਜਦਾ ਕਰਨ ਦੀ ਹੈ, ਅਜਿਹੀ ਬੇਚੈਨੀ ਨਾਲ ਮੈਂ ਕਈ ਦਿਨ ਪੀੜਤ ਰਹੀ ਮੈਨੂੰ ਦਿਨ ਰਾਤ ਚੈਨ ਨਹੀਂ ਆ ਰਿਹਾ ਸੀਅਖੀਰ ਕੁਝ ਹੀ ਦਿਨਾਂ ਵਿੱਚ ਮੇਰੀ ਵਿਦਿਆਰਥਣ ਦੇ ਭਰਾ ਦਾ ਨਿਕਾਹ ਵੀ ਉਸ ਹੀ ਪਾਸੇ ਸੀਉਹਨੇ ਮੈਨੂੰ ਵਿਆਹ ’ਤੇ ਸੱਦਿਆ ਹੋਇਆ ਸੀ ਅਸਲ ਵਿੱਚ ਮੈਂ ਕਦੇ ਨਿਕਾਹ ਹੁੰਦਾ ਨਹੀਂ ਵੇਖਿਆ ਸੀਉੱਥੇ ਮੈਨੂੰ ਰੁਬੀਨਾ ਦੀ ਰਿਸ਼ਤੇਦਾਰ ਮਿਲੀ ਜਿਸਦੀ ਵੰਡ ਵੇਲੇ ਭੈਣ ਪਾਕਿਸਤਾਨ ਚਲੀ ਗਈ, ਮੁੜ ਕਦੇ ਨਹੀਂ ਮਿਲੀਜੈਜੋਂ ਪਿੰਡ ਤੋਂ ਦੋਵੇਂ ਭੈਣਾਂ ਵਿੱਛੜ ਗਈਆਂਮਾਤਾ ਕਹਾਣੀ ਸੁਣਾਉਂਦੀ ਸੁਣਾਉਂਦੀ ਰੋਣ ਲੱਗ ਪਈਅਸੀਂ ਵਿਦਾਈ ਲੈ ਲਈ

ਅਖੀਰ ਕਰਦਿਆਂ ਕਰਾਉਂਦਿਆਂ ਗੱਡੀ ਜਾਡਲੇ ਪਹੁੰਚ ਗਈ, ਜਿੱਥੇ ਦੇ ਸਰਕਾਰੀ ਸਕੂਲ ਵਿੱਚ ਅਲਵੀ ਦਾ ਮਾਮਾ ਪੜ੍ਹਦਾ ਸੀ ਤੇ ਲਾਹੌਰ ਯੂਨੀਵਰਸਿਟੀ ਵਿੱਚ ਜਾ ਕੇ ਇੰਗਲਿਸ਼ ਵਿਭਾਗ ਦਾ ਮੁਖੀ ਬਣਿਆ

ਜਾਡਲੇ ਤੋਂ ਬਾਅਦ ਬਲਾਚੌਰ ਲੰਘ ਗਏ ਰਾਜਨ ਢਾਬੇ ਕੋਲ ਜਾ ਕੇ ਅਸੀਂ ਰਾਹ ਜਾਂਦੇ ਮੁੰਡਿਆਂ ਨੂੰ ਨਿਆਣਾ ਬੇਟ ਦਾ ਰਾਹ ਪੁੱਛਿਆਉਹਨਾਂ ਦੱਸਿਆ, “ਨਾਨੋਵਾਲ ਬੇਟ ਲੰਘ ਕੇ ਪਿੰਡ ਆ ਜਾਵੇਗਾ, ਅਸੀਂ ਵੀ ਉੱਧਰ ਹੀ ਜਾਣਾ ਹੈ

