“ਅੰਦਰ ਸਾਰੀ ਰਾਤ ਮਾਂ ਦੀ ਮਮਤਾ ਤੜਪਦੀ ਰਹੀ, ਉੱਧਰ ਬਾਹਰ ਬੱਚਾ ਠੰਢ ਵਿੱਚ ਠਰਦਾ ਰਿਹਾ ...”
(5 ਮਾਰਚ 2022)
ਲੰਘੀਆਂ ਵਿਧਾਨ ਸਭਾ ਵੋਟਾਂ ਦੀ ਪਿੰਡ ਵਾਰ ਸਥਿਤੀ ਦਾ ਜਾਇਜ਼ਾ ਦੱਸਣ ਪੁੱਛਣ ਲਈ ਇੱਕ ਦੋਸਤ ਘਰ ਆ ਗਿਆ। ਜਾਇਜ਼ਾ ਵਿਚਾਰਦਿਆਂ ਸ਼ਹਿਰ ਦੇ ਇਕ ਨੇੜਲੇ ਪਿੰਡ ਦੀ ਵਾਰੀ ਆਈ। ਮੈਂ ਉਸ ਪਿੰਡ ਦੇ ਇੱਕ ਸ਼ਖਸ ਦਾ ਪੱਖ ਜਾਣਨਾ ਚਾਹਿਆ ਜਿਹੜਾ ਸ਼ਹਿਰ ਦੇ ਮਾਣਤਾ ਪ੍ਰਾਪਤ ਸਕੂਲ ਵਿਚ ਸਤਿਕਾਰਤ ਅਧਿਆਪਕ ਵਜੋਂ ਸੇਵਾ ਮੁਕਤੀ ਉਪਰੰਤ ਉਸੇ ਸਕੂਲ ਦੀ ਬ੍ਰਾਂਚ ਦੇ ਪਿੰਸੀਪਲ ਵਜੋਂ ਸੇਵਾ ਕਰ ਚੁੱਕਿਆ ਸੀ। ਮੇਰੇ ਦੋਸਤ ਨੇ ਦੱਸਿਆ ਕਿ ਜਿਨ੍ਹਾਂ ਦਾ ਪੱਖ ਮੈਂ ਜਾਣਨਾ ਚਾਹੁੰਦਾ ਸੀ, ਉਹਨਾਂ ਦਾ ਇੱਕੋ-ਇੱਕ ਬੇਟਾ ਭਰ ਜਵਾਨੀ ਵਿੱਚ ਜਦੋਂ ਦਾ ਸਦੀਵੀ ਵਿਛੋੜਾ ਦੇ ਗਿਆ ਹੈ, ਉਹ ਬਹੁਤਾ ਅੰਤਰ ਮੁਖੀ ਜਿਹੇ ਹੋ ਗਏ ਹਨ। ਸੁਣਦਿਆਂ ਸਾਰ ਵੋਟਾਂ ਦੇ ਜਾਇਜ਼ੇ ਪ੍ਰਤੀ ਮੇਰੀ ਰੁਚੀ ਉੱਕਾ ਹੀ ਨਾ ਰਹੀ। ਮੇਰਾ ਦੋਸਤ ਉੱਠ ਕੇ ਫਤਿਹ ਬੁਲਾ ਕੇ ਚਲਾ ਗਿਆ। ਪਰ ਉਸ ਸ਼ਖਸੀਅਤ ਦਾ ਹਸੂੰ-ਹਸੂੰ ਕਰਦਾ ਸਾਊ ਪਰ ਸੰਤੁਸ਼ਟੀ ਭਰਿਆ ਪ੍ਰਭਾਵਸਾਲੀ ਚਿਹਰਾ ਬਾਰ-ਬਾਰ ਦਿਲੋ ਦਿਮਾਗ ਵਿੱਚ ਆਉਣ ਤੋਂ ਨਾ ਹਟੇ। ਪਛਤਾਵਾ ਇਹ ਕਿ ਮੈਨੂੰ ਇੰਨੀ ਦੇਰ ਬਾਅਦ ਪਤਾ ਲੱਗਿਆ। ਆਖਿਰ ਮੋਬਾਇਲ ਉੱਤੇ ਲੰਬੀ ਗੱਲ ਕੀਤੀ। ਜੋ ਉਹਨਾਂ ਤੋਂ ਸੁਣਿਆ ਉਸ ਤੋਂ ਉਹਨਾਂ ਨੂੰ ਮਿਲਣ ਲਈ ਮਨ ਤੜਪ ਉੱਠਿਆ।
