“ਮੈਂ ਆਲੋਚਨਾ ਤੋਂ ਸੰਤੁਸ਼ਟ ਨਹੀਂ ਹਾਂ। ਮੇਰੇ ਸਾਹਿਤ ਉੱਤੇ ਸਹੀ ਆਲੋਚਨਾ ਨਹੀਂ ਹੋਈ। ਰਚਨਾ ਸਾਹਮਣੇ ...”
(18 ਅਪਰੈਲ 2022)
ਬਚਿੰਤ ਕੌਰ ਦਾ ਪੰਜਾਬੀ ਕਹਾਣੀ ਖੇਤਰ ਵਿੱਚ ਬਹੁਤ ਹੀ ਸਨਮਾਨਯੋਗ ਸਥਾਨ ਹੈ। ਉਹ ਬਹੁ ਵਿਧਾਵੀ ਲੇਖਿਕਾ ਹੈ। ਹੁਣ ਤਕ ਬਚਿੰਤ ਕੌਰ ਇਕ੍ਹੱਤਰ (71) ਕਿਤਾਬਾਂ ਦੀ ਸਿਰਜਣਾ ਕਰ ਚੁੱਕੀ ਹੈ, ਜਿਨ੍ਹਾਂ ਵਿੱਚ ਨੌਂ ਕਹਾਣੀ ਸੰਗ੍ਰਹਿ, ਦੋ ਕਾਵਿ ਸੰਗ੍ਰਹਿ, ਤਿੰਨ ਨਾਵਲ, ਇੱਕ ਸਫ਼ਰਨਾਮਾ, ਇੱਕ ਡਾਇਰੀ, ਤਿੰਨ ਅਨੁਵਾਦਿਤ ਪੁਸਤਕਾਂ ਅਤੇ ਬੱਚਿਆਂ ਲਈ ਅੱਠ ਕਿਤਾਬਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਭਾਵੇਂ ਬਚਿੰਤ ਕੌਰ ਨੇ ਵੱਖ-ਵੱਖ ਵਿਧਾਵਾਂ ਵਿੱਚ ਰਚਨਾ ਕੀਤੀ ਹੈ ਪਰ ਉਸਦੀ ਅਸਲੀ ਪਹਿਚਾਣ ਇੱਕ ਕਹਾਣੀਕਾਰ ਦੇ ਤੌਰ ’ਤੇ ਹੋਈ ਹੈ। ਉਸ ਦੀਆਂ ਮੁੱਖ ਰਚਨਾਵਾਂ -’ਮੰਜ਼ਿਲ’, ‘ਇਕ ਬਲੌਰੀ ਹੰਝੂ’, ‘ਜੀਵਤ ਮਾਟੀ ਹੋਇ’, ‘ਦਸਤੂਰ-ਏ-ਜ਼ਿੰਦਗੀ’, ‘ਵਾਟਾਂ ਅਧੂਰੀਆਂ’, ‘ਭੁੱਬਲ ਦੀ ਅੱਗ’, ‘ਸੂਹਾ ਰੰਗ ਸਿਆਹ ਰੰਗ’, ‘ਖ਼ੁਰੇ ਹੋਏ ਰੰਗ’, ‘ਕਿਆਰੀ ਲੌਂਗਾਂ ਦੀ’, ‘ਮੁਕਲਾਵੇ ਵਾਲੀ ਰਾਤ’, ‘ਪ੍ਰਤੀਬਿੰਬ’, ‘ਗੁੱਡੀਆਂ ਪਟੋਲੇ’, ‘ਪੈੜਾਂ ਅਤੇ ਝਰੋਖੇ’, ‘ਤਵਾਰੀਖ-ਏ-ਜ਼ਿੰਦਗੀ’, ‘ਪਗਡੰਡੀਆਂ’ (ਸਵੈਜੀਵਨੀ), ‘ਰੇਸ਼ਮੀ ਰੁਮਾਲ’, ‘ਦਿ ਲਾਸਟ ਪੇਜ’, ‘ਮੇਰੀਆਂ ਸਾਰੀਆਂ ਕਹਾਣੀਆਂ’, ‘ਹਾਰ ਸ਼ਿੰਗਾਰ ਤੇ ਹੋਰ ਲਿਖਤਾਂ’, ‘ਗੁਲਾਬੀ ਸ਼ਹਿਰ ਜੈਪੁਰ’, ‘ਉੱਡਦੀਆਂ ਪਰੀਆਂ ਦਾ ਸ਼ਹਿਰ ਪੈਰਿਸ’, ‘ਬਚਿੰਤ ਕੌਰ ਦੀਆਂ 31 ਕਹਾਣੀਆਂ’, ‘ਕਾਗਜ਼ ਕਲਮ ਤੇ ਚਿੱਤਰ’, ‘ਦੋ ਬੋਲ ਪਿਆਰ ਦੇ’, ‘ਕਣੀਆਂ ਦੀ ਰੁੱਤ’ (ਲੋਕ ਬੋਲੀਆਂ), ‘ਘਟਾਵਾਂ ਕਾਲੀਆਂ’ (ਲੋਕ ਗੀਤ ਤੇ ਟੱਪੇ), ‘ਕਾਸ਼ਨੀ ਦੁਪੱਟਾ’, ‘ਪਰਵਾਸੀ ਕਹਾਣੀਆਂ’ (ਸੰਪਾਦਤ) ਹਨ।
ਬਚਿੰਤ ਕੌਰ ਦਾ ਜਨਮ 8, ਫਰਵਰੀ, 1940 ਈ: ਨੂੰ ਮਾਤਾ ਨੰਦ ਕੌਰ ਤੇ ਪਿਤਾ ਸ੍ਰ. ਤਰਲੋਕ ਸਿੰਘ ਦੇ ਘਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਭੜੋ ਵਿਖੇ ਹੋਇਆ। ਬਚਿੰਤ ਕੌਰ ਨੇ ਐੱਮ.ਏ, ਐੱਮ.ਫਿੱਲ (ਪੰਜਾਬੀ) ਤਕ ਉਚੇਰੀ ਸਿੱਖਿਆ ਪ੍ਰਾਪਤ ਕੀਤੀ। ਉਸ ਨੂੰ ਟੈਕਨੀਕਲ ਅਫਸਰ (ਸਰਕਾਰੀ ਨੌਕਰੀ) ਦੇ ਅਹੁਦੇ ਉੱਤੇ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਇਸੇ ਸਮੇਂ ਉਸ ਦਾ ਵਾਹ-ਵਾਸਤਾ ਵੱਖੋ-ਵੱਖਰੇ ਲੋਕਾਂ ਨਾਲ ਪਿਆ। ਕੰਮਕਾਜ ਦੌਰਾਨ ਪ੍ਰਾਪਤ ਅਨੁਭਵ ਉਸ ਦੀਆਂ ਰਚਨਾਵਾਂ ਵਿੱਚੋਂ ਝਲਕਦਾ ਹੈ। ਬਚਿੰਤ ਕੌਰ ਨੇ ਵਾਰਤਕ ਰੂਪ ਵਿੱਚ ਸਵੈ-ਜੀਵਨੀ ‘ਪਗਡੰਡੀਆਂ’ ਲਿਖ ਕੇ ਬਹੁਤ ਨਾਮਣਾ ਖੱਟਿਆ ਪਰ ਉਸ ਦੀ ਵਿਲੱਖਣ ਪਹਿਚਾਣ ਕਹਾਣੀਕਾਰ ਦੇ ਤੌਰ ’ਤੇ ਹੀ ਹੋਈ।
ਬਚਿੰਤ ਕੌਰ ਦਾ ਜੀਵਨ ਦੁਸ਼ਵਾਰੀਆਂ ਭਰਿਆ ਰਿਹਾ ਹੈ। ਉਸ ਦਾ ਵਿਆਹ ਬਾਲ ਉਮਰੇ ਕਰ ਦਿੱਤਾ ਗਿਆ ਸੀ। ਪੰਜਾਬ ਦੇ ਛੋਟੇ ਜਿਹੇ ਪਿੰਡ ਵਿੱਚੋਂ ਸਾਧੂ ਸਿੰਘ ਨਾਲ ਵਿਆਹ ਕਰਵਾ ਕੇ ਦਿੱਲੀ ਵਰਗੇ ਮਹਾਂਨਗਰ ਵਿੱਚ ਚਲੀ ਗਈ। ਸੰਨ 1952 ਵਿੱਚ ਬਚਿੰਤ ਕੌਰ ਦੀ ਉਮਰ ਅਜੇ ਬਾਰਾਂ ਸਾਲਾਂ ਦੀ ਹੀ ਸੀ, ਜਦੋਂ ਉਸ ਦਾ ਪਤੀ ਆਪਣੀ ਮਾਂ ਦੀ ਬਿਮਾਰੀ ਦਾ ਝੂਠਾ ਬਹਾਨਾ ਲਾ ਕੇ ਮੁਕਲਾਵੇ ਤੋਂ ਬਿਨਾਂ ਹੀ ਉਸ ਨੂੰ ਦਿੱਲੀ ਲੈ ਆਇਆ। ਭੈੜੇ ਦੋਸਤਾਂ ਦੀ ਸੰਗਤ ਵਿੱਚ ਫਸਿਆ ਪਤੀ ਪੂਰੀ ਤਰ੍ਹਾਂ ਗ਼ੈਰ-ਜ਼ਿੰਮੇਵਾਰ ਸੀ। ਵਿਆਹ ਤੋਂ ਬਾਅਦ ਸ਼ਰਾਬੀ ਪਤੀ ਨਾਲ ਜੀਵਨ ਕੱਟਦਿਆਂ ਉਸ ਨੂੰ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਦੋ ਚਾਰ ਹੋਣਾ ਪਿਆ ਹੈ। ਉਸ ਨੇ ਦਿੱਲੀ ਵਰਗੇ ਸ਼ਹਿਰ ਵਿੱਚ ਬਹੁਤ ਔਖਾ ਪੈਂਡਾ ਤੈਅ ਕੀਤਾ। ਬਚਿੰਤ ਕੌਰ ਦਾ ਪਰਿਵਾਰ ਅਮਰੀਕਾ ਵਿੱਚ ਰਹਿੰਦਾ ਸੀ, ਪਰ ਉਸ ਨੂੰ ਅਮਰੀਕਾ ਦਾ ਮਾਹੌਲ ਚੰਗਾ ਨਹੀਂ ਲੱਗਿਆ ਤੇ ਉਹ ਵਾਪਸ ਪੰਜਾਬ ਆ ਗਈ। ਅੱਜ ਕੱਲ੍ਹ ਲੇਖਿਕਾ ਬਿਆਸ ਵਿਖੇ ਰਹਿ ਰਹੀ ਹੈ।