ਰਸਤੇ ਜਾਂਦਿਆਂ ਮੇਰਾ ਮਨ ਬਹੁਤ ਉਦਾਸ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਜਾਨ ਲਕੋਂਦੇ ਹੋਏ ਸ਼ਰਨਾਰਥੀ ਸਿਰਾਂ ਉੱਤੇ ਪੰਡਾਂ ਚੁੱਕੀ ਤੁਰੇ ਜਾਂਦੇ ਮੇਰੇ ਦਿਮਾਗ ਵਿੱਚ ਘੁੰਮਣ ਲੱਗ ਪਏ ਇਹਨਾਂ ਰਸਤਿਆਂ ਤੋਂ ਕਿਵੇਂ ਗਏ ਹੋਣਗੇ ਜਾਨ ਬਚਾ ਕੇ? ਪਤਾ ਹੀ ਨਾ ਲੱਗਾ ਕਦੋਂ ਇੱਕ ਹੰਝੂ ਆ ਕੇ ਮੇਰੀ ਗੱਲ ’ਤੇ ਅਟਕ ਗਿਆਮਨ ਵਿੱਚ ਉਦਾਸੀ ਵਧਦੀ ਜਾ ਰਹੀ ਸੀ ਖੁੱਲ੍ਹੇ ਅਸਮਾਨ ਵਿੱਚ ਪਿੰਡ ਦਾ ਗੇਟ ਬਣਿਆ ਦਿਖਾਈ ਦਿੱਤਾ ਅਸੀਂ ਪਿੰਡ ਪਹੁੰਚ ਗਏਮੈਂ ਫੋਨ ਨੂੰ ਲਾਈਵ ਕਰ ਲਿਆ, ਫੇਸਬੁੱਕ ’ਤੇ ਅਲਵੀ ਆਪਣੇ ਪਿੰਡ ਦੀ ਫਿਜ਼ਾ ਵੇਖ ਸਕੇ

ਮੈਂ ਗੇਟ ਦੀਆਂ ਕੁਝ ਫੋਟੋਆ ਖਿੱਚੀਆਂ ਗੇਟ ਦੇ ਲਾਗੇ ਨਵੀਂ ਕੋਠੀ ਬਣ ਰਹੀ ਸੀਮਿਸਤਰੀਆਂ ਨੂੰ ਪੁੱਛਿਆ, “ਤੁਹਾਨੂੰ ਕਿਸੇ ਅਜਿਹੇ ਬੰਦੇ ਦਾ ਪਤਾ ਜੋ 47 ਦੀ ਵੰਡ ਦੇ ਉਜਾੜੇ ਬਾਰੇ ਦੱਸ ਸਕੇ?”

“ਅਸੀਂ ਤਾਂ ਨਾਲ ਦੇ ਪਿੰਡੋਂ ਆਏ ਹਾਂ, ਹੁਣ ਤਾਂ ਕੋਈ ਉਸ ਵੇਲੇ ਦਾ ਹੋਣਾ ਨਹੀਂ

ਮਿਸਤਰੀ ਕੁਝ ਪਲ ਰੁਕ ਕੇ ਕਹਿਣ ਲੱਗਾ, “ਅਸੀਂ ਪੁਰਾਣੇ ਘਰ ਢਾਹ ਕੇ ਨਵੇਂ ਘਰ ਬਣਾਈਦੇ ਹਨ, ਨਿੱਕੀਆਂ ਇੱਟਾਂ ਦੇ ਹੁੰਦੇ ਹਨਆਹ ਲਾਗੇ ਦੇ ਬਹੁਤੇ ਪਿੰਡ ਮੁਸਲਮਾਨਾਂ ਦੇ ਹੀ ਪਿੰਡ ਸਨ