ਮੈਂ ਕੁਝ ਦਿਨਾਂ ਬਾਅਦ ਉਹਨਾਂ ਦੇ ਘਰ ਦਾ ਗੇਟ ਜਾ ਖੜਕਾਇਆ। ਉਹਨਾਂ ਦੀ ਪਤਨੀ ਨੇ ਗੇਟ ਖੋਲ੍ਹਿਆ। ਮੈਂ ਉਹਨਾਂ ਨੂੰ ਜਾਣਦਾ ਨਹੀਂ ਸੀ। ਮੈਂ ਆਪਣਾ ਨਾਂ ਦੱਸਿਆ ਤਾਂ ਪਤਾ ਲੱਗਾ ਕਿ ਉਹ ਮੇਰੇ ਬਾਰੇ ਜਾਣਦੇ ਹਨ। ਉਹਨਾਂ ਅੰਦਰ ਅਵਾਜ਼ ਦਿੱਤੀ। ਹੁਣ ਗ਼ਮ ਦਾ ਪਹਾੜ ਚੁੱਕੀ ਜੋੜੀ ਮੇਰੇ ਸਾਹਮਣੇ ਸੀ। ਮੈਂ ਚਾਹੁੰਦਾ ਸੀ ਕਿ ਮੈਨੂੰ ਉਹਨਾਂ ਦੇ ਮਨੋ ਵਿਗਿਆਨ ਵਿੱਚ ਅਜਿਹਾ ਥਾਂਹ ਮਿਲ ਜਾਏ, ਜਿੱਥੇ ਕੋਈ ਅਜਿਹੀ ਮੱਲ੍ਹਮ ਰੱਖ ਦਿਆਂ, ਜਿਹੜੀ ਉਹਨਾਂ ਦੇ ਛਲਣੀ ਦਿਲਾਂ ਨੂੰ ਸਮੇਂ ਦੇ ਨਾਲ ਠੀਕ ਕਰਦੀ ਜਾਏ। ਪਤਾ ਲੱਗਿਆ ਕਿ ਉਹਨਾਂ ਦੀ ਇੱਕੋ ਇੱਕ ਬੇਟੀ ਵੀ ਹੈ ਪਰ ਉਹ ਵੀ ਬੇਟੇ ਵਾਂਗ ਕਨੇਡਾ ਹੈ ਅਤੇ ਹੁਣ ਆਪਣੀ ਵਿਧਵਾ ਭਰਜਾਈ ਅਤੇ ਤਿੰਨ ਸਾਲ ਦੀ ਭਤੀਜੀ ਦਾ ਆਸਰਾ ਉਹ ਹੀ ਹੈ। ਬੇਟੇ ਦੇ ਜਿਊਂਦਿਆਂ ਉਹ ਬੱਚਿਆਂ ਕੋਲ ਵਿਦੇਸ਼ ਜਾ ਆਉਂਦੇ ਸੀ। ਉਹ ਕਹਿਣ ਲੱਗੇ ਕਿ ਹੁਣ ਘਰੋਂ ਬਾਹਰ ਜਾਣ ਲਈ ਦਿਲ ਹੀ ਨਹੀਂ ਕਰਦਾ। ਉਹਨਾਂ ਦੱਸਿਆ ਕਿ ਬੇਟੀ ਸਾਨੂੰ ਉੱਥੇ ਆਪਣੇ ਕੋਲ ਰਹਿਣ ਲਈ ਹਰ ਰੋਜ਼ ਫੋਨ ਕਰਦੀ ਹੈ। ਧੀ ਵਲੋਂ ਕੀਤੀ ਜਾਂਦੀ ਚਿੰਤਾ ਹੋਰ ਵੀ ਪਰੇਸ਼ਾਨ ਕਰਦੀ ਹੈ। ਮੈਂ ਸੋਚਦਾ ਸੀ ਕਿ ਉਹ ਸ਼ਖਸੀਅਤ ਜਿਹੜੀ ਜਲੰਧਰ ਦੂਰ ਦਰਸ਼ਨ ਤੋਂ ਚਾਅ ਨਾਲ ਲੋਕਾਂ ਵਲੋਂ ਉਡੀਕੇ ਜਾਂਦੇ ਪ੍ਰੋਗਰਾਮ ਰਾਹੀਂ ਜਹਾਨ ਨੂੰ ਮੁਖਾਤਬ ਹੁੰਦੀ ਸੀ, ਅੱਜ ਆਪਣੇ ਵਿਹੜੇ ਦੇ ਖਲਾਅ ਵਿੱਚੋਂ ਉਹ ਕੁਝ ਲੱਭਣ ਵਿੱਚ ਗੁਆਚ ਚੁੱਕੀ ਹੈ, ਜਿਸ ਦਾ ਦੋਨਾਂ ਨੂੰ ਪਤਾ ਹੈ ਕਿ ਉਹ ਹੁਣ ਮਿਲੇਗਾ ਨਹੀਂ।