ਬਚਿੰਤ ਕੌਰ ਨੇ ਆਪਣੀਆਂ ਕਹਾਣੀਆਂ ਵਿੱਚ ਨਾਰੀ ਚੇਤਨਾ/ਸ਼ਕਤੀ ਨੂੰ ਪ੍ਰਮੁੱਖਤਾ ਦਿੱਤੀ ਹੈ। ਉਸ ਦੁਆਰਾ ਸਿਰਜੀਆਂ ਗਈਆਂ ਔਰਤ ਪਾਤਰ ਜ਼ਿੰਦਗੀ ਨਾਲ ਦੋ ਹੱਥ ਕਰਦੀਆਂ ਨਜ਼ਰ ਆ ਰਹੀਆਂ ਹਨ। ਉਸ ਦੇ ਨਾਰੀ ਪਾਤਰ ਯਥਾਰਥਵਾਦੀ ਹਨ, ਜੋ ਜੀਵਨ ਦੀਆਂ ਮੁਸ਼ਕਿਲਾਂ ਵਿੱਚੋਂ ਉੱਭਰ ਕੇ ਸਮਾਜ ਨਾਲ, ਪਤੀ ਨਾਲ ਅਤੇ ਹਾਲਾਤ ਨਾਲ ਲੋਹਾ ਲੈਂਦੇ ਹਨ। ‘ਕਿਆਰੀ ਲੌਂਗਾਂ ਦੀ’ ਕਹਾਣੀ ਸੰਗ੍ਰਹਿ ਨੂੰ ਪੰਜਾਬੀ ਅਕਾਦਮੀ ਦਿੱਲੀ ਵੱਲੋਂ (1982-1983) ਸਨਮਾਨਿਤ ਕੀਤਾ ਜਾ ਚੁੱਕਾ ਹੈ। 2004-2005 ਵਿੱਚ ਭਾਸ਼ਾ ਵਿਭਾਗ ਵੱਲੋਂ ਸ਼ਿਰੋਮਣੀ ਸਾਹਿਤਕਾਰ ਦਾ ਸਨਮਾਨ ਮਿਲਿਆ ਅਤੇ ਪੰਜਾਬੀ ਅਕਾਦਮੀ ਦਿੱਲੀ ਵੱਲੋਂ 2006 ਵਿੱਚ ਸਾਹਿਤਕਾਰ ਸਾਹਿਤ ਅਵਾਰਡ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਾਨ-ਸਨਮਾਨ ਉਸ ਨੂੰ ਮਿਲ ਚੁੱਕੇ ਹਨ।
ਉਸ ਦੁਆਰਾ ਰਚਿਤ ਕਹਾਣੀ ਸੰਗ੍ਰਹਿਆਂ ਦਾ ਵੇਰਵਾ ਇਸ ਪ੍ਰਕਾਰ ਹੈ: ’ਮੰਜ਼ਿਲ’ (1972), ‘ਸੂਹਾ ਰੰਗ ਸਿਆਹ ਰੰਗ’ (1974), ‘ਭੁੱਬਲ ਦੀ ਅੱਗ’ (1977), ‘ਖੁਰੇ ਹੋਏ ਰੰਗ’ (1979), ‘ਕਿਆਰੀ ਲੌਂਗਾਂ ਦੀ’ (1983), ‘ਮੁਕਲਾਵੇ ਵਾਲੀ ਰਾਤ’ (1989), ‘ਬਚਿੰਤ ਕੌਰ ਦੀਆਂ ਚੌਣਵੀਆਂ ਕਹਾਣੀਆਂ’ (1994), ‘ਵਾਟਾਂ ਅਧੂਰੀਆਂ’ (2001), ‘ਕਾਸ਼ਨੀ ਦੁਪੱਟਾ’ (2001) ਤੇ ‘ਚੌਣਵੀਆਂ ਪਰਵਾਸੀ ਕਹਾਣੀਆਂ ਦੀ ਸੰਪਾਦਨਾ’ ਆਦਿ।
ਪ੍ਰਸ਼ਨ: ਸਭ ਤੋਂ ਪਹਿਲਾ ਤੁਸੀਂ ਆਪਣੇ ਬਚਪਨ ਬਾਰੇ ਦੱਸੋ। ਹਰੇਕ ਇਨਸਾਨ ਦੇ ਮਨ ਵਿੱਚ ਬਚਪਨ ਦਾ ਬਹੁਤ ਪ੍ਰਭਾਵ ਹੁੰਦਾ ਹੈ, ਇਹ ਪ੍ਰਭਾਵ ਤੁਸੀਂ ਆਪਣੀਆਂ ਕਹਾਣੀਆਂ ਵਿੱਚ ਕਿਵੇਂ ਵਿਅਕਤ ਕੀਤਾ ਹੈ?
ਉੱਤਰ: ਮੇਰਾ ਬਚਪਨ ਅਜਿਹਾ ਹੈ, ਮੈਂ ਮਾਂ ਦੇ ਪੇਟੋਂ ਤੀਜੀ ਬੇਟੀ ਪੈਦਾ ਹੋਈ ਸੀ। ਘਰ ਵਿੱਚ ਰੋਣਾ-ਪਿੱਟਣਾ ਸ਼ੁਰੂ ਹੋ ਗਿਆ। ਮਾਂ ਨੂੰ ਪਸ਼ੂਆਂ ਵਾਲੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਦਾਦੀ ਨੇ ਕਮਰੇ ਨੂੰ ਬਾਹਰੋਂ ਕੁੰਡਾ ਲਾ ਦਿੱਤਾ। ਸਾਡੀ ਪੜੋਸਣ ਸੀ ਜਮੀਰੋ, ਉਹ ਮੋਘੇ ਵਿੱਚੋਂ ਮਾਂ ਲਈ ਰੋਟੀ ਸਿੱਟਦੀ ਸੀ। ਬਾਅਦ ਵਿੱਚ ਦਾਦਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਕੁੰਡਾ ਖੋਲ੍ਹਿਆ। ਇਹ ਗੱਲ ਮੈਨੂੰ ਮੇਰੀ ਮਾਂ ਨੇ ਦੱਸੀ ਸੀ। ਮੇਰੇ ਤੋਂ ਬਾਅਦ ਮਾਂ ਦੇ ਬੇਟਾ ਹੋਇਆ ਤੇ ਮੇਰੀ ਦਾਦੀ ਮੈਨੂੰ ਭਾਗਾਂ ਵਾਲੀ ਕਹਿਣ ਲੱਗ ਪਈ। ਦਾਦੀ ਮੇਰੀ ਨੇ ਮਾਂ ਤੇ ਭਰਾ ਨੂੰ ਪਿਤਾ ਜੀ ਨਾਲ ਪਟਿਆਲੇ ਭੇਜ ਦਿੱਤਾ। ਦਾਦੀ ਦੇ ਮਨ ਵਿੱਚ ਕੁੜੀਆਂ ਮੁੰਡਿਆਂ ਲਈ ਵਿਤਕਰਾ ਸੀ। ਇਸ ਵਿਤਕਰੇ ਦਾ ਮੈਂ ਬਹੁਤ ਸਾਰੀਆਂ ਕਹਾਣੀਆਂ ਵਿੱਚ ਜ਼ਿਕਰ ਕੀਤਾ ਹੈ। ਮੁੰਡੇ ਤੇ ਕੁੜੀ ਦੇ ਪਾਲਣ-ਪੋਸ਼ਣ ਵਿੱਚ ਬਹੁਤ ਵੱਖਰਤਾ ਸੀ। ਮੇਰੇ ਪਿੰਡ ਵਿੱਚ ਮੁੰਡੇ ਤਾਂ ਪੜ੍ਹਦੇ ਸੀ ਪਰ ਕੁੜੀਆਂ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਸੀ। ਮੇਰੀ ਦਾਦੀ ਵਿਆਹਾਂ ਸ਼ਾਦੀਆਂ ਵਿੱਚ ਕੋਰੇ ਵਿਛਾਉਣ ਦਾ ਕੰਮ ਕਰਦੀ ਸੀ। ਉਹ ਮੈਨੂੰ ਵੀ ਆਪਣੇ ਨਾਲ ਹੀ ਲੈ ਜਾਂਦੀ ਸੀ। ਇਸਦੇ ਬਦਲੇ ਲਾਗ ਮਿਲਦਾ ਸੀ। ਇਹਨਾਂ ਸਾਰੀਆਂ ਗੱਲਾਂ ਦਾ ਮੇਰੀਆਂ ਕਹਾਣੀਆਂ ਵਿੱਚ ਬਹੁਤ ਪ੍ਰਭਾਵ ਪਿਆ। ਮੈਨੂੰ ਮੇਰੀ ਦਾਦੀ ਨੇ ਮੈਨੂੰ ਮਾਂ ਨਾਲ ਪਟਿਆਲੇ ਨਾ ਜਾਣ ਦਿੱਤਾ। ਸਾਢੇ ਤਿੰਨ ਸਾਲ ਦੀ ਉਮਰ ਵਿੱਚ ਮੈਂ ਪਿਤਾ ਜੀ ਕੋਲ ਪਟਿਆਲੇ ਆ ਗਈ। ਮੇਰੇ ਪਿਤਾ ਜੀ ਨੇ ਮੈਨੂੰ ਤੇ ਮੇਰੇ ਭਰਾ ਨੂੰ ਇੱਕੋ ਨਜ਼ਰ ਨਾਲ ਵੇਖਿਆ। ਸਾਡਾ ਪਰਿਵਾਰ ਮਿਡਲ ਕਲਾਸ ਤੋਂ ਵੀ ਹੇਠਲੇ ਤਬਕੇ ਦਾ ਪਰਿਵਾਰ ਸੀ। ਪਟਿਆਲੇ ਆ ਕੇ ਬਚਪਨ ਬਹੁਤ ਵਧੀਆ ਹੋ ਗਿਆ। ਮਾਂ ਮੇਰੀ ਅਨਪੜ੍ਹ ਸੀ ਤੇ ਤੰਗੀਆਂ ਤੁਰਸ਼ੀਆਂ ਵਿੱਚ ਜਿਉਂ ਰਹੀ ਸੀ। ਬਚਪਨ ਦਾ ਸੁਪਨਾ ਤਾਂ ਖਤਮ ਹੀ ਹੋ ਗਿਆ ਸੀ। ਬਚਪਨ ਤੇ ਜਵਾਨੀ ਦਾ ਖਾਸ ਪਤਾ ਹੀ ਨਹੀਂ ਲੱਗਿਆ। ਬਚਪਨ ਵਿੱਚ ਹੀ ਮੇਰਾ ਵਿਆਹ ਹੋ ਗਿਆ।
ਪ੍ਰਸ਼ਨ: ਤੁਸੀਂ ਆਪਣੀ ਪੜ੍ਹਾਈ ਬਾਰੇ ਕੁਝ ਦੱਸੋ?