ਜਦ ਨੂੰ ਸਾਇਕਲ ’ਤੇ ਚੜ੍ਹਿਆ ਇੱਕ ਬਜ਼ੁਰਗ ਕੋਲੋਂ ਲੰਘਿਆ ਉਹਨੂੰ ਅਵਾਜ਼ ਮਾਰੀ, ਉਹ ਮੁੜ ਆਇਆਸਾਈਕਲ ਤੋਂ ਉੱਤਰ ਕੇ ਉਹਨੇ ਆਖਿਆ, “ਮੇਰਾ ਜਨਮ ਤਾਂ ਵੰਡ ਤੋਂ ਬਾਅਦ ਦਾ ਹੈ, ਮੈਨੂੰ ਨਹੀਂ ਕੁਝ ਵੀ ਪਤਾ, ਹਾਂ ਤੁਸੀਂ ਕਰਤਾਰੇ ਦੇ ਘਰੇ ਚਲੇ ਜਾਵੋ, ਉਹ ਸਭ ਕੁਝ ਜਾਣਦਾ ਹੈ” ਇਹ ਕਹਿ ਕੇ ਉਹ ਮੁੜ ਸਾਈਕਲ ਲੈ ਕੇ ਚਲਿਆ ਗਿਆ

ਜਿਸ ਸਰਦਾਰ ਦੀ ਕੋਠੀ ਬਣ ਰਹੀ ਸੀ, ਉਹ ਮੋਟਰ ਸਾਈਕਲ ਲੈ ਕੇ ਆ ਗਿਆ ਤੇ ਸਾਨੂੰ ਕਰਤਾਰਾ ਰਾਮ ਦੇ ਘਰ ਲਿਜਾਣ ਲਈ ਤੁਰ ਪਿਆ ਹਲਕਾ-ਹਲਕਾ ਮੀਂਹ ਪੈਣ ਲੱਗ ਪਿਆਪਤਾ ਨਹੀਂ ਕੁਦਰਤ ਵੀ ਸਾਡੇ ਇਹਨਾਂ ਪਲਾਂ ਵਿੱਚ ਗਮਗੀਨ ਹੋ ਗਈ ਸੀਕਰਤਾਰਾ ਘਰੇ ਹੀ ਸੀ ਆਪਣੇ ਕਮਰੇ ਵਿੱਚ ਆਰਾਮ ਕਰ ਰਿਹਾ ਸੀਉਹਨੂੰ ਜਾ ਕੇ ਸਾਰੀ ਘਟਨਾ ਦੱਸੀਉਹਨੇ ਕਮੀਜ਼ ਪਾਈ, ਸਿਰ ’ਤੇ ਪੱਗ ਰੱਖੀਕਰਤਾਰੇ ਦੇ ਪਰਿਵਾਰ ਨੇ ਬਗੈਰ ਪੁੱਛਿਆਂ ਦੱਸਿਆਂ ਸਾਡੀ ਟਹਿਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ

“ਬਾਪੂ ਜੀ, ਤੁਸੀਂ ਪਿੰਡ ਦੇ ਚੌਧਰੀ ਨੂੰ ਜਾਣਦੇ ਹੋ, ਜਿਹੜਾ 47 ਵੇਲੇ ਪਾਕਿਸਤਾਨ ਚਲਿਆ ਗਿਆ ਸੀ?”

“ਹਾਂ, ਮੈਂ ਜਾਣਦਾ ਹਾਂਉਹ ਛੇ ਫੁੱਟ ਤੋਂ ਵੀ ਉੱਚਾ ਲੰਮਾ ਜਵਾਨ ਸੀਆਹ ਘਰ ਵੀ ਮੇਰੇ ਬਜ਼ੁਰਗਾਂ ਨੇ ਚੌਧਰੀ ਤੋਂ ਹੀ ਲਿਆ ਹੋਇਆ, ਸਾਡਾ ਘਰ ਤਾਂ ਪਿਛਲੇ ਪਾਸੇ ਸੀ” ਕਰਤਾਰਾ ਰਾਮ ਸਾਨੂੰ ਗਲੀ ਵਿੱਚ ਲੈ ਗਿਆ ਗਲੀ ਲੰਘ ਕੇ ਕਰਤਾਰੇ ਦਾ ਅਸਲੀ ਘਰ ਸੀ, ਆਹ ਚੌਧਰੀਆਂ ਦੀ ਹਵੇਲੀ ਸੀ ਅਸੀਂ ਉਹਨਾਂ ਦੇ ਕਾਮੇ ਸੀ