ਮੈਂ ਆਪਣੇ ਇੱਕ ਟੀਚਰ ਦੋਸਤ ਅਤੇ ਉਸਦੀ ਟੀਚਰ ਪਤਨੀ ਵੱਲੋਂ ਇੱਟਾਂ ਦੇ ਭੱਠੇ ਤੋਂ ਲਿਆਂਦੇ ਅਤੇ ਆਪਣੇ ਘਰ ਰੱਖ ਕੇ ਪਹਿਲੀ ਤੋਂ ਮੈਥ ਦੀ ਐੱਮ.ਐੱਸ.ਸੀ ਤੱਕ ਪੜ੍ਹਾਏ ਬੱਚੇ ਦੀ ਗੱਲ ਸੁਣਾਈ, ਜਿਸ ਨੂੰ ਹੁਣ ਯੂ.ਪੀ.ਐੱਸ.ਸੀ. ਦੀ ਕੋਚਿੰਗ ਲਈ ਚੰਡੀਗੜ੍ਹ ਭੇਜਣ ਦਾ ਫੈਸਲਾ ਕਰ ਲਿਆ ਗਿਆ ਹੈ। ਮੇਰੀ ਗੱਲ ਮੁੱਕਦਿਆਂ ਉਹ ਸ਼ਖਸ ਆਪਣੀ ਪਤਨੀ ਵੱਲ ਇਸ਼ਾਰਾ ਕਰਦਿਆਂ ਦੱਸਣ ਲੱਗਾ:
“ਵੀਹ ਕੁ ਸਾਲ ਪਹਿਲਾਂ ਇਨ੍ਹਾਂ ਦੀ ਪੋਸਟਿੰਗ ਘਨੌਲੀ ਲਾਗੇ ਸੀ। ਛੁੱਟੀ ਉਪਰੰਤ ਬੱਸ ਸਟੈਂਡ ’ਤੇ ਪਹੁੰਚਦਿਆਂ ਚਾਰ ਕੁ ਮਹੀਨੇ ਦਾ ਬੱਚਾ ਚੁੱਕੀ ਇੱਕ ਔਰਤ ਇਨ੍ਹਾਂ ਕੋਲ ਆਈ ਅਤੇ ਮਦਦ ਮੰਗੀ। ਇਨ੍ਹਾਂ ਨੇ ਪੈਸੇ ਉਸ ਨੂੰ ਦਿੱਤੇ। ਉਸਨੇ ਪੈਸੇ ਵਾਪਸ ਕਰ ਦਿੱਤੇ ਅਤੇ ਦੱਸਿਆ ਕਿ ਉਸਦਾ ਪਤੀ ਮਰ ਗਿਆ ਹੈ, ਜੇਠ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ। ਹੁਣ ਉਸਦਾ ਜਹਾਨ ਵਿੱਚ ਕੋਈ ਨਹੀਂ ਹੈ। ਲੱਗਦਾ ਸੀ ਉਹ ਔਰਤ ਅੱਡੇ ਦੇ ਸਾਹਮਣੇ ਰੇਲਵੇ ਸਟੇਸਨ ਉੱਤੇ ਕਿਸੇ ਯੂ.ਪੀ ਤੋਂ ਆਉਣ ਵਾਲੀ ਗੱਡੀ ਤੋਂ ਉੱਤਰੀ ਹੋਵੇਗੀ। ਉੱਧਰੋ ਬੱਸ ਆ ਗਈ। ਇਹਨਾਂ ਨੇ ਪਹਿਲਾਂ ਉਸ ਔਰਤ ਨੂੰ ਬੱਸ ਚੜਾਇਆ ਫਿਰ ਆਪ ਚੜ੍ਹੇ ਅਤੇ ਬੱਚੇ ਵਾਲੀ ਔਰਤ ਨੂੰ ਇਹ ਘਰ ਲੈ ਆਏ। ਮੈਂ ਜਦੋਂ ਸਕੂਲੋਂ ਆਇਆ ਤਾਂ ਉਸ ਔਰਤ ਬਾਰੇ ਜੋ ਇਹਨਾਂ ਨੂੰ ਪਤਾ ਸੀ, ਇਨ੍ਹਾਂ ਨੇ ਉਹ ਮੈਨੂੰ ਦੱਸ ਦਿੱਤਾ। ਮੈਨੂੰ ਇਹਨਾਂ ਦਾ ਕੀਤਾ ਫੈਸਲਾ ਚੰਗਾ ਲੱਗਾ। ਔਰਤ ਮੁਟਿਆਰ ਸੀ। ਮੈ ਪਹਿਲਾਂ ਪੁਲੀਸ ਨੂੰ ਥਾਣੇ ਜਾ ਕੇ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੋਨਾਂ ਦੇ ਸਰਵਿਸ ਉੱਤੇ ਹੁੰਦਿਆਂ ਪਿੱਛੋਂ ਕੁਝ ਵੀ ਵਾਪਰ ਸਕਦਾ ਸੀ। ਅਸੀਂ ਦੋਨਾਂ ਨੇ ਫੈਸਲਾ ਕੀਤਾ ਕਿ ਔਰਤ ਮੁਟਿਆਰ ਹੈ, ਲੰਬਾ ਜੀਵਨ ਇਸ ਨੂੰ ਕੱਟਣਾ ਔਖਾ ਹੋ ਜਾਏਗਾ। ਲੋੜਵੰਦ ਪਰਿਵਾਰ ਮਿਲ ਗਿਆ। ਬਕਾਇਦਾ ਅਨੰਦ ਕਾਰਜ ਕਰਕੇ ਭਾਂਡੇ-ਕੱਪੜੇ ਆਦਿ ਦੇ ਕੇ ਨਵੇਂ ਘਰ ਉਸ ਮੁਟਿਆਰ ਨੂੰ ਭੇਜ ਦਿੱਤਾ।
“ਉੱਥੇ ਉਸ ਦੇ ਦੋ ਬੇਟੇ ਹੋਰ ਹੋ ਗਏ। ਜਿਵੇਂ ਜਿਵੇਂ ਉਹ ਦੋਨੋਂ ਵੱਡੇ ਹੋਣ ਲੱਗੇ, ਸੱਸ ਸਹੁਰੇ ਨੂੰ ਪਹਿਲਾ ਨਾਲ ਆਇਆ ਬੇਟਾ ਬੁਰਾ ਲੱਗਣ ਲੱਗ ਪਿਆ। ਇਕ ਸਰਦੀਆਂ ਦੀ ਰਾਤ ਜ਼ਾਲਮਾਂ ਨੇ ਉਸ ਨਾਲ ਆਏ ਬੇਟੇ ਨੂੰ ਬਾਹਰ ਕੱਢ ਕੇ ਅੰਦਰੋਂ ਕੁੰਡੀ ਮਾਰ ਲਈਂ। ਅੰਦਰ ਸਾਰੀ ਰਾਤ ਮਾਂ ਦੀ ਮਮਤਾ ਤੜਪਦੀ ਰਹੀ, ਉੱਧਰ ਬਾਹਰ ਬੱਚਾ ਠੰਢ ਵਿੱਚ ਠਰਦਾ ਰਿਹਾ। ਸਵੇਰੇ ਬੱਚਾ ਨਾਲ ਲੈ ਕੇ ਉਹ ਔਰਤ ਫਿਰ ਸਾਡੇ ਘਰ ਆ ਗਈ। ਅਸੀਂ ਬੱਚਾ ਰੱਖ ਲਿਆ। ਉਹ ਔਰਤ ਵਾਪਸ ਆਪਣੇ ਘਰ ਚਲੀ ਗਈ। ਬੱਚਾ ਪੰਜ ਜਮਾਤਾਂ ਪਾਸ ਕਰ ਚੁੱਕਾ ਸੀ। ਅਸੀਂ ਉਸ ਨੂੰ ਪਲੱਸ 2 ਕਰਵਾਈ। ਦੂਰ ਦਰਸ਼ਨ ਉੱਤੇ ਕੰਮ ਕਰਦਿਆਂ ਬਣੀ ਵਾਕਫੀਅਤ ਨਾਲ ਨੌਕਰੀ ਲਗਵਾ ਦਿੱਤਾ। ਔਰਤ ਦੇ ਨਵੇਂ ਪਤੀ ਦੀ ਵੀ ਮੌਤ ਹੋ ਗਈ। ਉਹ ਮਰਨ ਤੋਂ ਪਹਿਲਾਂ ਘਰ ਦੇ ਦੋ ਕਮਰੇ ਖੜ੍ਹੇ ਕਰ ਗਿਆ ਸੀ। ਕਨੇਡਾ ਬੱਚਿਆਂ ਨੂੰ ਦੱਸਿਆ। ਦੋਨਾਂ ਭੈਣ ਭਰਾਵਾਂ ਨੇ ਪੰਜਾਹ-ਪੰਜਾਹ ਹਜ਼ਾਰ ਰੁਪਏ ਤੁਰੰਤ ਭੇਜ ਦਿੱਤੇ। ਬਾਕੀ ਅਸੀਂ ਆਪਣੇ ਕੋਲੋਂ ਪਾ ਕੇ ਖਿੜਕੀਆਂ ਦਰਵਾਜ਼ੇ ਅਤੇ ਟਾਇਲੈਟ ਸਮੇਤ ਮਕਾਨ ਦੀ ਤਿਆਰੀ ਕਰਵਾ ਦਿੱਤੀ। ਹੁਣ ਉਹ ਬੱਚਾ ਸਾਡੇ ਕੋਲ ਰਹਿੰਦਾ ਹੈ। ਉਹ ਬੱਚਾ ਰਹਿੰਦਾ ਸਾਡੇ ਕੋਲ ਹੈ, ਪਰ ਆਪਣੀ ਵਿਧਵਾ ਮਾਂ ਦੇ ਘਰ ਨੂੰ ਵੀ ਉਹ ਹੀ ਦੇਖਦਾ ਹੈ।”
ਜਦੋਂ ਮੈਂ ਇਹ ਵਾਰਤਾ ਸੁਣ ਰਿਹਾ ਸੀ ਤਾਂ ਇਹਨਾਂ ਵਲੋਂ ਪ੍ਰਵਾਨ ਚੜ੍ਹਾਇਆ ਬੱਚਾ ਡਿਊਟੀ ਤੋਂ ਘਰ ਪਰਤਿਆ ਨਹੀਂ ਸੀ।
ਉਨ੍ਹਾਂ ਨੇ ਹੋਰ ਦੱਸਿਆ, “ਹੁਣ ਅਸੀਂ ਉਸ ਔਰਤ ਦੇ ਦੂਜੇ ਦੋ ਪੁੱਤਰਾਂ ਵਿੱਚੋਂ ਵੱਡੇ ਨੂੰ ਬਾਹਰ ਭੇਜਣ ਬਾਰੇ ਸੋਚ ਰਹੇ ਹਾਂ।”
ਮੇਰੇ ਸਾਹਮਣੇ ਇਕ 13-14 ਸਾਲ ਦਾ ਮੋਨਾ ਮੁੰਡਾ ਕਿਤਾਬ ਪੜ੍ਹ ਰਿਹਾ ਸੀ। ਮੇਰੇ ਪੁੱਛਣ ਉੱਤੇ ਉਨ੍ਹਾਂ ਉਸ ਬਾਰੇ ਦੱਸਿਆ ਕਿ ਉਸ ਦੇ ਵੀ ਮਾਂ ਬਾਪ ਨਹੀਂ ਹਨ। ਮੈਂ ਸੋਚਣ ਲੱਗਾ ਕਿ ਜੇਕਰ ਇਹਨਾਂ ਬੱਚਿਆਂ ਦੇ ਦਿਲ-ਦਿਮਾਗ ਵਿੱਚ ਅਜਿਹੀ ਸਕਰੀਨ ਉੱਭਰ ਆਏ ਜਿਸ ਉੱਤੇ ਇਸ ਦੇਵੀ ਦੇਵਤੇ ਦੀ ਜੋੜੀ ਅਤੇ ਇਨ੍ਹਾਂ ਦੇ ਆਪਣੇ ਬੁਰੇ ਦਿਨ ਬਾਰ-ਬਾਰ ਇਹਨਾਂ ਨੂੰ ਦਿਸਦੇ ਰਹਿਣ, ਤਾਂ ਇਨਸਾਨੀਅਤ ਦੀ ਇਸ ਦੈਵੀ ਵਿਰਾਸਤ ਨੂੰ ਇਹ ਵੀ ਸਾਂਭ ਸਕਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3407)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)







































































