ਉੱਤਰ: ਮੈਂ ਮੁੜ ਕੇ ਵੀਹ ਸਾਲ ਦੀ ਉਮਰ ਵਿੱਚ ਪੜ੍ਹਨ ਲੱਗੀ। ਮੇਰੇ ਫਾਦਰ ਸਾਹਿਬ ਚਾਹੁੰਦੇ ਸਨ ਮੈਂ ਪੜਾ। ਮੇਰੇ ਪਤੀ ਦਾ ਸੁਭਾਅ ਵਧੀਆ ਨਹੀਂ ਸੀ ਉਹਨਾਂ ਨੂੰ ਵੀ ਸਹੁਰਾ ਸਾਹਿਬ ਨੇ ਪੜ੍ਹਨ ਲਾ ਦਿੱਤਾ ਤੇ ਮੈਨੂੰ ਵੀ। ਪੰਜਵੀਂ ਤਕ ਪੜ੍ਹਾਈ ਮੈਂ ਪਟਿਆਲੇ ਕੀਤੀ ਹੋਈ ਸੀ। ਦਿੱਲੀ ਵਿੱਚ ਡਾਕਟਰ ਦੀਵਾਨ ਸਿੰਘ ਸਕੂਲ ਚਲਾਉਂਦੇ ਸਨ, ਉਹਨਾਂ ਕੋਲ ਮੈਨੂੰ ਸਿੱਧੀ ਅੱਠਵੀਂ ਜਮਾਤ ਵਿੱਚ ਪੜ੍ਹਨ ਲਾ ਦਿੱਤਾ ਗਿਆ। ਮੈਂ ਤੇ ਮੇਰੀ ਨਣਾਨ ਇੱਕੋ ਕਲਾਸ ਵਿੱਚ ਸਾਂ। ਅੱਠਵੀਂ ਤੋਂ ਬਾਅਦ ਦਸਵੀਂ ਦਾ ਇਮਤਿਹਾਨ ਦਿੱਤਾ, ਪਹਿਲੀ ਵਾਰ ਫੇਲ ਹੋ ਗਈ, ਦੂਜੀ ਵਾਰ ਵੀ ਫੇਲ ਹੋ ਗਈ ਤੇ ਤੀਜੀ ਵਾਰ ਦਸਵੀਂ ਪਾਸ ਕੀਤੀ। ਗਿਆਨੀ ਕੀਤੀ, ਫਿਰ ਐੱਫ ਏ। ਐੱਫ ਏ ਵਿੱਚੋਂ ਵੀ ਦੋ ਵਾਰ ਫੇਲ ਹੋ ਗਈ। ਹਾਂ ਬੀ.ਏ ਵਿੱਚੋਂ ਪਹਿਲੀ ਵਾਰੀ ਹੀ ਪਾਸ ਹੋ ਗਈ। ਮੇਰਾ ਤੇ ਰਿਕਾਰਡ ਹੀ ਰਹਿੰਦਾ ਹਰ ਗੱਲ ਵਿੱਚ ਪਹਿਲਾ ਫੇਲ ਹੀ ਹੋ ਜਾਂਦੀ। ਬਾਹਟ (62) ਸਾਲ ਦੀ ਉਮਰ ਵਿੱਚ ਮੈਂ ਅਮਰੀਕਾ ਜਾ ਕੇ ਨਰਸਿੰਗ ਦਾ ਕੋਰਸ ਕੀਤਾ।
ਪ੍ਰਸ਼ਨ: ਤੁਹਾਡੇ ਮਨ ਵਿੱਚ ਕਹਾਣੀ ਲਿਖਣ ਦਾ ਖਿਆਲ ਕਿਵੇਂ ਆਇਆ?
ਉੱਤਰ: ਮੇਰੇ ਹਸਬੈੱਡ ਕੋਈ ਕੰਮ ਨਹੀਂ ਕਰਦੇ ਸਨ। ਉਹਨਾਂ ਕਰਕੇ ਜੀਵਨ ਵਿੱਚ ਬਹੁਤ ਪ੍ਰੇਸ਼ਾਨੀਆਂ ਆਈਆਂ। ਪਤੀ ਦੇ ਤਸ਼ੱਦਦ ਕਰਕੇ ਮੈਂ ਲਿਖਣਾ ਆਰੰਭ ਕਰ ਦਿੱਤਾ। ਮੇਰੀ ਪਹਿਲੀ ਕਹਾਣੀ ‘ਦੀਵਿਆ ਵਾਲੀ ਰਾਤ’ ਛਪੀ। ਪਹਿਲੀਆਂ ਸੱਤ-ਅੱਠ ਕਹਾਣੀਆਂ ਮੈਂ ਨਾਮ ਬਦਲ ਕੇ ਆਪਣੇ ਪਤੀ ਦੀਆਂ ਹੀ ਲਿਖੀਆਂ। ਮੇਰੇ ਪਤੀ ਨੂੰ ਪੰਜਾਬੀ ਨਹੀਂ ਸੀ ਆਉਂਦੀ, ਸਿਰਫ਼ ਉਰਦੂ ਹੀ ਆਉਂਦਾ ਸੀ। ਮੈਂ ਆਪਣਾ ਨਾਮ ਨਹੀਂ ਸੀ ਲਿਖਦੀ, ਆਪਣੀ ਜਠਾਣੀ ਦਾ ਨਾਮ ਹੀ ਬਚਨ ਕੌਰ ਲਿਖ ਲੈਂਦੀ ਸੀ। ਇੱਕ ਦਿਨ ਮੇਰੇ ਗੁਆਂਢੀ ਸਤਪਾਲ ਤ੍ਰੇਹਨ ਨੇ ਮੇਰੀ ਕਹਾਣੀ ਪਛਾਣ ਲਈ ਕਿ ਇਹ ਤਾਂ ਮੇਰੇ ਜੀਵਨ ਦੀ ਅਸਲੀ ਕਹਾਣੀ ਹੈ। ਸੋ ਮੇਰੇ ਪਤੀ ਦਾ ਤਸ਼ੱਦਦ ਹੀ ਮੇਰੇ ਕਹਾਣੀਆਂ ਲਿਖਣ ਦਾ ਕਾਰਣ ਬਣਿਆ।
ਪ੍ਰਸ਼ਨ: ਕੀ ਤੁਸੀਂ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਦਿਆਂ ਕੋਈ ਨੌਕਰੀ ਵੀ ਕੀਤੀ?
ਉੱਤਰ: ਹਾਂ ਸ਼ੁਰੂ ਸ਼ੁਰੂ ਵਿੱਚ ਬਹੁਤ ਛੋਟੀਆਂ-ਛੋਟੀਆਂ ਨੌਕਰੀਆਂ ਕਰਕੇ ਘਰ ਚਲਾਇਆ। ਟੈਲੀਫੋਨ ਅਪ੍ਰੇਟਰ ਦੀ ਨੌਕਰੀ, ਸੇਲਜਗਰਲ ਦੀ ਨੌਕਰੀ। 1962 ਵਿੱਚ ਪਹਿਲਾ ਕੰਪਿਊਟਰ ਮੇਰੇ ਦਫਤਰ ਵਿੱਚ ਹੀ ਆਇਆ, 1965 ਵਿੱਚ ਮੈਨੂੰ ਕੰਪਿਊਟਰ ਅਪ੍ਰੇਟਰ ਦੀ ਨੌਕਰੀ ਮਿਲ ਗਈ। ਉਸ ਸਮੇਂ 600-700 ਕਾਰਡ ਪੰਚ ਕਰਦੇ ਸੀ ਫਿਰ ਜਾ ਕੇ ਪ੍ਰਿੰਟ ਨਿਕਲਦਾ ਸੀ। ਡੇਢ ਮੀਟਰ ਪੰਨੇ ਦਾ ਕਾਗਜ਼ ਹੁੰਦਾ ਸੀ। ਬਾਰਾਂ (12) ਸਾਲ ਬਿਆਸ ਨੌਕਰੀ ਕੀਤੀ।
ਪ੍ਰਸ਼ਨ: ਉਹ ਕਿਹੜੀ ਰਚਨਾ ਸੀ ਜਿਸ ਨੇ ਤੁਹਾਨੂੰ ਸਭ ਤੋਂ ਵੱਧ ਪ੍ਰਸਿੱਧੀ ਦੁਆਈ?
ਉੱਤਰ: ਮੇਰੀ ਸਵੈ-ਜੀਵਨੀ ‘ਪਗਡੰਡੀਆਂ’ ਸੀ ਜਿਸ ਨੇ ਮੈਨੂੰ ਬਹੁਤ ਪ੍ਰਸਿੱਧੀ ਦੁਆਈ। ਮੇਰਾ ਆਪਣੇ ਪਤੀ ਨਾਲ ਸ਼ੁਰੂ ਵਿੱਚ ਰਿਸ਼ਤਾ ਵਧੀਆ ਨਹੀਂ ਸੀ ਪਰ ਬਾਅਦ ਵਿੱਚ ਸਾਡਾ ਰਿਸ਼ਤਾ ਬਹੁਤ ਵਧੀਆ ਹੋ ਗਿਆ। ਇਸ ਸਵੈ-ਜੀਵਨੀ ਲਈ ਬਹੁਤ ਚਿੱਠੀਆਂ ਆਈਆਂ ਤੇ ਮੇਰਾ ਬੇਟਾ ਕਹਿੰਦਾ ਸੀ ਪਾਪਾ ਤੁਹਾਡੀ ਹੀ ਬੁਰਾਈ ਕੀਤੀ ਗਈ ਹੈ ਇਸ ਕਿਤਾਬ ਵਿੱਚ ਤਾਂ ਮੇਰੇ ਪਤੀ ਕਿਹਾ ਕਰਦੇ, “ਬਦਨਾਮ ਹੁਏ ਤਂ ਕਿਆ ਹੁਆ, ਨਾਮ ਤੇ ਮੇਰਾ ਹੀ ਮਸ਼ਹੂਰ ਹੋਇਆ। ਕਰੈਡਿਟ ਗੋਜ਼ ਟੂ ਹਿੰਮ। ਬਾਅਦ ਵਿੱਚ ਅਸੀਂ ਚੰਗੇ ਦੋਸਤ ਬਣ ਗਏ।
ਪ੍ਰਸ਼ਨ: ਤੁਸੀਂ ਪਹਿਲਾ ਦਿੱਲੀ ਰਹਿੰਦੇ ਸੀ, ਫਿਰ ਅਮਰੀਕਾ ਚਲੇ ਗਏ ਤੇ ਬਿਆਸ ਆਉਣ ਦਾ ਸਬੱਬ ਕਿਵੇਂ ਬਣਿਆ?
ਉੱਤਰ: ਮੈਂ ਆਪਣੇ ਬੱਚਿਆਂ ਕੋਲ ਆ ਗਈ ਅਮਰੀਕਾ, 1996 ਵਿੱਚ ਪਤੀ ਦੀ ਮੌਤ ਹੋ ਗਈ। ਮੈਂ ਰਿਟਾਇਰ ਹੋ ਕੇ ਅਮਰੀਕਾ ਜਾ ਕੇ ਨਰਸ ਦੀ ਨੌਕਰੀ ਕੀਤੀ। ਇੰਟਰਪ੍ਰੇਟਰ ਦੀ ਨੌਕਰੀ ਕੀਤੀ। ਉੱਥੇ ਚਾਰ ਪੰਜ ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ। ਮੈਂ ਬਿਆਸ ਸਤਸੰਗ ਸੁਣਨ ਆਈ ਸੀ। ਨਰਸਾਂ ਦੀ ਨੌਕਰੀ ਲਈ ਅਨਾਊਂਸਮੈਂਟ ਹੋਈ ਸੀ ਸਤਸੰਗ ਵਿੱਚ। ਨੌਕਰੀ ਦੀ ਉਮਰ ਤਾਂ 58 ਸਾਲ ਤਕ ਸੀ, ਮੇਰੀ ਉਮਰ 62 ਸਾਲ ਸੀ। ਮੈਨੂੰ ਨੌਕਰੀ ਨਹੀਂ ਮਿਲ ਸਕਦੀ ਸੀ। ਇੱਥੇ ਹੋਸਟਲ ਵਾਰਡਨ ਦੀ ਨੌਕਰੀ ਸੀ। 12 ਸਾਲ ਇਹੀ ਨੌਕਰੀ ਕੀਤੀ। ਮੈਨੂੰ ਇੰਡੀਆ ਵਾਪਸ ਆਉਣਾ ਚੰਗਾ ਲੱਗਾ। ਮੈਂ 2004 ਵਿੱਚ ਬਿਆਸ ਆ ਗਈ। ਉਦੋਂ ਦੀ ਮੈਂ ਇੱਥੇ ਹੀ ਹਾਂ।
ਪ੍ਰਸ਼ਨ: ਤੁਹਾਨੂੰ ਸਾਹਿਤਕਾਰ ਬਣਨ ਲਈ ਕਿਸ ਨੇ ਪ੍ਰੇਰਿਤ ਕੀਤਾ?
ਉੱਤਰ: ਮੇਰੇ ਪਤੀ ਨੇ ਹੀ ਮੈਨੂੰ ਸਾਹਿਤਕਾਰ ਬਣਨ ਲਈ ਪ੍ਰੇਰਿਤ ਕੀਤਾ। ਮੇਰੀ ਪ੍ਰੇਰਣਾ ਮੇਰਾ ਪਤੀ ਹੀ ਸੀ। ਮੇਰਾ ਪਤੀ ਕੰਮ ਨਹੀਂ ਕਰਦਾ ਸੀ, ਮੈਨੂੰ ਬਹੁਤ ਪ੍ਰੇਸ਼ਾਨੀਆਂ ਆਉਂਦੀਆਂ ਸਨ। ਪਤੀ ਦੇ ਤਸ਼ੱਦਦ ਕਰਕੇ ਹੀ ਮੈਂ ਲਿਖਣਾ ਸ਼ੁਰੂ ਕੀਤਾ।
ਪ੍ਰਸ਼ਨ: ‘ਊਲ-ਜਲੂਲ’ ਕਹਾਣੀ ਮਰਦ ਮਾਨਸਿਕਤਾ ਦੀ ਪੇਸ਼ਕਾਰੀ ਕਰ ਰਹੀ ਕਹਾਣੀ ਹੈ। ਤੁਸੀਂ ਔਰਤ ਮਾਨਸਿਕਤਾ ਦੇ ਨਾਲ-ਨਾਲ ਮਰਦ ਮਾਨਸਿਕਤਾ ਨੂੰ ਕਿਵੇਂ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕਰ ਲੈਂਦੇ ਹੋ?
ਉੱਤਰ: ਜਦੋਂ ਮੈਂ ਕਹਾਣੀ ਲਿਖਦੀ ਹਾਂ, ਕਹਾਣੀ ਦਾ ਮੁੱਖ ਪਾਤਰ ਮਰਦ ਹੁੰਦਾ ਹੈ, ਉਸ ਪਾਤਰ ਨੂੰ ‘ਮੈਂ’ ਖੁਦ ਨੂੰ ਮਰਦ ਪਾਤਰ ਦੇ ਤੌਰ ’ਤੇ ਜਿਊ ਰਹੀ ਹੁੰਦੀ ਹਾਂ। ਜਦ ਔਰਤ ਸਾਹਮਣੇ ਹੁੰਦੀ ਹੈ ਤਾਂ ਮਰਦ ਔਰਤ ਦੀ ਵੈਲਿਊ ਨਹੀਂ ਸਮਝਦਾ। ਜਦੋਂ ਔਰਤ ਘਰੋਂ ਬਾਹਰ ਹੁੰਦੀ ਹੈ, ਉਦੋਂ ਮਰਦ ਔਰਤ ਦੀ ਅਹਿਮੀਅਤ ਸਮਝਦੇ ਹਨ। ਮਰਦ ਪਾਤਰ ਅਨੁਭਵ ਵਿੱਚ ਹੀ ਹੁੰਦੇ ਹਨ, ਅਜਿਹਾ ਹੀ ਪਾਤਰ ‘ਊਲ ਜਲੂਲ’ ਕਹਾਣੀ ਵਿੱਚ ਹੈ।
ਪ੍ਰਸ਼ਨ: ‘ਮੁੱਲ ਦੀ ਤੀਵੀਂ’ ਕਹਾਣੀ ਔਰਤ ਉੱਪਰ ਅਮੀਰ ਮਰਦ ਦੇ ਜ਼ੁਲਮਾਂ ਦੀ ਕਹਾਣੀ ਹੈ, ਇਸ ਕਹਾਣੀ ਦਾ ਵਿਸ਼ਾ ਤੁਹਾਨੂੰ ਕਿਵੇਂ ਮਿਲਿਆ?
ਉੱਤਰ: ਇਹ ਸਾਰੀਆਂ ਕਹਾਣੀਆਂ ਘਟੀਆਂ ਹੋਈਆਂ ਹਨ, ਮੇਰੇ ਜੀਵਨ ਦੇ ਨੇੜੇ ਰਹਿਣ ਵਾਲੇ ਲੋਕਾਂ ਦੀਆਂ ਕਹਾਣੀਆਂ ਹਨ। ਕਹਾਣੀ ਦੀ ਪਾਤਰ ਫੂਲਾਂ ਮੇਰੀ ਉਮਰ ਦੀ ਹੈ, ਉਹ ਅੱਜ ਵੀ ਜਿਊਂਦੀ ਹੈ। ਪਿੰਡਾਂ ਵਿੱਚ ਅਮੀਰਾਂ ਦੇ ਗਰੀਬ ਲੋਕ ਸਾਂਝੀ ਹੁੰਦੇ ਹਨ ਜਾਂ ਕਹਿ ਲਵੋ ਹੈਲਪਰ ਹੁੰਦੇ ਹਨ। ਅਜਿਹੇ ਹੀ ਪਾਤਰ ਇਸ ਕਹਾਣੀ ਵਿੱਚ ਹਨ। ਅਮੀਰ ਅਜਿਹੇ ਪਾਤਰਾਂ ’ਤੇ ਆਪਣਾ ਹੱਕ ਸਮਝਦੇ ਹਨ। ਅਮੀਰ ਸਮਝਦੇ ਹਨ ਨੌਕਰ ਦੀ ਪਤਨੀ ਜੋ ਮੁਕਲਾਵੇ ਆਈ ਹੈ ਉਸ ਉੱਪਰ ਉਹਨਾਂ ਦਾ ਪਹਿਲਾਂ ਹੱਕ ਹੈ। ਇਸੇ ਕਰਕੇ ਫੂਲਾਂ ਦੀ ਇੱਜ਼ਤ ਪਤੀ ਦੇ ਸਾਹਮਣੇ ਹੀ ਮਾਲਕ ਲੁੱਟ ਲੈਂਦਾ ਹੈ। ਉਹ ਮਾਲਕ ਦਾ ਵਿਰੋਧ ਤਾਂ ਕਰਦੀ ਹੈ ਪਰ ਸੱਚ ਇਹ ਹੈ ਕਿ ਤਾਕਤਵਰ ਆਦਮੀ ਅੱਗੇ ਗਰੀਬ ਔਰਤ ਕੁਝ ਨਹੀਂ ਕਰ ਸਕਦੀ ਤੇ ਉਸ ਦਾ ਪਤੀ ਵੀ ਕੁਝ ਨਹੀਂ ਕਰ ਸਕਿਆ। ਮਾਲਕ ਸਮਝਦਾ ਨੌਕਰ ਉਹਨਾਂ ਦਾ ਉਤਾਰ ਪਹਿਨਦਾ, ਜੂਠ ਖਾਂਦਾ, ਇਸੇ ਲਈ ਪਤਨੀ ਉੱਪਰ ਵੀ ਮੇਰਾ ਭਾਵ ਮਾਲਕ ਦਾ ਹੀ ਹੱਕ ਹੈ। ਗਰੀਬ ਦੀ ਰੋਜ਼ੀ ਰੋਟੀ ਦਾ ਸਵਾਲ ਹੈ। ਬਾਬੇ ਨਾਨਕ ਨੇ ਵੀ ਕਿਹਾ ਹੈ, “ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਕੋਈ” ਪਰ ਇੱਥੇ ਤਾਂ ਸਕਤਾ ਗਰੀਬ ਨੂੰ ਮਾਰ ਰਿਹਾ ਹੈ।
ਅੰਮ੍ਰਿਤਾ ਪ੍ਰੀਤਮ ਜੀ ਨੇ ਨਾਗਮਣੀ ਵਿੱਚ ਇਹ ਕਹਾਣੀ ਟਿੱਪਣੀ ਦੇ ਕੇ ਛਾਪੀ ਸੀ। ਇਹ ਕਹਾਣੀ ਬਹੁਤ ਪਾਪੂਲਰ ਹੋਈ ਸੀ।
ਪ੍ਰਸ਼ਨ: ‘ਮੁੱਲ ਦੀ ਤੀਵੀਂ’ ਕਹਾਣੀ ਵਿੱਚ ਤੁਸੀਂ ਨਾਰੀ ਮਾਨਸਿਕਤਾ ਨੂੰ ਕਿਵੇਂ ਪੇਸ਼ ਕੀਤਾ ਹੈ?
ਉੱਤਰ: ਅਜਿਹੀਆਂ ਕਹਾਣੀਆਂ ਮੇਰੀਆਂ ਅੱਖਾਂ ਦੇ ਸਾਹਮਣੇ ਵਾਪਰੀਆਂ ਕਹਾਣੀਆਂ ਹਨ। ਟੇਲਰ ਮਾਸਟਰ ਕੋਲ ਗੁੰਗਾ ਮੁੰਡਾ ਕੰਮ ਕਰ ਰਿਹਾ ਸੀ, ਪਰ ਉਸ ਦਾ ਵਿਆਹ ਨਹੀਂ ਹੋ ਰਿਹਾ ਸੀ। ਉਸ ਸਮੇਂ ਔਰਤਾਂ ਮੁੱਲ ਲੈ ਆਉਂਦੇ ਸੀ। ਟੇਲਰ ਮਾਸਟਰ ਨੇ ਗੁੰਗੇ ਮੁੰਡੇ ਨੂੰ ਕੁਦੇਸਣ ਮੁੱਲ ਖਰੀਦ ਕੇ ਲਿਆ ਕੇ ਦਿੱਤੀ ਸੀ। ਔਰਤਾਂ ਵੀ ਡੰਗਰਾਂ ਵਾਂਗ ਹਿੰਦੋਸਤਾਨ ਵਿੱਚ ਵਿਕਦੀਆਂ ਸਨ। ਔਰਤਾਂ ਦੀ ਮੰਡੀ ਲਗਦੀ ਸੀ। ਇਸ ਕਹਾਣੀ ਦੀ ਪਾਤਰ ਰੇਲਵੇ ਫਾਟਕ ਦਾ ਗੇਟ ਬੰਦ ਕਰਨ ਵਾਲਿਆਂ ਦੀ ਕੁੜੀ ਸੀ। ਗੁੰਗਾ ਪਾਤਰ ਤਾਂ ਅਸਲੀਅਤ ਵਿੱਚ ਮਰ ਗਿਆ ਹੈ ਪਰ ਉਹ ਕੁਦੇਸਣ ਔਰਤ ਅਜੇ ਵੀ ਜਿਊਂਦੀ ਹੈ, ਪਟਿਆਲੇ ਦੀ ਇਹ ਸੱਚੀ ਘਟਨਾ ਹੈ। ਉਸ ਸਮੇਂ ਔਰਤਾਂ ਨੂੰ ਜਾਨਵਰਾਂ ਵਾਂਗ ਸਮਝਿਆ ਜਾਂਦਾ ਸੀ, ਜਦੋਂ ਇਹ ਕਹਾਣੀ ਲਿਖੀ ਸੀ।
ਪ੍ਰਸ਼ਨ: ‘ਦੁੱਖ ਨਿਵਾਰਣ’ ਕਹਾਣੀ ਤੁਸੀਂ ਸਮਾਜ ਸ਼ਾਸਤਰੀ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ ਲਿਖੀ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਉੱਤਰ: ਜਿੰਨੀਆਂ ਵੀ ਕਹਾਣੀਆਂ ਲਿਖੀਆਂ ਹਨ ਸਮਾਜ ਵਿਚਲੇ ਪਾਤਰਾਂ ਤੋਂ ਹੀ ਪ੍ਰੇਰਿਤ ਹੋ ਕੇ ਲਿਖੀਆਂ ਹਨ। ਸੱਚ ਤਾਂ ਇਹ ਹੈ ਕਿ ਸਾਰੇ ਪਾਤਰ ‘ਮੈਂ’ ਸਮਾਜ ਵਿੱਚ ਵਿਚਰਦੇ ਵੇਖੇ ਹਨ। ‘ਦੁੱਖ ਨਿਵਾਰਣ’ ਕਹਾਣੀ ਦੇ ਮੁੱਖ ਪਾਤਰ ਮੇਰੇ ਪਿਤਾ ਜੀ ਹਨ। ਮੇਰੇ ਪਿਤਾ ਜੀ ਨੇ ਉਸ ਸਮੇਂ ਸੱਚੀ ਮੰਗਤੇ ਤੋਂ ਪੈਸੇ ਲਏ ਸਨ, ਪਿਤਾ ਜੀ ਕਿਹਾ ਕਰਦੇ ਸਨ ਅਸੀਂ ਤਾਂ ਸਾਰੇ ਹੀ ਮੰਗਤੇ ਹਾਂ, ਗੁਰਦੁਆਰੇ ਜਾ ਕੇ ਵੀ ਹਰ ਸਮੇਂ ਕੁਝ ਨਾ ਕੁਝ ਮੰਗਦੇ ਹੀ ਰਹਿੰਦੇ ਹਾਂ।
ਪ੍ਰਸ਼ਨ: ‘ਭੁੱਬਲ ਦੀ ਅੱਗ’ ਕਹਾਣੀ ਮਰਦ-ਔਰਤ ਦੇ ਅਨੈਤਿਕ ਰਿਸ਼ਤਿਆਂ ਦੀ ਕਹਾਣੀ ਹੈ। ਅਜਿਹੀਆਂ ਹੋਰ ਕਿਹੜੀਆਂ-ਕਿਹੜੀਆਂ ਕਹਾਣੀਆਂ ਤੁਸੀਂ ਲਿਖੀਆਂ ਹਨ?