ਕਰਤਾਰਾ ਰਾਮ ਸਾਡੇ ਨਾਲ ਝੱਟ ਘੁਲ ਮਿਲ ਗਿਆਉਹ ਆਪਣੇ ਬਚਪਨ ਦੇ ਦੋਸਤਾਂ ਫੁੱਤੂ, ਮੀਆਂ ਆਦਿ ਦੇ ਨਾਮ ਗਿਣਾਉਣ ਲੱਗ ਪਿਆਕਮਰਿਓਂ ਬਾਹਰ ਹੋ ਕੇ ਉਹ ਨਾਲ ਲਗਦੀ ਦੂਜੀ ਗਲੀ ਵਿੱਚ ਲੈ ਗਿਆ, ਜਿੱਥੇ ਮੁਸਲਮਾਨਾਂ ਦੇ ਘਰ ਸਨ ਉਹ ਬਜ਼ੁਰਗ ਔਰਤਾਂ ਦੇ ਨਾਮ ਵੀ ਜਾਣਦਾ ਸੀ, ਜਿਹੜੀਆਂ ਉੱਜੜ ਕੇ ਜਾ ਚੁੱਕੀਆਂ ਸਨਕਰਤਾਰਾ ਰਾਮ ਕਹਿਣ ਲੱਗਾ, ਆਹ ਪਿਛਲਾ ਘਰ ਸਾਡਾ ਸੀ, ਜਿੱਥੇ ਮੈਂ ਰਹਿ ਰਿਹਾਂ। ਮੁਹੰਮਦ ਸਦੀਕ ਖਾਨ ਅਲਵੀ ਦੇ ਪਿਤਾ ਦੀ ਹਵੇਲੀ ਸੀ, ਉਹ ਬਹੁਤ ਭਲਾ ਬੰਦਾ ਸੀ” ਕਰਤਾਰਾ ਮੁਸਲਮਾਨਾਂ ਦੇ ਘਰਾਂ ਵਾਲੀਆਂ ਥਾਂਵਾਂ ਦਿਖਾਉਣ ਲੱਗਾ

ਗੱਲਾਂ ਕਰਦਿਆਂ ਕਰਦਿਆਂ ਹੀ ਕੋਕ ਦੀਆਂ ਗਲਾਸੀਆਂ ਆ ਗਈਆਂਫਿਰ ਅਸੀਂ ਉਸ ਜਗ੍ਹਾ ਚਲੇ ਗਏ, ਜਿੱਥੇ ਅਲਵੀ ਦਾ ਪਰਿਵਾਰ ਰਹਿੰਦਾ ਸੀਬਹੁਤ ਵੱਡੀ ਹਵੇਲੀ ਸੀ, ਕਿਸੇ ਨਵੇਂ ਮਾਲਕ ਦੀਨਵੇਂ ਮਾਲਕਾਂ ਨੇ, ਜਿਨ੍ਹਾਂ ਨੂੰ ਚੌਧਰੀ ਕਿਹਾ ਜਾਂਦਾ ਸੀ, ਉਹਨਾਂ ਨੇ ਇੱਥੇ ਪਸ਼ੂਆਂ ਲਈ ਬਹੁਤ ਵੱਡੀ ਸ਼ੈੱਡ ਬਣਾਈ ਹੋਈ ਸੀਬਹੁਤ ਸਾਰੇ ਲੋਕ ਬੈਠੇ ਦੁੱਧ ਵਾਲੀ ਗੱਡੀ ਦੀ ਉਡੀਕ ਕਰ ਰਹੇ ਸਨ