ਉੱਤਰ: ਇਸ ਕਹਾਣੀ ਤੋਂ ਵੀ ਪਹਿਲਾਂ ਮੈਂ ਚਾਇਲਡ ਐਬਿਊਜ਼ ਦੀਆਂ ਕਹਾਣੀਆਂ ਲਿਖੀਆਂ ਹਨ। ਚਾਰ-ਪੰਜ ਕਹਾਣੀਆਂ ਇਸ ਤੋਂ ਪਹਿਲਾਂ ਅਜਿਹੀਆਂ ਲਿਖੀਆਂ ਹਨ। ਬੱਚੇ ਸਮਾਜ ਨੂੰ ਅੰਡਰਸਟੈਂਡ ਨਹੀਂ ਕਰ ਸਕਦੇ। ਪਟਿਆਲੇ ਵਿੱਚ ਇੱਕ ਗਲੀ ਗਰੇਵਾਲ ਦੀ ਹੀ ਸੀ। ਉੱਥੇ ਘਾਹ ਖੋਤਣ ਵਾਲੀ ਔਰਤ ਰਹਿੰਦੀ ਸੀ, ਉਹ ਗਰੇਵਾਲ ਦੇ ਘਰ ਕੋਲ ਛੋਟੀ ਜਿਹੀ ਕੋਠੜੀ ਵਿੱਚ ਰਹਿੰਦੀ ਸੀ, ਨਥੀਆ ਉਸ ਦੀ ਕੁੜੀ ਸੀ ਤੇ ਸਾਡੀ ਪੜੋਸਣ ਸੀ। ਨਥੀਆ ਦਾ ਸਾਰਾ ਕੁਝ ਗਰੇਵਾਲ ਲੁੱਟ ਲੈਂਦਾ ਹੈ।
ਪ੍ਰਸ਼ਨ: ਤੁਹਾਡੀਆਂ ਕਹਾਣੀਆਂ ਦੇ ਪਾਤਰ ਅਨੈਤਿਕ ਸਰੀਰਕ ਸੰਬੰਧ ਬਣਾਉਂਦੇ ਹਨ। ‘ਮੋਤੀਆ ਬਿੰਦ’ ਕਹਾਣੀ ਨਾਰੀ ਸ਼ੋਸ਼ਣ ਦੀ ਕਹਾਣੀ ਹੈ। ਤੁਸੀਂ ਦੱਸ ਸਕਦੇ ਹੋ ਕਿ ਔਰਤ ਦਾ ਸਰੀਰਕ ਸ਼ੋਸ਼ਣ ਰੁਕ ਸਕਦਾ ਹੈ ਜਾ ਨਹੀਂ?
ਉੱਤਰ: 100% ਸੱਚ ਕਹਿੰਦੀ ਹਾਂ ਕਿ ਨੌਕਰੀ ਲੈਣ ਵੇਲੇ ਔਰਤ ਦਾ ਮਰਦ ਜਾਤੀ ਅਜਿਹਾ ਸ਼ੋਸ਼ਣ ਕਰਦੀ ਹੈ। ਘਰਦਿਆਂ ਨੂੰ ਵੀ ਅਜਿਹੀਆਂ ਗੱਲਾਂ ਔਰਤਾਂ ਨਹੀਂ ਦੱਸ ਸਕਦੀਆਂ। ਮਰਦਾਂ ਕੋਲ ਇਮਾਨਦਾਰੀ ਨਹੀਂ ਹੈ ਨਾ ਹੀ ਔਰਤਾਂ ਪ੍ਰਤੀ ਰਿਸਪੈਕਟ ਹੈ। ਅਮਰੀਕਾ ਵਿੱਚ ਔਰਤਾਂ ਨੂੰ ਕੋਈ ਵੀ ਉਏ ਨਹੀਂ ਕਹਿ ਸਕਦਾ। ਅਮਰੀਕਾ ਵਿੱਚ ਪਤਨੀ ਦੇ ਬੈੱਡਰੂਮ ਵਿੱਚ ਬਗ਼ੈਰ ਇਜਾਜ਼ਤ ਪਤੀ ਵੀ ਨਹੀਂ ਜਾ ਸਕਦਾ। ਪਰ ਸਾਡੇ ਇੱਥੇ ਅਜਿਹਾ ਕਾਨੂੰਨ ਨਹੀਂ ਹੈ। ਦਿੱਲੀ ਮੇਰਾ ਫਲੈੱਟ ਹੈ ਪਰ ਮੈਂ ਉੱਥੇ ਇਕੱਲੀ ਨਹੀਂ ਰਹਿ ਸਕਦੀ।
ਪ੍ਰਸ਼ਨ: ਤੁਸੀਂ ਆਪਣੀਆਂ ਕਹਾਣੀਆਂ ਵਿੱਚ ਗਰੀਬ ਮਰਦ, ਔਰਤਾਂ ਅਤੇ ਮਜ਼ਲੂਮਾਂ ਦੇ ਹੱਕਾਂ ਬਾਰੇ ਗੱਲ ਕੀਤੀ ਹੈ। ਕੀ ਤੁਸੀਂ ਸੋਚਦੇ ਹੋ ਕਿ ਅਜਿਹੇ ਪਾਤਰਾਂ ਦੁਆਲੇ ਘੁੰਮਦੀਆਂ ਕਹਾਣੀਆਂ ਲਿਖ ਕੇ ਸਮਾਜ ਨੂੰ ਬਦਲਿਆ ਜਾ ਸਕਦਾ ਹੈ?
ਉੱਤਰ: ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਔਰਤ ਸਦੀਆਂ ਤੋਂ ਗ਼ੁਲਾਮ ਰਹੀ ਹੈ। ਔਰਤਾਂ ਹੱਕਾਂ ਲਈ ਲੜ ਰਹੀਆਂ ਹਨ। ਮੈਂ ਮਰਦਾਂ ਲਈ ਵੀ ਲਿਖਿਆ ਹੈ। ਮੈਂ ਮਰਦਾਂ ਦੇ ਵੀ ਹੱਕ ਦੀ ਗੱਲ ਕੀਤੀ ਹੈ। ਜੋ ਵੀ ਮੇਰੇ ਸਾਹਮਣੇ ਪੀੜਤ ਹੈ, ਮੈਂ ਉਸ ਦੇ ਹੱਕ ਦੀ ਗੱਲ ਕੀਤੀ ਹੈ। ‘ਭੁੱਬਲ ਦੀ ਅੱਗ’ ਕਹਾਣੀ ਵਿੱਚ ਮੈਂ ਮਰਦ ਦੇ ਹੱਕ ਦੀ ਗੱਲ ਕੀਤੀ ਹੈ। ਅਮਰੀਕਾ ਵਿੱਚ ਇੰਡੀਅਨ ਔਰਤਾਂ ਮਰਦਾਂ ਉੱਪਰ ਜ਼ਿਆਦਾ ਜ਼ੁਲਮ ਕਰਦੀਆਂ ਹਨ। ਫਿਜੀਕਲੀ ਮਰਦਾਂ ਕੋਲ ਜ਼ਿਆਦਾ ਤਾਕਤ ਹੈ ਔਰਤਾਂ ਨੂੰ ਮਰਦ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਬਰਾਬਰ ਦੇ ਹੋ ਜਾਵੋ, ਇੱਕ ਦੂਜੇ ਦੀ ਇੱਛਾ ਦਾ ਖਿਆਲ ਰੱਖੋ।
ਪ੍ਰਸ਼ਨ: ਹੁਣ ਤਕ ਤੁਹਾਡੀਆਂ ਕਹਾਣੀਆਂ ਦੀਆਂ ਕਿੰਨੀਆਂ ਕਿਤਾਬਾਂ ਆ ਚੁੱਕੀਆਂ ਹਨ?