ਕਲਿੱਕ ਕਲਿੱਕ ਕਰ ਕੇ ਮੈਂ ਕੁਝ ਫੋਟੋਆਂ ਖਿੱਚੀਆਂ ਸਨਅਲਵੀ ਨੇ ਦੱਸਿਆ ਸੀ ਪਿੰਡ ਦੇ ਬਾਹਰਲੇ ਪਾਸੇ ਹੀ ਮੇਰੇ ਬਜ਼ੁਰਗ ਦੱਸਦੇ ਸਨ ਕਿ ਘਰ ਹੈ ਪਿੰਡ ਦੇ ਬਾਹਰ ਹੀ ਇਹ ਘਰ ਸੀਮੁਹਾਂਦਰਾ ਬਦਲ ਗਿਆ ਸੀ ਕੁਝ ਵੀਡਿਓ ਵੀ ਬਣਾਈਆਂ ਨਾਲ ਹੀ ਪਿੰਡ ਦਾ ਸਕੂਲ ਸੀ

ਅਖੀਰ ਕਰਤਾਰਾ ਰਾਮ ਨਾਲ ਅਲਵੀ ਦੀ ਵੀਡੀਓ ਕਾਲ ਕਰਵਾਈਕਰਤਾਰਾ ਰਾਮ ਤੇ ਅਲਵੀ ਇੱਕ ਦੂਜੇ ਨਾਲ ਇੰਝ ਗੱਲਾਂ ਕਰ ਰਹੇ ਸਨ, ਜਿਵੇਂ ਮੁੱਦਤਾਂ ਤੋਂ ਜਾਣਦੇ ਹੋਣਅਲਵੀ ਭਾਵੇਂ ਵੰਡ ਤੋਂ ਤਿੰਨ ਸਾਲ ਬਾਅਦ ਹੀ ਜੰਮਿਆ ਸੀ ਪਰ ਮਾਪਿਆਂ ਦੇ ਦੇਸ਼ ਵਿਛੋੜੇ ਦੀਆਂ ਗੱਲਾਂ ਸੁਣ ਸੁਣ ਉਹ ਹਰ ਪਲ ਨਿਆਣੇ ਬੇਟ ਬਾਰੇ ਹੀ ਸੋਚਦਾ ਰਹਿੰਦਾਉਸ ਕੋਲ ਦੌਲਤ ਸ਼ੋਹਰਤ ਘਰ ਬਾਰ ਕੰਮਕਾਰ ਨੌਕਰ ਚਾਕਰ ਸਭ ਕੁਝ ਹੈਜੇ ਹੈ ਨਹੀਂ ਤਾਂ ਆਪਣੇ ਮਾਪਿਆਂ ਦੇ ਪਿੰਡ ਦੀ ਮਿੱਟੀ ਨੂੰ ਸਿਜਦਾ ਕਰਨ ਦੇ ਨਸੀਬ ਨਹੀਂ ਹਨਸਰਕਾਰਾਂ ਨੂੰ ਅਜਿਹੇ ਲੋਕਾਂ ਨੂੰ ਵੀਜ਼ੇ ਜ਼ਰੂਰ ਦੇਣੇ ਚਾਹੀਦੇ ਹਨਅਲਵੀ ਦੀ ਤੜਫ਼ ਹੀ ਸੀ ਜਿਹੜੀ ਮੈਂ ਨਿਆਣੇ ਬੇਟ ਦੀ ਮਿੱਟੀ ਨੂੰ ਨਮਸਤਕ ਹੋ ਸਕੀ

ਕਰਤਾਰਾ ਰਾਮ ਨੇ ਵੰਡ ਤੋਂ ਪਹਿਲਾਂ ਦੀਆਂ ਅੰਤਾਂ ਦੀਆਂ ਗੱਲਾਂ ਸੁਣਾਈਆਂਜਿਹੜਾ ਦਰਿਆ ਮੁਹੰਮਦ ਸਦੀਕ ਖਾਨ ਅਲਵੀ ਦੇ ਮਾਪਿਆਂ ਦੇ ਪਿੰਡ ਸ਼ਾਨ ਸੀ, ਉਸ ਦਰਿਆ ’ਤੇ ਕਰਤਾਰਾ ਸਾਨੂੰ ਲਿਜਾਣ ਲਈ ਜ਼ਿੱਦ ਕਰਨ ਲੱਗਾਅਖੀਰ ਕਰਤਾਰੇ ਦੇ ਮੋਹ ਅੱਗੇ ਅਸੀਂ ਹਥਿਆਰ ਸੁੱਟ ਦਿੱਤੇਜਦ ਪੱਤਣ ’ਤੇ ਪਹੁੰਚੇ ਤਾਂ ਸੂਰਜ ਅਸਤ ਹੋ ਰਿਹਾ ਸੀ, ਚਾਰੇ ਪਾਸੇ ਅੰਤਾਂ ਦੀ ਲਾਲੀ ਸੀ

ਮੇਰੇ ਲਈ ਅੱਜ ਇਹ ਦੁਨੀਆਂ ਦੀ ਸਭ ਤੋਂ ਖੂਬਸੂਰਤ ਸ਼ਾਮ ਸੀ ਅਲਵੀ ਆਖਦਾ ਸੀ, “ਜਿਸ ਦਿਨ ਤੂੰ ਮੇਰੇ ਮਾਪਿਆਂ ਦੇ ਪਿੰਡ ਚਲੀ ਗਈ, ਉਹ ਦਿਨ ਮੇਰੇ ਲਈ ਈਦ ਜਿੰਨੀ ਖੁਸ਼ੀ ਲੈ ਕੇ ਆਵੇਗਾਗੁੱਡੀ, ਮੈਂ ਸਮਝਾਂਗਾ ਤੇਰੀ ਵਿਸਾਖੀ ਵਰਗਾ ਮੇਰੇ ਲਈ ਇਹ ਦਿਨ ਹੋਵੇਗਾ

ਕਰਤਾਰਾ ਰਾਮ ਬਹੁਤ ਮੋਹ ਕਰ ਰਿਹਾ ਸੀ ਸਾਨੂੰ ਆਉਣ ਨਹੀਂ ਦੇ ਰਿਹਾ ਸੀਕਰਤਾਰੇ ਨੇ ਕੁੜੀਆਂ ਨੂੰ ਮੱਲੋਜੋਰੀ ਕੌਫੀ ਬਣਾਉਣ ਲਈ ਕਹਿ ਦਿੱਤਾ

ਹਨੇਰਾ ਬਹੁਤ ਹੋ ਗਿਆ ਸੀਅਸੀਂ ਕਰਤਾਰੇ ਕੋਲੋਂ ਵਿਦਾ ਲੈਣੀ ਚਾਹੁੰਦੇ ਸੀ ਪਰ ਉਹ ਤਾਂ ਸਾਹਿਤਕ ਬੰਦਾ ਸੀ ਬਹੁਤ ਸਾਰੇ ਕਿੱਸੇ ਉਸ ਨੂੰ ਯਾਦ ਸਨਵਾਰਿਸ, ਬੁੱਲਾ, ਸ਼ਾਹ ਹੁਸ਼ੈਨ ਉਸ ਨੇ ਅਰਬੀ ਫਾਰਸੀ ਤੋਂ ਪੜ੍ਹ ਕੇ ਮੂੰਹ ਜਵਾਨੀ ਯਾਦ ਕੀਤੇ ਹੋਏ ਸਨਕਈਆਂ ਕਿੱਸਿਆਂ ਦੇ ਬੰਦ ਸੁਣਾਏਅਖੀਰ ਵਿਦਾ ਲਈਇਹ ਵਿਦਾ ਆਖਿਰੀ ਵਿਦਾ ਨਹੀਂ ਸੀਪਤਾ ਨਹੀਂ ਕਿੰਨੀ ਵਾਰ ਅਲਵੀ ਦੇ ਫੌਤ ਹੋ ਚੁੱਕੇ ਦਾਦੇ ਪੜਦਾਦਿਆਂ ਨੂੰ ਸਿਜਦਾ ਕਰਨ ਆਉਣਾ ਹੈ