ਉੱਤਰ: ਮੇਰੇ ਨੌਅ ਕਹਾਣੀ ਸੰਗ੍ਰਹਿ ਹਨ। ਇਹਨਾਂ ਵਿੱਚ 250 ਦੇ ਕਰੀਬ ਕਹਾਣੀਆਂ ਹਨ। ਮੰਜ਼ਿਲ, ਸੂਹਾ ਰੰਗ ਸਿਆਹ ਰੰਗ, ਭੁੱਬਲ ਦੀ ਅੱਗ, ਕਿਆਰੀ ਲੌਂਗਾਂ ਦੀ, ਮੁਕਲਾਵੇ ਵਾਲੀ ਰਾਤ, ਖੁਰੇ ਹੋਏ ਰੰਗ, ਵਾਟਾਂ ਅਧੂਰੀਆਂ, ਕੰਧਾਂ ਕਉਲੇ ਤੇ ਰੇਸ਼ਮੀ ਰੁਮਾਲ।
ਹੁਣ ਤਕ ਮੈਂ ਕੁੱਲ 71 ਕਿਤਾਬਾਂ ਲਿਖ ਚੁੱਕੀ ਹਾਂ। ਅੱਠ ਬਾਲ ਸਾਹਿਤ ਦੀਆਂ ਕਿਤਾਬਾਂ, ਨੌਅ ਕਹਾਣੀ ਸੰਗ੍ਰਹਿ, ਚਾਰ ਕਿਤਾਬਾਂ ਦਾ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਦੋ ਕਿਤਾਬਾਂ ਕਵਿਤਾ ਦੀਆਂ, ਤਿੰਨ ਲੋਕ ਗੀਤਾਂ ਦੀਆਂ, ਮੇਰੀਆਂ ਚਾਰ ਕਿਤਾਬਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਹੋਇਆ ਹੈ, ਮੇਰੀਆਂ ਚਾਰ ਕਿਤਾਬਾਂ ਦਾ ਮਰਾਠੀ ਵਿੱਚ ਅਨੁਵਾਦ ਹੋਇਆ ਹੈ, ਅੱਠ ਕਿਤਾਬਾਂ ਦਾ ਹਿੰਦੀ ਵਿੱਚ ਅਨੁਵਾਦ, ਚਾਰ ਕਿਤਾਬਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ, ਇੱਕ ਕਿਤਾਬ ਯੋਗੋਸਲਾਵੀਆ ਦੀ ਭਾਸ਼ਾ ਵਿੱਚ ਅਨੁਵਾਦ ਹੋਈ ਹੈ। ਦੋ ਕਿਤਾਬਾਂ ਮੁਲਾਕਾਤਾਂ ਦੀਆਂ, ਇੱਕ ਰੇਖਾ ਚਿੱਤਰਾਂ ਦੀ ਹੈ, ਤਿੰਨ ਵਾਰਤਕ ਦੀਆਂ, ਦੋ ਨਾਵਲ, ਇੱਕ ਸਫ਼ਰਨਾਮਾ, ਡਾਇਰੀ, ਦੋ ਬਾਇਓਗਰਾਫੀ, ਇੱਕ ਛਪਾਈ ਅਧੀਨ ਹੈ। ਮੇਰਾ ਐੱਮ. ਫਿੱਲ ਦਾ ਥੀਸਿਜ਼ ‘ਨਟ ਸਮਰਾਟ ਤੇ ਬਾਦਲ ਸਰਕਾਰ’ ਮਰਾਠੀ ਅਤੇ ਬੰਗਾਲੀ ਭਾਸ਼ਾ ਦੇ ਤੁਲਨਾਤਮਕ ਸਾਹਿਤ ਨਾਲ ਸੰਬੰਧਿਤ ਹੈ।
ਪ੍ਰਸ਼ਨ: ਪੰਜਾਬੀ ਆਲੋਚਨਾ ਤੁਹਾਡੀ ਨਜ਼ਰ ਵਿੱਚ ਕਿੱਥੇ ਕੁ ਖੜ੍ਹੀ ਹੈ? ਤੁਹਾਡੀਆਂ ਕਹਾਣੀਆਂ ਦਾ ਆਲੋਚਕਾਂ ਨੇ ਕਿੰਨਾ ਕੁ ਨੋਟਿਸ ਲਿਆ ਹੈ?
ਉੱਤਰ: ਆਲੋਚਨਾ ਦਾ ਸਕੂਲ ਡਾ. ਹਰਭਜਨ ਸਿੰਘ ਜੀ ਨੇ ਸ਼ੁਰੂ ਕੀਤਾ। ਅਸਲੀ ਆਲੋਚਨਾ ਨਹੀਂ ਹੁੰਦੀ, ਮੂੰਹ ਨੂੰ ਦੇਖ ਕੇ ਆਲੋਚਨਾ ਹੁੰਦੀ ਹੈ, ਰਚਨਾ ਨੂੰ ਦੇਖ ਕੇ ਨਹੀਂ। ਸਹੀ ਆਲੋਚਨਾ ਨਹੀਂ ਹੁੰਦੀ। ਅਜੀਤ ਕੌਰ ਤੇ ਬਲਵੰਤ ਗਾਰਗੀ ਇੱਕ ਦੂਜੇ ਬਾਰੇ ਲਿਖਦੇ ਸਨ। ਕਿਸੇ ਆਲੋਚਕ ਨੂੰ ਲੱਗਦਾ ਹੈ ਕਿ ਇੱਕੋ ਲੇਡੀ ਹੀ ਵਧੀਆ ਹੈ। ਸਾਡੀ ਆਲੋਚਨਾ ਬਹੁਤ ਪਿੱਛੇ ਹੈ। ਸਹੀ ਆਲੋਚਨਾ ਨਹੀਂ ਹੋ ਰਹੀ। ਹਰੇਕ ਚੀਜ਼ ਵਿੱਚ ਕਮੀਆਂ ਵੀ ਹੁੰਦੀਆਂ ਹਨ। ਪਗਡੰਡੀਆਂ ਵਿੱਚ ਵੀ ਕਮੀਆਂ ਹੋਣਗੀਆਂ। ਮੈਂ ਸਵੈ-ਜੀਵਨੀ 100% ਸੱਚ ਲਿਖੀ ਹੈ। ਮੈਂ ਆਲੋਚਨਾ ਤੋਂ ਸੰਤੁਸ਼ਟ ਨਹੀਂ ਹਾਂ। ਮੇਰੇ ਸਾਹਿਤ ਉੱਤੇ ਸਹੀ ਆਲੋਚਨਾ ਨਹੀਂ ਹੋਈ। ਰਚਨਾ ਸਾਹਮਣੇ ਹੋਣੀ ਚਾਹੀਦੀ ਹੈ, ਚਿਹਰਾ ਨਹੀਂ।
ਪ੍ਰਸ਼ਨ: ਤੁਹਾਨੂੰ ਕਿਹੋ ਜਿਹਾ ਸਾਹਿਤ ਪੜ੍ਹਨਾ ਪਸੰਦ ਹੈ?
ਉੱਤਰ: ਮੈਂ ਬਾਹਰਲੇ ਲੇਖਕ ਜ਼ਿਆਦਾ ਪੜ੍ਹਦੀ ਹਾਂ। ਲਿਬਲਾਨ ਦੇ ਤਿੰਨ ਲੇਖਕ, ਈਰਾਨ ਤੇ ਪਾਕਿਸਤਾਨੀ ਲੇਖਕਾਂ ਨੂੰ ਮੈਂ ਵੱਧ ਪੜ੍ਹਦੀ ਹਾਂ। ਮੈਂ ਪੱਛਮੀ ਸਾਹਿਤ ਬਹੁਤਾ ਨਿੱਠ ਕੇ ਨਹੀਂ ਪੜ੍ਹਦੀ।
ਪ੍ਰਸ਼ਨ: ਆਪਣੀਆਂ ਸਮਕਾਲੀ ਨਾਰੀ ਕਥਾਕਾਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਮਕਾਲ ਵਿੱਚ ਲਿਖੀ ਜਾ ਰਹੀ ਕਹਾਣੀ ਨੇ ਕਿੰਨਾ ਕੁ ਵਿਕਾਸ ਕੀਤਾ ਹੈ?
ਉੱਤਰ: ਮੇਰੀ ਸਮਕਾਲੀ ਤਾਂ ਅਜੀਤ ਕੌਰ ਹੀ ਹੈ। ਨਵੀਆਂ ਕੁੜੀਆਂ ਵਧੀਆ ਲਿਖ ਰਹੀਆਂ ਹਨ। ਅਸੀਂ ਆਪਣੇ ਸਮਾਜ ਨੂੰ ਵੇਖ ਕੇ ਲਿਖਿਆ, ਨਵੀਂ ਪੀੜ੍ਹੀ ਵਿੱਚ ਤੁਸੀਂ ਆ ਜਾਂਦੇ ਹੋ। ਸਮਕਾਲੀਆਂ ਨੇ ਯੁਗ ਚਲਾਉਣਾ ਹੈ। ਸਾਡੀ ਤੇ ਨਵੀਂ ਪੀੜ੍ਹੀ ਦੀ ਕਹਾਣੀ ਵਿੱਚ ਬਹੁਤ ਬਦਲਾਵ ਆ ਗਿਆ ਹੈ, ਆਉਣਾ ਵੀ ਚਾਹੀਦਾ ਹੈ। ਕੁਲਵੰਤ ਵਿਰਕ ਬਹੁਤ ਅੱਛਾ ਲਿਖਦੇ ਸਨ। ਹਿੰਦੀ ਕਹਾਣੀ ਇੱਕ ਵਾਰ ਅੱਗੇ ਆ ਗਈ ਸੀ। ਫਿਰ ਸਾਡੀ ਪੀੜ੍ਹੀ ਹਿੰਦੀ ਕਹਾਣੀ ਤੋਂ ਅੱਗੇ ਆ ਗਈ। ਕਹਾਣੀ ਵਿੱਚ ਤਬਦੀਲੀ ਆਈ ਹੈ। ਹੁਣ ਲਿਖੀ ਜਾ ਰਹੀ ਕਹਾਣੀ ਬਾਰੇ ਮੈਂ ਬਹੁਤਾ ਕੁਝ ਨਹੀਂ ਕਹਿ ਸਕਦੀ।
ਪ੍ਰਸ਼ਨ: ਤੁਹਾਡੀ ਨਜ਼ਰ ਵਿੱਚ ਤੁਹਾਡੀਆਂ ਸ਼ਾਹਕਾਰ ਕਹਾਣੀਆਂ ਕਿਹੜੀਆਂ ਹਨ?
ਉੱਤਰ: ਦੁੱਖ ਨਿਵਾਰਣ, ਮੇਮਣਾ, ਮੁਕਲਾਵੇ ਵਾਲੀ ਰਾਤ, ਦੁੱਧ ਤੇ ਪੁੱਤ, ਭੁੱਬਲ ਦੀ ਅੱਗ ਤੇ ਕਤਲ। ਹਾਂ, ਮਾਂ ਨੂੰ ਤਾਂ ਸਾਰੇ ਬੱਚੇ ਅੱਛੇ ਲੱਗਦੇ ਹਨ।
ਪ੍ਰਸ਼ਨ: ਤੁਹਾਡੇ ਤੋਂ ਪਹਿਲੇ ਕਹਾਣੀਕਾਰਾਂ ਦਾ ਤੁਹਾਡੀ ਲੇਖਣੀ ਉੱਤੇ ਕੀ ਪ੍ਰਭਾਵ ਪਿਆ ਅਤੇ ਤੁਸੀਂ ਉਹਨਾਂ ਤੋਂ ਕੀ ਪ੍ਰੇਰਣਾ ਲਈ ਹੈ?