ਮੁਹੰਮਦ ਸਦੀਕ ਖਾਨ ਅਲਵੀ ਖੁਸ਼ ਸੀ, ਅਸੀਂ ਉਸ ਦੇ ਮਾਪਿਆਂ ਦੇ ਪਿੰਡੋਂ ਆ ਰਹੇ ਸਾਂਉਸ ਨੇ ਬਹੁਤ ਵਾਰ ਵੀਜ਼ੇ ਲਈ ਅਪਲਾਈ ਕੀਤਾ ਪਰ ਉਸ ਨੂੰ ਵੀਜ਼ਾ ਨਹੀਂ ਮਿਲ ਰਿਹਾ ਸੀਅਲਵੀ ਵਾਰ-ਵਾਰ ਵੀਜ਼ਾ ਨਾ ਮਿਲਣ ’ਤੇ ਨਿਰਾਸ਼ ਹੋ ਜਾਂਦਾ ਸੀਹੁਣ ਅਲਵੀ ਨੇ ਬਾਰ ਕੌਂਸਲ ਰਾਹੀਂ ਆਉਣ ਦੀ ਅਪੀਲ ਕੀਤੀ170 ਕਿਲੋਮੀਟਰ ਦੀ ਦੂਰੀ ਨਵਾਂਸ਼ਹਿਰ ਤੋਂ ਲਾਹੌਰ ਦੀ ਸੀ, ਜਿਸ ਨੂੰ ਪਾਰ ਕਰਨ ਲਈ ਪੰਝੱਤਰ ਵਰ੍ਹੇ ਲੱਗ ਗਏਅਲਵੀ ਦੇ ਸੁਪਨਿਆਂ ਵਿੱਚ ਨਿਆਣਾ ਬੇਟ ਅੰਗੜਾਈਆਂ ਲੈ ਰਿਹਾ ਸੀ, ਉਹ ਬੇਚੈਨ ਸੀਉਹ ਮਰਨ ਤੋਂ ਪਹਿਲਾਂ ਇੱਕ ਵਾਰ ਇਸ ਮਿੱਟੀ ਨੂੰ ਆਪਣੇ ਮੱਥੇ ’ਤੇ ਲਾਉਣਾ ਚਾਹੁੰਦਾ ਸੀ

ਅਖੀਰ ਮੁਹੰਮਦ ਸਦੀਕ ਖਾਨ ਅਲਵੀ ਉਮਰ ਦੇ ਆਖਰੀ ਪੜਾਅ ’ਤੇ ਪਹੁੰਚ ਗਿਆ ਤੇ ਉਸ ਨੂੰ ਵੀਜ਼ਾ ਮਿਲ ਗਿਆ

ਜਿਉਂ ਜਿਉਂ ਉਹ ਨਿਆਣਾ ਬੇਟ ਦੀ ਜੂਹ ਵੱਲ ਨੂੰ ਵਧ ਰਿਹਾ ਸੀ, ਉਹਦੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀਪਿੰਡ ਦੀ ਜੂਹ ਵਿੱਚ ਵੜਦਿਆਂ ਹੀ ਅਲਵੀ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਗਣ ਲੱਗ ਪਏਉਹ ਜ਼ਮੀਨ ’ਤੇ ਹੀ ਮੂਧਾ ਹੋ ਗਿਆਅਲਵੀ ਉਸ ਘਰ ਦੇ ਮੋਹਰੇ ਜਾ ਕੇ ਉੱਚੀ-ਉੱਚੀ ਧਾਹਾਂ ਮਾਰ ਰੋਣ ਲੱਗ ਪਿਆ, ਜਿਹੜਾ ਉਸਦੇ ਪੁਰਖਿਆ ਦਾ ਸੀਉਹ ਉਹਨਾਂ ਗਲੀਆਂ ਨੂੰ ਵੇਖ ਰਿਹਾ ਸੀ, ਜਿਹਨਾਂ ਗਲੀਆਂ ਵਿੱਚੋਂ ਉਸ ਦੀ ਮਾਂ ਦੀ ਡੋਲੀ ਆਈ ਸੀਅਜੇ ਮਾਂ ਦੇ ਮੁਕਲਾਵੇ ਆਏ ਨੂੰ ਕੁਝ ਹੀ ਸਮਾਂ ਹੋਇਆ ਸੀ, ਜਦੋਂ ਚੰਦਰੀ ਵੰਡ ਦੀ ਹਵਾ ਵਗ ਗਈਅਲਵੀ ਅਖੀਰ ਉਸ ਥਾਂ ਪਹੁੰਚ ਗਿਆ ਜਿੱਥੇ ਉਸ ਦੇ ਦਾਦਾ ਦਾਦੀ ਦਫ਼ਨ ਸਨਉਹ ਜ਼ਮੀਨ ’ਤੇ ਝੁਕ ਗਿਆਅਲਵੀ ਦਾ ਗੱਚ ਭਰ ਆਇਆ ਗੋਡਿਆਂ ਭਾਰ ਬੈਠੇ ਤੋਂ ਉੱਠ ਨਹੀਂ ਹੋ ਰਿਹਾ ਸੀ ਤੇ ਨਾ ਹੀ ਕੁਝ ਮੂੰਹੋਂ ਬੋਲਿਆ ਜਾ ਰਿਹਾ ਸੀ

ਮੈਂ ਤੇ ਕਰਤਾਰਾ ਰਾਮ ਉਸ ਨੂੰ ਦਿਲਾਸਾ ਦੇ ਰਹੇ ਸਾਂਉਹ ਵਾਪਸ ਆਪਣੇ ਲੀਕੋਂ ਪਾਰ ਦੇਸ਼ ਨੂੰ ਜਾ ਰਿਹਾ ਸੀਅਸੀਂ ਦੋਵੇਂ ਉਹਨੂੰ ਸਹਾਰਾ ਦੇ ਕੇ ਗੱਡੀ ਵੱਲ ਨੂੰ ਲਿਜਾ ਰਹੇ ਸਾਂਅਲਵੀ ਦੀ ਗੱਡੀ ਉਹਨੂੰ ਬਾਹਗੇ ਬਾਰਡਰ ਵੱਲ ਨੂੰ ਲੈ ਕੇ ਤੁਰ ਪਈ

ਹੁਣ ਹਰ ਸਾਲ ਮੈਂ ਤੇ ਕਰਤਾਰਾ ਰਾਮ ਕਬਰਾਂ ਵਿੱਚ ਦਫ਼ਨ ਅਲਵੀ ਦੇ ਦਾਦਾ ਦਾਦੀ ਨੂੰ ਸਿਜਦਾ ਕਰਨ ਲਈ ਚਾਦਰ ਚੜ੍ਹਾਉਣ ਜਾਂਦੇ ਹਾਂ!

ਬਲਵੀਰ ਕੌਰ ਰੀਹਲ

(ਇਹ ਸੱਚੀ ਘਟਨਾ ’ਤੇ ਅਧਾਰਤ ਕਹਾਣੀ ਹੈ, ਮੈਂ ਇਸਦੀ ਚਸ਼ਮਦੀਦ ਗਵਾਹ ਹਾਂ। ਅਲਵੀ ਖਾਨ ਦਾ ਨਿਆਣਾ ਬੇਟ ਆਉਣਾ ਕਾਲਪਨਿਕ ਹੈ --- ਬਲਵੀਰ ਕੌਰ ਰੀਹਲ)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3524)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਬਲਵੀਰ ਕੌਰ ਰੀਹਲ

ਬਲਵੀਰ ਕੌਰ ਰੀਹਲ

Assistant Professor Punjabi Dept.,
Sri Guru Gobind Singh Khalsa College,
Mahilpur. Hoshiarpur, Punjab, India.
Tel: (91 - 94643 - 30803)
Email: (balvirkaurrehal@gmail.com)