ਉੱਤਰ: ਮੇਰੇ ਤੋਂ ਪਹਿਲਾਂ ਕੁਲਵੰਤ ਸਿੰਘ ਵਿਰਕ, ਅੰਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ, ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ ਦੀ ਪੋਠੋਹਾਰੀ ਭਾਸ਼ਾ ’ਤੇ ਬਹੁਤ ਪਕੜ ਸੀ। ਟੈਕਨੀਕਲੀ ਤੇ ਹੋਰ ਬਹੁਤ ਕੁਝ ਪਹਿਲੇ ਕਹਾਣੀਕਾਰਾਂ ਤੋਂ ਸਿੱਖਿਆ ਹੈ। ਪਾਠਕ ਦਾ ਇੰਟਰਸਟ ਬਣਿਆ ਰਹਿਣਾ ਚਾਹੀਦਾ ਹੈ।
ਪ੍ਰਸ਼ਨ: ਹਿੰਦ-ਪਾਕਿ ਵੰਡ ਅਤੇ 1984 ਦੇ ਦੰਗਿਆਂ ਬਾਰੇ ਤੁਸੀਂ ਕਿਹੋ ਜਿਹਾ ਅਨੁਭਵ ਪ੍ਰਾਪਤ ਕੀਤਾ ਹੈ?
ਉੱਤਰ: ਹਿੰਦ-ਪਾਕਿ ਵੰਡ ਸਮੇਂ ਦੀਆਂ ਮੈਨੂੰ ਦੋ ਤਿੰਨ ਗੱਲਾਂ ਯਾਦ ਹਨ। ਮਸੀਤ ਵਿੱਚੋਂ ਹੋਰ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਸਨ ਤੇ ਗੁਰਦੁਆਰੇ ਵਿੱਚੋਂ ਹੋਰ ਤਰੀਕੇ ਦੀਆਂ। ਸਾਡੇ ਘਰ ਦੇ ਲਾਗੇ ਗੰਦੇ ਪਾਣੀ ਦਾ ਨਾਲਾ ਸੀ, ਅਸੀਂ ਉਸ ਵਿੱਚੋਂ ਕੱਟੀਆਂ-ਵੱਡੀਆਂ ਲਾਸ਼ਾਂ ਵੇਖਣ ਜਾਂਦੇ ਸੀ। ਤੇਲੀਆਂ ਦੀ ਇੱਕ ਕੁੜੀ ਸੀ, ਉਸ ਨੂੰ ਬਹੁਤ ਬੁਰੀ ਤਰ੍ਹਾਂ ਕੋਹਿਆ ਹੋਇਆ ਸੀ। ਸਾਡੇ ਨੇੜਲਾ ਗੁਆਂਢੀ ਸੀ, ਉਹਨੇ ਵੀ ਬਹੁਤ ਕੱਟ-ਵੱਢ ਕੀਤੀ ਸੀ।
1984 ਦੇ ਦੰਗਿਆਂ ਸਮੇਂ ਅਸੀਂ ਜਨਕਪੁਰੀ ਰਹਿੰਦੇ ਸੀ। ਗੁਰਦੁਆਰੇ ਵਿੱਚ ਲੋਕ ਆ ਗਏ। ਸਿੱਖ ਸਾਰੇ ਉਸ ਸਮੇਂ ਮਾਰ ਦਿੱਤੇ ਸਨ। ਮੈਂ ਆਪਣੇ ਪਤੀ ਨੂੰ ਦੋ ਦਿਨ ਲੁਕੋ ਕੇ ਪੜਛੱਤੀ ’ਤੇ ਰੱਖਿਆ ਸੀ। ਹਿੰਦੂ ਸਾਰੇ ਸਿੱਖਾਂ ਦੇ ਦਰਵਾਜ਼ਿਆਂ ’ਤੇ ਤਲਵਾਰਾਂ ਲੈ ਕੇ ਘੁੰਮਦੇ ਸਨ। 1984 ਦੇ ਦੰਗਿਆਂ ਸਮੇਂ ਬਹੁਤ ਮਾੜਾ ਹਾਲ ਸੀ। ਮੈਂ ਤੇ ਗਰਗ ਕੈਂਪ ਵਿੱਚ ਲੋਕਾਂ ਨੂੰ ਵੇਖਣ ਗਏ।
ਪ੍ਰਸ਼ਨ: ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿਓ।
ਉੱਤਰ: ਅਸੀਂ ਤਿੰਨ ਭੈਣਾਂ ਤਿੰਨ ਭਰਾ ਸੀ। ਦੋ ਭੈਣਾਂ ਤੇ ਇੱਕ ਭਰਾ ਪਟਿਆਲੇ ਅਤੇ ਦੋ ਭਰਾ ਤੇ ਇੱਕ ਭੈਣ ਅਮਰੀਕਾ ਰਹਿੰਦੇ ਹਨ। ਪਿਤਾ ਜੀ ਬੀਐੱਸਐੱਫ ਵਿੱਚ ਸਨ, ਉਹ ਬਹੁਤ ਸਕਾਲਰ ਸਨ। ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ, ਕੁਰਾਨ, ਭਗਵਤ ਗੀਤਾ ਤੇ ਬਾਇਬਲ ਦੇ ਸਾਰੇ ਪੰਨੇ ਯਾਦ ਸਨ। ਮੇਰੀਆਂ ਦੋ ਬੇਟੀਆਂ ਤੇ ਇੱਕ ਬੇਟਾ ਹੈ। ਬੇਟੀਆਂ ਦਿੱਲੀ ਰਹਿੰਦੀਆਂ ਹਨ ਤੇ ਬੇਟਾ ਅਮਰੀਕਾ। ਮੈਂ ਤੇ ਮੇਰਾ ਜੁਆਈ ਅਸੀਂ ਇੱਕੋ ਦਫਤਰ ਵਿੱਚ ਕੰਮ ਕਰਦੇ ਰਹੇ ਹਾਂ।
ਪ੍ਰਸ਼ਨ: ਤੁਹਾਡਾ ਆਪਣੇ ਪਰਿਵਾਰ ਕੋਲ ਰਹਿਣ ਨੂੰ ਦਿਲ ਨਹੀਂ ਕਰਦਾ?
ਉੱਤਰ: ਜਦੋਂ ਸਰੀਰਕ ਦੂਰੀਆਂ ਹੋ ਜਾਂਦੀਆਂ, ਉਦੋਂ ਮਾਨਸਿਕ ਦੂਰੀਆਂ ਵੀ ਹੋ ਜਾਂਦੀਆਂ ਹਨ। ਅੱਜ ਹੀ ਸਵੇਰੇ (3-1-22) ਬੇਟੇ ਨੇ ਮੈਨੂੰ ਫੋਨ ਕੀਤਾ ਹੈ। ਮੈਂ ਅਮਰੀਕਾ ਦੀ ਸਿਟੀਜ਼ਨ ਹਾਂ, ਪਹਿਲਾਂ ਹਰੇਕ ਸਾਲ ਚਲੀ ਜਾਂਦੀ ਸੀ। ਹੁਣ ਤਿੰਨ ਸਾਲਾਂ ਤੋਂ ਨਹੀਂ ਗਈ। ਮੈਂ ਪਿਛਲੇ 18 ਸਾਲਾਂ ਤੋਂ ਇੱਥੇ ਬਿਆਸ ਰਹਿ ਰਹੀ ਹਾਂ।
ਪ੍ਰਸ਼ਨ: ਇੱਕ ਲੇਖਕ ਦੀ ਸਮਾਜ ਪ੍ਰਤੀ ਕੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਤੁਸੀਂ ਕਿਸ ਵਿਚਾਰਧਾਰਾ ਨਾਲ ਬੱਝ ਕੇ ਕਹਾਣੀ ਲਿਖੀ ਹੈ?
ਉੱਤਰ: ਲੇਖਕ ਦੀ ਜ਼ਿੰਮੇਵਾਰੀ ਸਮਾਜ ਦੀਆਂ ਊਣਤਾਈਆਂ ਨੂੰ ਦੂਰ ਕਰਨ ਦੀ ਹੁੰਦੀ ਹੈ। ਸਮਾਜ ਦਰਪਣ ਹੈ ਜੋ ਕੁਝ ਵੀ ਹੈ ਉਹ ਅਸੀਂ ਸਮਾਜ ਵਿੱਚੋਂ ਲੈਂਦੇ ਹਾਂ।
ਪ੍ਰਸ਼ਨ: ਆਪਣੇ ਵੱਲੋਂ ਪਾਠਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ?
ਉੱਤਰ: ਪਾਠਕਾਂ ਤੇ ਲੇਖਕਾਂ ਨੂੰ ਇਹ ਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਜੋ ਤੁਸੀਂ ਲਿਖਦੇ ਹੋ, ਉਸ ਵਿੱਚ ਇਮਾਨਦਾਰੀ ਤੇ ਅਸਲੀਅਤ ਹੋਣੀ ਚਾਹੀਦੀ ਹੈ। ਜੋ ਜ਼ਿੰਦਗੀ ਸਿਖਾ ਰਹੀ ਹੈ, ਉਹੀ ਸਾਹਿਤ ਦੇ ਦਰਪਣ ਵਿੱਚ ਲਿਖਣਾ ਚਾਹੀਦਾ ਹੈ। ਪਾਠਕਾਂ ਨੂੰ ਚੰਗੇ ਪਾਸੇ ਲਾਉਣਾ ਚਾਹੀਦਾ ਹੈ। ਪਾਠਕ ਸਮਾਜ ਦਾ ਹਿੱਸਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3513)
(ਸਰੋਕਾਰ ਨਾਲ ਸੰਪਰਕ ਲਈ: